Share on Facebook

Main News Page

108 ਦਾ ਭੇਦ ਅਤੇ ਗੁਰਮਤਿ
-: ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201/6 ਸੰਤਪੁਰਾ ਕਪੂਰਥਲਾ
098720-76876,01822- 276876

ਅਜੋਕੇ ਸਮੇਂ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਸਾਧ ਸੰਤ ਆਪਣੇ ਨਾਮ ਨਾਲ ਬ੍ਰਹਮਗਿਆਨੀ, ਪੂਰਨ ਬ੍ਰਹਮਗਿਆਨੀ, 108 ਅਤੇ 1008 ਦੀਆਂ ਪਦਵੀਆਂ ਲਾਉਂਦੇ ਹਨ। ਇਸ ਸਬੰਧੀ ਪੂਰੀ ਜਾਣਕਾਰੀ ਦਾ ਦਾਸ ਦਾਅਵਾ ਤਾਂ ਨਹੀਂ ਕਰਦਾ ਪਰ ਆਪਣੀ ਤੁੱਛ ਬੁੱਧੀ ਅਨੁਸਾਰ ਕੁਝ ਦੱਸਣ ਦਾ ਯਤਨ ਜ਼ਰੂਰ ਕਰ ਰਿਹਾ ਹੈ।

ਜੋ ਮਨੁੱਖ ਆਪਣੇ ਨਾਵਾਂ ਦੇ ਨਾਲ 108 ਦੀ ਗਿਣਤੀ ਲਾ ਲੈਂਦੇ ਹਨ, ਕਦੀ ਉਨ੍ਹਾਂ ਨੂੰ ਪੁੱਛ ਕੇ ਦੇਖਣਾ ਕਿ 108 ਦਾ ਕੀ ਮਤਲਬ ਹੁੰਦਾ ਹੈ ? ਸ਼ਾਇਦ ਉਹਨਾਂ ਦੇ ਨਾਲ-ਨਾਲ ਸਾਡੇ ਵਿਚੋਂ ਵੀ ਬਹੁਗਿਣਤੀ ਨੂੰ 108 ਦੇ ਮਤਲਬ ਦਾ ਨਹੀਂ ਪਤਾ। ਪਰ ਉਹਨਾਂ ਲੋਕਾਂ ਦੀ ਤਸੱਲੀ 108 ਦੇ ਨਾਲ ਨਹੀਂ ਹੁੰਦੀ ਤੇ ਉਹ ਆਪਣੇ ਨਾਵਾਂ ਦੇ ਨਾਲ 1008 (ਇਕ ਹਜਾਰ ਅੱਠ) ਲਗਾਉਣ ਲਗ ਪਏ ਹਨ। ਮੈਨੂੰ ਲਗਦਾ ਹੈ ਕਿ ਹੁਣ ਭਵਿੱਖ ਵਿਚ ਉਹ ਇਹ ਗਿਣਤੀ ਵਧਾ ਕੇ 100008 (ਇਕ ਲਖ ਅੱਠ) ਕਰ ਕੇ ਆਪਣੇ ਨਾਮ ਦੇ ਨਾਲ ਲਗਾਉਣਗੇ। ਪਰ ਇਹਨਾਂ ਨੂੰ ਵੀ ਨਹੀਂ ਪਤਾ ਕਿ 108 ਦਾ ਮਤਲਬ ਕੀ ਹੈ।

