Share on Facebook

Main News Page

ਕਿਉਂ ਹੁੰਦੀ ਹੈ ਵਿਦੇਸ਼ੀ ਗੁਰਦਵਾਰਿਆਂ ਵਿੱਚ ਲੜਾਈ
-: ਦਲਜੀਤ ਸਿੰਘ ਇੰਡਿਆਨਾ

ਅੱਜ ਕਲ ਵਿਦੇਸ਼ਾਂ ਵਿਚ ਕੋਈ ਅਜਿਹਾ ਹਫਤਾ ਨਹੀਂ ਹੁੰਦਾ, ਜਿਸ ਦਿਨ ਕਿਸੇ ਨਾ ਕਿਸੇ ਗੁਰਦਵਾਰੇ ਵਿਚ ਲੜਾਈ ਨਾ ਹੋਵੇ। ਜੇਕਰ ਲੜਾਈ ਨਹੀਂ ਤਾਂ, ਤੂ ਤੂ ਮੈਂ ਮੈਂ ਤਾਂ ਆਮ ਜਿਹੀ ਗੱਲ ਹੋਈ ਪਈ ਹੈ। ਇਹਨਾ ਲੜਾਈਆਂ ਪਿਛੇ ਸੰਗਤਾਂ ਦਾ ਕੋਈ ਹਥ ਨਹੀਂ ਹੁੰਦਾ, ਇਹ ਲੜਾਈਆਂ ਕਰਵਾਉਣ ਦੇ ਜੁੰਮੇਵਾਰ ਕੁੱਝ ਕੁ ਬੰਦੇ ਹੁੰਦੇ ਹਨ, ਜੇਕਰ ਇਹਨਾਂ ਨੂੰ ਕਾਂਗਿਆਰੀ ਆਖ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਹਰ ਗੁਰਦਵਾਰਾ ਸਾਹਿਬ ਵਿੱਚ ਪੰਜ ਛੇ ਕੁ ਅਜਿਹੇ ਬੰਦੇ ਹੁੰਦੇ ਹਨ, ਜਿਹੜੇ ਕਿਸੇ ਨਾ ਕਿਸੇ ਤਰਾਂ ਬੱਸ ਛਿਜੜੀ ਛੇੜੀ ਰੱਖਦੇ ਹਨ। ਤੁਸੀਂ ਆਪੋ ਆਪਣੇ ਗੁਰਦਵਾਰਿਆਂ ਦੇ ਵਿੱਚ ਨਿਗਾਹ ਮਾਰ ਕੇ ਦੇਖ ਸਕਦੇ ਹੋ। ਮੈਂ ਕੁਝ ਕੁ ਕਾਰਨ ਤੁਹਾਡੇ ਨਾਲ ਸਾਂਝੇ ਕਰਨ ਲੱਗਿਆਂ, ਜਿਹੜੇ ਲੜਾਈ ਦੇ ਮੁੱਖ ਕਾਰਨ ਹਨ।

ਸਭ ਤੋਂ ਪਹਿਲਾ ਕਾਰਨ ਗੋਲਕ ਵਿਚ ਚੜਦੀ ਮਾਇਆ ਹੈ, ਜਿਸ ਬਾਰੇ ਪ੍ਰਬੰਧ ਵਿਚੋਂ ਬਾਹਰ ਬੈਠੇ ਸੱਜਣਾਂ ਨੂੰ ਇਹ ਬਹੁਤ ਵੱਡਾ ਭੁਲੇਖਾ ਹੁੰਦਾ, ਕਿ ਜਿਹੜੇ ਆਹ ਕਮੇਟੀ ਵਾਲੇ ਹਨ, ਇਹ ਪਤਾ ਨਹੀਂ ਗੋਲਕ ਦੀ ਮਾਇਆ ਨਾਲ ਕਿੰਨੇ ਕੁ ਆਪਣੇ ਘਰ ਭਰੀ ਜਾਂਦੇ ਹਨ, ਹਾਲਾਂਕਿ ਕਈ ਗੁਰਦਵਾਰਿਆਂ ਦੀਆਂ ਕਿਸ਼ਤਾਂ ਮਸਾਂ ਮੁੜਦੀਆਂ ਹਨ। ਇਸੇ ਭੁਲੇਖੇ ਕਰਕੇ ਅਜਿਹੇ ਵਹਿਮੀ ਲੋਕ ਉਨੀਂ ਦੇਰ ਨਹੀਂ ਟਿਕਦੇ, ਜਿੰਨੀ ਦੇਰ ਕੋਈ ਅਹੁਦਾ ਨਾ ਪ੍ਰਾਪਤ ਕਰ ਲੈਣ।

