Share on Facebook

Main News Page

ਮਾਲਾ ਦੀ ਸਿੱਖੀ 'ਚ ਕੋਈ ਥਾਂ ਨਹੀਂ, ਸਿਰੇ ਦਾ ਪਾਖੰਡ ਹੈ
-: ਕਮਲਜੀਤ ਸਿੰਘ

ਮਾਲਾ - ਮਹਾਨਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਜੀ ਨਾਭਾ ਦੇ ਅਰਥ ਕਰਦੇ ਹੋਏ ਲਿਖਦੇ ਹਨ ਕਿ ਜਿਸ ਨਾਲ ਜਪ ਕੀਤਾ ਜਾਵੇ, ਸਿਮਰਨੀ, ਜਪਨੀ, ਸ਼੍ਰੇਣੀ, ਕਤਾਰ, ਜਪਮਾਲਾ, ਫੁੱਲ ਅਥਵਾ ਰਤਨਾਂ ਦਾ ਹਾਰ ਭਾਵ ਕਿ ਇਹ ਸਾਰੇ ਨਾਮ ਗਿਣਤੀ ਮਿਣਤੀ ਦੇ ਪਾਠ ਕਰਨ ਲਈ ਵਰਤੀ ਜਾਣ ਵਾਲੀ ਮਾਲਾ ਦੇ ਹਨ।

ਆਉ ਦੇਖੀਏ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਲਾ ਜਾਂ ਜਪਨੀ ਨੂੰ ਪ੍ਰਵਾਨ ਵੀ ਕਰਦੇ ਹਨ ਕਿ ਨਹੀਂ:

ਗੁਰੂ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰ: ੮੮੮ 'ਤੇ ਅੰਕਿਤ ਸ਼ਬਦ ਦੁਆਰਾ ਸਪੱਸ਼ਟ ਸੇਧ ਦਿੰਦੇ ਹਨ ਕਿ ਬ੍ਰਾਹਮਣ ਆਪਣੇ ਜਜਮਾਨਾਂ ਦੇ ਘਰਾਂ ਵਿੱਚ ਅਨੇਕ ਕਰਮਕਾਂਡ ਕਰਦੇ ਹਨ ਮਾਲਾ ਫੇਰਦੇ ਹਨ - ਪਰ ਇਨ੍ਹਾਂ ਕਰਮ ਕਾਂਡਾਂ ਨਾਲ ਕਦੇ ਕੋਈ ਸੰਸਾਰ ਸਾਗਰ ਤੋਂ ਤਰਿਆ ਨਹੀਂ।

ਖਟੁ ਕਰਮਾ ਅਰੁ ਆਸਣੁ ਧੋਤੀ॥ ਭਾਗਠਿ ਗ੍ਰਿਹਿ ਪੜੈ ਨਿਤ ਪੋਥੀ॥
ਮਾਲਾ ਫੇਰੈ ਮੰਗੈ ਬਿਭੂਤ॥ ਇਹ ਬਿਧਿ ਕੋਇ ਨ ਤਰਿਓ ਮੀਤ॥
(ਅੰਕ ੮੮੮)

ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨਾ ਜਾਈ॥ ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾ ਖਾਈ॥
ਅੰਤਰਿ ਪੂਜਾ ਪੜਹਿ ਕਤੇਬਾਂ ਸੰਤਜਮੁ ਤੁਰਕਾ ਭਾਈ॥ ਛੋਡੀਲੇ ਪਾਖੰਡਾ॥ ਨਾਮਿ ਲਾਇਐ ਜਾਹਿ ਤਰੰਦਾ॥
(ਅੰਕ ੪੭੧)

