Share on Facebook

Main News Page

ਐਸ.ਪੀ. ਸਲਵਿੰਦਰ ਸਿੰਘ ਤੋਂ ਲੰਮੀ ਤਫ਼ਤੀਸ਼ ਦੌਰਾਨ ਤਸਕਰਾਂ, ਪੁਲੀਸ ਤੇ ਸਿਆਸਤਦਾਨਾਂ ਵਿਚਾਲੇ ਗਠਜੋੜ ਬੇਪਰਦ ਹੋਣ ਦੇ ਆਸਾਰ

ਪੰਜਾਬ ਪੁਲੀਸ ਦੇ ਐਸਪੀ ਸਲਵਿੰਦਰ ਸਿੰਘ ਤੋਂ ਪਠਾਨਕੋਟ ਅਤਿਵਾਦੀ ਹਮਲੇ ਸਬੰਧੀ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਕੀਤੀ ਜਾ ਰਹੀ ਲੰਮੀ ਤਫ਼ਤੀਸ਼ ਕਾਰਨ ਰਾਜ ਸਰਕਾਰ ਅਤੇ ਪੁਲੀਸ ਦੀ ਨਮੋਸ਼ੀ ਵਧਦੀ ਜਾ ਰਹੀ ਹੈ। ਪੁਲੀਸ ਅਤੇ ਸਰਕਾਰ ਵਿਚਲੇ ਉੱਚ ਪੱਧਰੀ ਸੂਤਰਾਂ ਦਾ ਦੱਸਣਾ ਹੈ ਕਿ ਇਸ ਪੁਲੀਸ ਅਫ਼ਸਰ ਤੋਂ ਕੀਤੀ ਗਈ ਤਫ਼ਤੀਸ਼ ਦੌਰਾਨ ਤਸਕਰਾਂ, ਪੁਲੀਸ ਅਤੇ ਸਿਆਸਤਦਾਨਾਂ ਵਿਚਲੇ ਗਠਜੋੜ ਦੇ ਬੇਪਰਦ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ।

ਉਧਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ਪੁਲੀਸ ਦੇ ਖ਼ੁਫੀਆ ਵਿੰਗ ਦੀ ਕਾਰਗੁਜ਼ਾਰੀ ਤੋਂ ਮਾਯੂਸ ਹਨ। ਉਪ ਮੁੱਖ ਮੰਤਰੀ ਨੇ ਖ਼ੁਫੀਆ ਵਿੰਗ ਪ੍ਰਤੀ ਨਾਖੁਸ਼ੀ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨਾਲ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਸੀਆਈਡੀ ਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਹੁੰਦੀ। ਗ੍ਰਹਿ ਮੰਤਰੀ ਦੀ ਗੱਲ ਸੁਣ ਕੇ ਸਾਰੇ ਦੰਗ ਰਹਿ ਗਏ।

