Share on Facebook

Main News Page

ਮਸਕੀਨੀਏ ਪਹਿਲਵਾਨ ਵਰਗੀਆਂ ਝੂਠੀਆਂ ਕਹਾਣੀਆਂ ਦੀ ਜੜ੍ਹ ਹੈ "ਟੀਕਾ ਫ਼ਰੀਦਕੋਟੀ"
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਖ਼ਾਲਸਾ ਨਿਊਜ਼ 'ਤੇ ਇਕ ਰਾਗੀ ਦੀ ਫ਼ੋਟੋ ਛਪੀ ਜਿੱਸ ਨੇ ਗੁਰਬਾਣੀ ਦੀ ਤੁਕ ਸੁਖੀ ਬਸੈ ਮਸਕੀਨੀਆ---॥ ਵਿੱਚ ਆਏ ਮਸਕੀਨੀਆ ਸ਼ਬਦ ਨੂੰ ਇੱਕ ਪਹਿਲਵਾਨ ਨਾਲ਼ ਜੋੜ ਕੇ ਉਸ ਵਲੋਂ ਘੋਲ਼ ਵਿੱਚ ਆਪ ਹੀ ਜਾਣ ਕੇ ਢਹਿ ਜਾਣ ਦੀ ਕਹਾਣੀ ਸੁਣਾਈ ਤੇ ਇਹ ਕਹਾਣੀ ਰਾਗੀ ਨੇ ਪੰਜਵੇਂ ਗੁਰੂ ਜੀ ਨਾਲ਼ ਜੋੜ ਦਿੱਤੀ। ਰਾਗੀ ਨੇ ਇਹ ਵੀ ਕਿਹਾ ਕਿ ਗੁਰੂ ਜੀ ਨੇ ਮਸਕੀਨੀਏ ਪਹਿਲਵਾਨ ਦਾ ਨਾਂ ਬਾਣੀ ਵਿੱਚ ਦਰਜ ਕਰ ਦਿੱਤਾ ਅਤੇ ਮਸਕੀਨੀਏ ਪਹਿਲਵਾਨ ਨੂੰ ਵੀ ਮੱਥਾ ਟੇਕਿਆ ਜਾਂਦਾ ਹੈ {ਰਾਗੀ ਸੱਜਣ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੱਥਾ ਕੇਵਲ 35 ਬਾਣੀਕਾਰਾਂ ਦੀ ਬਾਣੀ ਨੂੰ ਸ਼ਬਦ ਗੁਰੂ ਮੰਨ ਕੇ ਟੇਕਿਆ ਜਾਂਦਾ ਹੈ। ਸਿੱਖ ਕਿਸੇ ਪਹਿਲਵਾਨ ਨੂੰ ਗੁਰੂ ਨਹੀਂ ਮੰਨਦਾ।

ਅਰਦਾਸਿ ਵਿੱਚ ਮੰਗੇ ਜਾਂਦੇ ਬਿਬੇਕ ਦਾਨ ਤੋਂ ਕੰਮ ਲੈ ਕੇ ਸਾਧ ਸੰਗਤਿ ਵਿੱਚ ਕਥਾ-ਵਿਚਾਰ ਕਰਨੀ ਚਾਹੀਦੀ ਹੈ}। ਕਹਾਣੀ ਵਿੱਚ, ਸੌ ਰੁਪਏ ਲੈ ਕੇ ਇੱਕ ਸਿੱਖ ਨੂੰ ਗੁਰੂ ਜੀ ਦੀ ਪਰਚੀ ਦੇਣ ਅਤੇ ਪਰਚੀ ਲੈਣ ਵਾਲ਼ੇ ਕੋਲ਼ੋਂ ਗੁਰੂ ਜੀ ਵਲੋਂ 500 ਰੁਪਏ ਦੀ ਮੰਗ ਦੀ ਵੀ ਗੱਲ ਕੀਤੀ ਗਈ ਹੈ। ਗਿਆਨੀ ਬਲਜੀਤ ਸਿੰਘ ਜੀ ਕਥਾਵਾਚਕ ਨੇ ਸੰਗਤਾਂ ਨੂੰ ਇੱਸ ਝੂਠੀ ਕਹਾਣੀ ਤੋਂ ਦੂਰ ਰਹਿਣ ਦਾ ਚੰਗਾ ਸੰਦੇਸ਼ ਵੀ ਦਿੱਤਾ, ਜੋ ਖ਼ਾਲਸਾ ਨਿਊਜ਼ 'ਤੇ ਹੀ ਇੱਕ ਵੀਡੀਓ ਰਾਹੀਂ ਦਿਖਾਇਆ ਗਿਆ।

