Share on Facebook

Main News Page

ਬੀਬੀ ਰਜਨੀ, ਇੱਕ ਮਿਥਿਹਾਸਿਕ ਪਾਤਰ
-: ਹਰਨੇਕ ਸਿੰਘ ਹਕੀਕੀ

ਕਾਫ਼ੀ ਸਮੇਂ ਤੋਂ ਅਰੋਗਤਾ ਦਾ ਮੀਂਹ ਵਰਸਾਉਣ ਵਾਲੀ ਦੁੱਖ ਭੰਜਨੀ ਬੇਰੀ ਦੇ ਇਤਿਹਾਸ ਬਾਰੇ ਜਾਨਣ ਦੀ ਇੱਛਾ ਸੀ।ਜੋ ਇਸ ਪ੍ਰਕਾਰ ਹੈ- : ਭਾਈ ਕਾਨ੍ਹ ਸਿੰਘ ਨਾਭਾ ਜੀ ਮਹਾਨ ਕੋਸ਼ ਦੇ ਪੰਨਾ 68 'ਤੇ ਸਿਰਲੇਖ ਅੰਮ੍ਰਿਤਸਰ ਵਿੱਚ ਲਿਖਦੇ ਹਨ- 

ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਮਤ 1621 ਵਿੱਚ ਤੁੰਗ ਗੁੰਮਟਾਲਾ ਸੁਲਤਾਨਵਿੰਡ ਪਿੰਡਾਂ ਪਾਸ ਪਹਿਲਾਂ ਇੱਕ ਤਾਲ ਖੁਦਵਾਇਆ, ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਮਤ 1645 ਵਿੱਚ ਪੂਰਾ ਕੀਤਾ ਤੇ ਨਾਉਂ ਸੰਤੋਖਸਰ ਰੱਖਿਆ।

ਟਿੱਪਣੀ- ਉਪਰ ਦਿੱਤੀ ਜਾਣਕਾਰੀ ਤੋਂ ਸਾਫ-ਸਾਫ ਪਤਾ ਚੱਲਦਾ ਹੈ ਕਿ ਚੌਥੇ ਪਾਤਸ਼ਾਹ ਅੰਮ੍ਰਿਤਸਰ  ਦੇ ਇਲਾਕੇ ਤੋਂ ਚੰਗੀ ਤਰ੍ਹਾਂ ਵਾਕਫ਼ ਸਨ। ਕਿਸੇ ਕੋਲੋ ਕਿਸੇ ਖਾਸ ਥਾਂ ਦੀ ਜਾਣਕਾਰੀ ਲੈਣ ਦੀ ਮੇਰੇ ਸਮਰੱਥ ਗੁਰੂ ਨੂੰ ਕਦੇ ਕੋਈ ਲੋੜ ਨਹੀਂ ਸੀ। ਅੱਗੇ ਪੜੋ-

ਫੇਰ ਸੰਮਤ 1631 ਵਿੱਚ ਤੀਜੇ ਸਤਿਗੁਰੂ ਜੀ ਦੀ ਆਗਿਆ ਨਾਲ ਇੱਕ ਪਿੰਡ ਬੰਨ੍ਹਿਆ, ਜਿਸ ਦਾ ਨਾਉਂ "ਗੁਰੂ ਕਾ ਚੱਕ" ਥਾਪਿਆ ਅਤੇ ਆਪਣੇ ਰਹਿਣ ਲਈ ਮਕਾਨ ਬਣਵਾਏ, ਜੋ "ਗੁਰੂ ਕੇ ਮਹਿਲ" ਨਾਉਂ ਤੋਂ ਪ੍ਰਸਿੱਧ ਹਨ, ਅਤੇ ਉਸਦੇ ਚੜ੍ਹਦੇ ਪਾਸੇ ਦੁੱਖ ਭੰਜਨੀ ਬੇਰੀ ਪਾਸ ਸੰਮਤ 1634 ਵਿੱਚ ਤਾਲ ਖੁਦਵਾਇਆ, ਜੋ ਉਸ ਸਮੇਂ ਅਧੂਰਾ ਹੀ ਰਿਹਾ। 96 ਦਾ ਮਤਲਬ ਸਰੋਵਰ ਦੀ ਲੰਬਾਈ 500 ਫੁੱਟ, ਚੌੜਾਈ 490 ਅਤੇ ਡੂੰਘਿਆਈ 17 ਫੁੱਟ ਹੈ।

