Share on Facebook

Main News Page

ਸ਼ਬਦ "ਖਾਲਸਾ": ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ
-: ਸਰਜੀਤ ਸਿੰਘ ਸੰਧੂ, ਯੂ. ਐੱਸ. ਏ.

ਸਿੱਖਾਂ ਵਿੱਚ ਬਹੁਤ ਸਾਰੇ ਗੁਰਮੁੱਖ ਲੇਖਕਾਂ ਨੇ ਸ਼ਬਦ "ਖਾਲਸਾ" ਦੀ ਵਰਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜ ਕੇ ਇਸ ਸ਼ਬਦ ਦੇ ਅਰਥ ਵੀ ਮੁਗ਼ਲ ਹਕੂਮਤ ਦੇ ਰਸਮਾਂ ਅਤੇ ਰਿਵਾਜਾਂ ਨਾਲ ਹੀ ਜੋੜ ਦਿੱਤੇ ਹਨ। ਇਸ ਤੋਂ ਬੜਾ ਗੰਭੀਰ ਸਵਾਲ ਉੱਠਦਾ ਹੈ, ਕੀ ਇਹ ਗੁਰਮੁੱਖ ਗੁਰਬਾਣੀ ਦੇ ਗਿਆਨ ਤੋਂ ਸੱਚਮੁੱਚ ਊਣੇ ਅਤੇ ਅਣਜਾਣ ਸਨ? ਇਸ ਬਾਰੇ ਵਿਸਤਾਰ ਸਹਿਤ ਜਾਣਕਾਰੀ ਹੇਠਾਂ ਦਿੱਤੀ ਗਈ ਹੈ।

ਸ: ਪਿਆਰਾ ਸਿੰਘ ਪਦਮ ਆਪਣੀ ਪੁਸਤਕ ਰਹਿਤਨਾਮੇ ਵਿੱਚ ਲਿਖਦਾ ਹੈ, ਮੁਗ਼ਲ ਸਰਕਾਰ ਦੇ ਜ਼ਮਾਨੇ ਉਸ ਜ਼ਮੀਨ ਨੂੰ "ਖਾਲਸਾ" ਕਿਹਾ ਜਾਂਦਾ ਸੀ, ਜੋ ਬਾਦਸ਼ਾਹ ਦੀ ਆਪਣੀ ਮਾਲਕੀ ਹੇਠ ਹੋਵੇ, ਉਸਦੀ ਸਾਰੀ ਆਮਦਨ ਸਿੱਧੀ ਬਾਦਸ਼ਾਹ ਨੂੰ ਜਾਂਦੀ ਸੀ। ਉਹ ਅੱਗੇ ਲਿਖਦਾ ਹੈ, ਪਹਿਲੇ ਗੁਰੂਆਂ ਦੇ ਜ਼ਮਾਨੇ ਹਰ ਇਲਾਕੇ ਵਿੱਚ ਮਸੰਦ ਨਿਯਤ ਸਨ ਅਤੇ ਆਪਣੇ ਆਪਣੇ ਇਲਾਕੇ ਦੀਆਂ ਸੰਗਤਾਂ ਦੇ ਜ਼ਿੰਮੇਵਾਰ ਆਗੂ ਉਹੋ ਸਨ, ਲੇਕਿਨ ਜਦੋਂ ਉਨ੍ਹਾਂ ਦੇ ਆਚਾਰ ਵਿੱਚ ਗਿਰਾਵਟ ਆ ਗਈ ਅਤੇ ਉਹ ਦਸਵੰਧ ਦਾ ਧਨ ਨਿੱਜੀ ਸੁਆਰਥ ਲਈ ਵਰਤਣ ਲੱਗ ਪਏ, ਤਾਂ ਸਿੱਖ ਜਥੇਬੰਦੀ ਦਾ ਢਾਂਚਾ ਵਿਗੜ ਗਿਆ। ਇਸ ਤੋਂ ਅੱਗੇ ਉਹ ਲਿਖਦਾ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਉਚੇਚਾ ਕ੍ਰਾਂਤੀਕਾਰੀ ਕਦਮ ਉਠਾਇਆ ਕਿ ਹਰ ਇਲਾਕੇ ਦੀ ਸੰਗਤ ਦੀ ਵਾਗਡੋਰ ਸਿੱਧੀ ਆਪਣੇ ਹੱਥ ਲੈ ਲਈ ਅਤੇ ਉਸ ਨੂੰ ਖਾਲਸਾ ਕਰਾਰ ਦਿੱਤਾ"।