ਦੂਸਰਾ ਵੱਡਾ ਕਾਰਨ ਚੌਧਰ। ਕਈ ਸੱਜਣ ਜਦੋਂ ਭਾਰਤ ਤੋਂ ਆਉਂਦੇ ਹਨ, ਉਹ ਚੌਧਰ ਵਾਲਾ ਕੀੜਾ ਨਾਲ ਹੀ ਲੈਕੇ ਆਉਂਦੇ ਹਨ। ਇਹ ਨਵੇਂ ਆਉਣ ਵਾਲੇ ਸੱਜਣ ਪੰਜਾਬ ਵਿਚ ਪੰਚਾਇਤ ਮੈਂਬਰ ਜਾ ਨਿੱਕੇ ਮੋਟੇ ਅਹੁਦਿਆਂ 'ਤੇ ਹੁੰਦੇ ਹਨ ਅਤੇ ਇਥੇ ਆਕੇ ਨਾ ਕੋਈ ਪੰਚਾਇਤ ਹੈ ਨਾ ਕੋਈ ਹੋਰ ਸੰਸਥਾ ਹੁੰਦੀ ਹੈ। ਇਹਨਾ ਨੂੰ ਫਿੱਟ ਹੋਣ ਵਾਸਤੇ... ਇਹਨਾ ਆਉਣ ਵਾਲੇ ਚੌਧਰੀਆਂ ਕੋਲ ਫੇਰ ਇਕੋ ਇਕ ਥਾਂ ਹੁੰਦਾ ਗੁਰਦਵਾਰੇ ਦੀ ਕਮੇਟੀ ਵਿਚ ਘੁਸਪੈਠ ਕਰਕੇ, ਮੈਂਬਰੀ ਹਾਸਿਲ ਕਰਨੀ, ਫੇਰ ਕਈ ਸਾਲਾਂ ਤੋਂ ਗੁਰਦਵਾਰੇ ਦਾ ਪ੍ਰਬੰਧ ਚਲਾਉਣ ਵਾਲਿਆਂ ਨੂੰ ਇਹ ਨਵੇਂ ਚੌਧਰੀ ਮੱਤਾਂ ਦਿੰਦੇ ਨੇ ਤੇ ਫੇਰ ਹੋ ਜਾਂਦੀ ਹੈ ਲੜਾਈ ਸ਼ੁਰੂ, ਫੇਰ ਨਵੇਂ ਆਏ ਚੌਧਰੀ ਪੁਰਾਣੇ ਪ੍ਰਬੰਧਕਾਂ ਨੂੰ ਕੱਢਣ ਵਾਸਤੇ ਲਾ ਦਿੰਦੇ ਨੇ ਮੋਰਚਾ, ਤੇ ਹੋ ਜਾਂਦੀ ਹੈ ਲੜਾਈ ਸ਼ੁਰੂ।

