Share on Facebook

Main News Page

ਮਹਾਂਕਾਲ਼ ਦੇਵਤੇ ਅੱਗੇ ‘ਕਬਿਯੋ ਬਾਚ ਬੇਨਤੀ ਚੌਪਈ’ ਦੀ ਭਾਸ਼ਾ ਅਤੇ ਹੋਰ ਪੱਖਾਂ ਤੋਂ ਪਰਖ !
-: ਪ੍ਰੋ. ਕਸ਼ਮੀਰਾ ਸਿੰਘ USA

ਭਾਸ਼ਾ ਅਤੇ ਸ਼ੈਲੀ:
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੱਭ ਤੋਂ ਪੁਰਾਣੀ ਰਚਨਾ ਵਿੱਚ ਭਗਤ ਜੈ ਦੇਵ (ਚਲਾਣਾ ਸੰਨ 1273 ਈਸਵੀ- ਰਾਜਾ ਲਕਸ਼ਮਣਸੇਨ ਬੰਗਾਲ, ਰਾਜ-ਕਾਲ਼ ਸੰਨ 1172-1200 ਈਸਵੀ, ਭਗਤ ਜੈ ਦੇਵ ਜੀ ਦਾ ਚੇਲਾ ਬਣਿਆ ਸੀ- ਇਨਸਾਕਲੋਪੀਡੀਆ ਆਫ਼ ਸਿੱਖਿਜ਼ਮ ਕ੍ਰਿਤ ਸ. ਹਰਬੰਸ ਸਿੰਘ।) ਜੀ ਅਤੇ ਸ਼ੇਖ਼ ਫ਼ਰੀਦ (ਜੀਵਨ ਕਾਲ਼ ਸੰਨ 1173 ਤੋਂ 1266 ਈਸਵੀ) ਜੀ ਦੀ ਮੰਨੀ ਗਈ ਹੈ। ਭਗਤ ਜੈ ਦੇਵ ਜੀ, ਸ਼ੇਖ਼ ਫ਼ਰੀਦ ਜੀ ਅਤੇ ਹੋਰ ਹੋ ਚੁੱਕੇ ਅਤੇ ਸਮਕਾਲੀ ਭਗਤਾਂ ਦੀ ਬਾਣੀ ਧੰਨੁ ਗੁਰੂ ਨਾਨਕ ਸਾਹਿਬ ਪਾਤਿਸ਼ਾਹ ਜੀ ਨੇ ਆਪਣੇ ਪ੍ਰਚਾਰਕ ਦੌਰਿਆਂ ਸਮੇਂ ਆਪ ਉਤਾਰੇ ਕਰਕੇ ਲਿਆਂਦੀ ਸੀ, ਜੋ ਪੰਜਵੇਂ ਗੁਰੂ ਜੀ ਕੋਲ਼, ਪਹਿਲੇ ਚਾਰ ਗੁਰੂ ਪਾਤਿਸ਼ਾਹਾਂ, ਕੋਲ਼ ਹੁੰਦੀ ਹੋਈ ਪਹੁੰਚੀ ਸੀ। ਗੁਰੂ ਜੀ ਨੇ ਇਸ ਨੂੰ ਪੀਊ ਦਾਦੇ ਦਾ ਖ਼ਜ਼ਾਨਾ ਕਹਿ ਕੇ ਨਮਸਕਾਰ ਕੀਤੀ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੱਭ ਤੋਂ ਆਖ਼ਰੀ ਰਚਨਾ ਨੋਵੇਂ ਗੁਰੂ (ਸੰਨ 1621-1675 ਈਸਵੀ) ਧੰਨੁ ਸ਼੍ਰੀ ਗੁਰੂ ਤੇਗ਼ ਬਹਾਦੁਰ ਪਾਤਿਸ਼ਾਹ ਜੀ ਦੀ ਬਾਣੀ ਹੈ ਜਿਸ ਨੂੰ ਦਸਵੇਂ ਪਾਤਿਸ਼ਾਹ ਜੀ ਨੇ ਆਪ ਦਰਜ ਕਰਵਾਇਆ ਸੀ।

ਬਾਰ੍ਹਵੀਂ ਸਦੀ ਤੋਂ ਸਤਾਰ੍ਹਵੀਂ ਸਦੀ ਤਕ ਦੀ ਧੁਰ ਕੀ ਬਾਣੀ (ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰਨੇਂ 1429, ਕਿਉਂਕਿ ਰਾਗਮਾਲ਼ਾ ਧੁਰ ਕੀ ਬਾਣੀ ਨਹੀਂ ਹੈ। ਇਸ ਨੂੰ ਪੜ੍ਹਨ ਤੋਂ ਬਿਨਾਂ ਵੀ ਪਾਠ ਦੀ ਸੰਪੂਰਨਤਾ ਸਹੀ ਮੰਨੀ ਗਈ ਹੈ- ਪੜ੍ਹੋ ਰਹਿਤ ਮਰਯਾਦਾ ਵਿੱਚ ਮੱਦ ‘ਭੋਗ’।) ਨੂੰ ਪੜ੍ਹਨ ਲੱਗਿਆਂ ਭਾਸ਼ਾ ਪੱਖੋਂ ਕੋਈ ਓਪਰਾਪਨ ਨਹੀਂ ਜਾਪਦਾ। ਪੰਜ ਸਦੀਆਂ ਤਕ ਲਿਖੀ ਜਾਂਦੀ ਰਹੀ ਧੁਰ ਕੀ ਬਾਣੀ ਦੀ ਭਾਸ਼ਾ ਮੁੱਖ ਤੌਰ ਤੇ ਰਲ਼ਦੀ ਮਿਲ਼ਦੀ ਹੈ। ਭਗਤ ਜੈ ਦੇਵ ਜੀ ਦੀ ਬਾਣੀ (ਕੇਵਲ ਦੋ ਸ਼ਬਦ), ਪਹਿਲੇ ਗੁਰੂ ਜੀ ਦੇ ਅਤੇ ਪੰਜਵੇਂ ਗੁਰੂ ਜੀ ਦੇ ਸਹਸਕ੍ਰਿਤੀ ਸ਼ਲੋਕਾਂ ਦੀ ਭਾਸ਼ਾ ਰਲ਼ਦੀ ਮਿਲ਼ਦੀ ਹੈ, ਭਾਵੇਂ ਸ਼ਲੋਕਾਂ ਦੀ ਭਾਸ਼ਾ ਭਗਤ ਜੀ ਦੀ ਬਾਣੀ ਦੀ ਭਾਸ਼ਾ ਨਾਲ਼ੋਂ ਕੁੱਝ ਸਰਲ ਹੈ। ਭਗਤ ਰਵਿਦਾਸ ਜੀ ਅਤੇ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਸਮਕਾਲੀ ਸਨ। ਉਨ੍ਹਾਂ ਦੀ ਬਾਣੀ ਵਿੱਚ ਅ਼ਰਬੀ/ ਫ਼ਾਰਸੀ ਸ਼ਬਦਾਂ ਦੀ ਵਰਤੋਂ ਓਪਰੀ ਨਹੀਂ ਲੱਗਦੀ। ਧੰਨੁ ਗੁਰੂ ਅਰਜੁਨ ਸਾਹਿਬ ਜੀ ਦੀ ਬਾਣੀ ਵਿੱਚ ਵੀ ਫ਼ਾਰਸੀ ਦੀ ਵਰਤੋਂ ਰਲ਼ਦੀ ਮਿਲ਼ਦੀ ਹੈ। ਧੁਰ ਕੀ ਬਾਣੀ ਵਿੱਚੋਂ ਕੁੱਝ ਵੰਨਗੀਆਂ ਦੇ ਦਰਸ਼ਨ ਕਰੋ:-

