Share on Facebook

Main News Page

ਅਜੋਕਾ ਨਾਮ ਸਿਮਰਣ - ਇੱਕ ਗੋਰਖ ਧੰਦਾ
-: ਪ੍ਰੋ. ਇੰਦਰ ਸਿੰਘ ਘੱਗਾ

ਜਦੋਂ ਭੀ ਗੁਰਬਾਣੀ ਦਾ ਪਾਠ ਕਰੀਏ/ਸੁਣੀਏ, ਤਾਂ ਇੱਕ ‘‘ਸ਼ਬਦ‘‘ ਬਾਰ ਬਾਰ ਦੁਹਰਾਇਆ ਗਿਆ ਸਾਹਮਣੇ ਆਉਂਦਾ ਹੈ। ਕੋਈ ਬਾਣੀ ਕੋਈ ਪੰਨਾ ਪੜ੍ਹ ਵੇਖੀਏ ਤਾਂ ਫਿਰ ਉਹੀ ਦੁਹਰਾ -‘‘ਨਾਮ ਸਿਮਰਣ‘‘। ਇਹ ਨਾਮ ਅਤੇ ਸਿਮਰਣ ਜਦੋਂ ਕਿਸੇ ਸਾਧ ਕੋਲੋਂ ਪੁੱਛੀਏ ਤਾਂ ਉਹ ਗੁਰਬਾਣੀ ਵਿੱਚੋਂ ਕੋਈ ਪੰਕਤੀ ਜਾਂ ਪੂਰਾ ਸ਼ਬਦ ਰਟਣ ਲਈ ਦੇ ਦਿੰਦਾ ਹੈ। ਆਖੇਗਾ ਕਿ ਇਸ ਦਾ ਪੜ੍ਹੀ ਜਾਣਾ ਹੀ ‘‘ਸਿਮਰਣ ਜਾਂ ਨਾਮ ਹੈ‘‘। ਕੁੱਝ ਇੱਕ ਜਥੇਬੰਦੀਆਂ ਨੇ ‘‘ਨਾਮ ਸਿਮਰਣ‘‘ ਦੀਆਂ ਵਿਧੀਆਂ, ਵਕਤ, ਸਥਾਨ ਅਤੇ ਇਸ ਤੋਂ ਹੋਣ ਵਾਲੀਆਂ ਪ੍ਰਾਪਤੀਆਂ ਦੱਸਣ ਲਈ ਦੁਕਾਨਦਾਰੀਆਂ ਭੀ ਚਲਾ ਲਈਆਂ ਹਨ। ਇਸ ਚੱਕਰਵਿਊ ਵਿੱਚ ਫਸਣ ਵਾਲੇ, ਸਦਾ ਹੀ ਫਸਣ ਲਈ ਤਿਆਰ ਬਰ ਤਿਆਰ ਹੁੰਦੇ ਹਨ।

ਕਈ ਸਾਰੇ ਲੋਕ ਤੇ ਜਥੇਬੰਦੀਆਂ ‘‘ਸਰਬ ਰੋਗ ਕਾ ਅਉਖਦੁ ਨਾਮੁ‘‘ (ਸੁਖਮਨੀ-9-5) ਵਾਲੀ ਇੱਕ ਪੰਕਤੀ ਦੇ ਮਨਮਰਜ਼ੀ ਵਾਲੇ ਅਰਥ ਕੱਢਕੇ ਰੋਗੀਆਂ ਦਾ ‘‘ਮਾਨਸਿਕ ਇਲਾਜ‘‘ ਕਰਨ ਵਰਗੀ ਭਾਰੀ ਅਵੱਗਿਆ ਕਰ ਰਹੇ ਹਨ। ਜੇ ਕੋਈ ਇਹ ਦਾਹਵਾ ਕਰੇ ਕਿ ਦੇਖੋ ਜੀ, ਕਿੰਨੇ ਸਾਰੇ ਵਿਅਕਤੀਆਂ ਦਾ ‘‘ਰੋਗ‘‘ ਹਟ ਗਿਆ ਹੈ। ਅਜਿਹੇ ਕਮਜ਼ੋਰ ਮਨ ਵਾਲੇ ਲੋਕਾਂ ਦਾ ‘‘ਬਣਾਵਟੀ‘‘ ਰੋਗ ਸੁਆਹ ਦੀ ਚੁਟਕੀ ਲੈਕੇ ਭੀ ਹਟ ਜਾਂਦਾ ਹੈ। ਧਾਗਾ ਤਵੀਤ ਲੈ ਕੇ ਭੀ, ਹਥੌਲਾ ਕਰਵਾ ਕੇ ਭੀ, ਮੜ੍ਹੀਆਂ ਕਬਰਾਂ ਤੇ ਨੱਕ ਰਗੜ ਕੇ ਭੀ ‘‘ਰੋਗ ਮੁਕਤ‘‘ ਹੋ ਜਾਂਦੇ ਹਨ। ਅਜਿਹੇ ਕਮਜੋ਼ਰ ਲੋਕ ਹੀ ਭੂਤਾਂ ਪ੍ਰੇਤਾਂ ਦਾ ਸ਼ਿਕਾਰ ਹੋ ਜਾਂਦੇ ਹਨ, ਫਿਰ ਪਾਖੰਡੀ ਡੇਰੇਦਾਰਾਂ ਕੋਲੋਂ ਭੂਤ ਕਢਵਾਉਂਦਿਆਂ ਭਾਰੀ ਆਰਥਿਕ ਤੇ ਸਰੀਰਕ ਸੋਸ਼ਣ ਕਰਵਾਉਂਦੇ ਹਨ। ਇਹਨਾਂ ਭੋਲੇ ਪੰਛੀਆਂ (ਅੰਨ੍ਹੇ ਸਰਧਾਲੂਆਂ) ਨੂੰ ਫਾਹੁਣ ਲਈ ਥਾਂ ਥਾ ਸ਼ਿਕਾਰੀ ਜਾਲ ਵਿਛਾਈ ਬੈਠੇ ਹਨ।

ਗੁਰਬਾਣੀ ਨੇ ਡੰਕੇ ਦੀ ਚੋਟ ਨਾਲ ਇਸ ਪਾਖੰਡ ਜਾਲ ਨੂੰ ਪੂਰਨ ਤੌਰ ਤੇ ਰੱਦ ਕੀਤਾ ਹੈ। ਜੇ ਕੁੱਝ ਇੱਕ ਪੰਗਤੀਆਂ ਰਟਣ ਕਰਨ ਨਾਲ, ਸਾਰੇ ਕਾਰਜ ਰਾਸ ਆਉਂਦੇ ਹੋਣ, ਤਾਂ ਕਿਸੇ ਨੂੰ ਮਿਹਨਤ ਕਰਨ ਦੀ ਉੱਕਾ ਹੀ ਜ਼ਰੂਰਤ ਨਹੀਂ ਹੈ। ਵੱਡੇ ਵੱਡੇ ਖੋਜ ਕੇਂਦਰ, ਹਸਪਤਾਲ, ਮੈਡੀਕਲ ਕਾਲਜ, ਦਵਾਈਆਂ, ਮਹਿੰਗੇ ਇਲਾਜ ਤੇ ਫਿਰ ਭੀ ਅਨੰਤ ਮੌਤਾਂ ? ਜੇ ਨਾਮ ਸਿਮਰਨ (ਮੰਤਰਜਾਪ) ਨਾਲ ਸਾਰੇ ਰੋਗ ਕੱਟੇ ਜਾ ਸਕਦੇ, ਫਿਰ ਤਾਂ ਇਹ ਕੰਮ ਬਹੁਤ ਸੁਖਾਲਾ ਸੀ। ‘‘ਹਿੰਗ ਲੱਗੇ ਨਾ ਫਟਕੜੀ ਰੰਗ ਭੀ ਚੋਖਾ।‘‘ ਦਸ ਗੁਰੂ ਸਹਿਬਾਨ ਸਰੀਰ ਕਰਕੇ ਸਾਥੋਂ ਵਿਦਾ ਹੋ ਗਏ। ਗੁਰੂ ਅੰਗਦ ਸਾਹਿਬ ਕੇਵਲ 48 ਕੁ ਸਾਲ ਵਿੱਚ। ਚੌਥੇ ਪਾਤਿਸ਼ਾਹ 47 ਸਾਲ ਦੀ ਉਮਰ ਵਿੱਚ। ਛੇਵੇਂ ਨਾਨਕ 48 ਸਾਲ, ਸਤਵੇਂ ਪਾਤਿਸ਼ਾਹ ਇੱਕੱਤੀ ਸਾਲ, ਤੇ ਅੱਠਵੇਂ ਨਾਨਕ ਸਿਰਫ ਸਾਢੇ ਕੁ ਅੱਠ ਸਾਲ ਦੇ ਸਨ ਜਦੋਂ ਜੋਤੀ ਜੋਤ ਸਮਾ ਗਏ। ਉਹ ਬਹੁਤ ਅਕਲ ਵਾਲੇ ਸਨ, ਬੜੇ ਹੀ ਪਰਉਪਕਾਰੀ ਸਨ। ਸਰੀਰਕ ਜਾਮੇ ਵਿੱਚ ਹੋਰ ਲੰਮਾ ਸਮਾਂ ਜੀਵਤ ਰਹਿ ਕੇ ਮਨੁੱਖ ਮਾਤਰ ਦੀ ਬਹੁਪੱਖੀ ਕਲਿਆਣ ਕਰ ਸਕਦੇ ਸਨ। ਜਿਸ ਮੰਤਰ/ਸ਼ਬਦ ਨੂੰ ਵਿਸ਼ੇਸ਼ ਵਿਧੀਆਂ ਨਾਲ, ਗੁਪਤ ਤਰੀਕੇ ਚਾਹੇ ਚੀਕਾਂ ਮਾਰਕੇ, ਪਾਗਲਾਂ ਵਾਂਗ ਰਟਿਆ ਜਾ ਰਿਹਾ ਹੈ। ਆਸ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਸਾਰੇ ਰੋਗ ਨਵਿਰਤ ਹੋ ਜਾਣਗੇ। ਦੁਨੀਆ ਭਰ ਦੀਆਂ ਖੁਸ਼ੀਆਂ ਆ ਜਾਣਗੀਆਂ।

ਜਿਨ੍ਹਾਂ ਗੁਰੂ ਸਹਿਬਾਨਾਂ ਨੇ ਬਾਣੀ ਦੀ ਰਚਨਾ ਕੀਤੀ, ‘‘ਨਾਨਕ ਰੂਪ‘‘ ਹੋ ਕੇ ਵਿਚਰੇ, ਉਹਨਾਂ ਦੁੱਖਾਂ ਦੀ ਨਵਿਰਤੀ ਲਈ ਅਜਿਹਾ ਕੋਈ ਚਲੀਹਾ ਕੱਟਿਆ ਹੋਵੇ, ਮਾਲਾਵਾਂ ਘੁਮਾਈਆਂ ਹੋਣ, ਉਮਰ ਲੰਮੀ ਕਰਨ ਵਾਸਤੇ ਤਰਲੇ ਕੱਢੇ ਹੋਣ। ਇਸ ਤਰ੍ਹਾ ਦਾ ਕੋਈ ਬਿਰਤਾਂਤ ਇਤਿਹਾਸ ਵਿੱਚ ਨਹੀਂ ਮਿਲਦਾ। ਫਿਰ ਅੱਜ ਦੇ ਸਿੱਖ ਇਨੇ ਨਾਸਮਝ ਕਿਵੇਂ ਬਣ ਗਏ, ਕਿ ਮੰਤਰ ਜਾਪਾਂ ਨੂੰ, ਚੌਂਕੜੇ ਮਾਰ ਕੇ, ਦੋ ਚਾਰ ਘੰਟੇ ਬੈਠਣ ਨੂੰ, ਸਿਮਰਨ ਮੰਨੀ ਬੈਠੇ ਹਨ ? ‘‘ਸਰਬ ਰੋਗ ਕਾ ਅਉਖੁਦ ਨਾਮੁ‘‘ ਪ੍ਰਚਾਰਨ ਵਾਲੇ, ਜ਼ਰਾ ਕੁ ਸਿਰ ਪੀੜ ਹੋਣ ਤੇ, ਚੰਗੇ ਡਾਕਟਰਾਂ ਤੇ ਵੱਡੇ ਹਸਪਤਾਲਾਂ ਵੱਲ ਨੂੰ ਦੌੜਦੇ ਪਲ ਭਰ ਦੇਰ ਨਹੀਂ ਲਾਉਂਦੇ। ਵੱਡੇ ਵੱਡੇ ‘‘ਨਾਮੀ ਸੰਤ‘‘ ਆਮ ਮਰੀਜਾਂ ਵਾਂਗ ਮਹੀਨਿਆਂ ਬੱਧੀ, ਹਸਪਤਾਲਾਂ ਵਿੱਚ ਅੱਡੀਆਂ ਰਗੜਦੇ ਖੁਦ ਵੇਖੇ ਹਨ। ਭਿੰਡਰਾਂ ਟਕਸਾਲ ਵਾਲਿਆਂ ਦਾ ਇੱਕ ਮੁਖੀ (ਗਿ: ਗੁਰਬਚਨ ਸਿੰਘ) ਤੇਰਾਂ ਸਾਲ ਤੱਕ, ਕਸ਼ਟ ਭੋਗ ਕੇ ਮਰਿਆ ਸੀ (ਹਵਾਲਾ-ਖੰਡੇਧਾਰ, 8-03) ਸੁਆਹ ਦੀ ਚੁਟਕੀ (ਪੁੜੀ) ਨਾਲ ਸਾਰੇ ਰੋਗ ਨਵਿਰਤ ਕਰਨ ਦੇ ਦਾਹਵੇਦਾਰ, ਸੁਆਹ ਵਿੱਚ ਦਵਾਈ ਪੀਸ ਕੇ ਮਿਲਾ ਰੱਖਦੇ ਹਨ। ਅੰਨ੍ਹੇ ਸ਼ਰਧਾਲੂ ਸਮਝ ਲੈਂਦੇ ਹਨ ਕਿ ਬਾਬੇ ਦੀ ਸੁਆਹ ਹੀ ਕਰਾਮਾਤੀ ਹੈ।

ਗੁਰੂ ਅਰਜਨ ਸਾਹਿਬ ਜੀ ਸੋਰਠਿ ਰਾਗ ਦੇ ਇੱਕ ਸ਼ਬਦ ਵਿੱਚ, ਇੱਕੋ ਥਾਂ ਸਾਰੇ ਪਾਖੰਡ ਕਰਮ ਦੇ ਬਖੀਏ ਉਧੇੜ ਕੇ ਰੱਖ ਦਿੰਦੇ ਹਨ। ਪਾਠ ਜਾਪ, ਜੋਗ ਆਸਣ, ਮੋਨ, ਕੱਪੜਾ ਭਾਂਡਾ ਤਿਆਗ ਦੇਣਾ, ਉਮਰ ਭਰ ਘੁੰਮਦੇ ਰਹਿਣਾ, ਆਦਿ ਅਨੇਕ ਕੂੜ ਕਾਰਜ, ਕਿਸੇ ਲੇਖੇ ਵਿੱਚ ਨਹੀਂ ਹਨ। ਸਤਿਗੁਰੂ ਕੇਂਦਰੀ ਵਿਚਾਰ (ਰਹਾਉ ਵਾਲਾ ਬੰਦ) ਇਹ ਬਖਸ਼ਿਸ਼ ਕਰਦੇ ਹਨ; ਹੇ ਪ੍ਰਭੂ! ਮੈਨੂੰ ਉੱਚੀ ਮੱਤ ਦੇਵੀਂ, ਮੈਂ ਸਾਰੇ ਆਸਰੇ ਛੱਡ ਕੇ ਕੇਵਲ ਤੇਰੀ ਸ਼ਰਨ ਤੱਕੀ ਹੈ। ਵਾਕ ਹਨ -

ਪਿਆਰੇ ਇਨ ਬਿਧਿ ਮਿਲਣੁ ਨ ਜਾਈ, ਮੈ ਕੀਏ ਕਰਮ ਅਨੇਕਾ।।
ਹਾਰਿ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁਧਿ ਬਿਬੇਕਾ।।
ਰਹਾਉ।। (641)