ਵੈਸੇ ਸਾਡੇ ਦੇਸ਼ ਵਿਚ ਕੁਝ ਜਾਤਾਂ, ਬਰਾਦਰੀਆਂ ਵੀ ਦਿਖਾਈ ਦਿੰਦੀਆਂ ਨੇ,ਜਿਨ੍ਹਾਂ ਵਿਚ ਬੇਦੀ ਹੈ, ਦਵੇਦੀ ਹੈ, ਤ੍ਰਿਵੇਦੀ ਹੈ, ਚਤੁਰਵੇਦੀ ਹੈ। ਇਸ ਦਾ ਭਾਵ ਹੈ ਕਿ ਹਿੰਦੂ ਧਰਮ ਦੇ ਚਾਰ ਵੇਦ ਹਨ। ਜਿਹੜਾ ਵੀ ਕੋਈ ਗਿਆਨਵਾਨ ਇਕ ਵੇਦ ਦਾ ਗਿਆਤਾ ਹੈ ਉਹ ਬੇਦੀ ਹੈ, ਜਿਹੜਾ ਦੋ ਵੇਦਾਂ ਦਾ ਗਿਆਤਾ ਹੈ ਉਸਨੂੰ ਦਵੇਦੀ ਨਾਲ ਨਿਵਾਜਿਆ ਜਾਂਦਾ ਹੈ। ਜਿਸ ਨੂੰ ਤਿੰਨ ਵੇਦਾਂ ਦਾ ਗਿਆਨ ਹੈ ਉਹ ਤ੍ਰਿਵੇਦੀ ਹੈ, ਇਸੇ ਤਰਾਂ ਨਾਲ ਜਿਸਨੂੰ ਚਾਰੇ ਵੇਦਾਂ ਦਾ ਗਿਆਨ ਹੈ, ਉਸਨੂੰ ਚਤੁਰਵੇਦੀ(ਪੰਡਿਤ) ਦੀ ਪਦਵੀ ਨਾਲ ਨਿਵਾਜਿਆ ਜਾਂਦਾ ਹੈ। ਇਹ ਗਿਆਨ ਦੀਆਂ ਪਦਵੀਆਂ ਹਨ। ਇਹ ਵੱਖਰੀ ਗਲ ਹੈ ਕਿ ਇਹਨਾਂ ਨੂੰ ਅਸੀਂ ਜਾਤਾਂ ਬਰਾਦਰੀਆਂ ਵਿਚ ਵੰਡ ਕੇ ਰੱਖੀ ਬੈਠੇ ਹਾਂ।

108 ਦੀ ਪਦਵੀ ਦਾ ਮਤਲਬ ਕੀ ਹੈ ?  ਇਸ 108 ਦੀ ਪਦਵੀ ਦਾ ਸਿੱਖ ਧਰਮ/ਗੁਰਮਤਿ ਨਾਲ ਕਿਸੇ ਤਰਾਂ ਦਾ ਸਿੱਧਾ ਜਾਂ ਅਸਿੱਧਾ ਸਬੰਧ ਵੀ ਨਹੀਂ ਹੈ, ਇਹ ਹਿੰਦੂ ਧਰਮ ਨਾਲ ਸਬੰਧਤ ਗਿਆਨ ਦੀ ਗੱਲ ਹੈ, ਜੋ ਹਿੰਦੂ ਧਰਮ ਦੇ 108 ਗਿਆਨ ਦੇ ਗ੍ਰੰਥਾਂ ਦਾ ਗਿਆਤਾ ਹੈ, ਉਸ ਨੂੰ 108 ਦੀ ਪਦਵੀ ਦਿਤੀ ਜਾਂਦੀ ਹੈ।ਉਹ ਗਿਆਨ ਦੇ 108 ਗ੍ਰੰਥ ਕਿਹੜੇ ਹਨੈ ਕੁਝ ਵਿਚਾਰਵਾਨਾਂ ਨੇ ਇਸ ਗਿਣਤੀ ਪ੍ਰਤੀ ਹੇਠ ਲਿਖੇ ਅਨੁਸਾਰ ਸਪਸ਼ਟ ਕਰਨ ਦਾ ਯਤਨ ਕੀਤਾ ਹੈ:

ਚਾਰ - ਵੇਦ
ਛੇ - ਸ਼ਾਸਤਰ
ਅਠਾਰਾਂ -ਪੁਰਾਨ
ਸਤਾਈ - ਸਿਮ੍ਰਤੀਆਂ
ਬਵੰਜਾ - ਉਪਨਿਸ਼ਦ
ਇਕ - ਗਾਇਤਰੀ ਮੰਤ੍ਰ