1.)

ਭਗਤ ਰਵਿਦਾਸ ਜੀ ਦੀ ਰਚਨਾ : ਬੇ ਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥1॥ ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥1॥ ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥2॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥3॥2॥( ਗਗਸ 345)

ਗੁਰੂ ਨਾਨਕ ਸਾਹਿਬ ਜੀ ਦੀ ਰਚਨਾ : ਤਿਲੰਗ ਮਹਲਾ 1॥ ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ॥1॥ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥ ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ ॥1॥ ਰਹਾਉ ॥ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ॥ ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ ॥2॥ ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ॥ ਗਾਹੇ ਨ ਨੇਕੀ ਕਾਰ ਕਰਦਮ ਮਮ ˆਈ ਚਿਨੀ ਅਹਵਾਲ ॥3॥ ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ ॥ ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾ ਖਾਕ ॥4 (ਗਗਸ 721)

ਗੁਰੂ ਅਰਜੁਨ ਸਾਹਿਬ ਜੀ ਦੀ ਰਚਨਾ : ਤਿਲੰਗ ਮਹਲਾ 5 ਘਰੁ 3 ॥ ਕਰਤੇ ਕੁਦਰਤੀ ਮੁਸਤਾਕੁ ॥ ਦੀਨ ਦੁਨੀਆ ਏਕ ਤੂਹੀ ਸਭ ਖਲਕ ਹੀ ਤੇ ਪਾਕੁ ॥ ਰਹਾਉ ॥ ਖਿਨ ਮਾਹਿ ਥਾਪਿ ਉਥਾਪਦਾ ਆਚਰਜ ਤੇਰੇ ਰੂਪ ॥ ਕਉਣੁ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ ॥1॥ ਖੁਦਿ ਖਸਮ ਖਲਕ ਜਹਾਨ ਅਲਹ ਮਿਹਰਵਾਨ ਖੁਦਾਇ ॥ ਦਿਨਸੁ ਰੈਣਿ ਜਿ ਤੁਧੁ ਅਰਾਧੇ ਸੋ ਕਿਉ ਦੋਜਕਿ ਜਾਇ ॥2॥ ਅਜਰਾਈਲੁ ਯਾਰੁ ਬੰਦੇ ਜਿਸੁ ਤੇਰਾ ਆਧਾਰੁ ॥ ਗੁਨਹ ਉਸ ਕੇ ਸਗਲ ਆਫੂ ਤੇਰੇ ਜਨ ਦੇਖਹਿ ਦੀਦਾਰੁ ॥3॥ ਦੁਨੀਆ ਚੀਜ ਫਿਲਹਾਲ ਸਗਲੇ ਸਚੁ ਸੁਖੁ ਤੇਰਾ ਨਾਉ ॥ ਗੁਰ ਮਿਲਿ ਨਾਨਕ ਬੂਝਿਆ ਸਦਾ ਏਕਸੁ ਗਾਉ ॥4॥4॥ (ਗਗਸ 724)

2.)

ਤੇਰ੍ਹਵੀਂ ਸਦੀ ਦੀ ਰਚਨਾ : ਗੂਜਰੀ ਸ੍ਰੀ ਜੈਦੇਵ ਜੀਉ ਕਾ ਪਦਾ ਘਰੁ 4॥ ਪਰਮਾਦਿ ਪੁਰਖਮਨੋਪਿਮੰ ਸਤਿ ਆਦਿ ਭਾਵ ਰਤੰ ॥ ਪਰਮਦਭੁਤੰ ਪਰਕ੍ਰਿਤਿ ਪਰੰ ਜਦਿਚਿੰਤਿ ਸਰਬ ਗਤੰ ॥1॥ ਕੇਵਲ ਰਾਮ ਨਾਮ ਮਨੋਰਮੰ ॥ ਬਦਿ ਅੰਮ੍ਰਿਤ ਤਤ ਮਇਅੰ ॥ ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ ॥1॥ ਰਹਾਉ ॥ ਇਛਸਿ ਜਮਾਦਿ ਪਰਾਭਯੰ ਜਸੁ ਸ੍ਵਸਤਿ ਸੁਕ੍ਰਿਤ ਕ੍ਰਿਤੰ ॥ ਭਵ ਭੂਤ ਭਾਵ ਸਮਬ੍ਹਿਅੰ ਪਰਮੰ ਪ੍ਰਸੰਨਮਿਦੰ ॥2॥ ਲੋਭਾਦਿ ਦ੍ਰਿਸਟਿ ਪਰ ਗ੍ਰਿਹੰ ਜਦਿਬਿਧਿ ਆਚਰਣੰ ॥ ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥3॥ ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ ॥ ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥4॥ ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ ॥ ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬ ਗਤੰ ॥5॥1॥ (ਗਗਸ 526)

