Share on Facebook

Main News Page

ਤ੍ਰੀਆ ਚਰਿਤਰ ਬਨਾਮ ਬਾਲਗ ਸਿੱਖਿਆ
-: ਡਾ. ਗੁਰਮੀਤ ਸਿੰਘ ਬਰਸਾਲ

ਜਦੋਂ ਅਸੀਂ ਛੋਟੇ ਹੁੰਦੇ ਸਕੂਲਾਂ ਵਿੱਚ ਪੜ੍ਹਦੇ ਸਾਂ ਤਾਂ ਪਿੰਡਾਂ ਦੇ ਵਿੱਚ ਕੁੱਝ ਸਰਦੇ-ਪੁੱਜਦੇ ਘਰਾਂ ਅੰਦਰ ਵਿਆਹਾਂ-ਸ਼ਾਦੀਆਂ 'ਤੇ ਗਾਉਣ ਵਾਲੀਆਂ ਦੇ ਖਾੜਿਆਂ ਦਾ ਰਿਵਾਜ ਕਾਫੀ ਪਰਚਲਤ ਸੀ । ਘਰਦੇ ਅਕਸਰ ਹੀ ਅਜਿਹੀਆਂ ਥਾਵਾਂ ਤੇ ਜਾਣ ਤੋਂ ਵਰਜਦੇ ਸਨ । ਪਰ ਪਿੰਡਾਂ ਵਿੱਚ ਹੋਰ ਮਨੋਰੰਜਨ ਦੇ ਸਾਧਨ ਨਾ ਹੋਣ ਕਾਰਨ ਅਸੀਂ ਕਿਵੇਂ ਨਾ ਕਿਵੇਂ ਸਾਥੀਆਂ ਨਾਲ ਜਾ ਹਾਜਰੀ ਦੇਣੀ । ਘਰਦਿਆਂ ਨੂੰ ਵੀ ਪਤਾ ਲਗ ਜਾਣਾ ਤਾਂ ਅਸੀਂ ਘਰੇ ਆਕੇ ਘਰਦਿਆਂ ਤੋਂ ਬਚਣ ਦੀ ਚਾਹ ਨਾਲ ਆਪਣੇ ਜਾਣੇ ਸੱਚ ਬੋਲਣ ਦਾ ਦਿਖਾਵਾ ਕਰ ਉਸ ਦੇ ਸ਼ੁਰੂ ਵਿੱਚ ਗਾਏ ਹੋਏ ਧਾਰਮਿਕ ਗੀਤ ਦਾ ਜਿਕਰ ਵਾਰ ਵਾਰ ਕਰ ਉਸ ਅਖਾੜੇ ਨੂੰ ਚੰਗਾ ਦਸਣ ਦੀ ਅਸਫਲ ਕੋਸ਼ਿਸ਼ ਕਰੀ ਜਾਣੀ । ਅਜ ਵੀ ਜਦੋਂ ਕੋਈ ਕਿਸੇ ਹੋਰ ਰੂਪ ਵਿੱਚ ਅਜਿਹੀ ਹਰਕਤ ਕਰਦਾ ਹੈ ਤਾਂ ਹਾਸੀ ਆ ਜਾਣੀ ਸੁਭਾਵਿਕ ਹੀ ਹੁੰਦੀ ਹੈ । ਅਜਿਹਾ ਹੀ ਕੁਝ ਦਸਮ-ਗ੍ਰੰਥ ਦੇ ਮਾਮਲੇ ਵਿੱਚ ਨਜਰ ਆ ਰਿਹਾ ਹੈ ।

