Share on Facebook

Main News Page

ਸੰਨ 1699 ਦੀ ਵੈਸਾਖੀ ਅਤੇ ਪੰਜ ਪਿਆਰੇ
-: ਪ੍ਰੋ. ਕਸ਼ਮੀਰਾ ਸਿੰਘ USA

ਧੰਨੁ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਵਲੋਂ ਸਿੱਖੀ ਵਿੱਚ ਪਰਵੇਸ਼ ਲਈ ਸੰਨ 1699 ਈਸਵੀ ਨੂੰ ਵੈਸਾਖੀ ਵਾਲ਼ੇ ਦਿਨ ਚਰਨ ਪਾਹੁਲ ਦੀ ਰੀਤ ਨੂੰ ਖੰਡੇ ਬਾਟੇ ਦੀ ਪਾਹੁਲ ਵਿੱਚ ਬਦਲਣ ਵਾਸਤੇ ਇਤਿਹਾਸ ਅਨੁਸਾਰ ਦੂਰ ਨੇੜੇ ਦੀਆਂ ਸੰਗਤਾਂ ਨੂੰ ਸੱਦੇ ਭੇਜੇ ਗਏ। ਜਿਨ੍ਹਾਂ ਪੰਜ ਸਿੱਖਾਂ ਨੂੰ ਪਹਿਲਾਂ ਅੰਮ੍ਰਿਤ ਛਕਾਇਆ ਗਿਆ, ਉਹਨਾਂ ਦੇ ਨਾਂ- ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੁਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਬਣ ਗਏ। ਜੱਟ, ਖੱਤ੍ਰੀ, ਝੀਵਰ, ਛੀਬਾ ਅਤੇ ਨਾਈ ਆਦਿਕ ਸੱਭ ਨੂੰ ਇੱਕੋ ਜਿਹਾ ਪੰਜ ਕਕਾਰੀ ਬਾਣਾ ਰੱਖਣ ਦਾ ਪ੍ਰਣ ਦੇ ਦਿੱਤਾ ਗਿਆ ਜੋ ਪੱਕੇ ਤੌਰ 'ਤੇ ਸਿੱਖ ਦੀ ਪਛਾਣ ਬਣ ਗਿਆ। ਗੁਰੂ ਜੀ ਵੀ ਗੁਰੂ ਗੋਬਿੰਦ ਰਾਇ ਪਾਤਿਸ਼ਾਹ ਤੋਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਬਣ ਗਏ।

ਕੀ ਇਹ ਪੰਜ ਪਿਆਰੇ ਬਣੇ ਸਿੱਖ, ਗੁਰੂ ਜੀ ਦੇ ਸੱਦੇ ਭੇਜਣ ਉਪਰੰਤ ਪਹਿਲੀ ਵਾਰੀ ਸ਼੍ਰੀ ਅਨੰਦਪੁਰ ਸਾਹਿਬ ਆਏ ਸਨ ? ਜੋ ਭੀ ਇਤਿਹਾਸ ਹੁਣ ਤਕ ਪੇਸ਼ ਕੀਤਾ ਜਾਂਦਾ ਰਿਹਾ ਹੈ, ਉਸ ਅਨੁਸਾਰ ਤਾਂ ਇਹ ਪੰਜ ਸਿੱਖ ਪਹਿਲੀ ਵਾਰੀ ਹੀ ਆਏ ਸਨ।

ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਪੰਜ ਪਿਆਰੇ ਸਿਰਲੇਖ ਹੇਠ ਬੜੀ ਕੀਮਤੀ ਜਾਣਕਾਰੀ ਦਿੱਤੀ ਹੈ। ਇਸ ਦੇ ਆਧਾਰ 'ਤੇ ਇਹ ਸਿੱਟਾ ਨਿੱਕਲ਼ਦਾ ਹੈ ਕਿ ਇਹ ਪੰਜ ਸਿੱਖ ਬਹੁਤ ਸਮਾਂ ਪਹਿਲਾਂ ਹੀ ਦਸਵੇਂ ਪਾਤਿਸ਼ਾਹ ਜੀ ਦੀ ਹਜ਼ੂਰੀ ਵਿੱਚ ਸੇਵਾ ਲਈ ਪੁਹੰਚ ਚੁੱਕੇ ਸਨ। ਓਦੋਂ ਇਨ੍ਹਾਂ ਦੇ ਨਾਂ ਸਿੰਘ ਨਹੀਂ ਸਨ। ਵੇਰਵਾ ਹੇਠਾਂ ਦਿੱਤਾ ਗਿਆ ਹੈ:-

ਭਾਈ ਦਇਆ ਸਿੰਘ ਜੀ: ਸੰਨ 1677 ਵਿੱਚ, ਭਾਵ, ਸੰਨ 1699 ਦੀ ਵੈਸਾਖੀ ਤੋਂ 22 ਸਾਲ ਪਹਿਲਾਂ ਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਸੇਵਾ ਵਿੱਚ ਜੁੱਟੇ ਹੋਏ ਸਨ।
ਭਾਈ ਧਰਮ ਸਿੰਘ ਜੀ: ਇਹ ਸਿੱਖ ਸੰਨ 1678 ਵਿੱਚ, ਭਾਵ, ਸੰਨ 1699 ਦੀ ਵੈਸਾਖੀ ਤੋਂ 21 ਸਾਲ ਪਹਿਲਾਂ ਹੀ ਗੁਰੂ ਜੀ ਦੀ ਸ਼ਰਨ ਵਿੱਚ ਆ ਚੁੱਕੇ ਸਨ।
ਭਾਈ ਹਿੰਮਤ ਸਿੰਘ ਜੀ: ਇਹ ਸਿੱਖ ਵੀ ਸੰਨ 1678 ਵਿੱਚ ਹੀ ਗੁਰੂ ਜੀ ਦੀ ਸੇਵਾ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਆ ਚੁੱਕੇ ਸਨ।
ਭਾਈ ਮੁਹਕਮ ਸਿੰਘ ਜੀ: ਭਾਈ ਮੁਹਕਮ ਸਿੰਘ ਜੀ ਨੇ ਸੰਨ 1685 ਵਿੱਚ, ਭਾਵ, ਸੰਨ 1699 ਦੀ ਵੈਸਾਖੀ ਤੋਂ 14 ਸਾਲ ਪਹਿਲਾਂ ਹੀ ਸ਼੍ਰੀ ਅਨੰਦਪੁਰ ਸਾਹਿਬ ਨਿਵਾਸ ਕਰ ਲਿਆ ਸੀ।
ਭਾਈ ਸਾਹਿਬ ਸਿੰਘ ਜੀ: ਸੰਨ 1681 ਵਿੱਚ ਭਾਈ ਸਾਹਿਬ ਸਿੰਘ ਜੀ ਵੀ ਗੁਰੂ ਜੀ ਦੀ ਸ਼ਰਨ ਸ਼੍ਰੀ ਅਨੰਦਪੁਰ ਸਾਹਿਬ ਆ ਚੁੱਕੇ ਸਨ।

ਹੁਣ ਸਵਾਲ ਪੈਦਾ ਹੁੰਦਾ ਹੈ, ਕਿ ਜੇ ਇਹ ਸਿੱਖ ਪਹਲਾਂ ਹੀ ਗੁਰੂ ਦੀ ਦੀ ਸ਼ਰਨ ਵਿੱਚ ਪਿਛਲੇ 18 ਸਾਲਾਂ ਤੋਂ ਵੀ ਵੱਧ ਸਮਾਂ ਸੇਵਾ ਕਰ ਰਹੇ ਸਨ, ਤਾਂ ਗੁਰੂ ਜੀ ਵਲੋਂ ਕਈ ਵਾਰ ਆਵਾਜ਼ਾਂ ਦੇਣ 'ਤੇ ਹੀ ਇਹ ਵਾਰੀ ਵਾਰੀ ਕਿਉਂ ਆਏ? ਇਨ੍ਹਾਂ ਦਾ ਤਾਂ ਡਰ ਚੁੱਕਿਆ ਗਿਆ ਹੋਣਾ ਚਾਹੀਦਾ ਸੀ। ਸ਼ੀਸ਼ ਮੰਗਣ 'ਤੇ ਇਹ ਇੱਕ ਦਮ ਸਾਰੇ ਕਿਉਂ ਨਹੀਂ ਆਏ? ਗੁਰੂ ਜੀ ਦੀ ਕਈ ਸਾਲ ਸੇਵਾ ਕਰਨ ਤੇ ਵੀ ਇਨ੍ਹਾਂ ਸਿੱਖਾਂ ਦੇ ਮਨ ਵਿੱਚ ਮੌਤ ਦਾ ਭੈ ਕਿਉਂ ਟਿਕਿਆ ਰਿਹਾ? ਫਿਰ ਇਨ੍ਹਾਂ ਸਿੱਖਾਂ ਨੇ ਸੰਨ 1699 ਤੋਂ ਪਹਿਲਾਂ ਹੋਈਆਂ ਭੰਗਾਣੀ, ਨਦੌਨ ਅਤੇ ਹੁਸੈਨੀ ਦੀਆਂ ਜੰਗਾਂ ਵਿੱਚ ਵੀ ਭਾਗ ਲਿਆ ਹੋਵੇਗਾ। ਜਾਪਦਾ ਹੈ ਕਿ ਅਸਲ ਗੱਲ ਕੋਈ ਹੋਰ ਹੈ। ਚੋਣ ਦਾ ਪਿਆਰਾ ਜਿਹਾ ਢੰਗ ਕੋਈ ਹੋਰ ਹੈ।

ਤੰਬੂ ਲਾਉਣ, ਸ਼ੀਸ਼ ਮੰਗਣ, ਸ਼ੀਸ਼ ਧੜ ਤੋਂ ਜੁਦਾ ਕਰਨ ਜਾਂ ਬੱਕਰੇ ਵੱਢਣ, ਅਤੇ ਸ਼ੀਸ਼ ਮੁੜ ਜੋੜਨ ਦੀ ਘਟਨਾ ਦੀ ਸੱਚਾਈ ਕੀ ਹੈ? ਕੀ ਇਹ ਸਿੱਖੀ ਦੀ ਪਰਖ ਸੀ?

