Share on Facebook

Main News Page

ਸਿੱਖੀ ਦੇ ਥੰਮ - ਗੁਰੂ ਗ੍ਰੰਥ ਅਤੇ ਪੰਥ; ਕੌਣ ਉੱਚਾ ਹੈ ?
-:  ਪ੍ਰੋ. ਕਸ਼ਮੀਰਾ ਸਿੰਘ USA

ਦਸ ਗੁਰੂ ਪਾਤਿਸ਼ਾਹਾਂ ਨੇ ਸ਼ਰੀਰਕ ਜਾਮੇ ਵਿੱਚ, ਸ਼ਰਨ ਵਿੱਚ ਆਏ, ਹਰ ਪ੍ਰਾਣੀ ਮਾਤਰ ਨੂੰ ਜੀਵਨ ਵਿੱਚ ਆਪਣੀ ਅਗਵਾਈ ਬਖ਼ਸ਼ ਕੇ ਰੱਬ ਨਾਲ਼ ਜੋੜਿਆ। ਇੱਸ ਕਾਰਜ ਵਾਸਤੇ ਆਪਣੀ ਸੱਚੀ ਸੁੱਚੀ ਸ਼ਖ਼ਸੀਅਤ ਦੇ ਨਾਲ਼ ਨਾਲ਼ ਧੁਰ ਕੀ ਬਾਣੀ ਨੂੰ ਵੀ ਵਧੀਆ ਸਾਧਨ ਬਣਾਇਆ। ਸੰਨ 1469 ਤੋਂ 1708 ਤਕ ਇਹ ਅਗਵਾਈ ਵਾਲ਼ਾ ਕਾਰਜ ਚੱਲਦਾ ਰਿਹਾ। ਦਸਵੇਂ ਪਾਤਿਸ਼ਾਹ ਜੀ ਨੇ ਜੋਤੀ ਜਤਿ ਸਮਾਉਣ ਸਮੇਂ ਅਗਾਂਹ ਸਦਾ ਲਈ ਸ਼ਰਧਾਲੂਆਂ ਨੂੰ ਅਗਵਾਈ ਦੇਣ ਵਾਸਤੇ ਦਮਦਮੀ ਬੀੜ ਨੂੰ ਗੁਰਤਾ-ਗੱਦੀ ਬਖ਼ਸ਼ ਦਿੱਤੀ। ਦਮਦਮੀ ਬੀੜ ਨੂੰ ਦਸਵੇਂ ਪਾਤਿਸ਼ਾਹ ਜੀ ਨੇ ਆਪ ਤਿਆਰ ਕੀਤਾ। ਪੋਥੀ ਸਾਹਿਬ ਜਾਂ ਕਰਤਾਰਪੁਰੀ ਬੀੜ ਵਿੱਚ ਉਸ ਸਮੇਂ ਉਨ੍ਹਾਂ ਕੋਲ਼ ਮੌਜੂਦ ਜੋ ਵੀ ਗੁਰੂ-ਕ੍ਰਿਤ ਬਾਣੀ ਸੀ ਉਸ ਨੂੰ ਆਪ ਦਰਜ ਕਰਵਾਇਆ ਤੇ ਕੋਈ ਗੁਰੂ ਕ੍ਰਿਤ ਰਚਨਾ ਦਰਜ ਕਰ ਤੋਂ ਨਹੀਂ ਛੱਡੀ। ਛੇਵੇਂ, ਸੱਤਵੇਂ, ਅੱਠਵੇਂ ਅਤੇ ਦਸਵੇਂ ਪਾਤਿਸ਼ਾਹ ਜੀ ਦੀ ਆਪਣੀ ਬਾਣੀ ਜੇ ਹੁੰਦੀ ਤਾਂ ਉਹ ਵੀ ਉਸ ਸਮੇਂ ਪੋਥੀ ਸਾਹਿਬ ਵਿੱਚ ਦਰਜ ਹੋ ਜਾਣੀ ਸੀ। ਇਸ ਬੀੜ ਦਾ ਨਾਂ ਦਮਦਮੀ ਬੀੜ ਪੈ ਗਿਆ ਜਿਸ ਨੂੰ ਦਸਵੇਂ ਪਾਤਿਸ਼ਾਹ ਜੀ ਨੇ ਆਪ ਗੁਰ-ਗੱਦੀ ਬਖ਼ਸ਼ੀ ਸੀ।

