Share on Facebook

Main News Page

ਇੱਕ ਆਗੂ ਦੀ ਦ੍ਰਿੜਤਾ ਨਾਲ ਤਾਂ ਪੰਥ ‘ਅਟਕ’ ਨੂੰ ‘ਅਟਕਾ’ ਗਿਆ, ਪਰ ਹੁਣ ਕੁੱਝ ਆਗੂਆਂ ਦੀ ਮੱਕਾਰੀ ਕਰਕੇ ਪੰਥ ਹਰੀਕੇ (ਚੱਬਾ) ਵਿੱਚ ਡੁੱਬ ਗਿਆ...
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਜਦੋਂ ਇਤਿਹਾਸ ਦੇ ਵਰਕੇ ਫਰੋਲਦੇ ਹਾਂ, ਤਾਂ ਸਿੱਖ ਇਤਿਹਾਸ ਵਾਲੇ ਪੰਨਿਆਂ ਵਿੱਚੋਂ ਖੂਨ ਸਿੰਮਦਾ ਨਜਰ ਆਉਂਦਾ ਹੈ। ਹਰ ਪਾਸਿਓਂ ਇਮਾਨਦਾਰੀ ਪੰਥ ਪ੍ਰਸਤੀ ਅਤੇ ਕੌਮੀ ਬਿਰਤੀ ਦੀ ਖੁਸ਼ਬੂ ਆਉਂਦੀ ਹੈ, ਉਸ ਤੋਂ ਅਨੁਭਵ ਹੁੰਦਾ ਹੈ, ਕਿ ਸਿੱਖੀ ਨਿਆਰੀ ਕਿਵੇਂ ਸੀ ਅਤੇ ਇਸ ਨੂੰ ਨਿਆਰੀ ਬਣਾਉਣ ਵਾਲਿਆਂ ਨੇ ਕਿਵੇਂ ਹਵਾ ਦੇ ਉਲਟੇ ਰੁਖ ਟੁਰਕੇ, ਆਪਣੇ ਰਾਹ ਖੁਦ ਬਨਾਏ, ਜਿਸ ਉੱਤੇ ਆਪਣੀ ਕੌਮ ਨੂੰ ਤੁਰਨ ਦੀ ਤਕੀਦ ਵੀ ਕੀਤੀ ਤੇ ਸਮਝਾਇਆ ਕਿ ਸਮੇਂ ਦੀ ਗਰਮ ਜਾਂ ਠੰਡੀ ਹਵਾ ਵਕਤ-ਬ-ਵਕਤ ਆਪਣੇ ਤੇਵਰ ਵਿਖਾਉਂਦੀ ਰਹੇਗੀ, ਪਰ ਤੁਸੀਂ ਕੁਰਬਾਨੀ, ਤਿਆਗ ਅਤੇ ਦ੍ਰਿੜ ਇਰਾਦੇ ਦੀ ਚਾਦਰ ਲੈ ਕੇ, ਇਸ ਮੌਸਮ ਦੇ ਬਦਲਾਓ ਦੀ ਉਡੀਕ ਰੱਖਕੇ ਗੁਰੂ ਭਰੋਸੇ ਅੱਗੇ ਵੱਧਦੇ ਜਾਣਾ ਹੈ।