ਬਾਣੀ ਧੰਨੁ ਗੁਰੂ ਅਰਜੁਨ ਸਾਹਿਬ ਜੀ (ਸੰਨ 1563-1606) ਦੀ ਭਗਤ ਜੈ ਦੇਵ ਜੀ ਤੋਂ ਲਗਭੱਗ ਤਿੰਨ ਸਦੀਆਂ ਪਿੱਛੋਂ ਰਲ਼ਦੀ ਮਿਲ਼ਦੀ ਭਾਸ਼ਾ ਦੀ ਵੰਨਗੀ:
ਪਾਛੰ ਕਰੋਤਿ ਅਗ੍ਰਣੀਵਹ ਨਿਰਾਸੰ ਆਸ ਪੂਰਨਹ ॥ ਨਿਰਧਨ ਭਯੰ ਧਨਵੰਤਹ ਰੋਗੀਅੰ ਰੋਗ ਖੰਡਨਹ ॥ ਭਗਤ੍ਹੰ ਭਗਤਿ ਦਾਨੰ ਰਾਮ ਨਾਮ ਗੁਣ ਕੀਰਤਨਹ ॥ ਪਾਰਬ੍ਰਹਮ ਪੁਰਖ ਦਾਤਾਰਹ ਨਾਨਕ ਗੁਰ ਸੇਵਾ ਕਿੰ ਨ ਲਭ੍ਹਤੇ ॥20॥ ਅਧਰੰ ਧਰੰ ਧਾਰਣਹ ਨਿਰਧਨੰ ਧਨ ਨਾਮ ਨਰਹਰਹ ॥ ਅਨਾਥ ਨਾਥ ਗੋਬਿੰਦਹ ਬਲਹੀਣ ਬਲ ਕੇਸਵਹ ॥ ਸਰਬ ਭੂਤ ਦਯਾਲ ਅਚੁਤ ਦੀਨ ਬਾਂਧਵ ਦਾਮੋਦਰਹ ॥ ਸਰਬਗ੍ਹ ਪੂਰਨ ਪੁਰਖ ਭਗਵਾਨਹ ਭਗਤਿ ਵਛਲ ਕਰੁਣਾ ਮਯਹ ॥ ਘਟਿ ਘਟਿ ਬਸੰਤ ਬਾਸੁਦੇਵਹ ਪਾਰਬ੍ਰਹਮ ਪਰਮੇਸੁਰਹ ॥ ਜਾਚੰਤਿ ਨਾਨਕ ਕ੍ਰਿਪਾਲ ਪ੍ਰਸਾਦੰ ਨਹ ਬਿਸਰੰਤਿ ਨਹ ਬਿਸਰੰਤਿ ਨਾਰਾਇਣਹ ॥21॥ ਨਹ ਸਮਰਥੰ ਨਹ ਸੇਵਕੰ ਨਹ ਪ੍ਰੀਤਿ ਪਰਮ ਪੁਰਖੋਤਮੰ ॥ ਤਵ ਪ੍ਰਸਾਦਿ ਸਿਮਰਤੇ ਨਾਮੰ ਨਾਨਕ ਕ੍ਰਿਪਾਲ ਹਰਿ ਹਰਿ ਗੁਰੰ ॥22॥ (ਗਗਸ 1355 ਸਲੋਕ ਸਹਸਕ੍ਰਿਤੀ ਮਹਲਾ 5)

3.)

ਪ੍ਰਭਾਤੀ ਭਗਤ ਬੇਣੀ ਜੀ ਕੀ ਤਨਿ ਚੰਦਨੁ ਮਸਤਕਿ ਪਾਤੀ ॥ ਰਿਦ ਅੰਤਰਿ ਕਰ ਤਲ ਕਾਤੀ ॥ ਠਗ ਦਿਸਟਿ ਬਗਾ ਲਿਵ ਲਾਗਾ ॥ ਦੇਖਿ ਬੈਸਨੋ ਪ੍ਰਾਨ ਮੁਖ ਭਾਗਾ ॥1॥ ਕਲਿ ਭਗਵਤ ਬੰਦ ਚਿਰਾਂਮੰ ॥ ਪਰ ਦਿਸਟਿ ਰਤਾ ਨਿਸਿ ਬਾਦੰ ॥1॥ ਰਹਾਉ ॥ ਨਿਤਪ੍ਰਤਿ ਇਸਨਾਨੁ ਸਰੀਰੰ ॥ ਦੁਇ ਧੋਤੀ ਕਰਮ ਮੁਖਿ ਖੀਰੰ ॥ ਰਿਦੈ ਛੁਰੀ ਸੰਧਿਆਨੀ ॥ ਪਰ ਦਰਬੁ ਹਿਰਨ ਕੀ ਬਾਨੀ ॥2॥ ਸਿਲ ਪੂਜਸਿ ਚਕ੍ਰ ਗਣੇਸੰ ॥ ਨਿਸਿ ਜਾਗਸਿ ਭਗਤਿ ਪ੍ਰਵੇਸੰ ॥ ਪਗ ਨਾਚਸਿ ਚਿਤੁ ਅਕਰਮੰ ॥ ਏ ਲੰਪਟ ਨਾਚ ਅਧਰਮੰ ॥3॥ ਮ੍ਰਿਗ ਆਸਣੁ ਤੁਲਸੀ ਮਾਲਾ ॥ ਕਰ ਊਜਲ ਤਿਲਕੁ ਕਪਾਲਾ ॥ ਰਿਦੈ ਕੂੜੁ ਕੰਠਿ ਰੁਦ੍ਰਾਖੰ ॥ ਰੇ ਲੰਪਟ ਕ੍ਰਿਸਨੁ ਅਭਾਖੰ ॥4॥ ਜਿਨਿ ਆਤਮ ਤਤੁ ਨ ਚੀਨ੍‍ਆਿ ॥ ਸਭ ਫੋਕਟ ਧਰਮ ਅਬੀਨਿਆ ॥ ਕਹੁ ਬੇਣੀ ਗੁਰਮੁਖਿ ਧਿਆਵੈ ॥ ਬਿਨੁ ਸਤਿਗੁਰ ਬਾਟ ਨ ਪਾਵੈ ॥5॥1॥

