Share on Facebook

Main News Page

ਸਿੱਖ ਕੌਮ ਵਿੱਚ ਪ੍ਰਚਲਿਤ ਦੋ ਮਨ ਘੜਤ ਤਸਵੀਰਾਂ
-: ਸਤਿਨਾਮ ਸਿੰਘ ਮੌਂਟਰੀਅਲ
514-219-2525

ਪਹਿਲੀ ਤਸਵੀਰ ਮਹਾਂਪੁਰਖ ਬਾਣੀ ਰਚੇਤਾ ਬਾਬਾ ਸ਼ੇਖ ਫਰੀਦ ਜੀ ਦੀ ਮੰਨੀ ਜਾਂਦੀ ਹੈ,
ਇਹ ਤਸਵੀਰ ਬਾਬਾ ਫਰੀਦ ਜੀ ਦੇ ਇੱਕ ਸਲੋਕ ਦੇ ਅੱਖਰੀ ਅਰਥਾਂ ਦੇ ਆਧਾਰਿਤ ਬਣਾਈ ਹੋਈ ਇੱਕ ਕਾਲਪਨਿਕ ਤਸਵੀਰ ਹੈ,

ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥91॥ ਅੰਕ 1382

ਅਸਲ ਇਸ ਸਲੋਕ ਵਿੱਚ ਬਾਬਾ ਫਰੀਦ ਜੀ ਨੇ ਉਹਨਾਂ ਵਿਸ਼ੇ-ਵਿਕਾਰਾਂ ਤੇ ਚੋਟ ਕੀਤੀ ਸੀ, ਜੋ ਹਰੇਕ ਮਨੁੱਖ ਨੂੰ ਅੰਦਰ ਹੀ ਅੰਦਰ ਖਾਈ ਜਾ ਰਹੇ ਹਨ, ਪਰ ਇਸ ਕਾਲਪਨਿਕ ਤਸਵੀਰ ਨੇ ਗੱਲ ਨੂੰ ਅਸਲੀ ਵਿਸੇ ਤੋਂ ਭਟਕਾ ਦਿੱਤਾ ਹੈ, ਆਪਾਂ ਬਾਬਾ ਫਰੀਦ ਜੀ ਦੇ ਇੱਕ ਹੋਰ ਸਲੋਕ ਦੀ ਉਦਾਹਰਨ ਲੈਂਦੇ ਹਾਂ,

ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥
ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥81॥ ਅੰਕ 1382

ਜ਼ਰਾ ਸੋਚੋ, ਜੇ ਇਸ ਸਲੋਕ ਦੀ ਕੋਈ ਅੱਖਰੀ ਅਰਥ ਲੈਕੇ ਤਸਵੀਰ ਬਣਾ ਦੇਵੇ, ਤਾਂ ਕੁਝ ਇਸ ਤਰ੍ਹਾਂ ਦੀ ਬਣੇਗੀ ਕਿ ਬਾਬਾ ਫਰੀਦ ਜੀ ਪਿੰਡ ਦੇ ਵਿਚਕਾਰ ਇੱਕ ਉੱਚੇ ਚੁਬਾਰੇ 'ਤੇ ਖੜੇ ਹੋਣਗੇ ਤੇ ਆਲੇ ਦੁਵਾਲੇ ਘਰਾਂ ਵਿੱਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਹੋਣਗੀਆਂ,

ਕੀ ਇਹੋ ਜਿਹੀਆਂ ਤਸਵੀਰਾਂ ਮਨੁੱਖਤਾ ਨੂੰ ਕੋਈ ਸੇਧ ਦੇ ਸਕਣਗੀਆਂ??
ਕੀ ਆਖਰੀ ਸਮੇਂ ਬਾਬਾ ਫਰੀਦ ਜੀ ਨੂੰ ਕਾਵਾਂ ਨੇ ਖਾਧਾ ਹੋਵੇਗਾ??

ਦੂਸਰੀ ਤਸਵੀਰ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਮੰਨੀ ਜਾਂਦੀ ਹੈ, ਇਹ ਤਸਵੀਰ ਵੀ ਸੀਸ ਤਲੀ 'ਤੇ ਧਰਨ ਦੇ ਅੱਖਰੀ ਅਰਥਾਂ ਦੇ ਆਧਾਰਿਤ ਹੀ ਬਣਾਈ ਗਈ ਇੱਕ ਕਾਲਪਨਿਕ ਤਸਵੀਰ ਹੈ,

ਤਲੀ 'ਤੇ ਸੀਸ ਰਖਣਾ ਇੱਕ ਬਹਾਦਰੀ ਦਾ ਪ੍ਰਤੀਕ ਹੁੰਦਾ ਹੈ, ਕੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਨੇ ਤਲੀ ਤੇ ਸੀਸ ਨਹੀਂ ਸੀ ਰੱਖਿਆ ਹੋਇਆ? ਧਰਮ (ਸੱਚ) ਤੇ ਚਲਣ ਵਾਲੇ ਬੱਚ-ਬੱਚੇ ਨੂੰ ਤਲੀ ਤੇ ਸੀਸ ਰੱਖ ਕੇ ਹੀ ਤੁਰਨਾ ਪੈਂਦਾ ਹੈ,

ਧਰਮ ਦੀ ਲੜਾਈ ਤਲੀ ਤੇ ਸੀਸ ਰੱਖੇ ਬਗੈਰ ਲੜੀ ਹੀ ਨਹੀਂ ਜਾ ਸਕਦੀ ?

