Share on Facebook

Main News Page

ਕਰਮ ਧਰਮ ਪਾਖੰਡ ਜੋ ਦੀਸਹਿ...!
-: ਤਰਲੋਚਨ ਸਿੰਘ ‘ਦੁਪਾਲਪੁਰ’
001-408-9115-1268
E-mail : tsdupalpuri@yahoo.com

ਮੇਰੇ ਸਾਹਮਣੇ ਇੰਗਲੈਂਡ ਤੋਂ ਛਪਦੀ ਇੱਕ ਪੰਜਾਬੀ ਅਖ਼ਬਾਰ ਪਈ ਹੈ, ਜਿਸ ਦੇ ਪਹਿਲੇ ਸਫ਼ੇ ਉੱਤੇ ਇੱਕ ਨੌਜਵਾਨ ਲੜਕੀ ਦੀ ਫੋਟੋ ਹੈ, ਜੋ ਕਿਸੇ ਨੂੰ ਆਪਣੇ ਮੋਬਾਈਲ ਫੋਨ ਤੋਂ ਫੋਟੋਆਂ ਦਿਖਾ ਰਹੀ ਜਾਪਦੀ ਹੈ। ਉਸ ਦੇ ਨਾਲ ਹੀ ਇੱਕ ਸਰਦਾਰ ਜੀ ਦੀ ਫੋਟੋ ਹੈ, ਜਿਸ ਦੇ ਸਿਰ ’ਤੇ ਬੱਝੀ ਹੋਈ ਠੋਕਵੀਂ ਪਟਿਆਲਾ-ਸ਼ਾਹੀ ਪੱਗ ਦਾ ’ਕੱਲਾ-’ਕੱਲਾ ਪੇਚ ਸਾਫ਼ ਗਿਣਿਆ ਜਾ ਸਕਦਾ ਹੈ। ਉਸ ਦੇ ਛਾਂਗਵੀਂ ਦਾੜ੍ਹੀ, ਪਰ ਮੁੱਛਾਂ ਉਸ ਨੇ ਪੂਰਾ ਤਾਅ ਦੇ ਕੇ ’ਤਾਂਹ ਨੂੰ ਖੜੀਆਂ ਕੀਤੀਆਂ ਹੋਈਆਂ ਹਨ। ਅਫੀਮਚੀਆਂ ਵਰਗੀਆਂ ਉਸ ਦੀਆਂ ਅੱਖਾਂ ਫੋਟੋ ਵਿੱਚ ਵੀ ਪੂਰੀਆਂ ‘ਚੜ੍ਹੀਆਂ ਹੋਈਆਂ’ ਦਿਖਾਈ ਦਿੰਦੀਆਂ ਹਨ। ਇਹਨਾਂ ਦੋਹਾਂ ਦਾ ਰਿਸ਼ਤਾ ਪਿਉ-ਧੀ ਵਾਲਾ ਦੱਸਿਆ ਗਿਆ ਹੈ। ਧੀ ਦਾ ਨਾਂਅ ਬੀਬਾ ਰਵਨੀਤ ਕੌਰ ਅਤੇ ਬਾਪ ਦਾ ਨਾਂਅ ਸ੍ਰ: ਸਲਵਿੰਦਰ ਸਿੰਘ ਲਿਖਿਆ ਹੋਇਆ ਹੈ।

ਜੀ ਹਾਂ, ਉਹੋ ਸਲਵਿੰਦਰ ਸਿੰਘ ਐੱਸ ਪੀ ਪੰਜਾਬ ਪੁਲਸ, ਜਿਸ ਦੇ ਬਾਰੇ ਜ਼ੋਰਦਾਰ ਸ਼ੱਕਾਂ ਦਾ ਬਾਜ਼ਾਰ ਗਰਮ ਹੈ ਕਿ ਬੀਤੇ ਦਿਨੀਂ ਦੇਸ ਦੀ ਹਵਾਈ ਫ਼ੌਜ ਦੇ ਪਠਾਨਕੋਟ ਵਾਲੇ ਏਅਰ ਬੇਸ ’ਤੇ ਹੋਏ ਦਹਿਸ਼ਤੀ ਹਮਲੇ ਵਿੱਚ ਉਸ ਦਾ ਵੀ ਹੱਥ ਹੋ ਸਕਦਾ ਹੈ। ਜਦੋਂ ਇਹ ਸਤਰਾਂ ਲਿਖੀਆਂ ਜਾ ਰਹੀਆਂ ਹਨ, ਉਦੋਂ ਵੀ ਇਸ ਅਫ਼ਸਰ ਬਾਰੇ ਲਗਾਤਾਰ ਖ਼ਬਰਾਂ ਆ ਰਹੀਆਂ ਹਨ।

ਕਿਤੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਸ ਦੇ ਵੱਡੇ ਅਫ਼ਸਰ ਉਸ ਤੋਂ ਪੁੱਛ-ਪੜਤਾਲ ਕਰ ਰਹੇ ਹਨ। ਕਦੇ ਦੱਸਿਆ ਜਾਂਦਾ ਹੈ ਕਿ ਪੁੱਛ-ਗਿੱਛ ਕਰਨ ਲਈ ਉਸ ਨੂੰ ਦਿੱਲੀ ਲੈਜਾਇਆ ਗਿਆ ਹੈ। ਦਿੱਲੀਉਂ ਆ ਰਹੀ ਜਾਣਕਾਰੀ ਅਨੁਸਾਰ ਉਸ ਦੀ ਜਾਂਚ-ਪੜਤਾਲ ‘ਲਾਈ ਡਿਟੈਕਟਿਵ’, ਭਾਵ ਕਿ ਝੂਠ ਫੜਨ ਵਾਲੀ ਮਸ਼ੀਨ ਨਾਲ ਹੋ ਰਹੀ ਹੈ। ਇਹ ਵੀ ਪਤਾ ਲੱਗ ਰਿਹਾ ਹੈ ਕਿ ਉਸ ਨੇ ਇਹ ਇਕਬਾਲ ਕਰ ਲਿਆ ਹੈ ਕਿ ਉਸ ਨੇ ਸਰਹੱਦ ਪਾਰੋਂ ਆਏ ਦਹਿਸ਼ਤਗਰਦਾਂ ਦੀ ਟੋਲੀ ਨੂੰ ਨਸ਼ਿਆਂ ਦੇ ਸਮੱਗਲਰ ਸਮਝ ਲਿਆ ਸੀ, ਇਸ ਲਈ ਉਹਨਾਂ ਦੀ ਕੋਈ ਰੋਕ-ਟੋਕ ਨਹੀਂ ਕੀਤੀ, ਕਿਉਂਕਿ ਇਸ ਕਾਰੋਬਾਰ ’ਚ ਲੱਗੇ ਹੋਏ ਸੌਦਾਗਰਾਂ ਪਾਸੋਂ ਉਸ ਨੂੰ ਬਦਲੇ ਵਿੱਚ ਕੀਮਤੀ ਹੀਰੇ ਮਿਲਦੇ ਸਨ। ਉੱਚ-ਪੱਧਰੀ ਜਾਂਚ ਏਜੰਸੀਆਂ ਵੱਲੋਂ ਸਲਵਿੰਦਰ ਸਿੰਘ ਦੀ ਕੀਤੀ ਜਾ ਰਹੀ ਪੁੱਛ-ਗਿੱਛ ’ਚੋਂ ਕੀ ਸੱਪ ਨਿਕਲਦਾ ਹੈ, ਇਹ ਤਾਂ ਏਜੰਸੀਆਂ ਜਾਣਨ ਜਾਂ ਸਰਕਾਰ, ਸਾਰਾ ਕੁਝ ਮੀਡੀਏ ’ਚ ਆ ਹੀ ਜਾਣਾ ਹੈ।

