Share on Facebook

Main News Page

ਸਿੱਖ ਟੀ ਵੀ ਚੈਨਲ ਅਤੇ ਸਿੱਖੀ ਸਿਧਾਂਤ
-: ਪ੍ਰੋ. ਕਸ਼ਮੀਰਾ ਸਿੰਘ USA

ਅਜੋਕੇ ਸਮੇਂ ਵਿੱਚ ਟੈਲੀਵਿਜ਼ਨ ਵਿਚਾਰਾਂ ਨੂੰ ਪ੍ਰਸਾਰਤ ਕਰਨ ਦਾ ਬਹੁਤ ਹੀ ਸ਼ਕਤੀਸ਼ਾਲੀ ਮਾਧਿਅਮ ਬਣ ਚੁੱਕਾ ਹੈ। ਜਿਹੜੀ ਗੱਲ ਕੋਈ ਪ੍ਰਚਾਰਕ ਬਰਾਡਕਾਸਟ ਤੋਂ ਬਿਨਾਂ ਸੈਂਕੜੇ ਲੋਕਾਂ ਨੂੰ ਸੁਣਾ ਸਕਦਾ ਹੈ ਉਹ ਟੈਲੀਵਿਜ਼ਨ ਰਾਹੀਂ ਹਜ਼ਾਰਾਂ ਲੋਕਾਂ ਤਕ ਦੂਰ ਦੁਰਾਡੇ ਥਾਵਾਂ ਉੱਤੇ ਪਹੁੰਚ ਜਾਂਦੀ ਹੈ। ਦੇਖਣ ਵਿੱਚ ਆ ਰਿਹਾ ਹੈ ਕਿ ਬਹੁਤ ਸਾਰੇ ਸਿੱਖ ਚੈਨਲ ਹੋਂਦ ਵਿੱਚ ਆ ਚੁੱਕੇ ਹਨ, ਜੋ ਬੜੀ ਚੰਗੀ ਗੱਲ ਹੈ।

ਜਿਹੜਾ ਸੰਦੇਸ਼ ਇੰਟਰਨੈੱਟ ਰਾਹੀਂ ਗਿਣਤੀ ਦੇ ਪੜ੍ਹੇ ਲਿਖੇ ਲੋਕਾਂ ਤੱਕ ਹੀ ਪਹੁੰਚਦਾ ਹੈ, ਭਾਵੇਂ ਕਿੰਨਾ ਚੰਗਾ ਕਿਉਂ ਨਾ ਹੋਵੇ, ਉਹ ਸੰਦੇਸ਼ ਹਜ਼ਾਰਾਂ ਆਮ ਤੇ ਖ਼ਾਸ ਲੋਕਾਂ ਵਿੱਚ ਟੀ ਵੀ ਰਾਹੀਂ ਸਹਿਜੇ ਹੀ ਪਹੁੰਚ ਜਾਂਦਾ ਹੈ। ਬਹੁਤ ਸਾਰੀਆਂ ਚੰਗੀਆਂ ਵੈਬਸਾਈਟਸ ਹਨ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਸੱਚ ਅਤੇ ਝੂਠ ਦਾ ਨਿਤਾਰਾ ਕਰ ਕੇ ਸਿੱਖ ਸੰਗਤਾਂ ਨੂੰ ਜਾਗਰੂਕ ਕਰ ਰਹੀਆਂ ਹਨ, ਪਰ ਸਾਰਿਆਂ ਦੀ ਇਨ੍ਹਾਂ ਤਕ ਪਹੁੰਚ ਨਹੀਂ ਹੈ।