ਸਿੱਖੀ ਦੀ ਪਰਖ ਦੇ ਨਾਂ ਉੱਤੇ ਉੱਪਰੋਕਤ ਘਟਨਾ ਨੂੰ ਘੜਿਆ ਗਿਆ ਹੈ। ਪੁਰਾਤਨ ਸਿੱਖ ਇਤਿਹਾਸ ਸਿੱਖਾਂ ਨੇ ਨਹੀਂ ਲਿਖਿਆ। ਇਸ ਘਟਨਾਂ ਨੂੰ ਬ੍ਰਾਹਮਣਵਾਦੀ ਸੰਸਥਾਵਾਂ ਨੇ ਆਪਣੀਆਂ ਲਿਖੀਆਂ ਪੁਸਤਕਾਂ ਵਿੱਚ ਬੜੇ ਹੀ ਜ਼ਾਲਮਾਨਾ ਢੰਗ ਨਾਲ਼ ਚਿਤਰਿਆ ਹੈ । ਗੁਰੂ ਜੀ ਦੇ ਹੱਥ ਨੰਗੀ ਤਲਵਾਰ, ਨਫ਼ਰਤ ਨਾਲ਼ ਬਣਾਈ ਤਸਵੀਰ ਅਤੇ ਆਲ਼ੇ ਦੁਆਲ਼ੇ ਖ਼ੂਨ ਹੀ ਖ਼ੂਨ ਡੁੱਲ੍ਹਿਆ ਦਿਖਾਇਆ ਗਿਆ ਹੈ। ਇਸ ਸੰਬੰਧੀ ਡਾਕਟਰ ਸੁੱਖਪਰੀਤ ਸਿੰਘ ਉੱਧੋਕੇ ਨੂੰ ਯੂ ਟਿਊਬ ਉੱਤੇ ਵੀਡੀਓ ਰਾਹੀਂ ਇਹ ਦ੍ਰਿਸ਼ ਦਿਖਾਉਂਦੇ ਹੋਏ ਦੇਖਿਆ ਅਤੇ ਸੁਣਿਆ ਜਾ ਸਕਦਾ ਹੈ।

ਸਿੱਖੀ ਦੀ ਪਰਖ ਦੀ ਗੱਲ ਕਰੀਏ ਤਾਂ ਛੇਵੇਂ ਸਤਿਗੁਰੂ ਜੀ ਦੀ ਅਗਵਾਈ ਵਿੱਚ ਸਿੱਖ 4 ਜੰਗਾਂ ਲੜ ਚੁੱਕੇ ਸਨ ਤੇ ਇਹ ਸਿੱਖੀ ਦੀ ਪਰਖ ਹੀ ਸੀ। ਸਿੱਖੀ ਦੀ ਪਰਖ ਤਾਂ ਰੋਜ਼ਾਨਾ ਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਹੀ ਹੋ ਰਹੀ ਸੀ।

ਸਿੱਖਾਂ ਨੇ ਗੁਰੂ ਪਾਤਿਸ਼ਾਹ ਤੋਂ ਜਾਨਾ ਵਾਰ ਕੇ 3 ਜੰਗਾਂ ਲੜੀਆਂ:

1699 ਦੀ ਵੈਸਾਖੀ ਤੋਂ ਪਹਿਲਾਂ ਦਸਵੇਂ ਪਾਤਿਸ਼ਾਹ ਜੀ ਦੀ ਅਗਵਾਈ ਵਿੱਚ ਸਿੱਖ ਤਿੰਨ ਜੰਗ ਵੀ ਲੜ ਚੁੱਕੇ ਸਨ ਤੇ ਕੀ ਇਹ ਸਿੱਖੀ ਦੀ ਪਰਖ ਨਹੀਂ ਸੀ? 10 ਅਪ੍ਰੈਲ ਸੰਨ 1687 ਨੂੰ ਭੰਗਾਣੀ ਦਾ ਯੁੱਧ ਹੋਇਆ ਜਿਸ ਵਿੱਚ ਅਨੇਕਾਂ ਸਿੱਖ ਸ਼ਹੀਦ ਹੋਏ। ਗੁਰੂ ਜੀ ਦੀ ਭੂਆ ਬੀਬੀ ਵੀਰੋ ਦੇ ਦੋ ਪੁੱਤਰ ਵੀ ਸ਼ਹੀਦ ਹੋਏ, ਪੀਰ ਬੁੱਧੂ ਸ਼ਾਹ ਦੇ ਅਨੇਕਾਂ ਮੁਰੀਦ, ਦੋ ਪੁੱਤਰ ਅਤੇ ਇੱਕ ਭਰਾ ਸ਼ਹੀਦ ਹੋਏ। ਕੀ ਇਹ ਸਿੱਖੀ ਦੀ ਪਰਖ ਨਹੀਂ ਸੀ?

ਸੰਨ 1688 ਵਿੱਚ ਨਦੌਣ ਦਾ ਜੰਗ ਹੋਇਆ ਤੇ ਕੀ ਇੱਸ ਵਿੱਚ ਸਿੱਖੀ ਦੀ ਪਰਖ ਨਹੀਂ ਹੋਈ ਸੀ? ਹੁਸੈਨੀ ਦਾ ਯੁੱਧ ਸੰਨ 1688-89 ਦੇ ਸਿਆਲ਼ ਵਿੱਚ ਹੋਇਆ ਸੀ ਤੇ ਕੀ ਇਹ ਵੀ ਸਿੱਖੀ ਦੀ ਪਰਖ ਨਹੀਂ ਸੀ? ਕੀ ਕੋਈ ਸਿੱਖ ਜੰਗ ਦਾ ਮੈਦਾਨ ਛੱਡ ਕੇ ਚਲੇ ਗਿਆ ਸੀ? ਜੇ ਭੰਗਾਣੀ ਦੇ ਜੰਗ ਵਿੱਚੋਂ ਕੋਈ ਗਏ ਸਨ, ਤਾਂ ਭਰਤੀ ਕੀਤੇ ਪਠਾਣ ਹੀ ਗਏ ਸਨ, ਸਿੱਖ ਨਹੀਂ। ਕੀ ਹਰ ਜੰਗ ਲੜਨ ਤੋਂ ਪਹਿਲਾਂ ਗੁਰੂ ਜੀ ਨੇ ਸਿੱਖੀ ਦੀ ਵੀ ਪਰਖ ਕੀਤੀ ਸੀ ਕਿ ਸਿੱਖ ਲੜਨਗੇ ਵੀ ਕਿ ਨਹੀਂ? ਕੀ ਕਵੀ ਅਨੁਸਾਰ ਗੁਰੂ ਜੀ ਨੂੰ ਆਪਣੇ ਸਿੱਖਾਂ ਉੱਤੇ ਪੂਰਾ ਭਰੋਸਾ ਨਹੀਂ ਰਹਿ ਗਿਆ ਸੀ ਜਿਨ੍ਹਾਂ ਨੇ ਗੁਰੂ ਜੀ ਦੀ ਅਗਵਾਈ ਵਿੱਚ ਖ਼ਾਲਸਾ ਸਾਜਣ ਤੋਂ ਪਹਿਲਾਂ 3 ਜੰਗਾਂ ਲੜੀਆਂ ਸਨ? ਕੀ ਸਿੱਖ ਗੁਰੂ ਜੀ ਤੋਂ ਜ਼ਿੰਦ ਜਾਨ ਕੁਰਬਾਨ ਲਈ ਹਮੇਸ਼ਾ ਤਤਪਰ ਨਹੀਂ ਰਹਿੰਦੇ ਸਨ?