ਟਿੱਪਣੀ-: ਭਾਈ ਨਾਭਾ ਜੀ ਅਨੁਸਾਰ ਤਾਂ ਅੰਮ੍ਰਿਤ ਸਰੋਵਰ ਦੀ ਖੁਦਾਈ ਸੰਮਤ 1634 ਵਿੱਚ ਹੋਈ ਏ ਅਤੇ "ਗੁਰੂ ਕਾ ਚੱਕ"(ਅੰਮ੍ਰਿਤਸਰ) ਸੰਮਤ 1631 ਵਿੱਚ ਪਹਿਲਾਂ ਹੀ ਵੱਸ ਚੁੱਕਾ ਹੈ। ਫਿਰ ਗੁਰੂ ਕੇ ਮਹਿਲ, ਅੰਮ੍ਰਿਤ ਸਰੋਵਰ ਤੋਂ ਕੋਈ ਜਿਆਦਾ ਦੂਰ ਵੀ ਨਹੀਂ। ਜਿਸ ਕਰਕੇ ਇਹ ਕਦੇ ਵੀ ਮੰਨਿਆ ਨਹੀਂ ਜਾ ਸਕਦਾ ਕਿ ਗੁਰੂ ਰਾਮਦਾਸ ਜੀ ਪਹਿਲਾਂ ਕਦੇ ਅੰਮ੍ਰਿਤ ਸਰੋਵਰ ਵਾਲੀ ਥਾਂ 'ਤੇ ਨਾ ਆਵੇ ਹੋਣ।

ਸੰਮਤ 1643 ਵਿੱਚ ਸਰੋਵਰ ਨੂੰ ਪੱਕਾ ਕਰਨਾ ਅਰੰਭਿਆ ਅਤੇ ਨਾਉਂ "ਅੰਮ੍ਰਿਤਸਰ'' ਰੱਖਿਆ, ਜਿਸ ਤੋਂ ਸਨੇ ਸਨੇ ਨਗਰ ਦਾ ਨਾਉਂ ਭੀ ਇਹੀ ਹੋ ਗਿਆ। 1ਮਾਘ ਸੰਮਤ 1645 ਨੂੰ ਪੰਜਵੇ ਸਤਿਗੁਰੂ ਨੇ ਤਾਲ ਦੇ ਮੱਧ ਹਰਿਮੰਦਿਰ ਦੀ ਨਿਉ ਰੱਖੀ ਅਤੇ ਉਸ ਦੀ ਇਮਾਰਤ ਪੂਰੀ ਕਰਕੇ ਸੰਮਤ 1661 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸਥਾਪਨ ਕੀਤੇ।

(13) ਦੁੱਖਭੰਜਨੀ ਬੇਰੀ, ਦਰਬਾਰ ਸਾਹਿਬ ਦੀ ਪਰਿਕ੍ਰਮਾ ਵਿੱਚ ਗੁਰਦੁਆਰਾ ਹੈ, ਇੱਥੇ ਇੱਕ ਕੁਸ਼ਟੀ ਪਿੰਗੁਲਾ ਸਰੋਵਰ ਵਿਚ ਇਸ਼ਨਾਨ ਕਰਕੇ ਅਰੋਗ ਹੋਇਆ ਸੀ, ਇਸ ਗੁਰਦੁਆਰੇ ਨੂੰ 24 ਰੁਪਏ ਸਲਾਨਾ ਦੀ ਜਗੀਰ ਮਹਾਰਾਜਾ ਸਾਹਿਬ ਨਾਭਾ ਵੱਲੋਂ ਹੈ। ਗੁਰਦੁਆਰਾ ਛੋਟਾ ਜਿਹਾ ਬਣਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ।

ਮਹਾਨ ਕੋਸ਼ ਪੰਨਾ 665- ਪਿੰਗੁਲਾ ਸ਼ਬਦ ਦੇ ਅਰਥ
ਪਿੰਗ: ੬। ਵਿ- ਪੰਗੁ। ਲੰਗੜਾ। ਲੰਙਾ
ਪਿੰਗਲਾ: ਵਿ-ਲੰਙਾ। ਪਾਦ ਰਹਿਤ। ਦੇਖੋ , ਪਿੰਗ ੬। ਦੇਖੋ, ਪਿੰਗੁਲਾ
ਪਿੰਗੁਲਾ : ਦੇਖੋ, ਪਿੰਗਲਾ

ਟਿੱਪਣੀ- ਕੁਸ਼ਟੀ (ਕੋਹੜੀ) ਅਤੇ ਪਿੰਗੁਲਾ (ਲੰਗੜਾ) ਵਿਅਕਤੀ 17 ਫੁੱਟ ਡੂੰਘੇ ਕੱਚੇ ਸਰੋਵਰ ਵਿੱਚ ਬਿਨ੍ਹਾਂ ਕਿਸੇ ਆਸਰੇ ਜਾ ਹੀ ਨਹੀਂ ਸਕਦਾ, ਇੰਨੇ ਡੂੰਘੇ ਕੱਚੇ ਸਰੋਵਰ ਵਿੱਚੋ ਨਹਾ ਕੇ ਨਿਕਲਣਾ ਕਿਸੇ ਤੈਰਣਾ ਜਾਣਦੇ  ਤੰਦਰੁਸਤ ਵਿਅਕਤੀ ਲਈ ਹੀ ਸੰਭਵ ਹੈ।