ਝੂਠੀ ਕਹਾਣੀ ਦੀ ਜੜ੍ਹ ਕੀ ਹੈ? ਉੱਤਰ ਹੈ: ਟੀਕਾ ਫ਼ਰੀਦਕੋਟੀ।

ਫ਼ਰੀਦਕੋਟ ਟੀਕੇ ਵਾਰੇ ਜਾਣਕਾਰੀ:- ਇੱਕ ਜਰਮਨ ਵਿਦਵਾਨ ਡਾ. ਟ੍ਰੰਪ ਵਲੋਂ ਕੀਤੇ ਗੁਰਬਾਣੀ ਦੇ ਟੀਕੇ ਦੇ ਪ੍ਰੀਕਰਮ ਵਜੋਂ ਮਹਾਰਾਜਾ ਬਿਕ੍ਰਮ ਸਿੰਘ ਬਹਾਦਰ ਵਾਲ਼ੀਏ ਰਿਆਸਤ ਫ਼ਰੀਦਕੋਟ ਦੇ ਮਨ ਵਿੱਚ ਕਿਸੇ ਗਿਆਨੀ ਤੋਂ ਗੁਰਬਾਣੀ ਦਾ ਟੀਕਾ ਕਰਵਾਉਣ ਦਾ ਸੰਕਲਪ ਪੈਦਾ ਹੋਇਆ। ਉਸ ਨੇ ਸੰਪਰਦਾਈ ਗਿਆਨੀ ਬਦਨ ਸਿੰਘ ਸੇਖਵਾਂ ਵਾਲ਼ਿਆਂ ਨੂੰ ਇੱਸ ਕੰਮ ਲਈ ਲਾਇਆ, ਜਿਸ ਨੇ 6 ਸਾਲਾਂ ਵਿੱਚ ਸੰਨ 1877 ਤੋਂ 1883 ਤਕ ਇਹ ਟੀਕਾ ਲਿਖ ਲਿਆ। ਮਹਾਰਾਜੇ ਨੇ ਇਸ ਟੀਕੇ ਦੀ ਸੁਧਾਈ ਲਈ ਬਾਬਾ ਸੁਮੇਰ ਸਿੰਘ ਮਹੰਤ ਪਟਨੇ ਵਾਲ਼ਿਆਂ ਦੀ ਅਗਵਾਈ ਵਿੱਚ ਇੱਕ 8 ਮੈਂਬਰਾਂ ਦੀ ਕਮੇਟੀ ਬਣਾਈ ਜਿੱਸ ਵਿੱਚ ਹੇਠ ਲਿਖੇ ਮੈਂਬਰ ਸਨ-

ਗਿਆਨੀ ਹਰਭਜਨ ਸਿੰਘ ਅੰਮ੍ਰਿਤਸਰ, ਗਿਆਨੀ ਸੰਤ ਸਿੰਘ ਕਪੂਰਥਲ਼ਾ ਸਟੇਟ, ਗਿਆਨੀ ਝੰਡਾ ਸਿੰਘ ਨਨਕਿਆਨਾ (ਸੰਗਰੂਰ), ਗਿਆਨੀ ਰਾਇ ਸਿਘ ਜੰਗੀਆਣਾ, ਗਿਆਨੀ ਧਿਆਨ ਸੰਘ ਸੇਖਵਾਂ, ਪੰਡਿਤ ਹਮੀਰ ਸਿੰਘ ਸੰਸਕ੍ਰਿਤੀ, ਪੰਡਿਤ ਬਾਲਕ ਰਾਮ ਉਦਾਸੀ ਸੰਸਕ੍ਰਿਤੀ ਅਤੇ ਬਾਬਾ ਅਵਤਾਰ ਸਿੰਘ।