ਸੱਚੀ ਗੱਲ ਹੈ ਕਿ ਗੁਰੂ ਅਤੇ ਸਿੱਖ ਦੇ ਪਵਿੱਤ੍ਰ ਰਿਸ਼ਤੇ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ। ਬ੍ਰਾਹਮਣਵਾਦ ਦੀ ਪੁੱਠ ਨਾਲ਼ ਲਿਖੇ ਸਿੱਖ ਇਤਿਹਾਸ ਨੇ ਹੀ ਸਿੱਖਾਂ ਦੁਆਰਾ ਗੁਰੂ ਜੀ ਨੂੰ ਛੱਡ ਦੇਣ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚੋਂ ਬੇਦਾਵਾ ਦੇ ਕੇ ਭੱਜ ਜਾਣ ਦੀਆਂ ਕਹਾਣੀਆਂ ਘੜੀਆਂ ਹਨ। ਜੇ ਛੋਟੇ ਸਾਹਿਬਜ਼ਾਦੇ ਅਤੇ ਬਜ਼ੁਰਗ ਮਾਤਾਵਾਂ ਅਉਖੀ ਘੜੀ ਸਮੇਂ ਕਿਲ੍ਹੇ ਵਿੱਚ ਹੀ ਸਨ, ਤਾਂ ਤਿਆਰ-ਬਰ-ਤਿਆਰ ਸ਼ਕਤੀਸ਼ਾਲੀ ਗੁਰੂ ਕੇ ਸਿੱਖਾਂ ਨੂੰ ਬੇਦਾਵਾ ਲਿਖਣ ਦੀ ਕੋਈ ਲੋੜ ਕਿਵੇਂ ਪੈ ਗਈ? ਕਹਾਣੀ ਮਨਘੜਤ ਹੈ, ਜੋ ਸਿੱਖੀ ਨੂੰ ਵੱਟਾ ਲਾਉਣ ਲਈ ਘੜੀ ਗਈ ਹੈ। ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਵੀ ਲਿਖਿਆ ਹੈ ਇਹ ਬੇਦਾਵਾ ਰਾਮੇਆਣੇ ਕੋਲ਼ ਗੁਰੂ ਜੀ ਨੂੰ ਮੁਗਲਾਂ ਨਾਲ਼ ਸੁਲਾਹ ਕਰ ਲੈਣ ਦੀਆਂ ਮੱਤਾਂ ਦੇਣ ਮਾਝੇ ਵਲੋਂ ਆਏ ਚੌਧਰੀਆਂ ਨੇ ਦਿੱਤਾ ਸੀ, ਜਿਨ੍ਹਾਂ ਵਿਚੋਂ ਭਾਈ ਮਹਾਂ ਸਿੰਘ ਸਮੇਤ ਕੁੱਝ ਸਿੱਖ ਗੁਰੂ ਜੀ ਦੇ ਜਥੇ ਨਾਲ਼ ਵੀ ਰਲ਼ ਗਏ ਸਨ। ਖੰਡੇ ਬਾਟੇ ਦੁਆਰਾ ਅੰਮ੍ਰਿਤ ਛਕਾਉਣ ਦੀ ਪਿਆਰੀ ਕਿਰਿਆ ਨੂੰ ਇਤਿਹਾਸ ਵਿੱਚ ਬਹੁਤ ਹੀ ਭਿਆਨਕ ਬਣਾ ਕੇ ਪੇਸ਼ ਕੀਤਾ ਗਿਆ ਹੈ। ਇਹੋ ਅੰਮ੍ਰਿਤ ਸਿੱਖ ਨੌਵੇਂ ਪਾਤਿਸ਼ਾਹ ਤੱਕ ਬੜੇ ਪਿਆਰ ਤੇ ਚਾਅ ਨਾਲ਼ ਛਕਦੇ ਆ ਰਹੇ ਸਨ, ਪਰ ਕਦੇ ਕੋਈ ਭਿਆਨਕ ਘਟਨਾ ਨਹੀਂ ਵਾਪਰੀ, ਕੇਵਲ ਵਿਧੀ ਹੀ ਬਦਲੀ ਹੈ ਤਾਂ ਜੁ ਪੰਜ ਪਿਆਰਿਆਂ ਨੂੰ ਅਗਾਂਹ ਇਸ ਕਿਰਿਆ ਦੀ ਜ਼ਿਮੇਵਾਰੀ ਸੰਭਾਲ਼ੀ ਜਾ ਸਕੇ।

ਸ਼ੀਸ਼ ਅਤੇ ਧੜ ਜੁਦਾ ਕਰਨ ਦੀ ਕਿਰਿਆ ਨੂੰ ਸਹੀ ਦੱਸਣ ਲਈ ਅਕਸਰ ਗੁਰਬਾਣੀ ਵਿੱਚੋਂ ਇੱਹ ਤੁਕਾਂ ਪੜ੍ਹੀਆਂ ਜਾਂਦੀਆਂ ਹਨ-

ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ॥ ਸਤਿਗੁਰੁ ਮੇਰਾ ਮਾਰਿ ਜੀਵਾਲੇ॥ (ਗਗਸ 1142)। ਮਾਰਿ ਜੀਵਾਲੈ ਸ਼ਬਦਾਂ ਦੇ ਅਰਥ, ਜਾਨੋ ਮਾਰ ਦੇਣਾ, ਏਥੇ ਬਿਲਕੁਲ ਨਹੀਂ ਹਨ। ਮਾਰਿ ਜੀਵਾਲੈ ਦਾ ਅਰਥ ਹੈ- ਸਤਿਗੁਰੂ ਜੀ ਸਿੱਖ ਵਿੱਚੋਂ ਮੋਹ ਮਾਇਆ ਦਾ ਪਿਆਰ ਤੇ ਹਉਮੈ ਨੂੰ ਮਾਰ ਕੇ ਆਤਮਕ ਜੀਵਨ ਬਖ਼ਸ਼ਦੇ ਹਨ।

ਸਿਰੁ ਧਰਿ ਤਲੀ ਗਲੀ ਮੇਰੀ ਆਉ॥ (ਗਗਸ 1412)। ਵਾਕ ਦਾ ਅਰਥ ਸਿਰ ਵੱਢ ਕੇ ਹੱਥ ਉੱਤੇ ਰੱਖਣਾ ਨਹੀਂ ਸਗੋਂ ਅੰਦਰੋਂ ਆਪਾ ਭਾਵ ਨੂੰ ਮਾਰਨਾ ਤੇ ਆਪਣੀ ਮੱਤ ਦਾ ਤਿਆਗਣਾ ਹੈ। ਸਿੱਖੀ ਸਿਧਾਂਤ ਜੀਵਤ ਹੀ ਮਰਨ ਦਾ ਹੈ, ਜਿਵੇਂ- ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥ (ਗਗਸ 558)। ਵਾਕ ਦਾ ਅਰਥ ਸਿਰ ਵੱਢ ਕੇ ਸੇਵਾ ਕਰਨ ਦਾ ਨਹੀਂ ਤੇ ਨਾ ਹੀ ਇਸ ਤਰਾਂ ਕੋਈ ਮੁਰਦਾ ਸੇਵਾ ਕਰ ਸਕਦਾ ਹੈ। ਸਿਰ ਤੋਂ ਬਿਨਾਂ ਸੇਵਾ ਕਰਨ ਤੋਂ ਭਾਵ ਆਪਣੀ ਮੱਤ ਦਾ ਤਿਆਗ ਕਰਨਾ ਤੇ ਗੁਰੂ ਦੀ ਮੱਤ ਅਨੁਸਾਰ ਸੇਵਾ ਕਰਨ ਤੋਂ ਹੈ ।

ਤਾਂ ਹੀ ਕਿਹਾ ਹੈ- ਮਨ ਕੀ ਮਤਿ ਤਿਆਗਹੁ ਹਰਿ ਜਨ ਏਹਾ ਬਾਤ ਕਠੈਨੀ ॥ (ਗਗਸ 800)। ਕੇਵਲ ਆਪਾ ਭਾਵ ਨੂੰ ਮਾਰ ਕੇ ਨਿਮਰਤਾ ਧਾਰਨ ਕਰਨੀ ਹੈ ਪਰ ਇਹ ਵੀ ਕੋਈ ਸੌਖਾ ਕੰਮ ਨਹੀਂ ਹੈ। ਇਹ ਵੀ ਤਾਂ ਕਠਨ ਕੰਮ ਹੈ।

ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ॥ (ਗਗਸ 1114)। ਵਾਕ ਵਿੱਚ ਸਿਰ ਵੱਢ ਕੇ ਦੇਣ ਦਾ ਭਾਵ ਨਹੀਂ ਹੈ ਸਗੋਂ ਆਪਣੀ ਮੱਤ ਤਿਆਗ ਕੇ, ਗੁਰੂ ਦੀ ਮੱਤ ਅਨੁਸਾਰ ਜੀਉਣ ਅਤੇ ਗੁਰੂ ਜੀ ਦਾ ਹਰ ਹੁਕਮ ਮੰਨਣ ਤੋਂ ਹੈ।

ਜੀਵਤ ਮਰਹੁ ਮਰਹੁ ਫੁਨਿ ਜੀਵਹੁ ਪੁਨਰਪਿ ਜਨਮੁ ਨ ਹੋਈ ॥ (ਗਗਸ 1103/19)

ਜੀਵਤੁ ਮਰੈ ਤਾ ਮੁਕਤਿ ਪਾਏ ਸਚੈ ਨਾਇ ਸਮਾਇਆ ॥੧੪॥ (ਗਗਸ 1067/19)

ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥ (ਗਗਸ 730)

ਕਿਸੇ ਨੂੰ ਜਾਨੋ ਮਾਰ ਕੇ ਜੀਉਂਦਾ ਕਰਨਾ ਨਾਟਕ ਚੇਟਕ ਅਤੇ ਕਰਾਮਾਤ ਹੈ। ਨਹੀਂ?

ਸਿੱਖ ਇਤਿਹਾਸ ਵਿੱਚੋਂ ਦੋ ਘਟਨਾਵਾਂ ਹੇਠਾਂ ਦਿੱਤੀਆਂ ਜਾਂਦੀਆਂ ਹਨ:-

1.) ਬਾਬਾ ਅਟੱਲ ਜੀ ਨੇ ਕਰਾਮਤ ਨਾਲ਼ ਆਪਣੇ ਸਾਥੀ ਮੋਹਨ ਨੂੰ ਮਰੇ ਹੋਏ ਨੂੰ ਜੀਉਂਦਾ ਕਰ ਦਿੱਤਾ ਸੀ ਤੇ ਪਿਤਾ ਗੁਰੂ ਧੰਨੁ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਨੂੰ ਚੰਗਾ ਨਹੀਂ ਸੀ ਸਮਝਿਆ। ਪਿਤਾ ਗੁਰੂ ਜੀ ਦਾ ਇਹ ਰੁਖ ਦੇਖ ਕੇ ਬਾਬਾ ਅਟੱਲ ਜੀ ਨੇ 9 ਸਾਲ ਦੀ ਉਮਰ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ ਸਨ ਤੇ ਇਹ ਉਨ੍ਹਾਂ ਵਲੋਂ ਕੀਤੀ ਇੱਕ ਹੋਰ ਕਰਾਮਾਤ ਸੀ।