ਇਸ ਸ਼ਬਦ ਵਿੱਚ ਵੀ ਧੋਤੀ ਟਿੱਕਾ ਆਦਿ ਸਮੇਤ ਜਪਮਾਲੀ ਅਰਥਾਤ ਮਾਲਾ ਨੂੰ ਪਾਖੰਡ ਦੀ ਸੂਚੀ ਵਿੱਚ ਹੀ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਪਾਖੰਡ ਨੂੰ ਛੱਡ ਕੇ ਕੇਵਲ ਨਾਮ ਨੂੰ ਹੀ ਮੁਕਤੀ ਦਾ ਸਾਧਨ, ਸਾਬਤ ਕੀਤਾ ਗਿਆ ਹੈ।

ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ॥ ਕੋਈ ਨਾਮ ਜਪੈ ਜਪਮਾਲੀ ਲਾਗੈ ਤਿਸੈ ਧਿਆਨਾ॥
ਅਬ ਹੀ ਕਬ ਹੀ ਕਿਛੂ ਨ ਜਾਨਾ ਤੇਰਾ ਏਕੋ ਨਾਮੁ ਵਖਾਨਾ॥
(ਅੰਕ ੮੭੬)

ਜਿਹੜੇ ਲੋਕ ਇਹ ਕਹਿੰਦੇ ਹਨ ਕਿ ਅਸੀਂ ਮਾਲਾ ਨਾਲ ਨਾਮ ਹੀ ਜਪਦੇ ਹਾਂ ਉਨ੍ਹਾਂ ਨੂੰ ਇਸ ਸ਼ਬਦ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਗੁਰੂ ਮਹਾਰਾਜ ਜੀ ਮਾਲਾ ਦੇ ਸਹਾਰੇ ਨੂੰ ਇਕਦਮ ਰੱਦ ਕਰਦੇ ਹੋਏ ਸਾਫ ਸ਼ਬਦਾਂ ਵਿੱਚ ਫੈਸਲਾ ਦਿੰਦੇ ਹਨ ਕਿ ਨਾਮ-ਜਪਣ ਲਈ ਕਿਸੇ ਅਜਿਹੇ ਕਰਮ ਕਾਂਡ ਦੀ ਉਕਾ ਹੀ ਲੋੜ ਨਹੀਂ ਹੁੰਦੀ।

ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ॥ ਹਿਰਦੇ ਰਾਮੁ ਨ ਚੇਤਈ ਇਹ ਜਪਨੀ ਕਿਆ ਹੋਇ॥ (ਅੰਕ ੧੩੬੮)

ਇਸ ਸਲੋਕ ਵਿੱਚ ਕਬੀਰ ਸਾਹਿਬ ਜੀ ਗੱਜ ਵੱਜ ਕੇ ਮਾਲਾ ਦੇ ਪਾਖੰਡ ਦਾ ਖੰਡਨ ਕਰਦੇ ਹੋਏ ਆਖ ਰਹੇ ਨਿ ਕਿ ਲੱਕੜ ਦੀ ਮਾਲਾ ਕੀ ਰੋਸ਼ਨੀ ਦਿਖਾ ਸਕਦੀ ਹੈ। ਜਦੋਂ ਹਿਰਦਾ ਹੀ ਪ੍ਰਭੂ ਨਾਲ ਨਾ ਜੁੜਿਆਂ ਤਾਂ ਮਾਲਾ ਦੇ ਪਖੰਡ ਦਾ ਕੀ ਲਾਭ ਹੋ ਸਕਦਾ ਹੈ।

ਮਾਥੇ ਤਿਲਕੁ ਹਥਿ ਮਾਲਾ ਬਾਨਾ ਲੋਗਨ ਰਾਮੁ ਖਿਲਾਉਨਾ ਜਾਨਾ॥ (ਅੰਕ ੧੧੫੮)

ਇਸ ਤੁਕ ਵਿੱਚ ਵੀ ਤਿਲਕ ਅਤੇ ਮਾਲਾ ਨੂੰ ਪੂਰਨ ਤੌਰ 'ਤੇ ਰੱਦ ਕੀਤਾ ਗਿਆ ਹੈ ਕਿ ਇਹ ਸਭ ਕੁੱਝ ਪ੍ਰਭੂ ਨੂੰ ਮਜ਼ਾਕ ਕਰਨ ਦਾ ਹੀ ਵਸੀਲਾ ਹੈ।