ਸ: ਗੁਰਮੁੱਖ ਸਿੰਘ {ਯੂ ਕੈ} ਵੀ {ਸਿੱਖ ਰਿਵੀਓ, ਜਨਵਰੀ ੨੦੦੩} ਲਿਖਦਾ ਹੈ, ਗੁਰੂ ਹਰਗੋਬਿੰਦ ਜੀ ਆਪਣੇ ਹੁਕਮ ਨਾਮਿਆਂ ਵਿੱਚ ਸਿੱਖਾਂ ਨੂੰ ਖਾਲਸਾ ਆਖਦੇ ਸਨ ਅਤੇ ਇਸ ਦੇ ਅਰਥ ਹਨ ਸਿੱਖਾਂ ਦਾ ਗੁਰੂ ਨਾਲ ਸਿੱਧਾ ਸੰਬੰਧ ਸੀ। ਕਿਸੇ ਵਿਚੋਲੇ ਅਥਵਾ ਮਸੰਦ ਦੀ ਕੋਈ ਲੋੜ ਨਹੀਂ ਸੀ ਪਰਵਾਨ ਕੀਤੀ ਗਈ। ਉਹ ਅੱਗੇ ਲਿਖਦਾ ਹੈ, ਖਾਲਸਾ ਜ਼ਮੀਨ ਨਾਲ ਸੰਬੰਧਤ ਕਾਨੂੰਨ ਸੀ ਜਿਸ ਦੇ ਅਰਥ ਹਨ ਬਾਦਸ਼ਾਹ ਦੀ ਨਿੱਜੀ ਜਾਇਦਾਦ। ਇਹ ਹੋਰ ਜਾਗੀਰਦਾਰਾਂ, ਨਵਾਬਾਂ, ਰਾਜਿਆਂ ਆਦਿਕ ਨੂੰ ਦਿੱਤੀ ਜ਼ਮੀਨ ਨਹੀਂ ਸੀ। {ਸ: ਗੁਰਮੁੱਖ ਸਿੰਘ ਗੁਰੂ ਗੋਬਿੰਦ ਸਿੰ'ਘ ਜੀ ਬਾਰੇ ਜਾਂ ਗੁਰੂ ਹਰਗੋਬਿੰਦ ਜੀ ਬਾਰੇ ਭੁਲੇਖਾ ਖਾ ਗਿਆ ਜਾਪਦਾ ਹੈ} ਇਸ ਜਾਣਕਾਰੀ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਿੱਖ ਕੇਵਲ ਹੋਰ ਇਤਿਹਾਸਕਾਰਾਂ ਦੀਆਂ ਕਿਤਾਬਾਂ ਪੜ੍ਹਕੇ ਅਤੇ ਹੁਕਮਰਾਨਾਂ ਦੀ ਬੋਲੀ ਵਿੱਚ ਲਿਖੀਆਂ ਡਿਕਸ਼ਨਰੀਆਂ ਨੂੰ ਵਾਚ ਕੇ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੇ ਗਿਆਨ ਤੋਂ ਬੇਧਿਆਨ ਹੋ ਕੇ, ਅਜੇਹੇ ਨਤੀਜੇ ਕੱਢਦੇ ਹਨ ਜੋ ਇਨ੍ਹਾਂ ਦੇ ਵਿਰੋਧੀ ਚਾਹੁੰਦੇ ਹਨ। ਸੱਚ ਦੀ ਪਰਖ ਅਤੇ ਪਛਾਣ ਲਈ ਤਾਂ ਕੇਵਲ ਘਾਲਣਾ ਹੀ ਘਾਲਣੀ ਪੈਂਦੀ ਹੈ। ਇਹ ਕਿਸੇ ਹੋਰ ਛੈ ਦੀ ਮੰਗ ਨਹੀਂ ਕਰਦੀ ਕੇਵਲ ਲਗਨ, ਮਿਹਨਤ ਅਤੇ ਸਬਰ ਦਾ ਹੀ ਫਲ਼ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਦੇ ਨਾਉਂ ਨਾਲ ਸੰਬੰਧਤ ਸਲੋਕ ਜੋ ਹਰ ਧਾਰਮਿਕ ਸਮਾਗਮ ਵਿੱਚ ਸਾਰੀ ਸੰਗਤ ਵਲੋਂ ਪੜ੍ਹਿਆ ਜਾਂਦਾ ਹੈ ਉਹ ਪਾਠਕਾਂ ਦੀ ਵਿਚਾਰ ਵਾਸਤੇ ਹੇਠਾਂ ਪੇਸ਼ ਹੈ।

ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹਜੋ ਪ੍ਰਭ ਕਉ ਮਿਲਬੋ ਚਹੇ ਖੋਜ ਸਬਦ ਮਹਿ ਲੇਹ। . ੧. ੧

