Share on Facebook

Main News Page

ਸੱਚ ਦੀ ਬਲਵਾਨ ਆਵਾਜ਼ ਇਹਨਾਂ ਦੇ ਜ਼ਾਲਮ ਹਰਬਿਆਂ ਨਾਲ ਖਾਮੋਸ਼ ਨਹੀਂ ਹੋਂਦੀ, ਬਲਕਿ ਹੋਰ ਮਜ਼ਬੂਤ ਹੋਂਦੀ ਹੈ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਸੰਸਾਰ ਦਾ ਇਤਹਾਸ ਗਵਾਹ ਹੈ ਕਿ ਜਦੋਂ ਕਿਸੇ ਕੋਲ ਸੱਚ ਦਾ ਸਾਹਮਣਾ ਕਰਨ ਦੀ ਜ਼ੁਅਰਤ ਨਾ ਰਹੇ ਤਾਂ ਉਹ ਜ਼ਾਲਮ ਮਨੁਖ ਕੋਝੇ ਹਤਿਆਰਾਂ 'ਤੇ ਉਤਰਦਾ ਹੈ ਅਤੇ ਸੱਚ ਦੀ ਜ਼ੁਬਾਨ ਹਮੇਸ਼ਾਂ ਲਈ ਬੰਦ ਕਰਨ ਲਈ ਸੋਚਦਾ ਹੈ। ਬੇਸ਼ਕ ਇਹ ਭੀ ਸੱਚ ਹੈ ਕਿ ਸੱਚ ਦੀ ਬਲਵਾਨ ਆਵਾਜ਼ ਇਹਨਾਂ ਦੇ ਜ਼ਾਲਮ ਹਰਬਿਆਂ ਨਾਲ ਖਾਮੋਸ਼ ਨਹੀਂ ਹੋਂਦੀ, ਬਲਕਿ ਹੋਰ ਮਜ਼ਬੂਤ ਹੋਂਦੀ ਹੈ।

ਸਾਡੀ ਆਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚ ਨੂੰ ਘਰ ਘਰ ਪਹੁੰਚਾਉਣ ਲਈ ਹੈ, ਸਾਡਾ ਕੋਈ ਜ਼ਾਤੀ ਝਗੜਾ ਨਹੀਂ ਹੈ, ਜਿਉਂ ਜਿਉਂ ਭੇਤ ਖੁਲਿਆ ਕਿ ਕਿਵੇਂ ਕਾਲਕਾ ਪੰਥ ਅਤੇ ਕਾਲਕਾ ਗ੍ਰੰਥ ਦੇ ਅੰਧੇਰੇ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਚ ਨੂੰ ਛੁਪਾ ਕੇ, ਸਿੱਖੀ ਨੂੰ ਸਿਵਿਆਂ ਦੇ ਰਾਹ ਪਾਉਣਾ ਚਾਹੁਂਦੇ ਹਨ। ਅਸੀਂ ਤਾਂ ਕੌਮ ਵਿੱਚ ਇਕੋ ਆਵਾਜ਼ ਲੈ ਕੇ ਤੁਰੇ ਹਾਂ, ਕਿ ਸਿੱਖ ਦਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਇਸ ਲਈ ਸਿੱਖ ਆਪਣੇ ਜੀਵਨ ਕਿਸੇ ਹੋਰ ਪੰਥ ਗ੍ਰੰਥ ਦੀ ਅਗਵਾਈ ਵਿੱਚ ਨਹੀਂ, ਬਲਕਿ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਕਰਕੇ ਰੱਖੇ। ਪਰ ਇਹ ਲੋਕ ਕੌਮ ਨੂੰ ਅਪਣੇ ਅੱਤਵਾਦ ਨਾਲ ਆਪਣੀਆਂ ਤਲਵਾਰਾਂ ਡਾਂਗਾਂ ਦੀ ਦਹਿਸ਼ਤ ਨਾਲ ਗੁਲਾਮ ਬਣਾ ਕੇ ਰਖਣਾ ਚਾਹੁੰਦੇ ਹਨ। ਸਾਹਮਣੇ ਬੈਠ ਕੇ ਗੱਲ ਕਰਨ ਦੀ ਇਹਨਾ ਕੋਲ ਜ਼ੁਅਰਤ ਨਹੀਂ। ਮੇਰੇ ਅਕਾਲ ਤਖਤ 'ਤੇ ਪਹੁੰਚਣ ਸਮੇਂ ਭੀ ਸਾਹਮਣੇ ਗੱਲ ਕਰਨ ਦੀ ਇਨ੍ਹਾਂ ਦੀ ਜ਼ੁਅਰਤ ਨਹੀਂ ਪਈ ਸੀ।