ਸੂਤਰਾਂ ਮੁਤਾਬਕ ਇੰਟੈਲੀਜੈਂਸ ਬਿਊਰੋ (ਆਈਬੀ) ਅਤੇ ਐਨਆਈਏ ਦੇ ਅਫ਼ਸਰਾਂ ਨੇ ਰਾਜ ਸਰਕਾਰ ਦੇ ਵੱਡੇ ਅਧਿਕਾਰੀਆਂ ਨਾਲ ਕੁਝ ਅਜਿਹੀ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਨਾਲ ਸਰਕਾਰ ਦੀ ਸਿਰਦਰਦੀ ਵਧਣ ਦੇ ਸੰਕੇਤ ਵੀ ਦਿੱਤੇ ਗਏ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੌਮਾਂਤਰੀ ਸਰਹੱਦ ‘ਤੇ ਚੌਕਸੀ ਵਰਤਣ ਲਈ ਕੇਂਦਰ ਮੂਹਰੇ ਦੁਹਾਈ ਪਾਉਣ ਨੂੰ ਸਰਕਾਰ ਦੀ ਵਧ ਰਹੀ ਸਿਰਦਰਦੀ ਦੇ ਨਜ਼ਰੀਏ ਤੋਂ ਹੀ ਦੇਖਿਆ ਜਾ ਰਿਹਾ ਹੈ। ਰੌਚਕ ਤੱਥ ਇਹ ਵੀ ਹੈ ਕਿ ਜਦੋਂ ਕਦੇ ਪੰਜਾਬ ਦੇ ਸਿਆਸਦਾਨਾਂ ਜਾਂ ਪੁਲੀਸ ਅਫ਼ਸਰਾਂ ‘ਤੇ ਸ਼ੱਕ ਦੀ ਉਂਗਲ ਉਠਦੀ ਹੈ ਤਾਂ ਸਰਕਾਰ ਵੱਲੋਂ ਸਰਹੱਦ ‘ਤੇ ਤਾਇਨਾਤ ਬਾਰਡਰ ਸਕਿਉਰਿਟੀ ਫੋਰਸ (ਬੀਐਸਐਫ) ‘ਤੇ ਨਿਸ਼ਾਨਾ ਸੇਧਿਆ ਜਾਂਦਾ ਹੈ। ਇੱਕ ਸਾਲ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ‘ਨਸ਼ੇ ਵਿਰੁੱਧ ਜਾਗਰੂਕਤਾ’ ਦੇ ਬਹਾਨੇ ਬੀਐਸਐਫ ਨੂੰ ਜਗਾਉਣ ਲਈ ਰੈਲੀ ਕੀਤੀ ਸੀ।

ਪਠਾਨਕੋਟ ਹਮਲੇ ਤੋਂ ਬਾਅਦ ਜਾਂਚ ਦੇ ਪਹਿਲੂਆਂ ਸਬੰਧੀ ਕੇਂਦਰੀ ਏਜੰਸੀਆਂ ਨਾਲ ਰਾਬਤਾ ਕਾਇਮ ਰੱਖਣ ਵਾਲੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਸਮੇਂ ਪੰਜਾਬ ਪੁਲੀਸ ਤੇ ਰਾਜ ਸਰਕਾਰ ਦੀ ਭਰੋਸੇਯੋਗਤਾ ਵੀ ਦਾਅ ‘ਤੇ ਲੱਗੀ ਹੋਈ ਹੈ। ਇੱਕ ਸੀਨੀਅਰ ਅਧਿਕਾਰੀ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਜੇਕਰ ਸਲਵਿੰਦਰ ਸਿੰਘ ਤੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਕੌਮਾਂਤਰੀ ਤਸਕਰਾਂ, ਪੁਲੀਸ ਅਤੇ ਸਿਆਸਤਦਾਨਾਂ ਦੇ ਗਠਜੋੜ ਦਾ ਭਾਂਡਾ ਭੱਜ ਗਿਆ ਤਾਂ ਪੁਲੀਸ ਦੇ ਕਈ ਅਧਿਕਾਰੀ ਤੇ ਕਈ ਸਿਆਸਤਦਾਨਾਂ ਦੇ ਚਿਹਰਿਆਂ ਤੋਂ ਨਕਾਬ ਉਤਰ ਜਾਵੇਗਾ, ਜੋ ਸਰਕਾਰ ਲਈ ਵੀ ਬਹੁਤ ਵੱਡਾ ਸੰਕਟ ਹੋਵੇਗਾ।