ਹੱਥਲਾ ਲੇਖ ਨਾ ਤਾਂ ਸਲਵਿੰਦਰ ਸਿੰਘ ਦੀ ਪਠਾਨਕੋਟ ਕਾਂਡ ਵਿੱਚ ਕਿਸੇ ਤ੍ਹਾਂ ਦੀ ਕਥਿਤ ਸ਼ਮੂਲੀਅਤ ਹੋਣ ਦੀ ‘ਚਿੰਤਾ’ ਵਿੱਚ ਲਿਖਿਆ ਜਾ ਰਿਹਾ ਹੈ ਅਤੇ ਨਾ ਹੀ ਉਹਦੇ ਬਾਰੇ ਛਪੀਆਂ ਕੁਝ ਹੋਰ ਐਸੀਆਂ ਜਾਣਕਾਰੀਆਂ ’ਤੇ ਟਿੱਪਣੀ ਹੀ ਕਰਨੀ ਹੈ ਕਿ ਜਦ ਉਸ ਦਾ ਟਾਕਰਾ ਦਹਿਸ਼ਤਗਰਦਾਂ ਨਾਲ ਹੋਇਆ, ਉਦੋਂ ਉਸ ਦੇ ਨਾਲ ਕੋਈ ਹੀਰਿਆਂ ਦਾ ਪ੍ਰਸਿੱਧ ਵਪਾਰੀ ਵੀ ਸੀ। ਠਾਠ-ਬਾਠ ਨਾਲ ਜ਼ਿੰਦਗੀ ਬਿਤਾ ਰਹੇ ਇਸ ਅਫ਼ਸਰ ’ਤੇ ਇਸ ਗੱਲੋਂ ਵੀ ਕੋਈ ਹੈਰਾਨੀ ਨਹੀਂ ਪ੍ਰਗਟਾਉਣੀ ਕਿ ਸ਼ਾਦੀ-ਸ਼ੁਦਾ ਹੋਣ ਦੇ ਬਾਵਜੂਦ ਇਸ ਨੂੰ ‘ਰਸੋਈਆ’ ਮਿਲਿਆ ਹੋਇਆ ਸੀ, ਜੋ ਹਰ ਸਮੇਂ ਆਪਣੇ ਇਸ ‘ਸ਼ਾਹੀ ਅਫ਼ਸਰ’ ਦੀ ਤਾਬਿਆਦਾਰੀ ਵਿੱਚ ਰਹਿੰਦਾ ਸੀ। ਇਸ ਐੱਸ ਪੀ ਸਾਹਬ ਦੀ ਕਿਸੇ ਸਥਾਨਕ ਸਿਆਸੀ ਆਗੂ ਨਾਲ ਕਥਿਤ ਸਿਆਸੀ ਯਾਰੀ ਦੇ ਪਿਛੋਕੜ ਦੀ ਚੀਰ-ਫਾੜ ਕਰਨਾ ਵੀ ਸਾਡਾ ਵਿਸ਼ਾ ਨਹੀਂ ਹੈ।

ਕਹਿਣ ਦਾ ਭਾਵ ਕਿ ਖ਼ਤਰਨਾਕ ਗੰਭੀਰ ਸ਼ੱਕਾਂ ਨਾਲ ਭਰਪੂਰ ਇਸ ਕਾਂਡ ਵਿੱਚ ਹੈ ਤਾਂ ਬਹੁਤ ਕੁਝ ਹੈਰਤ-ਅੰਗੇਜ਼, ਪਰ ਆਪਣੀ ਸੋਚ ਮੁਤਾਬਕ ਮੈਨੂੰ ਸਿਤਮ ਇਸ ਗੱਲ ਦਾ ਹੋ ਰਿਹਾ ਹੈ ਕਿ ਆਪਣੇ ਆਪ ਨੂੰ ਸਿੱਖ ਕਹਾਉਣ ਵਾਲਾ ਸਲਵਿੰਦਰ ਸਿੰਘ ਬਾਰਡਰ ਏਰੀਏ ਵਿੱਚ ਸਥਿਤ ਕਿਸੇ ਕਬਰ ਦਾ ਪੁਜਾਰੀ ਹੈ। ਇੰਗਲੈਂਡ ਵਾਲੀ ਅਖ਼ਬਾਰ ਵਿੱਚ ਛਪੀ ਖ਼ਬਰ ਅਨੁਸਾਰ ਇਸ ਅਫ਼ਸਰ ਦੀ ਬੇਟੀ ਬੜੇ ਦਾਅਵੇ ਨਾਲ ਕਹਿ ਰਹੀ ਹੈ ਕਿ ਮੇਰੇ ਪਾਪਾ ਹਰ ਸਾਲ ਅਜਮੇਰ ਸ਼ਰੀਫ਼ ਮੱਥਾ ਟੇਕਣ ਲਈ ਜਾਂਦੇ ਹਨ।...ਅਸੀਂ ਘਰ ਵਿੱਚ ਵੀ ‘ਪੀਰ ਬਾਬਾ’ ਦੀ ਜਗਾ ਬਣਾਈ ਹੋਈ ਹੈ। ਮੇਰੇ ਪਾਪਾ ਉਸ ਰਾਤ ਵੀ ਦਰਗਾਹ ’ਤੇ ਮੱਥਾ ਟੇਕਣ ਗਏ ਸਨ। ਇਹ ਲੜਕੀ ਇਹ ਵੀ ਦੱਸਦੀ ਹੈ ਕਿ ਪਾਪਾ ‘ਧਰਮ ਅਤੇ ਇਨਸਾਨੀਅਤ’ ਵਿੱਚ ‘ਵਿਸ਼ਵਾਸ’ ਰੱਖਣ ਵਾਲੇ ਹਨ।

