Share on Facebook

Main News Page

ਰਾਗਮਾਲਾ ਗੁਰਬਾਣੀ ਨਹੀਂ
-: ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

ਗੁਰੂ ਗਰੰਥ ਸਾਹਿਬ ਜੀ ਸਿੱਖਾਂ ਦੇ ਸ਼ਬਦ-ਗੁਰੂ ਹਨ। ਅਸੀਂ ਸਾਰੇ ਹੀ ਪੜ੍ਹਦੇ-ਸੁਣਦੇ ਆ ਰਹੇ ਹਾਂ ਕਿ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਸਾਹਿਬਾਨ, ਭਗਤਾਂ ਅਤੇ ਗੁਰਸਿੱਖਾਂ ਦੀ ਬਾਣੀ ਨੂੰ ਇੱਕਠਿਆ ਕਰਕੇ ਇਕ ਗਰੰਥ ਸਰੂਪ ਬੀੜ ਵਿਚ ਅੰਕਿਤ ਕੀਤਾ। ਇਸ ਤਰ੍ਹਾਂ, “ਗੁਰਬਾਣੀ”: ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਤੋਂ ਆਰੰਭ ਕਰਕੇ, “ਮੁੰਦਾਵਣੀ” ਸਲੋਕ ਮਹਲਾ 5 ॥ ਦੀ ਆਖੀਰਲੀ ਤੁੱਕ, ...ਨਾਨਕ ਨਾਮੁ ਮਿਲੈ ਤਾ ਜੀਵਾ ਤਨੁ ਮਨੁ ਥੀਵੈ ਹਰਿਆ ॥1॥ ‘ਤੇ ਸਮਾਪਤ ਕੀਤਾ (ਪੰਨਾ 1429)।

ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਮਦਮਾ ਸਾਹਿਬ ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਹੀ ਰਾਗਾਂ ਅਨੁਸਾਰ ਅੰਕਿਤ ਕੀਤਾ। ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਇਕੱਤੀ (31) ਰਾਗਾਂ ਵਿਚ ਹੈ, ਜਿਨ੍ਹਾਂ ਦਾ ਵੇਰਵਾਂ ਇਸ ਤਰ੍ਹਾਂ ਹੈ :

1. ਸਿਰੀ ਰਾਗੁ (14-93), 2. ਮਾਝ (94-150), 3. ਗਉੜੀ (151-346), 4. ਆਸਾ (347-488), 5. ਗੂਜਰੀ (489-526),
6. ਦੇਵ ਗੰਧਾਰੀ (527-536), 7. ਬਿਹਾਗੜਾ (537-556), 8. ਵਡਹੰਸੁ (557 - 594), 9. ਸੋਰਠਿ (595-659), 10. ਧਨਾਸਰੀ (660-695),
11. ਜੈਤਸਰੀ (696-710), 12. ਟੋਡੀ (711-718), 13. ਬੈਰਾੜੀ (719-720), 14. ਤਿਲੰਗ (721-727), 15. ਸੂਹੀ (728-794),
16. ਬਿਲਾਵਲੁ (795-858), 17. ਗੌਡ (859-875), 18. ਰਾਮਕਲੀ (876-974), 19. ਨਟ ਨਾਰਾਇਨ (975-983), 20. ਮਾਲੀ ਗਉੜਾ (984-988),
21. ਮਾਰੂ (989-1106), 22. ਤੁਖਾਰੀ (1107 - 1117), 23. ਕੇਦਾਰਾ (1118-1124), 24. ਭੈਰਉ (1125-1167), 25. ਬਸੰਤ (1168-1196),
26. ਸਾਰੰਗ (1197-1253), 27. ਮਲਾਰ (1254-1293), 28. ਕਾਨੜਾ (1294-1318), 29. ਕਲਿਆਣ (1319-1326), 30. ਪ੍ਰਭਾਤੀ (1327-1351)
ਅਤੇ 31. ਜੈਜਾਵੰਤੀ (1352-1353)

ਗੁਰੂ ਗਰੰਥ ਸਾਹਿਬ ਦੀਆਂ ਬੀੜਾਂ ਵਿਚ “ਮੁੰਦਾਵਣੀ” ਤੋਂ ਬਾਅਦ ‘ਰਾਗ ਮਾਲਾ’ 1429-1430 ਪੰਨੇ ‘ਤੇ ਲਿਖੀ ਹੋਈ ਹੈ, ਜਿਸ ਦੀ ਆਖੀਰਲੀ ਲਾਈਨ ਇੰਜ ਹੈ : “ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥1॥1॥”

Accordingly, at the last page of “SRI GURU GRANTH SAHIB” (Punjabi & English) Vol. 8, Translated by Advocate Manmohan Singh and published by SGPC, Amritsar - (Fourth Edition 1996) it is mentioned as under  :