ਬਾਣੀ ਗੁਰੂ ਨਾਨਕ ਸਾਹਿਬ ਜੀ (ਸੰਨ 1469-1539) ਰਲ਼ਦੀ ਮਿਲ਼ਦੀ ਭਾਸ਼ਾ ਅਤੇ ਸ਼ੈਲੀ ਦੀ ਵੰਨਗੀ : ਸਲੋਕ ਸਹਸਕ੍ਰਿਤੀ ਮਹਲਾ 1 ॥ ਪੜ੍‍ ਪੁਸਤਕ ਸੰਧਿਆ ਬਾਦੰ ॥ ਸਿਲ ਪੂਜਸਿ ਬਗੁਲ ਸਮਾਧੰ ॥ ਮੁਖਿ ਝੂਠੁ ਬਿਭੂਖਨ ਸਾਰੰ ॥ ਤ੍ਰੈਪਾਲ ਤਿਹਾਲ ਬਿਚਾਰੰ ॥ ਗਲਿ ਮਾਲਾ ਤਿਲਕ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥ ਜੋ ਜਾਨਸਿ ਬ੍ਰਹਮੰ ਕਰਮੰ ॥ ਸਭ ਫੋਕਟ ਨਿਸਚੈ ਕਰਮੰ ॥ ਕਹੁ ਨਾਨਕ ਨਿਸਚੌ ਧਿਆਵੈ ॥ ਬਿਨੁ ਸਤਿਗੁਰ ਬਾਟ ਨ ਪਾਵੈ ॥1॥ (ਗਗਸ 470)

4.) ਸ਼ਲੋਕ ਭਗਤ ਕਬੀਰ ਜੀ, ਸ਼ੇਖ਼ ਫ਼ਰੀਦ ਜੀ ਅਤੇ ਸ਼ਲੋਕ ਮਹਲਾ 9 ਪੜ੍ਹਨ ਸਮੇਂ ਕੋਈ ਓਪਰਾਪਨ ਨਹੀਂ ਲੱਗਦਾ ਭਾਵੇਂ ਇਨ੍ਹਾਂ ਸ਼ਲੋਕਾਂ ਦੇ ਰਚਨ-ਕਾਲ਼ ਵਿੱਚ ਸਦੀਆਂ ਦਾ ਅੰਤਰ ਹੈ।

ਹੁਣ ਗੱਲ ਕਰਦੇ ਹਾਂ ‘ਕਬਿਯੋ ਬਾਚ ਬੇਨਤੀ ਚੌਪਈ’ ਦੀ।

ਇਹ ਰਚਨਾ ਧੁਰ ਕੀ ਬਾਣੀ ਹੈ ਕਿ ਨਹੀਂ? ਇਹ ਰਚਨਾ ਤ੍ਰਿਅ ਚਰਿੱਤ੍ਰਾਂ/ਚਰਿਤ੍ਰੋਪਾਖਿਆਨ ਵਿੱਚੋਂ 404ਵੇਂ ਚਰਿੱਤ੍ਰ ਦਾ ਇੱਕ ਭਾਗ ਹੈ। ਤ੍ਰਿਅ ਚਰਿੱਤ੍ਰ ਦੇ 405 ਬੰਦ ਹਨ। ਚੌਪਈ 29 ਬੰਦਾਂ ਵਿੱਚ ਬੰਦ ਨੰਬਰ 377 ਤੋਂ 405 ਤਕ ਹੈ। ਇਨ੍ਹਾਂ 29 ਬੰਦਾਂ ਵਿੱਚੋਂ 25 ਬੰਦ ਸ਼ਰਾਰਤ ਨਾਲ਼ ਬੰਦ ਨੰਬਰ ਬਦਲ ਕੇ ( 377 ਤੋਂ 401 ਬੰਦ ਨੰਬਰ ਲਿਖਣ ਦੀ ਥਾਂ ਨਿੱਤ-ਨੇਮ ਵਿੱਚ ਬ੍ਰਾਹਮਣਵਾਦੀ ਪ੍ਰਭਾਵ ਅਧੀਨ 1 ਤੋਂ 25 ਬੰਦ ਨੰਬਰ ਲਿਖ ਕੇ ਸਿੱਖਾਂ ਦੇ ਅੱਖੀਂ ਘੱਟਾ ਪਾਇਆ ਗਿਆ ਹੈ ਤੇ ਸਾਬਤ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਹੈ ਕਿ 25 ਬੰਦਾਂ ਵਾਲ਼ੀ ਚੌਪਈ ਵੱਖਰੀ ਆਜ਼ਾਦ ਰਚਨਾ ਹੈ। ਬਾਕੀ ਚਾਰ ਬੰਦ ਚੌਪਈ ਵਿੱਚੋਂ ਕੱਟ ਦਿੱਤੇ ਗਏ) ਇਹ ਚੌਪਈ ਆਜ਼ਾਦ ਰਚਨਾ ਨਹੀਂ ਹੈ। ਇਹ ਚੌਪਈ ਮਹਾਂਕਾਲ਼ ਦੇਵਤੇ ਦੀ ਹੋਈ ਦੈਂਤਾਂ ਉੱਪਰ ਜਿੱਤ ਦੇ ਪ੍ਰਭਾਵ ਸਦਕਾ ਕਵੀ ਮਹਾਂਕਾਲ਼ ਦੇਹ ਧਾਰੀ ਦੇਵਤੇ ਦੀ ਸ਼ਕਤੀ ਨੂੰ ਸਿਜਦਾ ਕਰਦਾ ਹੋਇਆ ਉਸ ਦੇਵਤੇ ਤੋਂ ਆਪਣੀ ਰੱਖਿਆ ਲਈ ਵੀ ਲਿਲਕੜੀਆਂ ਕੱਢਦਾ ਹੈ।