ਸਮਝਣ ਵਾਲ਼ੀ ਗੱਲ ਇਹ ਹੈ ਕਿ ਦਸਵੇਂ ਗੁਰੂ ਜੀ ਨੇ ਕਿਸੇ ਜਾਪੁ, ਕਬਿਯੋ ਬਾਚ ਬੇਨਤੀ ਚੌਪਈ, ਪਾਇ ਗਹੇ ਜਬ ਤੇ---, ਸਗਲ ਦੁਆਰ ਕਉ ਛਾਡਿ ਕੈ----, ਪ੍ਰਿਥਮ ਭਗਉਤੀ ਸਿਮਰਿ ਕੈ (ਅਸਲ ਨਾਮ ‘ਵਾਰ ਦੁਰਗਾ ਕੀ’) ਵਾਲ਼ੀਆਂ ਰਚਨਾਵਾਂ ਜਾਂ ਇਨ੍ਹਾਂ ਰਚਨਾਵਾਂ ਵਾਲ਼ੀ ਕਿਸੇ ਪੋਥੀ ਨੂੰ ਗੁਰ-ਗੱਦੀ ਨਹੀਂ ਬਖ਼ਸ਼ੀ ਸੀ। ਜਿਸ ਕਿਸੇ ਰਚਨਾ ਨੂੰ ਗੁਰ-ਗੱਦੀ ਹੀ ਨਹੀਂ ਬਖ਼ਸ਼ੀ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰ ਕੀ ਬਾਣੀ ਦੇ ਬਰਾਬਰ ਕਿਵੇਂ ਰੱਖੀ ਜਾ ਸਕਦੀ ਹੈ? ਅਜਿਹੀ ਰਚਨਾ ਸਿੱਖਾਂ ਦੀ ਅਗਵਾਈ ਕਰਨ ਵਾਲ਼ੀ ਧੁਰ ਕੀ ਬਾਣੀ ਵਿੱਚ ਕਿਵੇਂ ਬਰਾਬਰ ਸਮਝ ਕੇ ਸ਼ਾਮਲ ਕੀਤੀ ਜਾ ਸਕਦੀ ਹੈ?

ਦਸਵੇਂ ਪਾਤਿਸ਼ਾਹ ਜੀ ਨੇ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਚਲਾਏ ਪੰਥ ਨੂੰ ਖ਼ਾਲਸਾ ਪੰਥ ਦਾ ਨਾਂ ਦਿੱਤਾ। ਗੁਰੂ ਦੀ ਪਦਵੀ ਵਲੋਂ ਕਾਰਜ ਕਰਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਦ੍ਰਿੜ੍ਹ ਕਰਾਉਣ ਅਤੇ ਸ਼ਰਧਾਲੂਆਂ ਨੂੰ ਸਿੱਖੀ ਵਿੱਚ ਪ੍ਰਵੇਸ਼ ਕਰਾਉਣ ਲਈ ਹੀ ਪੰਜ ਪਿਆਰਿਆਂ ਦੀ ਸੰਸਥਾ ਚਾਲੂ ਕੀਤੀ ਗਈ। ਪੰਥ ਆਪ ਨਹੀਂ ਬਣਿਆਂ। ਇਸ ਨੂੰ ਗੁਰੂ ਨੇ ਬਣਾਇਆ ਹੈ। ਜੇ ਗੁਰੂ ਹੀ ਨਹੀਂ, ਤਾਂ ਪੰਥ ਦੀ ਕੋਈ ਹੋਂਦ ਨਹੀਂ। ਪੰਥ ਨੇ ਗੁਰੂ ਦੇ ਉਪਦੇਸ਼ ਨੂੰ ਹੀ ਅੱਗੇ ਤੋਰਨਾ ਹੁੰਦਾ ਹੈ, ਨਾ ਕਿ ਇਸ ਨੂੰ ਬਦਲਨਾ ਜਾਂ ਮਿਲ਼ਗੋਭਾ ਕਰਨਾ। ਸ਼ਾਇਦ ਕਹੀ ਗੱਲ ਪਕੜ ਵਿੱਚ ਆ ਗਈ ਹੋਵੇਗੀ, ਕਿ ਗੁਰੂ ਗ੍ਰੰਥ ਅਤੇ ਪੰਥ ਵਿੱਚੋਂ ਕੌਣ ਉੱਚਾ ਹੈ। ਸਪੱਸ਼ਟ ਹੈ ਕਿ ‘ਗੁਰੂ ਗ੍ਰੰਥ’ ਦੀ ਸਰਬਉੱਚਤਾ ਹੈ ਤੇ ਪੰਥ ਗੁਰੂ ਦੀ ਤਾਬਿਆ ਵਿੱਚ ਹੈ। ਪੰਥ ਨੂੰ ਕੋਈ ਹੱਕ ਨਹੀਂ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਤੋਂ ਬਾਹਰ ਜਾਵੇ। ਪੰਥ ਨੂੰ ਕੋਈ ਹੱਕ ਨਹੀਂ ਕਿ ਉਹ ਦਸਵੇਂ ਪਾਤਿਸ਼ਾਹ ਵਲੋਂ ਪ੍ਰਵਾਨਤ ਨਿੱਤਨੇਮ ਨੂੰ ਹੀ ਮਿਲ਼ਗੋਭਾ ਬਣਾ ਦੇਵੇ।