ਤੇ ਹੁਣ ਜਦੋਂ 7 ਮਾਰਚ 2016 ਨੂੰ ਤਰਨ ਤਾਰਨ ਵਿਖੇ ਕੌਮੀ ਹਾਲਾਤ ਅਤੇ ਸਿੱਖੀ ਸੋਚ ਨੂੰ ਆ ਰਹੀਆਂ ਚੁਨੌਤੀਆਂ ਬਾਰੇ ਖੁੱਲੀ ਵੀਚਾਰ ਕਰਨ ਲਈ ਪੰਥਕ ਸੇਵਾ ਦਲ ਵਲੋਂ ਇਕ ਸੈਮੀਨਰ ਰਖਿਆ ਗਿਆ, ਜਿਥੇ ਬਹੁਤ ਸਾਰੇ ਬੁਲਾਰੇ ਜਿਹਨਾ ਵਿੱਚ ਮੈਨੂ ਅਤੇ ਪ੍ਰਭਦੀਪ ਸਿੰਘ ਯੂ.ਕੇ. ਵਾਲਿਆਂ ਨੂੰ ਭੀ ਮੁਖ ਰੂਪ ਵਿਚ ਸੱਦਾ ਦਿਤਾ ਗਿਆ, ਬੜੀ ਸਰੋਤਾ ਕਰੀਮ ਬੁਧੀਜੀਵੀ ਪ੍ਰਚਾਰਕ ਵੀਰਾਂ ਦੀ ਭਰਵੀਂ ਇਕਤਰਤਾ ਸੀ।

