Share on Facebook

Main News Page

ਜਦੋਂ ਤ੍ਰੀਆ ਚਰਿੱਤਰਾਂ ਦੀਆਂ ਕਹਾਣੀਆਂ ਨੂੰ ਗੁਰੂ ਸਾਹਿਬ ਨਾਲ ਜੋੜ ਕੇ ਫਿਲਮਾਂ ਬਣਾ ਕੇ ਤੁਹਾਡੇ ਵਿਹੜੇ ਸੁੱਟੀਆਂ ਤਾਂ ਕੀ ਕਰੋਗੇ ?
ਕੀ ਮੁੱਕਰੋਗੇ ?

-: ਨਿਰਮਲ ਸਿੰਘ ਕੰਧਾਲਵੀ

ਅੱਜ ਕਲ ਵਟਸ ਐਪ ‘ਤੇ ਇਕ ਦੇਵੀ ਜਗਰਾਤੇ ਦਾ ਕਲਿੱਪ ਦਿਖਾਇਆ ਜਾ ਰਿਹਾ ਹੈ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਦੇਵੀ ਪੂਜਣ ਵਾਲ਼ੀ ਕਹਾਣੀ ਬੜੇ ਚਟਖ਼ਾਰੇ ਲੈ ਲੈ ਕੇ ਸੁਣਾਈ ਜਾ ਰਹੀ ਹੈ। ਦੇਵੀ ਦੀ ਉਸਤਤ ਵਿਚ ਜੈਕਾਰੇ ਛੱਡਣ ਬਾਅਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਵੀ ਗਜਾਇਆ ਜਾਦਾ ਹੈ। ਦਸਮ ਗ੍ਰੰਥੀਏ ਜ਼ਰੂਰ ਖ਼ੁਸ਼ ਹੁੰਦੇ ਹੋਣਗੇ ਕਿ ਹਿੰਦੂ ਵੀ ਗੁਰੂ ਸਾਹਿਬ ਜੀ ਦਾ ਗੁਣਗਾਨ ਕਰ ਰਹੇ ਹਨ।

ਆਰ.ਐੱਸ. ਐੱਸ. ਨੇ ਸਿੱਖ ਸਿਧਾਂਤ ਨੂੰ ਬ੍ਰਾਹਮਣੀ ਖਾਰੇ ਸਮੁੰਦਰ ਵਿਚ ਡੋਬਣ ਦਾ ਪੂਰਾ ਇੰਤਜ਼ਾਮ ਕਰ ਲਿਆ ਹੋਇਆ ਹੈ, ਜਿਸ ਵਾਸਤੇ ਉਹਨਾਂ ਨੇ ਸਿੱਖ ਹੀ ਮੋਹਰੇ ਬਣਾਏ ਹੋਏ ਹਨ, ਜਿਵੇਂ ਤਿੱਤਰ ਫੜਨ ਵਾਲ਼ੇ ਆਪਣਾ ਸਿਖਾਇਆ ਹੋਇਆ ਤਿੱਤਰ ਤਿੱਤਰਾਂ ਦੇ ਝੁੰਡ ਵਿਚ ਛੱਡ ਦਿੰਦੇ ਹਨ, ਜੋ ਸਭਨਾਂ ਨੂੰ ਜਾਲ਼ ਵਿਚ ਫ਼ਸਾ ਦਿੰਦਾ ਹੈ। ਰਾਸ਼ਟਰੀ ਸਿੱਖ ਸੰਗਤ ਏਸੇ ਤਿੱਤਰ ਦਾ ਨਾਂ ਹੈ। ਭੋਲ਼ੇ ਭਾਲ਼ੇ ਸਿੱਖ ਇਹਨਾਂ ਦੇ ਬੀਬੇ ਦਾਹੜੇ ਅਤੇ ਪੋਚਵੀਆਂ ਪੱਗਾਂ ਦੇਖ ਕੇ ਫ਼ਸ ਜਾਂਦੇ ਹਨ। ਸਾਧਾਂ ਦੇ ਸਭ ਡੇਰੇ ਸੰਘ ਦੇ ਕਹਿਣੇ ‘ਚ ਹਨ। ਪੰਜਾਬ ਦੀ ਮੌਜੂਦਾ ਸਰਕਾਰ, ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਕਮੇਟੀ ਬਾਰੇ ਤਾਂ ਹੁਣ ਕਿਸੇ ਨੂੰ ਕੋਈ ਭੁਲੇਖਾ ਰਿਹਾ ਹੀ ਨਹੀਂ।

ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਮਨਾਉਣ ਲਈ ਕੇਂਦਰੀ ਬਜਟ ਵਿਚ ਸਿੱਖਾਂ ਨੂੰ ਸੌ ਕਰੋੜ ਦਿਤਾ ਜਾਣਾ ਹੈ। ਖ਼ਬਰ ਹੈ ਕਿ ਸਿੱਖ ਬਹੁਤ ਖ਼ੁਸ਼ ਹਨ। ਕਿਹੜੇ ਸਿੱਖ? 1999 ਵਾਂਗ ਇਸ ਸੌ ਕਰੋੜ ਵਿਚੋਂ 50 ਕਰੋੜ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਆਰ.ਐੱਸ.ਐੱਸ. ਨੂੰ ਦਿਤਾ ਜਾਵੇਗਾ। 1999 ਵਿਚ ਜਿਵੇਂ 300 ਸੌ ਸਾਲਾ ਦਿਵਸ ਸਿੱਖਾਂ ਤੋਂ ਹਾਈਜੈਕ ਕਰ ਲਿਆ ਗਿਆ ਸੀ, ਇਸੇ ਤਰ੍ਹਾਂ ਹੀ ਪਟਨਾ ਸਾਹਿਬ ‘ਚ ਹੋਵੇਗਾ, ਵੈਸੇ ਵੀ ਉੱਥੇ ਤਾਂ ਸਾਰੇ ਉਹਨਾਂ ਦੇ ਚਹੇਤੇ ਹੀ ਬੈਠੇ ਹਨ।

ਜੇ ਕੌਮ ਦੇ ਸਿਆਣੇ ਵਿਦਵਾਨਾਂ ਨੇ ਇਸ ਬਚਿੱਤਰ ਨਾਟਕ ਤੋਂ ਬਹੁਤ ਪਹਿਲਾਂ ਖਹਿੜਾ ਛੁਡਵਾ ਲਿਆ ਹੁੰਦਾ ਤਾਂ ਇਹ ਦਿਨ ਨਾ ਦੇਖਣੇ ਪੈਂਦੇ। ਜੇ ਤੁਹਾਡੇ ਆਪਣੇ ਪ੍ਰਚਾਰਕ ਹੀ ਸਟੇਜਾਂ ਤੋਂ ਕਿੱਲ੍ਹ ਕਿਲ੍ਹ ਕੇ ਬਚਿੱਤਰ ਨਾਟਕ ਦੀਆਂ ਕਹਾਣੀਆਂ ਰਾਹੀਂ ਆਪਣੇ ਗੁਰੂ ਸਾਹਿਬਾਨ ਵਲੋਂ ਦਿੱਤੇ ਪਵਿੱਤਰ ਸਿਧਾਂਤਾਂ ਦੀ ਮਿੱਟੀ ਪਲੀਤ ਕਰਦੇ ਹਨ, ਤਾਂ ਸਿੱਖੀ ਦੇ ਵਿਰੋਧੀਆਂ ਨੇ ਤਾਂ ਅਜਿਹਾ ਕਰਨਾ ਹੀ ਹੈ।

ਅਸੀਂ ਤਾਂ ਕਈ ਸਾਲਾਂ ਤੋਂ ਕਹਿ ਰਹੇ ਹਾਂ ਕਿ ਸਿੱਖੀ ਦੇ ਦੁਸ਼ਮਣਾਂ ਨੇ ਜਦੋਂ ਤ੍ਰੀਆ ਚਰਿੱਤਰਾਂ ਦੀਆਂ ਕਹਾਣੀਆਂ ਨੂੰ ਗੁਰੂ ਸਾਹਿਬ ਨਾਲ ਜੋੜ ਕੇ ਫਿਲਮਾਂ ਬਣਾ ਕੇ ਤੁਹਾਡੇ ਵਿਹੜੇ ਸੁੱਟੀਆਂ ਤਾਂ ਕੀ ਕਰੋਗੇ? ਕੀ ਮੁੱਕਰੋਗੇ? ਅਗਲੇ ਮੁੱਕਰਨ ਨਹੀਂ ਦੇਣਗੇ। ਉਹ ਕਹਿਣਗੇ ਕਿ ਤੁਸੀਂ ਤਾਂ ਉਸ ਗ੍ਰੰਥ ਨੂੰ ਗੁਰੂ ਦਾ ਦਰਜਾ ਦਿੱਤਾ ਹੋਇਆ ਹੈ।

ਸਿੱਖੋ ਅਜੇ ਵੀ ਸੰਭਲ ਜਾਉ। ਸਕਿੰਟਾਂ ਦੀ ਗ਼ਲਤੀ ਕੌਮਾਂ ਨੂੰ ਸਦੀਆਂ ਪਿੱਛੇ ਧੱਕ ਦਿੰਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top