ਕਬੀਰ ਬੈਸਨੋ ਹੂਆ ਤ ਕਿਆ ਭਇਆ ਮਾਲਾ ਮੇਲੀ ਚਾਰਿ॥
ਬਾਹਰਿ ਕੰਚਨੁ ਬਾਰਹਾ ਭੀਤਰਿ ਭਰੀ ਭੰਗਾਰ॥
(ਅੰਕ ੧੩੭੨)

ਇਥੇ ਵੀ ਬਾਬਾ ਕਬੀਰ ਜੀ ਪਖੰਡੀ ਸਾਧ ਬਾਰੇ ਗੱਲ ਕਰਦੇ ਹੋਏ ਫੁਰਮਾ ਰਹੇ ਹਨ ਕਿ ਕੀ ਹੋਇਆ ਜੇਕਰ ਵੈਸ਼ਨੋ ਅਖਵਾ ਲਿਆ ਚਾਰ ਮਾਲਾ ਪਹਿਨ ਲਈਆਂ। ਇਹ ਤਾਂ ਬਾਹਰੋਂ ਬਾਰਾਂ ਵੰਨੀ ਦਾ ਸ਼ੁਧ ਸੋਨਾ ਬਣ ਕੇ ਦਿਖਾਉਣ ਵਾਲੀ ਗੱਲ ਹੈ ਜਦ ਕਿ ਅੰਦਰ ਸੁਆਹ ਅਰਥਾਤ ਔਗੁਣ ਭਰੇ ਪਏ ਹਨ।

ਧੋਤੀ ਉਜਲ ਤਿਲਕੁ ਗਲਿ ਮਾਲਾ॥ ਅੰਤਰਿ ਲ਼ੋਧੁ ਪੜਹਿ ਨਾਟਸਾਲਾ॥
ਨਾਮੁ ਵਿਸਾਰਿ ਮਾਇਆ ਕਦੁ ਪੀਆ॥ ਬਿਨੁ ਗੁਰ ਭਗਤਿ ਨਹੀਂ ਸੁਖੁ ਥੀਆ॥
(ਅੰਕ ੮੩੨)

ਇਥੇ ਧੋਤੀ ਤਿਲਕ ਮਾਲਾ ਆਦਿ ਅਡੰਬਰਾਂ ਦੀ ਨਿਖੇਧੀ ਕਰਦੇ ਹੋਏ ਸਮਝਾਇਆ ਗਿਆ ਹੈ ਕਿ ਨਾਮ ਨੂੰ ਛੱਡ ਕੇ ਮਾਇਆ ਦਾ ਨਸ਼ਾ ਪੀ ਕੇ ਸੁਖ ਨਹੀਂ, ਸਗੋਂ ਗੁਰੂ ਨਾਲ ਮਨੋ ਜੁੜ ਕੇ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ।

ਮ੍ਰਿਗ ਆਸਣੁ ਤੁਲਸੀ ਮਾਲਾ॥ ਕਰ ਊਜਲ ਤਿਲਕੁ ਕਪਾਲਾ॥
ਰਿਦੈ ਕੂੜੁ ਕੰਠਿ ਰੁਦ੍ਰਾਖੰ॥ ਰੇ ਲੰਪਟ ਕਿਸ਼ਨੁ ਅਭਾਖੰ॥
(ਅੰਕ ੧੩੫੧)

