Share on Facebook

Main News Page

ਬਿਬੇਕ ਵੱਲੋਂ ਅੱਪਡੇਟ ਹੋਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਣ ਬਾਣੀ ਅਨੁਸਾਰ, ਆਪਣੇ ਆਪ ਨੂੰ ਪਤਾ ਨਹੀਂ ਕਦੋਂ ਅਪਡੇਟ ਕਰਾਂਗੇ ?
-: ਇਕਵਾਕ ਸਿੰਘ ਪੱਟੀ

ਅੱਜ-ਕੱਲ੍ਹ ਤਕਨੌਲਜੀ ਦਾ ਜ਼ਮਾਨਾ ਹੈ, ਆਏ ਦਿਨ ਦੀ ਥਾਂ ਤੇ ਜੇ ਆਏ ਮਿੰਟ ਕਹਿ ਲਿਆ ਜਾਵੇ ਤਾਂ ਤਕਨੌਲੋਜੀ ਵਿੱਚ ਨਵੀਂ ਤੋਂ ਨਵੀਂ ਖੋਜ ਹੋ ਰਹੀ ਹੈ। ਕੁੱਝ ਮਿੰਟ ਪਹਿਲਾਂ ਕੀਤੀ ਖੋਜ ਵੀ, ਅਗਲੇ ਮਿੰਟਾਂ ਵਿੱਚ ਹੋਈ ਨਵੀਂ ਖੋਜ ਦੇ ਸੰਦਰਭ ਵਿੱਚ ਪੁਰਾਣੀ ਹੋ ਜਾਂਦੀ ਹੈ। ਅਸੀਂ ਸਿੱਖ ਕਹਾਉਂਦੇ ਹਾਂ ਅਤੇ ਆਪਣਾ ਦਾਇਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਆਲੇ ਦੁਆਲੇ ਰੱਖਦੇ ਹਾਂ, ਰੱਖੀਏ ਵੀ ਕਿਉਂ ਨਾਂਹ, ਆਖਿਰ ਇਹ ਕੇਵਲ ਧਾਰਮਿਕ ਗ੍ਰੰਥ ਨਹੀਂ ਹੈ, ਬਲਕਿ ਵਿਗਿਆਨਕ ਗ੍ਰੰਥ ਹੋਣ ਦੇ ਨਾਲ ਨਾਲ ਰਾਜਨੀਤੀ/ ਸਮਾਜਿਕ/ ਆਰਥਿਕ/ ਰੂਹਾਨੀਅਤ ਸਮੇਤ ਜਿੰਦਗੀ, ਕੁਦਰਤ, ਬ੍ਰਹਿਮੰਡ, ਸਗਲ ਪਾਸਾਰਾ ਦੇ ਗਿਆਨ ਦਾ ਉਹ ਸਾਗਰ ਹੈ, ਜਿਸ ਨੂੰ ਸਮਝਣ ਲਈ ਇਸ ਵਰਗਾ ਹੀ ਹੋਣਾ ਪੈਂਦਾ ਹੈ। ਇਸ ਦੇ ਅੰਦਰ ਜਾਣਾ ਪੈਂਦਾ ਹੈ, ਇਸ ਜਿਹੇ ਹੋ ਕੇ ਇਸ ਵਿੱਚ ਦੱਸੀ ਜੀਵਣ ਜੁਗਤ ਨੂੰ ਅਪਨਾਉਣਾ ਪੈਂਦਾ ਹੈ ਤੇ ਉਸੇ ਵਿੱਚ ਜਿਊਣਾ ਪੈਂਦਾ ਹੈ।

