ਲੁਧਿਆਣਾ
ਦੇ 25 ਨੌਜਵਾਨਾਂ ਨੇ ਨਸ਼ਿਆਂ ਦੇ ਵਿਰੁੱਧ ਇੱਕ ਅਨੋਖੀ ਮੁਹਿੰਮ ਸ਼ੁਰੂ ਕੀਤੀ ਹੈ,
ਜਿਸ ਬਾਰੇ ਜਾਣ ਕੇ ਸ਼ਾਇਦ ਤੁਸੀਂ ਵੀ ਇਨ੍ਹਾਂ ਨੌਜਵਾਨਾਂ ਦੀ
ਤਾਰੀਫ਼ ਕੀਤੇ ਬਿਨਾਂ ਨਹੀਂ ਰਹਿ ਸਕੋਗੇ। ਅਸਲ 'ਚ ਇਨ੍ਹਾਂ ਨੌਜਵਾਨਾਂ ਨੇ
ਜ਼ਰੂਰਤਮੰਦਾਂ ਦੀ ਮਦਦ ਕਰਨ ਬਾਰੇ ਸੋਚਦਿਆਂ ਇਹ ਫੈਸਲਾ ਕੀਤਾ ਕਿ ਰੋਜ਼ਾਨਾ ਕਿਸੇ ਥਾਂ
'ਤੇ ਖੜ੍ਹੇ ਹੋ ਕੇ ਗਰੀਬਾਂ ਨੂੰ ਦੁੱਧ ਪਿਲਾਇਆ ਜਾਵੇ। 17 ਜਨਵਰੀ ਨੂੰ ਜਦੋਂ ਉਹ ਦੁੱਧ
ਪਿਲਾਉਣ ਲਈ ਥਾਂ ਲੱਭਣ ਲੱਗੇ ਤਾਂ ਕਿਸੇ ਨੇ ਕਹਿ ਦਿੱਤਾ ਕਿ
ਸ਼ਰਾਬ ਦੇ ਠੇਕੇ ਅੱਗੇ ਖੜ੍ਹੇ ਹੋ ਕੇ ਉਨ੍ਹਾਂ ਲੋਕਾਂ ਨੂੰ ਦੁੱਧ ਪਿਲਾਇਆ ਜਾਵੇ ਜੋ
ਸ਼ਰਾਬ ਪੀਣ ਜਾਂ ਖਰੀਦਣ ਆਉਂਦੇ ਹਨ।
ਬਸ ਫਿਰ ਕੀ ਸੀ ਉਨ੍ਹਾਂ ਨੇ ਸ਼ਰਾਬ ਦੇ ਠੇਕੇ ਦੇ ਬਾਹਰ ਦੁੱਧ ਵੰਡਣਾ
ਸ਼ੁਰੂ ਕਰ ਦਿੱਤਾ। ਜਿਹੜਾ ਵੀ ਵਿਅਕਤੀ ਸ਼ਰਾਬ ਲੈਣ ਆਉਂਦਾ, ਤਾਂ ਉਸ ਨੂੰ ਦੁੱਧ ਪੇਸ਼ ਕਰ
ਦਿੰਦੇ ਅਤੇ ਇਨ੍ਹਾਂ ਨੌਜਵਾਨਾਂ ਦੀ ਨਿਮਰਤਾ ਦੇਖ ਕੇ ਕੋਈ ਵੀ ਉਨ੍ਹਾਂ ਨੂੰ ਮਨ੍ਹਾਂ ਨਹੀਂ
ਕਰ ਪਾਉਂਦਾ। ਇਸ ਤਰ੍ਹਾਂ ਉਸ ਸ਼ਾਮ ਜ਼ਿਆਦਾਤਰ ਲੋਕ ਸ਼ਰਾਬ ਖਰੀਦੇ ਬਿਨਾਂ ਹੀ ਵਾਪਸ ਚਲੇ
ਗਏ।