ਅੱਜ ਮਿਤੀ 03/27/2016 ਨੂੰ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਲ਼ੀ ਸੰਗਤ ਟੀ ਵੀ ਚੈਨਲ ਦੀ ਟੀਮ ਵਲੋਂ ਹੇਠ ਲਿਖੇ ਅਨੁਸਾਰ ਕੁੱਝ ਟਿੱਪਣੀਆਂ ਕੀਤੀਆਂ ਗਈਆਂ:-

1. ਇੱਕ ਸਿੱਖ ਵਿਦਵਾਨ ਸੱਜਣ ਨੇ ਕਿਹਾ ਕਿ ਰਹਿਤ ਮਰਯਾਦਾ ਪੰਥ ਪ੍ਰਵਾਨਤ ਹੈ ਤੇ ਇਸ ਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ। ਇਸ ਨੂੰ ਨਾ ਮੰਨ ਕੇ ਆਪਸ ਵਿੱਚ ਫੁੱਟ ਪਾਉਣੀ ਯੋਗ ਨਹੀਂ, ਅਜਿਹਾ ਕਿਹਾ ਗਿਆ।

2. ਇਕ ਹੋਰ ਸਿੱਖ ਵਿਦਵਾਨ ਸੱਜਣ ਨੇ ‘ਭਾਰਤ ਮਾਤਾ ਕੀ ਜੈ’ ਬੋਲਣ ਸੰਬੰਧੀ ਬੋਲਦਿਆਂ ਆਰ.ਐੱਸ.ਐੱਸ ਦੀਆਂ ਸਿੱਖਾਂ ਨੂੰ ਹਿੰਦੂ ਬਣਾਉਣ ਦੀਆਂ ਚਾਲਾਂ ਦਾ ਵੀ ਖੁੱਲ੍ਹ ਕੇ ਜ਼ਿਕਰ ਕੀਤਾ ਤੇ ਇਨ੍ਹਾਂ ਚਾਲਾਂ ਤੋਂ ਬਚਣ ਲਈ ਕਿਹਾ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਉਪਰੋਕਤ ਟਿੱਪਣੀਆਂ ਸੰਬੰਧੀ ਵਿਚਾਰ:

ਉਪਰੋਕਤ ਟਿੱਪਣੀਆਂ ਸਵੈ-ਵਿਰੋਧੀ ਹਨ। ਦੂਜੀ ਟਿੱਪਣੀ ਬ੍ਰਾਹਮਣਵਾਦ ਦੀਆਂ ਚਾਲਾਂ ਤੋਂ ਬਚਣ ਲਈ ਕਹਿੰਦੀ ਹੈ ਤੇ ਪਹਿਲੀ ਟਿੱਪਣੀ ਬ੍ਰਾਹਮਣਵਾਦੀ ਚਾਲਾਂ ਨੂੰ ਪ੍ਰਵਾਨ ਕਰਨ ਲਈ ਕਹਿੰਦੀ ਹੈ।

ਕੀ ਸਿੱਖ ਰਹਿਤ ਮਰਯਾਦਾ ਪੰਥਕ ਹੈ?