ਭਾਵੇਂ ਕਿ ਇੱਕ ਵਿਦਿੱਆਵਾਨ ਵਾਂਙ ਇਸ ਤੋਂ ਪੜ੍ਹਾਈ ਕਰਕੇ ਇਸ ਬਾਰੇ ਜਾਂ ਇਸ ਤੋਂ ਬਾਹਰ ਜਾ ਕੇ ਬਹੁਤ ਕੁੱਝ ਕਹਿਆ, ਲਿਖਿਆ, ਬੋਲਿਆ ਤੇ ਸੁਣਿਆ ਜਾ ਰਿਹਾ ਹੈ, ਬਿਨ੍ਹਾਂ ਸ਼ੱਕ ਇਸ ਵਿੱਚ ਦੱਸੀ ਜੀਵਣ ਜੁਗਤ ਨੂੰ ਅਪਨਾਉਣ ਵਾਲਿਆਂ ਦੀ ਗਿਣਤੀ ਨਾ ਮਾਤਰ ਹੈ, ਅਤੇ ਜੇ ਹੋਵੇ ਵੀ ਤਾਂ ਉਸਨੂੰ ਫਿਰ ਕੁੱਝ ਕਹਿਣ ਸੁਨਣ ਦੀ ਲੋੜ ਨਹੀਂ ਰਹਿੰਦੀ ਉਹ ਆਪਣੇ ਆਪ ਵਿੱਚ ਉਸ ਕਾਦਰ ਦੀ ਕੁਦਰਤ ਨਾਲ ਇੱਕ ਮਿਕ ਹੋਇਆ ਰਹਿੰਦਾ ਹੈ ਅਤੇ ਮਨੁੱਖਤਾ ਦਾ ਪੱਧਰ ਉੱਚਾ ਚੁੱਕਣ ਲਈ ਯਨਤਸ਼ੀਲ ਰਹਿੰਦਾ ਹੈ ਤਾਂ ਕਿ ਬਾਬੇ ਨਾਨਕ ਵਾਂਙ ਮਨੁੱਖਤਾ ਨੂੰ ਇੱਕ ਅਕਾਲ ਪੁਰਖ ਦੇ ਲੜ ਲਾਉਣ ਲਈ ਉੱਦਮਸ਼ੀਲ ਹੋਇਆ ਜਾ ਸਕੇ।

ਖ਼ੈਰ! ਲੇਖ ਦੀਆਂ ਅਰੰਭਲੀਆਂ ਪੰਗਤੀਆਂ ਵੱਲ ਆਵਾਂ ਜੋ ਤਕਨੌਲਜੀ ਦੇ ਹੋ ਰਹੇ ਵਿਸਥਾਰ ਨਾਲ ਸਬੰਧਿਤ ਸਨ। ਜੋ ਵੀ ਬਦਲਾਵ ਹੋ ਰਿਹਾ ਹੈ ਗੁਰਬਾਣੀ ਦੀ ਰੋਸ਼ਨੀ ਅੰਦਰ ਵੇਖੀਏ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਪਾਵਨ ਬਚਨ ‘ਮਨ ਖੋਜਿ ਮਾਰਗ॥’ ਨੂੰ ਅਮਲ ਵਿੱਚ ਲਿਆ ਕੇ ਹੀ ਸ਼ਾਇਦ ਇੰਨਾ ਵੱਡਾ ਬਦਲਾਵ ਮਨੁੱਖਾ ਜਾਤੀ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਅੱਗੇ ਤੋਂ ਅੱਗੇ ਵੱਧਦਾ ਜਾ ਰਿਹਾ ਹੈ ਜਿਵੇਂ ਪਾਤਸ਼ਾਹ ਨੇ ਕਿਹਾ ਸੀ, ‘ਅਗਾਂਹ ਕੂ ਤ੍ਰਾਂਘਿ……’.. ਮਨੁੱਖ ਆਪਣੀ ਸਮਰੱਥਾ ਅਨੁਸਾਰ ਅੱਗੇ ਵੱਧਦਾ ਜਾ ਰਿਹਾ ਹੈ।