ਨੌਜਵਾਨ ਹੋ ਰਹੇ ਬੱਚੇ-ਬੱਚੀਆਂ ਨੂੰ ਸੰਸਾਰਕ ਵਾਧੇ ਵਾਰੇ ਕੁਦਰਤ ਦੇ ਨਿਯਮਾਂ ਦੀ ਜਾਣਕਾਰੀ ਹੋਣਾ ਪ੍ਰਕਿਰਤੀ ਦੇ ਸੁੰਦਰ ਪਸਾਰੇ ਲਈ ਅਤੀ ਜਰੂਰੀ ਹੈ । ਸਭ ਜਾਣਦੇ ਹਨ ਕਿ ਪੁਲਾਂ ਥੱਲੋਂ ਦੀ (ਨਿਯਮ ਅੰਦਰ) ਵਗਣ ਵਾਲਾ ਪਾਣੀ ਸਭ ਲਈ ਲਾਭਦਾਇਕ ਹੁੰਦਾ ਹੈ ਜਦ ਕਿ ਪੁਲਾਂ ਉਪਰ ਦੀ ਵਗਣ ਵਾਲਾ ਪਾਣੀ (ਨਿਯਮੋ ਬਾਹਰਾ) ਸਮਾਜ ਵਿੱਚ ਆਫਤ ਲਿਆ ਸਕਦਾ ਹੈ ।

ਇਸੇ ਤਰਾਂ ਸਕੂਲਾਂ ਵਿੱਚ ਪੜ ਰਹੇ ਬੱਚੇ ਅੰਦਰੋਂ- ਬਾਹਰੋਂ ਜਵਾਨ ਹੋ ਰਹੇ ਹੁੰਦੇ ਹਨ । ਉਹਨਾ ਵਿੱਚ ਕੁਦਰਤ ਦੇ ਇਸ ਨਿਯਮ ਵਾਰੇ ਵੀ ਦਿਲਚਪੀ ਵਧਣ ਲਗਦੀ ਹੈ । ਜੇ ਇਸ ਉਮਰੇ ਉਹਨਾ ਨੂੰ ਠੀਕ ਸਿਖਿਆਂ ਨਾ ਮਿਲੇ ਤਾਂ ਉਹ ਹੜਾਂ ਦੇ ਪਾਣੀ ਦੀ ਤਰਾਂ ਡਾਵਾਂ ਡੋਲ ਹੋ ਸਮਾਜ ਵਿੱਚ ਅਣਸੁਖਾਵਾਂ ਵਾਤਾਵਰਣ ਪੈਦਾ ਕਰ ਸਕਦੇ ਹਨ ।

ਜਨਣ ਅੰਗਾਂ ਅਤੇ ਜਨਣ ਕਿਰਿਆ ਦਾ ਸਹੀ ਗਿਆਨ ਸ਼ਰੀਰ ਦੀਆਂ ਅੰਦਰੀ ਅਤੇ ਬਾਹਰੀ ਤਬਦੀਲੀਆਂ (ਜੋ ਕੁਦਰਤ ਦਾ ਅਟੱਲ ਨਿਯਮ ਹੈ, ਸਬੰਧਤ ਸਮੱਸਿਆਵਾਂ ਤੇ ਉਹਨਾਂ ਦੀ ਰੋਕਥਾਮ ਬਾਲਗ ਸਿਖਿਆ ਦਾ ਹਿੱਸਾ ਹਨ । ਕਾਮ ਉਕਸਾਊ ਗੱਲਾਂ, ਬਦਫੈਲੀਆਂ ਦੇ ਤਰੀਕੇ, ਖੂਨ ਦੇ ਰਿਸ਼ਤਿਆਂ ਵਿੱਚ ਕਾਮੁਕ ਸਬੰਧ, ਕਾਮ ਲਈ ਨਸ਼ਿਆਂ ਦੀ ਵਰਤੋਂ ਵਰਗੇ ਗੈਰ ਇਖਲਾਕੀ ਵਤੀਰੇ ਬਾਲਗ ਸਿਖਿਆ ਦਾ ਹਿੱਸਾ ਨਹੀਂ ਹੁੰਦੇ । ਅਸਲ ਵਿੱਚ ਚਰਿਤਰੋ-ਪਾਖਿਆਨ ਦੀ ਅਡਲਟ-ਐਜੂਕੇਸ਼ਨ ਨਾਲ ਤੁਲਨਾ, ਐਜੂਕੇਸ਼ਨ ਦਾ ਅਪਮਾਨ ਹੈ।

ਕੁਝ ਲੋਗ ਤ੍ਰੀਆ ਚਰਿਤਰ ਵਰਗੀਆਂ ਰਚਨਾਵਾਂ ਨੂੰ ਸਿਖਿਆ-ਦਾਇਕ ਦੱਸਣ ਲਈ ਆਪਣੇ-ਆਪਣੇ ਦ੍ਰਿਸ਼ਟੀ ਕੋਣ ਹੋਣ ਦੀ ਗੱਲ ਕਰਦੇ ਹਨ । ਉਹ ਕਹਿੰਦੇ ਹਨ ਕਿ ਅਗਰ ਚਾਹੀਏ ਤਾਂ ਹਰ ਗੱਲ ਚੋਂ ਸਿਖਿਆ ਲਈ ਜਾ ਸਕਦੀ ਹੈ । ਅਰਥਾਤ, ਜੇ ਕੋਈ ਚੋਰੀ ਕਰਨ ਦੇ ਢੰਗ-ਤਰੀਕਿਆਂ ਦਾ ਵਿਆਖਿਆਨ ਕਰ ਰਿਹਾ ਹੋਵੇ, ਤਾਂ ਉਸ ਤੋਂ ਇਹ ਸਿਖਿਆ ਸਮਝਣੀ ਚਾਹੀਦੀ ਹੈ ਕਿ ਚੋਰੀ ਕਰਨਾ ਗਲਤ ਗਲ ਹੈ, ਅਗਰ ਕੋਈ ਕਤਲ ਕਰਨ ਦੇ ਤਰੀਕੇ ਦਸ ਰਿਹਾ ਹੋਵੇ, ਤਾਂ ਇਹ ਸਿੱਖਿਆ ਸਮਝੀ ਜਾਵੇ ਕਿ ਕਤਲ ਕਰਨਾ ਗਲਤ ਗਲ ਹੈ, ਅਗਰ ਕੋਈ ਕਿਸੇ ਗੈਰ ਇਖਲਾਕੀ ਬਦਫੈਲੀ ਕਰਨ ਦੇ ਵਾਕਿਆਤ ਮਸਾਲੇ ਲਗਾ ਕੇ ਸੁਣਾ ਰਿਹਾ ਹੋਵੇ, ਤਾਂ ਇਸਤੋਂ ਇਹ ਸਿੱਖਿਆ ਲੈਣੀ ਹੈ ਕਿ ਬਦਫੈਲੀ ਕਰਨੀ ਗਲਤ ਗੱਲ ਹੈ।