ਲਉ ਜੀ ਕਰ ਲਉ ਗੱਲ! ਖੜੀਆਂ ਮੁੱਛਾਂ ਤੇ ਪਟਿਆਲਾ-ਸ਼ਾਹੀ ਦਸਤਾਰ ਵਾਲੇ ਸਰਦਾਰ ਸਲਵਿੰਦਰ ਸਿੰਘ ਜੀ (ਪੱਕੀ ਉਮੀਦ ਹੈ ਕਿ ਉਹਨਾ ਨੇ ਸਰਕਾਰੀ ਰਿਕਾਰਡ ਵਿੱਚ ਖ਼ੁਦ ਨੂੰ ‘ਮੁਸਲਮਾਨ’ ਨਹੀਂ, ਸਿੱਖ ਹੀ ਲਿਖਵਾਇਆ ਹੋਵੇਗਾ) ਇਸਲਾਮਿਕ ਅਸਥਾਨ ਅਜਮੇਰ ਸ਼ਰੀਫ਼ ਵੀ ਹਰ ਸਾਲ ਜਾਂਦੇ ਨੇ...ਸਰਹੱਦੀ ਖੇਤਰ ਦੇ ਪਿੰਡ ਤਲੂਰ ਦੀ ਦਰਗਾਹ ਦੇ ਪੁਜਾਰੀ ਵੀ ਨੇ...ਘਰੇ ਪੀਰ ਬਾਬੇ ਦੀ ‘ਜਗਾ’ ਵੀ ਬਣਾਈ ਹੋਈ ਹੈ...! ਪੜ੍ਹੀ-ਲਿਖੀ ਬੇਟੀ ਮੂਜਬ ਐੱਸ ਪੀ ਸਾਹਬ ਦਾ ‘ਧਰਮ ਤੇ ਇਨਸਾਨੀਅਤ’ ਵਿੱਚ ਅਟੁੱਟ ਵਿਸ਼ਵਾਸ ਹੈ। ਵਾਹ!

ਚੰਦਾ ਦੇਤੇ ਹੈਂ ਮਸਜਿਦ ਮੇਂ ਪੀਤੇ ਹੈਂ ਮੈਅਖਾਨੇ ਮੇਂ,
ਸ਼ੈਤਾਨ ਭੀ ਰਾਜ਼ੀ ਰਹੇ ਔਰ ਖ਼ੁਦਾ ਭੀ ਨਾਰਾਜ਼ ਨਾ ਹ
ੋ।