2) - ਤਵਾਰੀਖ ਗੁਰੂ ਖਾਲਸਾ ਕ੍ਰਿਤ ਗਿਆਨੀ ਗਿਆਨ ਸਿੰਘ। ਰਾਮਦਾਸਪੁਰ ਦੀ ਨੀਉਂ ਵਿੱਚ ਲਿਖਦੇ ਹਨ-:

-ਸੰਮਤ1559 ਬਿਕ੍ਰਮੀ ਨੂੰ ਰਾਮ ਤੀਰਥ ਜਾਂਦੇ ਹੋਏ ਗੁਰੂ ਨਾਨਕ ਜੀ ਦੁਪਹਿਰ ਠਹਿਰ ਕੇ ਵਰ ਦੇ ਗਏ ਸੇ (ਕਿ ਏਥੇ ਭੋਗ ਮੋਖ ਦਾ ਪ੍ਰਵਾਹ ਚੱਲੇਗਾ ਤੇ ਜਿੱਥੋ ਅੰਮ੍ਰਿਤੀ ਬੂਟੀ ਗੁਰੂ ਅਮਰਦਾਸ ਜੀ ਲਈ ਲੱਭੀ ਸੀ, ਜਿਸ ਦੀ ਕਥਾ ਪਿੱਛੇ ਆ ਚੁੱਕੀ ਹੈ ਤੇ ਜਿੱਥੇ ਹੁਣ ਅੰਮ੍ਰਿਤਸਰ ਹੈ) ਢਾਬ ਦੇ ਕਿਨਾਰੇ ਜਾ ਬੈਠੇ।

ਟਿੱਪਣੀ-: ਅੰਮ੍ਰਿਤੀ ਬੂਟੀ ਗੁਰੂ ਅਮਰਦਾਸ ਜੀ ਲਿਖਾਰੀ ਦੇ ਅਨੁਸਾਰ ਲੈ ਕੇ ਆਏ ਸਨ।ਜਿਸਦਾ ਜ਼ਿਕਰ "ਗੋਇੰਦਵਾਲ ਦਾ ਵੱਸਣਾ"ਸਿਰਲੇਖ ਵਿੱਚ ਹੈ।ਮਤਲਬ ਕਿ ਤੀਜੇ ਪਾਤਸ਼ਾਹ ਇਸ ਅੰਮ੍ਰਿਤ ਕੁੰਢ ਬਾਰੇ ਚੰਗੀ ਤਰ੍ਹਾਂ ਜਾਣਦੇ ਸਨ ਪਰ ਫਿਰ ਵੀ ਨਾ ਉਨ੍ਹਾਂ ਇਸ ਅੰਮ੍ਰਿਤ ਕੁੰਢ ਨੂੰ ਸੰਭਾਲਿਆ।ਤੇ ਨਾ ਹੀ ਏਥੇ ਦੁਬਾਰਾ ਫੇਰੀ ਪਾਈ ਤੇ ਨਾ ਹੀ ਗੁਰੂ ਰਾਮਦਾਸ ਜੀ ਨੂੰ ਇਸ ਬਾਰੇ ਦੱਸਿਆ ! ਕਿਉਂ?

ਏਸ ਦੇ ਗਿਰਦ ਸੁਲਤਾਨ ਪਿੰਡ, ਤੁੰਗ, ਗੁਮਟਾਲਾ, ਗਲਵਾਲੀ, ਇਹਨਾ ਚੌਹਾਂ ਪਿੰਡਾਂ ਦੀ ਜ਼ਮੀਨ ਲੱਗਦੀ ਸੀ। ਏਸ ਵਾਸਤੇ ਇਹਨਾਂ ਚੌਹਾਂ ਪਿੰਡਾਂ ਦੇ ਪੈਂਚ ਬੁਲਾ ਲਏ।ਭਾਵੇ ਤੁੰਗ ਪਿੰਡ ਵਾਲੇ ਖਿਸਰ ਫਿਸਰ ਗਏ, ਪਰ ਸੁਲਤਾਨ ਪਿੰਡ ਦੇ ਜੱਟਾਂ ਨੇ ਗੁਰੂ ਜੀ ਦਾ ਬਚਨ ਮੰਨ ਕੇ ਆਪਣੀ ਜੂਹ ਵਿੱਚ 5 ਹਾੜ ਵਦੀ 13 ਸੰਮਤ 1627 ਬਿਕ੍ਰਮੀ ਨੂੰ ਮੋੜ੍ਹੀ ਗਡਵਾ ਕੇ ਪਿੰਡ ਦਾ ਨਾਂ ਰਾਮਦਾਸਪੁਰ ਰੱਖਿਆ।

