Share on Facebook

Main News Page

ਬਾਦਲ ਦੀ ਪ੍ਰਧਾਨਗੀ ਵਾਲੇ ਮੀਰੀ ਪੀਰੀ ਟਰੱਸਟ ਨੂੰ ਸ਼੍ਰੋਮਣੀ ਕਮੇਟੀ ਵੱਲੋਂ 104 ਕਰੋੜ ਦੇਣ ਦਾ ਐਲਾਨ

- ਫਤਹਿਗੜ੍ਹ ਵਿਖੇ 46 ਲੱਖ ਨੂੰ ਪ੍ਰਤੀ ਏਕੜ ਦੀ ਕੀਮਤ ਵਾਲੀ 51 ਏਕੜ ਜ਼ਮੀਨ ਖਰੀਦੀ ਜਾਵੇਗੀ

ਅੰਮ੍ਰਿਤਸਰ 22 ਮਾਰਚ (ਜਸਬੀਰ ਸਿੰਘ) ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਦੀ ਪ੍ਰਧਾਨਗੀ ਵਾਲੇ ਮੀਰੀ ਪੀਰੀ ਟਰਸੱਟ ਸ਼ਾਹਬਾਦ ਮਾਰਕੰਡਾ ਨੂੰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਮੇਟੀ ਵਿੱਚ 104 ਕਰੋੜ ਦੀ ਸਹਾਇਤਾ ਦੇਣ ਦਾ ਮਤਾ ਪਾਸ ਕੀਤਾ ਗਿਆ, ਜਿਸ ਨੂੰ ਲੈ ਕੇ ਇਹ ਫੈਸਲਾ ਇੱਕ ਵਾਰੀ ਫਿਰ ਪੰਥਕ ਸਫਾਂ ਦੀਆ ਸ੍ਰੁਰਖੀਆ ਦਾ ਸ਼ਿੰਗਾਰ ਬਣ ਸਕਦਾ ਹੈ। ਵਰਨਣਯੋਗ ਹੈ ਕਿ ਇਹ ਟਰੱਸਟ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਇੱਕ ਸਕੱਤਰ ਦੀ ਬਲੀ ਵੀ ਲੈ ਚੁੱਕਾ ਹੈ ਤੇ ਹੁਣ ਕਿਸ ਦੀ ਬਲੀ ਹੋਵੇਗੀ ਇਹ ਹਾਲੇ ਭਵਿੱਖ ਦੀ ਬੁੱਕਲ ਵਿੱਚ ਛਿਪਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਦੀ ਹੋਈ ਮੀਟਿੰਗ ਵਿੱਚ ਪਰਧਾਨ ਸਮੇਤ 15 ਮੈਂਬਰਾਂ ਵਿੱਚੋ 13 ਮੈਂਬਰ ਹਾਜਰ ਹੋਏ ਜਦ ਕਿ ਸ੍ਰ ਸੂਬਾ ਸਿੰਘ ਡੱਬਵਾਲੀ, ਸ੍ਰ ਭਜਨ ਸਿੰਘ ਸ਼ੇਰਗਿੱਲ ਤੇ ਜੂਨੀਅਰ ਮੀਤ ਪ੍ਰਧਾਨ ਸ੍ਰ ਕੇਵਲ ਸਿੰਘ ਬਾਦਲ ਮੀਟਿੰਗ ਵਿੱਚੋ ਗੈਰ ਹਾਜ਼ਰ ਰਹੇ। ਮੀਟਿੰਗ ਵਿੱਚ ਗੁਰੂਦੁਆਰਾ ਫਤਹਿਗੜ੍ਹ ਸਾਹਿਬ ਵਿਖੇ 51 ਏਕੜ ਜ਼ਮੀਨ 46 ਲੱਖ ਨੂੰ ਪ੍ਰਤੀ ਏਕੜ ਖਰੀਦਣ ਦੀ ਗੱਲ ਹੀ ਨਹੀਂ ਕੀਤੀ ਗਈ ਸਗੋ ਜਾਣਕਾਰੀ ਮੁਤਾਬਕ ਇਸ ਜ਼ਮੀਨ ਦਾ ਬਿਆਨਾ ਕਰ ਲਿਆ ਗਿਆ ਹੈ ਜਦ ਕਿ ਇਸ ਤੋ ਪਹਿਲਾਂ ਚੰਡੀਗੜ੍ਹ ਦੇ ਨਜਦੀਕ ਗੁਰੂਦੁਆਰਾ ਅੰਬ ਸਾਹਿਬ ਲਈ ਜ਼ਮੀਨ ਸਾਢੇ ਤੇਈ ਲੱਖ ਪ੍ਰਤੀ ਏਕੜ ਨੂੰ ਖਰੀਦੀ ਗਈ ਹੈ।

ਮੀਟਿੰਗ ਵਿੱਚ ਜਨਰਲ ਸਕੱਤਰ ਸ੍ਰ ਸੁਖਦੇਵ ਸਿੰਘ ਭੌਰ ਉਸ ਵੇਲੇ ਵਾਕ ਆਊਟ ਕਰ ਗਏ ਜਦੋ ਟਰੱਸਟਾਂ ਦੀਆ ਮੀਟਿੰਗਾਂ ਕਰਕੇ ਵੱਧ ਘੱਟ ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਜਾਣੀ ਸੀ। ਗੁਰੂਦੁਆਰਾ ਸਾਰਾਗੜ੍ਹੀ ਦੇ ਨਾਲ ਬਣ ਰਹੀ ਬਹੁਮੰਜਲੀ ਸਰਾਂ ਦੇ ਖਰਚੇ ਵਿੱਚ ਚਾਰ ਫੀਸਦੀ ਵਾਧਾ ਕਰਕੇ ਠੇਕਾਦਾਰ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਭਾਂਵੇ ਪਿਛਲੀ ਮੀਟਿੰਗ ਵਿੱਚ ਇਸ ਮਦ ਨੂੰ ਪ੍ਰਵਾਨ ਕਰ ਲਿਆ ਗਿਆ ਸੀ ਪਰ ਇਸ ਮੀਟਿੰਗ ਵਿੱਚ ਇਸ ਖਰਚੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸਰਕਾਰੀ ਕੰਮ ਲੇਟ ਹੋਣ ਤੇ ਠੇਕੇਦਾਰ ਨੂੰ ਜੁਰਮਾਨਾ ਕੀਤਾ ਜਾਂਦਾ ਹੈ ਪਰ ਗੁਰੂ ਘਰ ਦਾ ਕੰਮ ਲੇਟ ਕਰਨ ਵਾਲੇ ਠੇਕੇਦਾਰ ਨੂੰ ਚਾਰ ਫੀਸਦੀ ਵੱਧ ਅਦਾਇਗੀ ਕੀਤੀ ਜਾਵੇਗੀ। ਮੀਟਿੰਗ ਵਿੱਚ ਸ੍ਰ ਸੁਖਦੇਵ ਸਿੰਘ ਭੌਰ ਨੇ ਇਹ ਮੁੱਦਾ ਵੀ ਉਠਾਇਆ ਕਿ ਕੁਝ ਅਜਿਹੀਆ ਵੀ ਅਦਾਇਗੀਆ ਸ਼੍ਰੋਮਣੀ ਕਮੇਟੀ ਦੇ ਫੰਡਾਂ ਵਿੱਚੋ ਕੀਤੀਆ ਜਾਂਦੀਆ ਹਨ ਜਿਹਨਾਂ ਬਾਰੇ ਕਿਸੇ ਮੈਂਬਰ ਤੇ ਨਾ ਹੀ ਪ੍ਰਧਾਨ ਨੂੰ ਜਾਣਕਾਰੀ ਹੁੰਦੀ ਹੈ ਪਰ ਉਹ ਉਪਰੋ ਆਏ ਹੁਕਮਾਂ ਅਨੁਸਾਰ ਕਰ ਦਿੱਤੀਆ ਜਾਂਦੀਆ ਹਨ। ਇੰਨੀ ਗੱਲ ਸੁਣ ਕੇ ਇੱਕ ਵਾਰੀ ਤਾਂ ਮੀਟਿੰਗ ਵਿੱਚ ਸਨਾਟਾ ਛਾਂ ਗਿਆ ਪਰ ਸ੍ਰ ਭੌਰ ਕੁਝ ਸਮੇਂ ਬਾਅਦ ਹੀ ਉਠ ਕੇ ਚੱਲਦੇ ਬਣੇ ਇਹ ਜਾਣਕਾਰੀ ਵੀ ਇੱਕ ਮੈਂਬਰ ਨੇ ਦਿੱਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਮੀਟਿੰਗ ਵਿੱਚ ਸਹਿਜਧਾਰੀਆਂ ਨੂੰ ਦਿੱਤਾ ਵੋਟ ਦਾ ਹੱਕ ਰੱਦ ਕੀਤੇ ਜਾਣ ਦੀ ਕੇਂਦਰ ਸਰਕਾਰ ਦੀ ਸ਼ਲਾਘਾ ਕੀਤੀ ਗਈ ਹੈ ਤੇ ਯੂ.ਪੀ ਦੀ ਜੇਲ ਵਿੱਚੋ ਰਿਹਾਅ ਹੋ ਕੇ ਆਏ ਭਾਈ ਵਰਿਆਮ ਸਿੰਘ ਨੂੰ ਇੱਕ ਲੱਖ ਰੁਪਏ ਸਹਾਇਤਾ ਤੇ ਉਸ ਦੀ ਨੂੰਹ ਨੂੰ ਨੌਕਰੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜਨਮ ਦੀ ਸਾਢੇ ਤਿੰਨ ਸਾਲਾ ਸ਼ਤਾਬਦੀ ਨੂੰ ਸਮੱਰਪਿੱਤ ਵੱਖ ਵੱਖ ਸਥਾਨਾਂ ਤੇ ਧਾਰਮਿਕ ਸਮਾਗਮ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਹਨਾਂ ਵਿੱਚ 52 ਕਵੀਆ ਦਾ ਇੱਕ ਕਵੀ ਦਰਬਾਰ ਪਾਊਟਾ ਸਾਹਿਬ ਵਿਖੇ ਕੀਤਾ ਜਾਵੇਗਾ। ਪੰਜ ਕੀਤਰਨ ਦਰਬਾਰ ਅਨੰਦਪੁਰ ਸਾਹਿਬ, ਦੀਨਾ ਕਾਗੜ ਸਾਹਿਬ, ਬਿਲਾਸਪੁਰ ਸਾਹਿਬ ਤੇ ਹਜੂਰੀ ਸਾਹਿਬ ਆਦਿ ਧਾਰਮਿਕ ਅਸਥਾਨਾਂ ਤੇ ਵਿਖੇ ਕਰਵਾਏ ਜਾਣਗੇ ਅਤੇ ਪੰਜ ਸਥਾਨਾਂ ਤੋ ਸਪੈਸ਼ਲ ਰੇਲ ਗੱਡੀਆ ਸੰਗਤਾਂ ਦੀ ਸਹੂਲਤ ਲਈ ਚਲਾਈਆ ਜਾਣਗੀਆ ਤਾਂ ਕਿ ਉਹ ਗੁਰੂ ਸਾਹਿਬ ਦਾ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਭਾਗ ਲੈ ਸਕਣ। ਇਸੇ ਤਰ੍ਹਾਂ ਫਤਹਿਗੜ੍ਹ ਸਾਹਿਬ ਵਿਖੇ ਇੱਕ ਸੰਸਥਾ ਖੋਹਲੀ ਜਾਵੇਗੀ ਜਿਥੇ ਸਿੱਖ ਬੱਚਿਆ ਨੂੰ ਆਈ.ਏ.