Share on Facebook

Main News Page

"ਬੰਸਾਵਲੀਨਾਮਾ" ਦਾ ਸੰਪਾਦਕ ਪਿਆਰਾ ਸਿੰਘ ਪਦਮ - ਨਾਲੇ ਚੋਰ ਨਾਲੇ ਚਤਰ
-:
ਗੁਰਦੀਪ ਸਿੰਘ ਬਾਗ਼ੀ
gurdeepsinghjohal@yahoo.co.in

ਪਿਆਰਾ ਸਿੰਘ ਪਦਮ ਦੀ ਕਿਤਾਬ "ਦਸਮ ਗ੍ਰੰਥ ਦਰਸ਼ਨ" ਦੇ ਪੰਨਾ 53 ਵਿੱਚ ਭਾਈ ਮਨੀ ਸਿੰਘ ਦੀ ਜਾਅਲੀ ਚਿੱਠੀ ਦੀ ਪੈਰਵੀ ਕਰਦੇ ਰਤਨ ਸਿੰਘ ਜੱਗੀ ਤੇ ਟਿਪਣੀ ਕਰਦੇ ਹਨ  “ਜਾਅਲੀ ਚਿੱਠੀ ਘੜਨ ਪਿਛੇ ਸਾਜਿਸ਼ ਕੀ ਸੀ ਤੇ ਗੁਰੂ ਸਾਹਿਬ ਹੋਰ ਕਵੀਆਂ ਤੋਂ ਲਿਖਾ ਕੇ ਆਪਣੀ ਨਾਂ ਮਨਸੂਬ ਕਰਨ ਜੇਹੀ ਅਨੁਚਿਤ ਕਾਰਵਾਈ ਕਿਵੇਂ ਕਰ ਸਕਦੇ ਸਨ, ਇਸ ਦਾ ਜਵਾਬ ਲੇਖਕ ਨੇ ਨਹੀਂ ਦਿੱਤਾ”, ਪਿਆਰਾ ਸਿੰਘ ਪਦਮ ਵਲੋਂ ਇਹ ਸਤਰਾਂ ਲਿਖਣ ਨਾਲ ਇਕ ਪੁਸ਼ਟੀ ਤਾਂ ਹੋ ਜਾਂਦੀ ਹੈ ਕਿ ਪਿਆਰਾ ਸਿੰਘ ਪਦਮ ਤੇ ਇਹ ਕਹਾਵਤ ਪੁਰੀ ਤਰ੍ਹਾਂ ਢੁੱਕਦੀ ਹੈ “ਨਾਲੇ ਚੋਰ ਨਾਲੇ ਚਤਰ”।

ਇਸ ਲੇਖ ਵਿੱਚ ਬੰਸਾਵਲੀਨਾਮਾ ਦੀ ਸੰਪਾਦਨਾ ਵਿੱਚ ਜੋ ਉਕਾਈਆਂ ਪਿਆਰਾ ਸਿੰਘ ਪਦਮ ਨੇ ਜਾਣਬੁੱਝ ਕੇ ਕੀਤੀਆਂ ਹਨ, ਉਨ੍ਹਾਂ ਵਿੱਚੋਂ ਕੁੱਝ ਦਾ ਵਿਚਾਰ ਕਰਾਂਗੇ ਤਾਂਕਿ ਇਹ ਤੱਥ ਪਾਠਕਾਂ ਸਾਮ੍ਹਣੇ ਸਾਬਿਤ ਹੋ ਸਕੇ ਕਿ ਪਿਆਰਾ ਸਿੰਘ ਪਦਮ ਦਾ ਬਿਚਿਤਰ ਨਾਟਕ ਨੂੰ ਗੁਰੂ ਕ੍ਰਿਤ ਕਹਿਣਾ, ਇਕ ਹਵਾਈ ਕਿਲ੍ਹਾ ਬਨਾਉਣਾ ਸੀ।