ਵਿਦਵਾਨ ਡਾਕਟਰ ਸੱਜਣ ਨੇ ਪਤਾ ਨਹੀਂ ਪੰਥ ਕਿੱਸ ਨੂੰ ਸਮਝਿਆ ਹੈ; ਸ਼੍ਰੋ. ਕਮੇਟੀ ਨੂੰ ਜਾਂ ਧਾਰਮਿਕ ਸਲਾਹਕਾਰ ਕਮੇਟੀ ਨੂੰ ਜਾਂ ਚੁਣੇ ਮੈਂਬਰਾਂ ਤੋਂ ਬਾਹਰੋਂ ਪਾਏ ਮੈਂਬਰਾਂ ਨੂੰ ਜਾਂ 25 ਮੈਂਬਰੀ ਚੁਣੀ ਕਮੇਟੀ ਨੂੰ ਜਾਂ ਚੁਣੀ ਕਮੇਟੀ ਦੇ 14 ਮੈਂਬਰਾਂ ਨੂੰ ਜਾਂ ਖਰੜੇ ਸੰਬੰਧੀ ਰਾਏ ਭੇਜਣ ਵਾਲ਼ਿਆਂ ਨੂੰ। ਰਹਿਤ ਮਰਯਾਦਾ ਲਈ 25 ਮੈਂਬਰੀ ਸੱਬ ਕਮੇਟੀ ਬਣੀ ਸੀ, ਜੋ ਸ਼੍ਰੋ. ਕਮੇਟੀ ਦੇ ਅਧੀਨ ਹੀ ਕੰਮ ਕਰਨ ਲਈ ਬਣਾਈ ਗਈ ਸੀ। ਕੀ ਇਹ ਕਮੇਟੀ ‘ਪੰਥ’ ਸੀ? ਇਸ ਕਮੇਟੀ ਦੇ ਸਾਰੇ ਮੈਂਬਰ ਕਦੇ ਵੀ ਕਿਸੇ ਇਜਲਾਸ ਵਿੱਚ ਇਕੱਠੇ ਨਹੀਂ ਹੋਏ, ਭਾਵ, 25 ਮੈਂਬਰਾਂ ਦਾ ਪੰਥ ਕਦੇ ਇਕੱਠਾ ਨਹੀਂ ਹੋਇਆ। ਸੱਬ ਕਮੇਟੀ ਦੇ ਸਮਾਗਮ 4-5 ਅਕਤੂਬਰ, 1931, 3 ਅਤੇ 31 ਜਨਵਰੀ 1932 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸੱਦੇ ਗਏ। ਕਮੇਟੀ ਦੇ 25 ਮੈਂਬਰਾਂ ਵਿੱਚੋਂ ਕੇਵਲ 14 ਮੈਂਬਰ ਹੀ ਵਿਚਾਰ ਵਿੱਚ ਹਿੱਸਾ ਲੈਂਦੇ ਰਹੇ। ਜੇ 25 ਮੈਂਬਰੀ ਪੰਥ ਦੇ 11 ਮੈਂਬਰਾਂ ਨੇ ਵਿਚਾਰਾਂ ਵਿੱਚ ਹਿੱਸਾ ਹੀ ਨਹੀਂ ਲਿਆ, ਤਾਂ ਫਿਰ ਇਹ ਰਹਿਤ ਮਰਯਾਦਾ ਪੰਥ ਪ੍ਰਵਾਨਤ ਕਿਵੇਂ ਹੋ ਗਈ?

ਫਿਰ ਤਾਂ ਇਹ ਅਧੂਰੇ ਪੰਥ ਵਲੋਂ ਹੀ ਬਣਾਈ ਗਈ ਕਹਿ ਸਕਦੇ ਹਾਂ। ਅਧੂਰੇ ਪੰਥ ਵਲੋਂ ਤਿਆਰ ਕਰ ਕੇ ਰਹਿਤ ਮਰਯਾਦਾ ਦਾ ਇਹ ਖਰੜਾ ਜਦੋਂ ਸ਼੍ਰ.ਕਮੇਟੀ ਨੂੰ ਅਗਾਂਹ ਕਿਸੇ ਹੋਰ ਪੰਥ ਦੀ ਰਾਇ ਲੈਣ ਲਈ ਸੌਂਪਿਆ ਗਿਆ, ਤਾਂ ਸ਼੍ਰ. ਕਮੇਟੀ ਨੇ ਇਸ ਨੂੰ ਵਾਚਣ ਉਪਰੰਤ ਮੁੜ ਵਿਚਾਰ ਲਈ ਵਾਪਸ ਕਿਉਂ ਭੇਜ ਦਿੱਤਾ? ਕੀ ਇਹ ਸ਼੍ਰੋ. ਕਮੇਟੀ ਦੀ ਮਰਜ਼ੀ ਅਨੁਸਾਰ ਨਹੀਂ ਬਣਾਇਆ ਗਿਆ ਸੀ?

- ਸਿੱਖਾਂ ਵਿੱਚ ਕਿੰਨੇ ਕੁ ਪੰਥ ਹਨ?

- ਇੱਕ ਪੰਥ ਤਾਂ ਇਸ ਨੂੰ ਬਣਾ ਰਿਹਾ ਹੈ ਤੇ ਦੂਜਾ ਪੰਥ ਇਸ ਬਾਰੇ ਰਾਇ ਦੇ ਰਿਹਾ ਹੈ। ਕੀ ਸ਼੍ਰੋ. ਕਮੇਟੀ ਨੂੰ ਆਪਣੇ ਬਣਾਏ ਪੰਥ ਤੇ ਵਿਸ਼ਵਾਸ ਨਹੀਂ ਸੀ?