ਤੀਜਾ ਵਿਦੇਸ਼ੀ ਗੁਰਦਵਾਰਿਆਂ ਵਿੱਚ ਲੜਾਈ ਦਾ ਕਾਰਨ ਗੁਰਦਵਾਰੇ ਵਿਚ ਆਪੋ ਆਪਣੀ ਮੱਤ ਚਲਾਉਣੀ ਤੇ ਆਪਣੀ ਜਿੱਦ ਪਗਾਉਣੀ। ਇਥੇ ਵਿਦੇਸ਼ਾਂ ਦੇ ਵਿਚ ਇੱਕ ਸ਼ਹਿਰ ਦੇ ਗੁਰਦਵਾਰੇ ਵਿਚ ਅਲਗ ਅਲਗ ਇਲਾਕੇ ਦੇ ਪੰਜਾਬ ਦੇ ਵੱਖ ਵੱਖ ਜਿਲਿਆਂ ਵਿਚੋਂ ਲੋਕ ਆਕੇ ਵਸੇ ਨੇ, ਹਰ ਤੀਜਾ ਬੰਦਾ ਪੰਜਾਬ ਵਿੱਚ ਕਿਸੇ ਨਾ ਕਿਸੇ ਸਾਧ ਚੇਲਾ ਰਿਹਾ ਹੁੰਦਾ ਜਾਂ ਕਿਸੇ ਨਾ ਕਿਸੇ ਸੰਪਰਦਾ ਨਾਲ ਜੁੜਿਆ ਹੁੰਦਾ ਹੈ। ਉਹ ਜਦੋਂ ਇਥੇ ਦੇ ਗੁਰਦਵਾਰਾ ਸਾਹਿਬ ਵਿੱਚ ਆਉਂਦਾ ਹੈ, ਤਾਂ ਉਹ ਚਾਹੁੰਦਾ ਗੁਰਦਵਾਰੇ ਵਿਚ ਜਿਹੜੀ ਮਰਿਆਦਾ, ਉਹ ਹੁਣ ਮੇਰੇ ਮੁਤਾਬਕ ਚੱਲੇ, ਜਿਹੜੇ ਬਾਬਾ ਜੀ ਕੋਲ ਅਸੀਂ ਜਾਂਦੇ ਹੁੰਦੇ ਸੀ, ਉਹ ਤਾਂ ਕਹਿੰਦੇ ਜੋਤ ਨਹੀਂ ਬੁਝਣ ਦੇਣੀ, ਅਰਦਾਸ ਵੇਲੇ "ਲਾਵੋ ਭੋਗ ਹਰ ਰਾਇ" ਕਹਿਣਾ, ਕੁੰਭ ਜ਼ਰੂਰ ਰੱਖਣਾ ਹੈ। ਜੇਕਰ ਗੁਰਦਵਾਰੇ ਵਿਚ ਕੋਈ ਸੂਝਵਾਨ ਵਿਅਕਤੀ ਇਹਨਾ ਮਨ ਮਤੀਆਂ ਨੂੰ ਸਮਝਾਉਣ ਦੀ ਕੋਸਿਸ਼ ਕਰੇ, ਤਾਂ ਉਸ ਉੱਪਰ ਮਿਸ਼ਨਰੀ ਦਾ ਠੱਪਾ ਲਾਕੇ ਲਾਲਾ ਲਾਲਾ ਕਰਕੇ ਪੈ ਜਾਂਦੇ ਨੇ। ਬਹੁਤੇ ਗੁਰਦਵਾਰਿਆਂ ਵਿੱਚ ਲੜਾਈ ਮਨਮਤ ਫਲਾਉਣ ਵਾਲਿਆਂ ਵਲੋਂ ਕਰਵਾਈ ਜਾਂਦੀ ਹੈ।