ਇਹਨਾਂ ਦੀ ਕੁਲ ਗਿਣਤੀ 108 ਬਣਦੀ ਹੈ, ਜੋ ਕਿ ਗਿਆਨ ਨਾਲ ਸਬੰਧਤ ਧਾਰਮਿਕ ਗ੍ਰੰਥ ਹਨ। ਸੋ ਜੋ ਇਹਨਾਂ 108 ਧਾਰਮਿਕ ਗ੍ਰੰਥਾਂ ਦਾ ਗਿਆਤਾ ਹੁੰਦਾ ਹੈ, ਉਸ ਨੂੰ ਹਿੰਦੂ ਧਰਮ ਵਿਚ 108 ਦੀ ਪਦਵੀ ਦਿਤੀ ਜਾਂਦੀ ਹੈ।

ਹੁਣ ਫੈਸਲਾ ਅਸੀਂ ਆਪ ਕਰ ਲਈਏ ਕਿ ਗੁਰਮਤਿ/ਸਿੱਖ ਧਰਮ ਨਾਲ 108 ਦਾ ਕੀ ਸਬੰਧ ਹੈ ? ਅਸੀਂ ਕਦੀ ਇਹ ਵਿਚਾਰਣਾ ਹੀ ਨਹੀਂ ਹੈ ਤੇ ਨਾ ਕਦੀ ਵਿਚਾਰਣ ਦੀ ਜ਼ਰੂਰਤ ਸਮਝੀ ਹੈ,ਬਸ ! ਲੋਕ ਬਾਬਾ ਜੀ 108, ਬਾਬਾ ਜੀ 108 ਦੀ ਰਟ ਲਾਈ ਜਾਂਦੇ ਨੇ ਤੇ ਬਾਬਾ ਜੀ ਆਪਣੇ ਨਾਮ ਦੇ ਨਾਲ 108 ਲਾ ਕੇ ਹੀ ਭੋਲੇ ਭਾਲੇ ਲੋਕਾਂ/ਸਿੱਖਾਂ ਨੂੰ ਆਪਣੇ ਪਿਛੇ ਲਾਈ ਫਿਰਦੇ ਨੇ।

ਇਸ ਸਬੰਧ ਵਿੱਚ ਹੈਰਾਨਗੀ ਉਦੋਂ ਹੁੰਦੀ ਹੈ, ਜਦੋਂ ਸਿੱਖ ਸਮਾਜ ਅੰਦਰ ਵੀ ਦੇਖਾ-ਦੇਖੀ ਐਸਾ ਹੀ ਪ੍ਰਚਲਣ ਆਮ ਦਿਖਾਈ ਦਿੰਦਾ ਹੈ, ਜੋ ਸਾਡੀ ਗੁਰਮਤਿ ਸਿਧਾਂਤਾਂ/ ਗੁਰਬਾਣੀ ਗਿਆਨ ਪ੍ਰਤੀ ਪ੍ਰਤੱਖ ਰੂਪ ਵਿਚ ਅਗਿਆਨਤਾ ਦਾ ਸਬੂਤ ਹੈ।ਗਿਆਨ ਦੇ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਮੁਬਾਰਕ/ਹੋਰ ਗੱਲ ਹੈ, ਪ੍ਰੰਤੂ ਅਸਲ ਪ੍ਰਾਪਤੀ ਸ਼ਬਦ ਗੁਰੂ ਦੇ ਗਿਆਨ ਨੂੰ ਸਮਝਣ ਉਪਰੰਤ ਜੀਵਨ ਵਿਚ ਅਪਨਾਉਣ ਦੀ ਹੈ।