ਇਸ ਦੇ ਅਰਥ ਹਨ ਕਿ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ, ਉਸ ਵਿੱਚ ਦਿੱਤੀ ਗੁਰਬਾਣੀ ਨੂੰ ਪੜ੍ਹ ਕੇ ਅਤੇ ਸਮਝ ਕੇ, ਉਸ ਤੋਂ ਸੇਧ ਲੈਣੀ ਹੈ। ਸਿੱਖ ਇਸ ਸਲੋਕ ਦੁਆਰਾ ਬਚਨਬੱਧ ਹਨ ਕਿ ਕੋਈ ਵੀ ਵਿਚਾਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਕਸਵੱਟੀ ਉੱਪਰ ਪੂਰੀ ਨਹੀਂ ਉੱਤਰਦੀ ਉਸ ਨੂੰ ਪਰਵਾਨ ਨਹੀਂ ਕਰਨਾ ਚਾਹੀਦਾ। ਅਸੀਂ, ਸਿੱਖਾਂ ਨੇ, ਇਹ ਸਵਾਲ ਆਪਣੇ ਆਪ ਨੂੰ ਕਰਕੇ ਇਸ ਦਾ ਜਵਾਬ ਵੀ ਆਪਣੇ ਆਪ ਨੂੰ ਹੀ ਦੇਣਾ ਹੈ, ਕਿਸੇ ਹੋਰ ਨੂੰ ਨਹੀਂ।

ਆਉ ਅਸੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਦਾ ਸਬਦ ਅਤੇ ਇਸ ਦੇ ਅਰਥ, ਧਾਰਮਿਕ ਗ੍ਰੰਥਾਂ ਵਿੱਚ ਦਿੱਤੀ ਬਾਣੀ ਨੂੰ ਵਿਚਾਰਨ ਵਾਲੀ ਵਿਧੀ, ਜਿਸ ਨੂੰ ਅੰਗਰੇਜ਼ੀ ਵਿੱਚ ਹਰਮਿਨੀਉਟਿਕ ਆਖਦੇ ਹਨ, ਰਾਹੀਂ ਵਿਚਾਰੀਏ।

ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥ ੪॥ ੩॥ ੧. ੨ ਸੋਰਠ ਕਬੀਰ ਸ: ਗ: ਗ: ਸ: ਪੰਨਾ ੬੫

ਅਰਥ: ਸਾਰਾ ਜਗਤ ਮੌਤ ਦੇ ਸਹਿਮ ਵਿੱਚ ਸੂੰਗੜਿਆ ਹੋਇਆ ਹੈ। ਭਰਮਾਂ ਨਾਲ ਭਰੇ ਮਨਾਂ ਵਾਲੇ ਗਿਆਨੀ ਵੀ ਇਸ ਵਿੱਚ ਸ਼ਾਮਲ ਹਨ। ਕਬੀਰ ਆਖਦਾ ਹੈ; ਉਹ ਵਿਅਕਤੀ ਖਾਲਸੇ ਬਣ ਗਏ ਹਨ, ਜੋ ਅਕਾਲਪੁਰਖ ਦੇ ਪ੍ਰੇਮ ਅਤੇ ਭਗਤੀ ਵਿੱਚ ਰੁੱਝ ਕੇ ਮੌਤ ਦੇ ਡਰ ਤੋਂ ਆਜ਼ਾਦ ਹੋ ਗਏ ਸਨ। ੪। ੩।

