Share on Facebook

Main News Page

"ਹੋਲਾ ਮਹਲਾ" ਮਨਾਉਂਣ ਦੇ ਉਪਰਾਲੇ ਗੁਰੂ ਆਸ਼ੇ ਵਾਲੀ ਕੌਮੀ ਸੋਚ ਅਪਨਾਉਂਣ ਨਾਲ ਹੀ ਸਾਰਥਿਕ ਸਿੱਧ ਹੋ ਸਕਦੇ ਹਨ
-:
ਮਨਦੀਪ ਕੌਰ ਪੰਨੂ

ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਵਿੱਚ ਸੂਰਬੀਰਤਾ, ਨਿਰਭੈਤਾ ਤੇ ਚੜਦੀ ਕਲਾ ਦਾ ਜਾਹੋ-ਜਲਾਲ ਚਾਨਣ ਕਰਨ ਲਈ ਹੋਲਗੜ੍ਹ ਕਿਲ੍ਹਾ ਬਣਾ ਕੇ 1700 ਈ: ਨੂੰ ਹੋਲਾ-ਮਹਲਾ ਖੇਡਣ ਦੀ ਸ਼ੂਰੁਆਤ ਕੀਤੀ ਸੀ। ਦਸਮ ਪਿਤਾ ਜੀ ਨੇ ਖਾਲਸੇ ਦੀ ਆਜਾਦੀ ਤੇ ਚੜ੍ਹਦੀ ਕਲਾ ਦਾ ਅਹਿਸਾਸ ਪੈਦਾ ਕਰਨ ਲਈ ਉਨ੍ਹਾਂ ਦੀਆਂ ਰਹੁ-ਰੀਤਾਂ ਤੇ ਬੋਲ-ਬੁਲਾਰੇ ਵੀ ਬਦਲ ਦਿੱਤੇ। ਖਾਲਸੇ ਨੂੰ "ਵਾਹਿ ਗੁਰੂ ਜੀ ਕਾ ਖਾਲਸਾ' ਕਹਿ ਕੇ ਮਾਣ ਬਖਸ਼ਿਆ, 'ਵਾਹਿ ਗੁਰੂ ਜੀ ਕੀ ਫ਼ਤਿਹ' ਰਾਹੀਂ ਖਾਲਸੇ ਨੂੰ ਹਰ ਮੈਦਾਨ ਫਤਹਿ ਦੀ ਅਸੀਂਸ ਦਿੱਤੀ। ਖਾਲਸਾ ਪੰਥ ਦੇ ਦਿਨ, ਤਿਉਹਾਰ, ਰਹੁ-ਰੀਤਾਂ ਵਿੱਚ ਵੀ ਨਵੇਂ ਦਿ੍ਰਸ਼ਟੀਕੋਣ ਤੋ ਤਬਦੀਲੀਆਂ ਕੀਤੀਆਂ। ਹੋਲੀ ਨੂੰ ਵੀ ਇਸੇ ਪ੍ਰਕਰਣ ਵਿੱਚ "ਹੋਲਾ-ਮੱਹਲਾ" ਦਾ ਰੂਪ ਦਿੱਤਾ-

"ਔਰਨ ਕੀ ਹੋਲੀ ਮਮ ਹੋਲਾ"।
"ਕਯਯੋ ਕਿ੍ਰਪਾ ਨਿਧਿ ਬਚਨ ਅਮੋਲਾ"। (ਮਹਾਨ ਕੋਸ਼) 

ਹੋਲਾ-ਮੱਹਲਾ ਦੋ ਸ਼ਬਦਾਂ ਦਾ ਸੁਮੇਲ ਹੈ। 'ਹੋਲਾ' ਦਾ ਕੋਸ਼ ਅਰਥ ਹੈ 'ਹਮਲਾ' ਅਤੇ 'ਮੱਹਲਾ' ਦਾ ਕੋਸ਼ ਅਰਥ ਹੈ 'ਜਾਇ ਹਮਲਾ' ਹੈ। ਗੁਰੂ ਸਾਹਿਬ ਨੇ ਜੰਗੀ ਪੈਂਤੜੇਬਾਜ਼ੀ ਦੀ ਸ਼ੁਰੂਆਤ ਹੀ ਲੋਕ-ਮਨਾਂ ਵਿੱਚ ਦ੍ਰਿੜਤਾ ਦਾ ਅਹਿਸਾਸ ਜਗਾਉਣ ਲਈ ਕੀਤੀ ਕਿ ਹਮਲਾ ਕਿਸ ਸਮੇਂ ਤੇ ਕਿੱਥੇ ਕਰਨਾ ਹੈ।

