Share on Facebook

Main News Page

ਆਖਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ 21 ਦਿਨਾਂ ਦੀ ਪੈਰੋਲ ਤੇ ਹੋਏ ਰਿਹਾਅ

ਅੰਮਿ੍ਤਸਰ: ਪਿਛਲ਼ੇ 21 ਸਾਲਾਂ ਤੋਂ ਭਾਰਤ ਦੀਆਂ ਵੱਖਵੱਖ ਜੇਲਾਂ ਵਿੱਚ ਬੰਦ ਸਿੱਖ ਸਿਆਸੀ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਆਖਰ 21 ਦਿਨਾਂ ਦੀ ਪੈਰੋਲ ਤੇ ਰਿਹਾਈ ਮਿਲ ਗਈ ਹੈ। ਰਿਹਾਈ ਪਿੱਛੋਂ ਉਨ੍ਹਾਂ ਨੇ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਆਪਣੇ ਘਰ ਚਲੇ ਗਏ ।

ਮਿਲੇ ਵੇਰਵਿਆਂ ਅਨੁਸਾਰ ਪ੍ਰੋ: ਭੁੱਲਰ ਨੂੰ ਪੰਜਾਬ ਸਰਕਾਰ ਵੱਲੋਂ 21 ਦਿਨਾਂ ਲਈ ਪੈਰੋਲ ਤੇ ਛੁੱਟੀ ਦਿੱਤੀ ਗਈ ਹੈ, ਜਿਸ ਦੇ ਅੱਜ ਹੁਕਮ ਸ਼ਾਮ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੇਲ੍ਹ ਪ੍ਰਸ਼ਾਸਨ ਨੂੰ ਭੇਜੇ ਗਏ ਹਨ ।ਪ੍ਰੋ: ਭੁੱਲਰ ਇਥੇ ਗੁਰੂ ਨਾਨਕ ਦੇਵ ਹਸਪਤਾਲ ਸਥਿਤ ਸਵਾਮੀ ਦਇਆਨੰਦ ਇਲਾਜ ਕੇਂਦਰ ਵਿਖੇ ਮਾਨਸਿਕ ਰੋਗਾਂ ਕਾਰਨ ਇਲਾਜ ਅਧੀਨ ਸਨ । ਉਪ ਜੇਲ੍ਹ ਸੁਪਰਡੈਂਟ ਸ: ਕੁਲਵੰਤ ਸਿੰਘ ਸਿੱਧੂ ਉਨ੍ਹਾਂ ਦੀ ਰਿਹਾਈ ਦੇ ਹੁਕਮ ਲੈ ਕੇ ਖੁਦ ਉਕਤ ਕੇਂਦਰ ਵਿਖੇ ਪੁੱਜੇ ਅਤੇ ਉਨ੍ਹਾਂ ਨੂੰ ਬਕਾਇਦਾ ਉਥੋਂ ਰਿਹਾਅ ਕੀਤੇ ਜਾਣ ਉਪਰੰਤ ਕੇਂਦਰ ਦੇ ਮੈਡੀਕਲ ਸਟਾਫ਼ ਵੱਲੋਂ ਵੀ ਛੁੱਟੀ ਦੇ ਦਿੱਤੀ ਗਈ ।

ਪੱਤਰਕਾਰਾਂ ਵੱਲੋਂ ਪ੍ਰੋ: ਭੁੱਲਰ ਨੂੰ ਉਨ੍ਹਾਂ ਦੀ ਪੈਰੋਲ ਸਬੰਧੀ ਪੁੱਛੇ ਜਾਣ ਤੇ ਉਨ੍ਹਾਂ ਕੇਵਲ ਆਪਣੀ ਰਿਹਾਈ ਤੇ ਸਰਕਾਰ ਦਾ ਧੰਨਵਾਦ ਕੀਤਾ ।ਉਨ੍ਹਾਂ ਨੂੰ ਲੈਣ ਲਈ ਉਨ੍ਹਾਂ ਦੀ ਪਤਨੀ ਪ੍ਰੋ: ਨਵਨੀਤ ਕੌਰ ਭੁੱਲਰ ਵੱਲੋਂ ਵੀ ਪੱਤਰਕਾਰਾਂ ਨਾਲ ਖੁੱਲ੍ਹ ਕੇ ਗੱਲ ਕਰਨ ਤੋਂ ਗੁਰੇਜ਼ ਹੀ ਕੀਤਾ ਗਿਆ ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਹੀ ਚੰਦ ਸਿੰਘਾਂ ਨਾਲ ਉਥੋਂ ਪੁੱਜੇ ਹੋਏ ਸਨ, ਜਿਨ੍ਹਾਂ ਵੱਲੋਂ ਪ੍ਰੋ: ਭੁੱਲਰ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਪ੍ਰੋ: ਭੁੱਲਰ ਦੀ ਰਿਹਾਈ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਹੈ ।