ਖਾਲਸਾ ਕੌਣ ਹੈ? ਭਗਤ ਕਬੀਰ ਦੇ ਸਲੋਕ ਤੋਂ ਉੱਤਰ ਸਪਸ਼ਟ ਹੈ। ਅਕਾਲਪੁਰਖ ਦੇ ਹੁਕਮ ਨੂੰ ਪਛਾਣ ਉਸ ਅਨੁਸਾਰ ਜੀਵਣ ਬਤੀਤ ਕਰਨ ਵਾਲਾ ਵਿਅਕਤੀ ਜੋ ਸੱਚੇ ਅਤੇ ਸੁੱਚੇ ਰਸਤੇ ਨੂੰ ਜੀਵਣ ਮਾਰਗ ਮੰਨਦਾ ਹੈ। ਨਿਡਰ ਅਤੇ ਨਿਰਭਉ ਹੋਕੇ ਉਹ ਅਕਾਲਪੁਰਖ ਦੀ ਨਿਸ਼ਕਾਮ ਸੇਵਾ ਕਰਨ ਵਿੱਚ ਯਕੀਨ ਰੱਖਦਾ ਹੈ ਅਤੇ ਯੋਗ ਦਾਨ ਪਾਉਂਦਾ ਹੈ। ਕੀ ਦੁਨੀਆਵੀ ਜੀਵਣ ਦੇ ਮਾਇਆ {ਜ਼ਮੀਨ} ਅਤੇ ਮੋਹ ਨਾਲ ਬੱਝੇ ਆਦਰਸ਼ਾਂ ਅਤੇ ਉਦਾਹਰਨਾਂ ਨੂੰ ਸਿੱਖ ਧਰਮ ਦੀ ਵਿਆਖਿਆ ਵਿੱਚ ਮੁੜ ਘਿੜ ਲੈ ਆਉਣਾ ਅਤੇ ਮਾਇਆ ਦੀ ਮਹਿਮਾਂ ਦੇ ਗੀਤ ਗਾਉਣਾ ਸਿੱਖ ਧਰਮ ਦਾ ਆਸ਼ਾ ਹੈ? ਕਿਸੇ ਵੀ ਸਮੱਸਿਆ ਦਾ ਹੱਲ ਲੱਭਣ ਲਈ ਗੁਰਬਾਣੀ ਨੂੰ ਪੜ੍ਹਨਾ ਅਤੇ ਸਮਝਣਾ ਕੋਈ ਔਖਾ ਕੰਮ ਨਹੀਂ ਹੈ। ਕੇਵਲ ਹਰ ਇੱਕ ਸਿੱਖ ਕੋਲ ਇਸ ਲਈ ਵਕਤ ਦਾ ਸਰਮਾਇਆ ਹੋਣਾ ਹੀ ਅੱਜ ਕਲ੍ਹ ਵੱਡੀ ਮੁਸ਼ਕਲ ਹੈ। ਖਾਲਸਾ ਅਕਾਲ ਪੁਰਖ ਦੀ ਆਵਾਜ਼ ਨੂੰ ਕਿਵੇਂ ਸੁਣਦਾ ਹੈ ਅਤੇ ਫਿਰ ਕਿਵੇਂ ਇਸਤੋਂ ਮਿਲੀ ਸੇਧ ਨੂੰ ਸਮਝ, ਇਸ ਉੱਪਰ ਅਮਲ ਕਰਦਾ ਹੈ। ਇਸ ਬਾਰੇ ਗੁਰੂ ਸਬਦ ਅਰਥਾਂ ਸਮੇਤ ਪਾਠਕਾਂ ਦੀ ਵਿਚਾਰ ਵਾਸਤੇ ਹੇਠਾਂ ਦਿੱਤਾ ਗਿਆ ਹੈ।

ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉਗੁਰ ਸਬਦੀ ਦਰੁ ਜਾਣੀਐ ਅੰਦਰਿ ਮਹਲੁ ਅਸਰਾਉਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉਸਭੁ ਸਚੋ ਸਚੁ ਵਰਤਦਾ ਸਦਾ ਸਚੁ ਨਿਆਉਅੰਮ੍ਰਿਤ ਕਾ ਰਸੁ ਆਇਆ ਮਨਿ ਵਸਿਆ ਨਾਉ॥ ੧੮॥ . . ੧. ੩ ਮਾਰੂ ਮ: ੩ ਸ: ਗ: ਗ: ਸ: ਪੰਨਾ ੧੦੯੨

ਅਰਥ: ਵਿਅਕਤੀ ਦੇ ਅੰਦਰ ਹੀ ਅਕਾਲਪੁਰਖ ਬੈਠਾ ਹੈ ਅਤੇ ਉਹ ਵਿਅਕਤੀ ਲਈ ਆਪ ਹੀ ਨਿਆਂਕਰੀ ਜਾਂਦਾ ਹੈ। ਅਕਾਲਪੁਰਖ ਦਾ ਅੰਦਰ ਹੀ ਮਹੱਲ ਹੈ ਜਿਥੇ ਬੈਠਾ ਉਹ ਵਿਅਕਤੀ ਨੂੰ ਆਸਰਾ ਦੇਈ ਜਾਦਾ ਹੈ। ਪਰ ਇਸ ਮਹੱਲ ਦਾ ਬੂਹਾ ਗੁਰੂ ਦੇ ਸਬਦ ਦੀ ਕ੍ਰਿਪਾ ਦੁਆਰਾ ਹੀ ਲੱਭਦਾ ਹੈ। ਖਰੇ ਕੰਮ ਕਰਨ ਵਾਲੇ ਵਿਅਕਤੀ ਦੀ ਅਕਾਲਪੁਰਖ ਸੰਭਾਲ ਕਰਦਾ ਹੈ ਪਰ ਖੋਟੇ ਕੰਮ ਕਰਨ ਵਾਲੇ ਵਿਅਕਤੀ ਵੱਲ ਧਿਆਨ ਨਹੀਂ ਦੇਂਦਾ। ਅਕਾਲਪੁਰਖ ਦਾ ਨਿਆਂ ਅਟੱਲ ਹੈ। ਉਥੇ ਨਾਮ-ਅੰਮ੍ਰਿਤ ਦਾ ਸੁਆਦ ਉਹ ਵਿਅਕਤੀ ਮਾਣਦੇ ਹਨ ਜਿਨ੍ਹਾਂ ਦੇ ਮਨ ਵਿੱਚ ਉਸ ਦੀ ਯਾਦ ਵੱਸਦੀ ਹੈ। ੧੮।