ਪੰਜਾਬ ਪੁਲੀਸ ਅਤੇ ਖ਼ੁਫੀਆ ਵਿੰਗ ਦੇ ਅਧਿਕਾਰੀਆਂ ਨੇ ਅਧਿਕਾਰਤ ਤੌਰ ‘ਤੇ ਕੁਝ ਵੀ ਕਹਿਣ ਤੋਂ ਕਿਨਾਰਾ ਹੀ ਕਰ ਲਿਆ ਹੈ ਹਾਲਾਂਕਿ ਕੌਮੀ ਏਜੰਸੀਆਂ ਵੱਲੋਂ ਸਲਵਿੰਦਰ ਸਿੰਘ ਦੀ ਪੁੱਛਗਿੱਛ ਦੌਰਾਨ ਹੋ ਰਹੇ ਸ਼ੱਕੀ ਖੁਲਾਸਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਸਲਵਿੰਦਰ ਸਿੰਘ ਦੇ ਸ਼ੱਕੀ ਬਿਆਨਾਂ ਕਾਰਨ ਐਨ.ਆਈ.ਏ ਦਾ ਸ਼ੱਕ ਹੋਰ ਵੀ ਵਧਦਾ ਜਾ ਰਿਹਾ ਹੈ ਤੇ ਇਸ ਲਈ ਉਸ ਦਾ ਲਾਈ ਡਿਟੈਕਟਰ ਟੈਸਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਪੁਲੀਸ ਅਫ਼ਸਰ ਦਾ ਰਸੋਈਆ ਮਦਨ ਗੋਪਾਲ ਅਤੇ ਮਜ਼ਾਰ ਦੇ ਸੇਵਾਦਾਰ ਦੇ ਬਿਆਨ ਵੀ ਆਪਸ ਵਿੱਚ ਮੇਲ ਨਾ ਖਾਂਦੇ ਹੋਣ ਕਾਰਨ ਸਾਰਾ ਮਾਮਲਾ ਗੁੰਝਲਦਾਰ ਬਣਦਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਤਾਇਨਾਤ ਪੁਲੀਸ ਅਫ਼ਸਰਾਂ ਤੇ ਸਰਹੱਦੀ ਖੇਤਰ ਦੇ ਸਿਆਸਤਦਾਨਾਂ ਦੇ ਤਸਕਰਾਂ ਨਾਲ ਸਬੰਧ ਹੋਣ ਦੀ ਗੱਲ ਕਈ ਵਾਰੀ ਉੱਠੀ ਹੈ। ਇਸ ਵਾਰੀ ਮਾਮਲਾ ਫਿਦਾਇਨਾਂ ਨਾਲ ਜੁੜਨ ਕਾਰਨ ਕੇਂਦਰ ਸਰਕਾਰ ਕੁਝ ਜ਼ਿਆਦਾ ਗੰਭੀਰ ਹੈ। ਪੰਜਾਬ ਪੁਲੀਸ ਦੇ ਸੀਨੀਅਰ ਅਫ਼ਸਰਾਂ ਖਾਸਕਰ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਐਸਪੀ ਸਲਵਿੰਦਰ ਸਿੰਘ ਨੂੰ ਦਿੱਤੀ ‘ਕਲੀਨ ਚਿਟ’ ਨੂੰ ਵੀ ਸਰਕਾਰੀ ਹਲਕਿਆਂ ਵੱਲੋਂ ਗ਼ਲਤ ਫ਼ੈਸਲਾ ਕਰਾਰ ਦਿੱਤਾ ਜਾ ਰਿਹਾ ਹੈ। ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਦਾ ਕਹਿਣਾ ਹੈ ਕਿ ਜਾਂਚ ਏਜੰਸੀ ਦੇ ਅਧਿਕਾਰੀਆਂ ਵੱਲੋਂ ਪਠਾਨਕੋਟ ਘਟਨਾ ਦੀ ਜਾਂਚ ਸਬੰਧੀ ਪੰਜਾਬ ਪੁਲੀਸ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਬੜਾ ਸੰਵੇਦਨਸ਼ੀਲ ਤੇ ਮੁਲਕ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ ਇਸ ਲਈ ਜਾਂਚ ਏਜੰਸੀ ਤੇ ਪੰਜਾਬ ਪੁਲੀਸ ਦਰਮਿਆਨ ਹੁੰਦੀ ਗੱਲ ਮੀਡੀਆ ਨਾਲ ਸਾਂਝੀ ਨਹੀਂ ਕੀਤੀ ਜਾ ਸਕਦੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top