ਪੁਲਸ, ਠਾਣੇ, ਧਰਮ ਅਤੇ ਕਬਰ ਆਦਿ ਸ਼ਬਦਾਂ ਦਾ ਜ਼ਿਕਰ ਹੋਣ ’ਤੇ ਮੈਨੂੰ ਆਪਣੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਬੰਗਾ ਠਾਣੇ ਦਾ ਚੇਤਾ ਆ ਗਿਆ। ਇਸ ਠਾਣੇ ਵਿੱਚ ਵੀ ਇੱਕ ‘ਧਾਰਮਿਕ ਅਸਥਾਨ’ ਸਥਾਪਤ ਹੈ, ਜਿੱਥੇ ਹਰ ਸਾਲ ਕੋਈ ਪਾਠ-ਪੂਜਾ ਦਾ ‘ਮੇਲਾ’ ਵੀ ਆਯੋਜਤ ਕੀਤਾ ਜਾਂਦਾ ਹੈ। ਸੁਣਿਆ ਹੈ ਕਿ ਇਹ ਜਗਾ ਏਨੀ ‘ਕਰੜੀ’ ਹੈ ਕਿ ਇੱਥੇ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਅਫ਼ਸਰ ਆ ਲੱਗੇ, ਉਹ ਸਾਰੇ ਮੁਲਾਜ਼ਮਾਂ ਅਤੇ ਸ਼ਹਿਰ ਦੇ ਸਹਿਯੋਗ ਨਾਲ ਮਿੱਥੇ ਹੋਏ ਸਾਲਾਨਾ ਦਿਨ ’ਤੇ ਠਾਣੇ ਵਿਚਲੇ ਅਸਥਾਨ ’ਤੇ ਪੂਜਾ-ਅਰਚਨਾ ਜ਼ਰੂਰ ਕਰਦਾ ਹੈ। ਧਾਰਮਿਕ ਨਜ਼ਰੀਏ ਤੋਂ ਇਸ ਠਾਣੇ ਵਿੱਚ ਇਹ ਬਾਬਾ ਜੀ ਚੌਵੀ ਘੰਟੇ ਹਾਜ਼ਰ-ਨਾਜ਼ਰ ਰਹਿੰਦੇ ਹੋਣਗੇ। ਭਲਾ ਫਿਰ ਇਸ ਠਾਣੇ ਦੀ ਚਾਰ-ਦੀਵਾਰੀ ਵਿੱਚ ਸਾਰਾ ਕੰਮਕਾਰ ਜਾਂ ਵਰਤੋਂ-ਵਿਹਾਰ ਸਥਾਪਤ ਬਾਬਾ ਜੀ ਦੇ ਧਰਮੀ ਨਿਯਮਾਂ ਅਨੁਸਾਰ ਹੀ ਹੁੰਦਾ ਹੋਵੇਗਾ! ਕੀ ਇਸ ਚੌਗਿਰਦੇ ਵਿੱਚ ਸੱਚਮੁੱਚ ‘ਸਤਿਯੁੱਗ’ ਵਰਤਦਾ ਰਹਿੰਦਾ ਹੋਵੇਗਾ?

ਬੰਗਾ ਠਾਣੇ ਵਿਚਲੇ ਅਜੋਕੇ ਮਾਹੌਲ ਦਾ ਤਾਂ ਮੈਨੂੰ ਪਤਾ ਨਹੀਂ, ਪਰ ਇੱਕ ਸਮੇਂ ਬੰਗਾ ਇਲਾਕੇ ਦੇ ਹੀ ਜੁਝਾਰੂ ਸ਼ਾਇਰ ਦਰਸ਼ਨ ‘ਖਟਕੜ’ ਨੇ ਆਪਣੇ ਹੀ ਇੱਕ ਸਾਥੀ ਦਰਸ਼ਨ ‘ਦੁਸਾਂਝ’ ਦੀ ਇਸੇ ਠਾਣੇ ਵਿੱਚ ਹੋਈ ਦੁਰਗਤੀ ਬਾਰੇ ਕੁਝ ਅਜਿਹੀਆਂ ਸਤਰਾਂ ਲਿਖੀਆਂ ਸਨ :

ਸਰਹੰਦ ਦੀ ਦੀਵਾਰ ਹੋਵੇ ਜਾਂ ਠਾਣਾ ਬੰਗਿਆਂ ਦਾ,
ਲੱਤਾਂ ਚੂਰ ਕਰਵਾਈਏ, ਜਾਂ ਚਿਣੇ ਨੀਂਹਾਂ ਵਿੱਚ ਜਾਈਏ