ਗੁਰੂ ਸਾਹਿਬਾਨ ਦੇ ਮਨੁੱਖੀ ਸਰੀਰਾਂ ਵਿੱਚ ਵਿਚਰਨ ਦੇ ਸਮੇਂ ਤਾਂ ਖੁਦ ਗੁਰੂ ਸਹਿਬਾਨ ਅਗਵਾਈ ਕਰਦੇ ਰਹੇ ਅਤੇ ਪੰਥ ਉਹਨਾਂ ਦੇ ਮਾਰਗ ਉੱਤੇ ਤੁਰਦਾ ਮੰਜ਼ਿਲ ਵੱਲ ਵੱਧਦਾ ਰਿਹਾ, ਲੇਕਿਨ ਗੁਰੂ ਸਾਹਿਬਾਨ ਨੇ ਜਿਸ ਵੇਲੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਵਿੱਚ ਅਭੇਦ ਕਰ ਲਿਆ ਤਾਂ ਉਸ ਉਪਰੰਤ ਵੀ ਸਿੱਖ ਪੰਥ ਗੁਰੂ ਗਿਆਨ ਦੀ ਰੋਸ਼ਨੀ ਵਿੱਚ ਅਰੋਕ ਹੋ ਕੇ ਵਿਚਰਦਾ ਹੋਇਆ, ਮੰਜਿਲਾਂ ਨੂੰ ਸਰ ਕਰਦਾ ਰਿਹਾ ਅਤੇ ਹਰ ਮੁਕਾਮ ਉੱਤੇ ਫਤਹਿ ਸਿੱਜਦਾ ਕਰਦੀ ਰਹੀ। ਅਜਿਹਾ ਕਿਰਦਾਰ ਕੁੱਝ ਕੁ ਸਿੱਖਾਂ ਵਿੱਚ ਬੇਸ਼ੱਕ ਅੱਜ ਵੀ ਮੌਜੂਦ ਹੈ, ਲੇਕਿਨ ਅਠਾਰਵੀਂ ਸਦੀ ਦਾ ਸਿੱਖ ਕਿਰਦਾਰ ਪੜਕੇ ਤਾਂ ਆਪ ਮੁਹਾਰੇ ਮੂੰਹੋਂ ਨਿਕਲ ਜਾਂਦਾ ਹੈ ਕਿ ‘‘ਧੰਨ ਸਿੱਖੀ, ਧੰਨ ਗੁਰੂ ਦੇ ਸਿੱਖ’’ ਉਸ ਵਿੱਚੋਂ ਗੁਰੂਆਂ ਦੀ ਰੂਹਾਨੀ ਕਮਾਈ ਦਾ ਅਹਿਸਾਸ ਵੀ ਹੁੰਦਾ ਹੈ।

ਲੇਕਿਨ ਅਜੋਕੇ ਸਮੇਂ ਵਿੱਚ ਜੋ ਕੁੱਝ ਸਾਡੇ ਆਲੇ ਦੁਆਲੇ ਵਾਪਰ ਰਿਹਾ ਹੈ ਅਤੇ ਉਸ ਵਿੱਚ ਜਿਹੜੀ ਭੂਮਿਕਾ ਸਿੱਖ ਆਗੂ ਨਿਭਾਅ ਰਹੇ ਹਨ, ਉਹ ਅਜਿਹੀ ਸ਼ਰਮਸ਼ਾਰ ਕਰ ਦੇਣ ਵਾਲੀ ਤਾਂ ਹੈ ਹੀ, ਪਰ ਉਸ ਨੂੰ ਵੇਖ ਕੇ ਕਿਸੇ ਸਧਾਰਨ ਮਨੁੱਖ ਦੇ ਜਿਹਨ ਵਿੱਚ ਪੁਰਾਤਨ ਸਿੱਖ ਇਤਿਹਾਸ ਪ੍ਰਤੀ ਸ਼ੰਕੇ ਖੜੇ ਹੋਣੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਹੀ ਜਾ ਸਕਦੀ। ਜੇ ਕਰ ਅਜਿਹਾ ਹੋਇਆ ਤਾਂ ਸਿੱਖ ਇਤਿਹਾਸ ਵੀ ਸਾਡੇ ਸਮਕਾਲੀਆਂ ਦੇ ਇਤਿਹਾਸ, ਜਿਸ ਨੂੰ ਅਸੀਂ ਮਿਥਿਹਾਸ ਆਖਦੇ ਹਾਂ, ਵਰਗਾ ਹੀ ਨਜਰ ਆਵੇਗਾ। ਗੁਰੂ ਸਾਹਿਬਾਨ ਵੱਲੋਂ ਉਚਾਰਨ ਰੱਬੀ ਬਾਣੀ ਵੀ ਦੈਵੀ ਮੰਤਰਾਂ ਵਰਗੀ ਜਾਪਣ ਲੱਗ ਪਵੇਗੀ। ਫਿਰ ਇਸਦੇ ਜਿੰਮੇਵਾਰ ਸਮੇਂ ਦੇ ਸਿੱਖ ਆਗੂ ਜਾਂ ਸਿੱਖੀ ਦੇ ਭੇਖ ਵਿੱਚ ਛੁਪੇ, ਕੁੱਝ ਓਹ ਲੋਕ ਹੋਣਗੇ ਜਿਹਨਾਂ ਦੀ ਦਿੱਖ ਪੰਥਕ ਲੋਕਾਂ ਵਾਲੀ ਹੈ, ਪਰ ਕਰਮ ਪੰਥ ਵਿਰੋਧੀਆਂ ਦੇ ਹੱਕ ਵਿੱਚ ਹਨ।

