Share on Facebook

Main News Page

ਕੀ ਵਾਹਿਗੁਰੂ ਵਾਹਿਗੁਰੂ ਜਾਪ ਹਰਿ ਨਾਮ ਸਿਮਰਨ ਹੈ ? - ਭਾਗ ਆਖਰੀ
-: ਪ੍ਰੋ. ਕਸ਼ਮੀਰਾ ਸਿੰਘ USA

ਵਾਹੁ ਸ਼ਬਦ ਦੀ ਆਜ਼ਾਦ ਵਰਤੋਂ ਤੀਜੇ ਗੁਰੂ ਜੀ ਦੀ ਬਾਣੀ ਵਿੱਚ ਬਹੁਤੀ ਵਾਰੀ ਕੀਤੀ ਮਿਲ਼ਦੀ ਹੈ। ਜਿਵੇਂ ਵਾਹੁ (ਅਰਥ- ਧੰਨੁ ਹੈਂ!) ਸ਼ਬਦ ਤੋਂ ਪਿੱਛੋਂ ਆਏ ਸ਼ਬਦਾਂ ਨੂੰ ਵਾਹੁ ਸ਼ਬਦ ਨਾਲ਼ ਜੋੜਿਆ ਨਹੀਂ ਜਾ ਸਕਦਾ ਇਵੇਂ ਹੀ ਵਾਹਿ (ਅਰਥ- ਧੰਨੁ ਹੈਂ!) ਅਤੇ ਵਾਹ (ਅਰਥ- ਧੰਨੁ ਹੈਂ!) ਪਿੱਛੋਂ ਆਏ ਸ਼ਬਦਾਂ ਨੂੰ ਇਨ੍ਹਾਂ ਨਾਲ਼ ਜੋੜਿਆ ਨਹੀਂ ਜਾ ਸਕਦਾ ਤੇ ਨਵੇਂ ਸ਼ਬਦ ਵਾਹਿਗੁਰੂ ਜਾਂ ਵਾਹਗੁਰੂ ਨਹੀਂ ਬਣਾਏ ਜਾ ਸਕਦੇ। ਗੁਰਬਾਣੀ ਵਿੱਚੋਂ ਵਾਹੁ ਸ਼ਬਦ ਦੀ ਵਰਤੋਂ ਦੀਆਂ ਕੁੱਝ ਕੁ ਉਦਾਹਰਣਾਂ ਇਉਂ ਹਨ-

ੳ). ਵਾਹੁਖਸਮਤੂੰਵਾਹੁਜਿਨਿਰਚਿਰਚਨਾਹਮਕੀਏ॥ (ਗਗਸ 788/15)
ਨੋਟ: ਵਾਹੁਖਸਮੁ ਅਤੇ ਵਾਹੁਜਿਨਿ ਪਦ-ਛੇਦ ਗ਼ਲਤ ਹੋਣਗੇ। ਇਵੇਂ ਹੀ ਵਾਹਿਗੁਰੂ ਅਤੇ ਵਾਹਗੁਰੂ ਪਦ-ਛੇਦ ਗ਼ਲਤ ਹਨ।

ਅ). ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥ ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥ ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ ॥ ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ੍‍ ਕਉ ਪਰਜਾ ਪੂਜਣ ਆਈ ॥ ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ॥ ਨਾਨਕ ਵਾਹੁ ਵਾਹੁ ਸਤਿ ਰਜਾਇ॥ (ਗਗਸ 514)

ਉਪਰੋਕਤ ਪੰਕਤੀਆਂ ਵਿੱਚ ਵਾਹੁ ਸ਼ਬਦ ਤੋਂ ਪਿੱਛੋਂ ਇਹ ਸ਼ਬਦ ਆਏ ਹਨ- ਵਾਹੁ, ਸਿਫਤਿ, ਬਾਣੀ, ਕਰਹਿ, ਕਰਮਿ ਅਤੇ ਸਤਿ। ਕੀ ਇਨ੍ਹਾਂ ਨੂੰ ਵਾਹੁ ਸ਼ਬਦ ਨਾਲ਼ ਜੋੜ ਕੇ ਵਾਹੁਵਾਹੁ ਵਾਹੁਸਿਫਤਿ, ਵਾਹੁਕਰਹਿ, ਵਾਹੁਕਰਮਿ, ਵਾਹੁਸਤਿ ਨਵੇਂ ਸ਼ਬਦ ਬਣਾਏ ਜਾ ਸਕਦੇ ਹਨ? ਜੇ ਨਹੀਂ, ਤਾਂ ਵਾਹਿਗੁਰੂ ਅਤੇ ਵਾਹਗੁਰੂ ਸ਼ਬਦ ਜੋੜ ਕਿਵੇਂ ਬਣਾਏ ਜਾ ਸਕਦੇ ਹਨ?

