Share on Facebook

Main News Page

ਭਾਈ ਕਾਨ੍ਹ ਸਿੰਘ ਨਾਭਾ ਦੀ ਇੱਕ ਮਹਾਨ ਖੋਜ-ਇੱਕ ਪੁਰਾਤਨ ਗੁਟਕਾ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਭਾਈ ਕਾਨ੍ਹ ਸਿੰਘ ਨਾਭਾ (ਜੀਵਨ ਕਾਲ਼-30 ਅਗੱਸਤ ਸੰਨ 1861 ਤੋਂ 24 ਨਵੰਬਰ ਸੰਨ 1938) ਨੇ ਸਿੱਖੀ ਨੂੰ ਸਾਹਿਤਕ ਤੌਰ 'ਤੇ ਅਮੀਰ ਬਣਾਉਣ ਲਈ 60 ਕੁ ਅਮੋਲਕ ਪੁਸਤਕਾਂ ਲਿਖੀਆਂ। ਇਨ੍ਹਾਂ ਵਿੱਚ ‘ਮਹਾਨ ਕੋਸ਼’ ਦੀ ਰਚਨਾ ਸਭ ਤੋਂ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ। ਇਹ ਰਚਨਾ ਉਨ੍ਹਾਂ ਦੀ ‘ਮੈਗਨਮ ਓਪਸ’ ਹੈ। ਇਹ ਰਚਨਾ ‘ਇਨਸਾਈਕਲੋਪੀਡੀਆ ਆਫ਼ ਸਿੱਖਿਜ਼ਮ’ ਨਾਂ ਨਾਲ਼ ਵੀ ਜਾਣੀ ਜਾਂਦੀ ਹੈ। ਗੁਰਮਤ ਸੁਧਾਕਰ, ਗੁਰਮਤ ਪ੍ਰਭਾਕਰ, ਗੁਰਮਤ ਮਾਰਤੰਡ ਆਦਿਕ ਵੀ ਵਿਸ਼ੇਸ਼ ਜਾਣਕਾਰੀ ਨਾਲ਼ ਭਰਪੂਰ ਹਨ। ਆਪ ਅਰਬੀ, ਫ਼ਾਰਸੀ ਅਤੇ ਸੰਸਕ੍ਰਿਤ ਦੇ ਵਿਦਵਾਨ ਹੋਣ ਦੇ ਨਾਲ਼ ਚੰਗੇ ਸੰਗੀਤਕਾਰ ਵੀ ਸਨ। ਉਹ ਮੈਕਾਲਫ਼ ਦੇ ਮਿੱਤਰ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਇਨ੍ਹਾਂ ਭਾਸ਼ਾਵਾਂ ਦੇ ਸ਼ਬਦਾਂ ਦੇ ਅਰਥਾਂ ਅਤੇ ਉੱਚਾਰਣ ਨੂੰ ‘ਮਹਾਨ ਕੋਸ਼’ ਵਿੱਚੋਂ ਆਸਾਨੀ ਨਾਲ਼ ਸਮਝਿਆ ਜਾ ਸਕਦਾ ਹੈ ਜਿਵੇਂ ਬਾਸਾ-ਬਾਸ਼ਾ, ਪਾਸਾ-ਪਾਸ਼ਾ, ਜਸ-ਜਸ਼, ਜਨ-ਜ਼ਨ, ਸਾਇਰ-ਸ਼ਾਇਰ, ਸੇਰ-ਸ਼ੇਰ, ਸੰਡਾ-ਸ਼ੰਡਾ, ਸੂਦ-ਸ਼ੂਦ, ਜੋਰ-ਜ਼ੋਰ, ਸੂਰ-ਸ਼ੁਰ, ਸੂਰਾ-ਸ਼ੂਰਾ, ਸੋਚ-ਸ਼ੋਚ ਆਦਿਕ ਸ਼ਬਦ ਜੋੜਾਂ ਨੂੰ ਬੋਲਣ ਦੇ ਅੰਤਰ ਦਾ ਢੰਗ ‘ਮਹਾਨ ਕੋਸ਼’ ਵਿੱਚੋਂ ਮਿਲ਼ ਜਾਂਦਾ ਹੈ। ‘ਮਹਾਨ ਕੋਸ਼’ ਵਿੱਚੋਂ ਹੋਰ ਅਨੇਕਾਂ ਗ੍ਰੰਥ ਬਣਾਏ ਜਾ ਸਕਦੇ ਹਨ।