ਗੁਰਦਵਾਰਿਆਂ ਵਿੱਚ ਕਈ ਹਜ਼ਾਰ ਪਾਠ ਹਰ ਰੋਜ਼ ਸ਼ੁਰੂ ਹੁੰਦੇ ਹਨ, ਕਈ ਹਜ਼ਾਰ ਪਾਠਾਂ ਦੇ ਨਿਤ ਭੋਗ ਪੈਂਦੇ ਹਨ। ਅਖੰਡ ਪਾਠ, ਸਹਿਜ ਪਾਠ, ਸੰਪਟ ਪਾਠ, ਅਤੀ ਸੰਪਟ ਪਾਠ, ਮੋਨ ਪਾਠ, ਸੁਖਮਨੀ ਪਾਠ, ਆਪੋ ਆਪਣਾ ਨਿਤਨੇਮ ਪਾਠ, ਨਗਰ ਜਲੂਸ, ਤੇ ਕੀਰਤਨ ਦਰਬਾਰ। ਇੰਨੇ ਸਾਰੇ ਪਾਠ ਨਿਰੰਤਰ ਹੋਣ ਦੇ ਬਾਵਜੂਦ ਭੀ ਦੁਨੀਆ ਵਿੱਚ ਕਲਹ ਕਲੇਸ ਨਹੀਂ ਮਿਟੇ। ਸੰਸਾਰ ਦੀ ਗੱਲ ਨਾ ਸਹੀ ਸਿੱਖਾਂ ਦੇ ਦੁੱਖਾਂ ਦੀ ਨਵਿਰਤੀ ਤਾਂ ਝੱਟਪੱਟ ਹੋ ਜਾਣੀ ਚਾਹੀਦੀ ਸੀ। ਸਦ ਅਫਸੋਸ, ਸਿੱਖ ਸਮਾਜ ਭੀ ਪ੍ਰੇਸ਼ਾਨੀਆਂ ਵਿੱਚ ਵਿਲਕ ਰਿਹਾ ਹੈ। ਅਸਲ ਗੱਲ ਸੀ ਕੁਦਰਤ ਦੇ ਕਾਨੂੰਨ ਨੂੰ ਸਮਝਣ ਦੀ। ਵਿਕਾਰਾਂ ਅਤੇ ਵਾਸ਼ਨਾਵਾਂ ਤੇ ਕਾਬੂ ਪਾ ਕੇ, ਸੰਜਮ ਵਾਲਾ ਨੇਕ ਜੀਵਨ ਬਤੀਤ ਕਰਨ ਦੀ। ਪਰ ਅਜਿਹਾ ਨਹੀਂ ਹੋਇਆ, ਸਗੋਂ ਅਖੌਤੀ ਧਾਰਮਕ ਆਗੂ, ਭੋਲੀ ਲੁਕਾਈ ਨੂੰ ਕੁਰਾਹੇ ਭੀ ਪਾ ਰਹੇ ਹਨ ਤੇ ਦੋਵੇਂ ਹੱਥੀਂ ਲੁੱਟ ਭੀ ਰਹੇ ਹਨ।

ਪੰਜਾਬ ਵਿੱਚ ‘‘ਰਾਧਾ ਸੁਆਮੀ‘‘ ਡੇਰਾ (ਬਿਆਸ) ਪਿਛਲੇ ਸਵਾ ਕੁ ਸੌ ਸਾਲ ਤੋਂ ‘‘ਨਾਮ ਦਾਨ‘‘ ਆਲਤੀ ਪਾਲਤੀ ਆਸਣ ਆਦਿ ਕਰਵਾਉਂਦਾ ਆ ਰਿਹਾ ਹੈ। ਇਹਨਾਂ ਵਿੱਚੋਂ ਰੁੱਸ ਕੇ ਗਿਆ ‘‘ਸ਼ਾਹ ਮਸਤਾਨਾ, ਸਿਰਸੇ ਵਿਖੇ ਡੇਰਾ ‘‘ਸੱਚਾ ਸੌਦਾ‘‘ ਵੱਖਰਾ ਬਣਾਉਣ ਵਿੱਚ ਕਾਮਯਾਬ ਹੋ ਗਿਆ। ਜਿਵੇਂ ਕਿ ਡੇਰੇਦਾਰ ਸਾਧਾਂ ਦੀ ਖਾਸੀਅਤ ਹੀ ਹੈ, ਸਰਕਾਰ ਨਾਲ ਮਿਲਕੇ ਚੱਲਣਾ, ਲੋਕਾਂ ਵਿੱਚੋਂ ਮਰਦਾਉਪੁਣਾ (ਕਰਾਂਤੀਕਾਰੀ ਤੱਤ) ਖਤਮ ਕਰਨਾ। ਜ਼ੁਲਮ ਵਿਰੁੱਧ ੳØੁੱਚਾ ਸਾਹ ਤੱਕ ਨਾ ਲੈਣਾ, ਸਵੈਮਾਣ ਮਿੱਟੀ ਵਿੱਚ ਮਿਲਾ ਕੇ ‘‘ਬੰਦੇ ਦਾ ਬੰਦਾ‘‘ ਬਣਾ ਕੇ, ਪੈਰ ਪੂਜਵਾਉਣੇ ਤੇ ਜੂਠ ਤੱਕ ਖਵਾਉਣੀ। ਕਮ ਅਕਲ ਤੇ ਬੇਗੈਰਤ ਬਣ ਚੁੱਕੇ ਲੋਕਾਂ ਨੂੰ ਸਰਕਾਰ ਭੀ ਤੇ ਡੇਰੇਦਾਰ ਭੀ, ਰਲਕੇ ਲੁੱਟਦੇ ਹਨ। ਇਹ ਭੇਡਾਂ ਬਣ ਚੁੱਕੇ ਲੋਕ ਸਿਰ ਸੁੱਟਕੇ ਜਿਉਣ ਦੇ ਆਦੀ ਬਣ ਜਾਂਦੇ ਹਨ। ਆਪਣੇ ਸੇਵਕਾਂ ਦੇ ਦੁੱਖਾਂ ਦੀ ਨਵਿਰਤੀ ਵਾਸਤੇ ਰਾਧਾ ਸੁਆਮੀ ਬਾਬੇ ਮੰਤਰ ਦੀ ਬਖਸ਼ਿਸ਼ ਕਰਦੇ ਹਨ। ਅੱਗੋਂ ਸ਼ਰਤ ਇਹ ਲਾਉਂਦੇ ਹਨ ਪਈ ਇਹ ਮੰਤਰ ਕਿਸੇ ਨੂੰ ਦੱਸਣਾ ਨਹੀਂ ਹੈ। ਸਵੇਰੇ ਸ਼ਾਮ ਮੂੰਹ ਸਿਰ ਕੱਪੜੇ ਵਿੱਚ ਵਲੇਟ ਕੇ ਇਸ ‘‘ਨਾਮ‘‘ ਦਾ ਜਾਪ ਕਰਨਾ ਹੈ। ਸਾਰੇ ਸੰਸਾਰੀ ਸੁਖ ਮਿਲਣਗੇ ਤੇ ‘‘ਰਾਧਾ ਸੁਆਮੀ ਧਾਮ‘‘ ਵਿੱਚ ਨਿਵਾਸ ਮਿਲੇਗਾ। ਇਹਨਾਂ ਦਾ ਮੰਤਰ ਇਹ ਹੈ -

ੋਤ ਨਿਰੰਜਨ, ਉਂਕਾਰ, ਰਰੰਕਾਰ, ਸੋਹੰ, ਸਤਿਨਾਮ।

ਹੁਣ ਲਗਦੇ ਹੱਥ ਇਹਨਾਂ ਦੇ ਹੀ ਇੱਕ ਨਾਰਾਜ ਧੜੇ ਵੱਲੋਂ ਬਖਸ਼ਿਆ ਜਾ ਰਿਹਾ ਮੰਤਰ ਭੀ ਪੜ੍ਹ ਲਓ। ਇਹ ਹੈ ਸੱਚੇ ਸੌਦੇ ਵਾਲੇ ਡੇਰੇਦਾਰਾਂ ਵੱਲੋਂ ਤਿਆਰ, ਦਿੱਤਾ ਜਾ ਰਿਹਾ ‘‘ਨਾਮ‘‘ -