ਜਿਸ ਢਾਬ ਵਿੱਚੋਂ ਗੁਰੂ ਅਮਰਦਾਸ ਜੀ ਵਾਸਤੇ ਅੰਮ੍ਰਿਤੀ ਬੂਟੀ ਲੱਭੀ, 7 ਕੱਤਕ ਸੰਮਤ 1630 ਬਿਕ੍ਰਮੀ ਨੂੰ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਓਥੇ ਤਾਲ ਪੁਟਵਾਉਣਾ ਅਰੰਭ ਕੀਤਾ ਅਤੇ ਜੇਹੜੇ ਆਵੇ ਪ੍ਰਿਥੀਚੰਦ ਜੀ ਨੇ ਆਪਣੇ ਘਰ ਅਤੇ ਖੂਹ ਪੱਕੇ ਬਣਾਉਣ ਵਾਸਤੇ ਪਕਵਾਏ ਸੇ, ਓਹੋ ਇੱਟਾਂ ਤਾਲ ਕਿਨਾਰੇ ਸਿਟਵਾ ਕੇ ਪੰਜ ਹਾੜ ਸੰਮਤ 1635 ਬਿਕ੍ਰਮੀ ਨੂੰ ਤਾਲ ਦੇ ਪੱਕਾ ਹੋਣ ਦੀ ਨੀਂਹ ਰਖਾਈ।

ਟਿੱਪਣੀ- ਇਥੇ ਗਿਆਨੀ ਜੀ 17 ਫੁੱਟ ਡੂੰਘੇ ਸਰੋਵਰ ਨੂੰ ਸੰਮਤ 1635 ਤੱਕ ਪੱਕੇ ਹੋਣਾ ਲਿਖ ਰਹੇ ਹਨ।ਅਸੀ ਸਾਰੇ ਜਾਣਦੇ ਹਾ ਕਿ ਦੁੱਖ ਭੰਜਨੀ ਬੇਰੀ ਹੇਠ ਸਰੋਵਰ ਵੱਲ ਨੂੰ ਸਿੱਧੀ ਕੰਧ ਹੈ, ਕੋਈ ਪੌੜੀ ਨਹੀਂ।ਜਿਸ ਤੋਂ ਸਿੱਧਾ ਹੇਠ ਉੱਤਰਨਾ ਬਹੁਤ ਮੁਸ਼ਕਲ ਹੈ।ਹੁਣ ਅੱਗੇ ਪੜੋ-:

"ਅੰਮ੍ਰਿਤਸਰ ਦੀ ਮਹਿਮਾ ਦਾ ਕਾਰਣ" ਸਿਰਲੇਖ ਵਿੱਚ, ਬੀਬੀ ਰਜਨੀ ਮੰਗਦੀ ਖਾਂਦੀ, ਜਦ ਸੰਮਤ 1637 ਬਿਕ੍ਰਮੀ ਨੂੰ ਵੈਸਾਖੀ ਵਾਲੇ ਦਿਨ ਅੰਮ੍ਰਿਤਸਰ ਤਲਾਉ ਕਿਨਾਰੇ, ਜੋ ਉਦੋਂ ਛੋਟੀ ਜਿਹੀ ਛੱਪੜੀ ਸੀ, ਪਹੁੰਚੀ ਤਾਂ ਇੱਕ ਬੇਰੀ ਦੇ ਦਰਖਤ ਹੇਠ (ਜੋ ਹੁਣ ਦੁੱਖ ਭੰਜਨੀ ਬੇਰੀ ਸਦਾਉਦੀ ਹੈ) ਆਪਣੇ ਕੁਸ਼ਟੀ ਪਤੀ ਦਾ ਖਾਰਾ ਰੱਖ ਕੇ ਗੁਰੂ ਜੀ ਦੇ ਦਰਸ਼ਨ ਤੇ ਲੰਗਰੋ ਪ੍ਰਸ਼ਾਦਾ ਲੈਣ ਗਈ।

ਟਿੱਪਣੀ- ਸਿਰਫ਼ ਇੱਕ ਪੇਜ਼ ਪਹਿਲਾਂ ਗਿਆਨੀ ਜੀ ਜਿਸ ਅੰਮ੍ਰਿਤ ਸਰੋਵਰ ਨੂੰ ਪੱਕਾ ਕਰ ਰਹੇ ਸਨ, ਮਨਘੜਤ ਕਹਾਣੀ ਨੂੰ ਇਤਿਹਾਸ ਬਣਾਉਣ ਲਈ ਦੂਸਰੇ ਪੇਜ਼ ਤੇ ਹੀ ਪੱਕੇ ਸਰੋਵਰ ਨੂੰ ਪਹਿਲਾਂ ਤਲਾਉ ਤੇ ਫਿਰ ਛਪੜੀ ਬਣਾ ਦਿੱਤਾ।ਖੁਦ ਹੀ ਸੰਮਤ1635 ਵਿੱਚ ਕੱਚੇ ਸਰੋਵਰ ਦਾ ਪੱਕਾ ਕਰਨਾ ਲਿਖ ਦਿੱਤਾ ਤੇ ਖੁਦ ਹੀ ਸੰਮਤ1637 ਵਿੱਚ ਸਰੋਵਰ ਨੂੰ ਛਪੜੀ ਬਣਾ ਦਿੱਤਾ।