ਇਤਿਹਾਸ ਵਿੱਚ ਪਹਿਲੀ ਵਾਰ ਤਲਵਾਰ ਦੀ ਮਾਰੂ ਸ਼ਕਤੀ ਨੂੰ ਉਸਾਰੂ-ਸ਼ਕਤੀ ਵਿੱਚ ਬਦਲਣ ਦਾ ਸਿਹਰਾ ਕਲਗ਼ੀਧਰ ਪਾਤਸ਼ਾਹ ਨੂੰ ਜਾਂਦਾ ਹੈ। ਗੁਰੂ ਸਾਹਿਬ "ਹੋਲਾ ਮੱਹਲਾ" ਦੇ ਦਿਨ ਸੈਨਿਕ ਸਿੰਘਾਂ ਦੀਆਂ ਦੋ ਟੁਕੜੀਆਂ ਬਣਾ ਕੇ ਜੰਗ ਕਰਾਉਂਦੇ, ਤਲਵਾਰਬਾਜੀ ਤੇ ਜੰਗੀ ਕਰਤਬਾਂ ਨਾਲ ਸਿੰਘਾਂ ਨੂੰ ਮੁਹਾਰਤ ਹਾਸਲ ਕਰਨ ਲਈ ਕਈ ਜੰਗੀ ਤਕਨੀਕਾਂ ਤੋ ਜਾਣੂ ਕਰਾਉਂਦੇ। ਜਿਹੜਾ ਦਲ ਜੇਤੂ ਹੁੰਦਾ ਉਸਨੂੰ ਦੀਵਾਨ ਵਿੱਚ ਵਿਸ਼ੇਸ਼ ਇਨਾਮ ਬਖ਼ਸ਼ਦੇ ਸਨ।

ਪਰ ਅੱਜ 'ਹੋਲਾ-ਮੱਹਲਾ' ਦੇ ਅਰਥ ਹੀ ਬਦਲ ਰਹੇ ਹਨ। ਅਸੀਂ ਹੋਲਾ ਮਹੱਲਾ ਦਿਵਸ 'ਤੇ ਸਿਰਫ ਤੇ ਸਿਰਫ ਰੰਗ ਪਾਉਣ, ਲੰਗਰ ਛੱਕਣ ਤੇ ਖਰੀਦਾਰੀ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਾਂ। ਹੋਲੇ-ਮਹੱਲੇ ਦਾ ਅਸਲੀ ਮਕਸਦ ਇਹ ਨਹੀਂ ਸੀ। ਦੂਜੇ ਪਾਸੇ ਨਿਹੰਗ ਸਿੰਘਾਂ ਦੇ ਸ਼ਰਦਾਈ ਦੇ ਘੋਟੇ ਲਾ ਕੇ ਘੁੰਮਣਾ ਸਾਡੇ ਗੁਰੂ ਦਾ ਮਹੱਲਾ ਨਹੀਂ ਹੈ। ਪ੍ਰਮਾਤਮ ਕੀ ਮੌਜ ਤੋ ਪ੍ਰਗਟ ਹੋਈ ਕੌਮ ਨਸ਼ਿਆਂ ਦੇ ਦਰਿਆ ਵਿੱਚ ਗ਼ਲਤਾਨ ਕਿਉ ਹੋ ਰਹੀ ਹੈ??? ਅਸੀਂ ਬਾਬਾ ਬਚਿੱਤਰ ਸਿੰਘ ਜੀ ਦੇ ਵਾਰਿਸ ਤਾਂ ਹੀ ਬਣ ਸਕਦੇ ਹਾਂ, ਜੇਕਰ ਸਾਡੇ ਕੋਲ ਬਾਣੀ ਦਾ ਓਟ ਆਸਰਾ ਹੋਵੇ।

ਸਭ ਤੋ ਵੱਧ ਸਾਡਾ ਬੇੜਾ ਗਰਕ ਰਾਜਨੀਤਿਕ ਪਾਰਟੀਆਂ ਨੇ ਕੀਤਾ ਹੋਇਆ ਹੈ। ਜਿਨਾ ਨੇ ਕਦੇ ਵੀ ਦਸਮੇਸ਼ ਪਿਤਾ ਜੀ ਵੱਲੋਂ ਵਸਾਈ ਆਨੰਦਪੁਰੀ ਬਾਰੇ ਕੋਈ ਗੱਲ ਨਹੀਂ ਕਰਨੀ। ਸਿਰਫ ਤੇ ਸਿਰਫ ਵਿਰੋਧੀ ਦਲਾਂ ਦੀ ਦੂਸ਼ਣਬਾਜੀ ਤੇ ਜੋਰ ਲੱਗਾ ਹੁੰਦਾ ਤੇ ਉਹਨਾਂ ਦੇ ਸਮਰਥਕ ਭੇਡ-ਚਾਲ ਨਾਲ ਭੀੜ ਇੱਕਠੀ ਕਰਕੇ ਮੁਰਦਾਬਾਦ ਤੇ ਜ਼ਿੰਦਾਬਾਦ ਹੀ ਕਰਦੇ ਹਨ।

ਕਈ ਲੋਕ ਤਾਂ ਉੱਥੇ ਜਾ ਕੇ ਸੋਚਦੇ ਹਨ ਕਿ ਹੁਣ ਆਏ ਹਾਂ ਨੈਣਾ ਦੇਵੀ ਵੀ ਜਾ ਆਈਏ, ਉਲਟਾ ਉੱਥੇ ਪੰਡਿਤ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਹਵਨ ਕੀਤਾ ਸੀ। ਸਿੱਖ ਇਤਿਹਾਸ ਤੋ ਨਾ-ਸਮਝ ਕੱਚੇ-ਪਿੱਲੇ ਉੱਥੇ ਜਾ ਰਹੇ ਹਨ। ਜਗਤ ਗੁਰੂ ਨਾਨਕ ਜੀ ਨੇ ਤਾਂ 500 ਸਾਲ ਪਹਿਲਾ ਮੂਰਤੀ ਪੂਜਾ ਦਾ ਖੰਡਣ ਕੀਤਾ ਸੀ, "ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ"।।

ਗੁਰੂ ਸਾਹਿਬ ਨੇ ਤਾਂ ਬਿਪਰਨ ਕੀ ਰੀਤ ਵਿਚੋਂ ਕੱਢ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਪਰ ਅਸੀਂ ਗੁਰੂ ਸਾਹਿਬ ਨੂੰ ਵਿਸਾਰ ਕੇ ਉੱਥੇ ਹੀ ਤੁਰੇ ਜਾ ਰਹੇ ਹਾਂ।

ਮੇਰਾ ਮੰਨਣਾ ਹੈ ਕਿ ਹੋਲਾ-ਮੱਹਲਾ 'ਤੇ ਕੌਮ ਨੇ ਕੀ ਖੱਟਿਆ ਤੇ ਕੀ ਗਵਾਇਆ ਦਾ ਸਲਾਨਾ ਵਿਸ਼ਲੇਸ਼ਣ ਹੋਵੇ,ਜਿਸ ਵਿੱਚ ਹੇਠ ਲਿਖੇ ਅਨੁਸਾਰ ਹੋਵੇ।

** ਭਵਿੱਖ ਵਿੱਚ ਪੰਥਕ ਵਿਉਤਬੰਦੀ ਕਿਵੇ ਕਰਨੀ ਹੈ?

** ਨਸ਼ਾ ਤੇ ਪਤਿਤਪੁਣੇ ਵਰਗੀਆਂ ਬੀਮਾਰੀਆਂ ਤੇ ਕਿਵੇ ਲਗਾਮ ਪਾਉਣੀ ਹੈ??

** ਭੱਖਦੇ ਮਸਲੇ ਤੇ ਵਿਚਾਰ-ਚਰਚਾ ਕਾਨਫਰੰਸ ਤੇ ਸੈਮੀਨਾਰ ਹੋਵੇ ਜਿਵੇਂ ਅੱਜ-ਕੱਲ ਗੁਰੂ ਸਾਹਿਬ ਦੀ ਬੇਅਦਬੀ,ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

** ਕੁੱਦਰਤੀ ਆਫਤਾਂ ਜਾਂ ਹੋਰ ਦੁਰਘਟਨਾਵਾਂ ਨਾਲ ਨਿੱਜਠਣ ਲਈ ਵਿਉਤਬੰਦੀ।

** ਕੌਮ ਲਈ ਨਵੇ ਵਿੱਦਿਅਕ ਅਦਾਰੇ ਤੇ ਹਸਪਤਾਲਾਂ ਦੀ ਵਿਉਤਬੰਦੀ।

** ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਨਾ।

** ਬੱਚਿਆਂ ਦੇ ਸਿੱਖ ਪਹਿਰਾਵੇ ਅਤੇ ਗੁਰਬਾਣੀ ਗਿਆਨ ਦੇ ਮੁਕਾਬਲੇ ਕਰਵਾਏ ਜਾਣ ਤੇ ਉਹਨਾ ਨੂੰ ਗੁਰਧਾਮਾਂ ਦੇ ਇਤਿਹਾਸ ਤੋ ਜਾਣੂ ਕਰਾਈਏ,ਕਿਉਕਿ ਬਹੁਤ ਸਾਰੇ ਲੋਕਾਂ ਨੂੰ ਿੲਹ ਹੀ ਨਹੀਂ ਪਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਕਿਥੇ ਹੋਇਆ।

