Share on Facebook

Main News Page

ਦੇਸ਼ ਧ੍ਰੋਹੀ ਦੀ ਪਰੀਭਾਸ਼ਾ ਬਾਰੇ ਸਪੱਸ਼ਟ ਕੀਤਾ ਜਾਵੇ
-: ਜਸਬੀਰ ਸਿੰਘ ਪੱਟੀ 09356024684

ਦੇਸ਼ ਦੇ ਸੰਵਿਧਾਨ ਵਿੱਚ ਵਿਚਾਰਾਂ ਦੀ ਅਜ਼ਾਦੀ ਦਾ ਅਧਿਕਾਰ ਹਰੇਕ ਨਾਗਰਿਕ ਨੂੰ ਦਿੱਤਾ ਗਿਆ ਹੈ ਅਤੇ ਕੋਈ ਵੀ ਦੇਸ਼ ਦਾ ਨਾਗਰਿਕ ਦੂਸਰੇ ਕਿਸੇ ਨਾਗਰਿਕ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਆਪਣੇ ਵਿਚਾਰ ਅਜਾਦੀ ਨਾਲ ਪ੍ਰਗਟ ਕਰ ਸਕਦਾ ਹੈ। ਦੇਸ਼ ਦੀ ਸਰਵਉੱਚ ਅਦਾਲਤ (ਸੁਪਰੀਮ ਕੋਰਟ) ਨੇ ਵੀ ਬਲਵੰਤ ਸਿੰਘ ਦੇ ਮਾਮਲੇ ਵਿੱਚ ਆਪਣੀ ਜੱਜਮੈਂਟ ਦਿੱਤੀ ਹੈ ਕਿ ਜੇਕਰ ਕੋਈ ਸਿੱਖ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਮੰਗ ਕਰਦਾ ਹੈ ਤਾਂ ਉਸ ਦੇ ਖਿਲਾਫ ਕੋਈ ਵੀ ਕੇਸ ਦਰਜ ਨਹੀਂ ਕੀਤਾ ਜਾ ਸਕਦਾ, ਪਰ ਦੇਸ਼ ਦੀ ਸਰਵਉੱਚ ਅਦਾਲਤ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਵੱਲੋ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨਈਆ ਕੁਮਾਰ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਕਰਕੇ ਉਸ ਵਿਰੁੱਧ ਦਿੱਲੀ ਪੁਲੀਸ ਨੇ ''ਦੇਸ਼ ਧ੍ਰੋਹੀ'' ਦਾ ਕੇਸ ਦਰਜ ਕਰਕੇ ਜੇਲ ਵਿੱਚ ਸੁੱਟ ਦਿੱਤਾ ਜੋ ਸਿਰਫ ਸੰਵਿਧਾਨ ਵਿੱਚ ਮਿਲੇ ਵਿਚਾਰਾ ਦੀ ਅਜਾਦੀ ਦੇ ਅਧਿਕਾਰ ਦੀ ਉਲੰਘਣਾ ਹੀ ਨਹੀਂ ਸਗੋ ਸੁਪਰੀਮ ਕੋਰਟ ਦੇ ਹੁਕਮਾਂ ਦੀ ਵੀ ਉਲੰਘਣਾ ਹੈ।