ਬਿਚਿਤਰ ਨਾਟਕ ਦੀ ਗਵਾਹੀ ਦਿੰਦੀਆਂ ਲਿਖਤਾਂ ਦੀ ਪੜਚੌਲ ਕਰਨ ਤੋਂ ਇਹ ਗਲ ਉਬਰ ਕੇ ਸਾਮ੍ਹਣੇ ਆਉਂਦੀ ਹੈ ਕਿ ਕੇਸਰ ਸਿੰਘ ਛਿਬਰ ਦਾ ਬੰਸਾਵਲੀਨਾਮਾ ਪਹਿਲਾਂ ਕਦਮ ਸੀ ਬਿਚਿਤਰ ਨਾਟਕ ਨੂੰ ਗੁਰੂ ਕ੍ਰਿਤ ਸਾਬਿਤ ਕਰਨ ਦਾ, ਬਾਦ ਵਿੱਚ ਇਸ ਬਿਚਿਤਰ ਨਾਟਕ ਦੇ ਇਤਿਹਾਸ ਨੂੰ ਹੋਰ ਪੁਖਤਾ ਕਰਨ ਵਾਸਤੇ ਬਹੁਤ ਸਾਰੇ ਜਾਅਲੀ ਰਹਿਤਨਾਮੇ ਲਿਖੇ ਗਏ ਅਤੇ ਹੋਰ ਲਿਖਤਾਂ ਲਿਖੀਆਂ ਗਈਆਂ ਜਿਨ੍ਹਾਂ 'ਤੇ ਲਿਖੇ ਜਾਣ ਦੀ ਤਾਰੀਖ ਕੇਸਰ ਸਿੰਘ ਤੋਂ ਪਹਿਲਾਂ ਵਾਲੀ ਦਿੱਤੀ ਗਈ। ਜਿਨ੍ਹਾਂ ਵਿੱਚੋਂ ਕੋਇਰ ਸਿੰਘ ਕਲਾਲ ਦੀ ਰਚਨਾ ਦੀ ਪੜਚੋਲ ਕਰ ਕੇ ਇਹ ਸਾਬਿਤ ਕੀਤਾ ਜਾ ਚੁਕਾ ਹੈ, ਕਿ ਉਹ 19ਵੀਂ ਸਦੀ ਦੀ ਲਿਖਤ ਹੈ। ਹਾਲੇ ਵੀ ਭਾਈ ਜੀਵਨ ਸਿੰਘ ਦੇ ਨਾਮ ਨਾਲ ਜੋੜ੍ਹੀ ਜਾਣ ਵਾਲੀ ਰਚਨਾ ਦੀ ਪੜਚੋਲ ਦੀ ਜਾਣਕਾਰੀ ਪਾਠਕਾਂ ਸਾਮ੍ਹਣੇ ਰਖਣਾ ਬਾਕੀ ਹੈ, ਫੇਰ ਵੀ ਇਕ ਉਦਾਹਰਣ ਦੇਣਾ ਇਥੇ ਜਰੂਰੀ ਹੈ, ਤਾਂਕਿ ਪਾਠਕ ਉਸ ਲਿਖਤ ਬਾਰੇ ਵੀ ਜਾਣ ਲੈਣ ਕਿ ਉਹ ਵੀ ਗੁਰੂ ਸਾਹਿਬ ਦੀ ਸਮਕਾਲੀ ਲਿਖਤ ਨਹੀਂ ਹੈ। "ਸ੍ਰੀ ਗੁਰ ਕਥਾ" ਮੁਤਾਬਿਕ ਸੀਸ ਭੇਟ ਵਾਲੀ ਘਟਨਾ ਦਮਦਮਾ ਸਾਹਿਬ ਆਨੰਦਪੁਰ ਵਿੱਚ ਹੋਈ ਹੈ, ਅਤੇ ਇਸ ਘਟਨਾ ਦਾ ਕੋਈ ਸਾਲ ਨਹੀਂ ਦਿੱਤਾ ਗਿਆ, ਪਰ ਇਹ ਘਟਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਂਵਟਾ ਜਾਣ ਤੋਂ ਪਹਿਲਾਂ ਅਤੇ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹੀਦੀ ਦੇ ਬਾਦ ਹੋਈ ਹੈ, ਇਸ ਦਾ ਸਮਾਂ 1675 ਇ ਤੋਂ 1685 ਇ ਬਣ ਜਾਂਦਾ ਹੈ, ਜੋ ਕਿ ਗਲਤ ਹੈ। ਸੀਸ ਭੇਟ ਵਾਲੀ ਘਟਨਾ 1698 ਇ ਦੀ ਹੈ।

ਅਸੀਂ ਹਾਲੇ ਤੱਕ ਇਹ ਪੜਚੋਲ ਕਰ ਚੁਕੇ ਹਾਂ ਕਿ ਕੇਸਰ ਸਿੰਘ ਛਿਬੜ ਦਾ ਮੁੱਖ ਮਕਸਦ ਸਿੱਖ ਤਵਾਰੀਖ਼ ਨੂੰ ਵਿਗਾੜਨਾ ਅਤੇ "ਬਿਚਿਤਰ ਨਾਟਕ" ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਸਾਬਿਤ ਕਰਨ ਵਾਲੀ ਝੂਠੀ ਗਵਾਹੀ ਦੇਣਾ ਸੀ। ਕਿਸੇ ਵੀ ਸੰਪਾਦਕ ਦਾ ਕੰਮ ਹੁੰਦਾ ਹੈ, ਕਿ ਉਹ ਜਿਸ ਕਿਸੇ ਵੀ ਰਚਨਾ ਦੀ ਸੰਪਾਦਨਾ ਕਰੇ, ਪਰ ਪੂਰੀ ਇਮਾਨਦਾਰੀ ਨਾਲ ਕਰੇ। ਪਿਆਰਾ ਸਿੰਘ ਪਦਮ ਨੇ ਬੰਸਾਵਲੀਨਾਮਾ ਦੀ ਸੰਪਾਦਨਾ ਕੀਤੀ ਹੈ ਅਤੇ ਆਪਣੀ ਸੰਪਾਦਨਾ ਵਾਲੇ ਪੱਖ ਨਾਲ ਉਨ੍ਹਾਂ ਨੇ ਬਹੁਤ ਨਾ-ਇਨਸਾਫੀ ਕੀਤੀ ਹੈ। ਪਿਆਰਾ ਸਿੰਘ ਪਦਮ ਭਾਈ ਮਨੀ ਸਿੰਘ ਦੇ ਨਾਮ ਨਾਲ ਜੋੜ੍ਹੀ ਜਾਣ ਵਾਲੀ ਜਾਅਲੀ ਚਿੱਠੀ ਨੂੰ ਸਚ ਸਾਬਿਤ ਕਰਦੇ ਰਹੇ। ਭਾਈ ਮਨੀ ਸਿੰਘ ਦੇ ਨਾਮ ਨਾਲ ਜੋੜੀ ਜਾਣ ਵਾਲੀ ਬੀੜ ਜਿਸ ਵਿੱਚ ਭਾਈ ਬੰਨੋ ਮਿਸਲ ਵਾਲੀ ਬੀੜ ਦੀਆਂ ਫਾਲਤੂ ਰਚਨਾਵਾਂ ਹਨ, ਬਿਚਿਤਰ ਨਾਟਕ ਅਤੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਾਲੀ ਬੀੜ ਦੇ ਤੱਥਾਂ ਤੋਂ ਜਾਣੂ ਹੋਣ ਦੇ ਬਾਵਜੂਦ ਵੀ ਸਚ ਨੂੰ ਮਨੰਣ ਤੋਂ ਇਨਕਾਰੂ ਰਹੇ।