ਸਿੱਖ ਚੈਨਲ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸੱਚ ਨੂੰ ਮੁੱਖ ਰੱਖ ਕੇ ਪ੍ਰੋਗ੍ਰਾਮ ਪੇਸ਼ ਕਰਨ ਤਾਂ ਸਹੀ ਸਿੱਖੀ ਪ੍ਰਚਾਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਜਾ ਸਕਦਾ ਹੈ। ਸਿੱਖ ਚੈਨਲਾਂ ਦੇ ਪ੍ਰਬੰਧਕਾਂ ਵਿੱਚ ਗੁਰਮਤ ਪੱਖੋਂ ਬਹੁਤ ਹੀ ਪੜ੍ਹੇ ਲਿਖੇ ਅਤੇ ਸੂਝਵਾਨ ਸਿੱਖ ਵਿਦਵਾਨ ਹੋਣੇ ਚਾਹੀਦੇ ਹਨ, ਤਾਂ ਜੁ ਉਹ ਪੇਸ਼ ਕੀਤੇ ਜਾਣ ਵਾਲ਼ੇ ਪ੍ਰੋਗ੍ਰਾਮ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸ਼ਵੱਟੀ ਉੱਤੇ ਪਰਖ ਸਕਣ। ਇਸ ਕੰਮ ਲਈ ਉੱਚ ਕੋਟੀ ਦੀ ਇੱਕ ਵਧੀਆ ਲਾਇਬ੍ਰੇਰੀ ਤਕ ਪ੍ਰਬੰਧਕਾਂ ਦੀ ਜ਼ਰੂਰ ਪਹੁੰਚ ਹੋਣੀ ਚਾਹੀਦੀ ਹੈ। ਪੜ੍ਹੇ ਲਿਖੇ ਸਿੱਖ ਵਿਦਵਾਨਾਂ ਦੀ ਕੋਈ ਘਾਟ ਨਹੀਂ ਹੈ। ਲੋੜ ਹੈ ਉਨ੍ਹਾਂ ਨੂੰ ਸਿੱਖ ਚੈਨਲਾਂ ਦੇ ਪ੍ਰਬੰਧ ਵਿੱਚ ਜੋੜਨ ਦੀ।

ਕਈ ਸਿੱਖ ਚੈਨਲਾਂ ਵਲੋਂ ਗੁਰਮਤਿ ਅਤੇ ਮਨਮਤਿ ਦੇ ਦੋਵੇਂ ਹੀ ਪ੍ਰੋਗ੍ਰਾਮ ਕੀਤੇ ਜਾ ਰਹੇ ਹਨ। ਜਿਹੜੀਆਂ ਕੱਚੀਆਂ ਰਚਨਾਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਉਲ਼ਟ ਬਿਨਾਂ ਸੋਚੇ, ਸਮਝੇ ਅਤੇ ਵਿਚਾਰੇ ਗ਼ਲਤ ਲਕੀਰ ਦੇ ਫ਼ਕੀਰ ਹੋ ਕੇ ਪਾਠ ਅਤੇ ਕੀਰਤਨ ਵਿੱਚ ਸਿੱਖ ਚੈਨਲਾਂ ਉੱਤੇ ਦਿਖਾਈਆਂ ਜਾ ਰਹੀਆਂ ਹਨ, ਉਹ ਰਚਨਾਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਬਹੁਤ ਠੇਸ ਪਹੁੰਚਾ ਰਹੀਆਂ ਹਨ। ਧੰਨੁ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਨੇ ਸਿੱਖ ਕੌਮ ਨੂੰ ਕੇਵਲ ਤੇ ਕੇਵਲ ਇੱਕੋ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ। ‘ਆਦਿ ਬੀੜ’ ਵਿੱਚ ਆਪਣੇ ਪਿਤਾ ਜੀ ਦੀ ਰਚਨਾ ਦਰਜ ਕਰਾਉਣ ਵਾਲ਼ੇ ਵੀ ਦਸਵੇਂ ਪਾਤਿਸ਼ਾਹ ਹੀ ਸਨ ਜਿਨ੍ਹਾਂ ਨੇ ਆਪਣੇ ਸਮੇਤ ਕਿਸੇ ਵੀ ਗੁਰੂ ਪਾਤਿਸ਼ਾਹ ਦੀ ਬਾਣੀ ਨੂੰ ਦਮਦਮੀ ਬੀੜ ਤੋਂ ਬਾਹਰ ਨਹੀਂ ਰੱਖਿਆ।