ਮਹਾਰਾਜਾ ਨਾਭਾ ਵਲੋਂ ਭਾਈ ਕਾਨ੍ਹ ਸਿੰਘ ਨਾਭਾ ਨੂੰ ਵਿਸ਼ੇਸ਼ ਸਹੂਲਤਾਂ ਮਿਲ਼ੀਆਂ ਹੋਈਆਂ ਸਨ, ਜਿਨ੍ਹਾਂ ਕਾਰਣ ਉੁਹ ਦੂਰ ਦੁਰਾਡੇ ਦੀਆਂ ਥਾਵਾਂ ਨੂੰ ਖੋਜ ਅਧੀਨ ਲਿਆ ਸਕੇ। ਆਪ ਮਹਾਰਾਜਾ ਹੀਰਾ ਸਿੰਘ ਨਾਭਾ ਦੇ ਨਿੱਜੀ ਸਕੱਤ੍ਰ ਅਤੇ ਹਾਈ ਕੋਰਟ ਦੇ ਜੱਜ ਵੀ ਰਹੇ। ਮਹਾਰਾਜਾ ਰਿਪੁਦੰਮਨ ਸਿੰਘ ਨਾਭਾ ਵਲੋਂ ਭਾਈ ਕਾਹਨ ਸਿੰਘ ਨਾਭਾ ਨੂੰ ਮਸੂਰੀ ਵਿੱਚ ‘ਕਿਨਕਰੇਗ’ ਨਾਂ ਦੀ ਇੱਕ ਕੋਠੀ 81500/- ਰੁਪਏ ਨਾਲ਼ ਖ਼ਰੀਦ ਕੇ ਖੋਜ ਕਾਰਜਾਂ ਲਈ ਦਿੱਤੀ ਗਈ ਸੀ। ਭਾਈ ਕਾਹਨ ਸਿੰਘ ਨਾਭਾ ਨੇ 9 ਸਾਲਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪਾਠ ਕਰ ਕੇ ਅਤੇ ਹੋਰ 5 ਸਾਲ ਲਾ ਕੇ 14 ਸਾਲਾਂ ਦੀ ਮਿਹਨਤ ਨਾਲ਼ ‘ਮਹਾਨ ਕੋਸ਼’ ਦੀ ਰਚਨਾ ਕੀਤੀ।

ਇਤਿਹਾਸਕ ਗੁਟਕੇ ਦੀ ਖੋਜ

ਕਿਲਾ ਪਟਿਆਲ਼ਾ ਵਿੱਚ ਬਾਬਾ ਆਲਾ ਸਿੰਘ ਦੇ ਬੁਰਜ ਵਿੱਚ ਕੁਝ ਇਤਿਹਾਸਕ ਵਸਤੂਆਂ ਦਾ ਜ਼ਿਕਰ ‘ਮਹਾਨ ਕੋਸ਼’ ਵਿੱਚ ਕੀਤਾ ਗਿਆ ਹੈ। ਇਨ੍ਹਾਂ ਵਸਤੂਆਂ ਵਿੱਚ ਧੰਨੁ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਨਾਲ਼ ਸੰਬੰਧਤ ਇਕ ਗੁਟਕੇ ਦਾ ਵੀ ਜ਼ਿਕਰ ਹੈ। ਇੱਸ ਗੁਟਕੇ ਵਿੱਚ ਲਿਖੀਆਂ ਬਾਣੀਆਂ ਵਿੱਚ ਲਿਖਿਆ ਨਿੱਤ-ਨੇਮ ਉਹੀ ਹੈ ਜੋ ਗੁਰੂ ਜੀ ਨੇ ਦਮਦਮੀ ਬੀੜ ਤਿਆਰ ਕਰਨ ਸਮੇਂ ਦਰਜ ਕਰਵਾਇਆ ਸੀ ਤੇ ਇਸ ਨਿਤ-ਨੇਮ (ਜਪੁ, ਸੋਦਰੁ, ਸੋ ਪੁਰਖੁ, ਸੋਹਿਲਾ) ਦੀ ਰੂਪ-ਰੇਖਾ ਖ਼ੁਦ ਪੰਜਵੇਂ ਗੁਰੂ ਜੀ ‘ਪੋਥੀ ਸਾਹਿਬ’ ਜਾਂ ਕਰਤਾਰਪੁਰੀ ‘ਬੀੜ’ ਵਿੱਚ ਬਣਾ ਕੇ ਲਿਖ ਗਏ ਸਨ। ਦਸਵੇਂ ਗੁਰੂ ਜੀ ਨੇ ਇਸ ਰੂਪ-ਰੇਖਾ ਨੂੰ ਬਿਨਾ ਕਿਸੇ ਬਦਲਾਅ ਦੇ ਦਮਦਮੀ ਬੀੜ ਵਿੱਚ ਦਰਜ ਕਰਵਾ ਦਿੱਤਾ।