ਕੁੱਝ ਇੱਕ ਟੀ ਵੀ ਚੈਨਲਾਂ ਉੱਤੇ ਵੀ ਬ੍ਰਾਹਮਣਵਾਦੀ ਪ੍ਰਭਾਵ ਅਧੀਨ ਸਿੱਖ ਵਿਦਵਾਨਾਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਚੌਪਈ ਪੜ੍ਹਿਆ ਕਰੋ ਤੇ ਦੁੱਖ ਦੂਰ ਹੋਣਗੇ। ਅਜਿਹਾ ਕਹਿ ਕੇ ਧੁਰ ਕੀ ਬਾਣੀ ਦੀ ਅਣਭੋਲ਼ੇ ਹੀ ਨਿੰਦਾ ਕੀਤੀ ਜਾ ਰਹੀ ਹੈ ਤੇ ਕੱਚੀ ਬਾਣੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਦਵਾਨਾਂ ਨੂੰ ਆਪਣੀਆਂ ਧੀਆਂ ਭੈਣਾਂ ਨੂੰ ਕੋਲ਼ ਬਿਠਾ ਕੇ ਤ੍ਰਿਅ ਚਰਿੱਤਰਾਂ ਦੇ ਪਾਠ ਪੜ੍ਹਾਉਣੇ ਪੈਣ ਤਾਂ ਸ਼ਾਇਦ ਇਹ ਚੌਪਈ ਪੜ੍ਹਨ ਤੋਂ ਸਦਾ ਵਾਸਤੇ ਤੋਅਬਾ ਕਰ ਦੇਣ। ਕੁੱਝ ਇੱਕ ਸਿੱਖ ਚੈਨਲ ਲਗਾਤਾਰ ਹੋ ਰਿਹਾ ਇਸ ਚੌਪਈ ਦਾ ਪਾਠ ਪ੍ਰਸਾਰਤ ਕਰ ਕੇ ਧੁਰ ਕੀ ਬਾਣੀ ਦੀ ਥਾਂ ਕੱਚੀ ਬਾਣੀ ਦਾ ਪ੍ਰਚਾਰ ਕਰ ਰਹੇ ਹਨ। ਸਿੱਖ ਕੌਮ ਲੲੌ ਇਹ ਢਹਿੰਦੀ ਕਲਾ ਦੀਆਂ ਨਿਸ਼ਾਨੀਆਂ ਹਨ। ਇਹ ਸਨਾਤਨਵਾਦੀ ਪ੍ਰਚਾਰ ਹੈ।

ਗੱਲ ਹੈ ਚੌਪਈ ਦੀ ਭਾਸ਼ਾ ਦੀ। ਬਿਪ੍ਰਨ ਕੀਆਂ ਰੀਤਾਂ ਕਰਨ ਅਤੇ ਹੋਰਨਾਂ ਤੋਂ ਕਰਾਉਣ ਵਾਲ਼ਿਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਇਹ ਚੌਪਈ ਦਸਵੇਂ ਗੁਰੂ ਜੀ ਦੀ ਰਚਨਾ ਹੈ, ਭਾਵੇਂ ਇੱਸ ਵਿੱਚ ਕੋਈ ਸੱਚਾਈ ਨਹੀਂ । ਇਸ ਰਚਨਾ ਦੀ ਭਾਸ਼ਾ ਵਲ ਦੇਖਿਆਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈਂਦਿਆਂ ਡੰਕੇ ਦੀ ਚੋਟ ਨਾਲ਼ ਕਿਹਾ ਜਾ ਸਕਦਾ ਹੈ ਕਿ ਇਹ ਚੌਪਈ ਧੁਰ ਕੀ ਬਾਣੀ ਨਹੀਂ ਹੈ। ਜੇ ਕੋਈ ਕਹੇ ਕਿ ਕਿਉਂ? ਤਾਂ ਇਸ ਦਾ ਸਬੂਤ ਭਾਸ਼ਾਈ ਗਿਆਨ ਤੋਂ ਮਿਲ਼ਦਾ ਹੈ। ਨੌਵੇਂ ਗੁਰੂ ਜੀ ਦੀ ਬਾਣੀ ਦੀ ਭਾਸ਼ਾ ਬਾਕੀ ਧੁਰ ਕੀ ਬਾਣੀ ਨਾਲ਼ੋਂ ਓਪਰੀ ਨਹੀਂ। ਦਸਵੇਂ ਗੁਰੂ ਜੀ ਦੀ ਰਚਨਾ ਦੀ ਭਾਸ਼ਾ ਵੀ ਆਪਣੇ ਪਿਤਾ ਗੁਰੂ ਜੀ ਦੀ ਵਰਤੀ ਭਾਸ਼ਾ ਨਾਲ਼ ਮਿਲਣੀ ਜ਼ਰੂਰੀ ਸੀ। ਦਸਵੇਂ ਗੁਰੂ ਜੀ ਨੇ 9 ਸਾਲਾਂ ਦੀ ਉਮਰ ਵਿੱਚ ਗੁਰ-ਗੱਦੀ ਸੰਭਾਲ਼ੀ ਸੀ। ਬਾਕੀ ਦੇ 33 ਸਾਲ਼ ਬਚਦੇ ਹਨ। ਇਨ੍ਹਾਂ 33 ਸਾਲਾਂ ਵਿੱਚੋਂ ਉਨ੍ਹਾਂ ਨੂੰ ਬਹੁਤਾ ਹਿੱਸਾ ਕੌਮ ਦੀ ਰੱਖਿਆ ਵਾਸਤੇ ਤਿਆਰੀਆਂ ਅਤੇ ਆਤਮ ਰੱਖਿਆ ਵਾਸਤੇ ਜੰਗਾਂ ਯੁੱਧਾਂ ਵਿੱਚ ਲਾਉਣਾ ਪਿਆ ਜਿਸ ਵਾਸਤੇ ਉਨ੍ਹਾਂ ਨੇ ਸਰਬੰਸ਼ ਤਕ ਕੁਰਬਾਨ ਕਰ ਦਿੱਤਾ । ਜਿੰਨਾਂ ਵੀ ਬਾਕੀ ਸਮਾਂ ਬਚਿਆ ਉਸ ਸਮੇਂ ਤਕ ਧੁਰ ਕੀ ਬਾਣੀ ਵਾਲ਼ੀ ਪਿਤਾ ਗੁਰੂ ਜੀ ਵਲੋਂ ਵਰਤੀ ਗਈ ਭਾਸ਼ਾ ਵਿੱਚ 100 ਪ੍ਰਤੀਸ਼ਤ ਤਬਦੀਲੀ ਹੋ ਜਾਂਦੀ, ਇਹ ਅਸੰਭਵ ਹੈ।

