Share on Facebook

Main News Page

ਕੀ ਸਿੱਖਾਂ ਦਾ ਗੁਰੂ ਗਿਆਨ ਹੈ ?
-: ਸੰਪਾਦਕ ਖ਼ਾਲਸਾ ਨਿਊਜ਼

ਸਿਰਫ ਸਿਰਲੇਖ ਪੜ੍ਹਕੇ ਹੀ, ਦੁਆਲੇ ਨਾ ਹੋ ਜਾਇਓ, ਪਹਿਲਾਂ ਪੜ੍ਹਨ ਦੀ ਖੇਚਲ ਕਰਨੀ ਜੀ! :)

ਗਿਆਨ ਉਪਜਦਾ ਹੈ, ਸੁਣਨ ਨਾਲ, ਦੇਖਣ ਨਾਲ, ਮਹਿਸੂਸ ਕਰਣ ਨਾਲ, ਤਜ਼ੁਰਬੇ ਨਾਲ, ਪੜ੍ਹਨ ਨਾਲ...

ਜਦੋਂ ਬੱਚਾ ਜੰਮਦਾ ਹੈ, ਉਹ ਕੁੱਝ ਨਹੀਂ ਬੋਲ ਸਕਦਾ, ਸਿਰਫ ਸੁਣਦਾ, ਮਹਿਸੂਸ ਕਰਦਾ ਹੈ, ਦੇਖ ਸਕਦਾ ਹੈ... ਤੇ ਜੋ ਉਹ ਸੁਣਦਾ, ਮਹਿਸੂਸ ਕਰਦਾ ਹੈ, ਦੇਖਦਾ ਹੈ, ਉਸੇ ਤਰ੍ਹਾਂ ਦਾ ਉਸਦਾ ਵਿਕਾਸ ਹੁੰਦਾ ਹੈ। ਗਲ ਕਿ, ਜਿਸ ਤਰ੍ਹਾਂ ਦਾ ਉਸਦਾ ਆਲ਼ਾ ਦੁਆਲ਼ਾ ਹੁੰਦਾ ਹੈ, ਉਸੇ ਤਰ੍ਹਾਂ ਦਾ ਬਣਦਾ ਹੈ। ਤੇ ਜਦੋਂ ਬੋਲਣਾ ਸ਼ੁਰੂ ਕਰਦਾ ਹੈ, ਉਹ ਵੀ ਜੋ ਸੁਣਿਆ ਹੁੰਦਾ ਹੈ, ਉਸੇ ਤੋਂ ਬੋਲਦਾ ਹੈ। ਕਿਸੇ ਇਨਸਾਨ ਦੇ ਬੱਚੇ ਨੂੰ ਜੰਗਲ ਵਿੱਚ ਛੱਡ ਦਿਓ, ਉਹ ਇਨਸਾਨਾਂ ਦੀ ਭਾਸ਼ਾ ਨਹੀਂ ਬੋਲੇਗਾ, ਜਾਨਵਰਾਂ ਵਾਲੀ ਬੋਲੀ ਤੇ ਉਨ੍ਹਾਂ ਵਰਗਾ ਹੀ ਵਰਤਾਰਾ ਕਰੇਗਾ। ਜਿਸ ਤੋਂ ਸਾਬਿਤ ਹੁੰਦਾ ਹੈ ਕਿ ਜੋ ਸੁਣਿਆ, ਦੇਖਿਆ, ਮਹਿਸੂਸ ਕੀਤਾ, ਉਹੀ ਕੁੱਝ ਬੋਲ ਵਿੱਚੋਂ ਉਪਜਦਾ ਹੈ। ਇਨਸਾਨ ਕਿਉਂਕਿ ਬਾਕੀ ਜੀਵਾਂ ਨਾਲੋਂ ਵੱਧ ਸਿਆਣਾ ਹੈ, ਉਸ ਨੂੰ ਭਾਸ਼ਾ ਦਾ ਗਿਆਨ ਹੈ, ਪੜ੍ਹ ਲਿਖ ਸਕਦਾ ਹੈ।