ਟੈਲੀਫੋਨ ਤੋਂ ਮੋਬਾਇਲ ਤੱਕ ਅਤੇ ਮੋਬਾਇਲ ਤੋਂ ਸਮਾਰਟ ਫੋਨ ਤੱਕ ਦੇ ਸਫਰ ਤੇ ਸਰਸਰੀ ਨਜ਼ਰ ਮਾਰੀਏ ਤਾਂ ਸ਼ਾਇਦ 1840 ਵਿੱਚ ਟੈਲੀਫੋਨ ਦੀ ਖੋਜ ਹੋਈ ਸੀ ਉਸਤੋਂ ਬਾਅਦ ਇੱਕ ਲੰਮੇ ਸਮੇਂ ਬਾਅਦ ਇਹ ਆਮ ਲੋਕਾਂ ਤੱਕ ਪੂਰੀ ਤਰ੍ਹਾਂ ਪੁੱਜ ਚੁੱਕਾ ਸੀ, ਪਰ ਫਿਰ ਇੱਕ ਦਮ ਹੀ ਮੋਬਾਇਲ ਦੀ ਖੋਜ ਹੋਈ ਤੇ ਉਸਤੋਂ ਕੁੱਝ ਕੁ ਸਾਲਾਂ ਲਗਭਗ 3 ਤੋਂ 4 ਸਾਲਾਂ ਵਿੱਚ ਹੀ ਸਮਾਰਟ ਫੋਨ ਹੌਂਦ ਵਿੱਚ ਆ ਗਿਆ ਮੇਰਾ ਭਾਵ ਟੈਲੀਫੋਨ ਦੇ ਇਤਿਹਾਸ ਨੂੰ ਉਜਾਗਰ ਕਰਨ ਦਾ ਨਹੀਂ, ਮੇਰਾ ਇਸ਼ਾਰਾ ਆਪਣੇ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਮੰਨੀ ਜਾਂਦੀ ਸਿੱਖ ਵਿਚਾਰਧਾਰਾ ਵੱਲ ਹੈ। ਜੋ ਅੱਜ ਤੋਂ 550 ਸਾਲ ਪਹਿਲਾਂ ਵੀ ਲੇਟਸਟ ਅੱਪਡੇਟ ਨਾਲ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ ਅਤੇ ਅੱਜ ਵੀ ਉਸੇ ਤਰ੍ਹਾਂ ‘ਸਾਹਿਬ ਮੇਰਾ ਨੀਤ ਨਵਾਂ’ ਦੇ ਮਹਾਂਵਾਕ ਅਨੁਸਾਰ ਕੱਲ੍ਹ ਵੀ ਸੀ, ਅੱਜ ਵੀ ਹੈ ਤੇ ਅਗਾਂਹ ਰਹਿੰਦੀ ਦੁਨੀਆ ਤੱਕ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈਣ ਦੇ ਸਮਰੱਥ ਰਹੇਗੀ। ਪਰ ਬਾਜ਼ਾਰ ਵਿੱਚ ਕੁੱਝ ਤਕਨੌਲਜੀ ਵਾਂਙ ਹੀ ਹੋਰ ਕੰਪਨੀਆਂ ਨੇ ਸੱਸਤੀ, ਪਾਖੰਡ ਭਰਪੂਰ, ਅੰਨ੍ਹੀ ਸ਼ਰਧਾ ਦੇ ਨਾਮ ਤੇ, ਕਰਮਕਾਂਢੀ ਵਿਚਾਰਧਾਰਾ ਅਖੌਤੀ ਬਾਬਿਆਂ/ਸਾਧਾ/ਸੰਤਾਂ/ਵਿਦਵਾਨਾਂ/ਕਮੇਟੀਆਂ ਸੰਸਥਾਵਾਂ ਦੇ ਰੂਪ ਵਿੱਚ ਵੰਡਣੀ ਸ਼ੁਰੂ ਕਰ ਦਿੱਤੀ, ਜਿਸ ਦੇ ਸਿੱਟੇ ਵੱਜੋਂ ਵੱਡੀ ਗਿਣਤੀ (ਜਿਵੇਂ ਤਕਨੌਲਜੀ ਦੇ ਪੱਖ ਵਿੱਚ ਐਂਡਰਾਇਡ ਫੋਨ 1900/- ਰੁਪਏ ਵਿੱਚ ਵੀ ਆ ਜਾਂਦਾ ਹੈ ਤੇ ਚੰਗਾ ਕਿਫਾਇਤੀ ਅੱਜ ਵੀ 20,000/- ਤੋਂ ਉੱਪਰ ਹੀ ਟਿਕਿਆ ਹੋਇਆ ਹੈ। ਪਰ ਬਹੁਤੇ ਹੱਥਾਂ ਵਿੱਚ 1900 ਜਾਂ ਘੱਟ ਕੀਮਤ ਵਾਲਾ ਹੀ ਹੈ।) ਅਸਲ ਤੱਤ ਨਾਲੋਂ ਟੁੱਟ ਕੇ ਹਲਕੀ, ਸੌਖੀ ਵਿਚਾਰਧਾਰਾ ਨਾਲ ਜੁੜ ਗਈ ਜਿਸ ਵਿੱਚ ਆਪਣਾ ਜੀਵਣ ਕਮਾਉਣ ਦੀ ਲੋੜ ਨਹੀਂ, ਬੱਸ ਦੂਜਿਆਂ ਵੱਲੋਂ ਕਹਿਆ ਸੁਣਿਆ ਪੜ੍ਹਿਆ ਹੀ ਕਾਫੀ ਹੈ, ਪਰ ਨਿਰੋਲ ਵਿਚਾਰਧਾਰਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਕੋਲ ਹੈ ਉਸ ਵੱਲ ਜਾਣ ਦਾ ਹੀਆ ਕਦੇ ਨਾ ਕੀਤਾ, ਨਾ ਕਰਦੇ ਹਨ।

ਮੌਜੂਦਾ ਦੌਰ ਵਿੱਚ ਸਿੱਖ ਰਹਿਤ ਮਰਯਾਦਾ ਦੇ ਸਬੰਧ ਵਿੱਚ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਦਾ ਮਸਲਾ ਕਾਫੀ ਗੰਭੀਰ ਬਣਿਆ ਹੋਇਆ ਹੈ।

ਇੱਕ ਧਿਰ ਉਹ ਹੈ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਨੂੰ ਰੱਦ ਕਰਦੇ ਹੋਏ ਕੇਵਲ ਮੁੱਖ ਸੇਵਾਦਾਰ ਜੋ ਪੰਥ ਦੀ ਭਲਾਈ ਲਈ ਕਾਰਜ ਕਰਦਾ ਹੋਵੇ ਉਸਦੇ ਹੱਕ ਵਿੱਚ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਯਾਦਾ ਨੂੰ ਮੰਨਦੇ ਹੋਏ ਸਮੇਂ ਦੇ ਅਨੁਸਾਰ ਗੁਰਬਾਣੀ ਗੁਰੂ ਦੀ ਰੋਸ਼ਨੀ ਹੇਠ ਉਸ ਵਿੱਚ ਅਪਡੇਟ (ਨਵਾਂਪਣ ਜਾਂ ਬਦਲਾਵ) ਕਰਨਾ ਚਾਹੁੰਦੀ ਹੈ, ਤਾਂ ਕਿ ਸਮੇਂ ਦੇ ਹਾਣੀ ਬਣਿਆ ਜਾ ਸਕੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਉੱਲਟ ਕੌਮ ਦਾ ਕੋਈ ਹੋਰ ਦੂਜਾ ਦਸਤਾਵੇਜ ਨਾ ਹੋਵੇ ਜੋ ਸਿੱਖਾਂ ਨੂੰ ਦੁਬਿਧਾ ਵਿੱਚ ਪਾਉਂਦਾ ਹੋਵੇ। ਉਹ ਸਾਰੀਆਂ ਧਿਰਾਂ ਨੂੰ ਨਾਲ ਵੀ ਲੈਣਾ ਚਾਹੁੰਦੀ ਹੈ।