ਸਿੱਖਾਂ ਨਾਲ਼ ਪਹਿਲਾ ਧੋਖਾ ਹੋ ਗਿਆ:
ਇੱਕ ਵਿਸ਼ੇਸ਼ ਬ੍ਰਾਹਮਣਵਾਦੀ ਪ੍ਰਭਾਵ ਅਧੀਨ ਕੁੱਝ ਕੱਚੀਆਂ ਰਚਨਾਵਾਂ ਸਿੱਖਾਂ ਨੂੰ ਨਿੱਤ ਪੜ੍ਹਾਉਣ ਲਈ ਸ਼੍ਰੋ ਕਮੇਟੀ ਦੁਆਰਾ ਸੰਨ 1931 ਤੋਂ 1945 {ਆਰ.ਐੱਸ.ਐੱਸ ਸੰਸਥਾ ਸੰਨ 1925 ਵਿੱਚ ਪਹਿਲਾਂ ਹੀ ਬਣ ਚੁੱਕੀ ਸੀ) ਤੱਕ ਬਣੀ ਸਿੱਖ ਰਹਿਤ ਮਰਯਾਦਾ ਵਿੱਚ ਪਾ ਦਿੱਤੀਆਂ ਗਈਆਂ। ਇਸ ਤਰ੍ਹਾਂ ਪੰਜਵੇਂ ਪਾਤਿਸ਼ਾਹ ਜੀ ਦਾ ਸਿੱਖ ਕੌਮ ਨੂੰ ਦਿੱਤਾ ਗਿਆ ਨਿੱਤ-ਨੇਮ ਭੰਗ ਕਰ ਦਿੱਤਾ ਗਿਆ। ਇਹ ਨਿੱਤ-ਨੇਮ ਛਾਪੇ ਦੀ ਬੀੜ ਦੇ ਪਹਿਲੇ 13 ਪੰਨਿਆਂ ਉੱਤੇ ਦਿੱਤਾ ਗਿਆ ਹੈ, ਜਿਸ ਨੂੰ ਦਸਵੇਂ ਪਾਤਿਸ਼ਾਹ ਨੇ ਵੀ ਓਦੋਂ ਪ੍ਰਵਾਨਗੀ ਦਿੱਤੀ ਜਦੋਂ ਉਨ੍ਹਾਂ ਨੇ ਆਪਣੇ ਪਿਤਾ ਜੀ ਦੀ ਬਾਣੀ ਦਰਜ ਕਰਾਉਣ ਸਮੇਂ ਇਸ ਨਿੱਤ-ਨੇਮ ਨੂੰ ਕਿਸੇ ਤਰ੍ਹਾਂ ਵੀ ਨਹੀਂ ਬਦਲਿਆ ਸੀ।

ਸਿੱਖਾਂ ਨਾਲ਼ ਦੂਜਾ ਧੋਖਾ ਹੋ ਗਿਆ:
ਜਿੱਥੇ ਪੰਜਵੇਂ ਗੁਰੂ ਜੀ ਦਾ ਬਣਾਇਆ ਅਤੇ ਦਸਵੇਂ ਗੁਰੂ ਜੀ ਤੋਂ ਪ੍ਰਵਾਨਤ ਸਿੱਖ ਕੌਮ ਦਾ ਨਿੱਤ-ਨੇਮ ਬਦਲ ਦਿੱਤਾ ਗਿਆ, ਉਥੇ ਸਿੱਖਾਂ ਦੇ ਨਿੱਤ-ਨੇਮ ਦੀ ਅਰਦਾਸਿ ਵਿੱਚ ਵੀ ਬ੍ਰਾਹਮਣਵਾਦੀ ਅੰਸ਼ ਜੋੜ ਦਿੱਤੇ ਗਏ। ‘ਦੁਰਗਾ ਕੀ ਵਾਰ’ ਦੇ ਪਾਠ ਵਾਲ਼ੀ ਪਹਿਲੀ ਪਉੜੀ ਨੂੰ ਸਿੱਖ ਅਰਦਾਸਿ ਦੇ ਪਹਿਲਾਂ ਵਾਰ ਦਾ ਨਾਂ ਬਦਲ ਕੇ ਲਿਖ ਦਿੱਤਾ ਗਿਆ, ਤਾਂ ਜੁ ਹਰ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੜ੍ਹ ਕੇ ਝੂਠ ਬੋਲ ਕੇ ਦੁਰਗਾ ਦੇਵੀ ਨੂੰ ਨਮਸਕਾਰ ਕਰਕੇ ਫਿਰ ਅੱਗੇ ਤੁਰੇ।

ਸਿੱਖ ਟੀ ਵੀ ਚੈਨਲਾਂ 'ਤੇ ਕੀ ਚੱਲ ਰਿਹਾ ਹੈ? ਕੀ ਹੋਣਾ ਚਾਹੀਦਾ ਹੈ?

1. ਧੰਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲ਼ਾ ਪਹਿਲੇ 13 ਪੰਨਿਆਂ ਦੇ ਨਿੱਤ-ਨੇਮ ਦੀ ਥਾਂ ਬ੍ਰਾਹਣਵਾਦੀ ਅੰਸ਼ਾਂ ਵਾਲ਼ਾ ਨਿੱਤ-ਨੇਮ ਲਾਈਵ ਦਿਖਾਇਆ ਜਾ ਰਿਹਾ ਹੈ, ਜੋ ਬਹੁਤ ਹੀ ਗ਼ਲਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਦਾ ਜ਼ਰਾ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ ਤੇ ਕੱਚੀਆਂ ਰਚਨਾਵਾਂ ਨੂੰ ਸੱਚੀ ਬਾਣੀ ਨਾਲ਼ ਰਲ਼ਾ ਕੇ ਸੱਚੀ ਬਾਣੀ ਦੀ ਨਿਰਾਦਰੀ ਕੀਤੀ ਜਾ ਰਹੀ ਹੈ। ਇਸ ਗ਼ਲਤ ਕਰਮ ਨਾਲ਼ ਜਾਗਰੂਕ ਸਿੱਖਾਂ ਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਉੱਚਤਾ ਲਈ ਕੀਤੇ ਯਤਨਾ ਨੂੰ ਬਹੁਤ ਠੇਸ ਪਹੁੰਚਾਈ ਜਾ ਰਹੀ ਹੈ। ਕਿਸੇ ਨੂੰ ਕੋਈ ਹੱਕ ਨਹੀਂ ਕਿ ਉਹ ਗੁਰੂ ਪਾਤਿਸ਼ਾਹਾਂ ਦੁਆਰਾ ਬਣਾਇਆ ਨਿੱਤ-ਨੇਮ ਭੰਗ ਕਰੇ। ਨਾ ਇਹ ਹੱਕ ਸ਼੍ਰੋ ਕਮੇਟੀ ਨੂੰ ਸੀ, ਨਾ ਇਹ ਹੱਕ ਪੰਜ ਪਿਆਰਿਆਂ ਕੋਲ਼ ਹੈ, ਨਾ ਇਹ ਹੱਕ ਕਿਸੇ ਧਾਰਮਿਕ ਸਥਾਨ ਦੇ ਕਿਸੇ ਜਥੇਦਾਰ ਨੂੰ ਹੈ। ਗੁਰੂ ਹੀ ਸਰਬ-ਉੱਚ ਹੈ ਬਾਕੀ ਸੱਭ ਥੱਲੇ ਹਨ। ਗੁਰੂ ਪਾਤਿਸ਼ਾਹਾਂ ਵਲੋਂ ਬਣਾਏ ਨਿੱਤ-ਨੇਮ ਨੂੰ ਭੰਗ ਕਰਕੇ ਉਨ੍ਹਾਂ ਦੀ ਕਰਣੀ ਵਿੱਚ ਦਖ਼ਲ ਦਿੱਤਾ ਜਾ ਚੁੱਕਾ ਹੈ। ਸਿੱਖ ਚੈਨਲਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲ਼ਾ ਨਿੱਤ-ਨੇਮ ਹੀ ਲਾਈਵ ਟੈਲੀਕਾਸਟ ਵਿੱਚ ਦਿਖਾਉਣਾ ਚਾਹੀਦਾ ਹੈ, ਇਹ ਉਨ੍ਹਾਂ ਪ੍ਰਤੀ ਬੇਨਤੀ ਹੈ। ਗ੍ਰੰਥੀ ਸਿੰਘ ਵੀ ਆਪਣਾ ਫ਼ਰਜ਼ ਪਛਾਨਣ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲ਼ਾ ਨਿੱਤ-ਨੇਮ ਹੀ ਲਾਈਵ ਟੈਲੀਕਾਸਟ ਤੇ ਸੁਣਾਉਣ।