ਗੁਟਕੇ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਆਪ ਵੀ ਉਹੀ ਨਿੱਤ-ਨੇਮ ਕਰਦੇ ਸਨ ਅਤੇ ਸਾਰੇ ਸਿੱਖਾਂ ਦਾ ਵੀ ਉਹੀ ਨਿੱਤ-ਨੇਮ ਸੀ- ਇਹ ਨਿੱਤ-ਨੇਮ ਹੁਣ ਛਾਪੇ ਦੀ ਬੀੜ ਦੇ ਪਹਿਲੇ 13 ਪੰਨਆਂ ਉੱਤੇ ਅੰਕਤ ਹੈ, ਜਿਸ ਨੂੰ ਦਸਵੇਂ ਗੁਰੂ ਜੀ ਦੀ ਪ੍ਰਵਾਨਗੀ ਮਿਲ਼ੀ ਹੋਈ ਹੈ। ਦਸਵੇਂ ਗੁਰੂ ਜੀ ਨੇ ਆਪਣੇ ਪਿਤਾ ਜੀ ਦੀ ਬਾਣੀ ‘ਕਰਤਾਰਪੁਰੀ ਬੀੜ’ ਵਿੱਚ ਦਰਜ ਕਰਨ ਹਿੱਤ ਬੀੜ ਦੁਬਾਰਾ ਭਾਈ ਮਨੀ ਸਿੰਘ ਪਾਸੋਂ ਲਿਖਵਾਈ ਸੀ। ਜੋ ਵੀ ਬਾਣੀ ਉਨ੍ਹਾਂ ਕੋਲ਼ ਮੌਜੂਦ ਸੀ ਸਾਰੀ ਦੀ ਸਾਰੀ ‘ਪੋਥੀ ਸਾਹਿਬ’ ਵਿੱਚ ਦਰਜ ਕਰਵਾ ਦਿੱਤੀ ਸੀ। ਇਸ ਬੀੜ ਦਾ ਨਾਂ ਦਮਦਮੀ ਬੀੜ ਪੈ ਗਿਆ ਜਿਸ ਤੋਂ ਬਾਹਰ ਕੋਈ ਵੀ ਗੁਰੂ ਕ੍ਰਿਤ ਬਾਣੀ ਨਹੀਂ ਛੱਡੀ ਗਈ ਸੀ।

ਹੇਠਾਂ ਭਾਈ ਕਾਨ੍ਹ ਸਿੰਘ ਨਾਭਾ ਦੀ ਤਸਵੀਰ ਹੈ। ਬਾਅਦ ਵਿੱਚ ਮਹਾਨ ਕੋਸ਼ ਵਿੱਚੋਂ ‘ਪਟਿਆਲ਼ਾ’ ਸ਼ਬਦ ਅਧੀਨ ਜੋ ਖੋਜ ਲਿਖੀ ਗਈ ਹੈ ਉਸ ਵਿੱਚੋਂ ਕੁਝ ਹਿੱਸੇ ਦੀ ਫ਼ੋਟੋ ਕਾਪੀ ਦਿੱਤੀ ਜਾ ਰਹੀ ਹੈ ਤਾਂ ਜੁ ਪਾਠਕ ਆਪ ਇਤਿਹਾਸਕ ਗੁਟਕੇ ਵਿੱਚ ਲਿਖੀਆਂ ਬਾਣੀਆਂ ਨੂੰ ਪੜ੍ਹ ਸਕਣ:

ਪਟਿਆਲੇ ਦੇ ਕਿਲੇ ਅੰਦਰ "ਬਾਬਾ ਆਲਾ ਸਿੰਘ ਜੀ ਦੇ ਬੁਰਜ" ਵਿੱਚ ਇਹ ਗੁਰਵਸਤਾਂ ਹਨ:

#੧. ਹੁਕਮਨਾਮਾ ਦਸ਼ਮੇਸ਼ ਜੀ ਦਾ, ਇਸਦਾ ਪਾਠ ਤ੍ਰਿਲੋਕ ਸਿੰਘ ਸ਼ਬਦ ਵਿੱਚ ਦਿੱਤਾ ਗਿਆ ਹੈ
#੨. ਤੇਗਾ ਗੁਰੂ ਹਰਿਗੋਬਿੰਦ ਸਾਹਿਬ ਦਾ ਫ਼ੌਲਾਦੀ, ਜਿਸ ਦਾ ਤੋਲ ੧੨. ਸੇਰ ਪੱਕਾ ਹੈ
#੩. ਗੁਰੂ ਤੇਗਬਹਾਦੁਰ ਸਾਹਿਬ ਦਾ ਦੁਧਾਰਾ ਖੰਡਾ
#੪. ਦਸ਼ਮੇਸ਼ ਦੀ ਸ਼ਿਕਾਰਗਾਹ ਤਲਵਾਰ
#੫. ਸ਼੍ਰੀ ਸਾਹਿਬ ਕਲਗੀਧਰ ਜੀ ਦਾ, ਜਿਸ ਤੇ ਲਿਖਿਆ ਹੈ- ਅਕਾਲ ਸਹਾਇ ਗੁਰੂ ਗੋਬਿੰਦਸਿੰਘ, ਜੋ ਦਰਸ਼ਨ ਕਰੇਗਾ ਸੋ ਨਿਹਾਲ ਹੋਇਗਾ
#੬. ਦਸ਼ਮੇਸ ਦਾ ਦੋ ਫਾਂਕਾ ਤੀਰ, ਇਸ ਤੇ ਸੋਨੇ ਦੇ ਤਿੰਨ ਬੰਦ ਹਨ
#੭. ਦਸਮ ਗੁਰੂ ਜੀ ਦਾ ਬਰਛਾ, ਜਿਸ ਦਾ ਛੜ (ਦਸ੍ਤਾ) ਅਜੀਬ ਜੌਹਰਦਾਰ ਹੈ
#੮. ਕਲਗੀਧਰ ਜੀ ਦਾ ਸਫਾਜੰਗ
#੯. ਦਸ਼ਮੇਸ਼ ਜੀ ਦਾ ਗੁਟਕਾ, ਜਿਸ ਵਿੱਚ ਜਪੁਜੀ, ਰਹਿਰਾਸ- "ਸਰਨ ਪਰੇ ਕੀ ਰਾਖੋ ਸਰਮਾ- " ਤਕ, ਕੀਰਤਨ ਸੋਹਲਾ, ਗੁਰੂ ਤੇਗ਼ ਬਹਾਦੁਰ ਜੀ ਦੇ ਸ਼ਬਦ ਅਤੇ ਸ਼ਲੋਕ, ਸ਼ਲੋਕ ਸਹਸਕਰਿਤੀ ਅਰ ਗਾਥਾ ਹੈ
#੧੦ ਕਲਗੀਧਰ ਜੀ ਦਾ ਸੁਨਹਿਰੀ ਸ਼ਿਕਾਰਗਾਹ ਕਟਾਰ
#੧੧ ਦਸ਼ਮੇਸ਼ ਦੇ ਪਊਏ, ਜੋ ਪਿੰਡੀਘੇਬ ਦੇ ਸੇਠ ਨੇ ਮਹਾਰਾਜਾ ਸਾਹਿਬ ਨੂੰ ਦਿੱਤੇ
#੧੨ ਦਸ਼ਮੇਸ਼ ਦਾ ਖੰਡਾ, ਜੋ ਭਾਈ ਸਾਹਿਬ ਬਾਗੜੀਆਂ ਨੇ ਮਹਾਰਾਜਾ ਨੂੰ ਦਿੱਤਾ

(ਮਹਾਨ ਕੋਸ਼’ ਪੰਨਾਂ 736-37, ਨੈਸ਼ਨਲ ਬੁੱਕ ਸ਼ਾਪ ਐਡੀਸ਼ਨ 2000, ਇਹ ਮਹਾਨ ਕੋਸ਼ ‘ਸਰਚ ਗੁਰਬਾਣੀ ਡਾਟ ਕਾਮ’ ਤੋਂ ਵੀ ਪੜ੍ਹਿਆ ਜਾ ਸਕਦਾ ਹੈ। ‘ਪਟਿਆਲਾ’ ਸ਼ਬਦ ਅਧੀਨ ਸਰਚ ਕਰੋ। www.ik13.com  (ਇਕ 13 ਡਾਟ ਕਾਮ) ਤੇ ਪਏ ‘ਮਹਾਨ ਕੋਸ਼’ ਵਿੱਚ ਪੰਨਾਂ 2657 ਤੋਂ ‘ਪਟਿਆਲਾ’ ਸ਼ਬਦ ਸ਼ੁਰੂ ਹੁੰਦਾ ਹੈ ਤੇ ਪੰਨਾਂ 2666 ਉੱਤੇ ਬਾਬਾ ਆਲਾ ਸਿੰਘ ਦੇ ਬੁਰਜ ਵਿੱਚ ਪਈਆਂ ਗੁਰਵਸਤਾਂ ਦਾ ਜ਼ਿਕਰ ਹੈ ਜਿਨ੍ਹਾਂ ਵਿੱਚ ਗੁਟਕਾ ਦਸ਼ਮੇਸ਼ ਜੀ ਦਾ ਵੀ ਹੈ।)