ਅਜ ਕਲ੍ਹ ਇਕ ਹੋਰ ਰਿਵਾਜ ਵੀ ਚਲ ਪਿਆ ਹੈ ਕਿ ਬਾਬਿਆਂ ਦੇ ਸ਼ਰਧਾਲੂ ਅਕਸਰ ਕਹਿੰਦੇ ਸੁਣੇ ਜਾਂਦੇ ਹਨ ਕਿ ਸਾਡੇ ਬਾਬਾ ਜੀ ਜਤੀ-ਸਤੀ ਨੇ, ਬਾਬਾ ਜੀ ਨੇ ਵਿਆਹ ਨਹੀਂ ਕਰਵਾਇਆ। ਪਰ ਉਹ ਇਹ ਗੱਲ ਕਿਉਂ ਭੁੱਲ ਜਾਂਦੇ ਨੇ ਕਿ ਭਗਤ ਕਬੀਰ ਜੀ ਸਾਨੂੰ ਬੜੇ ਵਧੀਆ ਢੰਗ ਨਾਲ ਸਮਝਾ ਰਹੇ ਨੇ-

ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥
(ਗਉੜੀ ਕਬੀਰ ਜੀ-੩੨੪)

ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ! ਜੇਕਰ ਜਤੀ-ਸਤੀ ਹੋਣ ਨਾਲ ਹੀ ਰਬ ਮਿਲਦਾ ਹੈ ਤਾਂ ਖੁਸਰੇ ਨੂੰ ਅਕਾਲ ਪੁਰਖ ਨੇ ਜਤੀ-ਸਤੀ ਹੀ ਪੈਦਾ ਕੀਤਾ ਹੈ। ਫਿਰ ਉਹ ਤਾਂ ਵੱਡਾ ਸੰਤ ਹੋਣਾ ਚਾਹੀਦਾ ਹੈ ਤੇ ਉਸਨੂੰ ਪਰਮਗਤੀ ਦੀ ਪ੍ਰਾਪਤੀ ਵੀ ਅੱਵਸ਼ ਹੋ ਜਾਣੀ ਚਾਹੀਦੀ ਹੈ।

ਕਈ ਹੋਰ ਵੀਰ ਇਹ ਗੱਲ ਵੀ ਕਹਿੰਦੇ ਨੇ ਕਿ ਸਾਡੇ ਬਾਬਾ ਜੀ ਰੂੰਡ-ਮੂੰਡ ਸਾਧੂ ਨੇ।ਪਰ ਭਗਤ ਕਬੀਰ ਜੀ ਨੇ ਲਿਹਾਜ਼ ਇਥੇ ਵੀ ਨਹੀਂ ਕੀਤਾ, ਉਹ ਕਹਿੰਦੇ ਨੇ ਕਿ:-

ਮੂੰਡ ਮੁੰਡਾਏ ਜੌ ਸਿਧਿ ਪਾਈ॥ ਮੁਕਤੀ ਭੇਡ ਨ ਗਈਆ ਕਾਈ॥
(ਗਉੜੀ ਕਬੀਰ ਜੀ-੩੨੪)

ਭਗਤ ਜੀ ਸਮਝਾਉਂਦੇ ਨੇ ਕਿ ਭਾਈ ! ਭੇਡ ਤਾਂ ਜਿੰਦਗੀ ਵਿਚ ਪਤਾ ਨਹੀਂ ਕਿੰਨੀ ਵਾਰ ਮੁੰਨੀ ਜਾਂਦੀ ਹੈ ਤਾਂ ਤੇ ਭੇਡ ਨੂੰ ਰੱਬ ਪਹਿਲਾਂ ਮਿਲ ਜਾਣਾ ਚਾਹੀਦਾ ਹੈ।

ਇਨ੍ਹਾਂ ਗੁਰਬਾਣੀ ਦੇ ਬਚਨਾਂ ਅਨੁਸਾਰ ਪੂਰੀ ਤਰਾਂ ਕਸਵੱਟੀ ਤੇ ਲਾ ਕੇ ਪਰਖ ਕੇ ਵਿਚਾਰਣ ਦੀ ਜ਼ਰੂਰਤ ਹੈ ਪਰ ਅਫਸੋਸ ਕਿ ਅਸੀ ਨਾ-ਸਮਝ ਬਣ ਕੇ ਹੀ ਰਹਿਣਾ ਚੰਗਾ ਸਮਝਦੇ ਹਾਂ ਤੇ ਵਿਚਾਰਣ ਦਾ ਯਤਨ ਹੀ ਨਹੀਂ ਕਰਦੇ।