2. ਸਿੱਖ ਚੈਨਲਾਂ ਨੂੰ ਅਰਦਾਸਿ ਵਿੱਚ ਦੁਰਗਾ ਦੇਵੀ ਦੇ ਪਾਠ ਵਾਲ਼ੀ ਪਉੜੀ ਨਹੀਂ ਸੁਣਾਉਣੀ ਚਾਹੀਦੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੀ ਅਰਦਾਸਿ ਵਾਲ਼ੀਆਂ ਇਕ-ਦੋ ਪੰਕਤੀਆਂ ਪੜ੍ਹ ਕੇ ਗੁਰੂ ਪਾਤਿਸ਼ਾਹਾਂ ਦੇ ਨਾਂ ਲੈ ਕੇ ਅਰਦਾਸਿ ਸ਼ੁਰੂ ਕਰਨੀ ਚਾਹੀਦੀ ਹੈ।

ਦੁਰਗਾ ਦੇਵੀ ਜਾਂ ਭਗਉਤੀ ਮਾਈ ਦਾ ਸਿੱਖਾਂ ਨਾਲ਼ ਕੋਈ ਸੰਬੰਧ ਨਹੀਂ। ਦੁਰਗਾ ਅਤੇ ਭਗਉਤੀ (ਭਗਵਤੀ) ਦੇ ਮੰਦਰ ਥਾਂ ਥਾਂ ਬਣੇ ਹੋਏ, ਇਸ ਗੱਲ ਦਾ ਸਬੂਤ ਹਨ ਕਿ ਇਹ ਦੇਵੀਆਂ ਹਨ ਅਤੇ ਪਾਰਬਤੀ ਦੇ ਹੀ ਇਹ ਵੱਖ-ਵੱਖ ਰੂਪ ਹਨ।

ਕਾਲਕਾ ਦੇਵੀ, ਭਵਾਨੀ, ਗਿਰਜਾ, ਲਾਟਾਂ ਵਾਲ਼ੀ, ਜੋਤਾਂ ਵਾਲੀ, ਕਾਲ਼ੀ, ਸ਼ਿਵਾ, ਦੁਰਗਸ਼ਾਹ ਆਦਿਕ ਪਾਰਬਤੀ ਦੇ ਹੀ ਰੂਪ ਹਨ।