ਇਨ੍ਹਾਂ ਪੰਕਤੀਆਂ ਦੇ ਪਦ-ਛੇਦ 'ਤੇ ਝਾਤ ਪਾਓ-

1) ਸਿਰੀਗੁਰੂਸਿਰੀਗੁਰੂਸਿਰੀਗੁਰੂਸਤਿਜੀਉ॥5॥10॥ {ਗਗਸ 1403}
2) ਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਜੀਉ॥1॥6॥ {ਗਗਸ 1402}

ਉਪਰੋਕਤ ਦੋਹਾਂ ਪੰਕਤੀਆਂ ਇੱਕੋ ਹੀ ਪੈਟਰਨ ਦੀਆਂ ਹਨ ਜਿਨ੍ਹਾਂ ਦੇ ਪਦ-ਛੇਦ ਇੱਕੋ ਢੰਗ ਨਾਲ਼ ਕੀਤੇ ਜਾਣੇ ਹਨ।

ਪਹਿਲਾ ਢੰਗ:
1) ਸਿਰੀਗੁਰੂ ਸਿਰੀਗੁਰੂ ਸਿਰੀਗੁਰੂ ਸਤਿਜੀਉ॥5॥10॥ {ਗਗਸ 1403}
2) ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਉ॥1॥6॥ {ਗਗਸ 1402}

ਦੂਜਾ ਢੰਗ:
1) ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ॥5॥10॥ {ਗਗਸ 1403}
2) ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ॥1॥6॥ {ਗਗਸ 1402}

ਪਾਠਕ ਸੱਜਣ ਦੱਸਣ ਕਿ ਕਿਹੜਾ ਢੰਗ ਠੀਕ ਹੈ? ਨਿਸਚੇ ਹੀ ਦੂਜਾ ਢੰਗ ਠੀਕ ਹੈ। ਜਿਵੇਂ ਪਹਲੀ ਤੁਕ ਵਿੱਚ ਸਿਰੀਗੁਰੂ ਅਤੇ ਸਤਿਜੀਉ ਸ਼ਬਦ ਜੋੜ ਗ਼ਲਤ ਹਨ, ਇਵੇਂ ਹੀ ਦੂਜੀ ਪੰਕਤੀ ਵਿੱਚ ਵਾਹਿਗੁਰੂ ਅਤੇ ਵਾਹਿਜੀਉ ਸ਼ਬਦ ਜੋੜ ਗ਼ਲਤ ਹਨ। ਵਿਚਾਰ ਤੋਂ ਸਪੱਸ਼ਟ ਹੈ ਕਿ ਵਾਹਿ, ਵਾਹ ਅਤੇ ਵਾਹੁ ਸ਼ਬਦਾਂ ਤੋਂ ਪਿੱਛੋਂ ਵਰਤਿਆ ਕੋਈ ਸ਼ਬਦ ਇਨ੍ਹਾਂ ਸ਼ਬਦਾਂ ਨਾਲ਼ ਜੋੜ ਕੇ ਨਹੀਂ ਲਿਖਿਆ ਸਕਦਾ।

ਵਾਹਿ ਗੁਰੂ / ਵਾਹ ਗੁਰੂ ਸ਼ਬਦਾਂ ਦੇ ਅਰਥ ਕੀ ਹਨ?

ਅਰਥ ਹਨ- ਹੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ! ਤੁਸੀਂ ਧੰਨੁ ਹੋ! ਕੇਵਲ ਗਯੰਦ ਭੱਟ ਨੇ ਇਹ ਸ਼ਬਦ ਕੇਵਲ ਸਵਯੇ ਮਹਲੇ ਚਉਥੇ ਕੇ 4 ਸਿਰਲੇਖ ਹੇਠ ਲਿਖੇ ਸਵੱਯਾਂ ਵਿੱਚ ਚਉਥੇ ਗੁਰੂ ਜੀ ਦੀ ਸਿਫ਼ਤਿ ਵਿੱਚ ਵਰਤੇ ਹਨ। ਭੱਟਾਂ ਦੇ ਸਵੱਯਾਂ ਦਾ ਮੁੱਖ ਵਿਸ਼ਾ ਹੀ ਗੁਰੂ ਪਾਤਿਸ਼ਾਹਾਂ ਦੀ ਸਿਫ਼ਤਿ ਹੈ।