ਇੱਥੋਂ ਤੱਕ ਰਜਨੀ ਦਾ ਪਤੀ ਕੁਸ਼ਟੀ(ਕੋਹੜੀ) ਹੈ, ਪਿੰਗਲਾ ਨਹੀਂ।

ਪੰਜਾਬੀ ਟ੍ਰਿਬਿਊਨ, ਮਾਰਚ 31, 2015 ਦੇ ਅੰਕ ਵਿੱਚ "ਸ੍ਰੀ ਹਰਿਮੰਦਰ ਸਾਹਿਬ ਵਿੱਚ ਤਿੰਨ ਪੁਰਾਤਨ ਬੇਰੀਆਂ" ਸਿਰਲੇਖ ਹੇਠ "ਬਿਕਰਮਜੀਤ ਸਿੰਘ" ਵੀ ਬੀਬੀ ਰਜਨੀ ਦਾ ਦੁੱਖ ਭੰਜਨੀ ਬੇਰੀ ਹੇਠ ਆਉਣ ਦਾ ਸਮਾਂ ਸੰਮਤ 1637, ਸੰਨ 1580 ਲਿਖਿਆਂ ਹੈ ਤੇ ਗੁਰੂ ਅਮਰਦਾਸ ਜੀ ਦਾ "ਅੰਮ੍ਰਿਤੀ ''ਬੂਟੀ ਵੀ ਏਸੇ ਸਥਾਨ ਤੋਂ ਲੈ ਕੇ ਜਾਣਾ ਲਿਖਦੇ ਹਨ।

ਪਰ ਜੇ ਸੰਮਤ 1637 ਨੂੰ ਬੀਬੀ ਰਜਨੀ ਅੰਮ੍ਰਿਤਸਰ ਆਉਂਦੀ ਹੈ, ਤਾਂ ਉਸ ਸਮੇਂ ਤੱਕ ਤਾਂ ਭਾਈ ਕਾਨ ਸਿੰਘ ਨਾਭਾ ਤੇ ਗਿਆਨੀ ਗਿਆਨ ਸਿੰਘ ਵੀ ਸਰੋਵਰ ਦਾ ਬਣ ਜਾਣਾ ਹੀ ਲਿਖਦੇ ਹਨ।ਜਿਸ ਕਰਕੇ ਬੀਬੀ ਰਜਨੀ ਦੀ ਕਹਾਣੀ ਨਾ ਤਾਂ ਗੁਰਮਤਿ ਤੇ ਨਾ ਹੀ ਇਤਿਹਾਸਿਕ ਪੱਖੋ ਠੀਕ ਜਾਪਦੀ ਹੈ।

ਅੱਗੇ ਪੜੋ...

ਪਿੱਛੋਂ ਓਸ ਪਿੰਗਲੇ ਨੇ ਡਿਠਾ ਕਿ ਕਾਉਂ ਆਯਾ ਹੈ ਤੇ ਜਾਂ ਓਹ ਛਪੜੀ ਵਿੱਚੋਂ ਨਹਾ ਕੇ ਨਿਕਲਿਆ ਤਾਂ ਸੁਫੈਦ ਹੰਸ ਹੋ ਗਿਆ ਹੈ। ਏਹ ਦੇਖ ਓਹ ਪਿੰਗਲਾ ਭੀ ਰੁੜ ਰੁੜ ਕੇ ਓਸ ਛਪੜੀ (ਦੁੱਖ ਭੰਜਨੀ ਬੇਰ) ਵਿਚ ਪੈ ਗਿਆ ਤੇ ਦਿਲ ਵਿਚ ਇਹ ਧਾਰਿਆ ਕਿ ਜੇ ਚੰਗਾ ਹੋ ਗਿਆ ਤਾਂ ਬੜੀ ਖੁਸ਼ੀ ਹੈ, ਨਹੀਂ ਤਾਂ ਏਹ ਜੋ ਜੀਵਦਾ ਹੀ ਨਰਕ ਭੋਗ ਰਿਹਾ ਹਾਂ, ਏਸ ਤੋਂ ਤਾਂ ਡੁੱਬ ਕੇ ਛੁਟਕਾਰਾ ਹੋਊ। ਪਰੰਤੂ :            

ਮ:੧॥
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥
ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥2॥

ਟਿੱਪਣੀ- ਸਿਰਫ ਪੰਜ਼ ਸੱਤ ਪੰਕਤੀਆਂ ਪਿੱਛੇ- ਅਸੀਂ ਪੜਿਆ ਹੈ ਕਿ ਬੀਬੀ ਰਜ਼ਨੀ ਨੇ ਕੁਸ਼ਟੀ ਪਤੀ ਦਾ ਖਾਰਾ ਦੁੱਖ ਭੰਜਨੀ ਬੇਰ ਹੇਠ ਰੱਖਿਆ, ਪਰ ਹੁਣ ਛਪੜੀ ਨੂੰ ਹੀ ਦੁੱਖ ਭੰਜਨੀ ਬੇਰ ਲਿਖ ਤਾ।
ਇੱਥੇ ਬੀਬੀ ਰਜਨੀ ਦੇ ਪਤੀ ਨੂੰ ਸਿਰਫ਼ ਪਿੰਗਲਾ ਹੀ ਦੱਸਿਆ ਹੈ, ਕੁਸ਼ਟੀ ਨਹੀਂ।