ਸਮੂਹ ਸਿੱਖ ਚੈਨਲ ਪ੍ਰਬੰਧਕਾਂ ਪ੍ਰਤੀ ਬੇਨਤੀ: ਜੇ ਸੱਚ-ਮੁੱਚ ਹੀ ਸਿੱਖੀ ਦੇ ਅਲੰਬਰਦਾਰ ਹੋ ਤਾਂ ਸੱਚ ਦੀ ਆਵਾਜ਼ ਬੁਲੰਦ ਕਰੋ। ਸੱਚੀ ਅਤੇ ਕੱਚੀ ਬਾਣੀ ਦੀ ਬਿਬੇਕ ਬੁੱਧੀ ਨਾਲ਼ ਪਛਾਣ ਕਰੋ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੇ ਪਹਿਰਾ ਦਿਓ। ਸਿੱਖ ਕੌਮ ਦਾ ਕੇਵਲ ਇੱਕ ਹੀ ਗੁਰੂ ਹੈ ਉਸ ਦੀ ਪਛਾਣ ਕਰੋ। ਆਪਣੇ ਦੋ ਪਿਓ ਮੰਨ ਕੇ ਨਾ ਤੁਰੋ, ਇੱਕੋ ਪਿਓ ਹੀ ਧੰਨੁ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਿਸਾਹ ਜੀ ਨੇ ਸਿੱਖ ਕੌਮ ਨੂੰ ਦਿੱਤਾ ਹੈ, ਉਸ ਦੀ ਬਾਣੀ ਹੀ ਸੱਚੀ ਬਾਣੀ ਹੈ ਤੇ ਇਸ ਸੱਚਾਈ ਨੂੰ ਮੰਨ ਕੇ ਤੁਰੋ। ਰਿਕਾਰਡ ਕੀਤੇ ਜਾਂ ਲਾਈਵ ਪ੍ਰੋਗ੍ਰਾਮ ਵਿੱਚ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਅਤੇ ਕੀਰਤਨ ਦਿਖਾਉਣਾ ਕਰੋ ਤੇ ਕੱਚੀ ਬਾਣੀ ਤੋਂ ਤੋਅਬਾ ਕਰੋ। ਜੇ ਤੁਸੀਂ ਅਜਿਹਾ ਕਰ ਸਕੋ ਤਾਂ ਸਿੱਖੀ ਉੱਪਰ ਸ਼੍ਰੋ ਕਮੇਟੀ ਦੀ ਬਣਾਈ ਰਹਿਤ ਮਰਯਾਦਾ ਦਾ ਬ੍ਰਾਹਮਣਵਾਦੀ/ ਮਨੂਵਾਦੀ/ ਸਨਾਤਨਵਾਦੀ/ ਬਿੱਪਰਵਾਦੀ ਰੰਗ ਵਾਲ਼ਾਂ ਹਿੱਸਾ ਲਹਿਣ ਵਿੱਚ ਦੇਰੀ ਨਹੀਂ ਲੱਗੇਗੀ ਤੇ ਆਪ ਪ੍ਰਬੰਧਕਾਂ ਦੀ ਵੱਡੀ ਜੈ ਜੈਕਾਰ ਵੀ ਹੋਵੇਗੀ ਤੇ ਸਿੱਖੀ ਦੇ ਦੁਸ਼ਮਣਾ ਨੂੰ ਭਾਜੜਾਂ ਪੈ ਜਾਣਗੀਆਂ।

ਤੁਸੀਂ ਸਿੱਖ ਕੌਮ ਦਾ ਭਵਿੱਖ ਉੱਜਲ ਕਰਨ ਵਿੱਚ ਬਹੁਤ ਹੀ ਵਧੀਆ ਯੋਗਦਾਨ ਪਾ ਸਕਦੇ ਹੋ ਤੇ ਡਟ ਕੇ ਪਾਓ। ਜਾਗਰੂਕ ਵੀਰਾਂ ਦਾ ਤੁਹਾਨੂੰ ਵੀ ਬਹੁਤ ਸਾਥ ਤੇ ਸਹਿਯੋਗ ਮਿਲ਼ੇਗਾ ਤੇ ਉਨ੍ਹਾਂ ਦੁਆਰਾ ਕੀਤੇ ਸੱਚ ਦੇ ਪ੍ਰਸਾਰ ਦੇ ਯਤਨ ਵੀ ਸਫ਼ਲ ਹੋਣਗੇ। ਜਿੱਥੇ ਤੁਸੀਂ ਵੱਡੀਆਂ ਵੱਡੀਆਂ ਕਾਨਫ਼੍ਰੰਸਾ ਕਰਦੇ ਹੋ, ਉਥੇ ਆਪਣੇ ਅਧੀਨ ਸਿੱਖ ਚੈਨਲਾਂ ਰਾਹੀਂ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਾਠ ਅਤੇ ਕੀਰਤਨ ਦੇ ਪ੍ਰਸਾਰਣ ਦਾ ਮਤਾ ਵੀ ਪਾਸ ਕਰੋ, ਮਤ ਸਮਝੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕਿਸੇ ਗੁਰੂ ਜੀ ਦੀ ਕੋਈ ਰਚਨਾ ਦਸਵੇਂ ਪਾਤਿਸ਼ਾਹ ਜੀ ਕੋਲ਼ੋਂ ਦਰਜ ਕਰਨ ਤੋਂ ਰਹਿ ਗਈ ਹੈ। ਗੁਰੂ ਅਤੇ ਕਰਤਾਰ ਭੁੱਲਣਹਾਰ ਨਹੀਂ ਹਨ।

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top