ਕੀ ਰਿਸ਼ੀਆਂ ਮੁਨੀਆਂ ਦੇ ਲਿਖੇ ਪੁਰਾਤਨ ਗ੍ਰੰਥਾਂ ਜਿਵੇਂ ਵੇਦਾਂ ਆਦਿਕ ਵਿੱਚ ਰੱਬ ਲਈ ਵਾਹਿਗੁਰੂ ਸ਼ਬਦ ਵੀ ਵਰਤਿਆ ਗਿਆ ਹੈ? ਜੇ ਵਰਤਿਆ ਹੁੰਦਾ ਤਾਂ ਭਗਤਾਂ ਅਤੇ ਗੁਰੂ ਸਾਹਿਬਾਨ ਦੀ ਬਾਣੀ ਵਿੱਚ ਵੀ ਇਹ ਸ਼ਬਦ ਹੋਣਾ ਸੀ। ਜਿੱਥੇ ਗੋਪਾਲ, ਗੋਬਿੰਦ, ਪਾਰਬ੍ਰਹਮ, ਪ੍ਰਭੂ, ਪਰਮੇਸ਼ਰ, ਜਗਦੀਸ਼ਰ, ਹਰਿ, ਪ੍ਰਮਾਤਮਾ, ਰੱਬ, ਅੱਲਹ, ਰਾਮ, ਗੋਸਾਈਂ, ਗੋਸਈਆਂ, ਜਗਜੀਵਨ, ਮਾਧਉ, ਮਾਧਵ, ਮੁਰਾਰਿ, ਕੇਸ਼ਉ ਆਦਿਕ ਅਨੇਕਾਂ ਸ਼ਬਦ ਕਰਤਾ ਪੁਰਖ ਲਈ ਵਰਤੇ ਗਏ ਹਨ ਓਥੇ ਵਾਹਿਗੁਰੂ ਤੇ ਵਾਹਗੁਰੂ ਸ਼ਬਦ ਵੀ ਕਰਤਾ ਪੁਰਖ ਵਾਸਤੇ ਭਗਤਾਂ ਅਤੇ ਗੁਰੂ ਪਾਤਿਸ਼ਾਹਾਂ ਦੀ ਬਾਣੀ ਵਿੱਚ ਹੋਣੇ ਸਨ, ਜੇ ਇਨ੍ਹਾਂ ਸ਼ਬਦਾਂ ਦੀ ਕਿਸੇ ਪੁਰਾਤਨ ਗ੍ਰੰਥ ਵਿੱਚ ਹੋਂਦ ਹੁੰਦੀ।

- ਛੇ ਗੁਰੂ ਪਾਤਿਸ਼ਾਹਾਂ ਦੀ ਬਾਣੀ ਵਿੱਚ ਰੱਬ ਵਾਸਤੇ ਕਿਤੇ ਵਾਹਿਗੁਰੂ ਸ਼ਬਦ ਹੈ? ਉੱਤਰ ਹੈ - ਨਹੀਂ।
- ਕੀ 15 ਭਗਤਾਂ ਦੀ ਬਾਣੀ ਵਿੱਚ ਰੱਬ ਲਈ ਵਾਹਿਗੁਰੂ ਸ਼ਬਦ ਵਰਤਿਆ ਗਿਆ ਹੈ? ਉੱਤਰ ਹੈ - ਨਹੀਂ।
- ਕੀ ਬਾਬਾ ਸੁੰਦਰ, ਸੱਤੇ ਅਤੇ ਬਲਵੰਡ ਨੇ ਰੱਬ ਲਈ ਵਾਹਿਗੁਰੂ ਸ਼ਬਦ ਵਰਤਿਆ ਹੈ? ਉੱਤਰ ਹੈ - ਨਹੀਂ।
- ਕੀ 10 ਭੱਟਾਂ ਨੇ ਆਪਣੀ ਲਿਖੀ ਰਚਨਾ ਵਿੱਚ ਰੱਬ ਲਈ ਵਾਹਿਗੁਰੂ ਸ਼ਬਦ ਵਰਤਿਆ ਹੈ? ਉੱਤਰ ਹੈ - ਨਹੀਂ।
- ਕੀ ਗਿਆਰਵੇਂ ਭੱਟ ਗਯੰਦ ਨੇ ਆਪਣੀ ਰਚਨਾ ਵਿੱਚ ਰੱਬ ਲਈ ਵਾਹਿਗੁਰੂ ਸ਼ਬਦ ਵਰਤਿਆ ਹੈ? ਉੱਤਰ ਹੈ - ਨਹੀਂ
- ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਇਹ ਤੁੱਕ ਮਿਲ਼ਦੀ ਹੈ- ਵਾਹਿਗੁਰੂ ਵਾਹਿਗੁਰੂ ਜਪੋ ਜਾਂ ਵਾਹਿਗੁਰੂ ਦਾ ਸਿਮਰਨ ਕਰੋ? ਉੱਤਰ ਹੈ - ਨਹੀਂ।

ਕੀ ਵਾਹਿ ਗੁਰੂ ਵਾਹਿ ਗੁਰੂ ਜਾਪ ਹਰਿ ਨਾਮ ਸਿਮਰਨ ਹੈ? ਉੱਤਰ ਹੈ - ਨਹੀਂ।

ਫਿਰ ਇਹ ਕੀ ਹੈ? ਇਹ ਹੈ- ਹੇ ਸ਼੍ਰੀ ਗੁਰੂ ਰਾਮਦਾਸ ਜੀ! ਤੁਸੀਂ ਧੰਨੁ ਹੋ! ਹੇ ਸ਼੍ਰੀ ਗੁਰੂ ਰਾਮਦਾਸ ਜੀ! ਤੁਸੀਂ ਧੰਨੁ ਹੋ! ਆਖਣਾ। ਇਹ ਸ਼ਬਦ ਗਯੰਦ ਭੱਟ ਨੇ ਸ਼੍ਰੀ ਗੁਰੂ ਰਾਮਦਾਸ ਪਾਤਿਸ਼ਾਹ ਜੀ ਲਈ ਹੀ ਵਰਤੇ ਹਨ।