ਇਹ ਵੱਖਰੀ ਬਾਤ ਹੈ ਕਿ ਗੁਰੂ ਸਾਹਿਬਾਨ ਦਾ ਸਵਾਂਗ ਰਚਣ ਵਾਲੇ ਅੱਜ ਕਲ੍ਹ ਬਹੁਤ ਤੁਰੇ ਫਿਰਦੇ ਹਨ, ਬਹੁਤ ਲੋਕ ਮਿਲ ਜਾਣਗੇ ਜੋ ਉਹਨਾਂ ਦੇ ਨਾਮ ਦੀਆਂ ਖੱਟੀਆਂ ਖਾਂਦੇ ਤੁਰੇ ਫਿਰਦੇ ਹਨ।ਇਹ ਲੋਕ ਸਿਰਫ ਨਾਟਕ ਚੇਟਕ ਹੀ ਕਰ ਸਕਦੇ ਹਨ, ਜੋ ਲੋਕ ਬਲਾਤਕਾਰਾਂ/ਕਤਲਾਂ ਆਦਿ ਦੇ ਕੇਸਾਂ ਵਿਚ ਪੇਸ਼ੀਆਂ ਭੁਗਤਦੇ ਤੁਰੇ ਫਿਰਦੇ ਨੇ ਉਹ ਕਾਹਦੇ ਸਾਧ ਨੇ, ਕਾਹਦੇ ਗੁਰੂ ਨੇ?

ਅਸੀਂ ਅੱਜ ਸਿਰਫ ਪਹਿਰਾਵੇ 'ਤੇ ਹੀ ਰੁਕ ਜਾਂਦੇ ਹਾਂ ਤੇ ਉਨ੍ਹਾਂ ਨੂੰ ਗੁਰੂ ਸਮਝ ਕੇ ਬੈਠ ਜਾਂਦੇ ਹਾਂ ਕਿ ਲੰਮਾਂ ਚੋਲਾ ਪਾਇਆ ਹੈ, ਪਜਾਮਾ ਪਾਉਣ ਤੋਂ ਪਰਹੇਜ਼ ਕਰਦਾ ਹੈ ਤੇ ਅਸੀਂ ਉਸਨੂੰ ਸਾਧ ਸਮਝ ਲੈਂਦੇ ਹਾਂ ਪਰ ਗੁਰੂ ਨਾਨਕ ਦੇ ਘਰ ਅੰਦਰ ਪਹਿਰਾਵਾ ਸਾਧ ਨਹੀਂ ਮੰਨਿਆ ਗਿਆ। ਫਿਰ ਸਾਧ ਕੌਣ ਹੈ? ਜਿਸਦੇ ਕਰਮ ਨਿਰਮਲ ਨੇ, ਉਹੀ ਸਾਧ ਹੈ। ਗੁਰੂ ਸਾਹਿਬ ਆਪਣੇ ਪਾਵਨ ਬਚਨਾਂ ਰਾਹੀਂ ਸਾਨੂੰ ਸਮਝਾਉਣਾ ਕਰਦੇ ਹਨ-

ਸਾਧ ਨਾਮ ਨਿਰਮਲ ਤਾ ਕੇ ਕਰਮ॥
(ਗਉੜੀ ਸੁਖਮਨੀ ਮਹਲਾ ੫-੨੯੬)

ਇਕ ਰਿਕਸ਼ਾ ਚਲਾ ਕੇ ਪੇਟ ਪਾਲਣ ਵਾਲਾ ਵੀ ਸਾਧ ਹੋ ਸਕਦਾ ਹੈ, ਰੋਜ਼ਾਨਾ ਦਿਹਾੜੀ ਕਰਨ ਵਾਲਾ ਵੀ ਸਾਧ ਹੋ ਸਕਦਾ ਹੈ, ਜੇ ਉਸਨੇ ਆਪਣੇ ਜੀਵਨ ਨੂੰ ਸਹੀ ਅਰਥਾਂ ਵਿਚ ਸਾਧਿਆ ਹੋਵੇ ਤਾਂ। ਇਹ ਜ਼ਰੂਰੀ ਨਹੀਂ ਕਿ ਡੇਰੇ ਵਿਚ ਬੈਠ ਕੇ ਸਾਧ ਬਣ ਜਾਈਦਾ ਹੈ, ਇਹ ਪਾਖੰਡ ਵੀ ਹੋ ਸਕਦਾ ਹੈ।

ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਡੇਰੇਦਾਰਾਂ ਨੂੰ ਅੰਦਰੋਂ ਦੇਖਿਆ ਸੀ, ਪਰ ਅਸੀਂ ਇਹਨਾਂ ਨੂੰ ਬਾਹਰੋਂ-ਬਾਹਰੋਂ ਹੀ ਤੱਕਦੇ ਹਾਂ। ਗੁਰੂ ਸਾਹਿਬ ਨੇ ਇਹਨਾਂ ਨੂੰ ਅੰਦਰੋਂ ਤੱਕ ਕੇ ਕਿਹਾ ਸੀ ਕਿ ਇਹ ਪਤਾ ਕੌਣ ਨੇ:-

ਪੂੰਅਰ ਤਾਪ ਗੇਰੀ ਕੇ ਬਸਤ੍ਰਾ॥  ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ॥
(ਪ੍ਰਭਾਤੀ ਮਹਲਾ ੫-੧੩੪੮)

ਇਹ ਆਪਣੀਆਂ ਪਰਿਵਾਰਕ ਜਿੰਮੇਵਾਰੀਆਂ ਤੇ ਭੱਜੇ ਹੋਏ ਭਗੌੜੇ ਮਨੁੱਖ ਨੇ। ਇਹ ਉਹ ਲੋਕ ਨੇ ਜੋ ਬਿਪਤਾ ਦੇ ਮਾਰੇ ਹੋਏ, ਆਪਣੀਆਂ ਪਰਿਵਾਰਕ ਅਤੇ ਸਮਾਜਿਕ ਜਿੰਮੇਵਾਰੀਆਂ ਪੂਰੀਆਂ ਨਹੀਂ ਕਰ ਸਕਦੇ ਤੇ ਇਹਨਾਂ ਡਰਾਂ ਕਾਰਨ ਘਰੋਂ ਭੱਜ ਜਾਂਦੇ ਹਨ, ਪਰ ਇਹਨਾਂ ਨੂੰ ਕੋਈ ਪੁੱਛੇ ਕਿ:-

ਦੇਸੁ ਛੋਡਿ ਪਰਦੇਸਹਿ ਧਾਇਆ॥ ਪੰਚ ਚੰਡਾਲ ਨਾਲੇ ਲੈ ਆਇਆ॥
(ਪ੍ਰਭਾਤੀ ਮਹਲਾ ੫-੧੩੪੮)

ਗੁਰੂ ਸਾਹਿਬ ਬਚਨ ਕਰਦੇ ਹਨ ਕਿ ਕੀ ਹੋਇਆ ਜੇਕਰ ਘਰ ਛੱਡ ਦਿਤਾ ਹੈ, ਪਰ ਇਹ ਫਿਰ ਵੀ ਪੰਜ ਚੋਰ ਨਾਲੇ ਹੀ ਲੈ ਕੇ ਆਇਆ ਹੈ। ਜੋ ਛੱਡਣਾ ਚਾਹੀਦਾ ਸੀ ਉਹ ਛੱਡ ਨਹੀਂ ਸਕਿਆ ਤੇ ਜੋ ਨਹੀਂ ਸੀ ਛੱਡਣਾ ਚਾਹੀਦਾ ਉਹ ਛੱਡ ਆਇਆ ਹੈ।