- ਕੀ ਸ਼੍ਰੋ. ਕਮੇਟੀ ਆਪਣੇ ਉੱਤੇ ਕਿਸੇ ਬਾਹਰੀ ਪ੍ਰਭਾਵ ਕਾਰਨ ਇਸ ਵਿੱਚ ਤਬਦੀਲੀ ਚਾਹੁੰਦੀ ਸੀ?

- ਕਿਸੇ ਹੋਰ ਪੰਥ ਦੀ ਰਾਇ ਲੈਣ ਤੋਂ ਪਹਿਲਾਂ 8 ਮਈ 1932 ਨੂੰ ਸ਼੍ਰੋ. ਕਮੇਟੀ ਵਲੋਂ ਖਰੜੇ ਉੱਤੇ ਮੁੜ ਵਿਚਾਰ ਕਰਵਾਈ ਗਈ। ਮੁੜ ਵਿਚਾਰ ਕਮੇਟੀ ਵਿੱਚ ਅਧੂਰੀ ਪੰਥਕ ਕਮੇਟੀ ਦੇ 11 ਮੈਂਬਰਾਂ ਵਿੱਚੋਂ ਕੇਵਲ ਦੋ ਮੈਂਬਰ ਹੀ ਕਿਉਂ ਸ਼ਾਮਲ ਹੋਏ, ਬਾਕੀ ਕਿੱਥੇ ਚਲੇ ਗਏ?

- ਇਸ ਮੁੜ ਵਿਚਾਰ ਕਮੇਟੀ ਵਿੱਚ ਬਾਕੀ 8 ਮੈਂਬਰ ਪੰਥਕ ਕਮੇਟੀ ਤੋਂ ਬਾਹਰਲੇ ਕਿਉਂ ਲਏ ਗਏ?

- ਕੀ ਪਹਿਲਾਂ ਚੁਣੀ ਪੰਥਕ ਕਮੇਟੀ ਦੇ ਮੈਂਬਰ ਇਹ ਮੁੜ ਵਿਚਾਰ ਦਾ ਕੰਮ ਨਹੀਂ ਕਰ ਸਕਦੇ ਸਨ?

- ਸ਼੍ਰੋ. ਕਮੇਟੀ ਦੇ ਸਕੱਤ੍ਰ (ਸ. ਵਸਾਵਾ ਸਿੰਘ) ਅਤੇ ਇੱਕ ਮੈਂਬਰ (ਸ. ਲਾਲ ਸਿੰਘ) ਨੂੰ ਕਿਉਂ ਮੁੜ ਵਿਚਾਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਜਦੋਂ ਕਿ ਇਹ ਪੰਥਕ ਕਮੇਟੀ ਦੇ ਮੈਂਬਰ ਹੀ ਨਹੀਂ ਸਨ?

- ਇਸ ਤਰਾਂ ਕੀ ਸ਼੍ਰੋ. ਕਮੇਟੀ ਉੱਤੇ ਸ਼ੱਕ ਦੀ ਸੂਈ ਨਹੀਂ ਜਾਂਦੀ ਕਿ ਇਹ ਬਾਹਰੀ ਕਿਸੇ ਪ੍ਰਭਾਵ ਅਧੀਨ ਇਸ ਖਰੜੇ ਵਿੱਚ ਕੁੱਝ ਤਬਦੀਲੀਆਂ ਚਾਹੁੰਦੀ ਸੀ, ਤਾਂ ਹੀ ਇਸ ਨੇ ਆਪਣਾ ਸਕੱਤਰ ਅਤੇ ਇੱਕ ਮੈਂਬਰ ਮੁੜ ਵਿਚਾਰ ਕਮੇਟੀ ਵਿੱਚ ਪਾਇਆ? ਇਹ ਖਰੜਾ ਪੰਥਕ ਕਿਵੇਂ ਰਹਿ ਗਿਆ?

