Share on Facebook

Main News Page

ਫਰੀਦਾਬਾਦ ਵਿੱਖੇ ਹਰ ਸਾਲ ਵਾਂਗ ਇਸ ਸਾਲ ਵੀ ਨਵੇਕਲੇ ਰੂਪ ਵਿੱਚ ਮਨਾਇਆ ਗਿਆ ਹੋਲਾ-ਮਹੱਲਾ
(ਜਸਪ੍ਰੀਤ ਕੌਰ ਫਰੀਦਾਬਾਦ : ਰਿਪੋਰਟ ਹੋਲਾ ਮਹੱਲਾ 2016)

ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਫਰੀਦਾਬਾਦ ਵੱਲੋਂ ਪਿਛਲੇ 16 ਸਾਲਾਂ ਤੋਂ ਮਨਾਏ ਜਾਂਦੇ ਹੋਲੇ-ਮਹੱਲੇ ਦੇ ਪੁਰਬ ਨੂੰ ਹਰ ਸਾਲ ਵਾਂਗ ਇਸ ਸਾਲ ਵੀ ਨਵੇਕਲੇ ਰੂਪ ਵਿੱਚ ਮਨਾਇਆ ਗਿਆ । ਸਮਾਗਮ ਦੀ ਅਰੰਭਤਾ ਗੁਰਬਾਣੀ ਕੀਰਤਨ ਨਾਲ ਹੋਈ ਜਿਸ ਦੀ ਸੇਵਾ ਗੁਰੁ ਗ੍ਰੰਥ ਸਾਹਿਬ ਵਿਦਿਆ ਕੇਂਦਰ ਮਹਿਰੌਲੀ, ਗੁਰਮਤਿ ਪ੍ਰਚਾਰ ਜੱਥਾ ਦਿੱਲੀ ਅਤੇ ਹਜ਼ੂਰੀ ਰਾਗੀ ਜੱਥਾ ਸੈਕਟਰ 15 ਦੇ ਸ. ਦੀਦਾਰ ਸਿੰਘ ਤੇ ਸਾਥੀਆਂ ਨੇ ਰਲ ਕੇ ਨਿਭਾਈ। ਮਾਤਾ ਸਾਹਿਬ ਕੌਰ ਗੁਰਮਤਿ ਐਜੂਕੇਸ਼ਨਲ ਸੋਸਾਇਟੀ ਦੇ ਚੇਅਰਮੈਨ ਸ. ਕ੍ਰਿਪਾਲ ਸਿੰਘ ਨੇ ਸੰਗਤਾਂ ਨੂੰ ‘ਜੀ ਆਇਆਂ’ ਆਖਿਆ ਅਤੇ ਜਨਰਲ ਸਕੱਤਰ ਸ. ਉਪਕਾਰ ਸਿੰਘ ਫਰੀਦਾਬਾਦ ਨੇ ਸਟੇਜ ਸੰਚਾਲਕ ਦੀ ਸੇਵਾ ਨਿਭਾਈ, ਜਿਸ ਨੂੰ ਚੰਗੀ ਤਰ੍ਹਾਂ ਨਿਭਾਉਣ ਵਿਚ ਸ. ਭੁਪਿੰਦਰ ਸਿੰਘ ਫਰੀਦਾਬਾਦ ਨੇ ਭਰਪੂਰ ਸਹਿਯੋਗ ਦਿੱਤਾ। ਆਪਣੀਆਂ ਧੀਆਂ ਨੂੰ ਡਾਈਮੰਡ ਕਿਵੇਂ ਬਣਾਈਏ ? ਵਿਸ਼ੇ ’ਤੇ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਦੇ ਹੈਡ ਪ੍ਰਚਾਰਕ ਬੀਬੀ ਪਰਮਜੀਤ ਕੌਰ ਅੰਮ੍ਰਿਤਸਰ ਨੇ ਗੁਰਮਤਿ ਸੰਦਰਭ ਵਿਚ ਵਿਚਾਰਾਂ ਦੀ ਸਾਂਝ ਪਾਈ।