ਚੌਥਾ ਲੜਾਈ ਦਾ ਵੱਡਾ ਕਾਰਨ ਵਿਦੇਸੀ ਗੁਰਦਵਾਰਿਆਂ ਵਿਚ "ਦਸਮ ਗਰੰਥ" ਦਾ ਹੈ। ਕਈ ਵੀਰ ਭੈਣ ਪੰਜਾਬ ਵਿੱਚ ਅਜਿਹੀਆਂ ਸ੍ਪਰਦਾ ਜਾ ਡੇਰਿਆਂ ਨਾਲ ਜੁੜੇ ਹੁੰਦੇ ਹਨ, ਜਿਥੇ ਦਸਮ ਗਰੰਥ ਭਾਵ ਬਚਿੱਤਰ ਨਾਟਕ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤਾ ਹੋਇਆ ਹੈ। ਜਦੋਂ ਅਜਿਹੀਆਂ ਸੰਸਥਾ ਨਾਲ ਜੁੜੇ ਲੋਕ ਗੁਰਦਵਾਰਿਆਂ ਦੀਆਂ ਕਮੇਟੀਆਂ ਵਿਚ ਘੁਸਪੈਠ ਕਰਕੇ ਵਿਦੇਸੀ ਗੁਰਦਵਾਰਿਆਂ ਵਿੱਚ ਵੀ ਦਸਮ ਗਰੰਥ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਜਿਹੜੇ ਦਸਮ ਗਰੰਥ ਨੂੰ ਨਹੀਂ ਮੰਨਦੇ ਜਾਂ ਜਿਹੜੇ ਗੁਰਦਵਾਰਿਆਂ ਵਿੱਚ ਅਕਾਲ ਤਖ਼ਤ ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਲਾਗੂ ਹੈ, ਉਥੇ ਜੇਕਰ ਕੋਈ ਵਿਅਕਤੀ ਇਹਨਾ ਨੂੰ ਸਮਝਾਉਣ ਦੀ ਕੋਸ਼ਿਸ ਕਰੇ ਕਿ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਵਿੱਚ ਲਿੱਖਿਆ ਹੈ, ਕਿ ਸੰਗਤ ਵਿਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੀ ਹੋ ਸਕਦਾ ਹੈ, ਤਾਂ ਅਜਿਹੇ ਸੱਜਣ ਝੱਟ ਦੇਣੇ ਕਹਿਣਗੇ... ਲੈ ਸਾਡੇ ਬਾਬਾ ਜੀ ਤਾਂ ਕਹਿਦੇ ਹੁੰਦੇ ਸੀ ਦਸਮ ਦੀ ਬਾਣੀ ਤੋਂ ਬਿਨਾ ਵੀਰ ਰਸ ਹੀ ਨਹੀਂ ਆਉਂਦਾ। ਫੇਰ ਇਸ ਤੋਂ ਹੋ ਜਾਂਦਾ ਝਗੜਾ ਤੇ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਨ ਵਾਲੇ ਵੀਰ 'ਤੇ ਝੱਟ ਦੇਣੇ ਪੰਥ ਦੋਖੀ 'ਤੇ ਮਿਸ਼ਨਰੀ ਦਾ ਲੇਬਲ ਲਾ ਦਿੰਦੇ ਨੇ ਅਜਿਹੇ ਲੋਕ... ਇਹ ਵੀ ਇਕ ਬਹੁਤ ਵੱਡਾ ਕਾਰਨ ਹੈ ਸਾਡੇ ਵਲੋਂ ਅਕਾਲ ਤਖਤ ਦੀ ਮਰਿਆਦਾ ਨਾ ਮੰਨਣੀ ਤੇ ਸਿਰਫ ਆਪਣੀ ਹੀ ਪੁਗਾਉਣੀ। ਗੁਰੂ ਦੀ ਨਹੀਂ ਮਨਣੀ, ਕਿਸੇ ਸਾਧ ਦੀ ਮੰਨ ਕੇ ਗੁਰਦਵਾਰੇ ਵਿੱਚ ਕਲੇਸ਼ ਪਵਾ ਦਿੰਦੇ ਨੇ ਅਜਿਹੇ ਘੜਮ ਚੌਧਰੀ