(6) ਰਾਗ, (30) ਪਤਨੀਆਂ ਅਤੇ (48) ਪੁੱਤਰਾਂ ਦੇ ਨਾਮ (= 84) ਲਿਖੇ ਹੋਏ ਹਨ :

ਰਾਗ ਪਤਨੀਆਂ ਪੁੱਤਰ
 1. ਭੈਰਉ 1. ਭੈਰਵੀ, 2. ਬਿਲਾਵਲੀ, 3. ਪੁਨਿਆ ਕੀ, 4. ਬੰਗਾਲੀ, 5. ਅਸਲੇਖੀ 1. ਪੰਚਮ, 2. ਹਰਖ, 3. ਦਿਸਾਖ, 4. ਬੰਗਾਲਮ,   5. ਮਧੁ, 6. ਮਾਧਵ, 7. ਲਲਤ, 8. ਬਿਲਾਵਲ
2. ਮਾਲ ਕਉਸਕ 1. ਗੋਡ ਕਰੀ, 2. ਦੇਵਗੰਧਾਰੀ, 3. ਗੰਧਾਰੀ 4. ਸੀਹੁਤੀ, 5. ਧਨਾਸਰੀ 1. ਮਾਰੂ, 2. ਮਸਤਾਂਗ, 3. ਮੇਵਾਰ, 4. ਪ੍ਰਬਲ, 5. ਚੰਡਕਉਸਕ, 6. ਖਉ, 7. ਖਟ, 8. ਭਉਰਾਨਦ
3. ਹਿੰਡੋਲ 1. ਤੇਲੰਗੀ, 2. ਦੇਵਕਰੀ, 3. ਬਸੰਤੀ, 4. ਸੰਦੂਰੀ, 5. ਅਹੀਰੀ 1.ਸੁਰਮਾਨੰਦ, 2.ਭਾਸਕਰ, 3.ਚੰਦਰ ਬਿੰਬ, 4.ਮੰਗਲਨ, 5. ਸਰਸਥਾਨ, 6. ਬਨੋਦ, 7. ਬਸੰਤ, 8. ਕਮੋਦ
4. ਦੀਪਕ 1. ਕਛੇਲੀ, 2. ਪਟਮੰਜਰੀ, 3. ਟੋਡੀ, 4. ਕਾਮੋਦੀ, 5. ਗੂਜਰੀ 1. ਕਾਲੰਕਾ, 2. ਕੁੰਤਲ, 3. ਰਾਮਾ, 4. ਕਮਲਕੁਸਮ, 5.ਚੰਪਕ, 6.ਗਉਰਾ, 7.ਕਾਨੜਾ, 8.ਕਲਿਆਨ
5. ਸਿਰੀ ਰਾਗ 1. ਬੈਰਾਗੀ, 2. ਕਰਨਾਟੀ, 3. ਗਵਰੀ, 4. ਆਸਾਵਰੀ, 5. ਸਿੰਧਵੀ 1. ਸਾਲੂ, 2. ਸਾਰੰਗ, 3. ਸਾਗਰਾ, 4. ਗੌਂਡ, 5. ਗੰਭੀਰ, 6. ਗੁੰਡ, 7. ਕੁੰਭ, 8. ਹਮੀਰ
6. ਮੇਘ 1. ਸੋਰਠਿ, 2. ਗੌਂਡ, 3 ਮਲ੍ਹਾਰੀ, 4. ਆਸਾ, 5. ਸੂਹਉ 1.ਬੈਰਾਧਰ, 2.ਗਜਧਰ, 3.ਕੇਦਾਰਾ, 4.ਜਬਲੀਧਰ,  5. ਨਟ, 6. ਜਲਧਾਰਾ, 7. ਸੰਕਰ, 8. ਸਿਆਮਾ

ਇਹੀ ਵੇਰਵਾ, ਭਾਈ ਕਾਨ੍ਹ ਸਿੰਘ ਨਾਭਾ ਨੇ “ਮਹਾਨ ਕੋਸ਼” ਦੇ ਪੰਨਾ 1028, ਸਿਰਲੇਖ “ਰਾਗਮਾਲਾ” ਹੇਠ ਦਿੱਤਾ ਹੋਇਆ ਹੈ ਅਤੇ ਇਹ ਵੀ ਜਾਣਕਾਰੀ ਮਿਲਦੀ ਹੈ ਕਿ…4. ਮਾਧਵਾਨਲ ਸੰਗੀਤ ਦੇ, ਆਲਮ ਕਵਿ ਕ੍ਰਿਤ, ਹਿੰਦੀ ਅਨੁਵਾਦ ਵਿੱਚੋਂ 63ਵੇਂ ਛੰਦ ਤੋਂ 72ਵੇਂ ਤੀਕ ਦਾ ਪਾਠ, ਜਿਸ ਵਿੱਚ ਛੀ ਰਾਗ, ਉਨ੍ਹਾਂ ਦੀਆਂ ਪੰਜ ਪੰਜ ਰਾਗਿਣੀਆਂ ਅਤੇ ਅੱਠ ਅੱਠ ਪੁਤ੍ਰ ਦੱਸੇ ਹਨ.