ਸੋਚਣ ਵਾਲੀ ਗੱਲ ਹੈ ਕਿ ਜਦੋਂ ਇਹਨਾਂ ਸਤਰਾਂ ਮੁਤਾਬਕ ਬੰਗਾ ਠਾਣੇ ਵਿੱਚ ਆਪਣੇ ਹੱਕ ਮੰਗਦੇ ਕਿਸੇ ਗੱਭਰੂ ਦੀਆਂ ਲੱਤਾਂ ਚੂਰ-ਚੂਰ ਕੀਤੀਆਂ ਗਈਆਂ ਹੋਣਗੀਆਂ, ਤਾਂ ਉਸ ਦੀਆਂ ਦਰਦ ਭਰੀਆਂ ਲੇਰਾਂ ਠਾਣੇ ’ਚ ਸੁਭਾਏਮਾਨ ਬਾਬਾ ਜੀ ਦੇ ਕੰਨੀਂ ਵੀ ਪਈਆਂ ਹੋਣਗੀਆਂ। ਅਤੇ ਲੱਤਾਂ ਚਕਨਾਚੂਰ ਕਰ ਦੇਣ ਦੀ ‘ਸੇਵਾ ਨਿਭਾਉਣ’ ਵਾਲੇ ਪੁਲਸੀਏ ਜਵਾਨਾਂ ਨੇ ਪੂਰੀ ‘ਸ਼ਰਧੀ ਭਾਵਨਾ’ ਨਾਲ ਸਾਲਾਨਾ ਮੇਲੇ ਵਿੱਚ ਬਾਬਾ ਜੀ ਨੂੰ ਵੀ ਅਰਾਧਿਆ ਹੋਵੇਗਾ।

ਸਵਾਲ ਉੱਠਦਾ ਹੈ ਕਿ ਕੋਈ ਪੀਰ-ਫ਼ਕੀਰ, ਸਾਈਂ ਧਰਮੀ ਬਾਬਾ ਅਜਿਹਾ ਵੀ ਹੋਵੇਗਾ, ਜੋ ਆਪਣੇ ਪੈਰੋਕਾਰਾਂ ਨੂੰ ਇਹ ਇਜਾਜ਼ਤ ਦਿੰਦਾ ਹੋਵੇ ਕਿ ਨਸ਼ਿਆਂ ਦੇ ਸਮੱਗਲਰਾਂ ਪਾਸੋਂ ਹੀਰੇ-ਜਵਾਹਰਾਤ ਜਾਂ ਮੋਟੀਆਂ ਰਕਮਾਂ ਲੈ ਕੇ ਉਨਾਂ ਨੂੰ ਮੌਤ ਦਾ ਵਪਾਰ ਕਰ ਲੈਣ ਦਿਆ ਕਰੋ? ਦੇਸ, ਕੌਮ ਜਾਂ ਮਨੁੱਖਤਾ ਨਾਲ ਧਰੋਹ ਕਮਾਉਣ ਦੀ ਖੁੱਲ ਦੇਣ ਵਾਲੇ ਕਿਸੇ ਕਥਿਤ ਬਾਬੇ ਨੂੰ ‘ਧਰਮੀ’ ਕਿਹਾ ਜਾ ਸਕਦਾ ਹੈ? ਨਾਲੇ ਕਿਹੜਾ ਰਹਿਬਰ ਹੋਵੇਗਾ, ਜੋ ਆਪਣੇ ਸ਼ਰਧਾਲੂਆਂ ਨੂੰ ਦਰ-ਦਰ ’ਤੇ ਭਟਕਦੇ ਫਿਰਦੇ ਦੇਖ ਕੇ ਖੁਸ਼ ਹੁੰਦਾ ਹੋਵੇਗਾ? ਇਤਿਹਾਸਕ ਹਵਾਲਾ ਹੈ ਕਿ ਆਪਣੇ ਘਰ ਵਿੱਚ ਬਣਾਈ ਇੱਕ ਬਾਬੇ ਦੀ ਮੜ੍ਹੀ ਦਾ ਪੁਜਾਰੀ ਭਾਈ ਮੰਞ ਜਦ ਗੁਰੂ ਅਰਜਨ ਦੇਵ ਜੀ ਪਾਸੋਂ ਸਿੱਖੀ ਦੀ ਦਾਤ ਲੈਣ ਗਿਆ ਤਾਂ ਗੁਰੂ ਜੀ ਨੇ ਸਪੱਸ਼ਟ ਕਹਿ ਦਿੱਤਾ ਸੀ ਕਿ ਇੱਕ ਮਿਆਨ ’ਚ ਦੋ ਤਲਵਾਰਾਂ ਨਾ ਪਾਉ ਭਾਈ ਮੰਞ ਜੀ। ਜੇ ਗੁਰੂ ਨਾਨਕ ਦਾ ਸਿੱਖ ਬਣਨਾ ਚਾਹੁਨੈ ਤਾਂ ਮੜ੍ਹੀਆਂ ਮਲੀਆਮੇਟ ਕਰਨੀਆਂ ਪੈਣਗੀਆਂ।