ਜੇ ਗੁਰੂ ਜੀ ਨੇ ਚੌਪਈ ਜਾਂ ਕੋਈ ਹੋਰ ਰਚਨਾ 33 ਸਾਲਾਂ ਵਿੱਚ ਕੀਤੀ ਹੁੰਦੀ, ਤਾਂ ਉਸ ਦੀ ਭਾਸ਼ਾ ਧੁਰ ਕੀ ਬਾਣੀ ਦੀ ਭਾਸ਼ਾ ਨਾਲ਼ ਮਿਲ਼ਦੀ ਜੁਲ਼ਦੀ ਹੋਣੀ ਸੀ ਤੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣੀ ਸੀ। ਭਾਸ਼ਾ ਰਾਤੋ-ਰਾਤ ਨਹੀਂ ਬਦਲ ਜਾਂਦੀ। ਗੁਰਬਾਣੀ ਵਿੱਚੋਂ ਜੋ ਉੱਪਰ ਵੰਨਗੀਆਂ ਦਿੱਤਆਂ ਗਈਆਂ ਹਨ ਉਹ ਸਿੱਧ ਕਰਦੀਆਂ ਹਨ ਕਿ ਪੰਜ ਸਦੀਆਂ ਤਕ ਲਿਖੀ ਜਾਂਦੀ ਰਹੀ ਧੁਰ ਕੀ ਬਾਣੀ ਦੀ ਭਾਸ਼ਾ ਮੁੱਖ ਤੌਰ ਤੇ ਰਲ਼ਦੀ ਮਿਲ਼ਦੀ ਹੈ। ਜੇ ਚੌਪਈ ਦੀ ਭਾਸ਼ਾ ਵਲ ਦੇਖੀਏ ਤਾਂ ਇਹ ਧੁਰ ਕੀ ਬਾਣੀ ਦੀ ਭਾਸ਼ਾ ਦੇ ਨੇੜੇ ਤੇੜੇ ਵੀ ਨਹੀਂ ਢੁੱਕਦੀ। ਬਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 35 ਬਾਣੀਕਾਰਾਂ ਵਲੋਂ ਵਰਤੀ ਭਾਸ਼ਾ ਅਤੇ ਸ਼ੈਲੀ ਦੀ ਤਰਜ਼ ਤੇ ਦੁਨੀਆਂ ਦਾ ਕੋਈ ਲਿਖਾਰੀ ਵੀ ਕੋਈ ਰਚਨਾ ਕਰਨ ਦੇ ਸਮਰੱਥ ਨਹੀਂ ਹੈ ਤੇ ਉਸ ਦੀ ਕੀਤੀ ਰਚਨਾ ਦੀ ਭਾਸ਼ਾ ਅਤੇ ਸ਼ੈਲੀ ਧੁਰ ਕੀ ਬਾਣੀ ਨਾਲ਼ ਨਹੀਂ ਮਿਲ਼ ਸਕਦੀ। ਇਸੇ ਕਰਕੇ ਚੌਪਈ ਦੀ ਭਾਸ਼ਾ ਅਤੇ ਸ਼ੈਲੀ ਗੁਰੂ-ਕ੍ਰਿਤ ਧੁਰ ਕੀ ਬਾਣੀ ਨਾਲ਼ ਕਿਸੇ ਤਰ੍ਹਾਂ ਨਾਲ਼ ਵੀ ਨਹੀਂ ਮਿਲ਼ਦੀ।

ਵਿਸ਼ਾ-ਵਸਤੂ ਦੇ ਪੱਖ ਤੋਂ ਚੌਪਈ ਕੀ ਹੈ?

ਵਿਸ਼ੇ-ਵਸਤੂ ਦੇ ਪੱਖ ਤੋਂ ਦੇਖੀਏ ਤਾਂ ਵੀ ਚੌਪਈ ਧੁਰ ਕੀ ਬਾਣੀ ਨਾਲ਼ ਨਹੀਂ ਮਿਲ਼ਦੀ। ਚੌਪਈ ਦਾ ਵਿਸ਼ਾ-ਵਸਤੂ ਦੇਹ ਧਾਰੀ ਮਹਾਂਕਾਲ਼ ਦੇਵਤੇ ਦੀ ਸਿਫ਼ਤਿ ਹੈ ਜੋ ਇੱਕ ਸੁੰਦਰੀ ਦੂਲਹ ਦੇਈ ਨਾਲ਼ ਵਿਆਹ ਰਚਾਉਣਾ ਚਾਹੁੰਦਾ ਹੈ। ਉਹ ਸੁੰਦਰੀ ਦੀ ਦੈਂਤਾਂ ਵਿੱਰੁੱਧ ਜੰਗ ਵਿੱਚ ਮੱਦਦ ਕਰਦਾ ਹੈ। ਧੁਰ ਕੀ ਬਾਣੀ ਦਾ ਵਿਸ਼ਾ-ਵਸਤੂ ਕੇਵਲ ਗੁਰ ਪਰਮੇਸ਼ਰ ਦੀ ਆਰਾਧਨਾ ਨਾਲ਼ ਜੁੜਿਆ ਹੋਇਆ ਹੈ ਕਿਸੇ ਦੇਵੀ ਜਾਂ ਦੇਵਤੇ ਦੀ ਸਿਫ਼ਤਿ ਨਾਲ਼ ਨਹੀਂ।

ਚੌਪਈ ਵਿੱਚ ਮਹਾਂਕਾਲ਼ ਲਈ ਵਰਤੇ ਸ਼ਬਦ:

ਚੌਪਈ ਵਿੱਚ ਵਰਤੇ ਅਸਿਧੁਜ, ਖੜਗਕੇਤ, ਫੂਲ ਰਾਜਾ, ਨ੍ਰਿਬਿਕਾਰ ਆਦਿਕ ਸ਼ਬਦ ਕੇਵਲ ਮਹਾਂਕਾਲ਼ ਦੇਵਤੇ ਲਈ ਹੀ ਕਵੀ ਨੇ ਵਰਤੇ ਹਨ । ਇਹ ਸ਼ਬਦ 35 ਬਾਣੀਕਾਰਾਂ ਵਲੋਂ ਲਿਖੀ ਧੁਰ ਕੀ ਬਾਣੀ ਦੀ ਭਾਸ਼ਾ ਵਿੱਚ ਨਹੀਂ ਵਰਤੇ ਗਏ, ਕਿਉਂਕਿ ਧੁਰ ਕੀ ਬਾਣੀ ਵਿੱਚ ਕਿਸੇ ਮਹਾਂਕਾਲ਼ ਦੇਵਤੇ ਦੀ ਸਿਫ਼ਤਿ ਨਹੀਂ ਹੈ।

ਧੁਰ ਕੀ ਬਾਣੀ ਵਿੱਚ ਇਹ ਸ਼ਬਦ ਕਿਤੇ ਵੀ ਕਰਤਾ ਪੁਰਖ ਲਈ ਨਹੀਂ ਵਰਤੇ ਗਏ। ਧੁਰ ਕੀ ਬਾਣੀ ਕੇਵਲ ਗੁਰ ਪਰਮੇਸ਼ਰ ਦੀ ਹੀ ਸਿਫ਼ਤਿ ਕੲਦੀ ਹੈ।

‘ਨਾਨਕ’ ਜੋਤਿ ਦੀ ਮੁਹਰ-ਛਾਪ:

ਧੁਰ ਕੀ ਬਾਣੀ ਦੀ ਪਛਾਣ ‘ਨਾਨਕ’ ਸ਼ਬਦ ਦੀ ਮੁਹਰ ਹੈ ਜੋ ਚੌਪਈ ਵਿੱਚ ਨਹੀਂ ਹੈ। ਜੇ ਇਹ ਮੁਹਰ ਹੋਵੇ ਵੀ ਤਾਂ ਵੀ ਇਸ ਨੂੰ ਗੁਰੂ ਵਲੋਂ ਕੋਈ ਪ੍ਰਵਾਨਗੀ ਨਹੀਂ ਮਿਲ਼ੀ ।

ਚੌਪਈ ਸ਼੍ਰੀ ਗੁਰ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ:

ਜੋ ਵੀ ਰਚਨਾ ਦਸਵੇਂ ਪਾਤਿਸ਼ਾਹ ਜੀ ਵਲੋਂ ਖ਼ੁਦ ਦਮਦਮੀ ਬੀੜ ਵਿੱਚ ਦਰਜ ਨਹੀਂ ਕਰਵਾਈ ਗਈ ਉਹ ਕਿਸੇ ਤਰ੍ਹਾਂ ਵੀ ਧੁਰ ਕੀ ਬਾਣੀ ਦੇ ਬਰਾਬਰ ਨਹੀਂ ਰੱਖੀ ਜਾ ਸਕਦੀ ਭਾਵੇਂ ਕਿੰਨੀ ਵੀ ਮਹਾਨ ਹੋਵੇ ਤੇ ‘ਨਾਨਕ’ ਸ਼ਬਦ ਦੀ ਮੁਹਰ-ਛਾਪ ਵੀ ਕਿਉਂ ਨਾ ਰੱਖਦੀ ਹੋਵੇ। ਕਈਆਂ ਵਲੋਂ ‘ਨਾਨਕ’ ਮੁਹਰ ਨਾਲ਼ ਕੀਤੀਆਂ ਰਚਨਾਵਾਂ ਵੀ ਮਿਲ਼ਦੀਆਂ ਹਨ ਪਰ ਉਹ ਧੁਰ ਕੀ ਬਾਣੀ ਨਹੀਂ ਹੈ।

ਸੰਦੇਸ਼ ਪੱਖੋਂ:

ਧੁਰ ਕੀ ਬਾਣੀ ਜਗਤ ਜਲੰਦੇ ਨੂੰ ਬਚਾਉਣ ਲਈ ਪੁਕਾਰ ਕਰਦੀ ਹੈ ਜਦੋਂ ਕਿ ਚੌਪਈ ਖ਼ੁਦ ਨੂੰ ਅਤੇ ਖ਼ੁਦ ਦੇ ਸੇਵਕਾਂ ਨੂੰ ਬਚਾਉਣ ਖ਼ਾਤਰ ਦੁਸ਼ਟਾਂ ਨੂੰ ਮਾਰਨ ਲਈ ਪੁਕਾਰ ਕਰਦੀ ਹੈ। ਧੁਰ ਕੀ ਬਾਣੀ ‘ਨਾ ਕੋ ਮੇਰਾ ਦੁਸਮਨੁ ਰਹਿਆ’ ਅਤੇ ‘ਨਾ ਕੋ ਬੈਰੀ ਨਹੀ ਬਿਗਾਨਾ’ ਦੀ ਗੱਲ ਕਰਦੀ ਹੈ ਜਦੋਂ ਕਿ ਚੌਪਈ ਦੇ ਕਵੀ ਨੇ ਆਪਣੇ ਆਲ਼ੇ ਦੁਆਲ਼ੇ ਦੁਸ਼ਟਾਂ ਦਾ ਜਾਲ਼ ਬੁਣਿਆ ਹੋਇਆ ਹੈ।