ਖਰੜੇ ਵਿੱਚ ਕੁੱਝ ਹੋਰ ਤਬਦੀਲ਼ੀਆਂ ਕਰਨ ਲਈ ਕੁੱਝ ਸੱਜਣਾਂ ਦੇ ਜ਼ੋਰ ਦੇਣ ਉਪਰੰਤ 26 ਸਤੰਬਰ, 1932 ਨੂੰ ਇਸ ਉੱਤੇ ਮੁੜ ਵਿਚਾਰ ਕਰਵਾਇਆ ਗਿਆ। ਇਸ ਦਾ ਭਾਵ ਹੈ ਕਿ ਚੁਣੀ ਗਈ ਪੰਥਕ ਕਮੇਟੀ ਨੂੰ ਵਿਚਾਰ ਤੋਂ ਬਾਹਰ ਹੀ ਕਰ ਦਿੱਤਾ ਗਿਆ ਤਾਂ ਇਹ ਖਰੜਾ ਪੰਥਕ ਕਿਵੇਂ ਰਹਿ ਗਿਆ? ਇਸ ਦੂਜੀ ਮੁੜ ਵਿਚਾਰ ਕਮੇਟੀ ਵਿੱਚ 11 ਮੈਂਬਰੀ ਅਧੂਰੀ ਪੰਥਕ ਕਮੇਟੀ ਦੇ ਵੀ 7 ਮੈਂਬਰ ਹੀ ਰਹਿ ਗਏ, ਜਦੋਂ ਕਿ ਦੋ ਸੱਜਣ ਕਮੇਟੀ ਤੋਂ ਬਾਹਰਲੇ ਵੀ ਸਨ। ਇਹ ਖਰੜਾ 1 ਅਕਤੂਬਰ, 1932 ਨੂੰ ਸ਼੍ਰੋ. ਕਮੇਟੀ ਨੂੰ ਮੁੜ ਸੌਪ ਦਿੱਤਾ ਗਆ ਸੀ ਤੇ ਇਸ ਨੂੰ ਲੱਗਭੱਗ 4 ਸਾਲ ਪਿੱਛੋਂ ਸ਼੍ਰੋ. ਕਮੇਟੀ ਨੇ ਪ੍ਰਵਾਨਗੀ ਦਿੱਤੀ (ਮਤਾ ਨੰਬਰ 149 ਮਿਤੀ 12-10-1936)। ਇਹ ਪ੍ਰਵਾਨਗੀ ਮਿਲਣ ਪਿੱਛੋਂ ਵੀ ਧਾਰਮਿਕ ਸਲਾਹਕਾਰ ਕਮੇਟੀ ਨੇ ਮਿਤੀ 7-1-1945 ਨੂੰ ਖਰੜੇ ਵਿੱਚ ਹੋਰ ਵਾਧੇ ਘਾਟੇ ਕਰਨ ਦੀ ਸਿਫ਼ਾਰਸ਼ ਕਿਉਂ ਕਰ ਦਿੱਤੀ? ਫਿਰ ਦੁਵਾਰਾ ਮਤਾ ਨੰਬਰ 97 ਮਿਤੀ 3-2-45 ਰਾਹੀਂ ਸ਼੍ਰੋ. ਕਮੇਟੀ ਨੇ ਖਰੜੇ ਵਿੱਚ ਕੀਤੇ ਹੋਰ ਵਾਧੇ ਘਾਟੇ ਪ੍ਰਵਾਨ ਵੀ ਕਰ ਲਏ।

-  ਕੀ ਖਰੜਾ ਬਣਾਊ ਪੰਥਕ ਕਮੇਟੀ ਜਾਂ ਸ਼੍ਰੋ ਕਮੇਟੀ ਆਪ ਹੁਦਰੀ ਨਹੀਂ ਬਣੀ?

- ਕੀ ਇਸ ਕਮੇਟੀ ਨੇ ਪੰਜਵੇਂ ਗੁਰੂ ਜੀ ਦਾ ਬਣਾਇਆ ਅਤੇ ਦਸਵੇਂ ਗੁਰੂ ਜੀ ਤੋਂ ਪ੍ਰਵਾਨਤ ਸਿੱਖ ਦਾ ਰੋਜ਼ਾਨਾ ਦਾ ਨਿੱਤ-ਨੇਮ ਬ੍ਰਾਹਮਣਵਾਦੀ ਅੰਸ਼ਾਂ ਨਾਲ਼ ਮਿਲ਼ਗੋਭਾ ਨਹੀਂ ਕੀਤਾ?

- ਪੰਥਕ ਕਮੇਟੀ ਨੂੰ ਜਾਂ ਪੰਥ ਨੂੰ ਕਿਸ ਨੇ ਇਹ ਅਧਿਕਾਰ ਦਿੱਤਾ ਸੀ ਕਿ ਉਹ ਗੁਰੂ ਜੀ ਦੀ ਕਰਣੀ ਵਿੱਚ ਦਖ਼ਲ ਅੰਦਾਜ਼ੀ ਕਰੇ?

- ਕੀ ਗੁਰੂ ਜੀ ਨੇ ਪੰਥ ਇਸ ਲਈ ਸਾਜਿਆ ਸੀ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀਆਂ ਕੱਚੀਆਂ ਰਚਨਾਵਾਂ ਨੂੰ ਆਪ ਹੀ ਗੁਰੂ ਦਾ ਦਰਜਾ ਦੇ ਦੇਵੇ?