ਬਾਬਾ ਦੀਪ ਸਿੰਘ ਜੀ ਨੇ ਵੀ ਤਲੀ 'ਤੇ ਸੀਸ ਤਾਂ ਦਮਦਮਾ ਸਾਬ ਤੋਂ ਤੁਰਨ ਲਗਿਆਂ ਹੀ ਰੱਖ ਲਿਆ ਸੀ, ਪਰ ਕੁਝ ਸੰਪਰਦਾਈ ਲੋਕਾਂ ਨੇ ਆਪਣੀਆਂ ਰੋਟੀਆ ਸੇਕਣ ਲਈ ਅਰਥਾ ਦੇ ਅਨਰਥ ਕਰ ਦਿੱਤੇ ਹਨ,

ਸਿੱਖੀ ਦਾ ਤਾਂ ਮਾਰਗ ਹੀ ਤਲੀ 'ਤੇ ਸੀਸ ਰੱਖ ਕੇ ਤੁਰਨ ਦਾ ਹੈ,

ਸਲੋਕ ਵਾਰਾਂ ਤੇ ਵਧੀਕ ॥
ਮਹਲਾ 1 ॥ ...ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ
ਇਤੁ ਮਾਰਗਿ ਪੈਰੁ ਧਰੀਜੈ ਸਿਰੁ ਦੀਜੈ ਕਾਣਿ ਨ ਕੀਜੈ ॥20॥... ਅੰਕ 1410

ਜ਼ਰਾ ਸੋਚੋ, ਜੇ ਗੁਰਬਾਣੀ ਦੀਆ ਪੰਗਤੀਆਂ ਦੇ ਅੱਖਰੀ ਅਰਥ ਲੈਕੇ ਕੋਈ ਫੋਟੋਆਂ ਬਣਾਉਣ ਵਾਲਾ ਕੁਝ ਇਸ ਤਰਾਂ ਦੀ ਫੋਟੋ ਬਣਾ ਦੇਵੇ, ਕਿ ਸਾਮਣੇ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਤੇ ਤਲੀ 'ਤੇ ਸੀਸ ਰੱਖੀ ਹੋਈ ਸੰਗਤ ਦੀ ਮੱਥਾ ਟੇਕਣ ਲਈ ਲਾਈਨ ਲਗੀਓ ਹੋਵੇ, ਕਿਸ ਤਰਾਂ ਲੱਗੇਗੀ ਫਿਰ?

ਚਲੋ ਇੱਕ ਪੱਲ ਲਈ ਮੰਨ ਵੀ ਲਈਏ ਕਿ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਤੋਂ ਕੱਟਿਆ ਵੀ ਗਿਆ ਹੋਵੇਗਾ, ਪਰ ਜੇ ਬਾਬਾ ਜੀ ਨੇ ਕਰਾਮਾਤ ਨਾਲ ਹੀ ਲੜਨਾ ਸੀ, ਫਿਰ ਸੀਸ ਨੂੰ ਤਲੀ 'ਤੇ ਰੱਖਣ ਦੀ ਵੀ ਕੀ ਲੋੜ ਸੀ??

ਜੇ ਕਰਾਮਾਤ ਨਾਲ ਸਿਰ ਤਲੀ 'ਤੇ ਰੱਖਿਆ ਜਾ ਸਕਦਾ ਹੈ ਫਿਰ ਕੀ ਦੁਬਾਰਾ ਧੜ ਤੇ ਨਹੀਂ ਰਖਿਆ ਜਾ ਸਕਦਾ ਸੀ??

ਉਹਨਾਂ ਸਮਿਆਂ ਦੀ ਲੜਾਈ ਵਿੱਚ ਇੱਕ ਹੱਥ ਵਿੱਚ ਸ਼ਸਤਰ ਤੇ ਦੂਜੇ ਹੱਥ ਵਿੱਚ ਢਾਲ ਦਾ ਹੋਣਾ ਬਹੁਤ ਜਰੂਰੀ ਸੀ, ਕਿਉਂਕਿ ਢਾਲ ਤੋਂ ਬਗੈਰ ਦੁਸ਼ਮਨ ਦੇ ਵਾਰ ਨੂੰ ਰੋਕਿਆ ਹੀ ਨਹੀਂ ਜਾ ਸਕਦਾ ਸੀ।

ਬਾਬਾ ਦੀਪ ਸਿੰਘ ਜੀ ਸਾਡੇ ਮਹਾਨ ਸ਼ਹੀਦ ਹਨ, ਸਿਰ ਝੁਕਦਾ ਰਹਿਗਾ ਉਹਨਾਂ ਦੀ ਸ਼ਹੀਦੀ ਨੂੰ, ਪਰ ਗੁਰਬਾਣੀ ਦੇ ਨਿਰਮਲ ਸਿਧਾਂਤਾਂ ਅਨੁਸਾਰ ਕੁਦਰਤ ਦੇ ਨਿਯ਼ਮਾਂ ਤੋਂ ਉਲਟ ਕੋਈ ਵੀ ਸਾਖੀ ਪ੍ਰਵਾਨ ਨਹੀਂ ਕੀਤੀ ਜਾ ਸਕਦੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top