Share on Facebook

Main News Page

ਵੇਦਾਂਤੀ ਵੱਲੋਂ 10 ਜਨਵਰੀ ਨੂੰ ਸੱਦੇ ਗਏ ਪੰਥਕ ਇਕੱਠ ਤੋਂ ਹੋ ਸਕਦੀ ਹੈ ਕੋਈ ਆਸ ?
10 ਜਨਵਰੀ ਨੂੰ ਹੋ ਰਹੀ ਪੰਥਕ ਇਕੱਤ੍ਰਤਾ ਨੂੰ ਸਪਸ਼ਟ ਤੌਰ ’ਤੇ ਪੰਥ ਨੂੰ ਸੱਦਾ ਦੇਣਾ ਚਾਹੀਦਾ ਹੈ, ਕਿ 2017 ਦੀਆਂ ਚੋਣਾਂ ਮੌਕੇ ਪੰਥ ਵਿਰੋਧੀ ਬਣੇ ਸ਼੍ਰੋਮਣੀ ਅਕਾਲੀ ਦਲ ਨੂੰ ਮਾਤ ਦੇਣ ਲਈ ਆਮ ਆਦਮੀ ਪਾਰਟੀ ਨੂੰ ਡਟ ਕੇ ਸਮਰਥਨ ਦਿੱਤਾ ਜਾਵੇ
-: ਕਿਰਪਾਲ ਸਿੰਘ (ਬਠਿੰਡਾ) ਫੋਨ: 98554-80797

ਸਿੱਖ ਧਰਮ ’ਤੇ ਰਾਜਨੀਤੀ ਭਾਰੂ ਹੋਣ ਕਰਕੇ ਇਸ ਸਮੇਂ ਪੰਥ ਦੀਆਂ ਸਾਰੀਆਂ ਸਿਰਮੌਰ ਸੰਸਥਾਵਾਂ ਸਮੇਤ ਸਮੁੱਚਾ ਪੰਥ ਹੀ ਘੋਰ ਸੰਕਟ ਦੇ ਸਮੇਂ ’ਚੋਂ ਗੁਜ਼ਰ ਰਿਹਾ ਹੈ। ਇਹ ਸਥਿਤੀ ਅਚਾਨਕ ਨਹੀ ਵਾਪਰੀ ਸਗੋਂ ਦੇਸ਼ ਦੀ ਅਜ਼ਾਦੀ ਭਾਵ ਸੰਨ 1947 ਤੋਂ; ਖਾਸ ਕਰਕੇ 1966 ’ਚ ਪੰਜਾਬੀ ਸੂਬਾ ਹੋਂਦ ’ਚ ਆਉਣ ਤੋਂ ਬਾਅਦ ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਦੀ ਕੁਰਸੀ ਦੇ ਝੂਟੇ ਮਾਨਣ ਦਾ ਆਦੀ ਹੋ ਗਿਆ ਉਸ ਉਪ੍ਰੰਤ ਸਿੱਖ ਸਿਧਾਂਤਾਂ ਨੂੰ ਸਲੋਅ ਪੌਇਜ਼ਨਿੰਗ ਰਾਹੀਂ ਖਤਮ ਕਰਨ ਦਾ ਰਾਹ ਅਖ਼ਤਿਆਰ ਕਰ ਚੁੱਕਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਆਗੂ ਤਾਂ ਮੁੱਖ ਤੌਰ ’ਤੇ ਕਸੂਰਵਾਰ ਹੈ ਹੀ ਹਨ, ਪਰ ਘੱਟ ਕਸੂਰਵਾਰ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਵੀ ਨਹੀਂ ਹਨ, ਜਿਨ੍ਹਾਂ ਨੇ ਆਪਣੇ ਅਹੁਦਿਆਂ ਦੀਆਂ ਸੁੱਖ ਸਹੂਲਤਾਂ ਮਾਨਣ ਦੀਆਂ ਲਾਲਸਾਵਾਂ ਕਾਰਨ ਆਪਣੀ ਜ਼ਮੀਰ ਨੂੰ ਪੂਰੀ ਤਰ੍ਹਾਂ ਆਪਣੇ ਸਿਆਸੀ ਅਕਾਵਾਂ ਅੱਗੇ ਵੇਚ ਕੇ, ਉਨ੍ਹਾਂ ਦੀਆਂ ਹਰ ਸਿਧਾਂਤਹੀਣ ਜਾਇਜ਼ ਨਜਾਇਜ਼ ਇਛਾਵਾਂ ਨੂੰ ਅਕਾਲ ਤਖ਼ਤ ਦੇ ਹੁਕਮਨਾਮਿਆਂ ਦਾ ਨਾਮ ਦੇ ਕੇ ਕੌਮ ਦੇ ਸਿਰ ਠੋਸਣ ਦਾ ਅਪਰਾਧ ਕੀਤਾ।

ਜੇ ਇਸ ਤੋਂ ਹੋਰ ਅੱਗੇ ਜਾਈਏ ਤਾਂ ਬੇਕਸੂਰ ਉਹ ਆਮ ਸਿੱਖ ਵੀ ਨਹੀਂ ਕਹੇ ਜਾ ਸਕਦੇ ਜਿਨ੍ਹਾਂ ਨੇ ਇਹ ਸਮਝਦਿਆਂ ਹੋਇਆਂ ਵੀ ਕਿ ਕੌਮ ਸਿਰ ਠੋਸੇ ਜਾ ਰਹੇ ਅਖੌਤੀ ਹੁਕਮਨਾਮੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੇ ਅਨੁਕੂਲ ਹਨ ਅਤੇ ਨਾ ਹੀ ਕੌਮੀ ਹਿੱਤਾਂ ਦੀ ਪੂਰਤੀ ਲਈ ਹਨ, ਸਗੋਂ ਇਹ ਸੱਤਾਧਾਰੀ ਲੋਕਾਂ ਦੀ ਇਛਾਵਾਂ ਪੂਰੀਆਂ ਕਰਨ ਲਈ ਜਾਰੀ ਕੀਤੇ ਜਾ ਰਹੇ ਹਨ; ਇਸ ਦੇ ਬਾਵਯੂਦ ਬਿਨਾਂ ਕਿਸੇ ਹੀਲ ਹੁਜਤ ਉਨ੍ਹਾਂ ਅੱਗੇ ਸਿਰ ਝੁਕਾਉਂਦੇ ਆ ਰਹੇ ਹਨ। ਜੇ ਕੋਈ ਵਿਰਲਾ ਸਿੱਖ ਇਨ੍ਹਾਂ ਗੈਰ ਸਿਧਾਂਤਕ ਹੁਕਨਾਮਿਆਂ ਦਾ ਵਿਰੋਧ ਕਰਦਾ ਹੈ ਤਾਂ ਉਸ ਨੂੰ ਅਕਾਲ ਤਖ਼ਤ ਦਾ ਵਿਰੋਧੀ ਕਹਿ ਕੇ ਭੰਡਿਆ ਜਾਂਦਾ ਹੈ, ਤੇ ਤਕਰੀਬਨ ਉਸ ਦੀ ਅਵਾਜ਼ ਬੰਦ ਕਰਵਾ ਦਿੱਤੀ ਜਾਂਦੀ ਹੈ।