ਕੀ ਗੈਰ ਇਖਲਾਕੀ ਗੱਲਾਂ ਤੋਂ ਰੋਕਣ ਲਈ ਜਰੂਰੀ ਹੈ, ਕਿ ਗੈਰ ਇਖਲਾਕੀ ਗੱਲਾਂ ਭੱਦੀ ਭਾਸ਼ਾ ਵਿੱਚ, ਚਸਕੇ ਤੇ ਚਟਕਾਰੇ ਲਾ ਲਾ ਕੇ ਸੁਣਾਈਆਂ ਜਾਣ ਅਤੇ ਉਹਨਾ ਲਈ ਉਤਸੁੱਕਤਾ ਪੈਦਾ ਕੀਤੀ ਜਾਵੇ। ਜੇ ਇਸ ਤਰਾਂ ਸੋਚਿਆ ਜਾਵੇ, ਫਿਰ ਤਾਂ ਦੁਨੀਆਂ ਵਿੱਚ ਕਿਤੇ ਵੀ ਕੋਈ ਗੰਦਾ ਸਾਹਿਤ ਹੈ ਹੀ ਨਹੀਂ । ਹਰ ਕੋਈ ਗੰਦੇ ਤੋਂ ਗੰਦੀ ਗੱਲ ਲਿਖਕੇ ਇਹੀ ਆਖੇਗਾ, ਕਿ ਇਹ ਤਾਂ ਮੈਂ ਇਸ ਲਈ ਲਿਖਿਆ ਹੈ ਕਿ ਇਸ ਤਰਾਂ ਨਾਂ ਕੀਤਾ ਜਾਵੇ । ਗੰਦੀਆਂ ਤੇ ਅਲਫ ਨੰਗੀਆਂ ਫਿਲਮਾਂ ਬਣਾਉਣ ਵਾਲੇ ਵੀ ਇਹੀ ਕਹਿਣਗੇ, ਕਿ ਅਸੀਂ ਤਾਂ ਇਹੀ ਸਿਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ ਅਜਿਹਾ ਨਹੀਂ ਕਰਨਾ ਚਾਹੀਦਾ । ਫਿਰ ਤਾਂ ਨੰਗੀਆਂ ਗਾਲਾਂ ਕੱਢਣ ਵਾਲੇ ਵੀ ਇਹੀ ਕਹਿਣਗੇ, ਕਿ ਅਸੀਂ ਵੀ ਏਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਜੋ ਅਸੀਂ ਵੰਨਗੀ ਮਾਤਰ ਗਾਲਾਂ ਕੱਢੀਆਂ ਹਨ ਉਹ ਚੰਗੀਆਂ ਨਹੀਂ ਹਨ, ਤੁਸੀਂ ਅਜਿਹੀਆਂ ਗਾਲਾਂ ਨਹੀਂ ਕੱਢਣੀਆਂ । ਸੋ ਸੁਆਲ ਪੈਦਾ ਹੁੰਦਾ ਹੈ, ਕਿ ਕੇਵਲ ਸਭਿਅਕ ਭਾਸ਼ਾ ਵਿੱਚ ਬੁਰੇ ਕੰਮਾ ਵੱਲ ਇਸ਼ਾਰਾ ਕਰ ਵਰਜਣਾ ਕਾਫੀ ਨਹੀਂ ਹੈ, ਕਿ ਹਰ ਬੁਰਾਈ ਨੂੰ ਗੈਰ ਇਖਲਾਕੀ ਤਰੀਕੇ ਅਤੇ ਗੰਦੀ ਭਾਸ਼ਾ ਵਰਤ ਉਸਦੀ ਪੇਸ਼ਕਾਰੀ ਕਰਨੀ ਪਵੇ । ਭਾਰਤ ਦੇ ਕਈ ਪਰਾਚੀਨ ਮੰਦਰਾਂ ਅਤੇ ਗੁਫਾਵਾਂ ਵਿੱਚ ਬਣੀਆਂ ਨੰਗੇਜ ਭਰਪੂਰ ਕਾਮ-ਕ੍ਰੀੜਾ ਦੀਆਂ ਮੂਰਤੀਆਂ ਤੋਂ ਮਿਲ ਰਿਹਾ ਬੇ-ਹੂਦਾ ਗਿਆਨ ਸ਼ਾਇਦ ਅਜੋਕੇ ਸਮੇ ਦੇ ਪੁਜਾਰੀਆਂ ਦੀ ਸ਼ਬਦਾਂ ਵਿੱਚ ਜਰੂਰਤ ਪੂਰੀ ਕਰਨ ਲਈ ਕੁਝ ਗ੍ਰੰਥਾਂ ਦਾ ਸਹਾਰਾ ਬਣ ਰਿਹਾ ਹੋਵੇ।