ਅਚੰਭੇ ਅਤੇ ਹੈਰਾਨੀ ਵਾਲ਼ੀ ਗੱਲ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 35 ਬਾਣੀਕਾਰਾਂ ਨੂੰ ਪਤਾ ਨਹੀਂ ਲੱਗਾ, ਕਿ ਰੱਬ ਦਾ ਨਾਂ ਵਾਹਿਗੁਰੂ ਵੀ ਹੁੰਦਾ ਹੈ ਤੇ ਫ਼ਰੀਦਕੋਟੀ ਟੀਕੇ ਦੇ ਲਿਖਣ ਵਾਲ਼ੇ ਨੂੰ ਕਿਥੋਂ ਇਹ ਸੁਪਨਾ ਆ ਗਿਆ ਕਿ ਰੱਬ ਦਾ ਨਾਂ ਵਾਹਿਗੁਰੂ ਵੀ ਹੁੰਦਾ ਹੈ?

ਗੁਰਬਾਣੀ ਦੇ ਕੀਤੇ ਪਹਿਲੇ, ਗਿਆਨੀ ਬਦਨ ਸਿੰਘ ਦੇ, ਫ਼ਰੀਦਕੋਟ ਵਾਲ਼ੇ ਟੀਕੇ ਨੇ ਅਤੇ ਗਿਆਨੀ ਹਰਬੰਸ ਸਿੰਘ ਚੰਡੀਗੜ੍ਹ ਦੇ ਕੀਤੇ ਟੀਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਵਿੱਚ ਵਾਹਿ ਗੁਰੂ ਸ਼ਬਦ-ਜੋੜ ਦੇ ਗ਼ਲਤ ਪਦ-ਛੇਦ ਵਾਹਿਗੁਰੂ ਕਰ ਕੇ ਅਤੇ ਇਸ ਦੇ ਅਰਥ ਅਬਿਨਾਸ਼ੀ ਪ੍ਰਮੇਸ਼ਰ ਕਰ ਕੇ ਪਾਠਕਾਂ ਨੂੰ ਅਗਿਆਨਤਾ ਦੇ ਹਨੇਰ੍ਹੇ ਵਿੱਚ ਰੱਖਿਆ ਅਤੇ ਧੰਨੁ ਸ਼੍ਰੀ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੀ ਵਡਿਆਈ ਨੂੰ ਘਟਾਇਆ ਹੈ।