ਵੀਰ ਭੁਪਿੰਦਰ ਸਿੰਘ ਯੂ.ਐਸ.ਏ ਨੇ ਗੁਰਬਾਣੀ ਅਨੁਸਾਰ ਜੀਵਨ ਜਾਂਚ ਬਾਰੇ ਵਿਚਾਰ ਰੱਖੇ, ਇਸ ਦੌਰਾਨ ਸੰਗਤਾਂ ਵੱਲੋਂ ਸਵਾਲ-ਜਵਾਬ ਵੀ ਕੀਤੇ ਗਏ। ਸਿੱਖਿਆ ਦੇ ਖੇਤਰ ਵਿਚ ਪੁਲਾਂਘਾਂ ਪੁਟੱਣ ਵਾਲੇ ਵਿਦਿਆਰਥੀਆਂ ਨੂੰ ਵੀ ਇਸ ਮੌਕੇ ਸਨਮਾਨਤ ਕੀਤਾ ਗਿਆ। ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਸਰਕਲ ਮੋਹਾਲੀ ਤੋਂ ਵਿਸ਼ੇਸ਼ ਸੱਦੇ ’ਤੇ ਪੁੱਜੇ ਸ. ਸੁਖਦੇਵ ਸਿੰਘ ਅਤੇ ਬਜ਼ੁਰਗ ਵਿਦਵਾਨ ਕਰਨਲ ਗੁਰਦੀਪ ਸਿੰਘ ਵੀ ਹਾਜ਼ਰ ਸਨ, ਇਸ ਮੌਕੇ ਕਰਨਲ ਗੁਰਦੀਪ ਸਿੰਘ ਦੀ ਨਵੀਂ ਪੁਸਤਕ ‘ਗੁਰੂ ਗ੍ਰ੍ਰੰਥ ਸਾਹਿਬ ਤੇ ਵਿਸ਼ਵ ਸ਼ਾਂਤੀ’ ਵੀ ਰਿਲੀਜ਼ ਕੀਤੀ ਗਈ। ਸਮਾਗਮ ਵਿਚ ਉਚੇਚੇ ਸੱਦੇ’ ਤੇ ਪੁੱਜੇ ਸਿੰਘ ਰੌਕਸ ਇੰਟਰਨੈਸ਼ਨਲ ਦੀ ਟੀਮ ਅਤੇ ਸੰਚਾਲਕ ਵੀਰ ਗੁਰਸੇਵਕ ਸਿੰਘ ਮਦਰੱਸਾ ਵੱਲੋਂ ਸਾਫ ਸੁਥਰੀ ਗੀਤਕਾਰੀ ਰਾਹੀਂ ਲੱਚਰ ਤੇ ਭੱਦੀ ਗਾਇਕੀ ਦਾ ਬਦਲ ਪੇਸ਼ ਕੀਤਾ ਗਿਆ। ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਵੱਲੋਂ ਚਲ ਰਹੇ ਟਿਯੂਸ਼ਨ ਸੈਂਟਰ ਅਤੇ ਮਾਰਸ਼ਲ ਆਰਟ ਦੀ ਟਰੇਨਿੰਗ ਲੈ ਰਹੇ ਵਿਦਿਆਰਥੀਆਂ ਨੇ ਸਿੱਖ ਇਤਿਹਾਸ ਦੇ ਸ਼ਾਣਮਤੇ ਇਤਿਹਾਸ ਨਾਲ ਸਬੰਧਤ ਕੋਰਿਉਗ੍ਰਾਫੀ, ਗਤਕਾ, ਮਾਰਸ਼ਲ ਆਰਟ ਕਰਾਟੇ ਜਿਮਨਾਸਟਿਕ ਆਦਿ ਕੀਤੇ ਜਿਸ ਦੀ ਤਿਆਰੀ ਬੀਬੀ ਗੁਰਮੀਤ ਕੌਰ ਨੇ ਕਰਵਾਈ ਜੋ ਕਿ ਬਹੁਤ ਸੋਹਣਾ ਉਪਰਾਲਾ ਸੀ, ਜਿਸ ਦਾ ਰੱਜ ਕੇ ਅਨੰਦ ਮਾਣਿਆ ਗਿਆ।