ਅਸੀਂ ਜਦ ਵੀ ਕਿਸੇ ਇਤਿਹਾਸਿਕ ਸੋਮੇ ਨੂੰ ਪੜ੍ਹਦੇ ਹਾਂ, ਤਾਂ ਉਸ ਵਿੱਚ ਕੁਛ ਗਲਤੀਆਂ ਜ਼ਰੂਰ ਮਿਲ ਜਾਂਦੀਆ ਹਨ, ਪਰ ਜਦ ਅਸੀਂ ਕੇਸਰ ਸਿੰਘ ਛਿਬੜ ਦੀ ਰਚਨਾ ਬੰਸਾਵਲੀਨਾਮਾ ਪੜ੍ਹਦੇ ਹਾਂ, ਤਾਂ ਪਤਾ ਚਲਦਾ ਹੈ ਕਿ ਇਹ ਰਚਨਾ ਗਲਤ ਇਤਿਹਾਸਕ ਤਾਰੀਖਾਂ ਅਤੇ ਗਲਤ ਤੱਥਾਂ ਨਾਲ ਭਰੀ ਪਈ ਹੈ। ਪਿਆਰਾ ਸਿੰਘ ਪਦਮ ਬਹੁਤ ਜਿਆਦਾ ਥਾਈਂ ਬੰਸਾਵਲੀਨਾਮਾ ਦੇ ਕਰਤਾ ਦੀਆਂ ਗਲਤੀਆਂ ਉਤੇ ਕੋਈ ਟਿਪਣੀ ਨਹੀਂ ਕਰਦੇ। ਇਸ ਲੇਖ ਵਿੱਚ ਆਪਾਂ ਪੜਚੋਲ ਕਰਾਂਗੇ ਕਿ ਕੇਸਰ ਸਿੰਘ ਛਿਬੜ ਦੀਆਂ ਜੋ ਗਲਤੀਆਂ ਹਨ, ਉਨ੍ਹਾਂ 'ਤੇ ਪਿਆਰਾ ਸਿੰਘ ਪਦਮ ਨੇ ਕੋਈ ਟਿਪਣੀ ਨਹੀਂ ਕੀਤੀ ਅਤੇ ਆਪਣੀ ਸੰਪਾਦਕ ਹੋਣ ਦੇ ਨਾਤੇ ਕਿਨ੍ਹੀ ਵਡੀ ਨਾ-ਇਨਸਾਫੀ ਕਰ ਗਏ।

ਕੇਸਰ ਸਿੰਘ ਛਿਬੜ ਦੀ ਗੱਲ ਨੂੰ ਮੰਨ ਲਈਏ ਤਾਂ ਗੁਰਮੁਖੀ ਲਿੱਪੀ ਦੇ ਅੱਖਰ ਸ੍ਰੀਚੰਦ ਨੇ ਬਣਾਏ ਹਨ। ਜਿੰਨੇ ਵੀ ਖੋਜੀ ਸਜੱਣ ਹਨ, ਸਭ ਜਾਣਦੇ ਹਨ ਕਿ ਗੁਰਮੁਖੀ ਅੱਖਰ ਗੁਰੂ ਨਾਨਕ ਸਾਹਿਬ ਨੇ ਬਣਾਏ ਸੀ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਪੱਟੀ ਲਿਖੀ ਮੌਜੂਦ ਹੈ। ਕਰਮ ਸਿੰਘ ਹਿਸਟੋਰਿਅਨ ਜੀ ਦੀ ਸੰਪਾਦਿਤ ਕਿਤਾਬ "ਬਹੁ-ਮੁੱਲੇ ਇਤਿਹਾਸਿਕ ਲੇਖ" ਵਿੱਚ ਸ. ਸ਼ਮਸੇਰ ਸਿੰਘ ਜੀ ਐਮ. ਐਸ. ਸੀ, ਕਸ਼ਮੀਰ ਦਾ ਇਕ ਲੇਖ "ਗੁਰਮੁਖੀ ਅੱਖਰ" ਛਪਿਆ ਹੈ, ਜਿਸ ਵਿੱਚ ਉਨ੍ਹਾਂ ਨੇ ਇਸ ਮੁੱਦੇ ਤੇ ਖੋਜ ਕਰਦਿਆਂ  ਦਰਜ ਕੀਤਾ ਹੈ  