“ਗੁਰੁਮਤ ਮਾਰਤੰਡ” (ਭਾਗ ਦੂਜਾ) ਰਚਿਤ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਨਾਭਾ (30-08-1861 ਤੋਂ 23-11-1938), ਪ੍ਰਕਾਸ਼ਕ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਪੰਨਾ 779 ਸਿਰਲੇਖ “ਰਾਗਮਾਲਾ” ਹੇਠ ਲਿਖਦੇ ਹਨ : “ਕਈਆਂ ਦਾ ਵਿਚਾਰ ਹੈ ਕਿ ‘ਰਾਗ ਮਾਲਾ’ ਦੀ ਰਚਨਾ ਗੁਰੂ ਸਾਹਿਬ ਦੀ ਨਹੀਂ, ਜੋ ਕਾਵਯ ਰਚਨਾ ਦੀ ਸ਼ੈਲੀ (ਸ਼ਟੇਲੲ) ਦਾ ਭੇਦ ਜਾਣਦੇ ਹਨ ਉਹ ਬਿਨਾਂ ਕਠਿਨਾਈ ਇਹ ਸਮਝ ਸਕਦੇ ਹਨ । ੴ ਦੇ ਸਿਰਲੇਖ ਹੇਠ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਭੀ ਅਜੇਹੀ ਬਾਣੀ ਨਹੀਂ, ਜਿਸ ਵਿੱਚ ਨਾਨਕ ਨਾਮ ਨਾ ਹੋਵੇ ।”

“ਸਿੱਖ ਰਹਿਤ ਮਰਯਾਦਾ ਖਰੜਾ”: ਸਰਬ ਹਿੰਦ ਸਿੱਖ ਮਿਸ਼ਨ ਬੋਰਡ ਦੇ ਮਤਾ ਨੰ: 1 ਮਿਤੀ 1-8-36 ਅਤੇ ਸ਼੍ਰੋ: ਗੁ: ਪ੍ਰ: ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮਤਾ ਨੰ: 149 ਮਿਤੀ 12-10-36 ਅਨੁਸਾਰ ਪ੍ਰਵਾਨ ਹੋਈ :

ਸਿਰਲੇਖ: “ਭੋਗ” (ੳ) ਸ੍ਰੀ ਗੁਰੂ ਗਰੰਥ ਸਾਹਿਬ ਦੇ ਪਾਠ (ਸਾਧਾਰਣ ਜਾਂ ਅਖੰਡ) ਦਾ ਭੋਗ ਮੁਦਾਵਣੀ ਉਤੇ ਪਾਇਆ ਜਾਵੇ । (ਇਸ ਗਲ ਬਾਬਤ ਪੰਥ ਵਿਚ ਅਜੇ ਤਕ ਮਤ ਭੇਦ ਹੈ, ਇਸ ਲਈ ਰਾਗ ਮਾਲਾ ਤੋਂ ਬਿਨਾਂ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨ ਕਰੇ) ।

ਇਵੇਂ ਹੀ ਦੇਖੋ ਕਿਤਾਬ: “ਪੰਥਕ ਮਤੇ” ਸੰਪਾਦਕ ਡਾਕਟਰ ਕਿਰਪਾਲ ਸਿੰਘ (ਪਹਿਲੀ ਵਾਰ: 2002) ਪੰਨੇ 32-34:

ਧਾਰਮਿਕ ਸਲਾਹਕਾਰ ਕਮੇਟੀ ਦੀ ਤੇਰ੍ਹਵੀਂ ਇਕੱਤਰਤਾ ਮਿਤੀ 7 ਜਨਵਰੀ 1945 ਦੀ ਕਾਰਵਾਈ :

“5. ਰਾਗਮਾਲਾ ਤੇ ਭੋਗ: ਪਰਵਾਨ ਹੋਇਆ ਕਿ ਧਾਰਮਿਕ ਸਲਾਹਕਾਰ ਕਮੇਟੀ ਦੀ ਰਾਏ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਮੁੰਦਾਵਣੀ 'ਤੇ ਪਾਇਆ ਜਾਣਾ ਚਾਹੀਦਾ ਹੈ ਤੇ ਰਾਗਮਾਲਾ ਨਹੀਂ ਪੜਨੀ ਚਾਹੀਦੀ ।”

ਇਸ ਪ੍ਰਥਾਏ ਦੇਖੋ : “ਸਿੱਖ ਰਹਿਤ ਮਰਯਾਦਾ” ਦਾ

ਪੰਨਾ 1: ਧਾਰਮਿਕ ਸਲਾਹਕਾਰ ਕਮੇਟੀ ਦੇ (8) ਸੱਜਣਾਂ ਵਲੋਂ ਕੀ ਫੈਸਲਾ ਲਿਆ ਗਿਆ, ਜਿਸ ਦੀ ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫ਼ਾਰਿਸ਼ ਅਨੁਸਾਰ ਇਸ ਵਿਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਆਪਣੀ ਇੱਕਤ੍ਰਤਾ ਮਿਤੀ 3-2-45 ਦੇ ਮਤਾ ਨੰਬਰ 97 ਰਾਹੀਂ ਦਿੱਤੀ ।

“ਭੋਗ” (ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ । (ਇਸ ਗੱਲ ਬਾਬਤ ਪੰਥ ‘ਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨ ਕਰੇ) ….