ਪ੍ਰੰਤੂ ਉਸ ਦਾ ਸਰੀਰ ਅਰੋਗ ਹੋ ਗਿਆ ਤੇ ਹੱਥ ਪੈਰ ਸਾਬਤ ਹੋ ਕੇ ਸੁਵਰਨ ਵਰਗਾ ਹੋ ਬੈਠਾ। ਜਦ ਓਹ ਇਸਤ੍ਰੀ ਦੇਖ ਕੇ ਘਬਰਾਈ ਤਾਂ ਪੁਰਸ਼ ਨੇ ਕਿਹਾ, "ਹੇ ਧਰਮਾਤਮਾ ਸਤਵੰਤੀ!ਮੈ ਤੇਰੇ ਹੀ ਸਤ ਧਰਮ ਦੇ ਪ੍ਰਤਾਪ ਨਾਲ ਅਰੋਗ ਹੋ ਗਿਆ ਹਾਂ, ਤੂੰ ਡਰ ਨਹੀਂ ਮੈਂ ਹੀ ਤੇਰਾ ਪਤੀ ਹਾਂ"

ਟਿੱਪਣੀ- ਕੋਈ ਜਲ (ਪਾਣੀ) ਚਮੜੀ ਦੇ ਰੋਗ ਤਾਂ ਹਟਾ ਸਕਦਾ ਹੈ, ਪਰ ਅੰਗ ਨਵੇਂ ਪੈਦਾ ਕਰਨਾ ਨਾ-ਮੁਮਕਿਨ ਹੈ।

ਛੋਟੀ ਉਮਰੇ ਛੇਵੇ ਪਾਤਿਸ਼ਾਹ ਨੂੰ ਚੇਚਕ ਦੀ ਬੀਮਾਰੀ ਹੋ ਗਈ ਸੀ, ਜਿਸਦਾ ਜਿਕਰ ਪੰਜਵੇ ਪਾਤਸ਼ਾਹ ਨੇ ਪਵਿੱਤਰ ਬਾਣੀ ਵਿੱਚ ਵੀ
(ਅੰਕ ੨੦੦ ਤੇ ਨੇਤ੍ਰ ਪ੍ਰਗਾਸ ਕੀਆ ਗੁਰਦੇਵ ॥ ਅੰਕ ੬੨੭ ਤੇ ਸਦਾ ਸਦਾ ਹਰਿ ਜਾਪੇ ॥ ਅੰਕ 806 ਤੇ "ਸਗਲ ਅਨੰਦੁ ਕੀਆ ਪਰਮੇਸਰਿ ਅਪਣਾ ਬਿਰਦੁ ਸਮਾਰਿਆ ॥) ਤੇ ਕੀਤਾ ਹੈ, ਉਸ ਸਮੇ ਗੁਰੂ ਜੀ ਅੰਮ੍ਰਿਤਸਰ ਵਾਪਿਸ ਆ ਚੁੱਕੇ ਸਨ। ਹਵਾਲਾ - ਪ੍ਰੋ: ਸਾਹਿਬ ਸਿੰਘ -ਦਰਪਣ

ਪਰ, ਗਿਆਨੀ ਗਿਆਨ ਸਿੰਘ ਜੀ ਨੇ ਹੋਰ ਤਾਂ ਅਨੇਕਾਂ ਸ਼ਬਦਾਂ ਦਾ ਜਿਕਰ ਕੀਤਾ ਹੈ, ਪਰ ਇਹਨਾਂ ਸ਼ਬਦਾਂ ਅਤੇ ਨਾ ਹੀ ਇਸ ਘਟਨਾ ਦਾ ਜ਼ਿਕਰ ਨਹੀਂ ਕੀਤਾ ਹੈ। ਕਿਉਂ ?

ਓਸ ਨੇ ਓਸ ਨੂੰ ਸਾਰੇ ਗੁਰਜ ਪਤੇ ਅਤੇ ਕਾਵਾਂ ਦਾ ਰੰਗ ਪਲਟਿਆ ਭੀ ਦਿਖਾਯਾ, ਪਰ ਓਸ ਦੇ ਮਨ ਦਾ ਸੰਸਾ ਨਾ ਗਿਆ ।

ਟਿੱਪਣੀ:- ਪਹਿਲਾ ਤਾਂ ਕਾਵਾਂ ਤੋਂ ਹੰਸ ਬਣਨਾ ਲਿਖਿਆ ਹੈ, ਹੁਣ ਸਿਰਫ਼ ਕਾਵਾਂ ਦਾ ਰੰਗ ਬਦਲਿਆ, ਹੰਸ ਨਹੀਂ ਬਣੇ।