ਵਿਚਾਰ ਦਾ ਸਿੱਟਾ:

ਸਪੱਸ਼ਟ ਹੈ ਕਿ ਬ੍ਰਾਹਮਣਵਾਦੀ ਪ੍ਰਭਾਵ ਵਿੱਚ ਸੰਨ 1931 ਤੋਂ 45 ਵਿੱਚ ਬਣੀ ਰਹਿਤ ਮਰਯਾਦਾ ਰਾਹੀਂ ਸ਼੍ਰੋ ਕਮੇਟੀ ਵਲੋਂ ਅੰਗ੍ਰੇਜ਼ੀ ਰਾਜ ਸਮੇਂ ਨਿੱਤ-ਨੇਮ ਵਿੱਚ ਪਾਈ ਤ੍ਰਿਅ ਚਰਿੱਤ੍ਰ ਵਾਲ਼ੀ ਚੌਪਈ ਧੁਰ ਕੀ ਬਾਣੀ ਦਾ ਅੰਗ ਨਹੀਂ ਹੈ। ਇਸ ਵਿੱਚ ਵਰਤੀ ਗਈ ਭਾਸ਼ਾ ਇਸ ਨੂੰ ਧੁਰ ਕੀ ਬਾਣੀ ਹੋਣ ਤੋਂ ਮੂਲ਼ੋਂ ਹੀ ਰੱਦ ਕਰਦੀ ਹੈ। ਇਹ ਅਗਵਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੀ ਨੌਂਵੇ ਗੁਰੂ ਜੀ ਅਤੇ ਸਦੀਆਂ ਪੁਰਾਣੀ ਲਿਖੀ ਬਾਣੀ ਦੀ ਭਾਸ਼ਾ ਤੋਂ ਲਈ ਗਈ ਹੈ। ਦਸਵੇਂ ਪਾਤਿਸ਼ਾਹ ਜੀ ਵਲੋਂ ਜੋ ਰਚਨਾਵਾਂ ਦਮਦਮੀ ਬੀੜ ਵਿੱਚ ਦਰਜ ਕਰਵਾਈਆਂ ਗਈਆਂ ਉਹ ਹੀ ਧੁਰ ਕੀ ਬਾਣੀ ਦਾ ਦਰਜਾ ਰੱਖਦੀਆਂ ਹਨ। ਗੁਰ-ਗੱਦੀ ਦਮਦਮੀ ਬੀੜ ਨੂੰ ਬਖ਼ਸ਼ੀ ਗਈ ਹੈ ਤੇ ਇਸ ਦੀ ਬਾਣੀ ਨਾਲ਼ ਹੀ ਸਿੱਖ ਕੌਮ ਦਾ ਰਿਸ਼ਤਾ ਹੈ।

ਜੋ ਕੁੱਝ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਹੈ ਉਹ ਧੁਰ ਕੀ ਬਾਣੀ ਨਹੀਂ ਭਾਵੇਂ ਭਗਤ ਜੈ ਦੇਵ ਜੀ ਦੀ ਰਚਨਾ ‘ਗੀਤ ਗੋਬਿੰਦ’ ਹੋਵੇ, ਭਾਵੇਂ ਭਗਤ ਕਬੀਰ ਜੀ ਦੇ ਨਾਂ ਤੇ ‘ਬੀਚਕ’ ਗ੍ਰੰਥ ਹੋਵੇ, ਭਾਵੇਂ ਭਗਤ ਰਵਿਦਾਸ ਜੀ ਦੇ ਨਾਮ ਤੇ ‘ਰੈਦਾਸ’ ਨਾਂ ਦੇ ਸ਼ਬਦ ਹੋਣ, ਭਾਵੇਂ ਨਾਨਕ ਮੁਹਰ ਨਾਲ਼ ਲਿਖੇ ਗ੍ਰੰਥ ਹੋਣ। ਇਨ੍ਹਾਂ ਗ੍ਰੰਥਾਂ ਦੀਆਂ ਰਚਨਾਵਾਂ ਸਨਾਤਨਵਾਦੀ ਪ੍ਰਭਾਵ ਹੇਠ ਸਿੱਖਾਂ ਦੇ ਨਿੱਤਨੇਮ ਅਤੇ ਅੰਮ੍ਰਿਤ ਸੰਚਾਰ ਦਾ ਭਾਗ ਨਹੀਂ ਬਣ ਸਕਦੀਆਂ। ਅਜਿਹਾ ਹੋਣਾਂ ਸਿੱਖਾਂ ਉੱਪਰ ਸਨਾਤਨਵਾਦੀ ਗਲ਼ਬੇ ਦੀ ਨਿਸ਼ਾਨੀ ਹੈ, ਜਿਸ ਸੰਬੰਧੀ ਮੈਕਾਲਫ਼ ਨੇ 70-80 ਸਾਲ ਪਹਿਲਾਂ ਹੀ ‘ਸਿੱਖ ਰੀਲੇਜਨ’ ਪੁਸਤਕ ਵਿੱਚ ਲਿਖ ਦਿੱਤਾ ਸੀ ਕਿ ਹਿੰਦੂ ਮੱਤ ਨੇ ਸਿੱਖਾਂ ਨੂੰ ਆਪਣੀ ਬੁੱਕਲ਼ ਵਿੱਚ ਲਪੇਟ ਲਿਆ ਹੈ।

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top