12 ਅਕਤੂਬਰ 1936 ਅਤੇ 7 ਜਨਵਰੀ 1945 ਨੂੰ ਇਹ ਫੈਸਲਾ ਲਿਆ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਮੁੰਦਾਵਣੀ ਤੇ ਪਾਇਆ ਜਾਵੇ, ਪਰ ਫਿਰ (27) ਦਿਨਾਂ ਵਿਚ ਕਿਵੇਂ ਇਸ ਨੂੰ ਬਦਲ ਦਿੱਤਾ ਗਿਆ ?

ਕੀ ਇਸ ਦੀ ਪ੍ਰਵਾਨਗੀ ਪੰਜਾਂ ਪਿਆਰਿਆਂ ਨੇ ਦਿੱਤੀ ਸੀ ਅਤੇ ਉਨ੍ਹਾਂ ਦੇ ਨਾਂ ਕਿੳ ਨਹੀਂ ਦਰਜ਼ ਕੀਤੇ ਗਏ ?

ਮੇਰੇ ਜੈਸੇ ਪ੍ਰਾਣੀ ਜਿਸ ਨੂੰ ਗੁਰਬਾਣੀ ਅਤੇ ਰਾਗਾਂ ਬਾਰੇ ਜ਼ਿਆਦਾ ਸੋਝੀ ਨਾ ਵੀ ਹੋਵੇ, ਇਹ ਜ਼ਰੂਰ ਕਹਿ ਸਕਦਾ ਹੈ ਕਿ ਇਕੱਤੀ ਰਾਗਾਂ ਵਿਚੋਂ “ਮਾਝ, ਬਿਹਾਗੜਾ, ਵਡਹੰਸੁ, ਜੈਤਸਰੀ, ਰਾਮਕਲੀ, ਮਾਲੀ ਗਉੜਾ, ਤੁਖਾਰੀ, ਪ੍ਰਭਾਤੀ ਅਤੇ ਜੈਜਾਵੰਤੀ”, 9 - ਨੌ ਰਾਗ {272 ਪੰਨੇ - 20%}, ‘ਰਾਗ ਮਾਲਾ’ ਦੀ ਸੂਚੀ ਵਿਚ ਅੰਕਿਤ ਹੀ ਨਹੀਂ ਕੀਤੇ ਹੋਏ ! ਫਿਰ, ਹਰ ਸਿੱਖ ਦੇ ਮਨ ਵਿਚ ਇਹ ਹੀ ਸ਼ੰਕਾ ਉੱਠਦਾ ਹੈ ਕਿ ਜੇ ਗੁਰੂ ਅਰਜਨ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਗਰਾਨੀ ਹੇਠ ਭਾਈ ਗੁਰਦਾਸ ਜੀ ਜਾਂ ਭਾਈ ਮਨੀ ਸਿੰਘ ਜੀ ਨੇ ‘ਰਾਗ ਮਾਲਾ’ ਅੰਕਿਤ ਕੀਤੀ ਹੁੰਦੀ, ਤਾਂ ਉਹ ਕਿਵੇਂ ਐਸੀ ਭੁੱਲ ਕਰ ਸਕਦੇ ਸਨ ਅਤੇ ਨਾਹ ਹੀ ਕਈ ਐਸੇ ਰਾਗ, ਜਿਹੜੇ ‘ਰਾਗ ਮਾਲਾ’ ਵਿਚ ਲਿਖੇ ਹੋਏ ਹਨ, ਪਰ ਉਹ ਇਕੱਤੀ ਰਾਗਾਂ ਦੀ ਲੜੀ ਵਿਚ ਨਹੀਂ ਆਉਂਦੇ, ਉਨ੍ਹਾਂ ਨੂੰ ਕਿਉਂ ਦਰਜ਼ ਕਰਦੇ ? ਕਿਵੇਂ ਅਸੀਂ ਅਣਜਾਣੇ ਵਿਚ ਜਾਂ ਆਪਣੀ ਮਨਮਤਿ/ਬੇਵਕੂਫੀ ਕਰਕੇ, ਗੁਰੂ ਸਾਹਿਬਾਨ ਦੇ ਨਾਂ ਨਾਲ ਐਸਾ ਪ੍ਰਸ਼ਿਨ ਚਿੰਨ੍ਹ ਲਗਾ ਰਹੇ ਹਾਂ ? ਇਹ ਰਾਗਮਾਲਾ ਕਿਸ ਗੁਰੂ ਸਾਹਿਬ ਨੇ ਉਚਾਰੀ ਅਤੇ ਅੰਕਿਤ ਕਰਵਾਈ, ਕੋਈ ਪਤਾ ਨਹੀਂ ਅਤੇ ਨਾ ਹੀ “ਨਾਨਕ” ਨਾਮ ਨਾਲ ਸਮਾਪਤ ਹੁੰਦੀ ਹੈ ?