ਦੇਸ਼ ਧ੍ਰੋਹੀ ਦਾ ਕੇਸ ਸਿਰਫ ਉਹਨਾਂ ਵਿਅਕਤੀਆ 'ਤੇ ਹੀ ਲਾਗੂ ਹੁੰਦਾ ਹੈ ਜਿਹੜੇ ਦੇਸ਼ ਨਾਲ ਗਦਾਰੀ ਕਰਨ ਦੇ ਦੋਸ਼ ਵਿੱਚ ਪਕੜੇ ਗਏ ਹੋਣ ਅਤੇ ਫੌਜ ਵਿੱਚ ਜਸੂਸੀ ਕਰਨ ਵਾਲੇ ਦੇ ਫੜੇ ਜਾਣ 'ਤੇ ਉਸ ਨਾਲ ਵਿਵਹਾਰ ਹਮੇਸ਼ਾਂ ਹੀ ਅਣਮਨੁੱਖੀ ਕੀਤਾ ਜਾਂਦਾ ਹੈ। ਅਜਿਹੇ ਦੋਸ਼ੀ ਨੂੰ ਸਜ਼ਾ ਵੀ ਫੌਜੀ ਕਨੂੰਨਾਂ ਦੇ ਮੁਤਾਬਕ ਹੀ ਦਿੱਤੀ ਜਾਂਦੀ ਹੈ। ਪਾਕਿਸਤਾਨ ਵਿੱਚ ਭਾਰਤ ਲਈ ਜਾਸੂਸੀ ਕਰਦੇ ਪਕੜੇ ਭਾਰਤੀ ਜਸੂਸ ਮੋਹਨ ਲਾਲ ਭਾਸਕਰ ਨੇ ਆਪਣੀ ਕਿਤਾਬ, ''ਮੈ ਸਾਂ ਪਾਕਿਸਤਾਨ ਵਿੱਚ ਭਾਰਤ ਦਾ ਜਸੂਸ'' ਵਿੱਚ ਜੋ ਬਿਆਨ ਕੀਤਾ ਹੈ, ਉਸ ਅਣਮਨੁੱਖੀ ਹੀ ਨਹੀਂ ਸਗੋ ਸਰੀਰਕ ਤੋ ਤੌਰ ਤੇ ਉਸ ਨੂੰ ਅਜਿਹੇ ਤਸੀਹੇ ਦਿੱਤੇ ਜਾਂਦੇ ਹਨ ਕਿ ਕਈ ਲੋਕ ਤਾਂ ਪਾਗਲ ਹੋ ਜਾਂਦੇ ਹਨ।

ਆਪਣੀ ਕਿਤਾਬ ਵਿੱਚ ਉਹ ਇੱਕ ਜਗਾ ਲਿਖਦਾ ਹੈ ਕਿ ਪਾਕਿਸਤਾਨ ਵਿੱਚ ਜਸੂਸ ਨਾਲ ਕੋਈ ਵੀ ਮਨੁੱਖੀ ਹਮਦਰਦੀ ਨਹੀਂ ਕੀਤੀ ਜਾਂਦੀ ਸਗੋ ਹਰ ਰੋਜ਼ ਸ਼ਾਮ ਉਸ ਦੀ ਗੁਦਾ ਵਿੱਚ ਲਾਲ ਮਿਰਚਾਂ ਲਗਾ ਕੇ ਇੱਕ ਨੌ ਇੰਜ ਦਾ ਲੱਕੜ ਦਾ ਗੋਲ ਟੋਟਾ ਘੁਸੇੜ ਦਿੱਤਾ ਜਾਂਦਾ ਤਾਂ ਕਿ ਉਹ ਸਾਰੀ ਰਾਤ ਤੜਫਦਾ ਰਹੇ ਅਤੇ ਕਈ ਤਾਂ ਇਸ ਪਕੈਟਿਸ ਨਾਲ ਫੋਤ ਵੀ ਹੋ ਜਾਂਦੇ ਸਨ ਜਿਹਨਾਂ ਦੀਆ ਲਾਸ਼ਾਂ ਵੀ ਜਾਨਵਰਾਂ ਦੇ ਖਾਣ ਲਈ ਰੱਖ ਦਿੱਤੀਆ ਜਾਂਦੀਆ ਹਨ।

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਯੂਨੀਅਨ ਦੇ ਪ੍ਰਧਾਨ ਕਨਈਆ ਕੁਮਾਰ 'ਤੇ ਭਾਂਵੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਦੇਸ਼ ਧ੍ਰੋਹੀ ਦੇ ਕੇਸ ਵਿੱਚ ਫਾਂਸੀ ਦਿੱਤੇ ਗਏ ਅਫਜ਼ਲ ਗੁਰੂ ਦੇ ਹੱਕ ਵਿੱਚ ਨਾਅਰੇ ਮਾਰੇ ਸਨ, ਜਿਸ ਬਾਰੇ ਦੇਸ਼ ਦੀ ਇੱਕ ਖਬਰ ਏਜੰਸੀ ਪੀ.ਟੀ.