ਜਦੋਂ ਕੋਈ ਮਾੜਾ ਜਾਂ ਚੰਗਾ ਸਿਆਸਤ ਵਿੱਚ ਸਥਾਪਤ ਹੋ ਜਾਂਦਾ ਹੈ ਤਾਂ ਫਿਰ ਉਸ ਤੋਂ ਨਿਜਾਤ ਲੈਣੀ ਜਾਂ ਬਦਲਾਓ ਲਿਆਉਣ ਵਿੱਚ ਸਮਾਂ ਲੱਗਦਾ ਹੈ। ਰਾਜਸੀ ਮਾਹਿਰਾਂ ਅਨੁਸਾਰ ਅਕਸਰ ਅਜਿਹੇ ਬਦਲਾਓ ਜਾਂ ਕਿਸੇ ਨਵੀਂ ਸਥਾਪਤੀ ਨੂੰ ਹੋਂਦ ਵਿੱਚ ਆਉਂਦਿਆਂ ਤਿੰਨ ਦਹਾਕੇ ਸਮਾਂ ਲੱਗ ਜਾਂਦਾ ਹੈ। ਜਾਂ ਇਹ ਕਿਹਾ ਜਾ ਸਕਦਾ ਹੈ ਕਿ ਸਥਾਪਤ ਰਾਜਨੀਤੀ ਦੀ ਉਮਰ ਲਗਭੱਗ ਤੀਹ ਵਰਿ•ਆਂ ਦੀ ਹੁੰਦੀ ਹੈ। ਹੁਣ ਵਰਤਮਾਨ ਸਿੱਖ ਸਿਆਸਤ ਤੀਹਵਿਆਂ ਦੇ ਆਸ ਪਾਸ ਖੜ•ੀ ਹੈ, ਇੱਥੇ ਇੱਕ ਖਤਰਨਾਕ ਮੋੜ ਹੈ ਜਿਸ ਨੂੰ ਮੁੜਦਿਆਂ ਬਹੁਤ ਸਾਰੀ ਸਾਵਧਾਨੀ ਵਰਤਣੀ ਪੈਂਦੀ ਹੈ, ਜੇ ਥੋੜੀ ਜਿਹੀ ਵੀ ਗਲਤੀ ਹੋ ਜਾਵੇ ਤਾਂ ਕੌਮੀ ਕਿਸਮਤ ਦੀ ਗੱਡੀ ਮੂਧੀ ਵੀ ਵੱਜ ਜਾਂਦੀ ਹੈ ਜਾਂ ਫਿਰ ਕੁਰਸਤੇ ਪੈ ਜਾਂਦੀ ਹੈ। ਪਰ ਹੁਣ ਜਿਹਨਾਂ ਲੋਕਾਂ ਨੇ ਬਦਲਾਓ ਲਿਆਉਣ ਦੀ ਜਿੰਮੇਵਾਰੀ ਧੱਕੇ ਨਾਲ ਅੱਗੇ ਹੋ ਕੇ ਸਾਂਭਣ ਦਾ ਯਤਨ ਕੀਤਾ, ਉਹ ਜਾਂ ਤਾਂ ਸਭ ਕਾਸੇ ਤੋਂ ਬੇਖਬਰ ਸਨ ਜਾਂ ਫਿਰ ਮਚਲੇ ਹਨ ਅਤੇ ਸਭ ਜਾਣਦੇ ਹੋਵੇ ਵੈਰੀ ਦੇ ਹਮਰਾਹੀ ਬਣੇ ਹੋਏ ਹਨ।