“ਸਿੱਖ ਰਹਿਤ ਮਰਯਾਦਾ” ਦੇ ਖਰੜੇ ਦੀ ਪ੍ਰਵਾਨਗੀ ਦੇਣ ਸਮੇਂ (1932-1945) ਤੋਂ ਬਾਅਦ ਇੰਜ ਪ੍ਰਤੀਤ ਹੁੰਦਾ ਹੈ ਕਿ ‘ਰਾਗਮਾਲਾ’ ਦਾ ਮਸਲਾ ਫਿਰ ਸਾਮ੍ਹਣੇ ਆਇਆ ਅਤੇ ਇਸ ਉੱਪਰ ਵੀ ਵੀਚਾਰ ਹੋਈ: ਜਿਸ ਸਦਕਾ 26 ਅਕਤੂਬਰ 1945 ਨੂੰ “ਰਾਗਮਾਲਾ ਦਾ ਸਵਾਲ ਤੇ ਉਸ ਬਾਰੇ ਮਤਾ” ਕਿਤਾਬ: “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜਾਹ ਸਾਲਾ ਇਤਿਹਾਸ” (ਸੰਨ 1926 ਤੋਂ 1976 ਤਕ) ਲੇਖਕ ਸ: ਸ਼ਮਸ਼ੇਰ ਸਿੰਘ ਅਸ਼ੋਕ, ਪ੍ਰਕਾਸ਼ਕ: ਸਿੱਖ ਇਤਿਹਾਸ ਰੀਸਰਚ ਬੋਰਡ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਸ੍ਰੀ ਅੰਮ੍ਰਿਤਸਰ (ਅਪ੍ਰੈਲ 1998, ਪੰਨੇ 234-235) :

“ਸਰਦਾਰ ਅਮਰ ਸਿੰਘ ਜੀ (ਸ਼ੇਰਿ ਪੰਜਾਬ) ਵੱਲੋਂ ਰਾਗ ਮਾਲਾ ਬਾਰੇ ਇਹ ਮਤਾ ਪੇਸ਼ ਕੀਤਾ ਗਿਆ, ਜਿਸ ਸੰਬੰਧੀ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਸੰਨ 1936 ਈ: ਵਿੱਚ ਧਾਰਮਿਕ ਸਲਾਹਕਾਰ ਕਮੇਟੀ ਨੇ ਫੈਸਲਾ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਮੁੰਦਾਵਣੀ ‘ਤੇ ਪਾਇਆ ਜਾਵੇ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਰਾਗਮਾਲਾ ਨੂੰ ਕੱਢਣ ਦਾ ਹੀਆ ਕੋਈ ਨਾ ਕਰੇ । ਇਸ ਫੈਸਲੇ ‘ਤੇ ਕਿਸੇ ਥਾਂ ਅਮਲ ਹੋਇਆ ਅਤੇ ਕਿਸੇ ਥਾਂ ਨਹੀਂ । ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਪੰਜਾ ਸਾਹਿਬ ਵਿੱਚ ਉਦੋਂ ਤੋਂ ਹੀ ਭੋਗ ਮੁੰਦਾਵਣੀ ‘ਤੇ ਪਾਇਆ ਜਾਂਦਾ ਹੈ, ਜਦੋਂ ਤੋਂ ਇਹ ਪਵਿੱਤਰ ਅਸਥਾਨ ਮੁੜ ਪੰਥਕ ਪ੍ਰਬੰਧ ਵਿੱਚ ਆਏ ਹਨ । ਧਾਰਮਿਕ ਸਲਾਹਕਾਰ ਕਮੇਟੀ ਦੇ ਇਕ ਮੈਂਬਰ ਸਾਹਿਬ ਵੱਲੋਂ ਇਹ ਮਾਮਲਾ ਦੁਬਾਰਾ ਵਿਚਾਰ ਹਿਤ ਪੇਸ਼ ਹੋਣ ‘ਤੇ ਇੱਕ ਸਬ-ਕਮੇਟੀ ਪੁਰਾਤਨ ਪਵਿੱਤਰ ਬੀੜਾਂ ਦੇ ਦਰਸ਼ਨ ਕਰ ਕੇ ਰੀਪੋਰਟ ਕਰਨ ਲਈ ਨਿਯਤ ਕੀਤੀ ਗਈ ਹੈ; ਜਦ ਤੱਕ ਕੋਈ ਫ਼ੈਸਲਾ ਨਹੀਂ ਹੁੰਦਾ, ਰਾਗਮਾਲਾ ਸਬੰਧੀ ਸਟੇਟਸ-ਕੋ ਹੀ ਕਾਇਮ ਰਹੇਗਾ ।
ਪਿੱਛੋਂ ਗਿਆਨੀ ਕਰਤਾਰ ਸਿੰਘ ਜੀ ਤਜਵੀਜ਼ ਤੇ ਜਥੇਦਾਰ ਊਧਮ ਸਿੰਘ ਦੀ ਤਾਈਦ ਨਾਲ ਸਰਬ-ਸੰਮਤੀ ਹੋਣ ‘ਤੇ ਪਾਸ ਹੋਇਆ ਕਿ ਜਦ ਤੱਕ ਧਾਰਮਿਕ ਸਲਾਹਕਾਰ ਕਮੇਟੀ ਰਾਗਮਾਲਾ ਬਾਰੇ ਕੋਈ ਫ਼ੈਸਲਾ ਨਾ ਕਰੇ, ਤਦ ਤੱਕ ਪੰਥ ਵਿੱਚ ਵੱਖੋ-ਵੱਖ, ਥਾਵੀਂ ਉਨ੍ਹਾਂ ਦਾ ਉਹੋ ਪੁਰਾਣਾ ਬੰਧੇਜ ਹੀ ਕਾਇਮ ਰਹੇ ਤੇ ਉਸ ਵਿੱਚ ਕੋਈ ਤਬਦੀਲੀ ਨਾ ਕੀਤੀ ਜਾਵੇ । {26-10-1945}

