Share on Facebook

Main News Page

ਭਾਸ਼ਾ, ਮਾਤ ਭਾਸ਼ਾ ਅਤੇ ਬੱਚੇ ਦਾ ਵਿਕਾਸ
-: ਗੁਰਦੀਪ ਸਿੰਘ ਢੁੱਡੀ

ਗੱਲ ਭਾਵੇਂ ਹਾਸੇ-ਠੱਠੇ ਦੇ ਲਹਿਜੇ ਵਿੱਚ ਸੁਣੀ ਹੋਵੇ ਪ੍ਰੰਤੂ ਇਹ ਗੱਲ ਸਾਰਿਆਂ ਨੇ ਜ਼ਰੂਰ ਸੁਣੀ ਹੁੰਦੀ ਹੈ ਕਿ ਅਧਿਆਪਕ ਪਹਿਲੀ ਜਮਾਤ ਵਿੱਚ ਆਪਣੇ ਵਿਦਿਆਰਥੀ ਨੂੰ ਪੈਂਤੀ ਅੱਖਰੀ (ੳ ਤੋਂ ੜ ਤੱਕ ਦੀ ਪੜ੍ਹਾਈ) ਪੜ੍ਹਾ ਰਿਹਾ ਸੀ। ਪੈਂਤੀ ਅੱਖਰੀ ਵਾਲੇ ਕੈਦੇ ’ਤੇ ਅੱਖਰਾਂ ਨੂੰ ਸਿਖਾਉਣ ਦੇ ਢੰਗ-ਤਰੀਕਿਆਂ ਵਿੱਚ ਅੱਖਰਾਂ ਦੇ ਨਾਲ ਆਲੇ-ਦੁਆਲੇ ਦਿਸਣ ਵਾਲੀਆਂ ਵਸਤੂਆਂ, ਜਾਨਵਰਾਂ ਦੀਆਂ ਤਸਵੀਰਾਂ ਵੀ ਹੁੰਦੀਆਂ ਹਨ। ਪੈਂਤੀ ਅੱਖਰੀ ਸਿਖਾਏ ਜਾਣ ਵਾਲੇ ਪੰਜਾਬੀ ਦੇ ਕੈਦੇ ਵਿੱਚ ਪਹਿਲੇ ਹੀ ਅੱਖਰ ’ਤੇ ‘ੳ’ ਊਠ ਮਲਵਈ ਵਿੱਚ ‘ਬੋਤਾ’ ਆਖਿਆ ਜਾਂਦਾ ਹੈ। ਊਠ ਨੂੰ ਬੋਤਾ ਆਖਣ ਵਾਲੀ ਗੱਲ ਭਾਵੇਂ ਮਜ਼ਾਹੀਆ ਰੂਪ ਵਿੱਚ ਕਹੀ-ਸੁਣੀ ਜਾਂਦੀ ਹੈ, ਪ੍ਰੰਤੂ ਇਹ ਗੱਲ ਬੜੀ ਵੱਡੀ ਭਾਸ਼ਾ ਵਿਗਿਆਨਕ ਅਤੇ ਸਿੱਖਿਅਕ ਗੱਲ ਨੂੰ ਆਪਣੇ ਵਿੱਚ ਛੁਪਾਈ ਬੈਠੀ ਹੈ। ਬੱਚਾ ਉਹ ਕੁਝ ਛੇਤੀ ਅਤੇ ਆਸਾਨੀ ਨਾਲ ਸਿੱਖਦਾ ਹੈ, ਜੋ ਕੁਝ ਉਹ ਵੇਖਦਾ ਅਤੇ ਸੁਣਦਾ ਹੈ।

1997-2002 ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਦੁਆਰਾ ਜਦੋਂ ਆਪਣੀਆਂ ਦਲੀਲਾਂ ਨਾਲ ਪਹਿਲੀ ਜਮਾਤ ਤੋਂ ਅੰਗਰੇਜ਼ੀ ਪੜ੍ਹਾਏ ਜਾਣ ਦੀ ਸ਼ੁਰੂਆਤ ਕੀਤੀ ਸੀ ਤਾਂ ਉਸ ਸਮੇਂ ਪੰਜਾਬੀ ਵਿਦਵਾਨਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਦੁਨੀਆਂ ਭਰ ਦੇ ਸਿੱਖਿਆ ਸ਼ਾਸਤਰੀਆਂ, ਮਨੋਵਿਗਿਆਨੀਆਂ ਦੀਆਂ ਦਲੀਲਾਂ ਦੇ ਕੇ ਪਹਿਲੀ ਜਮਾਤ ਤੋਂ ਅੰਗਰੇਜ਼ੀ (ਬਿਗਾਨੀ ਭਾਸ਼ਾ) ਪੜ੍ਹਾਏ ਜਾਣ ਦਾ ਵਿਰੋਧ ਕੀਤਾ ਸੀ। ਸਰਕਾਰ ਨੇ ਫਿਰ ਵੀ ਆਪਣੀ ਜਿੱਦ ਪੁਗਾਈ ਸੀ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਪੜ੍ਹਾਏ ਜਾਣ ਦੀ ਸ਼ੁਰੂਆਤ ਕੀਤੀ ਸੀ। ਅੱਜ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਪੜ੍ਹਾਏ ਜਾਣ ਦਾ ਜੋ ਹਾਲ ਹੈ, ਇਸ ਤੋਂ ਬਦਤਰ ਹਾਲ ਹੋ ਹੀ ਨਹੀਂ ਸਕਦਾ। ਜੂਨ 2015 ਵਿੱਚ ਵਰਤਮਾਨ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸਰਕਾਰੀ ਸਕੂਲਾਂ ਵਿੱਚ ਦਸਵੀਂ ਜਮਾਤ ਤੱਕ ਅੰਗਰੇਜ਼ੀ ਪੜ੍ਹਾਉਣ ਵਾਲੇ ਉਨ੍ਹਾਂ ਅਧਿਆਪਕਾਂ ਦੀ ‘ਕਲਾਸ ਲਈ’ ਸੀ, ਜਿਨ੍ਹਾਂ ਦੇ ਦਸਵੀਂ ਜਮਾਤ ਦੇ ਅੰਗਰੇਜ਼ੀ ਵਿਸ਼ੇ ਦੇ ਨਤੀਜੇ ਬਹੁਤ ਹੀ ਘੱਟ ਸਨ, ਪ੍ਰੰਤੂ ਇਸ ਕਲਾਸ ਦਾ ਨਤੀਜਾ ਅਜੇ ਵੀ ਕੁਝ ਨਹੀਂ ਨਿਕਲ ਸਕਦਾ। ਅਸਲ ਵਿੱਚ ਜਿੰਨਾ ਚਿਰ ਬੱਚੇ ਦੀ ਸਿੱਖਣ ਸਿਖਾਉਣ ਪ੍ਰਕਿਰਿਆ ਨੂੰ ਸਮਝ ਕੇ ਨੀਤੀਆਂ ਨਹੀਂ ਬਣਾਈਆਂ ਜਾਂਦੀਆਂ, ਓਨਾ ਚਿਰ ਚੰਗੇ ਨਤੀਜੇ ਹਾਸਲ ਨਹੀਂ ਕੀਤੇ ਜਾ ਸਕਦੇ। ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਬੱਚੇ ਭਾਸ਼ਾ ਸਿੱਖਦੇ ਨਹੀਂ, ਸਗੋਂ ਰਟਦੇ ਹਨ।

ਖੈਰ, ਅਸਲੀ ਗੱਲ ਊਠ ਅਤੇ ਬੋਤੇ ਵਾਲੀ ਹੀ ਕਰਨੀ ਹੈ। ਜੇ ਅਸੀਂ ਬੱਚੇ ਦੇ ਗਰਭ ਸਮੇਂ ਦੇ ਸਿੱਖਣ ਵਾਲੀ ਗੱਲ ਨੂੰ ਦਰਕਿਨਾਰ ਕਰ ਵੀ ਦੇਈਏ ਤਾਂ ਅਸੀਂ ਬੱਚੇ ਦੇ ਜਨਮ ਤੋਂ ਬਾਅਦ ਵਿਕਾਸ ਵਾਲੀ ਗੱਲ ਕਰਾਂਗੇ। ਭਾਸ਼ਾ ਬੱਚਾ ਆਪਣੇ ਆਲੇ-ਦੁਆਲੇ ਤੋਂ ਸਿੱਖਦਾ ਹੈ। ਪਹਿਲੀਆਂ ਵਿੱਚ ਉਸ ਨੂੰ ੳ-ਊਠ ਜਾਂ ੳ-ਬੋਤਾ ਨਹੀਂ ਸਿਖਾਇਆ ਜਾਂਦਾ, ਸਗੋਂ ਉਸ ਦੀ ਮਾਂ, ਮਮਤਾ ਵਾਲੀਆਂ ਲੋਰੀਆਂ ਸੁਣਾਉਂਦੀ ਹੈ। ਇਹ ਅਸੀਂ ਭਲੀ-ਭਾਂਤ ਜਾਣਦੇ ਹਾਂ ਕਿ ਕੇਵਲ ਅਤੇ ਕੇਵਲ ਮਾਤ ਭਾਸ਼ਾ ਵਿੱਚ ਹੀ ਸੁਭਾਵਿਕਤਾ ਹੁੰਦੀ ਹੈ ਅਤੇ ਲੋਰੀਆਂ, ਗੀਤ, ਗਾਲ੍ਹਾਂ, ਵੈਣ ਕੇਵਲ ਸੁਭਾਵਿਕਤਾ ਵਿੱਚੋਂ ਹੀ ਆਪ-ਮੁਹਾਰੇ ਹੀ ਨਿਕਲਦੇ ਹਨ। ਇਹ ਸੋਚ-ਸਮਝ ਕੇ ਨਹੀਂ ਬੋਲੇ ਜਾਂਦੇ। ਬੱਚੇ ਨੂੰ ਸਿਖਾਇਆ ਨਹੀਂ ਜਾਂਦਾ, ਸਗੋਂ ਬੱਚਾ ਤਾਂ ਆਪਣੇ ਆਪ ਹੀ ਸਿੱਖਦਾ ਹੈ। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਸਿੱਖਣ ਅਤੇ ਸਿਖਾਏ ਜਾਣ ਵਿੱਚ ਵੱਡਾ ਅੰਤਰ ਹੁੰਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਸਿਖਾਉਣ ਦੀ ਪ੍ਰਕਿਰਿਆ ਵਿੱਚ ਸਿਖਾਂਦਰੂ ਪੂਰੀ ਡੂੰਘਾਈ ਵਿੱਚ ਜਾਂ ਕਹੀਏ ਕਿ ਪੂਰਾ ਸਿਖ ਸਕੇ। ਜਿਵੇਂ ਇਕ ਇੰਜੀਨੀਅਰ ਨਾਲੋਂ ਇਕ ਕਾਰੀਗਰ ਦਾ ਪੁੱਤਰ ਕਾਰੀਗਰੀ ਦੀਆਂ ਬਾਰੀਕੀਆਂ ਵੱਧ ਡੂੰਘਾਈ ਵਿੱਚ ਜਾਣਦਾ ਹੁੰਦਾ ਹੈ ਉਵੇਂ ਹੀ ਆਪ-ਮੁਹਾਰੇ ਸਿੱਖਣ ਅਤੇ ਸਿਖਾਏ ਜਾਣ ਵਿੱਚ ਅੰਤਰ ਹੁੰਦਾ ਹੈ। ਵਿਸ਼ੇਸ਼ ਕਰਕੇ ਜਨਮ ਸਮੇਂ ਤੋਂ ਲੈ ਕੇ ਬਾਲਪਣ ਤੱਕ ਇਹ ਗੱਲ ਪੂਰੀ ਤਰ੍ਹਾਂ ਢੁੱਕਦੀ ਹੈ। ਬੱਚਾ ਜੋ ਵੇਖਦਾ ਅਤੇ ਸੁਣਦਾ ਹੈ, ਓਹੀ ਉਹ ਅਸਾਨੀ ਨਾਲ ਬਿਨਾਂ ਸਿਖਾਇਆਂ ਹੀ ਸਿੱਖ ਜਾਂਦਾ ਹੈ।