ਇਸ ਚਰਚਾ ਦਾ ਮਨੋਰਥ ਸੰਪੂਰਨ ਹੋ ਗਿਆ ਸਮਝੋ ਜੇ ਗੁਰਸਿੱਖ ਗੁਰੂ ਦੇ ਨਾਮ ਅੰਮ੍ਰਿਤ ਨੂੰ ਪਾਨ ਕਰਕੇ, ਅਕਾਲਪੁਰਖ ਦੀ ਦਿੱਤੀ ਸੇਧ ਵਿੱਚ ਪੂਰਨ ਵਿਸ਼ਵਾਸ ਕਰ ਕੇ ਗੁਰਬਾਣੀ ਵਿੱਚ ਦੱਸੇ ਰਸਤੇ ਉੱਤੇ ਹਰ ਵੇਲੇ ਚੱਲਦਾ ਹੈ। ਇਸ ਰਾਹ ਉੱਤੇ ਚੱਲਣ ਲਈ ਜਤ ਅਤੇ ਸਤ ਦੀ ਲੋੜ ਹੈ ਜੋ ਮਨ ਨੂੰ ਕਾਬੂ ਵਿੱਚ ਕੀਤਿਆਂ ਹੀ ਹਾਸਲ ਹੁੰਦੀ ਹੈ। ਸਿੱਖ ਤੋਂ ਸਿੰਘ ਬਣ ਖਾਲਸਾ ਪੰਥ ਵਿੱਚ ਸ਼ਾਮਲ ਹੋਣ ਲਈ ਵਿਅਕਤੀ ਨੂੰ ਹਰ ਰੋਜ਼ ਕਈ ਇਮਤਿਹਾਨਾਂ ਵਿਚੋਂ ਲੰਘ ਕੇ ਉਹ ਗੁਣ ਪ੍ਰਾਪਤ ਕਰਨੇ ਪੈਂਦੇ ਹਨ ਜੋ ਇਸ ਆਸ਼ੇ ਉੱਤੇ ਪੁਜੱਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਿਸਚਤ ਕੀਤੇ ਗਏ ਹਨ। ਇਸ ਉੱਦਮ ਨੂੰ ਮੁੱਖ ਰੱਖ ਕੇ ਗੁਰੂ ਤੇਗ਼ ਬਹਾਦਰ ਦਾ ਗੁਰੂ ਵਾਕ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਪੇਸ਼ ਕੀਤਾ ਗਿਆ ਹੈ।

ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ॥ ੨॥ ੧॥ . . ੧. ੪ ਗਉੜੀ ਮ: ੯ ਸ: ਗ: ਗ: ਸ: ਪੰਨਾ ੨੧੯

ਭਾਈ ਸਿੰਘੋ! ਖਾਲਸਾ ਜ਼ਮੀਨ ਅਤੇ ਜਾਇਦਾਦ ਤੋਂ ਬਹੁਤ ਦੂਰ ਹੈ। ਇਸ ਦਾ ਦੁਨੀਆਵੀ ਪ੍ਰਾਪਤੀਆਂ ਨਾਲ ਕੋਈ ਸੰਬੰਧ ਨਹੀਂ ਹੈ। ਇਸ ਦਾ ਸਾਥ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਨਿਭ੍ਹਾ ਕੇ ਮਾਨਸਿਕ ਸਕੂਨ, ਸੁਰਤ ਲਈ ਸ਼ਾਂਤੀ ਅਤੇ ਨਿਰਭੈਤਾ, ਲੋੜਾਂ ਤੋਂ ਨਿਜਾਤ ਪਾਉਣੀ ਅਤੇ ਕਿਸੇ ਵੀ ਵਿਅਕਤੀ ਦੀ ਮੁਥਾਜੀ ਤੋਂ ਅਜ਼ਾਦ ਹੋਣਾ ਹੈ। ਕੇਵਲ ਇਹ ਸਭ ਕੁੱਝ ਅਕਾਲਪੁਰਖ ਵਿੱਚ ਪੂਰਨ ਵਿਸ਼ਵਾਸ ਅਤੇ ਉਸ ਦੇ ਹੁਕਮ ਵਿੱਚ ਰਹਿਣ ਨਾਲ ਹੀ ਹਾਸਲ ਹੋ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਖਾਲਸੇ ਦੀ ਪਰਖ ਵਾਸਤੇ ਇੱਕ ਹੋਰ ਗੁਰੂ ਸਬਦ ਅਰਥਾਂ ਸਮੇਤ ਹੇਠਾਂ ਦਿੱਤਾ ਗਿਆ ਹੈ। ਪਾਠਕ ਇਸ ਨੂੰ ਗਹੁ ਨਾਲ ਵਿਚਾਰਨ।