ਡੇਰਿਆਂ ਵਿਚ ਆਪਾਂ ਨੂੰ ਬਹੁਤ ਖਤਰੇ ਦਿਖਾਈ ਦਿੰਦੇ ਹਨ, ਅਸੀਂ ਬਹੁਤ ਸਾਰੇ ਡੇਰਿਆਂ ਨਾਲ ਸਬੰਧਤ ਖਬਰਾਂ ਆਮ ਹੀ ਦੇਖਦੇ, ਸੁਣਦੇ ਹਾਂ। ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਵਿਚ ਕਿਸੇ ਨੂੰ ਕੋਈ ਖਤਰਾ ਨਹੀਂ ਹੈ। ਗੁਰੂ ਸਾਹਿਬ ਨੇ ਸਾਡੇ ਤੇ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ। ਪਰ ਅਸੀਂ ਮੰਨਣ ਲਈ ਤਿਆਰ ਨਹੀਂ ਹਾਂ, ਬੱਸ ਅਸੀਂ ਸਰੀਰ ਹੀ ਲਭੀ ਜਾ ਰਹੇ ਹਾਂ। ਪਰ ਗੁਰੂ ਨਾਨਕ ਦੇ ਘਰ ਅੰਦਰ ਸਰੀਰ ਗੁਰੂ ਨਹੀਂ ਹੈ। ਜੇਕਰ ਸਰੀਰ ਗੁਰੂ ਹੁੰਦਾ ਤਾਂ ਭਾਈ ਲਹਿਣਾ ਵੀ ਗੁਰੂ ਹੋਣਾ ਚਾਹੀਦਾ ਸੀ, ਕਿਉਕਿ ਭਾਈ ਲਹਿਣਾ ਅਤੇ ਗੁਰੂ ਅੰਗਦ ਦੇਵ ਜੀ ਦਾ ਸਰੀਰ ਇਕੋ ਹੈ। ਬਾਬਾ ਅਮਰਦਾਸ ਅਤੇ ਗੁਰੂ ਅਮਰਦਾਸ ਜੀ ਦਾ ਸਰੀਰ ਵੀ ਇਕ ਹੈ। ਇਸੇ ਤਰਾਂ ਭਾਈ ਜੇਠਾ ਅਤੇ ਸ੍ਰੀ ਗੁਰੂ ਰਾਮਦਾਸ ਜੀ ਦਾ ਸਰੀਰ ਵੀ ਇਕ ਹੈ।

ਖਿਆਲ ਕਰਨਾ ! ਸਰੀਰ ਸਾਡਾ ਗੁਰੂ ਨਹੀਂ ਹੈ, ਸਾਡੇ ਗੁਰੂ ਸ੍ਰੀ ਗੁਰੂ ਅੰਗਦ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਨੇ ਤੇ ਉਹ ਵੀ ਉਦੋਂ ਗੁਰੂ ਨੇ ਜਦੋਂ ਉਹਨਾਂ ਦੇ ਸਰੀਰ ਅੰਦਰ ਗੁਰੂ ਜੋਤ ਪ੍ਰਵੇਸ਼ ਕੀਤੀ। ਜਦ ਤਕ ਉਹਨਾਂ ਅੰਦਰ ਗੁਰੂ-ਜੋਤ ਪ੍ਰਵੇਸ਼ ਨਹੀਂ ਕੀਤੀ, ਉਹ ਉਨਾਂ ਚਿਰ ਭਾਈ ਲਹਿਣਾ ਜੀ, ਬਾਬਾ ਅਮਰਦਾਸ ਜੀ ਅਤੇ ਭਾਈ ਜੇਠਾ ਜੀ ਨੇ, ਸਤਿਕਾਰਯੋਗ ਜ਼ਰੂਰ ਨੇ, ਪਰ ਗੁਰੂ ਨਹੀਂ। ਪਰ ਜਦੋਂ ਜੋਤ ਪ੍ਰਵੇਸ਼ ਕਰਦੀ ਹੈ ਤਾਂ ਉਹ ਗੁਰੂ ਬਣ ਜਾਂਦੇ ਨੇ। ਫਿਰ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਵੀ ਇਹ ਕਹਿੰਦੇ ਨੇ-