‘‘ਸਤਿ ਪੁਰਖ, ਨਿਰੰਕਾਰ, ਅਕਾਲ ਮੂਰਤ, ਅਬਨਾਸੀ, ਸ਼ਬਦ ਸਰੂਪੀ ਰਾਮ।‘‘

ਇਹਨਾਂ ਡੇਰਿਆਂ ਨੇ ਸਰਕਾਰੀ ਸਰਪਰਸਤੀ ਵਿੱਚ ਰਹਿ ਕੇ, ਬੜੀ ਤਾਕਤ ਬਣਾ ਲਈ ਹੈ। ਕੇਵਲ ਵੋਟ ਬੈਂਕ ਰਾਹੀਂ ਇਹ ਸਰਕਾਰ ਤੋਂ ਕਈ ਰਿਆਇਤਾਂ ਪ੍ਰਾਪਤ ਕਰ ਲੈਂਦੇ ਹਨ। ਉਹ ਰਿਆਇਤਾਂ ਆਮ ਲੋਕਾਂ ਵਾਸਤੇ ਨਹੀਂ ਹੁੰਦੀਆਂ, ਕੁੱਝ ਖਾਸ ਚੋਣਵੇਂ ‘‘ਮਹਾਂਪੁਰਖਾਂ‘‘ ਲਈ ਹੁੰਦੀਆਂ ਹਨ। ਸਰਕਾਰੀ ਜੁਲਮ ਦੇ ਖਿਲਾਫ ਇਹਨਾਂ ਨੇ ਕਦੀ ਜ਼ਬਾਨ ਨਹੀਂ ਖੋਹਲੀ। ਦੁਨੀਆ ਵਿੱਚ ਭਾਵੇਂ ਪਰਲੋ ਆ ਜਾਵੇ ਇਹਨਾਂ ਆਪਣੇ ਸੇਵਕਾਂ ਨੂੰ ‘‘ਨਾਮ ਸਿਮਰਨ‘‘ ਕਰਵਾਉਣਾ ਹੈ। ਜਬਰ ਦੇ ਵਿਰੁੱਧ ਆਵਾਜ਼ ਬੁਲੰਦ ਨਹੀਂ ਕਰਨੀ। ਇਹ ਸਿਰਫ ‘‘ਪਰਲੋਕ ਸੰਵਾਰਨ ਦੀ ਮਹਾਨ ਸੇਵਾ‘‘ ਕਰਦੇ ਹਨ। ਇਸ ਲੋਕ ਦੀ ਗੱਲ ਭੁੱਲ ਜਾਉ। ਭੁੱਖ ਮਰੀ ਅਣਪੜ੍ਹਤਾ, ਅੰਧਵਿਸ਼ਵਾਸੀ, ਬਿਮਾਰੀਆਂ, ਰਿਸ਼ਵਤਖੋਰੀ ਆਦਿ ਵਰਗੀਆਂ ਅਣਗਿਣਤ ਅਲਾਮਤਾਂ, ਇਹਨਾਂ ਨੂੰ ਕਦੇ ਨਜ਼ਰ ਨਹੀਂ ਆਉਣਗੀਆਂ। ਵੈਸੇ ਹਜ਼ਾਰਾਂ ਸਾਲ ਤੋਂ ਹੀ ‘‘ਰੰਗ ਬਰੰਗੇ‘‘ ਸਾਧ ਸੰਤ, ਭਾਰਤ ਦੀ ਜੰਤਾ ਜਨਾਰਨ ਨੂੰ, ਮੰਤਰ ਜਾਪ ਦੀ ਔਸ਼ਧੀ ਖੁਆਉਂਦੇ ਆ ਰਹੇ ਹਨ। ਇਹਨਾਂ ਦੀ ਅਪਾਰ ਕਿਰਪਾ ਸਦਕਾ ਹਜ਼ਾਰਾਂ ਸਾਲ ਤੱਕ, ਰਾਜਸੀ ਗੁਲਾਮੀ ਲੋਕਾਂ ਨੇ ਭੋਗੀ ਤੇ ਮਾਨਸਿਕ ਗੁਲਾਮੀ ਤਾਂ ਅੱਜ ਭੀ ਭੁਗਤ ਰਹੇ ਹਨ। ਸਿੱਖ ਸਾਧਾਂ ਤੋਂ ਲੈ ਕੇ ਹਿੰਦੂ ਸਾਧਾਂ ਤੱਕ, ਇਹਨਾਂ ਦੀ ਫਿਤਰਤ ਲਗਭਗ ਇੱਕੋ ਜਿਹੀ ਹੈ- ਆਪਣੇ ਹੀ ਲੋਕਾਂ ਨੂੰ ਚੂੰਡ ਚੂੰਡ ਖਾਣਾ।

ਧਰਮ ਪਰਚਾਰ ਵੱਲੋਂ ਸਿਖਾਂ ਦੀਆਂ ਕੇਂਦਰੀ ਜਥੇਬੰਦੀਆਂ (ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ) ਸਿੱਖ ਪੰਥ ਨਾਲ ਧਰੋਹ ਕਮਾ ਰਹੀਆਂ ਹਨ। ਧਰਮ ਪਰਚਾਰ ਦੀ ਜਿੰਮੇਵਾਰੀ ਤੋਂ ਪੂਰੀ ਤਰ੍ਹਾਂ ਮੂੰਹ ਮੋੜ ਕੇ,ਰਾਜਨੀਤੀ ਦੀ ਗੰਦੀ ਖਾਈ ਵਿੱਚ ਗਰਕ ਚੁੱਕੀਆਂ ਹਨ। ਚੜ੍ਹਤ ਦਾ ਪੈਸਾ ਮਨਮਾਨੇ ਢੰਗ ਨਾਲ ਰੋਹੜ ਰਹੀਆਂ ਹਨ। ਬਾਕੀ ਗੁਰਦਵਾਰਾ ਕਮੇਟੀਆਂ ਨੇ ਭੀ ਆਪਣੇ ਫਰਜ਼ ਦੀ ਪਛਾਣ ਨਾ ਕੀਤੀ। ਇਸੇ ਬੱਜਰ ਲਾਪ੍ਰਵਾਹੀ ਕਾਰਨ, ਥਾਂ ਥਾਂ ਪਾਖੰਡੀ ਸਾਧ ਖੁੰਬਾਂ ਵਾਂਗ ਉੱਗ ਪਏ ਹਨ। ਲੰਮੇ ਸਮੇਂ ਤੋਂ ਸਿੱਖਾਂ ਵਿੱਚ ਆਪਣਾ ਅਸਰ ਰਸੂਖ ਬਣਾ ਚੁੱਕਿਆ ਇੱਕ ਡੇਰਾ (ਮਹਿਤੇ ਚੌਕ ਵਾਲੇ-ਟਕਸਾਲੀਏ) ਅਤੇ ਉਹਨਾਂ ਦਾ ਹੋ ਚੁੱਕਿਆ ਇੱਕ ਮੁਖੀ ਗਿ: ਗੁਰਬਚਨ ਸਿੰਘ, ਆਪਣੀ ਲਿਖੀ ਕਿਤਾਬ ‘‘ਗੁਰਬਾਣੀ ਪਾਠ ਦਰਸ਼ਨ‘‘ ਵਿੱਚ ਮੰਤਰ ਬਾਰੇ ਪੰਨਾ 230 ਤੇ ਲਿਖਦਾ ਹੈ - ਸੰਤ ਰੇਣ ਨਾਮੀ ਸਾਧ ਨੇ ਗੁਰੂ ਅੰਗਦ ਸਾਹਿਬ ਜੀ ਤੋਂ ਪੁੱਛਿਆ ਕਿ ‘‘ਤੁਹਾਡਾ ਮੂਲ ਮੰਤਰ ਕਿਹੜਾ ਹੈ ? ਗੁਰ ਮੰਤਰ ਕੀ ਹੈ ? ਤੇ ਮਾਲਾ ਮੰਤਰ ਕਿਹੜਾ ਹੈ ?‘‘

ਉਹਨਾਂ ਨੇ ਫਿਰ ਸੰਤ ਰੇਣ ਨੂੰ ਦੱਸਿਆ - ‘‘ਸਾਡਾ ਗੁਰ ਮੰਤਰ ਵਾਹਿਗੁਰੂ ਹੈ, ਮੂਲ ਮੰਤਰ ੴ..... ਹੈ ਤੇ ਮਾਲਾ ਮੰਤਰ ਜਪੁਜੀ ਸਾਹਿਬ ਹੈ। ਕਰਤਾ ਪੁਰਖ ਜੀ ਨੇ ਵ, ਹ, ਗ, ਰ ਦਾ ਨੌਂ ਨੌਂ ਜੁੱਗ ਜਾਪ ਕੀਤਾ। ਫਿਰ ਇਹ ਵਾਹਿਗੁਰੂ ਮੰਤਰ ਬਣਿਆ....‘‘। ਯਾਦ ਰਹੇ ਚਾਰੇ ਜੁੱਗਾਂ ਦੀ ਉਮਰ 43 ਲੱਖ ਸਾਲ ਤੋਂ ਵੱਧ ਬਣਦੀ ਹੈ। ਫਿਰ ਨੌਂ ਨੌਂ ਜੁੱਗਾਂ ਦੀ ਹੋਰ ਜਰਬ ਕਰ ਵੇਖੋ। ਇਹ ਹਨ ਸਿਰੇ ਦੀਆਂ ਗੱਪਾਂ ਜੋ ਅਖੌਤੀ ਸੰਤ, ਲੋਕਾਂ ਅੰਦਰ ਧੱਕ ਰਹੇ ਹਨ। ਗੁਰਬਾਣੀ ਜੁੱਗਾਂ ਨੂੰ ਵਿਸ਼ਨੂੰ ਆਦਿ ਤੇ ਦੇਵੀਆਂ ਨੂੰ ਮਾਨਤਾ ਨਹੀਂ ਦਿੰਦੀ ਨਾ ਹੀ ਇਹਨਾਂ ਦੇਵੀਆਂ ਦੇਵਤਿਆਂ ਨੇ ਮਨੁੱਖਤਾ ਦਾ ਕੋਈ ਪਾਸਾ ਥੰਮ੍ਹਿਆ ਹੈ। ਸਗੋਂ ਇਹ ਸਾਰੇ ਤਾਂ ਹਨ ਹੀ ਕਲਪਿਤ।

ਆਉ ਹੁਣ ਗੁਰਬਾਣੀ ਦੇ ਪਰਮਾਣ ਪੜ੍ਹੀਏ, ਵਿਚਾਰੀਏ ਕਿ ‘‘ਮੂਲ ਮੰਤਰ, ਗੁਰ ਮੰਤਰ, ਮਾਲਾ ਮੰਤਰ‘‘ ਸਿੱਖਾਂ ਵਾਸਤੇ ਕੋਈ ਹੈ ਭੀ ਕਿ ਐਵੇਂ ਮਨਘੜ੍ਹਤ ਸ਼ੋਸ਼ੇ ਹੀ ਛੱਡੇ ਜਾ ਰਹੇ ਹਨ। ਜੇ ਭਾਈ ਗੁਰਦਾਸ ਜੀ ਨੂੰ ਪੁੱਛੀਏ ਕਿ ਦੱਸੋ ਜੀ ਮੂਲ ਮੰਤਰ ਕਿਹੜਾ ਹੈ ? ਤਾਂ ਉਹ ਪੂਰਾ ਨਹੀਂ ਲਿਖਦੇ ਅਧ ਅਧੂਰਾ ਲਿਖਦੇ ਹਨ। ਪੜੋ-