“ ………  ਸ਼ਾਇਦ ਤੁਸੀਂ ਜਾਣਦੇ ਹੋ ਕਿ ਗੁਰੂ ਸਾਹਿਬ, ਜਿਨ੍ਹਾਂ ਨੇ ਗੁਰਮੁਖੀ ਅੱਖਰ ਬਣਾਏ, ਚੋਖਾ ਸਮਾਂ ਕਾਂਗੜੇ ਵਿੱਚ ਠਹਰੇ ਸਨ। ਕਾਂਗੜੇ ਦੀ ਵਾਦੀ ਦੀ ਲਿਪੀ ਟਾਕਰੀ ਹੈ, ਇਉਂ ਹੀ ਜਿਵੇਂ ਨਾਲ ਲੱਗਦੀ ਕਸ਼ਮੀਰ ਦੀ ਵਾਦੀ ਦੀ ਲਿਪੀ ਸ਼ਾਰਦਾ ਹੈ। ਇਹ ਲਿਪੀਆਂ ਗੁਪਤਾ ਲਿਪੀ ਨਾਲ ਸੰਬੰਧਤ ਹਨ। ਸ਼ਾਰਦਾ ਵਿੱਚ ਮੀਟਰ ਤੇ ਉਪਰਲੀਆਂ ਲਕੀਰਾਂ ਉਸੇ ਤਰਹ ਹਨ ਜਿਵੇਂ ਗੁਰਮੁਖੀ ਵਿੱਚ; ਲੰਡਿਆਂ ਵਿੱਚ ਇਹ ਲੁਪਤ ਹਨ ਤੇ ਅਖਰਾਂ ਦੀਆਂ ਠੀਕ ਤੇ ਢੁੱਕਵੀਆਂ ਸ਼ਕਲਾਂ ਨਹੀਂ ਹਨ।”  ਇਸ ਤੱਥ ਤੋਂ ਤਾਂ ਇਹ ਗੱਲ ਸਾਬਿਤ ਹੁੰਦੀ ਹੈ ਕਿ ਗੁਰਮੁਖੀ ਲਿਪੀ ਗੁਰੂ ਨਾਨਕ ਸਾਹਿਬ ਦੀ ਬਣਾਈ ਹੈ ਅਤੇ ਸ਼ਾਰਦਾ ਨਾਲ ਮਿਲਦੀ ਹੈ। ਪਿਆਰਾ ਸਿੰਘ ਪਦਮ ਨੇ ਪਤਾ ਨਹੀਂ ਕਿਓਂ ਇਸ ਤੱਥ ਤੋਂ ਪਾਠਕਾਂ ਨੂੰ ਜਾਗਰੂਕ ਨਹੀਂ ਕਰਵਾਇਆ।

ਅਸੀਂ ਇਸ ਦਾ ਵਿਚਾਰ ਬਹੁਤ ਪਹਿਲਾਂ ਕਰ ਚੁਕੇ ਹਾਂ ਕਿ ਬਿਚਿਤਰ ਨਾਟਕ ਵਿੱਚ ਕਬਿ ਜਨਮ ਕਥਨੰ ਵਾਲੇ ਅਧਿਆਏ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਪਨ ਦਾ ਵੇਰਵਾ ਬਿਲਕੁਲ ਗਲਤ ਦਿੱਤਾ ਗਿਆ ਹੈ। ਬਿਚਿਤਰ ਨਾਟਕ ਦਾ ਲਿਖਾਰੀ ਗੁਰੂ ਸਾਹਿਬ ਦੇ ਪ੍ਰਕਾਸ਼ ਬਾਦ ਮਦ੍ਰ ਦੇਸ਼ ਆਉਣਾ ਲਿਖਦਾ ਹੈ, ਜਿਥੇ ਸਿਖੀਆ-ਦਿਖੀਆ ਆਦਿ ਦਿੱਤੀ ਗਈ।

ਕੇਸਰ ਸਿੰਘ ਲਿਖਦਾ ਹੈ ਕਿ ਗੁਰੂ ਸਾਹਿਬ ਪ੍ਰਕਾਸ਼ ਦੇ ਦੋ ਸਾਲ ਤਕ ਪਟਨਾ ਰਹੇ ਫੇਰ ਮਦ੍ਰ ਦੇਸ਼ ਆਏ। ਪਿਆਰਾ ਸਿੰਘ ਪਦਮ ਇਸ ਤੱਥ ਤੋਂ ਚੰਗੀ ਤਰ੍ਹਾਂ ਵਾਕਿਫ ਸਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿਖੀਆ ਪਟਨਾ ਵਿੱਚ ਹੋਈ ਅਤੇ ਜਦ ਗੁਰੂ ਸਾਹਿਬ ਮਦ੍ਰ ਦੇਸ਼ ਆਏ ਤਾਂ ਉਹ ਤਕਰੀਬਨ ਦਸ ਸਾਲ ਦੇ ਸਨ। ਗੁਰੂ ਸਾਹਿਬ 1671 ਇ ਦੇ ਆਖੀਰ ਵਿੱਚ ਮਦ੍ਰ ਦੇਸ਼ ਆਏ ਫੇਰ ਵੀ ਸੰਪਾਦਕ ਸਾਹਿਬ ਨੇ ਇਸ ਗਲਤੀ 'ਤੇ ਕੋਈ ਟਿੱਪਣੀ ਨਹੀਂ ਕੀਤੀ, ਜੇ ਇਥੇ ਟਿੱਪਣੀ ਕਰ ਦਿੰਦੇ ਤਾਂ ਇਥੇ ਹੀ ਸਿੱਧ ਹੋ ਜਾਣਾ ਸੀ ਕਿ ਬਿਚਿਤਰ ਨਾਟਕ ਦੇ ਲਿਖਾਰੀ ਨੂੰ ਗੁਰੂ ਸਾਹਿਬ ਦੇ ਬਚਪਨ ਬਾਰੇ ਬਿਲਕੁਲ ਨਹੀਂ ਪਤਾ ਸੀ। ਪਿਆਰਾ ਸਿੰਘ ਪਦਮ ਜਿਸ ਬਿਚਿਤਰ ਨਾਟਕ ਨੂੰ ਗੁਰੂ ਕ੍ਰਿਤ ਸਾਬਿਤ ਕਰਨ ਵਾਸਤੇ ਪੁਰਾ ਜ਼ੋਰ ਲਾ ਰਹੇ ਸਨ, ਉਸ ਨੂੰ ਸੱਚ ਦੀ ਕਸਵਟੀ 'ਤੇ ਪਰਖਣ ਦੀ ਕੋਸ਼ਿਸ਼ ਕਿਓਂ ਕਰਦੇ, ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦਾ ਜੋ ਗਲਤ ਦਿਨ ਕੇਸਰ ਸਿੰਘ ਛਿਬੜ ਨੇ ਦਿੱਤਾ ਪਿਆਰਾ ਸਿੰਘ ਪਦਮ ਨੇ ਉਸ ਤੇ ਟਿੱਪਣੀ ਵੀ ਨਹੀਂ ਕੀਤੀ। ਕੇਸਰ ਸਿੰਘ ਛਿਬੜ ਗੁਰੂ ਸਾਹਿਬ ਦਾ ਪ੍ਰਕਾਸ਼  ਸਮੰਤ 1718 ਯਾਨਿ 1661 ਇ. ਦੇ ਦਿਨ ਅਸ਼ਟਮੀ ਰਵਿਵਾਰ ਦਾ ਦੱਸਦਾ ਹੈ ਅਤੇ ਕੋਈ ਮਹੀਨਾ ਵੀ ਨਹੀਂ ਦਿੰਦਾ ਜਦਕਿ ਗੁਰੂ ਸਾਹਿਬ ਦਾ ਪ੍ਰਕਾਸ਼ ਪੋਹ ਦੇ ਮਹੀਨੇ ਦੀ ਸਪਤਮੀ ਤਿਥੀ ਬੁਧਵਾਰ ਦੇ ਦਿਨ ਦਾ ਹੈ, ਜੋ 18 ਦਸੰਬਰ 1661 ਇ. ਬਣਦਾ ਹੈ।