ਟੀਕੇ ਦੀ ਛਪਾਈ ਵਿੱਚ ਫ਼ਰੀਦਕੋਟ ਦੇ ਰਾਜਿਆਂ ਮਹਾਰਾਜਾ ਬਿਕ੍ਰਮ ਸਿੰਘ, ਮਹਾਰਾਜਾ ਬਲਬੀਰ ਸਿੰਘ ਅਤੇ ਮਹਾਰਾਜਾ ਬ੍ਰਿਜਿੰਦ੍ਰ ਸਿੰਘ ਵਲੋਂ ਯੋਗ ਦਾਨ ਪਾਇਆ ਗਿਆ ਅਤੇ ਟੀਕੇ ਨੂੰ ਲਿਖਣ ਅਤੇ ਸੋਧਣ ਕਰਨ ਵਾਲ਼ਿਆਂ ਦੀ ਦੇਖ ਭਾਲ਼ ਵਜੋਂ ਲੱਖਾਂ ਰੁਪਏ ਵੀ ਖ਼ਰਚੇ ਗਏ। ਮਸਕੀਨੀਆ ਪਹਿਲਵਾਨ ਦੀ ਘੜੀ ਹੋਈ ਮਨਘੜਤ ਕਹਾਣੀ ਇੱਸ ਟੀਕੇ ਵਿੱਚ ਇਉਂ ਲਿਖੀ ਗਈ ਹੈ ਜਿਸ ਨੂੰ ਕਥਿਤ ਰਾਗੀ ਨੇ ਕੁੱਝ ਫੇਰ-ਬਦਲ ਕਰ ਕੇ ਕਾਪੀ ਕੀਤਾ ਹੈ:

ਸ਼੍ਰੀ ਗੁਰੂ ਅਰਜੁਨ ਸਾਹਿਬ ਜੀ ਨੇ ਏਕ ਸਿੱਖ ਕੀ ਪ੍ਰੀਖਿਆ ਹੇਤ ਹੁਕਮ ਨਾਮਾ ਭੇਜਾ ਔਰ ਐਸਾ ਹੁਕਮ ਦੀਆ ਕਿ ਪਾਂਚ ਰੁਪਏ ਲੇਕਰ ਹੁਕਮਨਾਮੇ ਕਾ ਦਰਸ਼ਨ ਕਰਾਵਣਾ ਔਰ ਪੀਛੇ ਸੌ ਰੁਪਯਾ ਲਿਆਵਣਾ। ਜਬ ਹੁਕਮਨਾਮੀਆਂ ਉਸ ਸਿੱਖ ਕੇ ਘਰ ਮੈਂ ਗਇਆ ਤਬ ਸਿੱਖ ਨੇ ਬਡਾ ਆਦਰ ਕੀਆ। ਹੁਕਮ ਸੁਨ ਕਰ ਅਪਨੇ ਘਰ ਕੀ ਚੀਜ਼ ਬਸਤ ਆਦੀ ਬੇਚ ਕਰ ਹੁਕਮਨਾਮੀਏ ਕੋ ਪ੍ਰਸ਼ਾਦ ਛਕਾਇਆ ਔਰ ਪਾਂਚ ਰੁਪਏ ਦੇ ਕਰ ਹੁਕਮਨਾਮੇ ਕਾ ਦਰਸ਼ਨ ਕੀਆ। ਪੁਨਾ ਸੌ ਰੁਪਇਆ ਦੇਨੇ ਕਾ ਉਪਾਵ ਚਿਤਵ ਕਰ ਬਾਹਰ ਆਇਆ ਕਿਉਂਕਿ ਵੁਹ ਸਿੱਖ ਨਿਰਧਨ ਥਾ। ਤਬ ਸੁਨਾ ਕਿ ਅੱਜ ਰਾਜਾ ਨੇ ਕੁਸ਼ਤੀ ਕਰਵਾਣੀ ਹੈ। ਜੋ ਰਾਜੇ ਕੇ ਮਸਕੀਨ ਪਹਿਲਵਾਨ ਕੋ ਗਿਰਾਵੇ ਉਸ ਕੋ ਦੋ ਸੌ ਰੁਪਯਾ ਔਰ ਜੋ ਗਿਰੇ ਤਿਸ ਕੋ ਇੱਕ ਸੌ ਰੁਪਯੇ ਮਿਲੇਂਗੇ। ਤੋ ਤਿਸ ਸਿੱਖ ਨੇ ਅਪਨੇ ਪ੍ਰਾਨ ਪਿਆਰੇ ਨਾ ਕੀਏ ਯਦਪਿ ਪਹਲਵਾਨ ਕੋ ਜਾਨਤਾ ਥਾ ਤਦਪ ਤਿਸ ਕੇ ਸਾਥ ਘੁਲਨੇ ਕੋ ਜਾਇ ਖੜਾ ਹੂਆ। ਲੋਕ ਵੀ ਹਾਸੀ ਕਰਨੇ ਲਗੇ। ਪਹਿਲਵਾਨ ਉਸ ਕੀ ਬਾਤ ਸੁਨ ਕਰ ਆਪ ਹੀ ਗਿਰ ਪੜਾ ਤਬ ਸੌ ਰੁਪਯਾ ਲੇਕਰ ਹੁਕਮਨਾਮੀਏ ਕੋ ਦੀਆ ਔਰ ਵੁਹ ਮਸਕੀਨੀਆ ਪਹਿਲਵਾਨ ਔ ਤਿਸ ਸਿੱਖ ਨੇ ਹੁਕਮਨਾਮੀਏ ਸਾਥ ਗੁਰੋਂ ਕੇ ਹਜ਼ੂਰ ਆਨ ਕਰ ਦਰਸ਼ਨ ਕੀਆ ਤਬ ਸ਼੍ਰੀ ਗੁਰੂ ਅੰਤਰਜਾਮੀ ਤਿਸ ਮਸਕੀਨ ਪਹਿਲਵਾਨ ਕੇ ਪ੍ਰਥਾਇ ਉਚਾਰਣ ਕਰਤੇ ਹੈਂ॥