ਗਿਆਨੀ ਹਰਬੰਸ ਸਿੰਘ ਨੇ ਲਿਖਿਆ ਹੈ ਕਿ ਗਯੰਦ ਭੱਟ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੀ ਰੱਬ ਨਾਲ਼ ਤੁਲਨਾ ਗ਼ਲਤੀ ਨਾਲ਼ ਕੀਤੀ ਹੈ। ਇਸ ਤੋਂ ਸਪੱਸ਼ਟ ਹੈ ਕਿ ਗਿਆਨੀ ਹਰਬੰਸ ਸਿੰਘ ਨੇ ਗੁਰੂ ਨੂੰ ਪਰਮੇਸ਼ਰ ਰੂਪ ਨਹੀਂ ਮੰਨਿਆਂ ਤੇ ਗਯੰਦ ਭੱਟ ਦੀ ਸ਼੍ਰੀ ਗੁਰੂ ਰਾਮਦਾਸ ਪਾਤਿਸ਼ਾਹ ਪ੍ਰਤੀ ਸ਼ਰਧਾ ਭਾਵਨਾ ਨੂੰ ਨਹੀਂ ਸਮਝਿਆ। ਸ਼ਾਇਦ ਉਹ ਭੁੱਲ ਗਏ ਹੋਣ ਕਿ ਭੱਟਾਂ ਨੇ ਗੁਰੂ ਪਾਤਿਸ਼ਾਹਾਂ ਦੀ ਸਿਫ਼ਤਿ ਵਿੱਚ ਹੀ ਸਵੱਯੇ ਉਚਾਰਨ ਕੀਤੇ ਹਨ। ਧੱਕੇ ਨਾਲ਼ ਵਾਹਿ ਅਤੇ ਗੁਰੂ ਸ਼ਬਦਾਂ ਨੂੰ ਜੋੜ ਕੇ ਨਵਾਂ ਅਕਾਲ ਬੋਧਕ ਸ਼ਬਦ ਵਾਹਿਗੁਰੂ ਨਹੀਂ ਘੜਿਆ ਜਾ ਸਕਦਾ। 35 ਬਾਣੀਕਾਰਾਂ ਦੀ ਸੋਚ ਤੋਂ ਉੱਪਰ ਕਿਸੇ ਦੀ ਸੋਚ ਨਹੀਂ ਜਾ ਸਕਦੀ। ਗੁਰਬਾਣੀ ਦੀਆਂ ਭਾਸ਼ਾਵਾਂ ਦੇ ਜਾਣੂੰ ਪ੍ਰੋ. ਸਾਹਿਬ ਸਿੰਘ ਨੇ ਵਾਹਿ ਗੁਰੂ ਅਤੇ ਵਾਹ ਗੁਰੂ ਸ਼ਬਦ ਜੋੜ ਹੀ ਟੀਕੇ ਵਿੱਚ ਦਿੱਤੇ ਹਨ ਤੇ ਗਯੰਦ ਭੱਟ ਦੀ ਸ਼੍ਰੀ ਗੁਰੂ ਰਾਮਦਾਸ ਪਾਤਿਸ਼ਾਹ ਨੂੰ ਰੱਬ- ਰੂਪ ਬਿਆਨ ਕਰਨ ਦੀ ਦਿਲੀ ਭਾਵਨਾ ਨੂੰ ਸਮਝ ਕੇ ਠੀਕ ਅਰਥ ਕੀਤੇ ਹਨ- ਹੇ ਸ਼੍ਰੀ ਗੁਰੂ ਰਾਮਦਾਸ ਜੀ ਤੁਸੀਂ ਧੰਨੁ ਹੋ! ਗੁਰਬਾਣੀ ਦੀ ਇਹ ਉਗਾਹੀ ਨਹੀਂ ਭੁੱਲਣੀ ਚਾਹੀਦੀ ਕਿ ਗੁਰੂ ਹੀ ਪਰਮੇਸ਼ਰ ਦਾ ਰੂਪ ਹੈ।

ਗਯੰਦ ਭੱਟ ਦੇ ਦੋ ਸਵੱਯੇ ਵਿਚਾਰਦੇ ਹਾਂ-

ਸਵੱਯਾ:
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿ ਗੁਰੂ ਤੇਰੀ ਸਭ ਰਚਨਾ ॥
ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ॥
ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ ॥
ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ ॥
ਕੀਆ ਖੇਲੁ ਬਡ ਮੇਲੁ ਤਮਾਸਾ ਵਾਹ ਗੁਰੂ ਤੇਰੀ ਸਭ ਰਚਨਾ ॥3॥13॥42॥

ਅਰਥ ਵਿਚਾਰ: ਅਰਥ ਕਰਨ ਸਮੇਂ ਇਹ ਗੱਲ ਧਿਆਨ ਵਿੱਚ ਰੱਖਣੀ ਹੈ, ਕਿ ਗਯੰਦ ਭੱਟ ਨੇ ਚਉਥੇ ਪਾਤਿਸ਼ਾਹ ਸੰਬੰਧੀ ਉਚਾਰੇ 13 ਸਵੱਯਾਂ ਵਿੱਚ ਕੇਵਲ ਚਉਥੇ ਗੁਰੂ ਜੀ ਦੀ ਹੀ, ਉਨ੍ਹਾਂ ਨੂੰ ਰੱਬ ਰੂਪ ਜਾਣ ਕੇ, ਵਡਿਆਈ ਕੀਤੀ ਹੈ। ਜਿਹੜੇ ਟੀਕਾਕਾਰਾਂ ਨੇ ਇੱਸ ਗੱਲ ਨੂੰ ਧਿਆਨ ਵਿੱਚ ਨਹੀਂ ਰੱਖਿਆ, ਉਨ੍ਹਾਂ ਨੇ ਚਉਥੇ ਗੁਰੂ ਜੀ ਨੂੰ ਵਡਿਆਈ ਦੇਣ ਦੀ ਥਾਂ, ਰੱਬ ਨੂੰ ਵਡਆਈ ਦੇ ਦਿੱਤੀ ਹੈ ਤੇ ਚਉਥੇ ਗੁਰੂ ਜੀ ਲਈ ਵਰਤੇ ਦੋ ਸ਼ਬਦਾਂ ਵਾਹਿ ਅਤੇ ਗੁਰੂ ਨੂੰ ਗ਼ਲਤ ਵਰਤ ਕੇ ਰੱਬ ਲਈ ਵੀ ਨਵਾਂ ਸ਼ਬਦ ਵਾਹਿਗੁਰੂ ਘੜ ਲਿਆ ਹੈ। ਇਸ ਤਰਾਂ ਧੰਨੁ ਗੁਰੂ ਰਾਮਦਾਸ ਪਾਤਿਸ਼ਾਹ ਜੀ ਨਾਲ਼ ਬੇਇਨਸਾਫ਼ੀ ਕੀਤੀ ਗਈ ਹੈ।