ਪਰ ਦੂਜੇ ਪਾਸੇ ਦੂਜੀ ਧਿਰ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਮੂਲੋਂ ਹੀ ਨਹੀਂ ਮੰਨਦੀ, ਪਰ ਉਸ ਵਿੱਚ ਰੌਸ਼ਨ ਦਿਮਾਗਾਂ ਨੂੰ ਬਦਲਾਵ ਕਰਨ ਦੀ ਖੁੱਲ਼ ਵੀ ਨਹੀਂ ਦੇਣਾ ਚਾਹੁੰਦੀ, ਜਿਵੇ ਨਾ ਖੇਡਣਾ ਨਾ ਖੇਡਣ ਦੇਣਾ ਵਾਲੀ ਬੱਚਿਆਂ ਦੀ ਹਾਲਤ ਵਿੱਚ ਰਹਿਣ ਵਾਲੀ ਗੱਲ ਹੈ। ਜਾਂ ਸੌਖੇ ਸ਼ਬਦਾਂ ਵਿੱਚ ਕਹਿ ਲਈਏ ਸਮੇਂ ਦੇ ਪ੍ਰਭਾਵ ਅਧੀਨ ਜਿਵੇ ਅੱਜ ਕੋਈ ਪੁਰਾਣਾ ਬਜ਼ੁਰਗ ਕਹਿ ਦੇਵੇ ਕਿ, ‘ਭਾਵੇਂ ਤਕਨੌਲਜੀ ਦੇ ਖੇਤਰ ਵਿੱਚ ਵਾਧਾ ਹੋਇਆ ਹੈ ਅਤੇ ਸਮਾਰਟ ਫੋਨ ਆ ਗਏ ਨੇ, ਪਰ ਮੈਂ ਤਾਂ ਟੈਲੀਫੋਨ ਹੀ ਚਲਾਉਂਗਾ, ਕਿਉਂਕਿ ਸੱਭ ਤੋਂ ਪਹਿਲਾਂ ਉਹੀ ਆਇਆ ਸੀ, ਉਹੀ ਚਲਾਇਆ ਹੈ ਤੇ ਸਾਰੇ ਉਹੀ ਚਲਾਉਣ ਕਿਉਂਕਿ ਆਪ ਉਸਨੂੰ ਚਲਾਉਣਾ ਨਹੀਂ ਆਉਂਦਾ, ਪਰ ਉਹ ਦੂਜਿਆਂ ਵਾਸਤੇ ਵੀ ਮੁਸੀਬਤ ਬਣ ਜਾਵੇ ਕਿ ਆਪਣੇ ਪਰਿਵਾਰ ਵਿੱਚ ਕਿਸੇ ਹੋਰਨਾ ਨੂੰ ਵੀ ਨਹੀਂ ਚਲਾਉਣ ਦੇਣਾ, ਕਿਉਂਕਿ ਕਰਨੀ ਤਾਂ ਗੱਲ ਹੀ ਹੁੰਦੀ ਹੈ’।