ਕਿਤਾਬ: “ਪੰਥਕ ਮਤੇ” ਸੰਪਾਦਕ ਡਾਕਟਰ ਕਿਰਪਾਲ ਸਿੰਘ (ਪੰਨੇ 40-41): ਧਾਰਮਿਕ ਸਲਾਹਕਾਰ ਕਮੇਟੀ ਦੀ ਸੋਲਵੀਂ ਇਕੱਤਰਤਾ ਮਿਤੀ 25 ਮਾਰਚ 1946 ਦੀ ਕਾਰਵਾਈ:

39. ਰਾਗਮਾਲਾ ਤੇ ਕਰਤਾਰਪੁਰ ਬੀੜ: ਰਾਗਮਾਲਾ ਸਬੰਧੀ ਮਾਮਲਾ ਪੇਸ਼ ਹੋ ਕੇ ਪ੍ਰਵਾਨ ਹੋਇਆ ਕਿ ਕਰਤਾਰਪੁਰ ਸਾਹਿਬ ਵਾਲੀ ਬੀੜ ਦੇ ਮੁੜ ਦਰਸ਼ਨ ਕੀਤੇ ਜਾਣ । ਇਸ ਸਬੰਧ ਵਿਚ 10-4-46 ਨੂੰ ਕਰਤਾਰਪੁਰ ਸਾਹਿਬ ਪੁਜਣ ਲਈ ਹੇਠ ਲਿਖੇ ਸੱਜਣਾਂ ਦੇ ਨਾਮ ਨੀਯਤ ਕੀਤੇ ਗਏ:- 1. ਸਿੰਘ ਸਾਹਿਬ ਜਥੇਦਾਰ ਮੋਹਨ ਸਿੰਘ ਜੀ, 2. ਪ੍ਰਿੰਸੀਪਲ ਜੋਧ ਸਿੰਘ ਜੀ ਐਮ. ਏ., 3. ਪ੍ਰਿੰਸੀਪਲ ਤੇਜਾ ਸਿੰਘ ਜੀ ਐਮ.ਏ., 4. ਬਾਵਾ ਪ੍ਰੇਮ ਸਿੰਘ ਜੀ ਹੋਤੀ।