‘‘ਸਤਿਨਾਮ ਕਰਤਾ ਪੁਰਖ ਮੂਲ ਮੰਤਰ ਸਿਮਰਣ ਪਰਵਾਣੋ।।‘‘ (ਵਾਰ-6)

‘‘ਵਾਹਿਗੁਰੂ ਗੁਰ ਮੰਤ੍ਰ ਹੈ ਜਾਪਿ ਹਉਮੈ ਖੋਈ‘‘ ਭੀ ਕਹਿੰਦੇ ਹਨ। ਨਾਲ ਹੀ ‘‘ਸਤਿਨਾਮੁ ਪੜਿ ਮੰਤ੍ਰ ਸੁਣਾਇਆ‘‘ ਭੀ ਲਿਖ ਗਏ ਹਨ। ਅਗੋਂ ਹੋਰ ਵੇਖੋ- ਧ੍ਰਿਗ ਜੀਹਵਾ ਗੁਰ ਸ਼ਬਦ ਵਿਣੁ ਹੋਰ ਮੰਤਰੁ ਸਿਮਰਣੀ (27-10) ਹੋਰ ਲਿਖ ਰਹੇ ਹਨ- ਕੁਰਬਾਣੀ ਤਿਨਾ ਗੁਰਸਿਖਾ ਹੋਇ ਇੱਕ ਮਨ ਗੁਰ ਜਾਪ ਜਪੰਦੇ।।

ਕੁਰਬਾਣੀ ਤਿਨਾ ਗੁਰ ਸਿਖਾ ਗੁਰਬਾਣੀ ਨਿਤ ਗਾਇ ਸੁਣੰਦੇ।। (2-32)

ਸਮੁੱਚੀ ਗੁਰਬਾਣੀ ਦੀ ਉਚਤਾ ਬਾਰੇ ਹੀ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਨਾ ਕਿਸੇ ਇੱਕ ਸ਼ਬਦ ਤੇ ਮੰਤਰ ਬਾਰੇ। ਹੋਰ ਵੇਖੋ-

ਗੁਰਮੁਖਿ ਪੰਥ ਨਿਰੋਲ ਨ ਰੋਲਣ ਰੋਲੀਐ।। ਗੁਰਮੁਖ ਸਬਦ ਅਲੋਲੁ ਪੀ ਅੰਮ੍ਰਿਤ ਘੋਲੀਐ। (19-20)

ਆਉ ਹੁਣ ਗੁਰਬਾਣੀ ਵਿੱਚੋਂ ਮੰਤਰ ਜਾਪ ਜਾਂ ਸਿਮਰਣ ਬਾਰੇ ਪੁੱਛੀਏ। ਸਤਿਗੁਰੂ ਜੀ ਜਾਚ ਦੱਸ ਰਹੇ ਹਨ -

1. ਸ੍ਰਵਣੀ ਸੁਣੀਐ, ਰਸਨਾ ਗਾਈਐ, ਹਿਰਦੈ ਧਿਆਈਐ ਸੋਈ।। ਕਰਣ ਕਾਰਣ ਸਮਰਥ ਸੁਆਮੀ ਜਾਤੇ ਬ੍ਰਿਥਾ ਨਾ ਕੋਈ।। (611)

ਕੰਨਾਂ ਨਾਲ ਉਪਦੇਸ਼ ਸੁਣੋ, ਜ਼ੁਬਾਨ ਦੁਆਰਾ ਉਪਦੇਸ਼ ਨੂੰ ਦ੍ਰਿੜ ਕਰੋ, ਹਿਰਦੇ ਵਿੱਚੋਂ ਸੱਚ ਦੇ ਉਪਦੇਸ਼ ਨੂੰ ਕਦੀ ਭੁਲਾਓ ਨਾ। ਸਿਰਫ ਉਸ ਕਰਣ ਕਾਰਣ ਸਮਰਥ ਪ੍ਰਭੂ ਨੂੰ ਹਿਰਦੇ ਵਿੱਚ ਵਸਾਉ।

2. ਗੁਰ ਕੇ ਚਰਣ ਮਨ ਮਾਹਿ ਵਸਾਇ।। ਦੁਖੁ ਅਨੇਰਾ ਅੰਦਰਹੁ ਜਾਇ।। (1334)

ਇਸ ਪੰਕਤੀ ਵਿੱਚ ਗੁਰੂ ਦੇ ਚਰਣ ਮਨ ਵਿੱਚ ਬਸਾਉਣ ਦਾ ਹੁਕਮ ਹੈ। ਪਰ ਦਸਾਂ ਪਾਤਿਸ਼ਾਹੀਆਂ ਦੇ ਸਰੀਰ ਕਰਕੇ ਤਾਂ ਅੱਜ ਕੋਈ ਚਰਣ ਨਹੀਂ ਹਨ। ਨਿਰੰਕਾਰ ਪ੍ਰਮਾਤਮਾ ਭੀ ਸਰੀਰ ਰਹਿਤ ਹੈ ਉਸਦੇ ਚਰਣ ਹੋਣ ਦਾ ਸਵਾਲ ਹੀ ਨਹੀਂ ਹੈ। ਫਿਰ ਚਰਣ ਕੀ ਹਨ ? ਹਜੂਰ ਇਹ ‘‘ਚਰਣ ਗੁਰ ਉਪਦੇਸ‘‘ ਹਨ।

3. ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ ॥ (680)

ਇਸ ਪ੍ਰਮਾਣ ਵਿੱਚ ਭੀ ਰੱਬ ਜੀ ਦੇ ਚਰਨ ਹਿਰਦੇ ਵਿੱਚ ਵੱਸਣ ਦੀ ਗੱਲ ਆਖੀ ਗਈ ਹੈ, ਮਤਲਬ ਉਪਦੇਸ਼।

4. ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ।। ਆਠ ਪਹਰ ਆਰਾਧੀਐ ਪੂਰਨ ਸਤਿਗੁਰੂ ਗਿਆਨੁ।। (218)

ਹੇ ਰੱਬ ਜੀ! ਸਾਰੇ ਮਾਨਸਿਕ ਰੋਗਾਂ ਨੂੰ ਖਤਮ ਕਰਨ ਵਾਲਾ ਤੇਰਾ ਗਿਆਨ ਹੈ। ਅੱਠੇ ਪਹਰ ਮੈਂ ਤੇਰਾ ਵਿਸ਼ਾਲ ਨਿਅਮ (ਗਿਆਨ) ਸਮਝਕੇ, ਸੁਖੀ ਜੀਵਨ ਬਤੀਤ ਕੀਤਾ ਜਾ ਸਕਦਾ ਹੈ।

5. ਮਹਾਂ ਮੰਤ੍ਰੁ ਗੁਰ ਹਿਰਦੈ ਬਸਿਓ ਅਚਰਜ ਨਾਮ ਸੁਨਿਉਰੀ।। (384)

ਇੱਥੇ ਸਤਿਗੁਰੂ ਜੀ ਨੇ ਗੁਰੂ ਦੇ ਉਪਦੇਸ਼ ਨੂੰ ਹੀ ‘‘ਮਹਾਂ ਮੰਤਰ‘‘ ਕਰਕੇ ਬਿਆਨ ਕੀਤਾ ਹੈ।

6. ਬੀਜ ਮੰਤ੍ਰੁ ਹਰਿ ਕੀਰਤਨ ਗਾਉ।। ਆਗੈ ਮਿਲੀ ਨਿਥਾਵੈ ਥਾਉ।। (391)

ਇਸ ਥਾਂ ਸਤਿਗੁਰੂ ਜੀ ਨੇ ਹਰੀ ਜਸ ਨੂੰ ‘‘ਬੀਜ ਮੰਤਰ‘‘ ਆਖ ਕੇ ਵਡਿਆਇਆ ਹੈ।

7. ‘‘ਬੀਜ ਮੰਤ੍ਰੁ ਸਰਬ ਕੋ ਗਿਆਨੁ।। ਚਹੁ ਵਰਨਾ ਮਹਿ ਜਪੈ ਕੋਉ ਨਾਮੁ।। (ਸੁਖਮਨੀ-9-5)