ਪੰਜਵਾ ਵੱਡਾ ਕਾਰਨ ਵਿਦੇਸ਼ੀ ਗੁਰਦਵਾਰਿਆਂ ਵਿੱਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਚਮਚਿਆਂ ਵਲੋਂ ਗੁਰਦਵਾਰਿਆਂ ਦੀਆਂ ਕਮੇਟੀਆਂ ਵਿਚ ਘੁਸਪੈਠ ਕਰਨੀ ਅਤੇ ਜਦੋਂ ਇਹਨਾਂ ਪਾਰਟੀਆਂ ਦੇ ਕਰਿੰਦੇ ਅਸਿਧੇ ਢੰਗ ਨਾਲ ਗੁਰਦਵਾਰਿਆਂ ਵਿੱਚ ਆਪਣੇ ਆਕਾਵਾਂ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਵਿਦੇਸ਼ੀ ਦੌਰੇ 'ਤੇ ਆਏ ਆਪਣੇ ਚਹੇਤੇ ਲੀਡਰ ਨੂੰ ਆਪਣੇ ਗੁਰਦਵਾਰਾ ਸਾਹਿਬ ਵਿੱਚ ਬੋਲਣ ਵਾਸਤੇ ਸਟੇਜ ਮੁਹਈਆ ਕਰਵਾਉਣ ਦੀ ਕੋਸ਼ਿਸ ਕਰਦੇ ਤੇ ਫੇਰ ਪੈਂਦਾ ਹੈ ਕਲੇਸ਼।

ਛੇਵਾਂ ਵੱਡਾ ਕਾਰਨ ਬਹੁਤੇ ਗੁਰਦਵਾਰਿਆਂ ਦੇ ਪ੍ਰਬੰਧਕ ਗੁਰਮਤ ਪੱਖੋਂ ਬਿਲਕੁਲ ਕੋਰੇ ਹਨ। ਕਈਆਂ ਨੇ ਤੇ ਸਿੱਖ ਰਹਿਤ ਮਰਿਆਦਾ ਵੀ ਨਹੀਂ ਪੜੀ ਹੋਈ, ਬੱਸ ਵੱਡਾ ਦਾਹੜਾ ਸਜਾ ਕੇ ਇਕ ਵੱਡੀ ਕਿਰਪਾਨ ਪਾਕੇ ਬਸ ਬਣ ਜਾਂਦੇ ਨੇ ਗੁਰਦਵਾਰੇ ਦੇ ਚੌਧਰੀ। ਆਪਣੇ ਆਪ ਨੂੰ ਇਹਨਾਂ ਨੂੰ ਗੁਰਮਤਿ ਦਾ ਓ ਅ ਵੀ ਨਹੀਂ ਆਉਂਦਾ। ਇਸ ਕਰਕੇ ਪ੍ਰਚਾਰ ਵਾਸਤੇ ਬਾਹਰੋਂ ਪ੍ਰਚਾਰਕ ਬ੍ਲਾਉਣੇ ਪੈਂਦੇ ਨੇ, ਜਿਹਨਾ ਨੂੰ ਅੰਗ੍ਰੇਜੀ ਨਹੀਂ ਆਉਂਦੀ, ਉਨ੍ਹਾਂ ਦੀ ਪੰਜਾਬੀ ਵਾਲੀ ਕਥਾ ਪੰਜਾਬ ਤੋਂ ਆਏ ਲੋਕਾਂ ਨੂੰ ਤਾਂ ਸਮਝ ਆ ਜਾਂਦੀ ਹੈ, ਪਰ ਇਥੇ ਨੇ ਬੱਚਿਆਂ ਨੂੰ ਕੁੱਝ ਪਤਾ ਨਹੀ ਲੱਗਦਾ। ਇਸ ਕਰਕੇ ਇਥੇ ਦਾ ਨੌਜਵਾਨ ਗੁਰਦਵਾਰਿਆਂ ਤੋਂ ਦੂਰ ਹੋ ਗਿਆ ਹੇ, ਕਿਉਂਕਿ ਸਾਡੇ ਕੋਲ ਉਨ੍ਹਾਂ ਦੇ ਮਿਆਰ ਦਾ ਪ੍ਰਚਾਰ ਨਹੀਂ, ਅਸੀਂ ਤਾਂ ਸਿਰਫ ਅਹੁਦਿਆਂ ਪਿਛੇ ਭੱਜੇ ਫਿਰਦੇ ਹਾਂ।