ਜਪੁ ਦੀ ਬਾਣੀ ਵਿੱਚ ਵੀ ਪਹਿਲਾਂ "ਸੁਣਿਐ" ਆਇਆ ਹੈ, ਫਿਰ "ਮਨੇ" ਆਇਆ ਹੈ। ਮਨੁੱਖ ਲਈ ਸੁਣਨਾ - ਮੰਨਣਾ ਬਹੁਤ ਜ਼ਰੂਰੀ ਹੈ, ਉਹ ਵੀ ਖਾਸਕਰ ਕੇ ਸਿੱਖ ਅਖਵਾਉਣ ਵਾਲਿਆਂ ਲਈ, ਜਿਨ੍ਹਾਂ ਦਾ ਗੁਰੂ ਗਿਆਨ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਗੁਰਬਾਣੀ ਦੇ ਰੂਪ 'ਚ ਮੌਜੂਦ ਹੈ।

ਪਰ ਕੀ ਸਿੱਖ ਅਖਵਾਉਣ ਵਾਲੇ ਇਸ 'ਤੇ ਰੱਤੀ ਭਰ ਵੀ ਅਮਲ ਕਰਦੇ ਹਨ?

ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸੱਚਾਈ ਭਰੇ ਜੀਵਨ ਦੀ ਜਾਚ, ਜਾਗਰੂਕ ਮਨੁੱਖ ਬਣਨ ਲਈ ਸਿੱਖਿਆ ਭਰੀ ਪਈ ਹੈ, ਪਰ ਕੀ ਅਸੀਂ ਕਦੇ ਆਪਣੇ ਗੁਰੂ ਨੂੰ ਪੜ੍ਹ ਕੇ, ਸੁਣ ਕੇ, ਮੰਨਣ ਦੀ ਕੋਸ਼ਿਸ਼ ਵੀ ਕੀਤੀ ਹੈ? ਸਿਰਫ ਮਣੀ ਮੂੰਹ ਪਖੰਡ ਪਾਠ ਕਰੀ ਕਰਾਈ ਤੁਰੇ ਜਾ ਰਹੇ ਹਾਂ, ਗੁਰਪੁਰਬ ਮਨਾਈ ਤੁਰੇ ਜਾ ਰਹੇ ਹਾਂ... ਗੁਰੂ ਦੀ ਮੰਨਾਂਗੇ ਕਦੋਂ? ਗੁਰੂ ਨੂੰ ਸਿੱਖਿਆ ਪੜ੍ਹਾਂਗੇ ਕਦੋਂ?

