Share on Facebook

Main News Page

15 ਜਨਵਰੀ ਨੂੰ ਲੁਧਿਆਣਾ ਵਿਖੇ ਪੰਥਕ ਜਥੇਬੰਦੀਆਂ ਪੰਜ ਪਿਆਰਿਆਂ ਦਾ ਕਰਨਗੀਆਂ ਸਨਮਾਨ; ਸੁਖਬੀਰ ਸਿੰਘ ਬਾਦਲ ਦਾ ਬਾਈਕਾਟ ਕਰਨ ਬਾਰੇ ਕੀਤੀਆਂ ਵਿਚਾਰਾਂ

ਅੰਮ੍ਰਿਤਸਰ 9 ਜਨਵਰੀ (ਜਸਬੀਰ ਸਿੰਘ) ਪੰਜਾਬ ਦੀ ਹਾਕਮ ਧਿਰ ਦੇ ਵਿਰੋਧ ਵਿੱਚ ਪੰਥਕ ਜਥੇਬੰਦੀਆਂ ਨੇ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ ਮੀਟਿੰਗ ਕਰਕੇ ਸ਼ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਦਾ ਬਾਈਕਾਟ ਕਰਨ ਦਾ ਸੱਦਾ ਦਿੰਦਿਆਂ ਫੈਸਲਾ ਕੀਤਾ ਕਿ 15 ਜਨਵਰੀ ਨੂੰ ਸ਼੍ਰੋਮਣੀ ਕਮੇਟੀ ਵੱਲੋ ਬਰਖਾਸਤ ਕੀਤੇ ਗਏ ਪੰਜ ਪਿਆਰਿਆਂ ਦਾ ਸਨਮਾਨ ਲੁਧਿਆਣਾ ਵਿਖੇ ਸ਼ਕਤੀ ਪ੍ਰਦਰਸ਼ਨ ਕਰਕੇ ਕੀਤਾ ਜਾਵੇਗਾ।

ਸਥਾਨਕ ਹੂਸੈਨਪੁਰਾ ਦੇ ਗੁਰੂਦੁਆਰਾ ਸਿੰਘ ਸਭਾ ਵਿਖੇ ਕੀਤੀ ਗਈ ਮੀਟਿੰਗ ਵਿੱਚ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਪੰਥਕ ਸਫਾਂ ਵਿੱਚ ਆਈ ਗਿਰਾਵਟ ਨੂੰ ਖਤਮ ਕਰਨ ਲਈ ਤਖਤਾਂ ਦੇ ਜਥੇਦਾਰਾਂ ਦਾ ਬਾਈਕਾਟ ਕਰਨ ਦਾ ਸੱਦਾ ਦੇਣ ਵਾਲੇ ਸ਼੍ਰੋਮਣੀ ਕਮੇਟੀ ਵੱਲੋ ਬਰਖਾਸਤ ਕੇਤੇ ਗਏ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਤੇ ਸ੍ਰੀ ਗਰੰਥ ਸਾਹਿਬ ਦੀ ਹਜੂਰੀ ਵਿੱਚ ਮਤਾ ਪਾਸ ਕਰਕੇ ਫੈਸਲਾ ਕੀਤਾ ਗਿਆ ਕਿ ਪੰਜ ਪਿਆਰਿਆਂ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾਵੇਗੀ ਅਤੇ 15 ਜਨਵਰੀ ਨੂੰ ਪੰਜਾਬ ਦੇ ਮਾਨਚੈਸਟਰ ਵਜੋਂ ਜਾਣੇ ਜਾਂਦੇ ਅਤੇ ਸ਼੍ਰੋਮਣੀ ਕਮੇਟੀ ਦੇ ਨਿੱਜੀ ਸ਼ਹਿਰ ਲੁਧਿਆਣਾ ਵਿਖੇ ਪੰਜ ਪਿਆਰਿਆਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਪੰਥਕ ਜਥੇਬੰਦੀਆਂ ਕਿਸੇ ਗੁਰੂਦੁਆਰੇ ਵਿੱਚ ਸਰਕਾਰ ਵਿਰੁੱਧ ਮੁਹਿੰਮ ਛੇੜਣ ਦਾ ਐਲਾਨ ਕਰਨਗੀਆਂ।