ਪੰਜਾਬੀ ਭਾਸ਼ਾ ਦੇ ਬੋਲਣ ਵਾਲਿਆਂ ਵਿੱਚ ਅੱਜ ਬੜਾ ਵੱਡਾ ਪਾੜਾ ਵੇਖਿਆ ਜਾ ਸਕਦਾ ਹੈ। ਇਕ ਪਾਸੇ ਸਰਕਾਰੀ ਸਕੂਲਾਂ ਵਿੱਚ ਗੈਰ ਮਾਤ-ਭਾਸ਼ਾਈ ਲੋਕਾਂ (ਪੰਜਾਬ ਵਿੱਚ ਮਜ਼ਦੂਰੀ ਕਰਨ ਦੀ ਮਜਬੂਰੀ ਨਾਲ ਆਏ ਪਰਵਾਸੀ ਮਜ਼ਦੂਰ) ਦੇ ਬੱਚੇ ਪੰਜਾਬੀ ਨੂੰ ਮਾਤ ਭਾਸ਼ਾ/ਪਹਿਲੀ ਭਾਸ਼ਾ ਵਜੋਂ ਪੜ੍ਹ ਰਹੇ ਹਨ ਅਤੇ ਦੂਸਰੇ ਪਾਸੇ ਮਾਤ ਭਾਸ਼ਾ ਪੰਜਾਬੀ ਦੇ ਵਾਰਿਸਾਂ ਦੇ ਬੱਚੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਅੰਗਰੇਜ਼ੀ ਨੂੰ ਪਹਿਲੀ ਭਾਸ਼ਾ ਵਜੋਂ ਪੜ੍ਹ ਰਹੇ ਹਨ। ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੇ ਆਮ ਬੋਲ-ਚਾਲ ਸਮੇਂ ਪੰਜਾਬੀ ਬੋਲਣ ਦੀ ਪਾਬੰਦੀ ਹੁੰਦੀ ਹੈ। ਗੈਰ ਮਾਤ-ਭਾਸ਼ਾਈ ਬੱਚਿਆਂ ਦਾ ਉਚਾਰਨ ਸ਼ੁੱਧ ਨਹੀਂ ਹੋ ਸਕਦਾ ਅਤੇ ਸਮਾਜੀ ਵਿਹਾਰ ਵੇਲੇ ਦੀ ਸ਼ਬਦਾਵਲੀ ਦਾ ਗਿਆਨ ਠੀਕ ਨਹੀਂ ਹੋ ਸਕਦਾ। ਦੂਸਰੇ ਪਾਸੇ ਮਾਤ ਭਾਸ਼ਾ ਪੰਜਾਬੀ ਵਾਲੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੁੰਦੀ ਹੈ। ਇਸ ਤਰ੍ਹਾਂ ਦੋਵਾਂ ਹੀ ਤਰ੍ਹਾਂ ਦੇ ਬੱਚਿਆਂ ਕਰਕੇ ਜਿੱਥੇ ਮਾਤ ਭਾਸ਼ਾ ਦਾ ਵਿਨਾਸ਼ ਹੋ ਰਿਹਾ ਹੈ, ਉਥੇ ਬੱਚਿਆਂ ਦੇ ਸਿੱਖਣ ਦੀ ਪ੍ਰਕਿਰਿਆ ਦੀ ਦਿਸ਼ਾ ਠੀਕ ਨਹੀਂ ਹੁੰਦੀ ਅਤੇ ਬੱਚਿਆਂ ਦੇ ਵਿਹਾਰ ਵਿੱਚ ਮਾਤ ਭਾਸ਼ਾ ਵਾਲੀ ਮਿਠਾਸ ਵੇਖਣ ਨੂੰ ਨਹੀਂ ਮਿਲ ਰਹੀ ਅਤੇ ਬੱਚੇ ਦਾ ਵਿਹਾਰਕ ਵਿਕਾਸ ਠੀਕ ਨਹੀਂ ਹੋ ਰਿਹਾ। ਬਚਪਨ ਵਿੱਚ ਪਨਪਿਆ ਓਪਰਾਪਣ ਹਮੇਸ਼ਾ ਲਈ ਓਪਰੇਪਣ ਦਾ ਅਹਿਸਾਸ ਵਿਅਕਤੀ ਦੇ ਵਿਅਕਤੀਤਵ ਵਿੱਚ ਵਿਕਸਤ ਹੋ ਜਾਂਦਾ ਹੈ।