ਓੜਕ ਦੋਹਾਂ ਨੇ ਜਦ ਗੁਰੂ ਰਾਮਦਾਸ ਜੀ ਪਾਸ ਜਾ ਕੇ ਸਾਰਾ ਬਿਰਤਾਂਤ ਸੁਣਾਯਾ ਤਾਂ ਓਹਨਾਂ ਆਖਿਯਾ, "ਬੀਬੀ! ਏਹੋ ਤੇਰਾ ਪਤੀ ਹੈ। ਤੇਰੇ ਸਤ ਤੇ ਤੀਰਥ ਦੀ ਸ਼ਕਤੀ ਨਾਲ ਏਸ ਦੀ ਕਾਯਾ ਪਲਟ ਗਈ ਹੈ।" ਤਾਂ ਓਸ ਪਤਿਬ੍ਰਤਾ ਨੇ ਓਸ ਨੂੰ ਆਪਣਾ ਪਤੀ ਨਿਸ਼ਚੇ ਕੀਤਾ।ਫ ੇਰ ਓਹ ਦੋਵੇ ਗੁਰੂ ਜੀ ਦੀ ਟਹਿਲ ਵਿੱਚ ਹਾਜ਼ਰ ਹੋ ਕੇ ਪਰਮਪਦ ਦੇ ਭਾਗੀ ਹੋਏ। ਤੇ ਓਧਰ ਜਦ ਏਸ ਬੀਬੀ ਦੇ ਪਿਤਾ ਦੁਨੀ ਚੰਦ ਨੂੰ ਏਹ ਖ਼ਬਰ ਹੋਈ ਤਾਂ ਏਸੇ (ਪਿੰਗਲੇ) ਨੂੰ ਆਪਣਾ ਵਾਰਸ ਬਣਾ ਦਿੱਤਾ, ਕਿਉਂਕਿ ਓਸ ਦੇ ਘਰ ਕੋਈ ਪੁੱਤਰ ਨਹੀਂ ਸੀ। ਏਧਰ ਗੁਰੂ ਜੀ ਨੇ ਓਸ ਘਾਟ ਦਾ ਨਾਉਂ ਦੁੱਖਭੰਜਨੀ ਰੱਖ ਕੇ ਇਸ ਦੇ ਪ੍ਰਥਾਇ ਸ਼ਬਦ ਉਚਾਰਨ ਕੀਤਾ:

ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ ॥
ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨ੍ ਗੁਰਮਤਿ ਨਾਮੁ ਰਿਦੈ ਮਲੁ ਧੋਹੈ ॥

ਟਿੱਪਣੀ:- ਸਿੱਖ ਧਰਮ ਵਿੱਚ ਦਰੱਖਤਾਂ ਦੀ ਪੂਜਾ ਜਾਂ ਤੀਰਥਾਂ ਯਾਤਰਾ ਦਾ ਕੋਈ ਸੰਕਲਪ ਨਹੀਂ ਹੈ। ਪਰ ਇਥੇ ਗੁਰੂ ਜੀ ਦੇ ਮੂੰਹੋ ਹੀ ਰੁੱਖਾਂ ਤੇ ਤੀਰਥਾਂ ਨੂੰ ਵਡਿਆਈ ਦਵਾਈ ਜਾ ਰਹੀ ਹੈ।
(ਹਰਿਮੰਦਰ ਦਰਸ਼ਨ - ਡਾ: ਸਰੂਪ ਸਿੰਘ ਅਲੱਗ- 2006-ਪੰਨਾ-3 ਉੱਪਰ ਲਿਖਦੇ ਹਨ, ਕਿ ਮਹਾਤਮਾ ਬੁਧ ਵੀ ਕੁਝ ਦੇਰ ਸਰੋਵਰ ਵਾਲੇ ਸਥਾਨ ਤੇ ਰੁਕੇ ਸਨ।

ਇਵੇ ਗੁਰੂ ਨਾਨਕ ਜੀ ਦੇ ਸਮੇਂ ਵਿਚ ਇਹ ਇਲਾਕਾ ਇਕ ਵਾਰੀ ਫਿਰ ਜੰਗਲ ਤੇ ਸੁੰਨਸਾਨ ਸੀ। ਹਵਾਲਾ - The Golden Temple by SGPC-5

ਦੁੱਖ ਭੰਜਨੀ ਬੇਰੀ ਵਾਲੀ ਧਰਤੀ ਹੀ ਉਹੀ ਧਰਤੀ ਹੈ ਜਿੱਥੇ ਲਵ-ਕੁਸ਼ ਨੇ ਆਪਣੇ ਪਿਤਾ ਤੇ ਚਾਚਿਆਂ ਨਾਲ ਯੁੱਧ ਕੀਤਾ ਅਤੇ ਸੂਰਜ਼ ਵੰਸ਼ ਦੇ ਕਈ ਯੋਧਿਆ ਅਤੇ ਵੱਡੀ ਗਿਣਤੀ ਵਿਚ ਫੌਜ ਨੂੰ ਮੂਰਛਤ (ਅਧ ਮੋਇਆ) ਕਰ ਦਿੱਤਾ।ਰਾਜ਼ ਖੁਲ੍ਹਣ ਤੇ ਅਰਸ਼ਾਂ ਤੋਂ ਅੰਮ੍ਰਿਤ ਦਾ ਘੜਾ ਲਿਆ ਕੇ ਸਭ ਨੂੰ ਸੁਰਜੀਤ ਕੀਤਾ ਗਿਆ ਅਤੇ ਜੋ ਅੰਮ੍ਰਿਤ ਬਚ ਗਿਆ ਉਹ ਇਥੇ ਬਣੀ ਛਪੜੀ ਵਾਲੀ ਥਾਂ ਤੇ ਦਬਾ ਦਿੱਤਾ ਗਿਆ। ਹਵਾਲਾ - ਐਸ.ਐਸ.ਅਮੋਲ ਦੀ ਪੁਸਤਕ ਅੰਮ੍ਰਿਤਸਰ ਪੰਨਾ 25