ਪਿਆਰਾ ਸਿੰਘ ਪਦਮ ਨੇ ਸੰਪਾਦਨਾ ਵਿੱਚ ਉਕਾਈਆਂ ਤੇ ਬਹੁਤ ਕੀਤੀਆਂ ਜਾਂ ਕਹਿ ਲਓ ਜਾਣ-ਬੁੱਝ ਕੇ ਇਤਿਹਾਸਿਕ ਗਲਤੀਆਂ ਨਜਰਅੰਦਾਜ ਕੀਤੀਆਂ। ਬੰਸਾਵਲੀਨਾਮਾ ਦਾ ਕਰਤਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਿਆਹ ਮਾਤਾ ਜੀਤੋ ਨਾਲ ਸਮੰਤ 1742 ਯਾਨਿ 1685 ਇ. ਵਿੱਚ ਹੋਇਆ ਲਿਖਦਾ ਹੈ ਜਦ ਕਿ ਗੁਰੂ ਸਾਹਿਬ ਦਾ ਵਿਆਹ ਮਾਤਾ ਜੀਤੋ ਨਾਲ ਸਮੰਤ 1735 ਯਾਨਿ 1678 ਇ. ਵਿੱਚ ਹੋਇਆ ਸੀ, ਪਿਆਰਾ ਸਿੰਘ ਪਦਮ ਇਸ ਗਲਤੀ ਨੂੰ ਸੁਧਾਰਨ ਵਾਸਤੇ ਕੋਈ ਵੀ ਟੀਪਣੀ ਨਹੀਂ ਕਰਦੇ। ਅੱਗੇ ਇਤਾਹਾਸ ਤੋਂ ਨਾਵਾਕਿਫ ਕੇਸਰ ਸਿੰਘ ਛਿਬੜ ਲਿਖਦਾ ਹੈ ਕਿ ਸਮੰਤ 1745 ਯਾਨਿ 1688 ਇ. ਵਿੱਚ ਸਾਹਿਬਜਾਦਾ ਅਜੀਤ ਸਿੰਘ ਦਾ ਜਨਮ ਲਖਨੌਰ ਵਿੱਚ ਹੋਇਆ ਜਦ ਕਿ ਸਾਹਿਬਜਾਦਾ ਅਜੀਤ ਸਿੰਘ ਦਾ ਜਨਮ ਸਮੰਤ 1743 ਯਾਨਿ 1686 ਇ. ਵਿੱਚ ਪਾਵਂਟਾ ਸਾਹਿਬ ਚ ਹੋਇਆ। ਪਿਆਰਾ ਸਿੰਘ ਪਦਮ ਲਗਦਾ ਹੈ ਡਰਦੇ ਸੀ ਕਿ ਜਿਸ ਕਿਤਾਬ ਦੇ ਦਮ ਤੇ ਮੈਂ ਬਿਚਿਤਰ ਨਾਟਕ ਨੂੰ ਗੁਰੂ ਕ੍ਰਿਤ ਸਾਬਿਤ ਕਰ ਰਿਹਾ ਹਾਂ ਉਸ ਦੀਆਂ ਇਨ੍ਹੀਆਂ ਗਲਤੀਆਂ ਤੇ ਟਿੱਪਣੀ ਕਰਾਗਾਂ ਤਾਂ ਲੋਕ ਕਹਿਣਗੇ ਜਿਸ ਲਿਖਾਰੀ ਨੂੰ ਸਹੀ ਜਾਣਕਾਰੀ ਨਹੀਂ ਸੀ ਉਸ ਦੇ ਦਮ ਤੇ ਤੂੰ ਕਾਹਨੂੰ ਸਿੱਖ ਤਵਾਰੀਖ ਅਤੇ ਫਲਸਫੇ ਨੂੰ ਵਿਗਾੜ ਰਿਹਾ ਹੈਂ , ਸ਼ਾਇਦ ਇਸ ਡਰ ਕਰਕੇ ਇਥੇ ਵੀ ਟਿੱਪਣੀ ਕਰਨ ਤੋਂ ਕਿਨਾਰਾ ਕਰ ਗਏ, ਲਗਾਤਾਰ ਦੋ ਤਾਰੀਖਾਂ ਗਲਤ ਦੇ ਗਿਆ ਲਿਖਾਰੀ 3 ਛੰਦਾਂ ਵਿੱਚ।