ਚੜ੍ਹਦੀਕਲਾ ਅਤੇ ਸ਼ਾਂਤੀ ਨਾਲ ਸਾਰਾ ਪ੍ਰੋਗਰਾਮ ਸਮਾਪਤ ਹੋਇਆ। ਸਮਾਪਤੀ ਤੋਂ ਬਾਹਦ ਕੁਛ ਨਿਹੰਗ ਬਾਣੇ ਵਾਲੇ ਅਤੇ ਟਕਸਾਲੀ ਜਿਹਨਾਂ ਦੇ ਪਿੱਛੇ ਸਪੋਟ ਕਰਨ ਵਾਲੇ ਕੁਛ ਸ੍ਰੋਮਣੀ ਕਮੇਟੀ ਨਾਲ ਸਬੰਧਤ ਸੱਜਣ ਭੀ ਦੇਖੇ ਗਏ। ਇਨ੍ਹਾਂ ਨੇ ਆਕੇ ਹਾਲ ਤੋਂ ਬਾਹਰ ਨਾਹਰੇ ਬਾਜ਼ੀ ਕਰਨੀ ਸ਼ੁਰੂ ਕੀਤੀ। ਇੱਕਤਰਤਾ ਵਿੱਚ ਸ਼ਾਮਲ ਵੀਰਾਂ ਨੇ ਸਮਝਾਇਆ ਕਿ ਸਾਡੇ ਸਾਰੇ ਬੁਲਾਰੇ ਕੌਮੀ ਹਾਲਾਤਾਂ ਨੂੰ ਸਮਝਦਿਆਂ ਸੁਧਾਰ ਅਤੇ ਕੌਮੀ ਏਕਤਾ ਨੂੰ ਮੁੱਖ ਰਖਦਿਆਂ ਸਿੱਖੀ ਲਈ ਇਹ ਸੰਦੇਸ਼ ਦਿਤਾ ਹੈ ਕਿ ਹੋਰ ਵੱਖ ਵੱਖ ਧੜਿਆਂ, ਡੇਰਿਆਂ ਹੋਰ ਗ੍ਰੰਥਾਂ ਪੰਥਾਂ ਨੂੰ ਤਿਆਗ ਕੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਕੇ ਜੀਵਨ ਦੀ ਅਗਵਾਈ ਲੈਣੀ ਚਾਹੀਦੀ ਹੈ, ਸਾਨੂੰ ਗੁਰੂ ਦਸਮ ਪਾਤਸ਼ਾਹ ਨੇ ਭੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਹੈ। ਪਰ ਫਿਰ ਭੀ ਤੁਹਾਨੂੰ ਜੇ ਕੋਈ ਪਰੇਸ਼ਾਨੀ ਹੈ ਤਾਂ ਤੁਸੀਂ ਅੰਦਰ ਆਕੇ ਸਾਹਮਣੇ ਬੈਠਕੇ ਗੱਲ ਕਰ ਸਕਦੇ ਹੋ, ਪਰ ਗੱਲ ਕਰਨ ਤਾਂ ਉਹ ਆਏ ਹੀ ਨਹੀਂ ਸਨ, ਖਰੂਦ ਕਰਨ ਹੀ ਆਏ ਸਨ, ਗੱਲ ਤੋਂ ਭੱਜ ਗਏ। ਬਾਹਰ ਆਕੇ ਫਿਰ ਤਲਵਾਰਾਂ ਕੱਢ ਕੇ ਨਾਹਰੇ ਲਾਉਣ ਲਗ ਪਏ ਕਿ ਅਜ ਇਨ੍ਹਾਂ ਨੂੰ ਜਿਊਂਦੇ ਨਹੀਂ ਜਾਣ ਦੇਣਾ, ਫੜ ਲਓ ਇਨ੍ਹਾਂ ਨੂੰ। ਕੁੱਝ ਬੰਦਿਆਂ ਨੇ ਸਾਡੀ ਗੱਡੀ 'ਤੇ ਹਮਲਾ ਕਰਨ ਆਏ, ਪਰ ਡਰਾਇਵਰ ਦੀ ਹੁਸ਼ਿਆਰੀ ਨਾਲ ਉਥੋਂ ਬਚ ਗਏ। ਕੁੱਝ ਲੋਕਾਂ ਨੇ ਸਾਡੀ ਗੱਡੀ ਦਾ ਪਿਛਾ ਕੀਤਾ, ਅਤੇ ਜਦੋਂ ਅਸੀਂ ਗੋਇੰਦਵਾਲ ਬਾਈਪਾਸ ਉਪਰ ਗੱਡੀ ਚੜਾਉਣ ਲਗੇ, ਪ੍ਰਭਦੀਪ ਸਿੰਘ ਨੇ ਅੱਗੇ ਜਾ ਰਹੇ ਸਿੰਘਾਂ ਨੂੰ ਰੁਕਣ ਲਈ ਕਿਹਾ, ਗੱਡੀ ਰੁਕੀ, ਤਾਂ ਅਚਾਨਕ ਇੱਕ ਧਮਾਕਾ ਹੋਇਆ, ਗੱਡੀ ਦਾ ਥੋੜਾ ਨੁਕਸਾਨ ਹੋਇਆ ਪ੍ਰਮਾਤਮਾਂ ਨੇ ਸਾਨੂੰ ਹਥ ਦੇ ਕੇ ਰਖਿਆ। ਕੁਝ ਦੇਰ ਉਥੇ ਧੂਆਂ ਹੀ ਧੂਆਂ ਹੋ ਗਿਆ। ਇਹ ਭੀ ਸ਼ੱਕ ਹੈ ਜੇਹੜੀ ਕੁਛ ਦਿਨ ਪਹਿਲਾ ਦਿਲੀ ਗੁਰਦੁਆਰਾ ਕਮੇਟੀ ਦੀ ਸਟੇਜ ਤੋਂ ਰਾਗੀ ਮਨਪ੍ਰੀਤ ਸਿੰਘ ਕਾਨਪੁਰੀ ਰਾਹੀਂ ਮਾਰ ਦੇਣ ਅਤੇ ਜ਼ੁਬਾਨਾਂ ਕੱਟ ਦੇਣ ਲਈ ਲੋਕਾਂ ਨੂੰ ਉਕਸਾ ਕੇ ਧਮਕੀ ਦਿਤੀ ਗਈ ਸੀ, ਇਹ ਉਸੇ ਦਾ ਪ੍ਰੈਕਟੀਕਲ ਐਕਸ਼ਨ ਭੀ ਹੋ ਸਕਦਾ ਹੈ।