ਅੱਜ ਅਸੀਂ ਨੌਜਵਾਨ ਪੀੜ੍ਹੀ ਤੇ ਬੇਗਾਨਗੀ ਦਾ ਦੋਸ਼ ਲਾ ਰਹੇ ਹਾਂ ਪ੍ਰੰਤੂ ਇਹ ਵਿਸਰ ਰਹੇ ਹਾਂ ਕਿ ਇਹ ਬੇਗਾਨਗੀ ਅਸੀਂ ਆਪ ਹੀ ਤਾਂ ਦਿੱਤੀ ਹੈ। ਬੱਚੇ ਨੂੰ ਬਚਪਨ ਤੱਕ ਉਸੇ ਅਪਣੱਤ ਵਿੱਚ ਰੱਖਣ ਦੀ ਜ਼ਰੂਰਤ ਹੈ, ਜਿਸ ਵਿੱਚ ਉਹ ਆਪਣੇ-ਆਪ ਨਾਲ ਜੁੜਿਆ ਰਹਿ ਸਕੇ। ਉਸ ਨੂੰ ਆਪਣੇ ਆਲੇ-ਦੁਆਲੇ ਦੀ ਪਛਾਣ ਦੀ ਬੇਹੱਦ ਜ਼ਰੂਰਤ ਹੈ। ਅਸੀਂ ਬੜਾ ਵੱਡਾ ਦਵੰਧ ਪਾਲ ਰਹੇ ਹਾਂ ਕਿ ਬੱਚੇ ਨੂੰ ਮਾਹੌਲ ਤਾਂ ਅਸੀਂ ਬੇਗਾਨਾ ਦੇਈਏ ਅਤੇ ਬਣ ਉਹ ਸਾਡਾ ਜਾਵੇ। ਆਪਣੀ ਮਾਤ ਭਾਸ਼ਾ ਰਾਹੀਂ ਬੱਚਾ ਆਪਣੇ ਵਿਰਸੇ ਨਾਲ ਜੁੜਦਾ ਹੈ ਅਤੇ ਆਪਣਾ ਵਿਰਸਾ ਹੀ ਬੱਚੇ ਵਿੱਚ ਅਪਣੱਤ ਦੇ ਅਹਿਸਾਸ ਵਿਕਸਤ ਕਰਦਾ ਹੈ। ਦੂਸਰੀਆਂ ਭਾਸ਼ਾਵਾਂ ਦਾ ਗਿਆਨ ਵੱਡਾ ਹੋ ਕੇ ਬੱਚਾ ਆਪਣੇ ਆਪ ਹੀ ਸਿੱਖਦਾ ਰਹਿੰਦਾ ਹੈ। ਸਾਡਿਆਂ ਸਮਿਆਂ ਵਿੱਚ ਹਿੰਦੀ ਤੀਸਰੀ ਜਮਾਤ ਤੋਂ ਅਤੇ ਅੰਗਰੇਜ਼ੀ ਛੇਵੀਂ ਜਮਾਤ ਤੋਂ ਪੜ੍ਹਾਉਣੀ ਸ਼ੁਰੂ ਕੀਤੀ ਜਾਂਦੀ ਸੀ। ਅਸੀਂ ਹਿੰਦੀ ਵੀ ਸਿੱਖ ਜਾਂਦੇ ਸਾਂ ਅਤੇ ਅੰਗਰੇਜ਼ੀ ਵੀ ਸਾਨੂੰ ਆਉਂਦੀ ਸੀ। ਉਸ ਸਮੇਂ ਇਨ੍ਹਾਂ ਭਾਸ਼ਾਵਾਂ ਵਿੱਚ ਵੱਡੀਆਂ ਡਿਗਰੀਆਂ ਸਮੇਤ ਇਨ੍ਹਾਂ ਭਾਸ਼ਾਵਾਂ ਦੇ ਮਾਧਿਅਮ ਵਾਲੀ ਪੜ੍ਹਾਈ ਵੀ ਅੱਜ ਵਾਂਗ ਹੀ ਹੋ ਜਾਂਦੀ ਸੀ। ਬੱਚੇ ਦੇ ਸਹੀ ਵਿਕਾਸ ਲਈ ਬੱਚੇ ਨੂੰ ਮਾਤ ਭਾਸ਼ਾ ਤੋਂ ਦੂਰ ਨਹੀਂ ਕਰਨਾ ਚਾਹੀਦਾ। ਉਸ ਨੂੰ ਆਪਣੇ ਵਿਰਸੇ ਨਾਲੋਂ ਤੋੜਨਾ ਕਿਸੇ ਤਰ੍ਹਾਂ ਵੀ ਨਾ ਤਾਂ ਬੱਚੇ ਦੇ ਹਿੱਤ ਵਿੱਚ ਹੈ ਅਤੇ ਨਾ ਹੀ ਸਮਾਜ ਦੇ ਹਿੱਤ ਵਿੱਚ ਹੋ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top