ਜੋ ਖੋਜੀ ਸੱਜਣ ਹਨ, ਉਹ ਜਾਣਦੇ ਹਨ ਕਿ ਗੁਰੂ ਸਾਹਿਬਾਨ ਦੀ ਜੋਤੀ-ਜੋਤ ਸਮਾਉਣ ਦੀ ਤਾਰੀਖਾਂ ਪੁਰਾਤਨ ਹਥ-ਲਿਖਤ ਬੀੜਾਂ ਵਿੱਚ ਦਰਜ ਹੁੰਦੀਆਂ ਸੀ। ਏਸ ਜਾਣਕਾਰੀ ਦੇ ਸਹਾਰੇ ਕੇਸਰ ਸਿੰਘ ਛਿਬੜ ਨੇ ਜੋਤੀ-ਜੋਤ ਸਮਾਉਣ ਦੀ ਤਾਰੀਖਾਂ ਸਹੀ ਦਿੱਤੀਆਂ ਹਨ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ-ਜੋਤ ਸਮਾਉਣ ਦੀ ਤਾਰੀਖ ਉਹ ਸੰਮਤ 1766 ਕਾਰਤਿਕ ਸੁਦੀ ਪੰਜ ਰਵੀਵਾਰ ਦਿੰਦਾ ਹੈ, ਜੋ ਗਲਤ ਹੈ ਅਤੇ ਪਿਆਰਾ ਸਿੰਘ ਪਦਮ ਇਸ ਗਲਤੀ ਨੂੰ ਦੁਰੁਸਤ ਕਰਨ ਦੀ ਇਹ ਟਿਪਣੀ ਲਿਖ ਕੇ ਨਾਕਾਮਯਾਬ ਕੋਸ਼ਿਸ਼ ਕਰਦੇ ਨੇ ਇਹ ਦੇਹਾਂਤ ਦਾ ਸੰਮਤ ਵਰਤਮਾਨ ਹੈ ਤੇ ਉਂਜ ਗਤਿ ਸੰਮਤ 1765 ਬਣ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜੋਤੀ ਜੋਤ ਸਮਾਉਣ ਦਾ ਵਾਰ ਵੀ ਕੇਸਰ ਸਿੰਘ ਛਿਬੜ ਨੇ ਗਲਤ ਦਿੱਤਾ ਹੈ, ਕਾਰਤਿਕ ਸੁਦੀ ਪੰਜ ਨੂੰ ਵੀਰਵਾਰ ਸੀ ਨਾਂ ਕਿ ਰਵਿਵਾਰ। ਕੇਸਰ ਸਿੰਘ ਛਿਬੜ ਨੂੰ ਇਹ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਬੀੜ ਵਿੱਚੋਂ ਮਿਲੀ ਹੋਣੀ ਹੈ ਜਿਸ ਵਿੱਚ ਤਾਰੀਖ ਗਲਤ ਲਿਖੀ ਹੋਣੀ ਹੈ। ਜੇ ਅਸੀਂ ਪਿਆਰਾ ਸਿੰਘ ਪਦਮ ਦੀ ਦਲੀਲ ਸੰਮਤ ਵਰਤਮਾਨ ਹੈ ਤੇ ਉਂਜ ਗਤਿ ਸੰਮਤ 1765 ਬਣ ਜਾਂਦਾ ਹੈ ਨੂੰ ਮੰਨ ਲੈਂਦੇ ਹਾਂ ਫਿਰ ਵੀ ਕੇਸਰ ਦੀ ਜਾਣਕਾਰੀ ਗਲਤ ਹੈ ਵਾਰ ਦੇ ਹਿਸਾਬ ਨਾਲ।