ਤੁੱਕ ਨੰਬਰ 1: ਹੇ ਗੁਰੂ ਰਾਮਦਾਸ ਜੀ! ਤੁਸੀਂ ਧੰਨੁ ਹੋ! ਮੇਰੇ ਲਈ ਤੁਸੀਂ ਹੀ ਉਹ ਰੱਬ ਹੋ, ਜਿਸ ਨੇ ਸ੍ਰਿਸ਼ਟੀ ਰਚੀ ਹੈ ਤੇ ਤੱਤਾਂ ਨੂੰ ਮਿਲ਼ਾ ਕੇ ਸ੍ਰਿਸ਼ਟੀ ਦਾ ਇਹ ਤਮਾਸ਼ਾ ਰਚਿਆ ਹੈ।

ਤੁੱਕ ਨੰਬਰ 2: ਹੇ ਗੁਰੂ ਰਾਮਦਾਸ ਜੀ! ਤੁਹਾਡੇ ਵਚਨ ਬਹੁਤ ਹੀ ਮਿੱਠੇ ਹਨ। ਮੇਰੇ ਲਈ ਤੁਸੀਂ ਹੀ ਉਹ ਰੱਬ ਹੋ ਜੋ ਜਲ ਵਿੱਚ ਹੈ, ਪ੍ਰਿਥਵੀ , ਪਾਤਾਲ ਅਤੇ ਆਕਾਸ਼ ਵਿੱਚ ਹੈ।

ਤੁੱਕ ਨੰਬਰ 3: ਹੇ ਗੁਰੂ ਰਾਮਦਤਸ ਜੀ! ਤੁਸੀਂ ਧੰਨੁ ਹੋ! ਜਿਸ ਨੂੰ ਬ੍ਰਹਮਾ ਅਤੇ ਸ਼ਿਵ ਆਦਿਕ ਸੇਵਦੇ ਹਨ, ਜੋ ਮੌਤ ਨੂੰ ਵੀ ਮਾਰਨ ਵਾਲ਼ਾ ਹੈ, ਜੋ ਨਿਰੰਜਨ ਹੈ, ਜਿਸ ਤੋਂ ਸਾਰੇ ਮੰਗਦੇ ਹਨ ਮੇਰੇ ਵਾਸਤੇ ਉਹ ਤੁਸੀਂ ਹੀ ਹੋ।

ਤੁੱਕ ਨੰਬਰ 4: ਹੇ ਗੁਰੂ ਰਾਮਦਾਸ ਜੀ! ਤੁਸੀਂ ਧੰਨ ਹੋ! ਤੁਹਾਡੀ ਕਿਰਪਾ ਨਾਲ਼ (ਗੁਰ ਪ੍ਰਸਾਦਿ) ਹੀ ਉੱਚੀ ਆਮਤਕ ਅਵਸਥਾ ਬਣਦੀ ਹੈ ਅਤੇ ਸਤਸੰਗ ਵਿੱਚ ਮਨ ਸਿਫ਼ਤਿ ਸਾਲਾਹ ਵਿੱਚ ਜੁੜਦਾ ਹੈ।

ਤੁੱਕ ਨੰਬਰ 5: ਹੇ ਗੁਰੂ ਰਾਮਦਾਸ ਜੀ! ਤੁਸੀਂ ਧੰਨੁ ਹੋ! ਮੇਰੇ ਲਈ ਤਾਂ ਤੁਸੀਂ ਹੀ ਰੱਬ ਹੋ ਜਿਸ ਨੇ ਤੱਤਾਂ ਦਾ ਮੇਲ਼ ਕਰ ਕੇ ਸ੍ਰਿਸ਼ਟੀ ਦਾ ਇਹ ਖੇਲ ਅਤੇ ਤਮਾਸ਼ਾ ਰਚ ਦਿੱਤਾ ਹੈ।

ਸਵੱਯਾ: ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ ॥ ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥ ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥ ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮ੍ਹੁ ਗ੍ਹਾਨੁ ਧ੍ਹਾਨੁ ਧਰਤ ਹੀਐ ਚਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ ॥1॥6॥

ਅਰਥ ਵਿਚਾਰ: ਵਾਹਿ- ਧੰਨੁ ਹੋ!

ਤੁੱਕ ਨੰਬਰ 1: ਹੇ ਸ਼੍ਰੀ ਗੁਰੂ ਰਾਮਦਾਸ ਜੀ! ਤੁਸੀਂ ਧੰਨੁ ਹੋ! ਹੇ ਸ਼੍ਰੀ ਗੁਰੂ ਰਾਮਦਾਸ ਜੀ! ਤੁਸੀਂ ਧੰਨੁ ਹੋ! ਹੇ ਸ਼੍ਰੀ ਗੁਰੂ ਰਾਮਦਾਸ ਜੀ! ਤੁਸੀਂ ਧੰਨੁ ਹੋ! ਹੇ ਜੀਉ! ਤੁਸੀਂ ਧੰਨੁ ਹੋ!