ਪ੍ਰੋ. ਭੁੱਲਰ ਦੇ ਕੇਸ ਦੀ ਪੈਰਵੀ ਕਰ ਰਹੇ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਉਸ ਦੀ ਪੈਰੋਲ ਤੇ ਰਿਹਾਈ ਵਾਸਤੇ ਅੱਜ ਸਵੇਰੇ ਲੋੜੀਂਦੀ ਦਸਤਾਵੇਜ਼ੀ ਕਾਰਵਾਈ ਮੁਕੰਮਲ ਕਰ ਦਿੱਤੀ ਗਈ ਸੀ। ਪਿਛਲੇ ਦਿਨੀਂ ਬਟਾਲਾ ਕੇਸ ਵਿੱਚ ਵੀ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ ਜਦੋਂ ਕਿ ਯੂਪੀ ਚ ਦਰਜ ਇਕ ਹੋਰ ਮਾਮਲੇ ਵਿੱਚ ਉਸ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪਰਿਵਾਰ ਵੱਲੋਂ 42 ਦਿਨ ਵਾਸਤੇ ਪੈਰੋਲ ਤੇ ਰਿਹਾਈ ਮੰਗੀ ਗਈ ਸੀ ਪਰ 21 ਦਿਨਾਂ ਦੀ ਰਿਹਾਈ ਮਨਜ਼ੂਰ ਕੀਤੀ ਗਈ।

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਨੂੰ 11 ਸਤੰਬਰ 1993 ਨੂੰ ਕਾਂਗਰਸੀ ਆਗੂ ਮਨਿੰਦਰਜੀਤ ਸਿੰਘ ਬਿੱਟਾ ਉਪਰ ਬੰਬ ਧਮਾਕਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਹਮਲੇ ਚ 9 ਵਿਅਕਤੀ ਮਾਰੇ ਗਏ ਸਨ ਅਤੇ ਕਈ ਜ਼ਖ਼ਮੀ ਹੋਏ ਸਨ। ਉਸ ਨੂੰ ਜਰਮਨੀ ਤੋਂ ਭਾਰਤ ਵਾਪਸ ਲਿਆਂਦਾ ਗਿਆ ਸੀ ਅਤੇ ਅਦਾਲਤ ਵੱਲੋਂ 2001 ਵਿੱਚ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਉਸ ਦੀ ਫਾਂਸੀ ਦੀ ਸਜ਼ਾ ਰੱਦ ਕਰਾਉਣ ਲਈ ਲੰਮਾ ਸੰਘਰਸ਼ ਕਰਨਾ ਪਿਆ ਸੀ।

ਉਨ੍ਹਾਂ ਦੀ ਖ਼ਰਾਬ ਹੁੰਦੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਸੁਪਰੀਮ ਕੋਰਟ ਨੇ 31 ਮਾਰਚ 2014 ਨੂੰ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ। ਬੀਤੇ ਦਿਨੀਂ ਬਟਾਲਾ ਵਿਖੇ ਟਾਡਾ ਐਕਟ ਤਹਿਤ ਦਰਜ ਕੇਸ ਵਿਚ ਵੀ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਦੋਸ਼ ਮੁਕਤ ਕਰਾਰ ਦਿੱਤਾ ਸੀ ।


ਟਿੱਪਣੀ: ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ 'ਤੇ ਖੁਸ਼ੀ ਹੈ... ਪਰ ਇਹ ਗੱਲ ਵੀ ਸਮਝਣ ਵਾਲੀ ਹੈ ਕਿ ਹੁਣ ਇੱਕ ਇੱਕ ਤੋਂ ਬਾਅਦ ਇੱਕ ਰਿਹਾਈ ਜਾਂ ਪੈਰੋਲ ਕਿਉਂ ਮਿਲ ਰਹੀਆਂ ਹਨ? ਇਹ ਸਭ ਬਾਦਲ ਸਰਕਾਰ ਦਾ ਆਉਣ ਵਾਲੀਆਂ ਚੋਣਾਂ 'ਚ ਆਪਣੀ ਤੂਤੀ ਵਜਵਾਉਣ ਕਾਰਣ ਹੋ ਰਿਹਾ ਹੈ, ਤੇ ਸਾਡੇ ਲੋਕ ਕੱਛਾਂ ਵਜਾਉਣੀਆਂ ਸ਼ੁਰੂ ਕਰ ਦਿੰਦੇ ਹਨ। - ਸੰਪਾਦਕ ਖ਼ਾਲਸਾ ਨਿਊਜ਼


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top