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਆ॥
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤ ਨ ਪਾਰਾਵਾਰਿਆ॥

(ਰਾਮਕਲੀ-ਸਤੇ ਬਲਵੰਡ ਕੀ ਵਾਰ-੯੬੮)

ਅਜੋਕੇ ਪਖੰਡੀ ਡੇਰੇਦਾਰਾਂ ਦੇ ਕਿਰਦਾਰ ਵਲ ਵੇਖ ਕੇ ਭਾਈ ਗੁਰਦਾਸ ਜੀ ਦੇ ਬਚਨ ਚੇਤੇ ਆਉਂਦੇ ਹਨ:-

ਸਤਿਗੁਰੁ ਸਾਹਿਬ ਛਡ ਕੈ ਮਨਮੁਖ ਹੋਏ ਬੰਦੇ ਕਾ ਬੰਦਾ॥

ਭਾਈ ਸਾਹਿਬ ਕਹਿੰਦੇ ਹਨ ਕਿ ਜੋ ਸਚੇ ਸਤਿਗੁਰੂ ਨੂੰ ਛੱਡ ਕੇ ਬੰਦਿਆ ਦਾ ਬੰਦਾ ਬਣਦਾ ਹੈ ਉਹ ਮਨਮੁਖ ਹੈ। ਜ਼ਰਾ ਅਜ ਕਲ ਦੇ ਪਖੰਡੀ ਗੁਰੂਆਂ/ਚੇਲਿਆਂ ਨੂੰ ਭਾਈ ਗੁਰਦਾਸ ਜੀ ਦੀ ਦੱਸੀ ਕਸਵੱਟੀ ਤੇ ਪਰਖ ਕੇ ਵੇਖਣਾ ਪਵੇਗਾ ਕਿ ਕਿਤੇ ਅਜ ਅਸੀਂ ਸੱਚੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਧਰੇ ਬੰਦਿਆ ਦੇ ਬੰਦੇ ਤੇ ਨਹੀਂ ਬਣ ਰਹੇ। ਸੁਚੇਤ ਹੋਣ ਦੀ ਲੋੜ ਹੈ।

**************
ਨੋਟ :- ਦਾਸ ( ਲੇਖਕ ) ਵਲੋਂ ਲੇਖ ਦੇ ਆਰੰਭ ਵਿਚ ਹੀ ਇਸ ਗਿਣਤੀ ਸਬੰਧੀ ਸੰਪੂਰਨ ਜਾਣਕਾਰੀ ਹੋਣ ਦਾ ਦਾਅਵਾ ਨਹੀਂ ਕੀਤਾ ਗਿਆ ਹੈ।
ਜੇਕਰ ਕਿਸੇ ਪਾਠਕ/ਸਿੱਖ/ ਵਿਦਵਾਨ/ 108-1008 ਦੀਆਂ ਪਦਵੀਆਂ ਲਾਉਣ-ਲਵਾਉਣ ਵਾਲਿਆਂ ਕੋਲ ਇਸ ਸਬੰਧੀ ਪ੍ਰਮਾਣੀਕ ਜਾਣਕਾਰੀ ਹੋਵੇ ਤਾਂ ਉਹ ਪਾਠਕਾਂ ਨਾਲ ਸਬੂਤਾਂ ਸਹਿਤ ਸਾਂਝੀ ਕਰਨ ਦਾ ਉਪਰਾਲਾ ਜ਼ਰੂਰ ਕਰਨ ਤਾਂ ਜੋ ਇਸ ਵਿਸ਼ੇ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਜਿਸ ਮੰਤਵ ਨੂੰ ਸਾਹਮਣੇ ਰੱਖ ਕੇ ਇਹ ਲੇਖ ਲਿਖਿਆ ਗਿਆ ਹੈ, ਉਹ ਮੰਤਵ ਹੋਰ ਸਪਸ਼ਟ ਹੋ ਕੇ ਕਿਸੇ ਨਿਰਣੇ ਤਕ ਪਹੁੰਚ ਸਕੇ।
****************

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top