ਪੰਜਾਬ ਵਿਚ ਤਿੰਨ ਤਰਾਂ ਦੀ ਲੜਾਈ ਚੱਲ ਰਹੀ ਹ

- ਇੱਕ ਤਾਂ ਓਹ ਲੋਕ ਹਨ ਜਿਹੜੇ ਸਿਰਫ ਕੁਰਸੀ ਦੇ ਲਾਲਚੀ ਹਨ ਅਤੇ ਕਿਸੇ ਇਕ ਪਾਰਟੀ ਦਾ ਰਾਜ ਖੋਹ ਕੇ ਜਾਂ ਉਸ ਨੂੰ ਨਿੰਦਕੇ ਖੁਦ ਰਾਜ ਦੇ ਮਾਲਕ ਬਣਨਾ ਲੋਚਦੇ ਹਨ

- ਦੂਜੇ ਉਹ ਲੋਕ ਹਨ ਜਿਹੜੇ ਪੰਜਾਬ ਅਤੇ ਸਿੱਖ ਹੱਕਾਂ ਨੂੰ ਲਾਂਭੇ ਰੱਖਕੇ, ਸਿਰਫ ਭ੍ਰਿਸ਼ਟਾਚਾਰ ਨੂੰ ਬਦਲਾਓ ਦੱਸ ਕੇ, ਸੱਤਾ ਖੋਹਣੀ ਚਾਹੁੰਦੇ ਹਨ

- ਤੀਸਰੇ ਓਹ ਲੋਕ ਹਨ ਜਿਹੜੇ ਪੰਜਾਬ ਦੇ ਸਿੱਖ ਮੁੰਹਾਂਦਰੇ ਨੂੰ ਮੁੱਖ ਰੱਖਕੇ ਇਸ ਨੂੰ ਸਿੱਖ ਸੂਬੇ ਦੀ ਦਿੱਖ ਅਤੇ ਪੰਜਾਬ ਦੀ ਵਿਰਾਸਤੀ ਦਿੱਖ ਦੀ ਬਹਾਲੀ ਵਾਸਤੇ ਲੜਦੇ ਹਨ,

...ਪਰ ਬਦਕਿਸਮਤੀ ਇਹ ਹੈ ਕਿ ਪਹਿਲੀਆਂ ਦੋਹਾਂ ਸ਼੍ਰੇਣੀਆਂ ਵਿੱਚ ਤਾਂ ਆਗੂ ਬਹੁਤ ਹਨ, ਪਰ ਇਸ ਤੀਸਰੀ ਸੋਚ ਵਾਲਿਆਂ ਦਾ ਕੋਈ ਆਗੂ ਨਹੀਂ ਹੈ, ਜਿਸ ਕਰਕੇ ਉਹਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋ ਰਿਹਾ ਹੈ।

ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਕਰਕੇ, ਇੱਕ ਰੋਹ ਪੈਦਾ ਹੋਇਆ ਸੀ, ਪਰ ਇਹ ਅਜਿਹਾ ਮੌਕਾ ਸੀ ਜਦੋਂ ਪੰਜਾਬ ਅੰਦਰ ਕਿਸੇ ਬਦਲਾਓ ਦਾ ਮਹੌਲ ਬਣਿਆ ਹੋਇਆ ਸੀ, ਸਹੀ ਸੋਚ ਵਾਲੇ ਲੋਕਾਂ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਖਿਲਾਫ਼ ਇੱਕ ਸੰਘਰਸ਼ ਕੀਤਾ, ਉਥੇ ਬਦਲਾਓ ਵਾਸਤੇ ਵੱਡੀ ਆਸ ਲੈਕੇ ਆਪਣੇ ਘਰਾਂ ਤੋਂ ਨਿੱਕਲੇ, ਲੇਕਿਨ ਕੁੱਝ ਪਰਖੇ ਹੋਏ ਲੋਕਾਂ ਨੇ ਸੂਬੇਦਾਰਾਂ ਦੀ ਸ਼ਹਿ ਉੱਤੇ ਪਹਿਲਾਂ ਹੀ ਮੋਰਚਾ ਸੰਭਾਲ ਲਿਆ ਅਤੇ ਅਜਿਹੇ ਪ੍ਰੋਗ੍ਰਾਮ ਦੇ ਦਿੱਤੇ, ਜਿਹੜੇ ਵੇਖਣ ਨੂੰ ਪੰਥਕ ਲੱਗਦੇ ਸਨ, ਪਰ ਅੰਦਰੋਂ ਸੂਬੇਦਾਰਾਂ ਦੇ ਮਨਸੂਬਿਆਂ ਦੀ ਪ੍ਰੋੜਤਾ ਕਰਦੇ ਸਨ।

ਦਾਸ ਲੇਖਕ ਨੇ ਪਹਿਲੇ ਦਿਨ ਹੀ ਸ. ਸਿਮਰਨਜੀਤ ਸਿੰਘ ਮਾਨ ਅਤੇ ਕੁੱਝ ਹੋਰ ਆਗੂਆਂ ਨੂੰ ਅਮ੍ਰਿਤਸਰ ਹੋਣ ਵਾਲੀ ਇਕੱਤਰਤਾ ਵਿੱਚ ਜਾਣ ਤੋਂ ਵਰਜਿਆ ਸੀ ਕਿਉਂਕਿ ਉਸ ਮੀਟਿੰਗ ਦੇ ਪ੍ਰਬੰਧਕਾ ਨਾਲ ਦਾਸ ਅਤੇ ਭਾਈ ਧਿਆਨ ਸਿੰਘ ਮੰਡ ਕੁੱਝ ਦਿਨ ਪਹਿਲਾਂ ਪੰਥਕ ਏਕਤਾ ਵਾਸਤੇ, ਉਹਨਾਂ ਦੇ ਸੱਦੇ ਉੱਤੇ ਜੀਰਾ ਨੇੜੇ ਮਿਲਣ ਗਏ ਸੀ, ਜਿੱਥੇ ਉਹਨਾਂ ਸਾਫ਼ ਲਫਜਾਂ ਵਿੱਚ ਕਿਹਾ ਸੀ ਕਿ ਸਾਡਾ ਆਗੂ ਸਿਮਰਨਜੀਤ ਸਿੰਘ ਮਾਨ ਨਾ ਕੱਲ ਸੀ, ਨਾ ਅੱਜ ਹੈ ਅਤੇ ਨਾ ਹੀ ਭਵਿੱਖ ਵਿੱਚ ਹੋਵੇਗਾ, ਫਿਰ ਅਜਿਹੇ ਲੋਕਾਂ ਵੱਲੋਂ ਸੱਦਾ ਮਿਲਣਾਂ ਜਾਂ ਉਹਨਾਂ ਦੇ ਸੱਦੇ ਉੱਤੇ ਜਾਣਾ, ਅੱਜ ਤੱਕ ਸਮਝ ਨਹੀਂ ਆ ਰਿਹਾ। ਇਸ ਇਕੱਠ ਦੇ ਨਤੀਜਿਆਂ ਉਤੇ ਕੋਈ ਹੈਰਾਨੀ ਨਹੀਂ ਹੈ ਕਿਉਂਕਿ ਇਸਦਾ ਤਾਂ ਪਹਿਲਾਂ ਹੀ ਪਤਾ ਸੀ ਕਿ ਇਸ ਵਿੱਚੋਂ ਕੀਹ ਨਿੱਕਲ ਸਕਦਾ ਹੈ, ਲੇਕਿਨ ਉਹਨਾਂ ਲੋਕਾਂ ਨੇ ਅਜਿਹੇ ਤਰੀਕੇ ਨਾਲ ਇੱਕ ਮੁਹਿੰਮ ਅਰੰਭੀ, ਜਿਸ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇ ਹੁਰਮਤੀ ਖਿਲਾਫ਼ ਅਰੰਭਿਆ ਸੰਘਰਸ਼ ਵੀ ਖਤਮ ਹੋ ਗਿਆ ਅਤੇ ਇਸ ਸਮੇਂ ਪੈਦਾ ਹੋਏ ਰਾਜਨੀਤਿਕ ਖਲਾਅ, ਖਾਸ ਕਰਕੇ ਸਿੱਖ ਰਾਜਨੀਤੀ ਵਿਚਲੇ ਖੱਡੇ ਦੀ ਭਰਪਾਈ ਉੱਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