ਗਿਆਨੀ ਸੁਰਜੀਤ ਸਿੰਘ ਜੀ (ਦਿੱਲੀ) ਆਪਣੀ ਕਿਤਾਬਚਾ: “ਰਾਗਮਾਲਾ ਪੜਚੋਲ” (ਫਰਵਰੀ 2002) ਵਿਚ ਕਾਵਿ ਰਚਨਾ : “ਮਾਧਵ ਨਲ ਕਾਮ ਕੰਦਲਾ” ਜਿਸ ਦੇ ਲੜੀ ਨੰਬਰ 1 ਤੋਂ 179 ਅੰਕਿਤ ਕੀਤੀ ਹੋਈ ਹੈ । ਇਸ ਵਿਚੋਂ ਲੜੀ ਨੰਬਰ 34 ਤੋਂ 38 ਬੰਦ, “ਮੁੰਦਾਵਣੀ” ਤੋਂ ਬਾਅਦ ‘ਰਾਗ ਮਾਲਾ’ ਸਿਰਲੇਖ ਹੇਠ ਅੰਕਿਤ ਕੀਤੇ ਹੋਏ ਹਨ ! ਪਰ, ‘ਰਾਗ ਮਾਲਾ’ ਗੁਰਬਾਣੀ ਨਹੀਂ ਇਹ ਇੰਜ ਹੀ ਹੋਇਆ ਸਮਝੋ ਜਿਵੇਂ ‘ਚਰਿਤ੍ਰੋਪਾਖਿਆਨ ਦੇ 404 ਚਰਿਤ੍ਰ’ ਦੇ ਲੜੀ ਨੰਬਰ 377 ਤੋਂ 401 ਨੂੰ ਬਦਲ ਕੇ ‘ਬੇਨਤੀ ਚੌਪਈ: ਲੜੀ ਨੰਬਰ 1-25’ ਨੂੰ ਸੋ ਦਰੁ ਰਹਰਾਸਿ ਦਾ ਹਿੱਸਾ ਬਣਾ ਦਿੱਤਾ ?

ਲੇਖਕ ਗਿਆਨੀ ਗੁਰਦਿੱਤ ਸਿੰਘ ਜੀ ਆਪਣੀ ਕਿਤਾਬ: “ਮੁੰਦਾਵਣੀ” (ਪਹਿਲੀ ਵਾਰ ਜੁਲਾਈ, 2003) ਵਿਚ ਲਿਖਦੇ ਹਨ ਕਿ ‘ਰਾਗਮਾਲਾ’ ਦਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨਾਲ ਕਿਸੇ ਤਰ੍ਹਾਂ ਦਾ ਭੀ ਕੋਈ ਸਬੰਧ ਨਹੀਂ । (ਪੰਨੇ 282-283) ਗਿਆਨੀ ਗਿਆਨ ਸਿੰਘ ਜੀ ਦੇ ਕਥਨ ਅਨੁਸਾਰ:

1. ਏਸ ਵਿੱਚ ਕਿਸੇ ਮਹਲੇ ਦਾ ਨਾਮ ਨਹੀਂ ।
2. ਨਾਨਕ ਨਾਮ ਭੀ ਨਹੀਂ ।
3. ਗੁਰੂ ਜੀ ਦੀ ਕਵਿਤਾ ਨਾਲ ਇਹ ਕਵਿਤਾ ਨਹੀਂ ਮਿਲਦੀ ।
4. ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਰਾਗ ਇਸ ਵਿੱਚ ਨਹੀਂ ਤੇ ਇਸ ਦੇ ਗ੍ਰੰਥ ਸਾਹਿਬ ਵਿੱਚ ਨਹੀਂ ।
5. ਈਸ਼ਰ ਦੇ ਨਾਮ ਦੀ ਸਤਸੰਗ ਦੀ, ਗੁਰਾਂ ਦੀ, ਮਹਿਮਾਂ ਇਸ ਵਿੱਚ ਨਹੀਂ ।
6. ਮਾਧਵਾਨਲ ਪੋਥੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨ੍ਹਣ ਤੋਂ (21 ਵਰਸ਼) ਪਹਿਲੇ ਦੀ ਹੈ ।
(ਤਵਾਰੀਖ ਗੁਰੂ ਖਾਲਸਾ, ਭਾਗ ਪਹਿਲਾ, ਪੰਨਾ 420)

ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੇ ਹੇਠ ਲਿਖੇ ਨੌ ਰਾਗ, ਰਾਗਮਾਲਾ ਵਿੱਚ ਨਹੀਂ ਹਨ: ਰਾਗ ਮਾਝ, ਬਿਹਾਗੜਾ, ਵਡਹੰਸ, ਜੈਤਸਰੀ, ਤੁਖਾਰੀ, ਰਾਮਕਲੀ, ਮਾਲੀ ਗਉੜਾ, ਪ੍ਰਭਾਤੀ, ਜੈਜਾਵੰਤੀ।

ਸਾਰ ਇਹ ਹੈ ਕਿ ਰਾਗਮਾਲਾ ਪੁਰਾਤਨ ਲਿਖਤਾਂ ਅਨੁਸਾਰ ਅਤੇ ਹਿੰਦੀ ਦੇ ਨਵੇ ਵਿਦਵਾਨਾਂ ਦੀਆਂ ਰਚਨਾਵਾਂ ਮੁਤਾਬਕ ਆਲਮ ਦੀ ਰਚਨਾ ਹੈ ਤੇ ਉਥੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚੜ੍ਹਾਈ ਗਈ ਹੈ। ਜਿਵੇਂ ਕਿ ਗੁਰਬਚਨ ਸਿੰਘ ਤਾਲਿਬ ਅਤੇ ਸਿੱਖ ਇਨਸਾਈਕਲੋਪੀਡੀਆ ਦੇ ਸੰਪਾਦਕ ਪ੍ਰੋ: ਹਰਬੰਸ ਸਿੰਘ ਨੇ ਵੀ ਇਸ ਨੂੰ ਗੁਰਬਾਣੀ ਨਹੀਂ ਮੰਨਿਆ, ਇਸ ਲਈ ਪ੍ਰਾਚੀਨ ਤੋਂ ਨਵੀਨਾਂ ਤੱਕ ਇਹੋ ਮੱਤ ਪ੍ਰਗਟਾਇਆ ਜਾਂਦਾ ਰਿਹਾ ਹੈ ਕਿ ਰਾਗਮਾਲਾ ਗੁਰਬਾਣੀ ਨਹੀਂ।