ਇਸ ਪਰਮਾਣ ਵਿੱਚ ਸਾਹਿਬ ਜੀ ਨੇ ਲੋਕ ਪ੍ਰਲੋਕ ਬਾਰੇ ਸਾਰਾ ਗਿਆਨ, ਰੱਬ ਬਾਰੇ ਤੇ ਉਸ ਦੀ ਕਾਇਨਾਤ ਬਾਰੇ ਸਾਰਾ ਗਿਆਨ ਹਾਸਲ ਕਰਨ ਦੀ ਤਾਕੀਦ ਕੀਤੀ ਹੈ।

8. ਗੁਰ ਕਾ ਬਚਨੁ ਜਪਿ ਮੰਤੁ।। ਏਹਾ ਭਗਤਿ ਸਾਰ ਤਤੁ।। (895)

ਅਸਲੀ ਭਗਤੀ ਇਹੀ ਹੈ ਕਿ ਸਤਿਗੁਰੂ ਜੀ ਦੇ ਹੁਕਮ ਨੂੰ ਸਵੀਕਾਰ ਕਰੋ, ਜੀਵਨ ਵਿੱਚ ਢਾਲੋ।

9. ਮਨ ਮਹਿ ਜਾਪਿ ਭਗਵੰਤੁ।। ਗੁਰਿ ਪੂਰੇ ਇਹੁ ਦੀਨੋ ਮੰਤੁ।। (396)

ਪੂਰੇ ਸਤਿਗੁਰੂ ਨੇ ਇਹ ਉਪਦੇਸ਼ ਦਿੱਤਾ ਹੈ, ਸਦਾ ਰੱਬ ਜੀ ਨੂੰ ਚੇਤੇ ਰੱਖਣਾ ਹੈ।

10. ਗੁਰ ਕੀ ਸੁਰਤਿ ਨਿਕਟਿ ਕਰਿ ਜਾਨੁ।। ਗੁਰ ਕਾ ਸਬਦਿ ਸਤਿ ਕਰਿ ਮਾਨੁ।। (897)

ਆਪਣੀ ਮੱਤ ਨੂੰ ਗੁਰਮਤ ਅਨੁਸਾਰੀ ਬਣਾਉ। ਗੁਰੂ ਉਪਦੇਸ਼ ਨੂੰ ਸੱਤ ਬਚਨ ਮੰਨ ਕੇ ਸਵੀਕਾਰ ਕਰੋ।

11. ਗੁਰ ਕਾ ਉਪਦੇਸ਼ ਸੁਨੀਜੈ।। ਨਾਨਕ ਸੁਖਿ ਸਹਜਿ ਸਮੀਜੈ।। (896)

ਹੇ ਭਾਈ ਸਤਿਗੁਰੂ ਜੀ ਦਾ ਉਪਦੇਸ਼ ਸੁਣੋ ਮੰਨੋ, ਇਸ ਨੂੰ ਸਵੀਕਾਰਨ ਵਿੱਚ ਹੀ ਸਾਰੇ ਸੁੱਖ ਹਨ।

12. ਸਚ ਬਿਨੁ ਸਤੁ ਸੰਤੋਖੁ ਨ ਪਾਵੈ।। ਬਿਨੁ ਗੁਰ ਮੁਕਤਿ ਨ ਆਵੈ ਜਾਵੈ।। ਮੂਲ ਮੰਤ੍ਰੁ ਹਰਿ ਨਾਮੁ ਰਸਾਇਣੁ ਕਹੁ ਨਾਨਕ ਪੂਰਾ ਪਾਇਆ।। (1040)

ਸੱਚਾਈ ਦੇ ਮਾਰਗ ਤੇ ਚੱਲਣਾ, ਸੰਤੋਖੀ ਬਣੇ ਰਹਿਣਾ, ਇਹਨਾਂ ਉਤਮ ਵਿਚਾਰਾਂ ਦਾ ਸਤਿਗੁਰੂ ਤੋਂ ਗਿਆਨ ਮਿਲਦਾ ਹੈ। ਗੁਰੂ ਤੋਂ ਬਗੈਰ ਭਟਕਣਾ ਖਤਮ ਨਹੀਂ ਹੋਵੇਗੀ। ਖਾਸ ਜੀਵਨ ਦਾਤੀ ਸੰਜੀਵਨੀ ਬੂਟੀ ਪ੍ਰਭੂ ਜੀ ਦੀ ਯਾਦ ਅਤੇ ਗੁਣ ਹਨ। ਜਦੋਂ ਗੁਰੂ ਦਰਸਾਏ ਰਾਹ ਤੇ ਮਨੁੱਖ ਚੱਲ ਪਵੇਗਾ, ਸਮਝੋ ਮੂਲ (ਮੁੱਢ) ਨਾਲ ਜੁੜ ਗਿਆ।

13. ਮਾਈ ਚਰਨ ਗੁਰ ਮੀਠੇ।। ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ।। (717)

ਹੇ ਮਾਂ! ਸਤਿਗੁਰੂ ਜੀ ਦੀ ਸ਼ਰਣ ਵਿੱਚ ਰਹਿ ਕੇ ਜੀਵਨ ਬਤੀਤ ਕਰਨਾ ਬਹੁਤ ਚੰਗਾ ਲਗਦਾ ਹੈ। ਜਿਸਦੇ ਵੱਡੇ ਭਾਗ ਹੋਣ ਉਹੀ ਮਨੁੱਖ, ਸਤਿਗੁਰੂ ਦੇ ਗੁਣਾਂ ਨੂੰ ਧਾਰਨ ਕਰਦਾ ਹੈ। ਕਰੋੜਾਂ ਤਰਾਂ ਦੇ ਹੋਰ ਕਰਮਾਂ ਤੋਂ ਉੱਤਮ ਹੈ ਪ੍ਰਭੂ ਜੀ ਦੀ ਯਾਦ ਤੇ ਸਤਿਗੁਰੂ ਜੀ ਦਾ ਉਪਦੇਸ਼।

14. ‘‘ਗੁਰ ਕਹਿਆ‘‘ ਸਾ ਕਾਰ ਕਮਾਵਹੁ।। ਸਬਦੁ ਚੀਨਿ ਸਹਜ ਘਰਿ ਆਵਹੁ।। ਸਾਚੈ ਨਾਇ ਵਡਾਈ ਪਾਵਹੁ।। (832)

ਹੇ ਗੁਰਸਿੱਖੋ! ਜੋ ਸਤਿਗੁਰੂ ਫੁਰਮਾਨ ਕਰਦਾ ਹੈ ਉਸੇ ਤਰ੍ਹਾਂ ਕੰਮ ਕਰੋ। ਗੁਰੂ ਦੇ ਡੂੰਘੇ ਭੇਦ ਵਾਲੇ ਬਚਨ ਨੂੰ ਸਮਝ ਕੇ ਟਿਕਾਉ ਵਿੱਚ ਆ ਸਕੋਗੇ। ਇਸ ਸੱਚਾਈ ਵਾਲੇ ਮਾਰਗ ਤੇ ਚਲਦਿਆਂ ਵਡਿਆਈ ਪਾਉਗੇ।

15. ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮ।। ਹਰਿ ਹਰਿ ਰਸਨਾ ਜੋ ਜਪੈ ਤਿਸੁ ਪੂਰਨ ਕਾਮ।। (401)

ਕੋਈ ਦਾਨ ਪੁੰਨ ਕਰਦਾ ਹੈ, ਕੋਈ ਵਿਸ਼ੇਸ਼ ਮੰਤਰ ਜਾਪਦਾ ਹੈ, ਇਹਨਾਂ ਸਾਰੇ ਕੰਮਾਂ ਤੋਂ ਉਪਰ, ਰੱਬੀ ਯਾਦ ਵਿੱਚ ਬਤੀਤ ਕੀਤਾ, ਨੇਕ ਜੀਵਨ ਹੈ। ਇਸ ਤਰ੍ਹਾਂ ਦੇ ਵਿਅਕਤੀ ਨੇ ਜੀਵਨ ਦੀ ਪੂਰਨਤਾ ਪ੍ਰਾਪਤ ਕਰ ਲਈ ਸਮਝੋ।

16. ‘‘ਗੁਰ ਉਪਦੇਸਿ‘‘ ਜਪੀਐ ਮਨਿ ਸਾਚਾ।। ‘‘ਗੁਰ ਉਪਦੇਸਿ‘‘ ਰਾਮ ਰੰਗਿ ਰਾਚਾ।। ‘‘ਗੁਰ ਉਪਦੇਸਿ‘‘ ਤੁਟਹਿ ਸਭਿ ਬੰਧਨ, ਇਹੁ ਭਰਮੁ ਮੋਹੁ ਪਰ ਜਾਲਣਾ।। (1077)

ਹੇ ਗੁਰਸਿੱਖੋ! ਸਤਿਗੁਰੂ ਦੀ ਸਿੱਖਿਆ ਮੁਤਾਬਕ ਸੱਚੇ ਰੱਬ ਜੀ ਨੂੰ ਹਿਰਦੇ ਵਿੱਚ ਵਸਾਉ। ਗੁਰੂ ਦੀ ਸਿੱਖਿਆ ਰਾਹੀਂ ਰੱਬੀ ਰੰਗ ਵਿੱਚ ਰੰਗੇ ਰਹੋ। ਗੁਰੂ ਦੇ ਉਪਦੇਸ਼ ਨਾਲ ਭਰਮਾ ਵਾਲੇ ਸਾਰੇ ਬੰਧਨ ਟੁੱਟ ਜਾਣਗੇ।