ਮਨ ਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰਕੇਤੇ ਬੰਧਨ ਜੀਆ ਕੇ ਗੁਰਮਖਿ ਮੋਖ ਦੁਆਰਸਚਹੁ ਓਰੇ ਸਭੁ ਕੋ ਉਪਰਿ ਸਚ ਆਚਾਰ॥ ੫॥ ੧੪॥ ੧. ੫ ਸਿਰੀ ਮ: ੧ ਸ: ਗ: ਗ: ਸ: ਪੰਨਾ ੬੨

ਅਰਥ: ਅਨੇਕਾਂ ਲੋਕਾਂ ਦੀ ਅਕਲ (ਕਰਮ ਕਾਂਡਾਂ ਵੱਲ ਪਰੇਰਦੀ ਹੈ ਜੋ) ਮਨ ਦੇ ਹੱਠ ਨਾਲ (ਕੀਤੇ ਜਾਂਦੇ ਹਨ)। ਅਨੇਕਾਂ ਲੋਕ ਵੇਦਾਂ ਅਤੇ ਧਰਮ ਪੁਸਤਕਾਂ ਦੇ ਵਾਦ-ਵਿਵਾਦ ਵਿੱਚ ਜੀਵਨ ਬਿਤਾ ਦੇਂਦੇ ਹਨ ਅਤੇ ਅਨੇਕਾਂ ਕਰਮ ਕਾਂਡ ਜੀਵਨ ਲਈ ਫਾਹੀ ਬਣ ਜਾਂਦੇ ਹਨ। ਗੁਰੂ ਦੇ ਸਨਮੁੱਖ ਹੋਇਆਂ ਹੀ ਸਹੀ ਦਰਵਾਜ਼ਾ ਖੁਲ੍ਹਦਾ ਹੈ। ਜਦੋਂ ਸੱਚ ਦੇ ਨਾਲ ਸੁੱਚੇ ਅਚਾਰ ਦਾ ਵੀ ਥਹੁ ਪਤਾ ਲੱਗਦਾ ਹੈ ਜੋ ਮਨੁੱਖੀ ਜੀਵਨ ਦਾ ਅਸਲ ਮਨੋਰਥ ਹੈ। ੫। ੧੪।

ਇਸ ਸੰਖੇਪ ਚਰਚਾ ਤੋਂ ਸਪਸ਼ਟ ਹੈ ਕਿ ਖਾਲਸਾ ਕੀ ਹੈ ਅਤੇ ਇਸ ਦਾ ਸੰਕਲਪ ਸੰਪੂਰਨ ਹੈ। ਇਸ ਸੰਕਲਪ ਉੱਪਰ ਪੂਰਾ ਉੱਤਰਨ ਲਈ ਵਿਅਕਤੀਆਂ ਨੂੰ ਤਿਆਰ ਕਰਨ ਦਾ ਖਾਕਾ ਸਿੱਖ ਧਰਮ ਦੇ ਮੋਢੀਆਂ ਨੇ ਹੀ ਉਲੀਕਿਆ ਸੀ। ਇਸ ਆਸ਼ੇ ਉੱਤੇ ਪਹੁੰਚਣ ਲਈ ਆਤਮਿਕ, ਭਾਈਚਾਰਕ ਅਤੇ ਸਰੀਰਕ ਸ਼ਕਤੀ ਦੀ ਸਮੱਗਰੀ ਦੇ ਵਸੀਲੇ ਵੀ ਗੁਰੂ ਸਾਹਿਬਾਨ ਨੇ ਹੀ ਹਰ ਸਮੇਂ ਅਨੁਸਾਰ ਮੁਹੱਈਆ ਕੀਤੇ ਸਨ। ਆਖਰੀ ਡੰਡੇ ਉੱਤੇ ਪਹੁੰਚਣ ਲਈ ਕਮਰਕੱਸੇ ਕਰਨ ਲਈ ਅਗਵਾਈ ਗੁਰੂ ਗੋਬਿੰਦ ਸਿੰਘ ਨੇ ਹੀ ਕੀਤੀ ਸੀ। ਇਸ ਦੇ ਫਲਸਰੂਪ ਖਾਲਸਾ ਹਰ ਪੱਖੋਂ ਤਿਆਰ ਪੁਰ ਤਿਆਰ ਹੋਇਆ ਸੀ। ਪਿਛੋਂ ਕੀ ਹੋ ਗਿਆ ਸਾਨੂੰ, ਇਸ ਬਾਰੇ ਗੱਲ ਫੇਰ ਕਰਾਂਗੇ।