ਖੈਰ ਗੁਰੂ ਦੀ ਗੱਲ ਸਮਝਣ ਲਈ ਤਾਂ ਪੜ੍ਹਨਾ ਬਹੁਤ ਜ਼ਰੂਰੀ ਹੈ... ਸਾਡੇ ਸਿੱਖ ਅਖਵਉਣ ਵਾਲੇ ਤਾਂ ਆਮ ਲਿਖਿਆ ਹੋਇਆ ਵੀ ਨਹੀਂ ਪੜ੍ਹਦੇ... ਫੇਸਬੁੱਕ 'ਤੇ ਬੈਠੇ 99% ਲੋਕ ਆਪਣੀ ਹੂੜਮੱਤ ਅਨੁਸਾਰ ਹੀ ਕੁਮੈਂਟ ਕਰਦੇ ਨੇ, ਤੇ ੳਹ ਵੀ ਬਿਨਾਂ ਪੜਿਆਂ!!! ਤੇ ਕੁਮੈਂਟ ਇਉਂ ਕਰਣਗੇ ਕਿਵੇਂ ਇਨ੍ਹਾਂ ਨੂੰ ਸਭ ਪਤਾ ਹੁੰਦਾ। ...ਤੇ ਜੇ ਅਗਿਉਂ ਐਨਾ ਹੀ ਪੁੱਛ ਲਵੋ ਕਿ "ਭਾਈ ਸਾਹਿਬ ਤੁਸੀਂ ਪੋਸਟ ਪੜੀ ਹੈ?" ਤੇ ਫਿਰ ਬਹੁਤੇ ਤਾਂ ਬਿਨਾਂ ਜਵਾਬ ਦਿੱਤੇ ਹੀ ਫੁੱਰਰਰਰ ਹੋ ਜਾਂਦੇ ਹਨ, ਤੇ ਜੇ ਨਹੀਂ ਵੀ ਜਾਂਦੇ ਤਾਂ ਆਪਣੀ ਅੜੀ 'ਤੇ ਅੜੇ ਰਹਿੰਦੇ ਹਨ, ਤੇ ਬੇਸਿਰਪੈਰ ਦੀ ਬਹਿਸਬਾਜ਼ੀ ਕਰਦੇ ਹਨ, ਜਿਵੇਂ... "ਤੁਸੀਂ ਭਿੰਡਰਾਂਵਾਲੇ ਨਾਲੋਂ ਵੱਧ ਸਿਆਣੇ ਹੋ, ਤੁਸੀਂ ਮਸਕੀਨ ਨਾਲੋਂ ਵੱਧ ਜਾਣਦੇ ਹੋ... ਕੱਲ ਦੇ ਆਏ ਸਾਨੁੰ ਦੱਸਣ ਤੁਰੇ ਆ..." ਜਾਂ ਪੋਸਟ / ਲੇਖ ਤੋਂ ਹੱਟ ਕੇ ਆਪਣੀ ਵਿਦਵਤਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਨੂੰ ਕੋਈ ਪੁੱਛੇ ਕੀ ਭਿੰਡਰਾਂਵਾਲੇ - ਮਸਕੀਨ ਤੋਂ ਬਾਅਦ ਦੁਨੀਆਂ ਮੁੱਕ ਗਈ ? ਉਸ ਤੋਂ ਅਗਾਂਹ ਕੋਈ ਹੋਰ ਸੋਚ - ਬੋਲ ਨਹੀਂ ਸਕਦਾ ? ਕੀ ਉਨ੍ਹਾਂ ਦਾ ਕਹਿਆ ਪੱਥਰ 'ਤੇ ਲਕੀਰ ਹੈ, ਜਾਂ ਇਹ ਗੁਰੂ ਸੀ ? ਤੇ ਫਰਿ ਸ਼ੁਰੂ ਹੁੰਦੇ ਹਨ ਤਾਅਨੇ, ਗਾਹਲ਼ਾਂ...

ਇਹ ਹੈ ਗਿਆਨ ਗੁਰੂ ਦੇ ਸਿੱਖਾਂ ਦੀ ਮਾਨਸਿਕਤਾ, ਜਿਹੜੇ ਪੜ੍ਹਨ ਨੂੰ ਤਰਜੀਹ ਦਿੱਤੇ ਬਗੈਰ ਆਪਣੀਆਂ ਮਨਮਤੀਆਂ ਕਰਦੇ ਹਨ, ਗੁਰੂ ਤੋਂ ਆਕੀ ਹੋਏ ਹੋਰ ਹੋਰ ਗ੍ਰੰਥਾਂ ਦੀ ਪ੍ਰੋੜਤਾ ਕਰਦੇ ਹਨ, ਆਪਣੇ ਮੁਖੀਆਂ, ਆਪਣੇ ਪਾਖੰਡੀ ਸਾਧਾਂ ਦਾ ਪੱਖ ਪੂਰਦੇ ਹਨ, ਤੇ ਸਿਰਫ ਬਹਿਸਬਾਜ਼ੀ 'ਚ ਆਪਣਾ ਸਮਾਂ ਜ਼ਇਆ ਕਰਦੇ ਹਨ...