17. ਬੋਲਿ ਹਰਿ ਨਾਮ ਸਫਲ ਸਾ ਘਰੀ।। ‘‘ਗੁਰਉਪਦੇਸਿ‘‘ ਸਭਿ ਦੁਖ ਪਰਹਰੀ।। (1134)

ਅਕਾਲੀ ਨਿਯਮ ਵਿੱਚ ਜੋ ਸਮਾਂ ਬਤੀਤ ਹੋਵੇਗਾ,ਉਹੀ ਸਫਲ ਮੰਨਿਆ ਜਾਵੇਗਾ। ਇਹ ਸੋਝੀ ਗੁਰੂ ਤੋਂ ਪ੍ਰਾਪਤ ਹੁੰਦੀ ਹੈ, ਗੁਰੂ ਵਿਕਾਰਾਂ ਤੋਂ ਮੁਕਤ ਕਰਨ ਦਾ ਤਰੀਕਾ ਦੱਸਦਾ ਹੈ।

18. ਮਨ ਕੀ ਮਤਿ ਤਿਆਗਹੁ ਹਰਿ ਜਨ ਏਹਾ ਬਾਤ ਕਠੈਨੀ।। ਅਨਦਿਨੁ ਹਰਿ ਹਰਿ ਨਾਮੁ ਧਿਆਵਹੁ ਗੁਰ ਸਤਿਗੁਰ ਕੀ ਮਤਿ ਲੈਨੀ।। (800)

ਹੇ ਭਾਈ, ਆਪਣੇ ਮਨ ਦੀ ਛੋਟੀ ਮਤ ਨੂੰ ਤਿਆਗ ਦਿਓ, ਇਹ ਗੱਲ ਬੜੀ ਔਖੀ ਲੱਗੇਗੀ। ਨਿਤਾਪ੍ਰਤੀ ਪਰਮੇਸ਼ਰ ਨੂੰ ਯਾਦ ਰੱਖੋ, ਸਤਿਗੁਰੂ ਦੀ ਬਖਸ਼ੀ ਮੱਤ ਬੁੱਧ ਧਾਰਨ ਕਰੋ, ਇਹੀ ਅਸਲ ਜੀਵਨ ਜਾਚ ਹੈ।

19. ਅਉਖਧ ਮੰਤ੍ਰ ਤੰਤ੍ਰ ਸਭ ਛਾਰੁ।। ਕਰਣੈਹਾਰ ਰਿਦੈ ਮਹਿ ਧਾਰੁ।। (196)

ਕਹਿ ਕਬੀਰ ਜਾਕਾ ਨਹੀ ਅੰਤ।। ਤਿਸਕੇ ਆਗੇ ਤੰਤੁ ਨ ਮੰਤੁ।। (971)

ਵਾਹਿਗੁਰੂ ਜੀ ਨੂੰ ਸਦਾ ਹਿਰਦੇ ਵਿੱਚ ਯਾਦ ਰੱਖੋ, ਹੋਰ ਸਾਰੇ ਮੰਤਰ ਤੰਤਰ ਉਹੜ ਖੋਹੜ ਮਾਮੂਲੀ ਹਨ, ਕੇਵਲ ਸੁਆਹ ਦੀ ਨਿਆਈ! ਪਰਮੇਸ਼ਰ ਜੋ ਬੇਅੰਤ ਗੁਣਾਂ ਬਰਕਤਾਂ ਦਾ ਮਾਲਕ ਹੈ ਉਸ ਦੀ ਯਾਦ ਹੀ ਅਸਲੀ ਮੰਤਰ ਹੈ। ਹੋਰ ਕੋਈ ਮੰਤਰ ਆਦਿ ਉਸ ਤੋਂ ਉੱਤਮ ਨਹੀਂ ਹੋ ਸਕਦੇ।

20. ਕੁਬੁਧਿ ਮਿਟੇ ਗੁਰ ਸਬਦੁ ਬੀਚਾਰਿ।। ਸਤਿਗੁਰ ਭੇਟੈ ਮੋਖ ਦੁਆਰ।। ਤਤੁ ਨ ਚੀਲੈ ਮਨਮੁਖੁ ਜਲਿ ਜਾਇ।। ਦੁਰਮਤਿ ਵਿਛੁੜਿ ਚੋਟਾ ਖਾਇ।। (944)

ਹੇ ਪਿਆਰਿਓ! ਗੁਰੂ ਦੇ ਸ਼ਬਦ (ਗੁਰਬਾਣੀ) ਨੂੰ ਵਿਚਾਰ-ਸਮਝਕੇ ਪੜ੍ਹੋ। ਇਸ ਤਰ੍ਹਾਂ ਸਤਿਗੁਰੂ ਜੀ ਦੀ ਆਖੀ ਗੱਲ ਸਮਝ ਆ ਜਾਵੇਗੀ। ਮਨਮੁੱਖ ਇਨਸਾਨ ਪਤੇ ਦੀ ਗੱਲ ਨਹੀਂ ਸਮਝਦਾ। ਇਸ ਤਰ੍ਹਾਂ ਅੰਦਰੋਂ ਸੜਿਆ ਭੁੱਜਿਆ ਰਹਿੰਦਾ ਹੈ। ਭੈੜੀ ਮੱਤ ਕਾਰਨ ਸਤਿਗੁਰੂ ਤੋਂ (ਵਿਚਾਰਾਂ ਕਰਕੇ) ਦੂਰੀ ਬਣੀ ਰਹਿੰਦੀ ਹੈ। ਇਸੇ ਕਾਰਨ ਵਿਛੋੜੇ ਦਾ ਦੁੱਖ ਭੀ ਸਹਿੰਦਾ ਹੈ, ਅਤੇ ਸੰਸਾਰ ਵਿੱਚ ਭੀ ਲਗਾਤਾਰ ਠੋਕਰਾਂ ਖਾਂਦਾ ਦੁਖੀ ਹੁੰਦਾ ਹੈ।

ਆਖਰੀ ਨਿਚੋੜ - ਪਾਠਕ ਜਨੋ! ਤੁਸੀਂ ਗੁਰਬਾਣੀ ਪਰਮਾਣਾਂ ਸਹਿਤ ਪੜ੍ਹ ਲਿਆ, ਗੁਰਬਾਣੀ ਵਿੱਚ, ‘‘ਮੰਤਰ, ਬੀਜ ਮੰਤਰ, ਮਹਾਂਮੰਤਰ, ਮੂਲ ਮੰਤਰ‘‘ ਸਤਿਗੁਰੂ ਦੇ ਉਪਦੇਸ਼ ਵਾਸਤੇ ਆਇਆ ਹੈ। ਗੁਰਮਤ ਵਿੱਚ ਕਿਸੇ ਮੰਤਰ ਜਾਪ ਲਈ ਕੋਈ ਥਾਂ ਨਹੀਂ, ਭਾਵੇਂ ਉਹ ਗੁਰਬਾਣੀ ਵਿੱਚੋਂ ਹੀ ਲਿਆ ਹੋਇਆ ਹੋਵੇ। ਇੱਥੇ ਤਾਂ ਸਤਿਗੁਰੂ ਜੀ ਦੇ ਹੁਕਮ ਨੂੰ ਸਮਝ ਵਿਚਾਰ ਕੇ ਉਸ ਅਨੁਸਾਰ ਜੀਵਨ ਚਲਣ ਬਣਾਉਣਾ ਹੈ। ਗੁਰੂ ਸਾਹਿਬਾਨ ਨੇ ਜ਼ੁਲਮ ਦਾ ਖਾਤਮਾ ਮੰਤਰਾਂ ਨਾਲ ਨਹੀਂ, ਸਿਆਣਪ ਅਤੇ ਹਿੰਮਤ ਨਾਲ ਕੀਤਾ ਸੀ। ਸਿੱਖਾਂ ਨੇ ਅਣਗਿਣਤ ਮੁਸੀਬਤਾਂ ਪਿੰਡੇ ਤੇ ਝੱਲੀਆਂ ਸਨ। ਮੰਤਰ ਜਾਪਾਂ ਨਾਲ, ਬਾਬਰ, ਜਹਾਂਗੀਰ, ਔਰੰਗਜ਼ੇਬ, ਨਾਦਰ, ਅਹਿਮਦਸ਼ਾਹ, ਜ਼ਕਰੀਆ ਖਾਨ ਆਦਿ ਨਹੀਂ ਮਰੇ। ਮੰਤਰ ਜਾਪਾਂ ਵਿੱਚ ਪਾ ਕੇ ਸਿੱਖਾਂ ਨੂੰ ਮੂਰਖ ਤੇ ਬੁਜ਼ਦਿਲ ਬਣਾਇਆ ਜਾ ਰਿਹਾ ਹੈ। ਡੇਰਿਆਂ ਵਾਲੇ, ਟਕਸਾਲਾਂ ਵਾਲੇ, ਜਥਿਆਂ ਵਾਲੇ ਸਿੱਖ ਪੰਥ ਨੂੰ ਇਸ ਹਨੇਰੀ ਖੱਡ ਵੱਲ ਧਕਦੇ ਚਲੇ ਜਾ ਰਹੇ ਹਨ। ਇਸ ਦੂਲੇ ਪੰਥ ਨੂੰ ਇੱਕ ਨਿਰੰਕਾਰ ਦੇ ਲੜ ਲਾਇਆ ਸੀ ਸਤਿਗੁਰੂ ਜੀ ਨੇ।