ਸਮਾਗਮ ਨੂੰ ਸੰਬੋਧਨ ਕਰਦਿਆਂ ਖਾੜਕੂ ਸੁਰ ਰੱਖਣ ਵਾਲੀ ਸ਼੍ਰੋਮਣੀ ਕਮੇਟੀ ਮੈਬਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਪੰਜ ਪਿਆਰਿਆਂ ਦੀ ਬਰਖਾਸਤਗੀ ਸਾਰੇ ਅਸੂਲ ਤੇ ਨਿਯਮ ਛਿੱਕੇ ਟੰਗ ਕੇ ਕੀਤੀ ਗਈ ਹੈ, ਜਦ ਕਿ ਪੰਜ ਪਿਆਰਿਆਂ ਨੇ ਉਸ ਵੇਲੇ ਹਾਅ ਦਾ ਨਾਅਰਾ ਮਾਰਿਆਂ ਜਦੋਂ ਸਾਰੇ ਪੰਜਾਬ ਵਿੱਚ ਅਫਰਾ ਤਫਰੀ ਫੈਲੀ ਹੋਈ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ 'ਤੇ ਬੇਅਦਬੀ ਹੋ ਰਹੀ ਸੀ। ਉਹਨਾਂ ਕਿਹਾ ਕਿ ਉਹ ਪੰਜ ਪਿਆਰਿਆਂ ਦੀ ਬਰਖਾਸਤਗੀ ਦੀ ਮੁਜ਼ੱਮਤ ਕਰਦੇ ਹਨ ਤੇ ਪੰਜ ਪਿਆਰਿਆਂ ਨੂੰ ਆਪਣੀ ਰਾਇ ਦਿੰਦੇ ਹਨ, ਕਿ ਉਹਨਾਂ ਨੂੰ ਅਦਾਲਤ ਦਾ ਦਰਵਾਜਾ ਖੜਕਾ ਕੇ ਆਪਣੀ ਬਹਾਲੀ ਕਰਵਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਪੰਜ ਪਿਆਰੇ ਬਹਾਲ ਹੋ ਜਾਂਦੇ ਹਨ ਤੇ ਇਹਨਾਂ ਦੀ ਬਰਖਾਸਤਗੀ ਕਰਨ ਤੇ ਕਰਾਉਣ ਵਾਲਿਆਂ ਦੇ ਧੋਤੇ ਮੂੰਹ 'ਤੇ ਚਪੇੜ ਆਪਣੇ ਆਪ ਹੀ ਵੱਜ ਜਾਵੇਗੀ।

ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਪੰਜ ਪਿਆਰਿਆਂ ਦੀ ਬਰਖਾਸਤਗੀ ਪੂਰੀ ਤਰ੍ਹਾਂ ਕਾਇਦੇ ਕਨੂੰਨਾਂ ਦੀ ਉਲੰਘਣਾ ਕਰਕੇ ਕੀਤੀ ਗਈ ਹੈ, ਜਿਸ ਨੂੰ ਲੈ ਕੇ ਦੁਨੀਆ ਭਰ ਦੇ ਸਿੱਖਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਹੜੀਆ ਸੰਸਥਾਵਾਂ ਜਾਂ ਜਥੇਬੰਦੀਆਂ ਗੁਰਮਤਿ ਸਮਾਗਮਾਂ ਦੌਰਾਨ ਅੰਮ੍ਰਿਤ ਸੰਚਾਰ ਲਈ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਬੁਲਾਉਦੀਆਂ ਸਨ ਹੁਣ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਬਰਖਾਸਤ ਕੀਤੇ ਪੰਜ ਪਿਆਰਿਆਂ ਨੂੰ ਹੀ ਬੁਲਾਉਣ। ਉਹਨਾਂ ਕਿਹਾ ਕਿ ਸਰਕਾਰ ਤੇ ਨਿਜ਼ਾਮ ਵਿਰੋਧੀ ਜਥੇਬੰਦੀਆਂ ਜੇਕਰ ਇੱਕ ਹੋ ਜਾਣ ਤਾਂ ਨਿਜ਼ਾਮ ਨੂੰ ਬਦਲਣਾ ਕੋਈ ਔਖਾ ਨਹੀਂ ਹੈ।