ਪਰ ਸਭ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਲੋਕ ਇਸ ਔਰੰਗਜ਼ੇਬੀ ਹਰਬਿਆਂ ਨਾਲ ਆਪਣਾ ਧਰਮ ਨਹੀਂ ਚਲਾ ਸੱਕਣਗੇ, ਹੁਣ ਕੌਮ ਦਾ ਬੁਧੀ ਜੀਵੀ ਵਰਗ, ਕੌਮ ਦੀ ਜੁਆਨੀ, ਕੌਮ ਦਾ ਪ੍ਰਚਾਰਕ ਵਰਗ ਜਾਗ ਪਿਆ ਹੈ, ਅਤੇ ਏਹਨਾ ਦੀ ਹੁਣ "ਉਘੜ ਗਿਆ ਜੈਸੇ ਖੋਟਾ ਢਬੂਆ ਨਦਰ ਸਰਾਫਾ ਆਇਆ" ਵਾਲੀ ਹਾਲਤ ਹੈ।

ਹਾਂ ਇਕ ਗੱਲ ਮੈਂ ਵੱਕਤ ਦੀ ਸੁਬਾਈ ਅਤੇ ਕੇਂਦਰੀ ਸਰਕਾਰਾਂ ਨੂੰ ਸਪਸ਼ਟ ਕਰਨਾ ਚਾਹੁੰਦਾ ਹਾਂ, ਕਿ ਇਹ ਲੋਕ ਆਪਣੇ ਮਨ ਦਾ ਜ਼ਾਲਮ ਫੈਸਲਾ ਮਨਪ੍ਰੀਤ ਦੀ ਜ਼ੁਬਾਨੋ, ਦਿੱਲੀ ਕਮੇਟੀ ਦੀ ਸਟੇਜ ਤੋਂ ਐਲਾਣ ਕਰ ਚੁਕੇ ਹਨ, ਇਸ ਲਈ ਇਨ੍ਹਾਂ ਵਲੋਂ ਕਿਸੇ ਵੱਕਤ ਕੁਛ ਭੀ ਹੋ ਸਕਦਾ ਹੈ। ਜੇਕਰ ਮੇਰੇ, ਜਾਂ ਪ੍ਰਭਦੀਪ ਸਿੰਘ, ਸਾਡੇ ਪ੍ਰਵਾਰਾਂ ਦੇ ਕਿਸੇ ਜੀ ਨਾਲ, ਜਾਂ ਸਾਥ ਦੇਣ ਵਾਲੇ ਕਿਸੇ ਗੁਰਮਤਿ ਪ੍ਰਚਾਰਕ ਦਾ ਕੋਈ ਨੁਕਸਾਨ ਹੋਂਦਾ ਹੈ, ਤਾਂ ਵੱਕਤ ਦੀਆਂ ਸਰਕਾਰਾਂ ਦੀ ਅਣਗਹਿਲੀ ਹੀ ਜ਼ਿੰਮੇਵਾਰ ਹੋਵੇਗੀ।

ਮੈਂ ਅਮਰੀਕਨ ਸਿਟੀਜ਼ਨ ਹਾਂ ਅਤੇ ਪ੍ਰਭਦੀਪ ਸਿੰਘ, ਇੰਗਲੈਂਡ ਦਾ ਸਿਟੀਜਨ ਹੈ, ਅਸੀਂ ਇਸ ਦੇਸ਼ ਵਿੱਚ ਜਿਥੇ ਆਪਣੇ ਪ੍ਰਵਾਰਾਂ ਨੂੰ ਮਿਲਣ ਆਉਂਦੇ ਹਾਂ, ਉਥੇ ਇਕ ਪਰਚਾਰਕ ਹੋਣ ਦੇ ਨਾਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨਵ ਵਾਦੀ ਸੱਚ ਨਾਲ ਮਨੁੱਖਤਾ ਨੂੰ ਜਾਗਰਤ ਕਰਨਾ ਭੀ ਅਪਣਾ ਫਰਜ਼ ਸਮਝ ਕੇ ਨਿਭਉਂਦੇ ਹਾਂ, ਇਸ ਦੇਸ਼ ਨੂੰ ਧਰਮ ਨਿਰਪੱਖ ਦੇਸ਼, ਅਤੇ ਸਪੀਚ ਦੀ ਅਜ਼ਾਦੀ ਦਾ ਦਾਵੇਦਾਰ ਕਿਹਾ ਜਾਂਦਾ ਹੈ, ਜਿਥੇ ਗੁਰੂ ਦੇ ਬਖਸ਼ੇ ਸੱਚ ਬੋਲਣ 'ਤੇ ਭੀ ਜਾਣ ਦਾ ਖਤਰਾ ਹੈ, ਤਾਂ ਇਸ ਦਾ ਜਵਾਬ ਕਿਸ ਕੋਲੋਂ ਮੰਗੀਏ ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top