ਪਹਿਲੇ ਦਿਨ ਦੀ ਸਫ਼ਲਤਾ ਤੋਂ ਬਾਅਦ ਨੌਜਵਾਨਾਂ ਨੇ ਅਗਲੇ ਦਿਨ ਵੀ
ਸ਼ਰਾਬ ਦੇ ਠੇਕੇ ਦੇ ਬਾਹਰ ਖੜ੍ਹੇ ਹੋ ਕੇ ਇਸ ਮੁਹਿੰਮ ਨੂੰ ਜ਼ਬਰਦਸਤ ਤਰੀਕੇ ਨਾਲ ਸ਼ੁਰੂ
ਕੀਤਾ। ਠੇਕੇ ਦੇ ਬਾਹਰ ਬਕਾਇਦਾ ਬੈਰੀਕੇਡਜ਼ ਲਗਾ ਕੇ ਲੋਕਾਂ
ਨੂੰ ਰੋਕਿਆ ਗਿਆ। ਨੌਜਵਾਨਾਂ ਵਲੋਂ ਇਸ ਮੁਹਿੰਮ ਨੂੰ 'ਦੁੱਧ ਨਾਕਾ' ਮੁਹਿੰਮ ਦਾ ਨਾਂ
ਦਿੱਤਾ ਗਿਆ ਹੈ। ਉਸ ਦਿਨ ਤੋਂ ਲੈ ਕੇ ਹੁਣ ਤੱਕ ਇਹ ਨੌਜਵਾਨ 750 ਲੀਟਰ ਦੁੱਧ
ਲੋਕਾਂ ਨੂੰ ਪਿਲਾ ਚੁੱਕੇ ਹਨ।
ਇਸ ਮੁਹਿੰਮ ਨਾਲ ਜੁੜੇ ਨੌਜਵਾਨਾਂ ਦਾ ਕਹਿਣਾ ਹੈ ਕਿ ਸ਼ਰਾਬ ਦੇ
ਠੇਕੇ ਤੋਂ ਜਿਹੜਾ ਵੀ ਵਿਅਕਤੀ ਸ਼ਰਾਬ ਖਰੀਦਣ ਆਉਂਦਾ ਹੈ, ਉਹ ਉਸ ਵਿਅਕਤੀ ਨੂੰ ਬੜੇ ਪਿਆਰ
ਨਾਲ ਸ਼ਰਾਬ ਪੀਣ ਤੋਂ ਮਨ੍ਹਾਂ ਕਰਦੇ ਹਨ ਅਤੇ ਦੁੱਧ ਪੀਣ ਨੂੰ ਪ੍ਰੇਰਦੇ ਹਨ ਕਿ ਉਨ੍ਹਾਂ
ਦੀ ਗੱਲ ਸੁਣ ਕੇ ਕੋਈ ਵੀ ਉਨ੍ਹਾਂ ਨੂੰ ਮਨ੍ਹਾਂ ਨਹੀਂ ਕਰ ਪਾਉਂਦਾ।
ਉਨ੍ਹਾਂ ਦਾ ਕਹਿਣਾ ਹੈ ਕਿ 15 ਦਿਨਾਂ
ਤੋਂ ਉਨ੍ਹਾਂ ਦੀ ਇਸ ਮੁਹਿੰਮ ਨੂੰ ਚੰਗਾ ਹੁੰਗਾਰ ਮਿਲਿਆ ਹੈ। ਖ਼ਾਸ ਗੱਲ ਇਹ ਹੈ ਕਿ ਕਿਸੇ
ਵੀ ਸ਼ਰਾਬ ਦੇ ਠੇਕੇਦਾਰ ਨੇ ਹੁਣ ਤੱਕ ਇਨ੍ਹਾਂ ਨੌਜਵਾਨਾਂ ਦਾ ਵਿਰੋਧ ਨਹੀਂ ਕੀਤਾ।