ਸੰਗਤ ਟੀ ਵੀ ਚੈਨਲ ਉੱਤੇ ਵਿਦਵਾਨ ਡਾਕਟਰ ਸੱਜਣ ਨੇ ਕਿਹਾ ਕਿ ਰਹਿਤ ਮਰਯਾਦਾ ਨੂੰ ਨਾ ਮੰਨਣ 'ਤੇ ਫੁੱਟ ਪੈਂਦੀ ਹੈ ਜਦੋਂ ਕਿ ਫੁੱਟ ਹੀ ਰਹਿਤ ਮਰਯਾਦਾ ਨੇ ਪਾਈ ਹੈ।

ਰਹਿਤ ਮਰਯਾਦਾ ਦੇ ਬ੍ਰਾਹਮਣਵਾਦੀ ਅੰਸ਼ਾਂ ਨੇ ਤਾਂ ਪਹਿਲਾਂ ਹੀ ਦੋ ਕਿਸਮ ਦੇ ਗੁਰਦੁਆਰੇ, ਦੋ ਕਿਸਮ ਦੇ ਪ੍ਰਚਾਰਕ, ਦੋ ਕਿਸਮਾਂ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਦੋ ਕਿਸਮਾਂ ਦੀਆਂ ਸੰਗਤਾਂ ਬਣਾ ਛੱਡੀਆਂ ਹਨ। ਇਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੱਚਾ ਗੁਰੂ ਮੰਨ ਕੇ ਚੱਲ ਰਹੇ ਹਨ ਤੇ ਦੂਜੇ ਦਸਮ ਗ੍ਰੰਥ ਨੂੰ ਪੂਜਦੇ ਹੋਏ, ਉਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਰਾਬਰ ਦਾ ਸ਼ਰੀਕ ਮੰਨ ਕੇ ਪਹਿਲੀ ਕਿਸਮ ਦੇ ਸਿੱਖਾਂ ਨੂੰ ਡਾਂਗਾਂ ਸੋਟਿਆਂ ਨਾਲ਼ ਤੇ ਬੰਬਾਂ ਨਾਲ਼ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਗਾਲ਼ੀ ਗਲੌਚ ਵੀ ਕਰ ਰਹੇ ਹਨ।

ਸੰਗਤ ਟੈਲੀਵਿਜ਼ਨ ਦੀ ਸਵਾਲਾਂ ਦੇ ਜਵਾਬ ਦੇਣ ਵਾਲ਼ੀ ਟੀਮ ਵਿੱਚ ਰਹਿਤ ਮਰਯਾਦਾ ਸੰਬੰਧੀ ਟਿੱਪਣੀਆਂ ਕਰਨ ਵਾਲ਼ੇ ਸਿੱਖ ਵਿਦਵਾਨ ਨੂੰ ਦਾਸ ਬੇਨਤੀ ਕਰਦਾ ਹੈ, ਕਿ ਜਾਂ ਤਾਂ ਇਹ ਕਹਿਣਾ ਬੰਦ ਕਰ ਦਿਓ ਕਿ ਬ੍ਰਾਹਮਣਵਾਦ ਸਿੱਖੀ ਨੂੰ ਢਾਹ ਲਾ ਰਿਹਾ ਹੈ, ਇਸ ਲਈ ‘ਭਾਰਤ ਮਾਤਾ ਦੀ ਜੈ ਨਹੀਂ ਬੋਲਣੀ’ ਜਾਂ ਫਿਰ ਨਿੱਤ-ਨੇਮ ਅਤੇ ਅਰਦਾਸਿ ਵਿੱਚ ਪਾਈਆਂ ਨਕਲੀ, ਕੱਚੀਆਂ, ਬ੍ਰਾਮਹਣਵਾਦੀ ਅਤੇ ਗੁਰੂ ਵਲੋਂ ਅਪ੍ਰਵਾਨਤ ਰਚਨਾਵਾਂ ਨੂੰ ਪੜ੍ਹਨਾ ਬੰਦ ਕਰ ਦਿਓ। ਕਿਸੇ ਪਾਸੇ ਤਾਂ ਖੁੱਲ੍ਹ ਕੇ ਹੋਵੋ। ਦੋਗਲੀ ਨੀਤੀ ਨਾਲ਼ ਚੈਨਲ ਤੋਂ ਸਿੱਖਾਂ ਨੂੰ ਕੀ ਅਗਵਾਈ ਦੇ ਸਕਦੇ ਹੋ? ਜੇ ਰਹਿਤ ਮਰਯਾਦਾ ਬਣਾ ਕੇ ਪੰਥ ਜਾਂ ਸ਼੍ਰੋ. ਕਮੇਟੀ ਨੇ ਸਿੱਖਾਂ ਨੂੰ ਅਗਵਾਈ ਨਹੀਂ ਦਿੱਤੀ, ਤਾਂ ਗੁਰੂ ਗ੍ਰੰਥ ਕੋਲੋਂ ਤਾਂ ਅਗਵਾਈ ਲੈ ਸਕਦੇ ਹੋ ਕਿ ਨਹੀਂ? ਸ਼ਿਵ ਜੀ ਦੇ ਜੋਤ੍ਰਿਲਿੰਗਮ ਮਹਾਂਕਾਲ਼ ਅੱਗੇ ਕੀਤੀ ਬੇਨਤੀ ਚੌਪਈ ਦਾ ਸਿੱਖਾਂ ਨਾਲ਼ ਕੀ ਰਿਸ਼ਤਾ ਹੈ?