ਖਾਲਸਾ ਸਿਰਜਣਾ ਦੀ ਤਾਰੀਖ ਵੀ ਕੇਸਰ ਸਿੰਘ ਛਿਬੜ ਨੇ ਗਲਤ ਦਿੱਤੀ ਹੈ, ਉਸ ਬਾਰੇ ਪਿਆਰਾ ਸਿੰਘ ਪਦਮ ਟਿੱਪਣੀ ਕਰਨ ਤੋਂ ਕਿਨਾਰਾ ਕਰ ਗਏਕੋਈ ਦਲੀਲ ਜਾਂ ਸਪਸ਼ਟੀਕਰਨ ਵੀ ਨਹੀਂ ਦਿੱਤਾ ਜੋਤੀ-ਜੋਤ ਦੀ ਤਾਰੀਖ ਵਾਂਗ। ਇਸ ਬੰਸਾਵਲੀਨਾਮਾ ਨੂੰ ਸਹੀ ਅਤੇ ਪ੍ਰਮਾਣਿਕ ਬਨਾਉਣ ਵਾਸਤੇ ਇਕ ਦਲੀਲ ਦਿੱਤੀ ਜਾਂਦੀ ਹੈ ਕਿ ਕੇਸਰ ਸਿੰਘ ਛਿਬੜ ਦਾ ਪਰਿਵਾਰਿਕ ਪਿਛੋਕੜ ਗੁਰੂ ਘਰ ਨਾਲ ਜੁੜਿਆ ਹੋਇਆ ਸੀ। ਇਹ ਤੱਥ ਬਿਲਕੁਲ ਗਲਤ ਹੈ ਕਿ ਕੇਸਰ ਸਿੰਘ ਛਿਬੜ ਨੂੰ ਜਾਣਕਾਰੀ ਆਪਣੀ ਪਾਰਿਵਾਰਿਕ ਪਿਛੋਕੜ ਦੀ ਵਜ੍ਹਾ ਕਰਕੇ ਮਿਲੀ ਸੀ। ਸਿੱਖ ਤਵਾਰਿਖ ਵਿੱਚ ਖਾਲਸੇ ਦੀ ਸਿਰਜਣਾ ਇਕ ਬਹੁਤ ਵੱਡਾ ਸਾਕਾ ਹੈ, ਜੇ ਕੇਸਰ ਸਿੰਘ ਛਿਬੜ ਕੋਲੋਂ ਇਹ ਜਾਣਕਾਰੀ ਪਰਿਵਾਰ ਰਾਹੀਂ ਆਈ ਹੁੰਦੀ ਤਾਂ ਘਟੋਂ-ਘਟ ਖਾਲਸੇ ਦੀ ਸਿਰਜਨਾ ਦਾ ਸੰਮਤ 1754 ਨਾ ਦਿੰਦਾ। ਖਾਲਸੇ ਦੀ ਸਿਰਜਣਾ ਸੰਮਤ 1755 ਯਾਨੀ 1698 ਇ. ਹੈ ਪਰ ਜਿਆਦਾ ਲੋਕ 1699 ਇ. ਯਾਨਿ ਸੰਮਤ 1756 ਮਨੰਦੇ ਹੈ ਜੋ ਕਿ ਗਲਤ ਹੈ।

ਅਸੀਂ ਪਹਿਲਾਂ ਇਕ ਵਾਰ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਵਿਚਾਰ ਕਰ ਚੁਕੇ ਹਾਂ, ਕਿ ਕਿਵੇਂ ਬਿਚਿਤਰ ਨਾਟਕ ਦੇ ਲਿਖਾਰੀ ਨੇ ਟਪਲਾ ਖਾਦਾ ਅਤੇ ਜਹਾਂਗੀਰ ਨੂੰ ਆਦਿਲ ਲਿਖ ਦਿੱਤਾ, ਜਿਸ ਦਾ ਅਸਰ ਬਾਦ ਦੇ ਇਤਿਹਾਸ ਵਿੱਚ ਦੇਖਣ ਨੂੰ ਮਿਲਦਾ ਹੈ ਜਿਸ ਨੇ ਵੀ ਬਿਚਿਤਰ ਨਾਟਕ ਨੂੰ ਗੁਰੂ ਕ੍ਰਿਤ ਮੰਨਣ ਦੀ ਗਲਤੀ ਕੀਤੀ ਉਸ ਨੇ ਕੋਈ ਵੀ ਦੋਸ਼ ਜਹਾਂਗੀਰ ਉਤੇ ਨਹੀਂ ਲਾਇਆ, ਜਿਸ ਦਾ ਇਕ ਨਮੂਨਾ ਕੇਸਰ ਸਿੰਘ ਛਿਬੜ ਵੀ ਹੈ। ਉਹ ਗੁਰੂ ਸਾਹਿਬ ਦੀ ਸ਼ਹੀਦੀ ਵੇਲੇ ਸੱਤ ਮਹੀਨੇ ਜੇਲ ਵਿੱਚ ਕਸ਼ਟ ਪਾਣ ਦਾ ਜਿਕਰ ਕੀਤਾ ਹੈ, ਪਿਆਰਾ ਸਿੰਘ ਪਦਮ ਟਿੱਪਣੀ ਨਹੀਂ ਕਰਦੇ ਕਿ ਗੁਰੂ ਅਰਜਨ ਸਾਹਿਬ ਨੂੰ 5 ਦਿਨ ਤਸੀਹੇ ਦਿੱਤੇ ਗਏ ਤੇ ਸ਼ਹੀਦ ਕੀਤਾ ਗਿਆ। ਕੇਸਰ ਸਿੰਘ ਛਿਬੜ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਬਾਰੇ ਇਕ ਕਾਲਪਨਿਕ ਕਹਾਣੀ ਲਿਖ ਗਿਆ ਤੇ ਪਿਆਰਾ ਸਿੰਘ ਪਦਮ ਨੇ ਉਸ ਗੱਪ ਨੂੰ ਰੱਦ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤੇ ਨਾਹੀਂ ਪਾਠਕਾ ਨੂੰ ਇਹ ਜਾਣਕਾਰੀ ਦਿੱਤੀ ਕਿ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਪਿਛੇ ਜਹਾਂਗੀਰ ਸੀ। ਕੇਸਰ ਸਿੰਘ ਦੀ ਗੱਪ ਦੀ ਅਸਲੀ ਜੜ੍ਹ ਕਰਤਾਰ ਪੁਰੀ ਬੀੜ ਤੇ ਲਿਖੀ ਇਕ ਇਬਾਰਤ ਸੀ ਸੰਮਤ ੧੬੫੫ ਜਹਾਂਗੀਰ ਪਾਤਸ਼ਾਹ ਨੇ ਗੁਰੂ ਅਰਜਨ ਜੀ ਨੂੰ ਰਕਬਾ ਕਰਤਾਰਪੁਰ ਦਿਤਾ ਧਰਮਸਾਲ ਨੂੰ ੮੯੬੪ ਘੁਮਾਂ ਕਨਾਲ ੭ ਮਰਲੇ ੧੫ ਜਿਸ ਦੀ ਖਬਰ ਬਿਚਿਤਰ ਨਾਟਕ ਦੇ ਲਿਖਾਰੀ ਕੋਲ ਹੋਣੀ ਹੈ।