ਅਸੀਂ ਜਾਣਦੇ ਹਾਂ ਕਿ ਮਨੁਖ ਇਸ ਸਮੁਚੇ ਸੰਸਾਰ ਦਾ ਸਭ ਤੋਂ ਵੱਧ ਸੱਭਿਅਕ ਅਤੇ ਸੁਧਰਿਆ ਜੀਵ ਹੈ । ਇਸ ਮਨੁਖ ਦੇ ਵਿਕਾਸ ਨਾਲ ਹੀ ਸੰਸਾਰ ਦਾ ਭਵਿੱਖ ਬੱਝਾ ਹੈ । ਮਨੁੱਖਤਾ ਦਾ ਵਿਕਾਸ ਮਨੁੱਖ ਦੀਆਂ ਆਉਣ ਵਾਲੀਆਂ ਨਸਲਾਂ ਨਾਲ ਜੁੜਿਆ ਹੈ । ਇਹ ਨਸਲਾਂ ਮਨੁੱਖ ਤੋਂ ਹੀ ਪੈਦਾ ਹੁੰਦੀਆਂ ਹਨ । ਸੋ ਮਨੁੱਖ ਤੋਂ ਹੋਰ ਮਨੁੱਖ ਪੈਦਾ ਹੋਣ ਦੀ ਕਿਰਿਆ ਜਨਣ ਕਿਰਿਆ ਅਖਵਾਉਂਦੀ ਹੈ । ਸਮਾਜ ਸੁਧਾਰਕ ਅਤੇ ਡਾਕਟਰ ਵੀ ਕਈ ਵਾਰ ਕਿਸੇ ਸਿਖਿਆ ਜਾਂ ਇਲਾਜ ਲਈ ਜਨਣ ਅੰਗਾ ਦੇ ਨਾਮ ਅਤੇ ਕਿਰਿਆ ਦੀ ਸਭਿਅਕ ਭਾਸ਼ਾ ਵਿੱਚ ਵਿਆਖਿਆ ਕਰਦੇ ਹਨ । ਇਸ ਨੂੰ ਬਾਲਗ ਸਿੱਖਿਆ ਆਖਿਆ ਜਾਂਦਾ ਹੈ । ਸੋ ਜਨਣ ਕਿਰਿਆ ਦੀ ਗਲਤ ਵਰਤੋਂ ਨਾਲ ਸਭੰਧਤ ਬਿਮਾਰੀਆਂ ਅਤੇ ਇਲਾਜ ਵੀ ਇਸ ਸਿਖਿਆ ਦਾ ਹਿੱਸਾ ਬਣ ਜਾਂਦੇ ਹਨ । ਮੁੱਖ ਉਦੇਸ਼ ਸਮਾਜ ਨੂੰ ਇਕ ਸੱਭਿਅਕ ਤਰੀਕੇ ਰਾਹੀਂ ਵਧਣ-ਫੁਲਣ ਲਈ ਪ੍ਰੇਰਤ ਕਰਨਾ ਹੁੰਦਾ ਹੈ । ਇਹ ਬਾਲਗ ਸਿਖਿਆ ਸਾਰੀ ਦੁਨੀਆਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਚਲ ਰਹੀ ਹੈ । ਇਹਨਾਂ ਕਲਾਸਾਂ ਦੇ ਜਿਆਦਾਤਰ ਸਕੂਲਾਂ ਵਿੱਚ ਹੀ ਲੱਗਣ ਦਾ ਕਾਰਣ ਇਸ ਉਮਰ ਦੇ ਬੱਚਿਆਂ ਨੂੰ ਜਨਣ ਵਿਗਿਆਨ ਦੀ ਸਹੀ ਸਿੱਖਿਆ ਦੀ ਅਣਹੋਂਦ ਕਾਰਣ ਗੁੰਮਰਾਹ ਹੋਣ ਦਾ ਡਰ ਜਿਆਦਾ ਹੁੰਦਾ ਹੈ । ਪਰ ਹਰ ਹਾਲ ਵਿੱਚ ਅਧਿਆਪਕ ਦੀ ਮਨਸ਼ਾ ਸਾਫ ਸੁਥਰੀ ਅਤੇ ਸਭਿਅਕ ਭਾਸ਼ਾ ਵਿੱਚ ਹੀ ਗਿਆਨ ਦੇਣ ਦੀ ਹੁੰਦੀ ਹੈ ਨਾਂ ਕਿ ਗੰਦੀ ਭਾਸ਼ਾ ਰਾਹੀਂ ਗਲਤ ਕੰਮਾ ਵਲ ਪ੍ਰੇਰਤ ਕਰਨ ਜਾਂ ਉਕਸਾਹਟ ਪੈਦਾ ਕਰਨ ਦੀ।