ਸ਼ਬਦ ਖਾਲਸਾ ਅਤੇ ਦਸਮ ਗ੍ਰੰਥ: ਦਸਮ ਗ੍ਰੰਥ ਦੀ ਬਾਣੀ ਵਿੱਚ ਸ਼ਬਦ ਖਾਲਸ ਇੱਕ ਸਲੋਕ ਵਿੱਚ ਵਰਤਿਆ ਗਿਆ ਹੈ ਅਤੇ ਇਹ ਸਵੈਯਾ ੧ ਵਿੱਚ ਖਾਲਸ ਦੇ ਰੂਪ ਵਿੱਚ ਵਰਤਿਆ ਗਿਆ ਹੈ। ਇਹ ਸਲੋਕ ਅਤੇ ਇਸ ਦੇ ਅਰਥ ਪਾਠਕਾਂ ਦੀ ਵਿਚਾਰ ਵਾਸਤੇ ਹੇਠਾਂ ਹਾਜ਼ਰ ਹਨ।

ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ। ਪੂਰਨ ਜੋਤ ਜਗੈ ਘਟ ਮੈ ਖਾਲਸ ਤਾਹਿ ਨਖਾਲਸ ਜਾਨੈ। ੧। ੧. ੬ ਦਸਮ ਗ੍ਰੰਥ ਭਾਗ ੩ ਜੱਗੀ-ਜੱਗੀ ਪੰਨਾ ੩੮੮

ਅਰਥ: ਤੀਰਥ (ਇਸ਼ਨਾਨ), ਦਾਨ, ਦਇਆ, ਤਪ, ਸੰਜਮ ਆਦਿਕ ਨੂੰ ਬਿਨਾ ਇੱਕ (ਪ੍ਰਭੂ) ਦੇ (ਹੋਰ ਕਿਸੇ) ਇੱਕ ਨੂੰ ਨ ਪਛਾਨੇ। (ਜਦੋਂ ਉਸ) ਪਰਿਪੂਰਨ ਦੀ ਜੋਤ ਹਿਰਦੇ ਵਿੱਚ ਜਗੇਗੀ, ਤਦ ਹੀ ਉਸ ਨੂੰ ਅਤਿਅੰਤ ਨਿਰਮਲ ਰੂਪ ਖਾਲਸਾ ਜਾਣੇ। ੧।