2.) ਬਾਬਾ ਗੁਰਦਿੱਤਾ ਜੀ ਤੋਂ ਕਿਸੇ ਗ਼ਰੀਬ ਦੀ ਇੱਕ ਗਊ ਗੋਲ਼ੀ ਚਲਾਉਣ ਸਮੇਂ ਅਚਾਨਕ ਗੋਲ਼ੀ ਲੱਗਣ ਨਾਲ਼ ਮਰ ਗਈ ਸੀ। ਗ਼ਰੀਬ ਪਰਵਾਰ ਦੇ ਵਿਰਲਾਪ ਸੁਣ ਕੇ ਬਾਬਾ ਜੀ ਨੇ ਗਊ ਜੀਉਂਦੀ ਕਰ ਦਿੱਤੀ ਸੀ। ਪਿਤਾ ਗੁਰੂ ਜੀ ਨੂੰ ਪਤਾ ਲੱਗਾ ਤੇ ਉਨ੍ਹਾਂ ਨੇ ਚੰਗਾ ਨਹੀਂ ਸੀ ਮੰਨਿਆਂ। ਬਾਬਾ ਗੁਰਦਿੱਤਾ ਜੀ ਨੇ ਦੇਖਿਆ ਕਿ ਪਿਤਾ ਗੁਰ ਜੀ ਨਾਰਾਜ਼ ਹਨ ਤਾਂ ਉਨ੍ਹਾਂ ਨੇ ਵੀ ਸ਼ਰੀਰ ਤਿਆਗ ਦਿੱਤਾ ਸੀ ਭਾਵੇ ਉਨ੍ਹਾਂ ਤੋਂ ਇਹ ਦੂਜੀ ਕਰਾਮਾਤ ਹੋ ਗਈ ਸੀ। ਮਰਜ਼ੀ ਨਾਲ਼ ਸ਼ਰੀਰ ਤਿਆਗਣਾ ਵੀ ਕਰਾਮਾਤ ਹੀ ਤਾਂ ਹੈ। ਕਰਾਮਾਤਾਂ ਦਿਖਾਉਣੀਆਂ ਗੁਰੂ ਜੀ ਨੂੰ ਪਸੰਦ ਨਹੀਂ ਆਈਆਂ।

ਦਸਵੇਂ ਗੁਰੂ ਜੀ ਦਾ ਪਰਵਾਰ ਤਾਂ ਖੇਰੂੰ-ਖੇਰੂੰ ਹੋ ਗਿਆ, ਪਰ ਸਰਸਾ ਨਦੀ ਦਾ ਪਾਣੀ ਘਟਾਉਣ ਜਾਂ ਉੱਡ ਕੇ ਲੰਘ ਜਾਣ ਦੀ ਕੋਈ ਕਰਾਮਾਤ ਨਹੀਂ ਸੀ ਕੀਤੀ। ਛੋਟੇ ਸਾਹਬਜ਼ਾਦੇ ਵਜ਼ੀਰ ਖਾਂ ਦੇ ਹੁਕਮ ਨਾਲ਼ ਅਕਾਰਥ ਹੀ ਨੀਹਾਂ ਵਿੱਚ ਚੁਣੇ ਜਾ ਰਹੇ ਸਨ, ਪਰ ਗੁਰੂ ਜੀ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਈ ਕਰਾਮਾਤ ਨਹੀਂ ਕੀਤੀ। ਕਰਾਮਾਤ ਰਾਹੀਂ ਗੁਰੂ ਜੀ ਚਮਕੌਰ ਦੀ ਗੜ੍ਹੀ ਵਿੱਚੋਂ ਉੱਡ ਕੇ ਨਹੀਂ ਗਏ, ਸਗੋਂ ਵਿਰੋਧੀ ਫ਼ੌਜਾਂ ਦਾ ਦਲ ਚੀਰ ਕੇ ਜੰਗ ਕਰਦਿਆਂ ਲੰਘੇ ਸਨ। ਧੰਨੁ ਗੁਰੂ ਨਾਨਕ ਸਾਹਿਬ ਪਾਤਿਸ਼ਾਹ ਜੀ ਨੂੰ ਸਿੱਧਾਂ ਨੇ ਕਰਾਮਾਤ ਦਿਖਾਉਣ ਲਈ ਕਿਹਾ ਸੀ, ਪਰ ਗੁਰੂ ਜੀ ਨੇ ਐਸਾ ਨਹੀਂ ਕੀਤਾ ਸੀ ਭਾਵੇਂ ਸਿੱਧਾਂ ਨੇ ਕਈ ਕਰਾਮਾਤਾਂ ਦਿਖਾ ਕੇ ਗੁਰੂ ਜੀ ਨੂੰ ਪ੍ਰਭਾਵਤ ਕਰਨ ਦੀ ਨਾਕਾਮ ਕੋਸ਼ਿਸ਼ ਵੀ ਕੀਤੀ ਸੀ।

ਵੈਸਾਖੀ ਦੀ ਘਟਨਾ ਦੇ ਵੇਰਵੇ ਸਮਕਾਲੀ ਪੁਰਾਤਨ ਲਿਖਤਾਂ ਵਿੱਚੋਂ:

1.) ਗੁਰ ਸੋਭਾ ਕ੍ਰਿਤ ਕਵੀ ਸ਼ੈਨਾਪਤੀ (ਅੰਮ੍ਰਿਤ ਛੱਕ ਕੇ ਸੈਨਾ ਸਿੰਘ):
ਦਸਵੇਂ ਪਾਤਿਸ਼ਾਹ ਜੀ ਦਾ ਸਮਕਾਲੀ ਕਵੀ ਸੈਨਾਪਤੀ ਹੋਇਆ ਹੈ ਜੋ ਅੰਮ੍ਰਿਤ ਛਕ ਕੇ ਸੈਨਾ ਸਿੰਘ ਬਣ ਗਿਆ ਸੀ। ਗੁਰ ਸ਼ੋਭਾ ਉਸ ਦੀ ਲਿਖੀ ਪੁਸਤਕ ਹੈ। ਇਹ ਪੁਸਤਕ ਸੰਨ 1711 (ਦਸਵੇਂ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ 3 ਸਾਲ ਬਾਅਦ) ਵਿੱਚ ਸੰਪੂਰਨ ਕੀਤੀ ਗਈ ਸੀ ਅਤੇ ਇਸ ਪੁਸਤਕ ਦੀ ਸੰਪਾਦਨਾ ਡਾਕਟਰ ਗੰਡਾ ਸਿੰਘ ਨੇ ਕੀਤੀ ਹੈ ਜੋ ਈ-ਬੁੱਕ ਵਜੋਂ ਉਪਲਬਧ ਹੈ। ਇਸ ਕਵੀ ਨੇ ਸਾਰੇ ਦ੍ਰਿਸ਼ਾਂ ਨੂੰ ਅੱਖੀ ਜ਼ਰੂਰ ਤੱਕਿਆ ਹੋਵੇਗਾ ਜਾਂ ਕੰਨੀਂ ਸੁਣਿਆਂ ਹੋਵੇਗਾ।

ਗੁਰ ਸ਼ੋਭਾ ਪੁਸਤਕ ਵਿੱਚ ਬੱਕਰੇ ਵੱਢਣ ਜਾਂ ਸ਼ੀਸ਼ ਧੜੋਂ ਜੁਦਾ ਕਰਨ ਦਾ ਕੋਈ ਜ਼ਿਕਰ ਨਹੀਂ:

ਅੱਖੀਂ ਦੇਖੇ ਹਾਲਾਤ ਲਿਖਣ ਵਾਲ਼ੇ ਕਵੀ ਸੈਨਾਪਤੀ ਨੇ ਵੈਸਾਖੀ ਸੰਨ 1699 ਵਾਲ਼ੀ ਘਟਨਾ ਲਿਖਣ ਸਮੇਂ ਗੁਰੂ ਜੀ ਵਲੋਂ ਕਿਸੇ ਬੱਕਰੇ ਵੱਢਣ ਜਾਂ ਸ਼ੀਸ਼ ਧੜ ਨਾਲੋਂ ਜੁਦਾ ਕਰਨ ਦੀ ਕੋਈ ਘਟਨਾ ਦਾ ਜ਼ਿਕਰ ਨਹੀਂ ਕੀਤਾ। ਇਸ ਤੋਂ ਵੱਡੀ ਹੋਰ ਕੀ ਉਗਾਹੀ ਹੋ ਸਕਦੀ ਹੈ। ਕਵੀ ਸੈਨਾਪਤੀ ਗੁਰੂ ਜੀ ਦੇ ਦਰਬਾਰੀ ਕਵੀਆਂ ਵਿੱਚ ਸ਼ਾਮਲ ਸੀ। ਕਵੀ ਸੈਨਾਪਤੀ ਖਾਲਸਾ ਸਾਜਣ ਦੀ ਘਟਨਾ ਸੰਬੰਧੀ ਲਿਖਦਾ ਹੈ:-

ਚੇਤ ਮਾਸ ਬੀਤਿਓ ਸਕਲ ਮੇਲ ਭਯੋ ਅਪਾਰ।
ਬੈਸਾਖੀ ਕੈ ਦਰਸ ਪੈ ਸਤਿਗੁਰ ਕ੍ਰੀਯੋ ਬਿਚਾਰ॥
(5:2॥118)।
ਸੰਗਤ ਦਰਸਨ ਕਰਤੁ ਸਬ ਨਗਰ ਬਿਸਥਾਰ।
ਹੂਐ ਦਇਆਲ ਦਰਸਨ ਦੀਯੋ ਕਰਨਹਾਰ ਕਰਤਾਰ॥
(3॥119)
ਗੋਬਿੰਦ ਸਿੰਘ ਕਰੀ ਖੁਸੀ ਸੰਗਤਿ ਕਰੀ ਨਿਹਾਲ।
ਕੀਓ ਪ੍ਰਗਟ ਤਬ ਖਾਲਸਾ ਚੁਕਿਓ ਸਗਲ ਜੰਜਾਲ॥
4॥120॥
ਸਬ ਸਮੂਹ ਸੰਗਤਿ ਮਿਲੀ ਸੁਭ ਸਤਿਲੁਦ੍ਰ ਕੇ ਤੀਰ।
ਕੇਤਕ ਸੁਨ ਭਏ ਖਾਲਸਾ ਕੇਤਕ ਭਏ ਅਧੀਰ॥
5॥121॥