ਇਸਦੇ ਉਲਟ ਚਰਿਤਰੋ ਪਾਖਿਆਨ ਦੀ ਭਾਸ਼ਾ ਹੱਦ ਦਰਜੇ ਦੀ ਅਸ਼ਲੀਲ ਅਤੇ ਕਾਮ ਭੜਕਾਊ ਹੈ । ਸਿਖਿਆ ਦੇਣ ਵਾਲਾ ਤਾਂ ਹਮੇਸ਼ਾਂ ਚੰਗੀ ਭਾਸ਼ਾ ਵਰਤਦਾ ਹੈ ਨਾਂ ਕਿ ਚਟਕਾਰੇ ਲਾਕੇ ਅਤਿ ਗੰਦੀ ਭਾਸ਼ਾ ਅਤੇ ਸ਼ਬਦਾਂ ਵਿੱਚ ਕਿਸੇ ਸੀਨ ਨੂੰ ਦ੍ਰਿਸ਼ਟੀਮਾਨ ਕਰਨ ਦੀ ਕੋਸ਼ਿਸ਼ ਕਰਦਾ ਹੈ ।

ਜਦੋਂ ਅਸੀਂ ਅਜਿਹੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜਿਹੀ ਸ਼ਖਸ਼ੀਅਤ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਭੁਲ ਜਾਂਦੇ ਹਾਂ ਕਿ ਕੀ ਗੁਰੂ ਸਾਹਿਬ ਜਾਂ ਉਹਨਾ ਦੇ 52 ਕਵੀਆਂ ਕੋਲ ਸਾਫ ਸੁਥਰੇ ਸ਼ਬਦ ਨਹੀਂ ਸਨ ? ਉਹ ਤਾਂ ਅਨੇਕਾਂ ਭਸ਼ਾਵਾਂ ਦੇ ਮਾਹਿਰ ਸਨ, ਫਿਰ ਕੀ ਉਹਨਾ ਦੇ ਸ਼ਬਦ ਕੋਸ਼ ਵਿੱਚ ਉਹਨਾ ਸਭਿਅਕ ਸ਼ਬਦਾਂ ਜਾਂ ਹਵਾਲਿਆਂ ਦੀ ਕੋਈ ਕਮੀ ਸੀ, ਜੋ ਕਿਸੇ ਖਾਸ ਤਰਾਂ ਦੀ ਸਿਖਿਆ ਦੇਣ ਲਈ ਵਰਤੇ ਜਾ ਸਕਦੇ ਹੋਣ ਅਤੇ ਉਹਨਾਂ ਨੂੰ ਗੰਦੇ ਅਤੇ ਭੜਕਾਊ ਜਿਹੇ ਗੈਰ-ਸਾਹਿਤਕ ਸ਼ਬਦ ਅਤੇ ਹਵਾਲੇ ਵਰਤਣ ਲਈ ਮਜਬੂਰ ਹੋਣਾ ਪਿਆ ਹੋਵੇ । ਅਜਿਹਾ ਸੋਚਣ ਵਾਲੇ ਗੁਰੂ ਸਾਹਿਬ ਦੀ ਕਾਬਲੀਅਤ ਨੂੰ ਬਹੁਤ ਹੀ ਘਟੀਆ ਪੱਧਰ ਤੇ ਲੈ ਜਾਂਦੇ ਹਨ । ਸੋ ਤ੍ਰੀਆ ਚਰਿਤਰ ਵਰਗੀਆਂ ਰਚਨਾਵਾਂ ਬਾਲਗ ਸਿਖਿਆ ਦੀ ਵੀ ਕਿਸੇ ਕਸਵੱਟੀ ਤੇ ਪੂਰੀਆਂ ਨਹੀਂ ਉਤਰਦੀਆਂ।