ਆਖੀਰ ਵਿੱਚ ਕਹਿ ਲਿਆ ਜਾਵੇ ਕਿ ਅਸੀਂ 100 ਵਾਟ ਬੱਲਬਾਂ ਤੋਂ ਟਿਊਬਾਂ ਤੱਕ, ਟਿਊਬਾਂ ਤੋਂ ਐੱਲ.ਸੀ.ਡੀ. ਬੱਲਬਾਂ ਵੱਲ…. ਪੱਖੇ ਤੋਂ ਕੂਲਰ, ਕੂਲਰ ਤੋਂ ਏ.ਸੀ…. ਇਸੇ ਤਰ੍ਹਾਂ ਸਾਈਕਲ ਤੋਂ ਸਕੂਟਰ, ਸਕੂਟਰ ਤੋਂ ਮੋਟਰਸਾਈਕਲ ਤੇ ਹੁਣ ਕਾਰਾਂ ਤੱਕ… ਟੈਲੀਫੋਨ ਤੋਂ ਮੋਬਾਇਲ, ਮੋਬਾਇਲ ਤੋਂ ਸਮਾਰਟ ਫੋਨ ਅਤੇ ਸਮਾਰਟ ਫੋਨ ਦੇ ਹੁਣ ਜੈਲੀ ਬੀਨ ਤੋਂ ਵਾਇਆ ਕਿੱਟ ਕੈਟ ਹੁੰਦੇ ਹੋਏ ਲਾਲੀਪਾਪ ਅਤੇ ਹੁਣ ਅਗਾਂਹ ਮਾਰਸ਼ਮੈਲੌਅ ਵੱਲ ਚਲੇ ਜਾਵਾਂਗੇ ਅਤੇ ਰੋਜ਼ਾਨਾ ਅਗਲਾ ਵਰਜ਼ਨ (ਅਪਡੇਟ) ਚੈੱਕ ਕਰਾਂਗੇ, ਇਸੇ ਤਰ੍ਹਾਂ ਗੁਰੂ ਘਰ ਦੇ ਦਾਲ-ਫੁਲਕੇ ਦੇ ਲੰਗਰ ਤੋਂ ਛੱਤੀ ਪ੍ਰਕਾਰ ਦੇ ਲੰਗਰਾਂ ਤੱਕ, ਕੱਚੀਆਂ ਇਮਾਰਤਾਂ ਤੋਂ ਪੱਕੀਆਂ ਅਤੇ ਪੱਕੀਆਂ ਤੋਂ ਸੋਨੇ ਦੇ ਕਲਸਾਂ ਤੱਕ, ਕੜਾਹ ਪ੍ਰਸਾਦਿ ਤੋਂ ਫੁਲੀਆਂ, ਪਤਾਸੇ, ਮਿਸ਼ਰੀ ਤੋਂ ਹੁੰਦੇ ਹੋਏ ਵੰਨ-ਸੁਵੰਨੀਆਂ ਮਠਿਆਈਆਂ ਤੱਕ, ਤੰਤੀ ਸਾਜਾਂ ਦੇ ਕੀਰਤਨ ਤੋਂ ਡੀ.ਜੇ. ਦੀਆਂ ਧੁਨੀਆਂ ਤੱਕ, ਇੱਥੋਂ ਤੱਕ ਕਿ ਹੁਣ ਤਾਂ ਗੁਰੂ ਸਾਹਿਬ ਦੀ ਪਾਲਕੀ ਵਾਲੀ ਗੱਡੀ ਉੱਤੇ ਵੀ ਸਾਈਰਨ ਲਗਾ ਦਿੱਤਾ ਗਿਆ ਹੈ..

ਚਲੋ ਸਮੇਂ ਨਾਲ ਹਰ ਚੀਜ਼ ਦੀ ਅੱਪਡੇਟ ਜ਼ਰੂਰੀ ਹੈ... ਪਰ ਆਪਣੇ ਸਿਧਾਂਤ ਵੱਲੋਂ, ਆਪਣੀ ਵਿਚਾਰਧਾਰਾ ਵੱਲੋਂ, ਫਿਲਸਾਫੀ, ਇਤਿਹਾਸ, ਦ੍ਰਿੜਤਾ/ਸਬਰ/ਸੰਤੋਖ, ਬਿਬੇਕ ਵੱਲੋਂ ਅੱਪਡੇਟ ਹੋਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਣ ਬਾਣੀ ਅਨੁਸਾਰ ਕਾਰ ਵਿਹਾਰ ਅਤੇ ਵਿਚਾਰ ਕਰਕੇ ਆਪਣੇ ਆਪ ਨੂੰ ਪਤਾ ਨਹੀਂ ਕਦੋਂ ਅਪਡੇਟ ਕਰਾਂਗੇ.. ਖ਼ੈਰ! ਬਾਕੀ ਫਿਰ ਸਹੀ…


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top