ਆਈ ਨੇ ਸਪੱਸ਼ਟ ਕੀਤਾ ਹੈ ਕਿ ਉਸ ਸਮੇਂ ਕਨਈਆ ਕੁਮਾਰ ਹਾਜ਼ਰ ਜਰੂਰ ਸੀ, ਪਰ ਉਹ ਨਾਅਰੇ ਮਾਰਨ ਵਾਲਿਆ ਵਿੱਚ ਸ਼ਾਮਲ ਨਹੀਂ ਸੀ, ਉਸ ਨੂੰ ਸਿਰਫ ਕਿਸੇ ਸਾਜਿਸ਼ ਤਹਿਤ ਪ੍ਰਧਾਨ ਹੋਣ ਦੇ ਕਰਕੇ ਫਸਾਇਆ ਗਿਆ ਹੈ। ਕਨਈਆ ਕੁਮਾਰ ਨੇ ਹਾਲੇ ਆਪਣੇ ਪੱਖ ਵਿੱਚ ਕੁਝ ਵੀ ਖੁੱਲ ਕੇ ਨਹੀਂ ਕਿਹਾ ਪਰ ਉਹ ਵਿਦਿਆਰਥੀਆਂ ਦੇ ਹੱਕਾਂ ਲਈ ਹਰ ਪ੍ਰਕਾਰ ਦੀ ਸਜਾ ਭੁਗਤਣ ਲਈ ਤਿਆਰ ਹੈ। ਕਨਈਆ ਕੁਮਾਰ ਦੇ ਕੇਸ ਨੂੰ ਪੂਰੀ ਤਰ੍ਹਾਂ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ ਅਤੇ ਉਸ ਵਿਰੁੱਧ ਕੋਈ ਵੀ ਸਬੂਤ ਨਾ ਹੋਣ ਦੇ ਬਾਵਜੂਦ ਵੀ ਉਸ ਨੂੰ 2 ਮਾਰਚ ਤੱਕ ਜੇਲ ਭੇਜ ਦਿੱਤਾ ਗਿਆ ਹੈ। ਇਥੇ ਹੀ ਬੱਸ ਹੀ ਨਹੀਂ ਲੋਕਾਂ ਨੂੰ ਇਨਸਾਫ ਦਿਵਾਉਣ ਦਾ ਦਾਅਵਾ ਕਰਨ ਵਾਲੇ ਕਾਲੇ ਕੋਟਾਂ ਵਾਲੇ ਵਕੀਲਾਂ ਨੇ ਵੀ ਇਨਸਾਫ ਦੀ ਬਜਾਏ ਬੇਇਨਸਾਫੀ ਦਾ ਡਮਰੂ ਵਜਾਉਦਿਆ ਅਦਾਲਤ ਦੇ ਬਾਹਰ ਮੁਜਾਹਰਾ ਕਰ ਰਹੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਹਮਲਾ ਹੀ ਨਹੀਂ ਕੀਤਾ ਸਗੋ ਕਈਆ ਨੂੰ ਫੱਟੜ ਵੀ ਕਰ ਦਿੱਤਾ। ਸਿਤਮਜਰੀਫੀ ਇਥੋ ਤੱਕ ਪਹੁੰਚ ਗਈ ਕਿ ਪੁਲੀਸ ਵੱਲੋ ਅਦਾਲਤ ਵਿੱਚ ਪੇਸ਼ ਕੀਤੇ ਗਏ ਕਨਈਆ ਕੁਮਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਬਜਾਏ ਮੋਦੀ ਮਾਰਕਾ ਪੁਲੀਸ ਨੇ ਆਪੇ ਤੋ ਬਾਹਰ ਹੋਏ ਭਾਜਪਾ ਮਾਰਕਾ ਵਕੀਲਾਂ ਨੂੰ ਕਨਈਆ ਕੁਮਾਰ 'ਤੇ ਕਵਰੇਜ ਕਰ ਰਹੇ ਪ੍ਰੈਸ ਵਾਲਿਆ 'ਤੇ ਵੀ ਹਮਲਾ ਕਰਨ ਦੀ ਖੁੱਲੀ ਛੁੱਟੀ ਦੇ ਦਿੱਤੀ ਜੋ ਦਿੱਲੀ ਪੁਲੀਸ 'ਤੇ ਕਾਲਾ ਧੱਬਾ ਹੈ। ਕਨਈਆ ਕੁਮਾਰ ਦਾ ਪਿਛੋਕੜ ਉਸ ਸੂਬੇ ਬਿਹਾਰ ਨਾਲ ਹੈ ਜਿਥੋ ਭਾਜਪਾ ਨੂੰ ਕਰਾਰੀ ਹਾਰ ਮਿਲੀ ਹੈ।