ਸੋ ਅਜਿਹੀਆਂ ਰਚਨਾਵਾਂ ਨੂੰ ਗੁਰੂ ਸਾਹਿਬ ਦੀ ਕਲਮ ਦੀਆਂ ਕਹਿਣਾ ਤਾਂ ਬਹੁਤ ਦੂਰ ਦੀ ਗੱਲ ਹੈ, ਕਿਸੇ ਗੁਰੂ ਦੇ ਸਿੱਖ ਦੀ ਕਲਮ ਦੀਆਂ ਕਹਿਣਾ ਵੀ ਠੀਕ ਨਹੀਂ ਜਾਪਦਾ । ਅਜਿਹੀਆਂ ਰਚਨਾਵਾਂ ਦਾ ਤਰਜਮਾਂ ਕਰਨਾ-ਕਰਾਉਣਾ ਤਾਂ ਇਕ ਪਾਸੇ ਗੁਰੂ ਦਾ ਕੋਈ ਸਿੱਖ ਗੁਰੂ ਦੇ ਦਰਬਾਰ ਵਿੱਚ ਲਿਆਣ ਦੀ ਹਿੰਮਤ ਤਕ ਨਹੀਂ ਕਰ ਸਕਦਾ ਸੀ, ਕਿਓਂਕਿ ਗੁਰੂ ਸਾਹਿਬ ਦੇ ਦਰਬਾਰ ਵਿੱਚ ਤਾਂ ਬੀਬੀਆਂ, ਭੈਣਾ,ਬਚਿਆਂ, ਬਜੁਰਗਾਂ ਲਈ ਸਰਬਸਾਂਝੇ ਮਾਖਿਓਂ ਮਿੱਠੇ ਮਨੁੱਖਤਾ ਲਈ ਹਰ ਤਰਾਂ ਨਾਲ ਲੋੜੀਂਦੇ ਗਿਆਨਮਈ ਨਾਨਕ ਉਪਦੇਸ਼ ਦੀ ਅਮ੍ਰਿਤ ਵਰਖਾ ਹੀ ਹੁੰਦੀ ਸੀ।

ਕਈ ਅਜਿਹਾ ਸੋਚਦੇ ਹਨ ਕਿ ਜੇਕਰ ਦੁਧ ਵਿੱਚ ਮੱਖੀ ਡਿੱਗ ਜਾਵੇ ਤਾਂ ਸਾਰਾ ਦੁਧ ਨਹੀਂ ਡੋਲ੍ਹੀਦਾ । ਪਰ ਕਈ ਇਹ ਵੀ ਸੋਚਦੇ ਹਨ ਕਿ ਮੱਖੀਆਂ ਦੇ ਵੱਡੇ ਢੇਰ ਚੋਂ ਥੋੜਾ ਜਿਹਾ ਦੁੱਧ ਭਾਲਣ ਦੀ ਚਾਹਤ ਹੀ ਬੇਹੂਦਾ ਹੈ। ਕੁਵਿੰਟਲ ਮੱਖੀਆਂ ਚੋਂ ਕੁਝ ਕਿਲੋ ਦੁੱਧ ਨੂੰ ਲੱਭ ਕੇ ਵੱਖ ਕਰਨ ਲਈ ਸਪੈਸ਼ਲ ਉਪਕਰਣ ਦੀ ਜਰੂਰਤ ਤਾਂ ਪਵੇਗੀ ਹੀ, ਅਰਥਾਤ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਨੂੰ ਮਨੁੱਖਤਾ ਲਈ ਕਲਿਆਣਕਾਰੀ ਸਮਝਣ ਵਾਲੇ ਗੁਰਸਿੱਖਾਂ ਦੀ ਮਿਲ ਬੈਠਣੀ ਹੀ, ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕਸਵੱਟੀ ਵਜੋਂ ਵਰਤਦੀ ਹੋਈ ਦਸਮ ਗ੍ਰੰਥ ਦੀਆਂ ਰਚਨਾਵਾਂ ਸਬੰਧੀ ਦੁੱਧ ਦਾ ਦੁਧ ਤੇ ਪਾਣੀ ਦਾ ਪਾਣੀ ਕਰ ਸਕਦੀ ਹੈ ।

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top