In The Encyclopedia of Sikhism, Editor-in-Chief Harbans Singh, Punjabi University, Patiala, Volume III (Edition 1997) at page 422, it is stated: “The composition (Ragmala) is not integral to the theme of the Guru Granth Sahib, and it has little musicological or instructional significance.”

ਪਰ, ਇਹ ਪੜ੍ਹ ਕੇ ਹੈਰਾਨਗੀ ਹੁੰਦੀ ਹੈ ਕਿ ਪਿਛਲੇ (77) ਸਾਲਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿੰਨੇ ਪ੍ਰਧਾਨ, ਜਥੇਦਾਰ ਅਤੇ ਮੈਂਬਰ ਬਣਦੇ ਆਏ, ਅਜੇ ਤੱਕ “ਗੁਰਬਾਣੀ” - (ਗੁਰੂ ਗਰੰਥ ਸਾਹਿਬ, ਪੰਨੇ 1 ਤੋਂ 1429 ਤੱਕ) ਦੇ ਆਧਾਰ ਤੇ ਫੈਸਲਾ ਕਿਉਂ ਨਹੀਂ ਕੀਤਾ ਗਿਆ ? {ਇਹ ਮਤਾ ਤਾਂ ਇੰਜ ਹੋਇਆ ਕਿ ਜਿਹੜੇ ਪ੍ਰਾਣੀ ਝੂਠ ਬੋਲਦੇ ਹਨ ਉਹ ਝੂਠ ਬੋਲਦੇ ਰਹਿਣ, ਪਰ ਸੱਚ ਬੋਲਣ ਵਾਲੇ ਸੰਕੋਚ ਕਰਨ !} ਇਸ ਤੋਂ ਇਲਾਵਾ ਹੋਰ ਵੀ ਐਸੇ ਬੇਅੰਤ ਮਸਲੇ ਹਨ ਜਿਨ੍ਹਾਂ ਬਾਰੇ ਸਿੱਖ ਕੌਮ ਨੂੰ ਕੋਈ ਸੇਧ ਨਹੀਂ ਮਿਲ ਰਹੀ ।

ਦਾਸਰੇ ਦੀ ਨਿੱਜੀ ਰਾਏ ਹੈ ਕਿ ਫਿਰ ਐਸੀਆਂ ਕਮੇਟੀਆਂ ਦਾ ਕੌਮ ਨੂੰ ਕੋਈ ਫਾਇਦਾ ਨਹੀਂ ਅਤੇ ਇਸ ਲਈ ਇਨ੍ਹਾਂ ਸਾਰੀਆਂ ਜਥੇਬੰਦੀਆਂ ਵਿਚ ਸੁਧਾਰ ਲਿਆਂਦਾ ਜਾਵੇ ਅਤੇ ਸਿੱਖ ਕੌਮ ਦੇ ਸਾਰੇ ਇਤਿਹਾਸਕ ਗੁਰਦੁਆਰਿਆਂ ਸੁਮੇਤ ਦਰਬਾਰ ਸਾਹਿਬ ਅਤੇ ਅਕਾਲ ਬੁੰਗਾ ਸਾਹਿਬ ਦਾ ਪ੍ਰਬੰਧ ਗੁਰੂ ਨਾਨਕ ਸਾਹਿਬ - ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਨਿਵਾਜ਼ੇ ਪੰਜਾਂ ਪਿਆਰਿਆਂ ਦੇ ਸੁਪ੍ਰਿਦ ਕਰ ਦਿੱਤਾ ਜਾਵੇ, ਤਾਂ ਜੋ ਗੁਰੂ ਪੰਥ “ਗੁਰਬਾਣੀ ਅਤੇ ਗੁਰਮਤਿ” ਦੇ ਆਧਾਰ ‘ਤੇ ਸਮੁੱਚੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਦੀ ਸੇਧ ਦੇ ਸਕਣ । 1995 ਦੇ ਸਰਬੱਤ ਖ਼ਾਲਸਾ ਇੱਕਠ ਤੋਂ ਬਾਅਦ ਚੜ੍ਹਦੀ ਕਲਾ ਬਜਾਏ ਗਿਰਾਵਟ ਹੀ ਆ ਰਹੀ ਹੈ !

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top