ਦੇਸ਼ ਧ੍ਰੋਹੀ ਦੇ ਕੇਸ ਦਰਜ ਕਰਕੇ ਨਜਾਇਜ਼ ਹਿਰਾਸਤ ਵਿੱਚ ਰੱਖਣਾ ਭਾਰਤ ਵਿੱਚ ਆਮ ਵਰਤਾਰਾ ਹੋ ਗਿਆ ਹੈ। ਸਾਬਕਾ ਆਈ ਪੀ ਐਸ ਅਧਿਕਾਰੀ ਤੇ ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਦੇਸ਼ ਧ੍ਰੋਹੀ ਦੇ ਕੇਸ ਵਿੱਚ ਉਸ ਵੇਲੇ ਫੜ ਲਿਆ ਗਿਆ ਜਦੋ ਉਹਨਾਂ ਨੇ ਸਾਕਾ ਨੀਲਾ ਤਾਰਾ ਤੋ ਬਾਅਦ ਦੇਸ਼ ਦੀ ਰਾਸ਼ਟਰਪਤੀ ਨੂੰ ਭਾਰਤ ਸਰਕਾਰ ਦੇ ਪੱਖਪਾਤੀ ਵਤੀਰੇ ਦੀ ਪੱਤਰ ਲਿਖ ਕੇ ਜਾਣਕਾਰੀ ਦਿੰਦਿਆ ਆਪਣੇ ਆਹੁਦੇ ਤੋ ਅਸਤੀਫਾ ਦੇ ਦਿੱਤਾ ਸੀ। ਸੱਚ ਬੋਲ ਕੇ ਆਪਣੇ ਵਿਚਾਰ ਪ੍ਰਗਟ ਕਾਰਨ ਹੀ ਉਹਨਾਂ ਨੂੰ ਦੇਸ਼ ਦੀਆ ਵੱਖ ਵੱਖ ਜੇਲਾਂ ਵਿੱਚ ਰੱਖਿਆ ਗਿਆ ਤੇ ਉਹਨਾਂ ਵਿਰੁੱਧ ਕਈ ਪ੍ਰਕਾਰ ਦੇ ਹੋਰ ਵੀ ਕੇਸ ਦਰਜ ਕੀਤੇ ਜਿਹਨਾਂ ਬਾਰੇ ਉਹਨਾਂ ਦੀ ਬੇਟੀ ਪਵਿੱਤ ਕੌਰ ਨੇ ਲਿਖੀ ਕਿਤਾਬ ''ਗੁਆਚੇ ਦਸ ਸਾਲ'' ਵਿੱਚ ਵਿਸਤਾਰ ਨਾਲ ਜ਼ਿਕਰ ਕੀਤਾ ਹੈ। ਸ੍ਰ ਮਾਨ ਵਿਰੁੱਧ ਭਾਰਤੀ ਹਕੂਮਤ ਤੇ ਹੁਣ ਤੱਕ 80 ਤੋ ਵਧੇਰੇ ਕੇਸ ਦਰਜ ਕੀਤੇ ਜਿਹਨਾਂ ਵਿੱਚੋ ਦੋ ਚਾਰ ਨੂੰ ਛੱਡ ਕੇ ਬਾਕੀ ਸਾਰੇ ਕੇਸ ਵੱਖ ਵੱਖ ਅਦਾਲਤਾਂ ਨੇ ਖਾਰਜ ਕਰ ਦਿੱਤੇ ਹਨ ਜਾਂ ਫਿਰ ਸਰਕਾਰਾਂ ਨੇ ਵਾਪਸ ਲੈ ਲਏ ਹਨ। 1983 ਵਿੱਚ ਇਸੇ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਤੇ ਦਿੱਲੀ ਪੁਲੀਸ ਨੇ ਤੱਤਕਾਲੀ ਕਾਂਗਰਸ ਦੀ ਸਰਕਾਰ ਦੇ ਇਸ਼ਾਰਿਆ 'ਤੇ ਆਪਣੇ ਹੱਕਾਂ ਲਈ ਲੜਦੇ ਵਿਦਿਆਰਥੀਆਂ 'ਤੇ ਜਾਨੋ ਮਾਰਨ ਦੀ ਕੋਸ਼ਿਸ਼ ਕਰਨ ਦੀ ਧਾਰਾ 307, 427 ਆਦਿ ਤਹਿਤ ਕੇਸ ਦਰਜ ਕੀਤਾ ਜਦੋ ਵਿਦਿਆਰਥੀਆਂ ਨੇ ਵਾਈਸ ਚਾਂਸਲਰ ਦਾ ਘਿਰਾਉ ਕੀਤਾ । ਵਿਦਿਆਰਥੀਆਂ ਨੂੰ ਦਸ ਦਿਨ ਤੱਕ ਤਿਹਾੜ ਜੇਲ ਵਿੱਚ ਰੱਖਣ ਉਪਰੰਤ ਰਿਹਾਅ ਕੀਤਾ ਗਿਆ ਸੀ।