ਬਹੁਤ ਸਾਰੀਆਂ ਹੋਰ ਤਾਰੀਖਾਂ ਗਲਤ ਹਨ ਜਿਨ੍ਹਾਂ ਤੇ ਪਿਆਰਾ ਸਿੰਘ ਪਦਮ ਟਿਪਣੀ ਕਰਨ ਤੋਂ ਕਿਨਾਰਾ ਕਰ ਗਏ। ਜਿਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼, ਗੁਰੂ ਹਰਿ ਰਾਏ ਸਾਹਿਬ ਦਾ ਪ੍ਰਕਾਸ਼। ਕੇਸਰ ਸਿੰਘ ਛਿਬੜ ਦੇ ਬੰਸਾਵਲੀਨਾਮਾ ਦੀ ਗੁਹ ਨਾਲ ਪੜਚੋਲ ਕਰਨ ਤੋਂ ਇਹ ਪਤਾ ਚਲਦਾ ਹੈ, ਕਿ ਕਿਸ ਤਰ੍ਹਾਂ ਝੂਠ ਬੋਲਿਆ ਕਿ ਇਸ (ਕੇਸਰ ਸਿੰਘ ਛਿਬੜ ਨੇ) ਕੋਈ ਖਾਸ ਪਤਰੇ ਅਤੇ ਬੀੜ ਦੇਖੀ ਹੈ ਜੋ ਭਾਈ ਮਨੀ ਸਿੰਘ ਨੇ ਇਕਠ੍ਹੀ ਕੀਤੀ ਸੀ। ਭਾਈ ਮਨੀ ਸਿੰਘ ਦੇ ਨਾਮ ਨਾਲ ਜੋੜ੍ਹੀ ਜਾਉਣ ਵਾਲੀ ਬੀੜ ਦੀ ਪੜਚੋਲ ਅਸੀਂ ਕਰ ਚੁੱਕੇ ਹਾਂ ਅਤੇ ਇਹ ਤੱਥ ਸਾਮ੍ਹਣੇ ਆਇਆ ਹੈ ਕਿ ਜਿਸ ਕਿਸੇ ਨੇ ਵੀ ਉਹ ਬੀੜ ਲਿਖੀ ਉਹ ਕੋਈ ਅਣਜਾਨ ਲਿਖਾਰੀ ਹੀ ਸੀ। ਉਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀਆਂ ਬਾਰੇ ਪਤਾ ਨਹੀਂ ਸੀ, ਉਹ ਭਾਈ ਬੰਨੋ ਦੀ ਮਿਸਲ ਵਾਲੀ ਬੀੜ ਨੂੰ ਅਸਲ ਬੀੜ ਸਮਝ ਕੇ ਉਸ ਦਾ ਉਤਾਰਾ ਕਰ ਗਿਆ।

ਕੇਸਰ ਸਿੰਘ ਛਿਬੜ ਆਪਣੀ ਬੰਸਾਵਲੀਨਾਮਾ ਵਿੱਚ ਇਕ ਜਗ੍ਹਾ "ਖਾਲਸਾ ਮਹਿਮਾ" ਕਹਿ ਕੇ ਪ੍ਰਚਾਰੀ ਜਾਣ ਵਾਲੀ ਰਚਨਾ ਦਾ ਜਿਕਰ ਕਰਦਾ ਹੈ। ਹੁਣ ਅਸੀਂ ਸਿਰਫ ਇਹ ਪੜਚੋਲ ਕਰ ਲਈਏ ਕਿ ਇਹ "ਖਾਲਸਾ ਮਹਿਮਾ" ਨਾਮ ਵਾਲੀ ਰਚਨਾ ਬਿਚਿਤਰ ਨਾਟਕ ਦੀ ਕਿਸ ਬੀੜ ਵਿੱਚ ਦਰਜ ਹੈ, ਜਿਸ ਨੂੰ ਕੇਸਰ ਸਿੰਘ ਛਿਬੜ ਨੇ ਵੇਖਿਆ ਸੀ , ਫਿਰ ਉਸ ਬੀੜ ਤੋਂ ਬਿਚਿਤਰ ਨਾਟਕ ਦੇ ਲਿਖਣ ਦਾ ਸਮਾਂ ਨਿਸਚਿਤ ਹੋ ਸਕਦਾ ਹੈ।

ਕਿਤਾਬਾਂ ਦੀ ਸੂਚੀ

- ਬਹੁ-ਮੁੱਲੇ ਇਤਿਹਾਸਿਕ ਲੇਖ : ਸੰਪਾਦਕ ਕਰਮ ਸਿੰਘ ਹਿਸਟੋਰਿਅਨ
- ਸਿੱਖ ਤਵਾਰੀਖ ਹਿੱਸਾ ਪਹਿਲਾ : ਲੇਖਕ ਡਾ ਹਰਜਿੰਦਰ ਸਿੰਘ ਦਿਲਗੀਰ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top