ਤੁੱਕ ਨੰਬਰ 2: ਤੁਹਾਡੇ ਕਮਲ ਵਰਗੇ ਸੋਹਣੇ ਨੇਤ੍ਰ ਹਨ। ਤੁਹਾਡੇ ਵਚਨ (ਬਾਣੀ ਦੇ ਬੋਲ) ਬੜੇ ਮਿੱਠੇ ਹਨ। ਤੁਹਾਡੀ ਸੰਗਤ ਵਿੱਚ (ਭਾਵ, ਬਾਣੀ ਦੇ ਮਿੱਠੇ ਬੋਲ ਬੋਲਦਿਆਂ) ਕ੍ਰੋੜਾਂ ਪ੍ਰਾਣੀ ਸ਼ੋਭਾ ਪਾਉਂਦੇ ਹਨ। ਜਿਸ ਕ੍ਰਿਸ਼ਨ ਨੂੰ ਮਾਂ ਯਸ਼ੋਧਾ ਪਿਆਰ ਨਾਲ਼ ਦਹੀਂ ਚਉਲ਼ ਖਾਣ ਲਈ ਕਹਿੰਦੀ ਸੀ ਮੇਰੇ ਵਾਸਤੇ, ਧੰਨੁ ਸ਼੍ਰੀ ਗੁਰੂਰਾਮਦਾਸ ਜੀ, ਉਹ ਕ੍ਰਿਸ਼ਨ ਤੁਸੀਂ ਹੀ ਹੋ!

ਤੁੱਕ ਨੰਬਰ 3: ਕਿੰਕਨੀ- ਤੜਾਗੀ। ਝਨਤਕਾਰ- ਛਣਕਾਰ। ਜਿਸ ਕ੍ਰਿਸ਼ਨ ਦਾ ਸੁੰਦਰ ਮੁੱਖੜਾ ਦੇਖ ਕੇ ਮਾਂ ਯਸ਼ੋਧਾ ਉਸ ਦੇ ਪਿਆਰ ਵਿੱਚ ਮਗਨ ਹੋ ਜਾਂਦੀ ਸੀ; ਜਿਸ ਕ੍ਰਿਸ਼ਨ ਦੇ ਖੇਡ ਮਚਾਉਣ ਤੇ ਉਸ ਦੀ ਤੜਾਗੀ ਦੀ ਛਣਕਾਰ ਪੈਂਦੀ ਸੀ; ਗਯੰਦ ਵਾਸਤੇ ਤਾਂ ਤੁਸੀਂ ਹੀ ਉਹ ਕ੍ਰਿਸ਼ਨ ਹੋ!

ਤੁੱਕ ਨੰਬਰ 4: ਧਰਤ- ਧਾਰਨ ਕਰਨਾ (ਕਿਰਿਆ) {ਧਰਤਿ- ਜ਼ਮੀਨ (ਨਾਂਵ), ਧਰਤ ਅਤੇ ਧਰਤਿ ਸ਼ਬਦਾਂ ਦੇ ਬੋਲਣ ਵਿੱਚ ਵਿਆਕਰਣਕ ਅੰਤਰ ਹੈ}। ਜਿਸ ਦੇ ਹੱਥ ਵਿੱਚ ਕਾਲ਼ ਦੀ ਕ਼ਲਮ ਅਤੇ ਸ੍ਰਿਸ਼ਟੀ ਨੂੰ ਚਲਾਉਣ ਦਾ ਹੁਕਮ ਹੈ; ਜਿਸ ਦੇ ਹੁਕਮ ਨੂੰ ਕੋਈ ਮੇਟ ਨਹੀਂ ਸਕਦਾ; ਜਿਸ ਦੇ ਗਿਆਨ ਅਤੇ ਧਿਆਨ ਨੂੰ ਸ਼ਿਵ ਅਤੇ ਬ੍ਰਹਮਾ ਹਿਰਦੇ ਵਿੱਚ ਧਾਰਨ ਕਰਨਾ ਲੋਚਦੇ ਹਨ; ਹੇ ਧੰਨੁ ਗੁਰੂ ਰਾਮਦਾਸ ਜੀ! ਗਯੰਦ ਵਾਸਤੇ ਉਹ ਸ਼ਕਤੀ ਤੁਸੀਂ ਹੀ ਹੋ।

ਤੁੱਕ ਨੰਬਰ 5: ਜੋ ਸਤਿ ਅਤੇ ਅਟੱਲ ਹੈ; ਜੋ ਲੱਛਮੀ ਦਾ ਟਿਕਾਣਾ ਹੈ;