ਸਲੋਕੁ
ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ॥੧॥
ਹੇ ਮਸਕੀਨੀਆ ਪਹਿਲਵਾਨ ਤੂੰ ਸੁਖੀ ਵਸੈਗਾ ਕਿਉਂਕਿ ਤੂੰ ਆਪਨੇ ਬਲ ਔ ਹੰਕਾਰ ਕੋ ਦੂਰ ਕਰ ਕੇ ਇਸ ਸਿਖ ਕੇ ਨੀਚੇ ਗਿਰ ਪੜਾ ਹੈਂ।
(ਟੀਕਾ ਫ਼ਰੀਦਕੋਟ, ਭਾਸ਼ਾ ਵਿਭਾਗ, ਚੌਥੀ ਛਾਪ ਸੰਨ 1989, ਜਿਲਦ ਨੰ.1 ਪੰਨਾਂ 612)

ਤੇ ਜੇ .pdf file ਹੈ ਤਾਂ ਪੰਨਾ 917, ਫ਼ਰੀਦਕੋਟੀ ਟੀਕਾ ਇਸ ਲਿੰਕ ਤੋਂ Download ਕਰ ਸਕਦੇ ਹੋ। ---> www.ik13.net/PDFS/Fridkot_Wala_Teeka.pdf

ਸਾਖੀ ਮਨਘੜਤ ਕਿਉਂ ਹੈ ?

ਕਈ ਸਵਾਲ ਉਠਦੇ ਹਨ। ਹੁਕਮਨਾਮਾ ਲ਼ੈ ਕੇ ਜਾਣ ਵਾਲ਼ੇ ਅਤੇ ਪ੍ਰਾਪਤ ਕਰਨ ਵਾਲ਼ੇ ਸਿੱਖ ਦਾ ਕੋਈ ਨਾਂ ਨਹੀਂ। ਕਿੱਸ ਪਿੰਡ ਜਾਂ ਸ਼ਹਿਰ ਵਿੱਚ ਜਾਣਾ ਹੈ, ਇੱਸ ਦਾ ਕੋਈ ਜ਼ਿਕਰ ਨਹੀਂ। ਹੁਕਮਨਾਮਾ ਲੈਣ ਵਾਲ਼ਾ ਸਿੱਖ ਘਰ ਦੀਆਂ ਵਸਤੂਆਂ ਵੇਚ ਕੇ ਗਏ ਸਿੱਖ ਨੂੰ ਪ੍ਰਸ਼ਾਦਾ ਛਕਾਉਂਦਾ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਉਸ ਦਾ ਆਪਣਾ ਪਰਵਾਰ ਜਾਂ ਉਹ ਰੋਜ਼ਾਨਾ ਕਿਵੇਂ ਡੰਗ ਟਪਾਉਂਦਾ ਹੋਵੇਗਾ? ਜਿੱਸ ਰਾਜੇ ਨੇ ਕੁਸ਼ਤੀ ਕਰਾਈ ਉਸ ਦਾ ਕੋਈ ਨਾਂ ਨਹੀਂ ਜਦੋਂ ਕਿ ਉਸ ਸਮੇਂ ਦਾ ਬਾਦਸ਼ਾਹ ਅਕਬਰ ਜਾਂ ਜਹਾਂਗੀਰ ਰਿਹਾ ਹੈ। ਸਾਖੀ ਇਉਂ ਹੈ ਜਿਵੇਂ ਹਵਾ ਵਿੱਚ ਹੀ ਗੰਧਰਵ ਨਗਰੀ ਜਾਂ ਹਰਿਚੰਦਉਰੀ ਵਸਾਈ ਗਈ ਹੈ।

ਇੱਸ ਟੀਕੇ ਵਿੱਚ ਦਿੱਤੀਆਂ ਕੁੱਝ ਹੋਰ ਮਨਘੜਤ ਸਾਖੀਆਂ ਹਨ ਜਿਵੇਂ:

1. ਸੰਮਨ ਅਤੇ ਮੂਸਨ ਨੂੰ ਪਿਓ ਪੁੱਤਰ ਬਣਾ ਕੇ ਸਿੱਖ ਸਮਝ ਕੇ ਲਿਖੀ ਸਾਖੀ ਜਿੱਸ ਵਿੱਚ ਪਿਓ ਨੇ ਪੁੱਤਰ ਦਾ ਸਿਰ ਵੱਢ ਦਿੱਤਾ ਸੀ। (ਟੀਕਾ ਫ਼ਰੀਦਕੋਟ ਪੰਨਾਂ 2766-67)। ਇਹ ਸਿੱਖਾਂ ਦੇ ਨਾਂ ਨਹੀਂ ਹਨ। ਸੰਮਨ ਦਾ ਅਰਥ ਹੈ ਮਨ ਵਾਲ਼ਾ (ਸੰ+ਮਨ), ਖੁਲ੍ਹੇ ਦਿੱਲ ਵਾਲ਼ਾ ਪ੍ਰਾਣੀ। ਮੂਸਨ ਦਾ ਅਰਥ ਹੈ -ਲੁੱਟਿਆ ਜਾ ਰਿਹਾ ਪ੍ਰਾਣੀ। ਸੰਸਕ੍ਰਿਤ ਵਿੱਚ ਮੁਸ਼ ਤੋਂ ਮੂਸ਼ਨ ਬਣਦਾ ਹੈ ਜਿੱਸ ਦਾ ਅਰਥ ਹੈ ਲੁਟੇ ਜਾਣਾ। ਪੜ੍ਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਚਉਬੋਲੇ ਮਹਲਾ 5॥ ਬਾਣੀ ਦੇ ਅਰਥ।

2. ਪੰਜਵੇਂ ਗੁਰੂ ਜੀ ਵਲੋਂ ਬਾਬਾ ਮੋਹਨ ਪ੍ਰਤੀ ਉਚਾਰੀ ਬਾਣੀ ਮੋਹਨ ਤੇਰੇ ਊਚੇ ਮੰਦਰ------। ਦੀ ਮਨਘੜਤ ਸਾਖੀ, ਪੋਥੀਆਂ ਲਿਆਉਣ ਸਮੇਂ। (ਟੀਕਾ ਫ਼ਰੀਦਕੋਟ ਪੰਨਾਂ 549-50)
ਕਿਸੇ ਵੀ ਬਾਣੀਕਾਰ ਨੇ ਬਾਣੀ ਖਿਲਾਰੀ ਹੋਈ ਨਹੀਂ ਸੀ। ਪਹਿਲੇ ਗੁਰੂ ਜੀ ਨੇ ਦੂਜੇ ਗੁਰੂ ਜੀ ਨੂੰ, ਦੂਜੇ ਗੁਰੂ ਜੀ ਨੇ ਤੀਜੇ ਗੁਰੂ ਜੀ ਨੂੰ ਤੇ ਇਸੇ ਤਰਾਂ ਹੀ ਬਾਣੀ ਪੰਜਵੇਂ ਗੁਰੂ ਜੀ ਕੋਲ਼ ਪਹੁੰਚੀ ਸੀ ਜਿੱਸ ਕਾਰਣ ਪੰਜਵੇਂ ਗੁਰੂ ਜੀ ਨੂੰ ਬਾਣੀ ਕਿਤਿਓਂ ਸੁਨੇਹੇ ਭੇਜ ਕੇ ਨਹੀਂ ਮੰਗਵਾਉਣੀ ਪਈ ਸੀ। ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤੋਂ ਹੀ ਇਹ ਤੱਥ ਸਪੱਸ਼ਟ ਹੈ। ਵਿਸਥਾਰ ਨਾਲ ਸਮਝਣ ਲਈ ਪ੍ਰੋ. ਸਾਹਿਬ ਸਿੰਘ ਦੀਆਂ ਪੁਸਤਕਾਂ ਆਦਿ ਬੀੜ ਬਾਰੇ ਅਤੇ ਗੁਰਬਾਣੀ ਅਤੇ ਇਤਿਹਾਸ ਬਾਰੇ ਪੜ੍ਹੋ।