ਕਵੀ ਸੈਨਾਪਤੀ ਅਨੁਸਾਰ ਖ਼ਾਲਸਾ ਸਾਜ ਕੇ ਮੁੱਖ ਤੌਰ ਤੇ ਮਸੰਦਾਂ ਦੀ ਵਿਚੋਲਗਿਰੀ ਖ਼ਤਮ ਕੀਤੀ ਗਈ ਸੀ, ਜਿਵੇਂ:-

ਤਜ ਮਸੰਦ ਪ੍ਰਭ ਏਕ ਜਪ ਯਹ ਬਿਬੇਕ ਤਹਾਂ ਕੀਨ।
ਸਤਿਗੁਰ ਸੋ ਸੇਵਕ ਮਿਲੇ ਨੀਰ ਮਹਿ ਜੋ ਮੀਨ॥
6॥122॥
ਕਰਨਹਾਰ ਕਰਤਾਰ ਹੁਕਮ ਕਰਤੇ ਕੀਆ।
ਕਰ ਮਸੰਦ ਸਭਿ ਦੂਰ ਖਾਲਸਾ ਕਰ ਲੀਆ॥
32॥148॥
ਸਿਮਰਤ ਨਾਮ ਪੁਨੀਤ ਟੂਟਤ ਫੰਦ ਹੈ।
ਭਏ ਖਾਲਸਾ ਸੋਇ ਛੋੜਿ ਮਸੰਦ ਹੈ॥
46॥162॥

ਪਾਹੁਲ ਖੰਡੇ ਦੀ ਛਕਾਈ ਗਈ:

ਖੰਡੇ ਕੀ ਪਾਹਿਲ ਦਈ ਕਰਨਹਾਰ ਪ੍ਰਭ ਸੋਈ।
ਕੀਉ ਦਸੋਂ ਦਿਸ ਖਾਲਸਾ ਤਾਂ ਬਿਨ ਅਵਰ ਨਾ ਕੋਈ॥
33॥149॥

2.) ਕੁਲਿਆਤ ਕ੍ਰਿਤ ਭਾਈ ਨੰਦ ਲਾਲ ਸਿੰਘ: ਸ. ਸ਼ਮਸ਼ੇਰ ਸਿੰਘ ਅਸ਼ੋਕ ਦੀ ਗੁਰਬਿਲਾਸ ਪ: 10 ਕ੍ਰਿਤ ਕਵੀ ਕੁਇਰ ਸਿੰਘ ਦੀ ਕੀਤੀ ਸੰਪਾਦਨਾ ਦੀ ਭੂਮਿਕਾ ਵਿੱਚ ਡਾਕਟਰ ਫ਼ੌਜਾ ਸਿੰਘ ਨੇ ਲਿਖਿਆ ਹੈ ਕਿ ਭਾਈ ਨੰਦ ਲਾਲ ਸਿੰਘ ਵਲੋਂ ਸ਼ੀਸ਼ ਧੜੋਂ ਜੁਦਾ ਕਰਨ ਦੀ ਨਾਟਕੀ ਘਟਨਾ ਜਾਂ ਲਹੂ-ਭਿੱਜੀ ਤਲਵਾਰ ਜਾਂ ਬੱਕਰੇ ਵੱਢਣ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।

3.) ਸ਼ਹੀਦ ਬਿਲਾਸ ਕ੍ਰਿਤ ਭਾਈ ਸੇਵਾ ਸਿੰਘ: ਦਸਵੇਂ ਗੁਰੂ ਜੀ ਦੇ ਸਮੇਂ ਲਿਖੀਆਂ ਭੱਟ ਵਹੀਆਂ ਦੇ ਆਧਾਰ ਤੇ ਭਾਈ ਸੇਵਾ ਸਿੰਘ ਨੇ ਸ਼ਹੀਦ ਬਿਲਾਸ ਨਾਂ ਦੀ ਪੁਸਤਕ ਵਿੱਚ ਸ਼ੀਸ਼ ਮੰਗਣ ਜਾਂ ਧੜ ਤੋਂ ਜੁਦਾ ਕਰਨ ਜਾਂ ਖ਼ੂਨ ਭਿੱਜੀ ਤਲਵਾਰ ਆਦਿਕ ਦਾ ਕੋਈ ਜ਼ਿਕਰ ਨਹੀਂ ਕੀਤਾ। ਖੰਡੇ ਦੇ ਅੰਮ੍ਰਿਤ ਦਾ ਜ਼ਿਕਰ ਹੈ। ਡਾਕਟਰ ਫ਼ੌਜਾ ਸਿੰਘ ਨੇ ਸ. ਸ਼ਮਸ਼ੇਰ ਸਿੰਘ ਅਸ਼ੋਕ ਦੁਆਰਾ ਸੰਪਾਦਿਤ ਕੁਇਰ ਸਿੰਘ ਦੀ ਲਿਖੀ ਪੁਸਤਕ ਗੁਰ ਬਿਲਾਸ ਪਾ: 10 ਦੀ ਭੂਮਿਕਾ ਲਿਖਦਿਆਂ ਇਹ ਤੱਥ ਬਿਆਨ ਕੀਤਾ ਹੈ।

4.) ਪ੍ਰੇਮ ਸੁਮਾਰਗ ਗ੍ਰੰਥ: 18ਵੀਂ ਸਦੀ ਦੇ ਪਿਛਲੇ ਅੱਧ ਵਿੱਚ ਲਿਖਿਆ ਮੰਨਿਆਂ ਗਿਆ। ਇੱਸ ਵਿੱਚ ਸ਼ੀਸ਼ ਮੰਗਣ, ਖ਼ੂਨ ਭਿੱਜੀ ਤਲਵਾਰ, ਬੱਕਰੇ ਵੱਢਣ ਅਤੇ ਸ਼ੀਸ਼ ਧੜੋਂ ਜੁਦਾ ਕਰਨ ਦੀ ਕਿਸੇ ਨਾਟਕੀ ਘਟਨਾ ਦਾ ਜ਼ਿਕਰ ਨਹੀਂ ਹੈ। ਖੰਡੇ ਦੇ ਅੰਮ੍ਰਿਤ ਦਾ ਜ਼ਿਕਰ ਹੈ। ਇਹ ਤੱਥ ਸ. ਸ਼ਮਸ਼ੇਰ ਸਿੰਘ ਅਸ਼ੋਕ ਦੀ ਕੀਤੀ ਗੁਰ ਬਿਲਾਸ ਪਾ: 10 ਕ੍ਰਿਤ ਕੁਇਰ ਸਿੰਘ ਦੀ ਸੰਪਾਦਨਾ ਦੀ ਭੂਮਿਕਾ ਵਿੱਚ ਡਾਕਟਰ ਫ਼ੌਜਾ ਸਿੰਘ ਨੇ ਲਿਖਿਆ ਹੈ।

ਖ਼ੂਨ-ਭਿੱਜੀ ਤਲਵਾਰ ਦਾ ਜ਼ਿਕਰ ਸੱਭ ਤੋਂ ਪਹਿਲਾਂ ਇੱਕ ਸਨਾਤਨਵਾਦੀ ਕਵੀ ਨੇ ਦਸਵੇਂ ਪਾਤਿਸ਼ਾਹ ਜੀ ਦੇ ਜੋਤੀ ਜੋਤਿ ਸਮਾਉਣ ਤੋਂ 43 ਸਾਲ ਬਾਅਦ ਕੀਤਾ!

ਕਵੀ ਕੁਇਰ ਸਿੰਘ ਦਾ ਗੁਰ ਬਿਲਾਸ ਪਾ:10:

ਕੀਤੀ ਵਿਚਾਰ ਵਿੱਚ ਦੇਖ ਚੁੱਕੇ ਹਾਂ ਕਿ ਗੁਰੂ ਜੀ ਦੇ ਸਮਕਾਲੀ ਕਵੀਆਂ ਨੇ ਖ਼ਾਲਸਾ ਸਾਜਣ ਸਮੇਂ ਕਿਸੇ ਨਾਟਕੀ ਘਟਨਾ ਦਾ ਜ਼ਿਕਰ ਨਹੀਂ ਕੀਤਾ । ਖ਼ੂਨ-ਭਿੱਜੀ ਤਲਵਾਰ ਦਾ ਸੱਭ ਤੋਂ ਪਹਿਲਾਂ ਜ਼ਿਕਰ ਕਰਨ ਵਾਲ਼ਾ ਸਹਜਧਾਰੀ, ਨਾਮ-ਧ੍ਰੀਕ ਅਤੇ ਵੈਸ਼ਨੋ ਮੱਤ ਦਾ ਕਵੀ ਕੁਇਰ ਸਿੰਘ ਸੀ ਜਿਸ ਨੇ ਆਪਣੇ ਨਾਂ ਬਿਸ਼ਨ ਹਰਿ ਅਤੇ ਕੰਤ ਹਰਿ ਵੀ ਦੱਸੇ ਹਨ। ਕਵੀ ਕਿਥੋਂ ਦਾ ਵਾਸੀ ਸੀ, ਇਸ ਬਾਰੇ ਕੋਈ ਜਾਣਕਾਰੀ ਪੁਸਤਕ ਵਿੱਚ ਨਹੀਂ ਹੈ। ਕੇਵਲ ਏਨਾ ਹੀ ਲਿਖਦਾ ਹੈ ਕਿ ਉਹ ਕੰਬੋਆਂ ਦੇ ਮੁਹੱਲੇ ਵਿੱਚ ਰਹਿੰਦਾ ਸੀ। ਗੁਰ ਬਿਲਾਸ ਪ: 10 ਪੁਸਤਕ ਲਿਖਣ ਦਾ ਕਾਲ਼ ਸੰਨ 1751 ( ਦਸਵੇਂ ਪਾਤਿਸ਼ਾਹ ਜੀ ਦੇ ਜੋਤੀ ਜੋਤਿ ਸਮਾਉਣ ਤੋਂ 43 ਸਾਲ ਬਾਅਦ) ਹੈ। ਉਸ ਨੇ ਲਿਖਿਆ ਹੈ ਕਿ ਗੁਰੂ ਜੀ ਨੇ ਪੰਜ ਵਾਰੀ ਸ਼ੀਸ਼ ਮੰਗੇ ਅਤੇ ਅਤੇ ਹਰ ਵਾਰੀ ਨਾਲ਼ ਲਾਏ ਕਈ ਤੰਬੂਆਂ ਵਿੱਚ ਸਿੱਖਾਂ ਨੂੰ ਲੈ ਜਾਂਦੇ, ਛੁਪਾ ਕੇ ਰੱਖਿਆ ਬੱਕਰਾ ਵੱਢਦੇ ਅਤੇ ਲਹੂ-ਭਿੱਜੀ ਤਲਵਾਰ ਨਾਲ਼ ਤੰਬੂਆਂ ਵਿੱਚੋਂ ਆ ਕੇ ਫਿਰ ਸ਼ੀਸ਼ ਦੀ ਮੰਗ ਕਰਦੇ। ਕਕਾਰਾਂ ਵਿੱਚ ਕਵੀ ਨੇ ਕੜੇ ਦਾ ਕਿਤੇ ਜ਼ਿਕਰ ਨਹੀਂ ਕੀਤਾ। ਬਾਣੀ ਦੀ ਥਾਂ ਲਿਖਿਆ ਹੈ ਕਿ ਉਦਾਸ ਹੋ ਕੇ ਗੁਰੂ ਜੀ ਵਲੋਂ ਮੰਤ੍ਰ ਉਚਾਰੇ ਗਏ। ਮੰਤ੍ਰਾਂ ਦਾ ਕੋਈ ਵੇਰਵਾ ਨਹੀਂ ਦਿੱਤਾ ਗਿਆ।

ਕਵੀ ਅਨੁਸਾਰ ਪੰਜ ਬੱਕਰੇ ਰਾਤ ਨੂੰ ਗੁਰੂ ਜੀ ਨੇ ਛੁਪਾ ਕੇ ਭਾਵ ਸੰਗਤ ਤੋਂ ਚੋਰੀਂ ਤੰਬੂਆਂ ਵਿੱਚ ਬੰਨ੍ਹ ਲਏ ਸਨ, ਜਿਵੇਂ-

ਤੰਬੂਆਂ ਦਾ ਜ਼ਿਕਰ: ਤੰਬੂ ਚਾਰ ਸੁ ਅਧਿਕ ਮੰਗਾਏ। ਭਿੰਨ ਭਿੰਨ ਕਰ ਤਹਾਂ ਲਟਾਏ।

ਬੱਕਰਿਆਂ ਦਾ ਜ਼ਿਕਰ: ਪਾਂਚ ਅਜਾ ਸੁਤ ਗੁਪਤ ਮੰਗਾਈ। ਤਾ ਮੈ ਦੀਨ ਨਿਸਾ ਬੰਧਵਾਈ।
ਅਜਾ ਸੁਤ- ਬੱਕਰੀ ਦੇ ਪੁੱਤਰ, ਬੱਕਰੇ। ਨਿਸਾ- ਸੰਸਕ੍ਰਿਤ ਵਿੱਚ ਨਿਸ਼ਿ ਅਰਥ ਰਾਤਿ। ਦੀਨ -ਦਿੱਤੇ।

ਬੱਕਰੇ ਵੱਢਣ ਦਾ ਜ਼ਿਕਰ: ਝਟਕਾ ਕਰਤ ਅਜਾਸੁਤ ਜਾਈ। ਰੁਧਿਰ ਨਿਵਾਹ ਚਲਯੋ ਤਬ ਧਾਈ। ਰੁਧਿਰ-ਖ਼ੂਨ। ਇਸੇ ਕਵੀ ਦੀ ਗ਼ਲਤ ਨਕਲ ਕਰ ਕੇ ਕਵੀ ਸੰਤੋਖ ਸਿੰਘ ਨੇ ਵੀ ਸੂਰਜ ਪ੍ਰਕਾਸ ਗ੍ਰੰਥ (ਲਿਖਣ ਨਾਲ਼ 1843) ਵਿੱਚ ਬੱਕਰੇ ਛੁਪਾ ਕੇ ਰੱਖਣ ਦੀ ਕਹਾਣੀ ਅੱਗੇ ਤੋਰੀ ਹੈ।

ਬਿਸ਼ਨ ਹਰਿ/ਕੁਇਰ ਸਿੰਘ ਦੁਆਰਾ ਨਾਟਕੀ ਘਟਨਾ ਪ੍ਰਤੀ ਕਈ ਸਵਾਲ ਖੜ੍ਹੇ ਹੁੰਦੇ ਹਨ। ਕੀ ਇਸ ਘਟਨਾ ਦੁਆਰਾ ਕਵੀ ਵਲੋਂ ਇਹ ਪ੍ਰਗਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਗੁਰੂ ਜੀ ਨੇ ਕੀਤਾ ਕੁੱਝ ਹੋਰ ਹੈ ਤੇ ਦਿਖਾਇਆ ਕੁੱਝ ਹੋਰ ਹੈ? ਕੀ ਇਸ ਦਾ ਇਹ ਅਰਥ ਨਹੀਂ ਕਿ ਗੁਰੂ ਜੀ ਨੇ ਸੰਗਤਾਂ ਨੂੰ ਧੋਖੇ ਵਿੱਚ ਰੱਖਿਆ ਤੇ ਪ੍ਰਗਟ ਕੀਤਾ ਕਿ ਸਿੱਖ ਦਾ ਸ਼ੀਸ਼ ਧੜੋਂ ਜੁਦਾ ਕਰ ਦਿੱਤਾ ਗਿਆ ਹੈ ਜਦੋਂ ਕਿ ਵੱਢਿਆ ਗਿਆ ਬੱਕਰਾ?

- ਕੀ ਗੁਰੂ ਜੀ ਨੇ ਬੱਕਰੇ ਸੰਗਤਾਂ ਤੋਂ ਚੋਰੀਂ ਤਾਂ ਰੱਖੇ ਸਨ, ਕਿ ਗੁਰੂ ਜੀ ਸੰਗਤਾਂ ਨੂੰ ਝੂਠਾ ਕੌਤਕ ਕਰ ਕੇ ਦਿਖਾ ਸਕਣ ਕਿ ਬੱਕਰੇ ਆਦਿਕ ਨਹੀਂ ਵੱਢੇ ਸਗੋਂ ਸਿੱਖਾਂ ਦੇ ਸ਼ੀਸ਼ ਧੜੋਂ ਜੁਦਾ ਕੀਤੇ ਹਨ?

- ਜੇ ਤੰਬੂਆਂ ਵਿੱਚੋਂ ਲਿਆ ਕੇ ਸਿੱਖਾਂ ਨੂੰ ਧੜਾਂ ਸਮੇਤ ਸੰਗਤਾਂ ਨੂੰ ਦਿਖਾਇਆ ਗਿਆ ਤਾਂ ਤਲਵਾਰ ਹਰ ਵਾਰੀ ਕਿੱਸ ਦੇ ਖ਼ੂਨ ਨਾਲ਼ ਭਿੱਜੀ ਹੁੰਦੀ ਸੀ ਕਿਉਂਕਿ ਕਵੀ ਅਨੁਸਾਰ ਸੰਗਤਾਂ ਨੂੰ ਬੱਕਰਿਆਂ ਦੇ ਤੰਬੂ ਵਿੱਚ ਹੋਣ ਦੀ ਤਾਂ ਬਿਲਕੁਲ ਜਾਣਕਾਰੀ ਨਹੀਂ ਸੀ?

- ਕੀ ਇਸ ਘਟਨਾਂ ਦੇ ਬਿਆਨ ਤੋਂ ਸੰਗਤਾਂ ਵਿੱਚ ਇਹ ਗੱਲ ਨਹੀਂ ਚੱਲ ਪਈ ਹੋਵੇਗੀ ਕਿ ਗੁਰੂ ਜੀ ਨੇ ਪਹਿਲਾਂ ਪੰਜਾਂ ਸਿੱਖਾਂ ਦੇ ਸ਼ੀਸ਼ ਧੜਾਂ ਤੋਂ ਅਲੱਗ ਕੀਤੇ ਤੇ ਫਿਰ ਕਰਾਮਾਤ ਰਾਹੀਂ ਜੋੜ ਦਿੱਤੇ ਤੇ ਰੂਹਾਂ ਫਿਰ ਸ਼ਰੀਰਾਂ ਵਿੱਚ ਪ੍ਰਵੇਸ਼ ਕਰ ਗਈਆਂ ਕਿਉਂਕਿ ਸੰਗਤਾਂ ਨੂੰ ਤਾਂ ਇਹੀ ਮਹਿਸੂਸ ਕਰਾਇਆ ਗਿਆ ਕਿ ਸ਼ੀਸ਼ ਹੀ ਧੜਾਂ ਤੋਂ ਵੱਖ ਕੀਤੇ ਹਨ ਬੱਕਰੇ ਨਹੀਂ ਵੱਢੇ?