ਰਜਨੀ ਦਾ ਪਿੰਗਲਾ ਪਤੀ ਵੀ ਇਸੇ ਛਪੜੀ ਵਿਚ ਇਸ਼ਨਾਨ ਕਰਕੇ ਨੌ-ਬਰ-ਨੌ ਤੇ ਰਾਜ਼ੀ ਹੋਇਆ ਸੀ।

(ਪਰ ਡਾਇਲੱਗ ਨੇ ਮਹਾਤਮਾ ਬੁੱਧ ਤੇ ਗੁਰੂ ਨਾਨਕ ਜੀ ਵਾਲੀ ਸਾਖੀ ਵਾਂਗ ਬੀਬੀ ਰਜਨੀ ਦੀ ਸਾਖੀ ਦਾ ਹਵਾਲਾ ਕੋਈ ਨਹੀਂ ਦਿੱਤਾ। ਇਸ ਤਰ੍ਹਾ ਹੋਰ ਵੀ ਕਈ ਕਿਤਾਬਾਂ ਵਿੱਚ ਬੀਬੀ ਰਜਨੀ ਦੀ ਸਾਖੀ ਦਾ ਨਾ ਤਾਂ ਨਿਸ਼ਚਿਤ ਸਮਾਂ ਤੇ ਨਾ ਹੀ ਕਿਸੇ ਪੁਰਾਤਨ ਸ੍ਰੋਤ ਦਾ ਜ਼ਿਕਰ ਹੈ)

ਬੀਬੀ ਰਜ਼ਨੀ ਬਾਰੇ ਵਿਸਥਾਰ ਨਾਲ ਜਾਨਣ ਵਾਸਤੇ ਦਾਸ ਨੇ ਕੁਝ ਇੱਕ ਕਿਤਾਬਾਂ ਖੋਜੀਆਂ, ਜੋ ਸਿੱਖ ਇਤਿਹਾਸ ਨਾਲ ਸੰਬੰਧਿਤ ਹਨ, ਪਰ ਇਹਨਾਂ ਵਿੱਚ ਕਿਸੇ ਇਤਿਹਾਸਕਾਰ ਨੇ ਵੀ ਬੀਬੀ ਰਜਨੀ ਦਾ ਜਿਕਰ ਨਹੀਂ ਕੀਤਾ-:

1) ਸਿਮਰਨ ਕੌਰ - ਪ੍ਰਸਿੱਧ ਸਿੱਖ ਬੀਬੀਆਂ (1991, 94, 98, 2002)
2) ਡਾ: ਹਰਜਿੰਦਰ ਸਿੰਘ ਦਿਲਗੀਰ -100 ਸਿੱਖ ਬੀਬੀਆਂ (2010)
3) ਭਾਈ ਸੇਵਾ ਸਿੰਘ - ਬਹਾਦਰ ਸਿੰਘਣੀਆਂ (ਧਰਮ ਪ੍ਰਚਾਰ ਕਮੇਟੀ, ਸ੍ਰੀ ਅੰਮ੍ਰਿਤਸਰ - 1998)
4) ਇਤਿਹਾਸਿਕ ਸਿੱਖ ਨਾਰੀਆਂ - ਡਾ: ਗਿਆਨੀ ਭਜ਼ਨ ਸਿੰਘ, ਗਿਆਨੀ ਪ੍ਰੀਤਮ ਕੌਰ (2010)
5) ਤੂੰ ਸਤਵੰਤੀ ਨੂੰ ਪਰਧਾਨਿ - ਮਹਿੰਦਰ ਕੌਰ ਗਿੱਲ (ਡਾ:) 2009

ਇਹਨਾ ਇਤਿਹਾਸਕਾਰਾਂ ਦਾ ਬੀਬੀ ਰਜਨੀ ਬਾਰੇ ਕੁਝ ਨਾ ਲਿਖਣਾ, ਬੀਬੀ ਰਜਨੀ ਨੂੰ ਮਿਥਿਹਾਸਿਕ ਪਾਤਰ ਹੀ ਸਿੱਧ ਕਰਦਾ ਹੈ

(11/03/2016)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top