ਪੰਜਾਬ ਦੇ ਸਿੱਖਾਂ ਦੇ ਮਨਾਂ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇ ਹੁਰਮਤੀ ਦਾ ਰੋਹ ਸੀ ਉਹ ਆਸ ਲੈਕੇ ਚੱਬੇ ਗਏ ਸਨ, ਪਰ ਨਿਰਾਸਤਾ ਦਾ ਪ੍ਰਸ਼ਾਦ ਲੈਕੇ ਵਾਪਿਸ ਪਰਤੇ ਅਖੌਤੀ ਸਰਬੱਤ ਖਾਲਸਾ ਵਿੱਚ ਸਿੱਖ ਰਾਜਨੀਤੀ ਉੱਤੇ ਕਾਬਜ਼ ਪਰਿਵਾਰ ਨੂੰ ਕੌਮ ਵਿੱਚੋਂ ਬੇ ਦਖਲ ਕਰਨ ਵਰਗਾ ਕੋਈ ਮਤਾ ਪਾਸ ਨਾ ਕੀਤਾ ਜਾਣਾ ਵੀ ਆਗੂਆਂ ਦੇ ਕਿਰਦਾਰ ਉੱਤੇ ਉਂਗਲੀ ਖੜੀ ਕਰਦਾ ਹੈਸਿਰਫ ਭਾਈ ਹਵਾਰਾ ਨੂੰ ਜਥੇਦਾਰ ਬਣਾਕੇ ਪੰਥਕ ਰੋਹ ਤੋਂ ਬਚਾਅ ਕੀਤਾ ਗਿਆ ਹੈ, ਪਰ ਇਸ ਨਾਲ ਭਾਈ ਹਵਾਰਾ ਨੂੰ ਕੋਈ ਵੱਡੀ ਇਜ਼ਤ ਨਹੀਂ ਦਿੰਤੀ, ਸਗੋਂ ਉਸ ਨੂੰ ਇੱਕ ਧਿਰ ਵਿੱਚ ਖੜਾ ਕੀਤਾ ਗਿਆ ਹੈ। ਜੇ ਭਾਈ ਹਵਾਰਾ ਨੂੰ ਜਥੇਦਾਰ ਮੰਨਨਾ ਹੀ ਹੈ, ਤਾਂ ਪਹਿਲਾਂ ਆਪਣੀਆਂ ਦੁਕਾਨਾ ਬੰਦ ਕਰਕੇ ਪੰਥਕ ਏਕਤਾ ਕੀਤੀ ਜਾਂਦੀ, ਲੇਕਿਨ ਧੜੇ ਹਾਲੇ ਵੀ ਕਾਇਮ ਹਨ।