- ਕੀ ਇਹ ਹੋ ਸਕਦਾ ਹੈ ਕਿ ਗੁਰੂ ਜੀ ਵੱਢਣ ਤਾਂ ਬੱਕਰੇ ਤੇ ਸੰਗਤਾਂ ਨੂੰ ਭੁਲੇਖਾ ਪਾਉਣ ਕਿ ਸਿੱਖਾਂ ਦੇ ਸ਼ੀਸ਼ ਧੜਾਂ ਨਾਲ਼ੋਂ ਵੱਖ ਕੀਤੇ ਹਨ? ਕੀ ਇਸ ਤਰਾਂ ਬੱਕਰਿਆਂ ਦੀ ਪਰਖ ਹੋਈ ਕਿ ਸਿੱਖਾਂ ਦੀ?

- ਕੀ ਤੰਬੂਆਂ ਵਿੱਚ ਬੰਨ੍ਹੇ ਬੱਕਰਿਆਂ ਦੀ ਕਿਸੇ ਨੇ ਕੋਈ ਆਵਾਜ਼ ਜਾਂ ਚੀਖ ਪੁਕਾਰ ਨਹੀਂ ਸੁਣੀ ਹੋਵੇਗੀ?

- ਕੀ ਸੰਗਤਾਂ ਨੂੰ ਇਹ ਸਮਝ ਨਹੀਂ ਆਈ ਕਿ ਜਦੋਂ ਤੰਬੂਆਂ ਵਿੱਚ ਕੋਈ ਬੈਠਾ ਹੀ ਨਹੀਂ ਤਾਂ ਤੰਬੂ ਕਾਹਦੇ ਵਾਸਤੇ ਲਗਾਏ ਹਨ?

- ਜੇ ਗੁਰੂ ਜੀ ਨੇ ਬੱਕਰੇ ਸੰਗਤਾਂ ਤੋਂ ਲੁਕਾ ਕੇ ਰੱਖੇ ਸਨ ਤਾਂ ਸੰਗਤਾਂ ਨੂੰ ਤੇ ਕਵੀ ਨੂੰ ਕਿੱਥੋਂ ਪਤਾ ਲੱਗਾ ਕਿ ਤੰਬੂਆਂ ਵਿੱਚ ਬੱਕਰੇ ਸਨ?

- ਜੇ ਤੰਬੂਆਂ ਨੂੰ ਉਤਾਰਨ ਤੋਂ ਪਿੱਛੋਂ ਵੀ ਬੱਕਰੇ ਵੱਢੇ ਪਏ ਦੇਖ ਕੇ ਸੰਗਤਾਂ ਨੂੰ ਪਤਾ ਲੱਗ ਜਾਂਦਾ ਕਿ ਗੁਰੂ ਜੀ ਨੇ ਸ਼ੀਸ਼ ਨਹੀਂ, ਬੱਕਰੇ ਹੀ ਵੱਢੇ ਸਨ ਤਾਂ ਸੰਗਤਾਂ ਦੀ ਗੁਰੂ ਜੀ ਪ੍ਰਤੀ ਸ਼ਰਧਾ ਨੂੰ ਠੇਸ ਨਹੀਂ ਪਹੁੰਚਣੀ ਸੀ?

ਫਿਰ ਲੋਕਾਂ ਨੂੰ ਬੱਕਰਿਆਂ ਦੇ ਵੱਢੇ ਜਾਣ ਵਾਰੇ ਕਿੱਸ ਨੇ ਦੱਸਿਆ? ਕਿਉਂਕਿ ਬੱਕਰੇ ਤਾਂ ਛੁਪਾ ਕੇ ਰੱਖੇ ਸਨ ਤਾਂ ਜੁ ਕਿਸੇ ਨੂੰ ਪਤਾ ਨਾ ਲੱਗੇ। ਕੀ ਕਈ ਤੰਬੂ ਤਾਂ ਲਾਏ ਸਨ ਕਿ ਪੰਜਾਂ ਸਿੱਖਾਂ ਨੂੰ ਵੀ ਪਤਾ ਨਾ ਲੱਗੇ ਕਿ ਬੱਕਰੇ ਵੱਢੇ ਜਾ ਰਹੇ ਸਨ?

- ਜੇ ਪੰਜਾਂ ਸਿੱਖਾਂ ਤੋਂ ਗੁਰੂ ਜੀ ਨੇ ਕੋਈ ਓਲ੍ਹਾਂ ਨਹੀਂ ਰੱਖਿਆ ਹੋਵੇਗਾ ਤਾਂ ਉਨ੍ਹਾਂ ਨੂੰ ਨਹੀਂ ਪਤਾ ਲੱਗਾ ਹੋਵੇਗਾ ਕਿ ਗੁਰੂ ਜੀ ਤਾਂ ਸ਼ੀਸ਼ ਦੀ ਮੰਗ ਕਰਦੇ ਸਨ ਤੇ ਵੱਢ ਦਿੱਤੇ ਬੱਕਰੇ?

- ਕੀ ਗੁਰੂ ਜੀ ਦੀ ਉੱਚੀ ਸੁੱਚੀ ਸ਼ਖ਼ਸੀਅਤ ਵਲੋਂ ਇਹ ਨਾਟਕ ਚੇਟਕ ਕਰਵਾਉਣਾ ਸਿੱਖੀ ਸਿਧਾਂਤਾਂ ਦੇ ਅਨੂਕੂਲ ਹੈ?

- ਕੀ ਬ੍ਰਾਹਮਣਵਾਦ ਵਲੋਂ ਅੰਮ੍ਰਿਤ ਸੰਚਾਰ ਦੀ ਪਿਆਰੀ ਜਿਹੀ ਘਟਨਾਂ ਨੂੰ ਅਤੀ ਡਰਾਉਣੀ ਅਤੇ ਭਿਆਨਕ ਨਹੀਂ ਬਣਾਇਆ ਗਿਆ?

- ਕੀ ਇਸ ਘਟਨਾ ਦੀ ਭਿਆਨਕਤਾ ਹੀ ਕਿਤੇ ਕਾਰਣ ਤਾਂ ਨਹੀਂ ਕਿ ਸਾਰੀ ਸਿੱਖ ਕੌਮ ਅਜੇ ਤਕ ਅੰਮ੍ਰਿਤਧਾਰੀ ਨਹੀਂ ਹੋ ਸਕੀ?

- ਅੰਮ੍ਰਿਤ ਛਕਾਉਣ ਸਮੇਂ ਸਿਰ ਮੰਗਣ ਤੇ ਬੱਕਰੇ ਵੱਢਣ ਦੀ ਕਿਰਿਆ ਨੂੰ ਬਾਅਦ ਵਿੱਚ ਅੰਮ੍ਰਿਤ ਛਕਣ ਵਾਲ਼ੇ ਸਿੱਖਾਂ ਉੱਤੇ ਕਿਉਂ ਨਹੀਂ ਦੁਹਰਾਇਆ ਗਿਆ?

- ਕੀ ਪੰਜਾਂ ਸਿੱਖਾਂ ਦੀ ਸਿੱਖੀ ਦੀ ਪਰਖ ਨਾਲ਼ ਪੰਡਾਲ ਵਿੱਚ ਬੈਠੇ ਜਾਂ ਦੇਸ਼ ਵਿੱਚ ਵਸਦੇ ਬਾਕੀ ਸਾਰੇ ਸਿੱਖਾਂ ਦੀ ਸਿੱਖੀ ਦੀ ਵੀ ਪਰਖ ਮੁਕੰਮਲ ਹੋ ਗਈ ਸੀ?

- ਧੰਨੁ ਗੁਰੂ ਨਾਨਕ ਸਾਹਿਬ ਪਾਤਿਸ਼ਾਹ ਤੋਂ ਗੁਰੂ ਗੋਬਿੰਦ ਰਾਇ ਪਾਤਿਸ਼ਾਹ ਜੀ ਤਕ ਕੀ ਸਿੱਖ ਆਪਣਾ ਸ਼ੀਸ਼ ਭੇਟ ਕਰ ਕੇ ਹੀ ਅੰਮ੍ਰਿਤ ਨਹੀਂ ਛਕਦੇ ਸਨ?

ਸ਼ੀਸ਼ ਭੇਟ ਕਰਨ ਤੋਂ ਬਿਨਾਂ ਤਾਂ ਕਿਸੇ ਵੀ ਗੁਰੂ ਪਾਤਿਸ਼ਾਹ ਤੋਂ ਅੰਮ੍ਰਿਤ ਛਕਿਆ ਹੀ ਨਹੀਂ ਜਾ ਸਕਦਾ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸ਼ਵੱਟੀ ੳੇੱਤੇ ਤਾਂ ਹਰ ਸਿੱਖ ਦੀ ਸਿੱਖੀ ਦੀ ਪਰਖ ਖਿਨ ਖਿਨ ਹੋ ਰਹੀ ਹੈ ਕਿਉਂਕਿ ਪੰਜ ਮਹਾਂਬਲੀ ਇੱਸ ਨੂੰ ਹਰ ਸਮੇਂ ਆਪਣੀ ਮਾਰ ਹੇਠ ਲਿਆਉਣ ਲਾਈ ਹਮੇਸ਼ਾ ਤਤਪਰ ਰਹਿੰਦੇ ਹਨ ਅਤੇ ਆਪਣੇ ਗੁੱਝੇ ਵਾਰ ਕਰਦੇ ਤਾੜੀ ਲਾਈ ਦੇਖਦੇ ਰਹਿੰਦੇ ਹਨ ਕਿ ਸਿੱਖ ਬਚ ਜਾਂਦਾ ਹੈ ਕਿ ਕਾਬੂ ਆ ਜਾਂਦਾ ਹੈ।

ਕਵੀ ਕੁਇਰ ਸਿੰਘ ਵਲੋਂ ਕੀਤੀਆਂ ਗ਼ਲਤ ਬਿਆਨੀਆਂ:

ਡਾਕਟਰ ਫ਼ੌਜਾ ਸਿੰਘ ਨੇ ਲਿਖਿਆ ਹੈ ਕਿ ਕਵੀ ਨੇ ਬਹੁਤ ਸਾਰੀਆਂ ਇਤਿਹਾਸਕ ਤਰੀਕਾਂ ਗ਼ਲਤ ਦਿੱਤੀਆਂ ਹਨ। ਖ਼ਾਲਸਾ ਸਾਜਣ ਦਾ ਸਾਲ ਸੰਨ 1689 ਦਿੱਤਾ ਹੈ, ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਦਾ ਸਾਲ ਸੰਨ 1709 ਲਿਖਿਆ ਹੈ, ਭੰਗਾਣੀ ਅਤੇ ਨਦੌਣ ਦੇ ਜੰਗਾਂ ਦੀਆਂ ਤਰੀਕਾਂ ਗ਼ਲਤ ਦਿੱਤੀਆਂ ਹਨ। ਪੁਸਤਕ ਦੇ ਅੱਠਵੇਂ ਅਧਿਆਇ ਵਿੱਚ ਗੁਰੂ ਜੀ ਵਲੋਂ ਦੁਰਗਾ ਦੇਵੀ ਦੀ ਪੂਜਾ ਕਰਵਾ ਕੇ ਦੇਵੀ ਤੋਂ ਖ਼ਾਲਸਾ ਸਾਜਣ ਦਾ ਵਰ ਮੰਗਿਆ ਗਿਆ ਲਿਖਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕੁਇਰ ਸਿੰਘ ਨੂੰ ਗੁਰਮੱਤ ਵਿਚਾਰਧਾਰਾ ਦਾ ਰੱਤੀ ਜਿੰਨਾਂ ਵੀ ਬੋਧ ਨਹੀਂ ਸੀ ਤੇ ਉਹ ਸਨਾਤਨਵਾਦੀ ਕਵੀ ਸੀ। ਸਾਰਾ ਅੱਠਵਾਂ ਅਧਿਆਇ ਕਵੀ ਨੇ ਗੁਰੂ ਜੀ ਵਲੋਂ ਗੰਗਾ {ਗੰਗਾ ਕਿੱਥੇ ਤੇ ਅਨੰਦਪੁਰ ਸਾਹਿਬ ਕਿੱਥੇ!) ਦੇ ਕਿਨਾਰੇ ਦੁਰਗਾ ਦੇਵੀ ਦੀ ਕੀਤੀ ਪੂਜਾ ਲਈ ਲਾ ਦਿੱਤਾ ਹੈ ਤੇ ਇਸੇ ਕਵੀ ਦੀ ਨਕਲ ਕਰ ਕੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਅਣਗੌਲ਼ਿਆ ਕਰ ਕੇ ਸੁੱਖਾ ਸਿੰਘ ਨੇ ਆਪਣੇ ਲਿਖੇ ਗੁਰਬਿਲਾਸ ਪਾ: 10 ਵਿੱਚ , ਕਵੀ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਵਿੱਚ, ਬਾਬਾ ਸੁਮੇਰ ਸਿੰਘ ਨੇ ਆਪਣੇ ਲਿਖੇ ਗੁਰ ਬਿਲਾਸ ਪਾ: 10 ਵਿੱਚ, ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ ਦਸਵੇਂ ਗੁਰੂ ਜੀ ਤੋਂ ਦੁਰਗਾ ਦੇਵੀ ਦੀ ਪੂਜਾ ਕਰਵਾਈ ਹੈ; ਭਾਵੇਂ ਬਿਆਨ ਕਰਨ ਦਾ ਢੰਗ ਹਰ ਇੱਕ ਦਾ ਵੱਖ-ਵੱਖ ਹੈ।

ਕਵੀ ਕੁਇਰ ਸਿੰਘ ਲਿਖਦਾ ਹੈ-

ਬਰੰ ਬਰੂਹ ਕਹਯੋ ਦੇਵੀ ਯਾ ਤਬ ਹੀ ਗੁਰ ਹੋਈ ਗਦਾ ਗਦ ਵਾਕ ਅਲਾਏ।ਦਾਨ ਦਿਜੈ ਜਗ ਮਾਤ! ਇਹੈ ਜਿਮ ਖਾਲਸਾ ਪੰਥ ਕਰੋਂ ਸੁਖ ਪਾਏ। (ਅੱਠਵਾਂ ਅਧਿਆਇ ਪੰਨਾਂ 101-2)।

ਕੁਇਰ ਸਿੰਘ ਵੈਸ਼ਨੋ ਹਿੰਦੂ ਬਿਸ਼ਨ ਹਰਿ ਜਾਂ ਕੰਤ ਹਰਿ ਸੀ ਜਿਸ ਨੇ ਆਪਣੇ ਆਪ ਨੂੰ ਕੁਇਰ ਸਿੰਘ ਲਿਖਿਆ ਤੇ ਇਸੇ ਨੇ ਹੀ ਗੁਰਦਾਸ ਸਿੰਘ ਨਾਂ ਹੇਠ ਇੱਕ ਵਾਰ ਲਿਖੀ ਸੀ ਜੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ਼ ਹੀ ਬ੍ਰਾਹਮਣ ਵਾਦੀ ਪ੍ਰਭਾਵ ਹੇਠ ਦਰਜ ਕੀਤੀ ਜਾ ਚੁੱਕੀ ਹੈ ਤਾਂ ਜੁ ਭਾਈ ਗੁਰਦਾਸ ਜੀ ਦੀ ਵਾਰ ਹੀ ਜਾਪੇ।

ਕੁਇਰ ਸਿੰਘ ਨੇ ਦੁਸ਼ਟ ਕਿਨ੍ਹਾਂ ਨੂੰ ਕਿਹਾ? ਗੁਰਬਿਲਾਸ ਵਿੱਚ ਥਾਂ ਥਾਂ ਉੱਤੇ ਕਵੀ ਨੇ ਤੁਰਕਾਂ ਲਈ ਦੁਸ਼ਟ ਸ਼ਬਦ ਦੀ ਵਰਤੋਂ ਕੀਤੀ ਹੈ। ਗੁਰੂ ਜੀ ਵਲੋਂ ਸਾਹਿਬਜ਼ਾਦਿਆਂ ਪ੍ਰਤੀ ਵੀ ਕਹਾਇਆ ਗਿਆ ਹੈ ਕਿ ਉਹ ਤੁਰਕ ਦੁਸ਼ਟਾਂ ਨੂੰ ਮਾਰਨ ਲਈ ਹੀ ਜਨਮੇ ਸਨ। ਕਵੀ ਨੇ ਆਪਣੀ ਇਸ ਭਾਵਨਾ ਦਾ ਪ੍ਰਗਟਾਵਾ ਗੁਰਦਾਸ ਸਿੰਘ ਦੇ ਨਾਂ ਤੇ ਲਿਖੀ ਵਾਰ ਵਿੱਚ ਵੀ ਕੀਤਾ ਹੈ, ਜਿਵੇਂ- ਤੁਰਕ ਦੁਸਟ ਸਭਿ ਛੈ ਕੀਏ ਹਰਿ ਨਾਮ ਉਚਾਰਾ॥ ਇਸ ਕਵੀ ਨੇ ਸਿੱਖਾਂ ਨੂੰ ਭਗਉਤੀ ਦਾ ਪਾਠ ਵੀ ਪੜ੍ਹਾ ਛੱਡਿਆ ਹੈ, ਜਿਵੇਂ-

ਯਹ ਵਾਰ ਭਗਉਤੀ ਜੋ ਪੜ੍ਹੈ ਅਮਰਾ ਪਦ ਪਾਏ॥

ਦਸਵੇਂ ਗੁਰੂ ਪਾਤਿਸ਼ਾਹ ਜੀ ਵਲੋਂ ਖ਼ਾਲਸਾ ਸਾਜਣ ਤੋਂ ਪਹਿਲਾਂ ਇਸ ਵਾਰ ਵਿੱਚ ਫਿਰ ਕਵੀ ਨੇ ਕਾਲਕਾ (ਦੁਰਗਾ ਦੇਵੀ ਦਾ ਹੀ ਨਾਂ ਹੈ) ਦੀ ਪੂਜਾ ਕਰਵਾਈ ਹੈ, ਜਿਵੇਂ-

ਗੁਰੁ ਦਾਸ ਮਨਾਈ ਕਾਲਕਾ ਖੰਡੇ ਕੀ ਵੇਲਾ॥

ਕਵੀ ਬਿਸ਼ਨ ਹਰਿ/ਕੁਇਰ ਸਿੰਘ ਦੀ ਸਨਾਤਨਵਾਦੀ ਨੀਅਤ ਉੱਪਰ ਕੋਈ ਸ਼ੱਕ ਨਹੀਂ ਰਹਿ ਜਾਂਦਾ।

ਸਿੱਟਾ:

- ਸੋਚਣ ਦੀ ਲੋੜ ਹੈ ਕਿ ਗੁਰੂ ਦਸਵੇਂ ਪਾਤਿਸ਼ਾਹ ਜੀ ਦੇ ਸਮਕਾਲੀ ਕਵੀਆਂ ਦੀਆਂ ਲਿਖਤਾਂ ਖ਼ਾਲਸਾ ਸਾਜਣ ਦੀ ਘਟਨਾ ਵਾਰੇ ਸੱਚ ਬੋਲਦੀਆਂ ਹਨ ਕਿ 43 ਸਾਲ ਬਾਅਦ ਦੀਆਂ?

- ਕੀ ਸ਼ੀਸ਼ ਭੇਟ ਕਰਨ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤਾ ਸੰਕਲਪ ਮੰਨਣਯੋਗ ਨਹੀਂ ਹੈ?

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top