ਸ: ਕਪੂਰ ਸਿੰਘ {ਪਰਾਸ਼ਰ ਪ੍ਰਸ਼ਨਾਂ, ਗੁਰੂ ਨਾਨਕ ਦੇਵ ਯੁਨੀਵਰਟੀ, ਅੰਮ੍ਰਿਤਸਰ, ੧੯੮੯} ਨੇ ਇਸ ਸਲੋਕ ਦੇ ਅਰਥ ਆਪਣੀ ਪੁਸਤਕ ਵਿੱਚ ਕੀਤੇ ਹਨ; ਇੱਕ ਸਿੰਘ ਖਾਲਸਾ ਪੰਥ ਦਾ ਮੈਂਬਰ ਹੈ, ਜਿਸ ਨੇ ਅਕਾਲਪੁਰਖ ਨਾਲ ਆਪਣਾ ਮਨ ਜੋੜਿਆ ਹੋਇਆ ਹੈ ਅਤੇ ਕਿਸੇ ਹੋਰ ਨੂੰ ਨਹੀਂ ਪਛਾਣਦਾ। ਜਿਸ ਦਾ ਅਕਾਲਪੁਰਖ ਨਾਲ ਸੁੱਚਾ ਪਿਆਰ ਹੈ ਅਤੇ ਉਸ ਵਿੱਚ ਪੂਰਨ ਵਿਸ਼ਵਾਸ ਰੱਖਦਾ ਹੈ। ਇੱਕ ਸਿੰਘ ਅਕਾਲਪੁਰਖ ਤੋਂ ਬਿਨਾ ਹੋਰ ਕਿਸੇ ਵਿੱਚ ਵਿਸ਼ਵਾਸ ਨਹੀਂ ਕਰਦਾ ਅਤੇ ਉਸ ਤੋਂ ਸੇਧ ਲੈ ਕੇ ਅਸਲੀ ਅਤੇ ਨਕਲੀ ਵਿੱਚ ਫਰਕ ਦੀ ਪਛਾਣ ਕਰਨ ਯੋਗ ਹੋ ਜਾਂਦਾ ਹੈ। ਇਨ੍ਹਾਂ ਦੋਵਾਂ ਲੇਖਕਾਂ ਦੇ ਅਰਥਾਂ ਵਿੱਚ ਬਹੁਤ ਫਰਕ ਹੈ। ਡਾ ਜੱਗੀ ਖਾਲਸ ਨੂੰ ਖਾਲਸਾ ਆਖਦਾ ਹੈ ਪਰ ਨਖਾਲਸ ਦੇ ਅਰਥ ਕਿਤੇ ਵੀ ਆਪਣੀ ਥਾਂ ਨਹੀਂ ਲੈਂਦੇ। ਸ: ਕਪੂਰ ਸਿੰਘ ਖਾਲਸ ਅਤੇ ਨਖਾਲਸ ਨੂੰ ਅਸਲੀ ਅਤੇ ਨਕਲੀ ਦੇ ਅਰਥਾਂ ਵਿੱਚ ਲੈਂਦਾ ਹੈ ਪਰ ਕੋਲੋਂ ਸਿੰਘ ਨੂੰ ਖਾਲਸਾ ਬਨਾਉਣ ਦਾ ਸ਼ਬਦ ਲਿਖ ਦੇਂਦਾ ਹੈ। ਸ ਕਪੂਰ ਸਿੰਘ ਦੇ ਖਾਲਸ ਅਤੇ ਨਖਾਲਸ ਦੇ ਅਰਥ ਠੀਕ ਜਾਪਦੇ ਹਨ। ਪਰ ਇਸ ਸਲੋਕ ਦਾ ਸ਼ਬਦ ਖਾਲਸੇ ਨਾਲ ਕੋਈ ਸੰਬੰਧ ਨਜ਼ਰ ਨਹੀਂ ਆਉਂਦਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਖਾਲਸਾ ਸ਼ਬਦ ਅਕਾਲਪੁਰਖ ਦੇ ਸੱਚੇ ਸ਼ਰਧਾਲੂ ਅਥਵਾ ਭਗਤ ਵਾਸਤੇ ਵਰਤੇ, ਖਾਲਸਾ ਸ਼ਬਦ ਦੀ ਪਰੀਭਾਸ਼ਾ, ਸਿੱਖ ਧਰਮ ਦੀ ਸੋਚਣੀ ਮੁਤਾਬਿਕ ਦੱਸੀ ਗਈ ਹੈ ਅਤੇ ਖਾਲਸਾ ਕੌਣ ਹੁੰਦਾ ਹੈ ਇਸ ਬਾਰੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ। ਦਸਮ ਗ੍ਰੰਥ ਨੇ ਸ਼ਬਦ ਖਾਲਸ ਵਰਤਣ ਲੱਗਿਆਂ ਇਸ ਨੂੰ ਪ੍ਰਭੂ ਨਾਲ ਜੋੜਿਆ ਹੈ। ਸਪਸ਼ਟ ਹੈ ਕਿ ਦੋਵਾਂ ਗ੍ਰੰਥਾਂ ਨੇ ਦੋ ਵੱਖਰੇ ਵੱਖਰੇ ਸ਼ਬਦ ਵਰਤ ਅਰਥ ਵੀ ਵੱਖਰੇ ਵੱਖਰੇ ਹੀ ਦਿੱਤੇ ਹਨ।

ਗੁਰੂ ਗੋਬਿੰਦ ਸਿੰਘ ਦਸਵੇਂ ਨਾਨਕ ਸਨ। ਕੀ ਉਹ ਖਾਲਸਾ ਪੰਥ ਸਾਜਨ ਵਾਲੇ ਹੁੰਦਿਆਂ ਹੋਇਆਂ ਵੀ ਨਹੀਂ ਸਨ ਜਾਣਦੇ ਕਿ ਦਸਮ ਗ੍ਰੰਥ ਵਿੱਚ ਖਾਲਸ ਸ਼ਬਦ ਪ੍ਰਭੂ ਲਈ ਵਰਤਨ ਨਾਲ ਸਿੱਖ ਭੰਬਲ ਭੂਸੇ ਵਿੱਚ ਪੈ ਜਾਣਗੇ? ਉਹ ਤਾਂ ਗੁਰੂ ਸਨ ਅਤੇ ਅਭੁਲ ਸਨ। ਇਨ੍ਹਾਂ ਤੱਥਾਂ ਤੋਂ ਸਾਫ ਜ਼ਾਹਰ ਹੁੰਦਾ ਹੈ, ਕਿ ਗੁਰੂ ਗੋਬਿੰਦ ਸਿੰਘ ਨੂੰ ਦਸਮ ਗ੍ਰੰਥ ਦਾ ਰਚੇਤਾ ਮੰਨਣ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top