ਸੱਤਵਾਂ ਕਾਰਨ ਲੱਤਾ ਖਿੱਚੂ ਬੰਦੇ, ਜਿਹੜੇ ਜਦੋਂ ਕਮੇਟੀ ਵਿੱਚ ਹੋਣ ਕੁਸ੍ਕਦੇ ਨਹੀਂ, ਜਦੋਂ ਕਮੇਟੀ ਤੋਂ ਬਾਹਰ ਹੁੰਦੇ ਹਨ, ਉਦੋਂ ਮੋਜੂਦਾ ਕਮੇਟੀ ਨੂੰ ਕਮ ਨਹੀਂ ਕਰਨ ਦਿੰਦੇ, ਸਿਰਫ ਲੱਤਾਂ ਖਿਚਦੇ ਨੇ, ਤੇ ਸੰਗਤ ਨੂੰ ਇਧਰ ਓਧਰ ਦੀਆਂ ਉਂਗਲਾਂ ਲਗਾ ਕੇ ਕਮੇਟੀ ਨਾਲ ਲੜਾ ਕੇ, ਆਪ ਪਾਸੇ ਹੋ ਜਾਂਦੇ ਨੇ। ਜਦੋਂ ਇੱਕ ਮਸਲਾ ਸੁਲਝ ਜਾਵੇ, ਫੇਰ ਹੋਰ ਕੋਈ ਮੁੱਦਾ ਸੰਗਤ ਵਿਚ ਫੈਲਾ ਦਿੰਦੇ ਨੇ। ਅਜਿਹੇ ਉਂਗਲ ਲਾਊ ਗੁਰਦਵਾਰੇ ਦੇ ਲੰਗਰ ਵਿੱਚ ਜਾ ਕਿਸੇ ਕੋਣੇ 'ਤੇ ਖੜੇ ਲੋਕਾਂ ਦੇ ਕੰਨ ਭਰਦੇ ਆਮ ਹੀ ਦੇਖੇ ਜਾ ਸਕਦੇ ਹਨ।

ਸੋ ਸਾਨੂ ਅਜਿਹੀਆਂ ਕਾਂਗਿਆਰੀਆਂ ਤੋਂ ਸੁਚੇਤ ਹੋਣ ਦੀ ਲੋੜ ਹੈ। ਜੇਕਰ ਗੁਰਦਵਾਰਿਆਂ ਵਿੱਚ ਲੜਾਈ ਤੋਂ ਬਚਣਾ ਹੈ, ਤਾਂ ਸੰਗਤਾਂ ਅਜਿਹੇ ਅਨਸਰਾਂ ਤੋਂ ਸੁਚੇਤ ਹੋਣ ਅਤੇ ਸੰਗਤਾਂ ਵੱਧ ਤੋਂ ਵੱਧ ਗੁਰਬਾਣੀ ਆਪ ਪੜਨ ਅਤੇ ਗੁਰਮਤਿ ਦੀਆਂ ਧਾਰਨੀ ਹੋਣ ਤਾਂ ਹੀ ਅਜਿਹੇ ਮਨਮਤੀ ਲੜਾਈ ਪਵਾਉਣ ਵਾਲੇ ਅਨਸਰਾਂ ਨੂੰ ਠਲ ਪਾਈ ਜਾ ਸਕਦੀ ਹੈ। ਜਿਥੇ ਅਸੀਂ ਅਮਰੀਕਾ ਵਰਗੇ ਦੇਸ਼ਾਂ ਵਿੱਚ ਆਪਣੀ ਪਹਿਚਾਨ ਦੀ ਲੜਾਈ ਲੜ ਰਹੇ ਹਾਂ। ਉਥੇ ਅਜਿਹੇ ਅਨਸਰ ਗੁਰਦਵਾਰਿਆਂ ਵਿੱਚ ਲੜਾਈ ਕਰਵਾ ਕੇ ਦੁਨੀਆਂ ਭਰ ਵਿੱਚ ਸਿੱਖਾਂ ਦੀ ਬਦਨਾਮੀ ਕਰਵਾ ਦਿੰਦੇ ਹਨ...

ਗੱਲਾਂ ਤਾਂ ਹੋਰ ਵੀ ਬਹੁਤ ਨੇ, ਫੇਰ ਕਦੇ ਸਹੀ, ਹੁਣ ਲੇਖ ਵੱਡਾ ਹੋ ਜਾਣਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁDisclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top