ਐਸ ਤੇ ਹੋਰ ਗਜਟਿਡ ਨੌਕਰੀਆ ਲਈ ਟਰੇਨਿੰਗ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਤੇਜਾ ਸਿੰਘ ਸਮੁੰਦਰੀ ਹਾਲ ਜਿਸ ਨੂੰ 1984 ਦੀ ਇੱਕ ਨਿਸ਼ਾਨੀ ਵਜੋ ਹੁਣ ਤੱਕ ਉਸੇ ਤਰ੍ਹਾਂ ਹੀ ਰੱਖਿਆ ਗਿਆ ਸੀ ਦੀ ਵੀ ਮੁਰੰਮਤ ਕੀਤੀ ਜਾਵੇਗੀ ਅਤੇ ਇਤਿਹਸਾਕ ਨਿਸ਼ਾਨੀਆ ਨੂੰ ਰੱਖਿਆ ਜਾਵੇਗਾ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਬੱਜਟ 31 ਮਾਰਚ ਨੂੰ ਪਾਸ ਕੀਤਾ ਜਾਵੇਗਾ।

ਇੱਕ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਕੋਲ ਇਸੇ ਵੇਲੇ ਕੋਈ ਪੈਸਾ ਨਹੀਂ ਹੈ ਤੇ ਧਰਮ ਪ੍ਰਚਾਰ ਕਮੇਟੀ ਵੀ ਪੂਰੀ ਤਰ੍ਹਾਂ ਖਾਲੀ ਹੋਈ ਪਈ ਹੈ ਤੇ ਉਥੇ ਵੀ ਸਿਰਫ 25 ਕਰੋੜ ਰੁਪਏ ਹੀ ਬਚੇ ਹਨ। ਉਹਨਾਂ ਕਿਹਾ ਕਿ ਜਿੰਨਾ ਆਰਥਿਕ ਸੰਕਟ ਇਸੇ ਵੇਲੇ ਸ਼੍ਰੋਮਣੀ ਕਮੇਟੀ ਤੇ ਇਸੇ ਵੇਲੇ ਆਇਆ ਹੋਇਆ ਹੈ ਅਜਿਹਾ ਪਹਿਲਾ ਕਦੇ ਨਹੀਂ ਆਇਆ। ਉਹਨਾਂ ਦੱਸਿਆ ਕਿ ਜੇਕਰ ਸ਼੍ਰੋਮਣੀ ਕਮੇਟੀ ਦਾ ਹਾਲ ਇੱਕ ਸਾਲ ਹੋਰ ਇੰਜ ਹੀ ਰਹਿ ਗਿਆ ਤਾਂ ਕਿਸੇ ਵੇਲੇ ਪੰਜਾਬ ਸਰਕਾਰ ਨੂੰ ਕਰਜ਼ਾ ਦੇਣ ਵਾਲੀ ਸ਼੍ਰੋਮਣੀ ਕਮੇਟੀ ਖੁਦ ਦੀਵਾਲੀਆ ਹੋ ਜਾਵੇਗੀ। ਭਾਈ ਬਲਦੇਵ ਸਿੰਘ ਵਡਾਲਾ ਬਾਰੇ ਉਹਨਾਂ ਕਿਹਾ ਕਿ ਹਾਲ ਦੀ ਘੜੀ ਉਸ ਬਾਰੇ ਅਖਬਾਰਾਂ ਵਿੱਚ ਚਰਚਾ ਹੋਣ ਕਾਰਨ ਮਾਮਲਾ ਦੱਬਿਆ ਗਿਆ ਹੈ ਪਰ 31 ਮਾਰਚ ਨੂੰ ਕੋਈ ਫੈਸਲਾ ਹੋਣ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਭਾਈ ਵਡਾਲਾ ਦਾ ਸਾਥ ਦੇਣ ਵਾਲੇ ਵੀ ਕਈ ਮੁਲਾਜਮਾਂ ਸ਼੍ਰੋਮਣੀ ਕਮੇਟੀ ਦੀ ਹਿੱਟ ਲਿਸਟ ਤੇ ਹਨ ਤੇ ਉਹਨਾਂ ਤੇ ਵੀ ਅਨੁਸ਼ਾਸ਼ਨੀ ਕਾਰਵਾਈ ਹੋ ਸਕਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top