ਜੋ ਸੱਭ ਦਾ ਮੁੱਢ ਅਤੇ ਸੱਭ ਵਿੱਚ ਰਮਿਆਂ ਹੋਇਆ ਹੈ; ਗੁਰੂ ਪਾਤਿਸ਼ਾਹ ਜੀ ਉਹ ਗਯੰਦ ਵਾਸਤੇ ਤੁਸੀਂ ਹੀ ਹੋ! ਹੇ ਸ਼੍ਰੀ ਗੁਰੂ ਰਾਮਦਾਸ ਜੀ! ਤੁਸੀਂ ਧੰਨੁ ਹੋ! ਹੇ ਸ਼੍ਰੀ ਗੁਰੂ ਰਾਮਦਾਸ ਜੀ! ਤੁਸੀਂ ਧੰਨੁ ਹੋ! ਹੇ ਸ਼੍ਰੀ ਗੁਰੂ ਰਾਮਦਾਸ ਜੀ! ਤੁਸੀਂ ਧੰਨੁ ਹੋ! ਹੇ ਜੀਉ! ਤੁਸੀਂ ਧੰਨੁ ਹੋ!

ਸਾਰ-ਅੰਸ਼: ਗਯੰਦ ਭੱਟ ਧੰਨੁ ਸ਼੍ਰੀ ਗੁਰੂ ਰਾਮਦਾਸ ਜੀ ਵਿੱਚੋਂ ਹੀ ਰੱਬ ਦੇ ਦਰਸ਼ਨ ਕਰਦਾ ਹੋਇਆ ਉਨ੍ਹਾਂ ਨੂੰ ਧੰਨੁ ਧੰਨੁ ਆਖਦਾ ਹੈ। ਕਿਸੇ ਭਿਆਨਕ ਬਿਮਾਰੀ ਦੇ ਰੋਗੀ ਨੂੰ ਜਿਸ ਡਾਕਟਰ ਕੋਲ਼ੋਂ ਆਰਾਮ ਆ ਜਾਏ ਤਾਂ ਡਾਕਟਰ ਦੀ ਸਿਫ਼ਤਿ ਕਰਦਾ ਰੋਗੀ ਅਕਸਰ ਆਖ ਦਿੰਦਾ ਹੈ- ਡਾਕਟਰ ਸਾਹਿਬ! ਤੁਸੀ ਤਾਂ ਮੇਰੇ ਲਈ ਰੱਬ ਬਣ ਕੇ ਬਹੁੜੇ ਹੋ, ਤੁਸੀਂ ਮੈਨੂੰ ਮੌਤ ਦੇ ਮੂੰਹ ਵਿੱਚੋਂ ਬਚਾਅ ਲਿਆ ਹੈ। ਡਾਕਟਰ ਰੱਬ ਨਹੀਂ ਬਣ ਗਿਆ, ਪਰ ਰੋਗੀ ਨੇ ਡਾਕਟਰ ਨੂੰ ਰੱਬ ਰੂਪ ਹੀ ਸਮਝਿਆ ਹੈ। ਵਡਿਆਈ ਕਰਨ ਦਾ ਇਹ ਇੱਕ ਢੰਗ ਹੈ। ਗਯੰਦ ਭੱਟ ਨੇ ਵੀ ਚਉਥੇ ਪਾਤਿਸ਼ਾਹ ਜੀ ਨੂੰ ਰੱਬ-ਰੂਪ ਜਾਣ ਕੇ ਉਨ੍ਹਾਂ ਦੀ ਵਡਿਆਈ ਕੀਤੀ ਹੈ।


ਟਿੱਪਣੀ: ਪ੍ਰੋ. ਕਸ਼ਮੀਰਾ ਸਿੰਘ ਜੀ ਨੇ ਬਹੁਤ ਵੱਡਮੁੱਲੀ ਜਾਣਕਾਰੀ ਦਿੱਤੀ ਹੈ, ਪਰ ਕਈ ਪਾਠਕਾਂ ਨੇ ਇੱਥੇ ਦਿੱਤੀ ਜਾਣਕਾਰੀ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕਰਨੀ ਹੈ... ਜਿਵੇਂ ਕਿ ਹੁਣ ਗੁਰੂ ਗ੍ਰੰਥ ਸਾਹਿਬ 'ਤੇ ਉਂਗਲ ਚੁੱਕਣ ਲੱਗ ਪਏ ਆ... ਵਗੈਰਾ ਵਗੈਰਾ... ਸਾਡਾ ਗੁਰੂ ਗ੍ਰੰਥ ਸਾਹਿਬ 'ਤੇ ਅਟੱਲ ਵਿਸ਼ਵਾਸ ਹੈ, ਜੋ ਕੋਈ ਹਿਲਾ ਨਹੀਂ ਸਕਦਾ... ਪਰ ਛਪਾਈ ਦੌਰਾਨ ਕੀਤੀਆਂ ਗਲਤੀਆਂ ਨੂੰ ਸਾਹਮਣੇ ਲਿਆਉਣਾ ਵੀ ਸਾਡਾ ਫਰਜ਼ ਹੈ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top