ਗੁਰੂ ਦਸਵੇਂ ਪਾਤਿਸ਼ਾਹ ਤੱਕ ਸਿੱਖਾਂ ਦਾ ਨਿੱਤ-ਨੇਮ ਉਹ ਹੀ ਸੀ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨਿਆਂ ਉੱਤੇ ਦਰਜ ਹੈ। ਬਾਬਾ ਆਲਾ ਸਿੰਘ ਦੇ ਬੁਰਜ ਕਿਲ੍ਹਾ ਪਟਿਆਲ਼ਾ ਵਿੱਚ ਦਸ਼ਮੇਸ਼ ਪਿਤਾ ਜੀ ਦਾ ਗੁਟਕਾ ਪਿਆ ਹੈ, ਜਿੱਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲ਼ਾ ਹੀ ਨਿੱਤ-ਨੇਮ ਹੈ। ਇਸ ਦਾ ਜ਼ਿਕਰ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ‘ਪਟਿਆਲ਼ਾ’ ਸ਼ਬਦ ਅਧੀਨ ਕੀਤਾ ਹੈ। ਕਰੀਬ 250 ਸਾਲ ਪੁਰਾਣਾਂ ਹੱਥ ਲਿਖਤ ਗੁਟਕਾ ਵੀ ਇੱਕ ਸੱਜਣ ਕੋਲ਼ ਹੈ ਜੋ ਯੂ ਟਿਊਬ ਰਾਹੀਂ ਦਿਖਾਇਆ ਸੀ, ਤੇ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਿਨਾ ਹੋਰ ਕੋਈ ਵੀ ਰਚਨਾ ਦਰਜ ਨਹੀਂ ਹੈ।

-  ਸਿੱਖਾਂ ਦਾ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਜਾਂ ਕੱਚੀਆਂ ਬ੍ਰਾਹਮਣਵਾਦੀ ਰਚਨਾਵਾਂ ਵਾਲ਼ਾ ਦਸਮ ਗ੍ਰੰਥ?

- ਕੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਦਾ ਹੁਕਮ ਮੰਨਣਾਂ ਹੈ ਜਾਂ ਬ੍ਰਾਹਮਣਵਾਦੀਆਂ ਦਾ ਜਿਨ੍ਹਾਂ ਨੇ ਮਿਲ਼ਗੋਭਾ ਨਿੱਤ-ਨੇਮ ਰਾਹੀ ਸਿੱਖਾਂ ਨੂੰ ਕੇਸ਼ਾਧਾਰੀ ਹਿੰਦੂ ਬਣਾਇਆ?

- ਦੁਰਗਾ ਦਾ ਨਾਂ ਪਹਿਲਾਂ ਤੇ ਫਿਰ ਗੁਰੂ ਨਾਨਕ ਦਾ ਨਾਂ ਲੈ ਕੇ ਕਿਉਂ ਅਰਦਾਸਿ ਕੀਤੀ ਜਾਂਦੀ ਹੈ?

- ਦੁਰਗਾ ਵੱਡੀ ਹੈ ਕਿ ਗੁਰੂ ਨਾਨਕ?

- ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਪੰਥ ਦੀਆਂ ਕਤਿੀਆਂ ਗ਼ਲਤੀਆਂ ਨਹੀਂ ਸੁਧਾਰੀਆਂ ਜਾ ਸਕਦੀਆਂ?

- ਪੰਥ ਵੱਡਾ ਹੈ ਕਿ ਗੁਰੂ ਗ੍ਰੰਥ?

- ਪੰਥ ਤਾਂ ਭੁੱਲਣਹਾਰ ਹੈ, ਕੀ ਗੁਰੂ ਵੀ ਭੁੱਲਣਹਾਰ ਹੈ?

ਤੁਹਾਡੇ ਵਲੋਂ ਨੇਕ ਵਿਚਾਰਾਂ ਦੀ ਉਡੀਕ ਰਹੇਗੀ।

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top