ਹਾਲ ਵਿੱਚ ਬਰਖਾਸਤ ਕੀਤੇ ਗਏ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਨੇ ਸਮੂਹ ਪੰਥਕ ਜਥੇਬੰਦੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹਨਾਂ ਦੇ ਸਾਹਮਣੇ ਦੋ ਵੱਡੀਆਂ ਚੁਨੌਤੀਆਂ ਹਨ, ਜਿਹਨਾਂ ਨੂੰ ਹੱਲ ਕਰਨ ਲਈ ਏਕਤਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਅਕਾਲੀ ਸਰਕਾਰ ਪੰਥਕ ਸਰਕਾਰ ਨਹੀਂ, ਸਗੋ ਪੰਥ ਵਿਰੋਧੀ ਸਰਕਾਰ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਜਿੰਨਾ ਚਿਰ ਤੱਕ ਬਾਦਲਾਂ ਦਾ ਬੋਰੀਆ ਬਿਸਤਰਾ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਵਿੱਚੋ ਗੋਲ ਨਹੀਂ ਕੀਤਾ ਜਾਂਦਾ, ਉਨਾ ਚਿਰ ਤੱਕ ਕੌਮ ਦੀ ਭਲਾਈ ਦੀ ਕੋਈ ਆਸ ਨਹੀਂ ਰੱਖੀ ਜਾਣੀ ਚਾਹੀਦੀ। ਉਹਨਾਂ ਕਿਹਾ ਕਿ ਉਹਨਾਂ ਦੀ ਰਾਇ ਹੈ ਕਿ ਪੰਜ ਪਿਆਰਿਆਂ ਨੇ ਜਿਸ ਤਰੀਕੇ ਨਾਲ ਤਖਤਾਂ ਦੇ ਗੁਲਾਮ ਜਥੇਦਾਰਾਂ, ਮੱਕੜ ਤੇ ਮੁੱਖ ਸਕੱਤਰ ਦੇ ਬਾਈਕਾਟ ਦਾ ਸੱਦਾ ਕੌਮ ਨੂੰ ਦਿੱਤਾ ਹੈ ਉਸੇ ਤਰ੍ਹਾਂ ਹੀ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੇ ਬਾਦਲ ਪਰਿਵਾਰ ਦੇ ਬਾਈਕਾਟ ਦਾ ਵੀ ਸੱਦਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਪੰਥਕ ਕਦਰਾਂ ਕੀਮਤਾਂ ਦੀ ਬਹਾਲੀ ਲਈ ਪੰਥਕ ਧਿਰਾਂ ਨੂੰ ਵੱਡੀ ਪੱਧਰ 'ਤੇ ਮੁਹਿੰਮ ਵਿੱਢਣੀ ਪਵੇਗੀ।

ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਦੇ ਮੈਂਬਰ ਸ੍ਰ ਮੰਗਲ ਸਿੰਘ ਸੰਧੂ ਨੇ ਕਿਹਾ ਕਿ ਉਹਨਾਂ ਨੇ ਪਹਿਲੀ ਜਨਵਰੀ ਵਾਲੇ ਦਿਨ ਜਦੋ ਪੰਜ ਪਿਆਰਿਆਂ ਨੂੰ ਬਰਖਾਸਤ ਕਰਨ ਦਾ ਫੈਸਲਾ ਲਿਆ ਜਾ ਰਿਹਾ ਸੀ ਤਾਂ ਉਹਨਾਂ ਨੇ ਆਪਣੇ ਸਾਥੀ ਸ੍ਰ ਭਜਨ ਸਿੰਘ ਸ਼ੇਰਗਿੱਲ ਨਾਲ ਮਿਲ ਤੇ ਪੰਜ ਪਿਆਰਿਆਂ ਦੀ ਬਰਖਾਸਤਗੀ ਦਾ ਵਿਰੋਧ ਕੀਤਾ ਸੀ ਤੇ ਮੀਟਿੰਗ ਵਿੱਚ ਕਿਹਾ ਸੀ ਕਿ ਇਹ ਫੈਸਲਾ ਕਾਰਜਕਰਨੀ ਕਮੇਟੀ ਦਾ ਨਹੀਂ, ਸਗੋਂ ਸੁਖਬੀਰ ਸਿੰਘ ਬਾਦਲ ਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਪੰਥ ਨੂੰ ਅਜ਼ਾਦ ਕਰਾਉਣ ਪੰਜਾਬ ਵਿੱਚੋ ਬਾਦਲ ਮਾਰਕਾ ਅਖੌਤੀ ਅਕਾਲੀ ਦਲ ਖਤਮ ਕਰਨਾ ਪਵੇਗਾ। ਉਹਨਾਂ ਕਿਹਾ ਕਿ ਲੋਕ ਤਾਂ ਸਿਰਫ 2017 ਵੱਲ ਹੀ ਵੇਖ ਰਹੇ ਤੇ ਬਾਦਲਾਂ ਲਈ ਵਿਧਾਨ ਸਭਾ ਚੋਣਾਂ ਫੈਸਲਾਕੁੰਨ ਹੋਣਗੀਆਂ।