ਗੁਰੂ ਨਾਨਕ ਮਿਸ਼ਨ ਗੱਤਕਾ ਅਖਾੜਾ ਫ਼ਰੀਦਾਬਾਦ ਵੱਲੋਂ ਗਤਕੇ ਦੇ ਜੌਹਰ ਵਿਖਾਏ ਗਏ। ਸ. ਹੋਸ਼ਿਆਰ ਸਿੰਘ ਵੱਲੋਂ ਗੁਰਮਤਿ ਗਿਆਨ ਭਰਪੂਰ ਪੁਸਤਕਾਂ ਦਾ ਸਟਾਲ ਲਾ ਕੇ ਸੇਵਾ ਨਿਭਾਈ ਗਈ। ਵੀਰ ਸੰਦੀਪ ਸਿੰਘ ਅਤੇ ਬੀਬੀ ਅਮਨਜੋਤ ਕੌਰ ਨੇ ਰਿਸੈਪਸ਼ਨ ਦੀ ਸੇਵਾ ਬਾਖੂਬੀ ਨਿਭਾਈ। ਇਸ ਮੌਕੇ ਬਲੱਭਗੜ ਅਤੇ ਫਰੀਦਾਬਾਦ ਇਲਾਕੇ ਤੋਂ ਲਗਭਗ 15 ਸਿੰਘ ਸਭਾ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕ ਅਤੇ ਮੈਂਬਰਜ਼ ਹਾਜ਼ਰ ਸਨ।

ਯੰਗ ਸਿੱਖ ਐਸੋਸਿਏਸ਼ਨ ਦੇ ਸ. ਗੁਰਿੰਦਰ ਸਿੰਘ, ਜਤਿੰਦਰ ਸਿੰਘ ਅਤੇ ਕਈ ਨੌਜਵਾਨ ਸਾਥੀਆਂ ਵੱਲੋਂ ਵੱਖ ਵੱਖ ਸੇਵਾਵਾਂ ਵਿਚ ਹਿੱਸਾ ਪਾਇਆ ਗਿਆ।ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਵੱਲੋਂ ਚਲਾਏ ਜਾ ਰਹੇ ਟਿਯੂਸ਼ਨ ਸੈਂਟਰ ਵਿਚ ਵਿਸ਼ੇਸ਼ ਸੇਵਾਵਾਂ ਦੇ ਰਹੇ ਗੁਰਮਤਿ ਪ੍ਰਚਾਰ ਜੱਥਾ ਦੇ ਆਗੂ ਸ. ਬਲਦੇਵ ਸਿੰਘ ਦਿੱਲੀ ਵੀ ਬਸ ਲੈ ਕੇ ਆਪਣੇ ਸਾਥੀਆਂ ਸਮੇਤ ਪੁੱਜੇ। ਦਲਿਤ ਵਰਗ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੋੜਨ ਵਾਲੇ ਵੀਰ ਨਿਰੰਜਨ ਸਿੰਘ ਨੇ ਵੀ ਪਿੰਡਾਂ ਵਿਚੋਂ ਇਸ ਵਰਗ ਦੇ ਲੋਕਾਂ ਨੂੰ ਲਿਆਉਣ ਦੀ ਸੇਵਾ ਨਿਭਾਈ। ਇਸ ਕਾਰਜ ਨੂੰ ਨੇਪਰੇ ਚਾੜਨ ਵਿਚ ਵਿਚ ਜਿਥੇ ਸੰਗਤਾਂ ਵੱਲੋਂ ਮਾਇਕ ਸਹਿਯੋਗ ਮਿਲਿਆ ਉਥੇ ਵੱਖ ਵੱਖ ਗੁਰਦੁਆਰਾ ਕਮੇਟੀਆਂ ਨੇ ਵੀ ਮਾਇਕ ਸਹਿਯੋਗ ਦਿੱਤਾ। ਮਿਸ਼ਨਰੀ ਪ੍ਰਚਾਰਕ ਗਿਆਨਏਂਦਰ ਸਿੰਘ ਦਿੱਲੀ ਅਤੇ ਸਹਿਦੇਵ ਸਿੰਘ ਫ਼ਰੀਦਾਬਾਦ ਵੱਲੋਂ ਵੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top