ਦੇਸ਼ ਧ੍ਰੋਹੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਕਿ ਇਸ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਪੈਦਾ ਹੋ ਸਕਦਾ ਹੈ ਪਰ ਕੇਸ ਦਰਜ ਕਰਨ ਲੱਗਿਆ ਪੂਰੀ ਤਰ੍ਵਾ ਪਾਰਦਰਸ਼ੀ ਵਰਤੀ ਜਾਣੀ ਬਹੁਤ ਜਰੂਰੀ ਹੈ। ਬੀਤੇ ਸਾਲ ਦੀ 10 ਨਵੰਬਰ 2015 ਨੂੰ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਇੱਕ ਸਰਬੱਤ ਖਾਲਸਾ ਚੱਬੇ ਪਿੰਡ ਦੀ ਧਰਤੀ ਬੁਲਾਇਆ ਗਿਆ ਜਿਥੇ ਸਿੱਖ ਸੰਗਤਾਂ ਆਪ ਮੁਹਾਰੇ ਪੁੱਜ ਗਈਆ ਤੇ ਇਸ ਸਰਬੱਤ ਖਾਲਸੇ ਵਿੱਚ ਕੋਈ ਵੀ ਦੇਸ਼ ਵਿਰੋਧੀ ਨਾਅਰਾ ਜਾਂ ਕੋਈ ਗੱਲ ਨਹੀਂ ਕੀਤੀ ਫਿਰ ਵੀ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾ 'ਤੇ ਕੁਝ ਨੇਤਾਵਾਂ ਦੇ ਖਿਲਾਫ ''ਦੇਸ਼ ਧ੍ਰੋਹੀ'' ਦੇ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਉਸ ਵੇਲੇ ਤੋ ਜੇਲ ਭੇਜਿਆ ਹੋਇਆ ਹੈ। ਸਰਬੱਤ ਖਾਲਸਾ ਵਿੱਚ ਵੱਖ ਵੱਖ ਆਗੂਆਂ ਨੇ ਭਾਰਤੀ ਸੰਵਿਧਾਨ ਦੇ ਦਾਇਰੇ ਵਿੱਚ ਰਹਿੰਦਿਆ ਆਪਣੇ ਵਿਚਾਰ ਪ੍ਰਗਟ ਕੀਤੇ।

ਭਾਰਤ ਦਾ ਸੰਵਿਧਾਨ ਪੂਰੀ ਤਰ੍ਹਾਂ ਧਰਮ ਨਿਰਪੱਖ ਭਾਵ ਸੈਕੂਲਰ ਹੈ ਜਿਸ ਵਿੱਚ ਸਭ ਧਰਮਾਂ ਦੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਹਨ ਤੇ ਭਾਰਤ ਦੇ ਝੰਡੇ ਵਿੱਚ ਤਿਰੰਗੇ ਦੇ ਤਿੰਨ ਰੰਗ ਜਿਥੇ ਕੁਰਬਾਨੀ ਖੁਸ਼ਾਹਾਲੀ ਤੇ ਸ਼ਾਤੀ ਦੇ ਪ੍ਰਤੀਕ ਹਨ ਉਥੇ ਝੰਡੇ ਦੇ ਵਿਚਕਾਰ ਅਸ਼ੋਕਾ ਚੱਕਰ ਹੈ ਜਿਹੜਾ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ। ਭਾਰਤ ਵਿੱਚ ਭਾਂਵੇ ਕਈ ਕਬੀਲੇ ਤੇ ਕਈ ਜਾਤਾਂ ਤੇ ਧਰਮਾਂ ਦੇ ਲੋਕ ਵੱਸਦੇ ਹਨ ਪਰ ਵਿਸ਼ੇਸ਼ ਕਰਕੇ ਚਾਰ ਧਰਮਾਂ ਦੇ ਲੋਕਾਂ ਦੀ ਗੱਲ ਕੀਤੀ ਜਾਂਦੀ ਹੈ ਜਿਹਨਾਂ ਵਿੱਚ ਹਿੰਦੂ, ਸਿੱਖ, ਇਸਾਈ ਤੇ ਮੁਸਲਿਮ ਧਰਮ ਵਿਸ਼ੇਸ਼ ਹਨ। ਇਸ ਲਈ ਭਾਰਤ ਨੂੰ ਵੱਖ ਵੱਖ ਧਰਮਾਂ, ਜਾਤਾਂ ਤੇ ਕਬੀਲਿਆ ਦਾ ਇੱਕ ਗੁਲਦਸਤਾ ਵੀ ਕਿਹਾ ਜਾਂਦਾ ਹੈ।

ਦੇਸ਼ ਧ੍ਰੋਹੀ ਨੂੰ ਲੈ ਕੇ ਇਸ ਗੁਲਦਸਤੇ ਨੂੰ ਦੇਸ ਤੇ ਪੰਜਾਬ ਦੀ ਹਾਕਮ ਧਿਰ ਵੱਲੋ ਗ੍ਰਹਿਣ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਕੋਈ ਸਿੱਖ ਖਾਲਿਸਤਾਨ ਜਾਂ ਵੱਧ ਅਧਿਕਾਰਾਂ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਦੇਸ਼ ਧ੍ਰੋਹੀ ਕਿਹਾ ਜਾਂਦਾ ਹੈ ਤੇ ਜੇਕਰ ਕੋਈ ਮਸਲਿਮ ਆਪਣੇ ਹੱਕਾਂ ਜਾਂ ਇਸਲਾਮ ਦੀ ਗੱਲ ਕਰਦਾ ਹੈ ਉਸ ਉਪਰ ਵੀ ਪਾਕਿਸਤਾਨ ਦਾ ਹਮਦਰਦ ਕਹਿ ਤੇ ਅੱਤਵਾਦੀ ਵੱਖਵਾਦੀ ਟੈਗ ਲਗਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਇਸਾਈ ਧਰਮ ਦੇ ਲੋਕਾਂ ਨਾਲ ਵੀ ਦੇਸ਼ ਦੀ ਬਹੁਗਿਣਤੀ ਮਤਰੇਅ ਸਲੂਕ ਕਰਕੇ ਉਹਨਾਂ ਨੂੰ ਅੱਡਰੇ ਹੋਣ ਦਾ ਅਹਿਸਾਸ ਕਰਾਉਦੀ ਹੈ। ਆਪਣੇ ਹੱਕਾਂ ਦੀ ਮੰਗ ਕਰਨ ਵਾਲੇ ਸਿੱਖ ਤੇ ਮੁਸਲਿਮ ਨੂੰ ਤਾਂ ਅੱਤਵਾਦੀ , ਵੱਖਵਾਦੀ ਤੇ ਦੇਸ਼ ਧ੍ਰੋਹੀ ਕਹਿ ਕੇ ਜੇਲ ਵਿੱਚ ਸੁੱਟਿਆ ਜਾਂਦਾ ਹੈ, ਪਰ ਜਦੋ ਕੋਈ ਦੇਸ਼ ਦੇ ਧਰਮ ਨਿਰਪੱਖ ਹੋਣ ਦੀਆ ਮਦਾਂ ਦੀ ਉਲੰਘਣਾ ਕਰਕੇ 2020 ਤੱਕ ਦੇਸ਼ ਨੂੰ ਇੱਕ ਗੁਲਦਸਤੇ ਨੂੰ ਤੋੜ ਕੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦਾ ਹੈ ਤਾਂ ਉਸ ਦੇ ਬਿਆਨ ਦਾ ਸੁਆਗਤ ਤਾੜੀਆ ਮਾਰ ਕੇ ਆਤਸ਼ਬਾਜ਼ੀ ਚਲਾ ਕੇ ਕੀਤਾ ਜਾਂਦਾ ਹੈ। ਕੀ ਉਹ ਦੇਸ਼ ਧ੍ਰੋਹੀ ਨਹੀਂ? ਜੇਕਰ ਇੱਕ ਨਾਆਰਾ ਮਾਰਨ ਵਾਲਾ ਦੇਸ਼ ਧ੍ਰੋਹੀ ਹੈ ਤਾਂ ਫਿਰ ਦੇਸ਼ ਦੇ ਸੰਵਿਧਾਨ ਨੂੰ ਚੁਨੌਤੀ ਦੇ ਕੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਵਾਲਾ ਦੇਸ਼ ਭਗਤ ਕਿਵੇ ਹੋ ਸਕਦਾ ਹੈ?

ਸਾਲ 2104 ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉਸ ਵੇਲੇ ਹੋਂਦ ਵਿੱਚ ਆਈ ਸੀ ਜਦੋ ਕਾਂਗਰਸ ਦੀ ਸਰਕਾਰ ਪੂਰੀ ਤਰ੍ਹਾਂ ਵੱਖ ਵੱਖ ਘੱਪਲਿਆ ਤੇ ਘੁਟਾਲਿਆ ਨੂੰ ਲੈ ਕੇ ਬਦਨਾਮ ਹੋ ਚੁੱਕੀ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸਿਆਸੀ ਗੁਰੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਠਿੱਬੀ ਮਾਰ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਹਥਿਆਈ ਜਿਸ ਨੂੰ ਅਡਵਾਨੀ ਸਾਬ ਕਈ ਸਾਲ ਕੋਕੇ ਜੜ ਕੇ ਤਿਆਰ ਕਰਦੇ ਰਹੇ। ਦੇਸ਼ ਨੂੰ ਗੁਜਰਾਤ ਮਾਡਲ ਬਣਾਉਣ ਦੀਆ ਗੱਲਾਂ ਕੀਤੀਆ ਜਾ ਰਹੀਆ ਜਿਥੇ ਮੁਸਲਮਾਨਾਂ ਨੂੰ ਪਰਿਵਾਰਾਂ ਸਮੇਤ ਜਿੰਦਾ ਸਾੜਿਆ ਤੇ ਉਹਨਾਂ ਦੀਆ ਜਾਇਦਾਦਾਂ ਨੂੰ ਬਰਬਾਦ ਕੀਤਾ ਗਿਆ। ਜਵਾਨ ਮੁਸਲਿਮ ਕੁੜੀਆ ਨਾਲ ਜਬਰ ਜਿਨਾਹ ਕੀਤੇ ਗਏ ਪਰ ਇਹ ਲੋਕ ਦੇਸ਼ ਧ੍ਰੋਹੀ ਨਾ ਮੰਨੇ ਗਏ। ਤੱਤਕਾਲੀ ਗੁਜਰਾਤ ਦੀ ਹਾਕਮ ਧਿਰ ਬੜੀ ਬੇਸ਼ਰਮੀ ਨਾਲ ਟੀ.ਵੀ ਤੇ ਬੈਠ ਕੇ ਕਹਿ ਰਹੀ ਸੀ ਕਿ ਉਹਨਾਂ ਨੇ ਜੋ ਕੀਤਾ ਠੀਕ ਕੀਤਾ।