ਸਰਹੱਦੀ ਖੇਤਰ ਦੇ ਹੀ ਇੱਕ ਹੋਰ ਧਾਰਮਿਕ ਸਥਾਨ ਦੀ ਵਾਰਤਾ ਨਾਲ ਲੇਖ ਦੀ ਸਮਾਪਤੀ ਕਰਦੇ ਹਾਂ। ਸ੍ਰੀ ਅਕਾਲ ਤਖ਼ਤ ਦੇ ਇੱਕ ਸਾਬਕਾ ਜਥੇਦਾਰ ਅਕਸਰ ਇਹ ਗੱਲ ਸਟੇਜਾਂ ’ਤੇ ਸੁਣਾਉਂਦੇ ਹੁੰਦੇ ਹਨ। ਬਤੌਰ ਜਥੇਦਾਰ ਅਕਾਲ ਤਖ਼ਤ ਉਹ ਸਰਹੱਦ ਲਾਗਲੇ ਇੱਕ ਡੇਰੇ ’ਚ ਗਏ। ਸਾਲ ਕੁ ਪਹਿਲਾਂ ਵੀ ਉਹਨਾ ਇਸ ‘ਧਾਰਮਿਕ ਡੇਰੇ’ ਦੀ ਯਾਤਰਾ ਕੀਤੀ ਹੋਈ ਸੀ। ਉਦੋਂ ਇਹ ਡੇਰਾ ਏਨਾ ‘ਵਿਕਸਤ’ ਨਹੀਂ ਸੀ ਹੋਇਆ, ਪਰ ਸਾਲ ਕੁ ਦੇ ਸਮੇਂ ਵਿੱਚ ਉੱਥੇ ਆਲੀਸ਼ਾਨ ਇਮਾਰਤ ਅਤੇ ਲਹਿਰਾਂ-ਬਹਿਰਾਂ ਲੱਗੀਆਂ ਦੇਖ ਕੇ ਜਥੇਦਾਰ ਜੀ ਨੇ ਹੈਰਾਨ ਹੋ ਕੇ ਡੇਰੇਦਾਰ ਨੂੰ ਪੁੱਛਿਆ ਕਿ ਇਸ ‘ਤਰੱਕੀ’ ਦਾ ਕੀ ਕਾਰਨ?

‘‘ਓ ਜੀ, ‘ਬਾਰਡਰ ਟੱਪਣ’ ਵਾਲੇ ਜਾਂਦੇ ਹੋਏ ਇੱਥੇ ‘ਸੁੱਖਣਾ ਸੁੱਖ’ ਜਾਂਦੇ ਨੇ ਕਿ ਹੇ ਬਾਬਾ ਜੀ, ਆਹ ਗੇੜਾ ‘ਕਾਮਯਾਬ ਹੋ’ ਜੇ, ਐਨੇ ’ਜ਼ਾਰ ਦਾ ਮੱਥਾ ਟੇਕਾਂਗੇ। ਬੱਸ ਜੀ, ਇਉਂ ਫਿਰ ਉਹ ਮੁੜਦੀ ਵਾਰੀ ਗੋਲਕਾਂ ਨੂੰ ਗੱਫਿਆਂ ਨਾਲ ਭਰਪੂਰ ਕਰ ਛੱਡਦੇ ਨੇ।’’ ਬਾਰਡਰ ਵਾਲੇ ਧਰਮ-ਸਥਾਨ ਦੇ ਬਾਬੇ ਨੇ ਜਵਾਬ ਦਿੱਤਾ।

- ਇਹੋ ਜਿਹੇ ‘ਧਰਮੀ’ ਵਰਤਾਰਿਆਂ ਬਾਬਤ ਪੰਜਵੇਂ ਗੁਰੂ ਜੀ ਨੇ ਡੰਕੇ ਦੀ ਚੋਟ ਨਾਲ ਕਿਹਾ ਹੋਇਆ, ‘ਕਰਮ ਧਰਮ ਪਾਖੰਡ ਜੋ ਦੀਸਹਿ...!’

ਕੁਮੈਂਟ ਥੋੜ੍ਹੇ ਚਿਰ ਲਈ ਬੰਦ ਕੀਤੇ ਗਏ ਹਨ
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ, ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top