ਭਗਤ ਬੇਣੀ ਜੀ ਇਨ੍ਹਾਂ ਤੁਕਾਂ ਵਿੱਚ ਪਖੰਡੀ ਸਾਧ ਨੂੰ ਸਮਝਾ ਰਹੇ ਹਨ ਕਿ ਤੂੰ ਮਿਰਗ ਦੀ ਖੱਲ ਦਾ ਆਸਣ ਵਿਛਾ ਕੇ ਤੁਲਸੀ ਦੀ ਮਾਲਾ ਫੜਕੇ ਸਾਫ ਹੱਥਾਂ ਨਾਲ ਮੱਥੇ 'ਤੇ ਤਿਲਕ ਲਗਾਉਣ ਦਾ ਪਾਖੰਡ ਕਰਦਾ ਹੈ। ਤੇਰੇ ਹਿਰਦੇ ਵਿੱਚ ਕੂੜ ਹੈ ਭਾਵ ਤੂੰ ਗਲ ਵਿੱਚ ਰੁਦ੍ਰਾਖ ਦੀ ਮਾਲਾ ਪਾਈ ਫਿਰਦਾ ਹੈ, ਪਰ ਹੇ ਠੱਗ ਤੂੰ ਪ੍ਰਮਾਤਮਾ ਨੂੰ ਯਾਦ ਨਹੀਂ ਕਰ ਰਿਹਾ ਸਗੋਂ ਦਿਖਾਵਾ ਹੀ ਕਰ ਰਿਹਾ ਹੈ।

ਤੀਰਥ ਦੇਵ ਦੇਹੁਰਾ ਪੋਥੀ, ਮਾਲਾ ਤਿਲਕੁ ਸੋਚ ਪਾਕ ਹੋਤੀ॥
ਧੋਤੀ ਡੰਡਉਤਿ ਪਰਦਾਸਨ ਭੋਗਾ ਗਵਨੁ ਕਰੈਗੋ ਸਗਲੋ ਲੋਗਾ॥
(ਅੰਕ ੨੩੭)

ਅਰਥਾਤ ਤੀਰਥ, ਦੇਵਤਾ, ਦੇਹੁਰਾ, ਧਰਮ ਪੁਸਤਕਾਂ, ਮਾਲਾ, ਤਿਲਕੁ, ਸੂਚੀ ਰਸੋਈ, ਭਵਨ ਆਦਿ ਸਭ ਪਖੰਡ ਹਨ। ਦੂਜੇ ਪਾਸੇ ਨੇਤੀ ਧੋਤੀ ਡੰਡਾਉਤ ਮਹਿਲਾਂ ਦੇ ਭੋਗ ਵਿਲਾਸ ਆਦਿ ਸਭ ਕਿਸਮ ਦੇ ਕਰਮ ਕਰਨ ਵਾਲਾ ਮਨੁੱਖ ਖਾਲੀ ਹੱਥ ਸੰਸਾਰ ਤੋਂ ਕੂਚ ਕਰ ਜਾਂਦਾ ਹੈ।

ਕਾਜੀ ਹਇਕੈ ਬਹੈ ਨਿਆਇ ਫੇਰੇ ਤਸਬੀ ਕਰੇ ਖੁਦਾਇ॥
ਵਢੀ ਲੈ ਕੈ ਹਕੁ ਗਵਾਇ ਜੇ ਕੋ ਪੁਛੇ ਤਾਂ ਪੜਿ ਸੁਣਾਇ॥
(ਅੰਕ ੯੫੧)

ਇਥੇ ਮੁਸਲਮਾਨ ਭਰਾਵਾਂ ਨੂੰ ਸਮਝਾਇਆ ਗਿਆ ਹੈ ਕਿ ਕਾਜ਼ੀ ਤੇਰੇ ਪਾਸ ਨਿਆਂ ਕਰਨ ਦਾ ਕੰਮ ਹੈ ਤੂੰ ਤਸਬੀ (ਮਾਲਾ) ਫੇਰਨ ਦੇ ਅਤੇ ਖੁਦਾ ਨੂੰ ਯਾਦ ਕਰਨ ਦਾ ਪਾਖੰਡ ਕਰਦਾ ਹੈ ਪਰ ਵੱਢੀ ਲੈਕੇ ਤੂੰ ਗਲਤ ਕੰਮ ਕਰਦਾ ਹੈ ਅਤੇ ਜੇ ਕੋਈ ਇਤਰਾਜ ਕਰੇ ਤਾਂ ਕੁਰਾਨ ਸ਼ਰੀਫ ਦੇ ਮਨਮਰਜ਼ੀ ਦੇ ਅਰਥ ਪੜ੍ਹ ਕੇ ਸੁਣਾ ਦਿੰਦਾ ਹੈ।