ਨੋਟ: ਪਿੱਛੇ ਜਿਹੇ ਖ਼ਾਲਸਾ ਨਿਊਜ਼ 'ਤੇ 250 ਸਾਲ ਪੁਰਾਣੇ ਹੱਥ-ਲਿਖਤ ਗੁਟਕੇ ਦੀ ਸੂਚਨਾ ਦਿੱਤੀ ਗਈ ਸੀ ਜਿੱਸ ਵਿੱਚ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਦਾ ਹੀ ਸ਼ੁਰੂ ਵਿੱਚ ਨਿੱਤ-ਨੇਮ (ਛਾਪੇ ਦੀ ਬੀੜ ਦੇ ਪਹਿਲੇ 13 ਪੰਨੇ) ਦਰਜ ਸੀ ਤੇ ਬਾਅਦ ਵਿੱਚ ਕੁੱਝ ਹੋਰ ਬਾਣੀਆਂ ਵੀ ਦਰਜ ਸਨ।

ਇਹ ਵੀਡੀਓ ਯੂ ਟਿਊਬ ਉੱਤੇ ਵੀ ‘ਪੁਰਾਤਨ ਨਿਤਨੇਮ ਗੁਟਕਾ’ ਨਾਂ ਤੇ ਦੇਖੀ ਗਈ ਹੈ। ਭਾਈ ਕਾਨ੍ਹ ਸਿੰਘ ਨਾਭਾ ਦੀ ਖੋਜ ਵੀ ਦਸ਼ਮੇਸ਼ ਜੀ ਦੇ ਗੁਟਕੇ ਵਿੱਚ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪਹਿਲੇ 13 ਪੰਨਿਆਂ ਦੀਆਂ ਬਾਣੀਆਂ ਦਾ ਹੀ ਸਿੱਖ ਦਾ ਨਿੱਤ-ਨੇਮ ਦੱਸਦੀ ਹੈ।

ਟਿੱਪਣੀ: ਪਿੱਛੇ ਜਿਹੇ ਕੈਪਟਨ ਅਮਰਿੰਦਰ ਸਿੰਘ ਨੂੰ ਸੁਝਾਅ ਦਿੱਤਾ ਗਿਆ ਸੀ ਕਿ ਤੁਹਾਡੇ ਕੋਲ ਇਹ ਸਭ ਵਸਤਾਂ ਮੌਜੂਦ ਹਨ, ਕਿਉਂ ਨਹੀਂ ਤੁਸੀਂ ਮਹਿਲ ਦੇ ਅੰਦਰ ਜਾਂ ਬਾਹਰ ਇੱਕ ਪ੍ਰਦਰਸ਼ਨੀ ਲਗਾ ਕੇ, ਇਹ ਵਸਤਾਂ ਦੇ ਸਿੱਖਾਂ ਨੂੰ ਦਿਖਾਓ, ਜਿਸ ਨਾਲ ਬਾਕੀ ਦੀਆਂ ਵਸਤਾਂ ਦੇ ਨਾਲ, ਗੁਰੂ ਗੋਬਿੰਦ ਸਿੰਘ ਜੀ ਦੇ ਨਿਤਨੇਮ ਗੁਟਕੇ ਦੇ ਦਰਸ਼ਨ ਹੋਣਗੇ, ਜਿਸ ਨਾਲ ਇੱਕ ਬਹੁਤ ਵੱਡਾ ਭੁਲੇਖਾ ਸਿੱਖਾਂ ਦੇ ਮਨੋਂ ਲਹਿ ਸਕਦਾ ਹੈ, ਅਤੇ ਅਖੌਤੀ ਦਸਮ ਗ੍ਰੰਥ ਦਾ ਜੂਲਾ ਵੀ ਲਹਿ ਸਕਦਾ ਹੈ। ਪਰ, ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਪ੍ਰਵਾਨ ਨਹੀਂ ਕੀਤੀ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top