ਜਿਹੜੇ ਪੰਜ ਪਿਆਰਿਆਂ ਨੂੰ ਜਾ ਜਾ ਕੇ ਸਿਰਪਾਓ ਦਿੱਤੇ ਜਾ ਰਹੇ ਸਨ ਅਤੇ ਤਖਤਾਂ ਦੇ ਜਥੇਦਾਰਾਂ ਨੂੰ ਉਹਨਾਂ ਦਾ ਹੁਕਮ ਨਾ ਮੰਨਨ ਕਰਕੇ ਦੋਸ਼ੀ ਆਖਿਆ ਜਾ ਰਿਹਾ ਹੈ, ਉਹਨਾਂ ਹੀ ਪੰਜ ਪਿਆਰਿਆਂ ਨੇ ਇਹ ਵੀ ਹੁਕਮ ਕੀਤਾ ਸੀ, ਕਿ ਚੱਬੇ ਵਾਲੇ ਇਕੱਠ ਨੂੰ ਸਰਬੱਤ ਖਾਲਸਾ ਆਖਣ ਦੀ ਬਜਾਇ ਪੰਥਕ ਇਕੱਠ ਆਖਿਆ ਜਾਵੇ, ਪਰ ਉਸ ਸਮੇਂ ਤਾਂ ਉਹਨਾਂ ਦੇ ਹੁਕਮ ਦੀ ਪ੍ਰਵਾਹ ਨਾ ਕੀਤੀ? ਫਿਰ ਸਿੱਖ ਕਿਵੇਂ ਸਮਝਣ ਕਿ ਮੌਜੂਦਾ ਸਿੱਖ ਸਾਸ਼ਕਾਂ ਅਤੇ ਆਉਣ ਵਾਲੇ ਸਾਸ਼ਕਾਂ ਵਿੱਚ ਕੀਹ ਫਰਕ ਹੈ।

ਅੱਜ ਕਿਸੇ ਪਾਸੇ ਸਿੱਖ ਸਿਆਸਤ ਦੀ ਗੱਲ ਨਹੀਂ ਹੋ ਰਹੀ। ਕੋਈ ਉਠ ਦਾ ਬੁੱਲ ਚੁੱਕਣ ਵਾਸਤੇ ਕਾਂਗਰਸ ਦੇ ਮਗਰ ਮਗਰ ਤੁਰਦਾ ਨਜਰ ਆਉਂਦਾ ਹੈ। ਕੋਈ ਖੇਤ ਵਗਦੇ ਹਲ ਪਿੱਛੇ ਤੁਰਦੀਆਂ ਗਟਾਰਾਂ ਲਾਲੀਆਂ ਦੀ ਤਰਜ਼ ਉੱਤੇ ਝਾੜੂ ਦੀਆਂ ਤੀਲਾਂ ਦੇ ਮਗਰ ਚੋਗਾ ਭਾਲਦਾ ਫਿਰਦਾ ਹੈ, ਪਰ ਸਿੱਖ ਜਾਂ ਪੰਥਕ ਸਿਆਸਤ ਦੀ ਗੱਲ ਹੀ ਖਤਮ ਕਰ ਦਿੱਤੀ ਹੈ, ਪੰਥ ਵਿਸਾਰ ਹੀ ਦਿੱਤਾ ਹੈ, ਜੇ ਸਿੱਖ ਆਪਣੇ ਆਪ ਨੂੰ ਅਜਿਹੇ ਆਗੂਆਂ ਦੇ ਮਗਰ ਲੱਗਕੇ ਅਸਿੱਧੇ ਤਰੀਕੇ ਨਾਲ ਮੌਜੂਦਾ ਸਿੱਖ ਸਿਆਸਤਦਾਨਾਂ ਦੀ ਝੋਲੀ ਵਿੱਚ ਡਿੱਗਦਾ ਵੇਖਣਗੇ ਤਾਂ ਕਿਤੇ ਉਹ ਫਿਰ ਖੁਦ ਸਿੱਧੇ ਹੀ ਜਾਣ ਦਾ ਫੈਸਲਾ ਨਾ ਕਰ ਲੈਣ, ਫਿਰ ਇਸ ਦੀ ਜਿੰਮੇਵਾਰੀ ਕਿਸ ਉੱਤੇ ਹੋਵੇਗੀ?