ਇੰਨੇ ਗੁਰ ਫੁਰਮਾਨਾਂ ਦੇ ਹੁੰਦੇ ਹੋਏ ਵੀ ਅੱਜ ਹੋ ਕੀ ਰਿਹਾ ਹੈ? ਅੱਜ ਦਾ ਅਖੌਤੀ ਭੇਖੀ ਸੰਤ ਸਮਾਜ ਦਾ ਹਰ ਮੈਂਬਰ ਹੱਥ ਵਿੱਚ ਸਿਮਰਨਾ (ਮਾਲਾ) ਫੜੀ ਦੇਖਿਆ ਜਾ ਸਕਦਾ ਹੈ। ਇਹ ਫੇਰ ਵੀ ਆਪਣੇ ਆਪ ਨੂੰ ਬ੍ਰਹਮਗਿਆਨੀ ਪੂਰਨ ਸੰਤ, ਰਾਜ ਯੋਗੀ, ਬ੍ਰਹਮ ਯੋਗੀ ੧੦੦੮ ਆਦਿ ਡਿਗਰੀਆਂ ਨਾਲ ਸ਼ੁਸ਼ੋਭਿਤ ਕਰ ਰਹੇ ਹਨ। ਬ੍ਰਹਮ ਗਿਆਨ ਵਿੱਚ ਤਾਂ ਸ਼੍ਰਿਸ਼ਟੀ ਦਾ ਕਿਣਕਾ ਕਿਣਕਾ ਆ ਜਾਂਦਾ ਹੈ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਹੁਕਮ ਦਾ ਗਿਆਨ ਕੀ ਸ੍ਰਿਸ਼ਟੀ ਤੋਂ ਕਿਧਰੇ ਬਾਹਰ ਹੈ ਜਿਸਦਾ ਇਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ।

ਕੀ ਇਨ੍ਹਾਂ ਨੇ ਦੁਨਿਆਵੀ ਤੌਰ 'ਤੇ ਵੀ ਜਾਂ ਇਹ ਬ੍ਰਹਮ ਦਾ ਗਿਆਨ ਪ੍ਰਾਪਤ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਦੀ ਵੀ ਨਹੀਂ ਕੀਤਾ? ਜਾਂ ਸੰਸਾਰ ਤੇ ਇਨ੍ਹਾਂ ਅਖੌਤੀ ਸਾਧਾਂ ਦੇ ਡੇਰਿਆਂ ਤੇ ਲਗਾਤਾਰ ੧੦-੧੦ ਸਾਲਾਂ ਤੋਂ ਲੜੀਵਾਰ ਪਾਠ ਜਾਂ ਸੰਪਟ ਪਾਠ ਆਦਿ ਨਹੀਂ ਚੱਲ ਰਹੇ? ਕੀ ਉਪਰ ਲਿਖੇ ਹੁਕਮਾਂ ਦੇ ਆਉਣ ਸਮੇਂ ਇਹ ਲੋਕ ਆਪਣੇ ਕੰਨ ਅਤੇ ਅੱਖਾਂ ਬੰਦ ਕਰ ਲੈਂਦੇ ਹਨ (ਅੱਖਾਂ ਅਤੇ ਕੰਨ ਤਾਂ ਸੱਚਮੁੱਚ ਹੀ ਬੰਦ ਕਰ ਲੈਂਦੇ ਹਨ, ਜੇਕਰ ਖੁੱਲ੍ਹੇ ਰੱਖਦੇ ਤਾਂ ਇਨ੍ਹਾਂ ਹੁਕਮਾਂ ਦੀ ਉਲੰਘਣਾ ਨਾ ਕਰਦੇ) ਜੇਕਰ ਉਪਰੋਕਤ ਹੁਕਮਾਂ ਦੇ ਪੜ੍ਹਨ, ਸੁਣਨ ਉਪਰੰਤ ਵੀ ਕੋਈ ਮਾਲਾ ਜਾਂ ਸਿਮਰਨੇ ਦੀ ਵਰਤੋਂ ਕਰਦਾ ਹੈ ਤਾਂ ਕੀ ਉਸਨੂੰ ਭੇਖੀ ਨਹੀਂ ਕਿਹਾ ਜਾਵੇਗਾ?

ਮਾਲਾ ਤਾਂ ਅੱਜ ਸਿੱਖ ਧਰਮ ਦਾ ਇੱਕ ਅੰਗ ਹੀ ਬਣਦਾ ਜਾ ਰਿਹਾ ਹੈ, ਕਿ ਹੱਥ ਵਿੱਚ ਮਾਲਾ ਫੜ ਕੇ, ਉਸ ਨਾਲ ਗਿਣਤੀ ਦਾ ਨਾਮ ਜਪਣ ਨੂੰ ਹੀ ਸਿੱਖੀ ਸਮਝਿਆ ਜਾ ਰਿਹਾ ਹੈ। ਹਰ ਸਮੇਂ ਇਨ੍ਹਾਂ ਭੇਖੀਆ ਦੇ ਗਲ ਵਿੱਚ ਮਾਲਾ ਰਹਿੰਦੀ ਹੈ। ਇਨ੍ਹਾਂ ਨੂੰ ਦੇਖ ਦੇਖ ਕੇ ਵਪਾਰੀ ਕਿਸਮ ਦੇ ਲੋਕਾਂ ਨੇ ਗੁਰੂ ਸਾਹਿਬਾਨ ਦੀਆਂ ਅਜਿਹੀਆ ਤਸਵੀਰਾਂ ਬਣਾ ਛੱਡੀਆਂ ਹਨ, ਜਿਨ੍ਹਾਂ ਵਿੱਚ ਗੁਰੂ ਸਾਹਿਬਾਨ ਦੇ ਹੱਥਾਂ ਵਿੱਚ ਹੀ ਨਹੀਂ ਸਗੋਂ ਗਲ ਵਿੱਚ ਅਤੇ ਦਸਤਾਰ ਦੇ ਉਪਰ ਵੀ ਮਾਲਾ ਪਹਿਨੀ ਹੋਈ ਦਿਖਾ ਦਿੱਤੀ ਹੈ ਅਤੇ ਭਰਮ ਹੋਰ ਪੱਕਾ ਹੋਈ ਜਾ ਰਿਹਾ ਹੈ। ਵਪਾਰੀਆਂ ਦਾ ਵੀ ਕੀ ਕਸੂਰ ਹੈ? ਉਨ੍ਹਾਂ ਨੇ ਕਿਹੜਾ ਕਦੇ ਗੁਰਬਾਣੀ ਨੂੰ ਪੜ੍ਹਨਾ ਜਾਂ ਘੋਖਣਾ ਹੈ ਉਨ੍ਹਾਂ ਨੇ ਤਾਂ ਪੈਸਾ ਹੀ ਕਮਾਉਣਾ ਹੈ।

ਧੰਨਵਾਦ

ਕੁਮੈਂਟ ਥੋੜ੍ਹੇ ਚਿਰ ਲਈ ਬੰਦ ਕੀਤੇ ਗਏ ਹਨ
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top