ਅਕਾਲੀ ਦਲ1920 ਦੇ ਸੀਨੀਅਰ ਮੀਤ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ੍ਰ ਰਘਬੀਰ ਸਿੰਘ ਰਾਜਾਸਾਂਸੀ ਨੇ ਕਿਹਾ ਕਿ ਪੰਜ ਪਿਆਰਿਆਂ ਨੂੰ ਕਿਸੇ ਇੱਕ ਧੜੇ ਨਾਲ ਸਬੰਧਿਤ ਹੋਣ ਦੀ ਬਜਾਏ ਸਮੁੱਚੀ ਕੌਮ ਦੀ ਅਗਵਾਈ ਕਰਨੀ ਪਵੇਗੀ। ਉਹਨਾਂ ਕਿਹਾ ਕਿ ਇਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਅਜਾਦ ਕਰਾਉਣ ਤੇ ਪੰਥਕ ਸਿਧਾਂਤ ਬਹਾਲ ਕਰਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਮੇਤ ਬਾਦਲ ਪਰਿਵਾਰ ਦੇ ਬਾਈਕਾਟ ਦਾ ਸੱਦਾ ਦੇਣ ਦੇ ਨਾਲ ਨਾਲ ਉਹਨਾਂ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਦੇ ਮੈਂਬਰਾਂ ਦਾ ਵੀ ਬਾਈਕਾਟ ਕੀਤਾ ਜਾਵੇ ਜਿਹਨਾਂ ਨੇ ਪੰਜ ਪਿਆਰਿਆਂ ਨੂੰ ਬਰਖਾਸਤ ਕਰਨ ਲਈ ਸਰਕਾਰੀ ਹੁਕਮਾਂ ਦੀ ਤਾਮੀਲ ਕੀਤੀ ਹੈ।

ਇਸੇ ਤਰ੍ਹਾਂ ਬਾਕੀ ਬੁਲਾਰਿਆਂ ਨੇ ਪੰਜ ਪਿਆਰਿਆਂ ਦੀ ਰੋਟੀ ਰੋਜ਼ੀ ਦੀ ਬਾਰੇ ਦੇ ਬੰਦੋਬਸਤ ਕਰਨ ਬਾਰੇ ਵੀ ਆਪਣੀ ਰਾਇ ਦਿੱਤੀ, ਪਰ ਪੰਜ ਪਿਆਰਿਆਂ ਭਾਈ ਸਤਿਨਾਮ ਸਿੰਘ ਖੰਡਾ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ ਝਿੰਜੀਆ, ਭਾਈ ਤਰਲੋਕ ਸਿੰਘ ਤੇ ਭਾਈ ਮੰਦਲ ਸਿੰਘ ਨੇ ਕਿਹਾ ਕਿ ਉਹਨਾਂ ਨੇ ਜਿਹੜਾ ਵੀ ਫੈਸਲਾ ਵੀ ਲਿਆ ਹੈ ਕਿਸੇ ਵੀ ਦਬਾਅ ਹੇਠ ਨਹੀਂ ਸਗੋ ਗੁਰਮਤਿ ਸਿਧਾਂਤ ਤੇ ਪੰਥਕ ਪੀੜਾ ਨੂੰ ਮੁੱਖ ਰੱਖ ਕੇ ਲਿਆ ਹੈ। ਪੰਜ ਪਿਆਰਿਆਂ ਨੇ ਭਰੋਸਾ ਦਿੱਤਾ ਕਿ ਉਹ ਸਮੁੱਚੀ ਕੌਮ ਨੂੰ ਇੱਕਮੁੱਠ ਕਰਨ ਲਈ ਹਰ ਪ੍ਰਕਾਰ ਦੇ ਯਤਨ ਕਰਨਗੇ। ਮੀਟਿੰਗ ਨੂੰ ਅਕਾਲ ਪੁਰਖ ਕੀ ਫੌਜ ਦੀ ਮੁੱਖ ਸੇਵਾਦਾਰ ਤੇ ਚੀਫ ਖਾਲਸਾ ਦੀਵਾਨ ਦੇ ਮੈਂਬਰ ਐਡਵੋਕੇਟ ਜਸਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top