ਜਦੋਂ ਤੱਕ ਸਿੱਖ ਅਖਵਾਉਣ ਵਾਲੇ ਆਪ "ਸੁਣਨ-ਪੜ੍ਹਨ-ਮੰਨਣ" ਦੀ ਆਦਤ ਨਹੀਂ ਪਾਉਂਦੇ, ਇਨ੍ਹਾਂ 'ਚ ਗੁਰੂ ਪ੍ਰਤੀ ਦ੍ਰਿੜਤਾ ਨਹੀਂ ਆ ਸਕਦੀ। ਜੋ ਖੁਆਰੀ ਸਿੱਖ ਕੌਮ ਦੀ ਅੱਜ ਹੋ ਰਹੀ ਹੈ, ਉਹ ਅਨਪੜ੍ਹਤਾ ਦੀ ਨਿਸ਼ਾਨੀ ਹੈ।

ਸਿਰਫ ਫੋਕੇ ਨਾਹਰਿਆਂ 'ਤੇ, ਆਪਣੇ ਇਤਿਹਾਸ ਬਾਰੇ ਗੱਲਾਂ ਕਰੀ ਜਾਣ ਨਾਲ ਕੌਮ ਅੱਗੇ ਨਹੀਂ ਵੱਧ ਸਕਦੀ... ਅਖੇ, ਜੀ ਸਿੱਖ ਮੁੱਕ ਨਹੀਂ ਸਕਦੇ, ਸਾਡੇ ਗੁਰੂਆਂ ਨੇ ਆਹ ਕੀਤਾ... ਬਾਬਾ ਦੀਪ ਸਿੰਘ ਨੇ ਆਹ ਕੀਤਾ, ਬਾਬਾ ਬੰਦਾ ਸਿੰਘ ਬਹਾਦਰ ਨੇ ਆਹ ਕੀਤਾ... ਮੁੜ ਆਜਾ ਭਿੰਡਰਾਂਵਾਲਿਆ... ਅਤੇ ਕਈ ਕੁੱਝ ਹੋਰ........ ਤੇ ਅਸੀਂ ਕੀ ਕੀਤਾ ? ਕਿਉਂ ਅਸੀਂ ਸਿਰਫ ਆਪਣੇ ਬੀਤ ਚੁਕੇ ਦੀਆਂ ਗੱਲਾਂ ਹੀ ਕਰਦੇ ਰਹਿੰਦੇ ਹਾਂ? ਜੋ ਉਨ੍ਹਾਂ ਨੇ ਕਰ ਦਿੱਤਾ, ਉਹ ਮਿਸਾਲ ਹੈ... ਪਰ ਕੀ ਸਾਡਾ ਇਹ ਫਰਜ਼ ਨਹੀਂ ਕਿ ਅਸੀਂ ਵੀ ਉਹ ਦ੍ਰਿੜਤਾ ਦਿਖਾਈਏ, ਉਸ ਤੋਂ ਅਗਾਂਹ ਵੀ ਤੁਰੀਏ! ਕਿੰਨੀ ਕੁ ਚਿਰ ਬੀਤ ਚੁਕੇ ਕੱਲ ਦੀਆਂ ਗੱਲਾਂ ਹੀ ਕਰਦੇ ਰਹਾਂਗੇ ?

ਕਦੋਂ ਤੱਕ "ਮੂ ਪਿਤਰਮ ਸੁਲਤਾਨ ਬੂ" (ਮੇਰਾ ਪਿਓ ਸੁਲਤਾਨ ਸੀ... My father was an Emperor) ਦੀਆਂ ਟਾਹਰਾਂ ਮਾਰਦੇ ਰਹਾਂਗੇ, ਅਸੀਂ ਆਪ ਸੁਲਤਾਨ ਕਦੋਂ ਬਣਾਂਗੇ ?

ਜਿਨ੍ਹਾਂ ਦਾ ਗੁਰੂ ਗਿਆਨ ਹੋਵੇ, ਉਹ ਐਨੇ ਅਗਿਆਨੀ ? ਇਸ ਤੰਦ ਨੂੰ ਤੋੜਨਾ ਜ਼ਰੂਰੀ ਹੈ,  ਇਸ ਸਭ ਤੱਦ ਹੀ ਸੰਭਵ ਹੈ, ਜਦੋਂ ਅਸੀਂ ਗਿਆਨ ਗੁਰੂ ਦੀ, ਅਤੇ ਆਮ ਜੀਵਨ 'ਚ "ਸੁਣਨ-ਪੜ੍ਹਨ-ਮੰਨਣ" ਦੀ ਆਦਤ ਪਾਵਾਂਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top