3. ਮਰਦਾਨੇ ਨੂੰ ਇੱਕ ਇਸਤਰੀ ਵਲੋਂ ਭੇਡਾ ਬਣਾ ਦੇਣਾ ਤੇ ਗੁਰੂ ਨਾਨਕ ਸਾਹਿਬ ਨੇ ਬਾਲੇ ਨੂੰ ਇਹ ਗੱਲ ਦੱਸਣੀ। ਇਸ ਤਰਾਂ ਭਾਈ ਬਾਲੇ ਦੀ ਹੋਂਦ ਦਾ ਝੂਠਾ ਪਰਚਾਰ ਕੀਤਾ ਗਿਆ ਹੈ ਤੇ ਸਿੱਖ ਉੱਤੇ ਜਾਦੂ ਟੂਣਿਆਂ ਦਾ ਅਸਰ ਹੁੰਦਾ ਦਿਖਾ ਕੇ ਸਾਖੀ ਰਾਹੀਂ ਸਿੱਖੀ ਵਿਚਾਰਧਾਰਾ ਦੀ ਨਿਖੇਧੀ ਕੀਤੀ ਗਈ ਹੈ। (ਟੀਕਾ ਫ਼ਰੀਦਕੋਟ ਪੰਨਾਂ 227)

4. ਬੂਡਾ ਬੰਸੁ ਕਬੀਰ ਕਾ ਉਪਜਿਓ ਪੂਤੁ ਕਮਾਲੁਹਰਿ ਕਾ ਸਿਮਰਨੁ ਛਾਡਿ ਕੈ ਘਰਿ ਲੇ ਆਇਆ ਮਾਲੁ॥115॥

ਉਪਰੋਕਤ ਸ਼ਲੋਕ ਨਾਲ਼ ਫ਼ਰੀਦਕੋਟੀ ਟੀਕੇ (ਪੰਨਾਂ 2785) ਨੇ ਇੱਕ ਮਨਘੜਤ ਸਾਖੀ ਜੋੜ ਕੇ ਭਗਤ ਕਬੀਰ ਜੀ ਦੇ ਪੁੱਤਰ ਕਮਾਲ ਨੂੰ ਵੀ ਸਾਖੀ ਵਿੱਚ ਸ਼ਾਮਲ ਕਰ ਲਿਆ ਹੈ, ਜੋ ਗ਼ਲਤ ਹੈ। ਇੱਕ ਧਨੀ ਦਾ ਮਰਿਆ ਪੁੱਤਰ ਕਮਾਲ ਨੇ ਜਿਵਾਲ ਦਿੱਤਾ ਤੇ ਧਨੀ ਵਲੋਂ ਦਿੱਤਾ ਧਨ ਪਦਾਰਥ ਲੈ ਕੇ ,ਅਖੇ, ਕਮਾਲ ਘਰ ਆ ਗਿਆ ਤੇ ਕਬੀਰ ਜੀ ਗੁੱਸੇ ਹੋ ਗਏ ਤੇ ਆਖਿਆ - ਕਮਾਲ ਪੁੱਤਰ ਤੈਂ ਤਾਂ ਸਾਰਾ ਵੰਸ਼ ਹੀ ਡੋਬ ਦਿੱਤਾ ਹੈ, ਸਾਖੀ ਕੁਝ ਇਸ ਤਰਾਂ ਹੀ ਲਿਖੀ ਹੈ।ਅਸਲ ਵਿੱਚ ਅਰਥ ਇਉਂ ਹਨ-

ਪੂਤੁ- ਮਨ ਨੂੰ ਪੁੱਤਰ ਕਿਹਾ ਹੈ। ਕਮਾਲੁ- ਨਾਲਾਇਕ। ਬੰਸੁ- ਸ਼ਰੀਰ ਦਾ ਪਰਿਵਾਰ, ਗਿਆਨ ਇੰਦ੍ਰੇ। ਮਾਲੁ- ਧਨ ਪਦਾਰਥਾਂ ਦਾ ਮੋਹ। ਘਰਿ- ਹਿਰਦੇ ਵਿੱਚ। (ਵਿਸਥਾਰ ਲਈ ਗੂਗਲ ਕਰੋ sahaj path commentary 1367 to 72 ਅਤੇ ਸ਼ਲੋਕ ਨੰਬਰ 115 ਦੇ ਅਰਥ ਪੜ੍ਹੋ)

5. ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ ॥123॥

ਇਸ ਸ਼ਲੋਕ ਨਾਲ਼ ਫ਼ਰੀਦਕੋਟੀ ਟੀਕੇ (ਪੰਨਾਂ 2823) ਵਿੱਚ ਫ਼ਰੀਦ ਜੀ ਦੇ ਜੰਗਲ਼ ਵਿੱਚ ਕਿਸੇ ਖੂਹ ਵਿੱਚ ਆਪ ਨੂੰ ਸੰਗਲ ਨਾਲ਼ ਬੰਨ੍ਹ ਕੇ ਲਟਕਣ ਦੀ ਸਾਖੀ ਪ੍ਰਚਾਰੀ ਹੈ, ਜਿਸ ਵਿੱਚ ਇੱਕ ਅਯਾਲੀ ਨੂੰ ਵੀ ਘਾਹ ਦੇ ਵੱਟੇ ਰੱਸੇ ਨਾਲ਼ ਖੂਹ ਵਿੱਚ ਲਟਕਦੇ ਲਿਖਿਆ ਗਿਆ ਹੈ।ਇਹ ਮਨਘੜਤ ਸਾਖੀ ਸ਼ੇਖ਼ ਫ਼ਰੀਦ ਜੀ ਦੀ ਆਪਣੀ ਬਾਣੀ ਫਰੀਦਾ ਜੰਗਲ ਜੰਗਲ ਕਿਆ ਭਵਹਿ ਬਣ ਕੰਡਾ ਮੋੜਹਿ॥ ਦੇ ਹੀ ਵਿਰੁੱਧ ਹੈ।

6. ਕਹਤ ਕਬੀਰੁ ਸੁਨਹੁ ਰੇ ਲੋਈਅਬ ਤੁਮਰੀ ਪਰਤੀਤਿ ਨ ਹੋਈ॥4॥2॥35॥

ਰੇ ਲੋਈ ਦੀ ਵਿਆਖਿਆ ਕਰਦਿਆਂ ਫ਼ਰੀਦਕੋਟੀ ਟੀਕੇ (ਪੰਨਾਂ 1031) ਵਿੱਚ ਲੋਈ ਸ਼ਬਦ ਤੋਂ ਗ਼ਲਤ ਅਰਥ ਲੈ ਕੇ ਇਸ ਨੂੰ ਭਗਤ ਕਬੀਰ ਜੀ ਦੀ ਘਰ ਵਾਲ਼ੀ ਨਾਲ਼ ਜੋੜਿਆ ਗਿਆ ਹੈ ਤੇ ਇਸ ਤਰਾਂ ਮਨਘੜਤ ਸਾਖੀ ਬਣਾਈ ਗਈ ਹੈ ਕਿ ਕਬੀਰ ਜੀ ਲੋਈ ਨਾਲ਼ ਨਾਰਾਜ਼ ਹੋ ਗਏ। ਗੁਰਬਾਣੀ ਵਿਆਕਰਣ ਅਨੁਸਾਰ ਲੋਈ ਸ਼ਬਦ ਪੁਲਿੰਗ ਹੈ, ਤੇ ਇਹ ਕਬੀਰ ਜੀ ਦੀ ਘਰ ਵਾਲ਼ੀ ਨਾਲ਼ ਨਹੀਂ ਜੋੜਿਆ ਜਾ ਸਕਦਾ। ਟੀਕੇ ਵਿੱਚ ਲੋਈ ਸ਼ਬਦ ਦੇ ਦੋਵੇਂ ਅਰਥ- ਕਬੀਰ ਜੀ ਦੀ ਵਹੁਟੀ ਅਤੇ ਬ੍ਰਹਮ ਵਿੱਦਿਆ ਇਸਤਰੀ ਲਿੰਗ ਹਨ, ਠੀਕ ਨਹੀਂ ਹਨ। ਰੇ ਸ਼ਬਦ ਪੁਲਿੰਗ ਵਾਚਕ ਸ਼ਬਦਾਂ ਨਾਲ਼ ਹੀ ਵਰਤਿਆ ਜਾਂਦਾ ਹੈ। ਇਸਤ੍ਰੀ ਲਿੰਗ ਸ਼ਬਦਾਂ ਨਾਲ਼ ਰੀ ਸ਼ਬਦ ਦੀ ਵਰਤੋਂ ਹੁੰਦੀ ਹੈ, ਇਹ ਗੁਰਬਾਣੀ ਵਿਆਕਰਣ ਹੈ। ਗੁਰਬਾਣੀ ਵਿੱਚ ਰੇ ਮਨ, ਰੇ ਨਰ, ਰੇ ਪਾਖੰਡੀ ਮਨ, ਰੀ ਘਰ ਗੀਹਣਿ, ਬਨੀ ਰੀ ਤੇਰੀ ਲਾਲੀ, ਅਰੀ ਬਾਈ, ਰੀ ਬਹੁਰੀਆ , ਰੀ ਦੁਲਹਨੀ , ਰੀ ਬਾਈ ਆਦਿਕ ਵਾਕ ਅੰਸ਼ ਕਿਸੇ ਨਿਯਮ ਅਧੀਨ ਹੀ ਲਿਖੇ ਗਏ ਹਨ।