ਅੱਜ ਹਰ ਮੱਠਾਧਾਰੀ, ਡੇਰੇਦਾਰ ਤੇ ਜਥੇਦਾਰ ਖੁਦ ਹੀ ਖੁਦਾ ਬਣ ਬੈਠਾ ਹੈ। ਪਾਠਾਂ ਜਾਪਾਂ ਦੀਆਂ ਅਨੇਕ ਵਿਧੀਆਂ ਪ੍ਰਚੱਲਤ ਕਰ ਦਿੱਤੀਆਂ ਹਨ। ਇਹਨਾਂ ਮੰਤਰਾਂ ਪਾਠਾਂ ਨਾਲ, ਸਾਰੇ ਵਿਗੜੇ ਕਾਰਜਾਂ ਦੀ ਸਫਲਤਾ ਦੀ ਗਰੰਟੀ ਵੇਚੀ ਜਾ ਰਹੀ ਹੈ। ‘‘ਸੰਤਾਂ ਹੱਥ ਸਤਿਗੁਰੂ ਚਾਬੀ ਸੌਂਪ ਗਏ ਹਨ‘‘ ਪਰਚਾਰਿਆ ਜਾ ਰਿਹਾ ਹੈ - ‘‘ਅਨਹਤ ਬਾਣੀ ਪੂੰਜੀ।। ਸੰਤਨ ਹਥਿ ਰਾਖੀ ਕੁੰਜੀ‘‘ ਪੰਕਤੀ ਸੁਣਾ ਕੇ ਸਿੱਖਾਂ ਨੂੰ ਗੁਰੂ ਨਾਲੋਂ ਵਿਛੋੜ ਕੇ ਕੱਚੇ ਪਿੱਲੇ ਵਿਅਕਤੀਆਂ ਨੂੰ ਸੇਵਕ ਬਣਾਇਆ ਜਾ ਰਿਹਾ ਹੈ। ਜਦੋਂ ਕਿ ਇਸ ਪੰਕਤੀ ਦੇ ਅਰਥ ਇਉਂ ਹਨ - ਕੁਦਰਤ ਦਾ ਅਨਹਤ (ਛੋਹ ਤੋਂ ਬਿਨਾ -ਰੱਬੀ ਗੀਤ) ਨਾਦ ਗੁਰੂ ਦੀ ਪਾਵਨ ਬਾਣੀ ਵਿੱਚੋਂ ਪ੍ਰਗਟ ਹੋ ਰਿਹਾ ਹੈ। ਗੁਰੂ ਦੇ ਰਾਹੀਂ ਇਸਦੀ ਸਮਝ ਪੈਂਦੀ ਹੈ।

ਇੱਕ ਹੋਰ ਸ਼ਬਦ ਵਿੱਚ ਸਤਿਗੁਰੂ ਇਸ ਗੁੰਝਲ ਨੂੰ ਸਾਫ ਕਰਦੇ ਹੋਏ ਇਸ ਤਰ੍ਹਾਂ ਸੇਧ ਬਖਸ਼ ਰਹੇ ਹਨ :

ਗੁਰੁ ਕੁੰਜੀ, ਪਾਹੂ ਨਿਵਲੁ, ਮਨੁ ਕੋਠਾ, ਤਨ ਛਤਿ।। ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ।। (1237)

ਗੁਰੂ ਦਾ ਗਿਆਨ ਚਾਬੀ ਹੈ, ਪੈਰਾਂ ਵਿੱਚ ਵਿਕਾਰਾਂ ਦੀਆਂ ਬੇੜੀਆਂ ਹਨ ਮਨ ਤਨ ਵਿਕਾਰਾਂ ਵਿੱਚ ਗ੍ਰਸੇ ਹੋਏ ਹਨ। ਹੇ ਨਾਨਕ ਮਨ ਤਨ ਦੇ ਬੰਦ ਤਾਲੇ (ਵਿਕਾਰ) ਕੇਵਲ ਗੁਰੂ ਦੇ ਗਿਆਨ ਰਾਹੀਂ ਖੁੱਲਦੇ ਹਨ। ਹੋਰ ਕੋਈ ਇੰਨਾ ਸਮਰੱਥ ਨਹੀਂ ਕਿ ਮਨੁੱਖਤਾ ਨੂੰ ਸਹੀ ਗਿਆਨ ਦੇ ਸਕੇ।

ਹੋਰ ਵੇਖੋ - ਸਤਿਗੁਰ ਦਾਤਾ ਨਾਮ ਕਾ ਹੋਰੁ ਦਾਤਾ ਕੋਈ ਨਾਹੀ।। (1258)

ਅਖੀਰ ਵਿੱਚ ਇੱਕ ਪ੍ਰਭੂ ਨਾਲ ਨੇੜਤਾ ਬਾਰੇ ਇੱਕ ਗੁਰਬਾਣੀ ਉਪਦੇਸ਼ ਲਿਖਕੇ ਸਮਾਪਤ ਕਰਦੇ ਹਾਂ -

ਹਰਿ ਇੱਕੋ, ਕਰਤਾ ਇੱਕੁ, ਇੱਕੋ ਦੀਬਾਣੁ ਹਰਿ।। ਹਰਿ ਇੱਕਸੈ ਦਾ ਹੈ ਅਮਰੁ, ਇੱਕੋ ਹਰਿ ਚਿਤਿ ਧਰਿ।।
ਹਿਰ ਤਿਸੁ ਬਿਨ ਕੋਈ ਨਾਇ, ਡਰੁ ਭ੍ਰਮੁ ਭਉ ਦੂਰਿ ਕਰਿ।। ਹਰਿ ਤਿਸੈ ਨੋ ਸਾਲਾਹਿ, ਜਿ ਤੁਧੁ ਰਖੇ ਬਾਹਰਿ ਘਰਿ।।
ਹਰਿ ਜਿਸਨੋ ਹੋਇ ਦਇਆਲੁ ਸੋ ਹਰਿ ਜਾਪਿ ਭਉ ਬਿਖਮੁ ਤਰਿ।। (
83)

ਪਾਠਾਂ ਮੰਤਰਾਂ ਜਾਪਾਂ ਦੇ ਗੋਰਖ ਧੰਦੇ ਵਿੱਚ ਬੇਅੰਤ ਸਮਾਂ ਤੇ ਅਥਾਹ ਧਨ ਬਰਬਾਦ ਹੋ ਚੁੱਕਿਆ ਹੈ। ਡੇਰੇਦਾਰਾਂ ਦੀਆਂ ਕੋਠੀਆਂ ਉਸਰ ਰਹੀਆਂ ਨੇ, ਤਜੋਰੀਆਂ ਨਕਾ ਨਕ ਭਰ ਗਈਆਂ ਹਨ। ਸਿੱਖ ਹੋਰ ਕਰਮਕਾਂਡੀ, ਵਹਿਮ ਗ੍ਰਸਤ ਤੇ ਕੰਗਾਲ ਹੁੰਦਾ ਜਾ ਰਿਹਾ ਹੈ। ਇਹ ਹਨ ਕੁੱਝ ਕਾਰਣ ਸਾਡਾ ਬੇੜਾ ਗਰਕ ਹੋਣ ਦੇ। ਇਸ ਬੇੜੇ ਨੂੰ ਡੁੱਬਣੋ ਬਚਾਉਣ ਲਈ ਗੁਰਬਾਣੀ ਦਾ ਗਿਆਨ, ਇਤਿਹਾਸ ਦੀ ਸਮਝ, ਗੁਰਮਤ ਫਿਲਾਸਫੀ, ਰਹਿਤ ਮਰਿਆਦਾ ਬਾਰੇ, ਹਰ ਸਿੱਖ ਮਾਈ ਭਾਈ ਜਿਤਨੀ ਦੇਰ ਚੇਤੰਨ ਨਹੀਂ ਹੁੰਦਾ, ਉਨੀ ਦੇਰ ਪਾਖੰਡੀਆਂ ਦੇ ਜਕੜਬੰਦ ‘ਚੋਂ ਨਿਕਲ ਨਹੀਂ ਸਕਾਂਗੇ।

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top