ਹੁਣ ਕੋਈ ਰਸਤਾ ਦਿਖਾਈ ਨਹੀਂ ਦੇ ਰਿਹਾ, ਜੇ ਮੌਜੂਦਾ ਪ੍ਰਬੰਧ ਬਦਲਦਾ ਹੈ ਤਾਂ ਫਿਰ ਕੋਈ ਅਜਿਹੀ ਧਿਰ ਕਾਬਜ਼ ਹੁੰਦੀ ਨਜਰ ਆਉਂਦੀ ਹੈ, ਜਿਸ ਦਾ ਪੰਜਾਬ ਜਾਂ ਪੰਥ ਨਾਲ ਕੋਈ ਵਾਸਤਾ ਨਹੀਂ। ਸਿੱਖ ਤੇ ਪੰਜਾਬੀ ਫਿਰ ਲੁੱਟੇ ਜਾਣਗੇ। ਇਹਨਾਂ ਹਲਾਤਾਂ ਦਾ ਪੁਰਾਤਨ ਸਮੇਂ ਦੇ ਇਤਿਹਾਸ ਨਾਲ ਮੁਲਾਂਕਣ ਕਰਕੇ ਨਤੀਜਾ ਇਹ ਨਜਰ ਆਉਂਦਾ ਹੈ ਕਿ ‘‘ਇੱਕ ਆਗੂ ਦੀ ਦ੍ਰਿੜਤਾ ਨਾਲ ਤਾਂ ਪੰਥ ‘ਅਟਕ’ ਨੂੰ ‘ਅਟਕਾ’ ਗਿਆ, ਪਰ ਹੁਣ ਕੁੱਝ ਆਗੂਆਂ ਦੀ ਮੱਕਾਰੀ ਕਰਕੇ ਪੰਥ ਹਰੀਕੇ (ਚੱਬਾ) ਵਿੱਚ ਡੁੱਬ ਗਿਆ’’ ਲੇਕਿਨ ਸਮਾਂ ਹਾਲੇ ਵੀ ਬਹੁਤ ਹੈ ਸਿੱਖ ਆਪਣੇ ਆਪ ਖੜੇ ਹੋ ਜਾਣ, ਮੇਰੇ ਵਰਗੇ ਚੱਲੇ ਕਾਰਤੂਸਾਂ ਦਾ ਖਹਿੜਾ ਛੱਡ ਕੇ ਅਤੇ ਪਰਖੇ ਹੋਇਆਂ ਨੂੰ ਦੁਬਾਰਾ ਅਜਮਾਉਣ ਦੀ ਕਵਾਇਦ ਨੂੰ ਲੱਤ ਮਾਰਕੇ, ਪੰਜਾਬ ਵਿੱਚੋਂ 117 ਇਮਾਨਦਾਰ ਬੰਦੇ ਲੱਭ ਕੇ ਖੜੇ ਕਰ ਦੇਣ ਅਤੇ ਉਹਨਾਂ ਦੀ ਤਨਦੇਹੀ ਨਾਲ ਮੱਦਦ ਕਰਨ ਤਾਂ ਕਿਸਮਤ ਬਦਲ ਵੀ ਸਕਦੀ ਹੈ।

ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top