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨਈਆ ਕੁਮਾਰ ਨੂੰ ਬਿਨਾਂ ਕੋਈ ਗਲਤੀ ਕੀਤੇ ਜੇਲ ਵਿੱਚ ਬੰਦ ਕਰ ਦਿੱਤਾ ਗਿਆ, ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਜੇਲਾਂ ਵਿੱਚ ਬੰਦ ਰੱਖਿਆ ਤੇ ਅਦਾਲਤਾਂ ਨੇ ਉਹਨਾਂ ਬਰੀ ਕੀਤਾ, ਸਰਬੱਤ ਖਾਲਸਾ ਦੇ ਪ੍ਰਬੰਧਕਾਂ ਨੂੰ ਜੇਲਾਂ ਵਿੱਚ ਬੰਦ ਰੱਖਿਆ ਜਾਣਾ ਜੇਕਰ ਠੀਕ ਹੈ ਤਾਂ ਫਿਰ ਦੇਸ਼ ਨੂੰ ਸੰਵਿਧਾਨ ਦੀ ਉਲੰਘਣਾ ਕਰਕੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਮੰਗ ਕਰਨ ਵਾਲੇ ਜੇਲ ਤੋ ਬਾਹਰ ਕਿਉ ਰੱਖਿਆ ਜਾ ਰਿਹਾ ਹੈ। ਉਹਨਾਂ ਵਿਰੁੱਧ ਕੋਈ ਕਾਰਵਾਈ ਕਿਉ ਨਹੀਂ ਕੀਤੀ ਜਾ ਰਹੀ ਹੈ?

ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਧ੍ਰੋਹੀ ਦਾ ਕੇਸ ਦਰਜ ਕਰਨ ਤੋਂ ਪਹਿਲਾਂ ਇਸ ਦੀ ਪ੍ਰੀਭਾਸ਼ਾ ਬਾਰੇ ਸਪੱਸ਼ਟ ਕਰੇ ਤਾਂ ਕਿ ਕਨਈਆ ਕੁਮਾਰ ਵਾਂਗ ਕੋਈ ਹੋਰ ਇਸ ਸ਼ਬਦ ਦਾ ਸ਼ਿਕਾਰ ਨਾ ਬਣ ਸਕੇ। ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਦੇਸ਼ ਦੇ ਮਾਹੌਲ ਨੂੰ ਖਰਾਬ ਹੋਣ ਤੋ ਬਚਾਉਣ ਲਈ ਤੁਰੰਤ ਕਾਰਵਾਈ ਕਰਨ ਦੇ ਨਾਲ ਨਾਲ ਕਨਈਆ ਕੁਮਾਰ ਨੂੰ ਇਨਸਾਫ ਦਿਵਾਉਣ ਤੇ ਅਦਾਲਤ ਵਿੱਚ ਖੱਲਰ ਪਾਉਣ ਵਾਲਿਆ ਦੇ ਖਿਲਾਫ ਕਨੂੰਨੀ ਕਾਰਵਾਈ ਨੂੰ ਯਕੀਨੀ ਬਣਾਉਣ ਦੇ ਆਦੇਸ਼ ਜਾਰੀ ਕਰਕੇ ਦੋਸ਼ੀਆ ਨੂੰ ਕਨੂੰਨੀ ਸਜਾ ਦਿਵਾਉਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top