** ਆਉਣ ਵਾਲੀਆਂ ਨਸਲਾਂ ਲਈ ਪੀ.ਸੀ.ਐਸ. ਤੇ ਆਈ. ਏ.ਐਸ. ਦੇ ਉੱਚ ਪਾਏ ਦੇ ਪ੍ਰੀ ਟਰੇਨਿੰਗ ਸੈਂਟਰ ਖੋਲੇ ਜਾਣ ਤਾਂ ਕਿ ਸਾਡੇ ਬੱਚੇ ਉੱਚ ਪੱਧਰੀ ਆਸਾਮੀ ਤੇ ਪਹੁੰਚ ਆਪਣੀ ਕੌਮ ਦੀ ਅਗਵਾਈ ਆਪ ਕਰਨ ਦੇ ਸਮਰੱਥ ਹੋਣ। 

** ਜਿੱਥੇ ਸਰੀਰ ਦੀ ਤਿ੍ਪਤੀ ਲਈ ਲੰਗਰ ਹੈ ,ਉੱਥੇ ਗਿਆਨ ਦੀ ਤਿ੍ਪਤੀ ਲਈ ਕਿਤਾਬਾਂ ਦਾ ਲੰਗਰ ਲਾਇਆ ਜਾਵੇ।

** ਸ਼ਖ਼ਸ਼ੀ ਪੂਜਾ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ 'ਤੇ ਜ਼ੋਰ ਦਿੱਤਾ ਜਾਵੇ, ਸਿੱਖ ਧਰਮ ਦੇ ਅਜਿਹੇ ਪ੍ਰਚਾਰਕ ਪੈਦਾ ਕੀਤੇ ਜਾਣ ਜਿਹੜੇ ਗੁਰਬਾਣੀ ਦਾ ਸਹੀ ਗਿਆਨ ਲੋਕਾਂ ਨੂੰ ਦੇਣ ਲਈ ਬਚਨਬਧ ਹੋਣ ਤਾਂ ਕਿ ਅਮਰਵੇਲ ਵਾਂਗੂੰ ਵਧ ਰਹੇ ਡੇਰਾਵਾਦ ਨੂੰ ਠੱਲ੍ਹ ਪਾਈ ਜਾ ਸਕੇ, ਜਿਹੜੇ ਡੇਰਿਆਂ ਤੇ ਹੁੰਦੇ ਭੋਲੇ ਭਾਲੇ ਲੋਕਾਂ ਦੇ ਸਰੀਰਕ, ਮਾਨਸਿਕ, ਅਤੇ ਆਰਥਿਕ ਸ਼ੋਸਣ ਤੋਂ ਬਚਾ ਕੇ ਉਹਨਾਂ ਨੂੰ ਗੁਰੂ ਆਸ਼ੇ ਅਨੁਸਾਰ ਜਿਉਣ ਦੇ ਮਾਰਗ ਤੇ ਚੱਲਣ ਦੀ ਜਾਚ ਸਿਖਾਉਣ ਦੇ ਸਮਰੱਥ ਹੋਣ।

ਮੈ ਇਹੀ ਬੇਨਤੀ ਕਰਨੀ ਚਾਹਾਂਗੀ ਕਿ ਨੀਲੀਆਂ, ਪੀਲੀਆਂ, ਚਿੱਟੀਆਂ ਦਸਤਾਰਾਂ ਵਾਲੇ ਸਾਰੇ ਦਲ ਇੱਕ ਮੰਚ 'ਤੇ ਇੱਕਠੇ ਹੋਣ ਤਾਂ ਹੀ ਸਾਡੀ ਕੌਮ ਦੇ ਸੁਪਨੇ ਸਾਕਾਰ ਹੋ ਸਕਦੇ ਹਨ, ਜੇਕਰ ਸਾਡਾ ਪਰਿਵਾਰ ਇੱਕਠਾ ਹੈ ਤਾਂ ਕਿਸੇ ਦੀ ਮਜਾਲ ਨਹੀਂ ਕੋਈ ਸਾਡਾ ਨੁਕਸਾਨ ਕਰੇ।

ਸੋ ਅੰਤ ਵਿੱਚ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਸਿੱਖ ਕੌਂਮ ਦੀ ਵੀਰਤਾ ਦਾ ਪ੍ਰਤੀਕ "ਹੋਲਾ ਮਹੱਲਾ" ਓਨੀ ਦੇਰ ਸਾਰਥਕ ਨਹੀਂ ਮੰਨਿਆ ਜਾ ਸਕਦਾ, ਜਿੰਨੀ ਦੇਰ  ਸਿੱਖਾਂ ਦੇ ਕੌਂਮੀ ਆਗੂਆਂ ਦੀ ਸੋਚ ਗੁਰੂ ਨਾਲ ਇੱਕ ਮਿੱਕ ਹੋਣ ਦੇ ਸਮਰੱਥ ਨਹੀਂ ਹੋ ਜਾਂਦੀ। 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top