ਰੇ ਲੋਈ ਦਾ ਅਰਥ ਹੈ- ਹੇ ਜਗਤ ਦੇ ਮੋਹ!
ਹੇਠ ਲਿਖੇ ਵਾਕਾਂ ਵਿੱਚ ਲੋਈ ਦਾ ਅਰਥ ਜਗਤ ਹੈ-

1. ਆਪਿ ਅਗੋਚਰੁ ਧੰਧੈ ਲੋਈ॥ (ਗਗਸ ਪੰਨਾਂ 931)
2. ਕਹਤ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ॥ (ਗਗਸ ਪੰਨਾਂ 692)
3. ਕਹਤ ਕਬੀਰੁ ਸੁਨਹੁ ਰੇ ਲੋਈਰਾਮ ਨਾਮ ਬਿਨੁ ਮੁਕਤਿ ਨ ਹੋਈ॥ (ਗਗਸ ਪੰਨਾਂ 481)

ਗੁਰਬਾਣੀ ਵਿੱਚ ਮਸਕੀਨ ਸ਼ਬਦ ਦੀ ਵਰਤੋਂ-
ਮਸਕੀਨ ਸ਼ਬਦ ਨਿਮਾਣਾ/ਗ਼ਰੀਬ ਦੇ ਅਰਥਾਂ ਵਿੱਚ 5 ਵਾਰੀ (ਪੰਨਾਂ 13/13, 171/11, 480/4, 676/13 ਅਤੇ 727/13) ਮਸਕੀਨੀ ਸ਼ਬਦ ਦੋ ਵਾਰੀ ਨਿਮਰਤਾ/ਗ਼ਰੀਬੀ ਦੇਅਰਥਾਂ ਵਿੱਚ (ਪੰਨਾਂ 235/11 ਅਤੇ 676/16) ਅਤੇ ਮਸਕੀਨੀਆ ਸ਼ਬਦ ਇੱਕ ਵਾਰੀ ਨਿਮਾਣਾ/ਗ਼ਰੀਬ ਦੇ ਅਰਥਾਂ ਵਿੱਚ (ਪੰਨਾਂ 278/5) ਉੱਤੇ ਲਿਖਿਆ ਮਿਲ਼ਦਾ ਹੈ। ਮਸਕੀਨ ਸ਼ਬਦ ਦੇ ਨਾਲ਼ ਗ਼ਰੀਬ ਸ਼ਬਦ ਇਕੱਠਾ ਵੀ ਵਰਤਿਆ ਗਿਆ ਹੈ ਜਿਵੇਂ ਹਮ ਗਰੀਬ ਮਸਕੀਨ ਪ੍ਰਭ ਤੇਰੇ। ਕਿਤੇ ਵੀ ਇਸ ਸ਼ਬਦ ਦਾ ਅਰਥ ਪਹਿਲਵਾਨ ਨਾਂ ਦਾ ਕੋਈ ਵਿਅੱਕਤੀ ਨਹੀਂ ਹੈ।


ਟਿੱਪਣੀ: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ. ਵੱਲੋਂ ਲਿਖੇ ਗਏ ਲੇਖ ਮਸਕੀਨੀਏ ਪਹਿਲਵਾਨ ਵਰਗੀਆਂ ਝੂਠੀਆਂ ਕਹਾਣੀਆਂ ਦੀ ਜੜ੍ਹ ਹੈ "ਟੀਕਾ ਫ਼ਰੀਦਕੋਟੀ", ਬਹੁਤ ਹੀ ਜਾਣਕਾਰੀ ਭਰਪੂਰ ਹੈ, ਜਿਥੋਂ ਪਤਾ ਚਲਦਾ ਹੈ ਕਿ ਅਖੌਤੀ ਸਾਧ ਬਾਬਿਆਂ, ਗਪੌੜੀ ਠਾਕੁਰ ਸਿੰਘ, ਗਪੌੜੀ ਹਰੀ ਪ੍ਰਸਾਦ ਰੰਧਾਵਾ, ਅਖੌਤੀ ਟਕਸਾਲ ਕਿਹੜੇ ਗੱਪ ਖਜਾਨੇ 'ਚੋਂ ਲੈਕੇ ਗੱਪਾਂ ਮਾਰਦੀ ਹੈ... ਉਨ੍ਹਾਂ ਸਾਰੀਆਂ ਦੀ ਮਾਂ ਹੈ "ਟੀਕਾ ਫ਼ਰੀਦਕੋਟੀ"।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top