ਦਾਦੂ ਦੀ ਕਬਰ ’ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤੀਰ ਨਾਲ ਨਮਸ਼ਕਾਰ ਕੀਤੇ ਜਾਣ ਕਰਕੇ ਪੰਜ ਪਿਆਰਿਆਂ ਵੱਲੋਂ ਉਨ੍ਹਾਂ ਨੂੰ ਲਾਈ ਤਨਖ਼ਾਹ ਗੁਰੂ ਜੀ ਵੱਲੋਂ ਪ੍ਰਵਾਨ ਕਰਨਾ ਜਿੱਥੇ ਸਿੰਘਾਂ ਵੱਲੋਂ; ਕੌਮੀ ਸਿਧਾਂਤ ’ਤੇ ਪਹਿਰਾ ਦੇਣ ਦੀ ਯੋਗਤਾ ਦੀ ਪਰਖ ਸੀ ਉੱਥੇ ਪੰਥ ਨੂੰ ਇਹ ਅਧਿਕਾਰ ਦੇਣਾ ਵੀ ਸੀ ਕਿ ਬੇਸ਼ੱਕ ਕੋਈ ਕਿੱਡੇ ਵੱਡੇ ਰੁਤਬੇ ਦਾ ਮਾਲਕ ਵੀ ਕਿਉਂ ਨਾ ਹੋਵੇ ਸਿਧਾਂਤ ਨੂੰ ਪਿੱਠ ਦੇਣ ਵਾਲਾ ਹਰ ਸਿੱਖ ਪੰਥ ਨੂੰ ਜਵਾਬਦੇਹ ਹੋਵੇਗਾ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪੰਜ ਪਿਆਰਿਆਂ ਵੱਲੋਂ ਲਾਈ ਤਨਖ਼ਾਹ ਕਬੂਲ ਕਰਨ ਲਈ ਆਪਣੇ ਆਪ ਨੂੰ ਕੇਵਲ ਉਦਾਹਰਣ ਦੇ ਤੌਰ ’ਤੇ ਹੀ ਪੇਸ਼ ਕਰਨਾ ਸੀ; ਅਸਲ ਵਿੱਚ ਇਹ ਖ਼ਾਲਸਾ ਪੰਥ ਨੂੰ ਅਧਿਕਾਰ ਦੇਣ ਦਾ ਕੌਤਕ ਹੀ ਰਚਿਆ ਜਾ ਰਿਹਾ ਸੀ ਕਿ ਕਿਸੇ ਵੱਡੇ ਤੋਂ ਵੱਡੇ ਵਿਅਕਤੀ ਵੱਲੋਂ ਵੀ ਸਿਧਾਂਤ ਦੀ ਅਣਦੇਖੀ ਕਰਨੀ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਉਸ ਦੀ ਜਵਾਬ ਤਲਬੀ ਕਰਨ ਦਾ ਖ਼ਾਲਸਾ ਪੰਥ ਨੂੰ ਪੂਰਾ ਹੱਕ ਹੋਵੇਗਾ।

ਪਰ ਪਿਛਲੇ ਤਕਰੀਬਨ 50 ਸਾਲਾਂ ਤੋਂ ਜਿਸ ਤਰ੍ਹਾਂ ਪੰਥ ਨੇ ਆਪਣੇ ਆਗੂਆਂ ਦੀਆਂ ਗਤੀਵਿਧੀਆਂ ਨੂੰ ਗੁਰਮਤਿ ਦੀ ਕਸਵੱਟੀ ’ਤੇ ਪਰਖਣ ਦੀ ਆਪਣੀ ਯੋਗਤਾ ਨੂੰ ਖੋਰਾ ਲਾਇਆ ਹੈ ਅਤੇ ਪੰਜ ਪਿਆਰਿਆਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਜਵਾਬ ਤਲਬੀ ਕਰਨ ਵਾਲੇ ਅਧਿਕਾਰ ਨੂੰ ਮੂਲੋਂ ਹੀ ਵਿਸਾਰਿਆ ਗਿਆ ਹੈ; ਇਹ ਹੀ ਪੰਥ ਦੀ ਮੌਜੂਦਾ ਅਧੋਗਤੀ ਦੇ ਮੂਲ ਕਾਰਣ ਹਨ। ਖਾਸ ਕਰਕੇ 1999 ਤੋਂ ਬਾਅਦ ਜਦੋਂ ਤੋਂ ਬਾਦਲ ਪ੍ਰਵਾਰ ਪੰਜਾਬ ਦੀ ਰਾਜਨੀਤਕ ਸੱਤਾ ਅਤੇ ਸ਼੍ਰੋਮਣੀ ਕਮੇਟੀ / ਸ਼੍ਰੀ ਅਕਾਲ ਤਖ਼ਤ ਸਾਹਿਬ ਸਮੇਤ ਸਿਰਮੌਰ ਪੰਥਕ ਸੰਸਥਾਵਾਂ ’ਤੇ ਪੂਰੀ ਤਰ੍ਹਾਂ ਛਾਇਆ ਹੋਇਆ ਹੈ ਉਸ ਸਮੇਂ ਤੋਂ ਤਾਂ ਜਿਸ ਤਰ੍ਹਾਂ ਗੁਰਮਤਿ ਸਿਧਾਂਤਾਂ ਨੂੰ ਬੜੀ ਹੀ ਢੀਠਤਾਈ ਨਾਲ ਲਿਤਾੜਿਆ ਜਾ ਰਿਹਾ ਹੈ ਇਸ ਨੂੰ ਵੇਖਦਿਆਂ ਸਿਧਾਂਤ ਨੂੰ ਸਮਝਣ ਵਾਲੇ ਸ਼ਰਧਾਵਾਨ ਸਿੱਖਾਂ ਦੀਆਂ ਅੱਖਾਂ ਤਾਂ ਜ਼ਰੂਰ ਨਮ ਹੋ ਰਹੀਆਂ ਹਨ, ਪਰ ਫਿਰ ਵੀ ਬਹੁ ਗਿਣਤੀ ਸਿੱਖ ਐਸੇ ਹਨ, ਜਿਹੜੇ ਸਿਧਾਂਤ ਨੂੰ ਜਾਂ ਤਾਂ ਸਮਝਦੇ ਹੀ ਨਹੀਂ ਜਾਂ ਸੁਆਰਥੀ ਨੀਤੀ ਕਾਰਣ ਸਿਧਾਂਤ ਤੋਂ ਦੜ ਵੱਟਣ ’ਚ ਹੀ ਆਪਣੀ ਭਲਾਈ ਸਮਝ ਲੈਂਦੇ ਹਨ, ਪਰ ਉਨ੍ਹਾਂ ਵੱਲੋਂ ਆਪਣੇ ਆਪ ਨੂੰ ਪੰਥਕ ਅਖਵਾਉਣ ਦੇ ਬੁਖਾਰ ਦਾ ਪਾਰਾ ਉਤਰਨ ਦਾ ਨਾਮ ਨਹੀਂ ਲੈ ਰਿਹਾ। ਉਨ੍ਹਾਂ ਅਨੁਸਾਰ ਬਾਦਲ ਹੀ ਪੰਥ ਹੈ, ਅਤੇ ਚੋਣਾਂ ਸਮੇਂ ਤੱਕੜੀ ’ਤੇ ਮੋਹਰ ਲਾਉਣਾ ਹੀ ਵੱਡੀ ਪੰਥਕ ਸੇਵਾ ਹੈ। ਅਜੇਹੇ ਸਿੱਖਾਂ ਦਾ ਹੀ ਸਦਕਾ ਹੈ ਕਿ ਬਾਦਲ ਪ੍ਰਵਾਰ ਦੀ ਸਥਿਤੀ ‘‘ਮਾਇਆਧਾਰੀ, ਅਤਿ ਅੰਨਾ ਬੋਲਾ ॥ ਸਬਦੁ ਨ ਸੁਣਈ, ਬਹੁ ਰੋਲ ਘਚੋਲਾ॥’’ (ਮ: 3/ ਅੰਕ 313) ਵਾਲੀ ਬਣੀ ਹੋਈ ਹੈ ਜਿਸ ਕਾਰਣ ਉਹ ਸੱਤਾ ਦੀ ਕੁਰਸੀ ’ਤੇ ਸਦਾ ਲਈ ਬੈਠੇ ਰਹਿਣ ਲਈ ਕੁਝ ਵੋਟਾਂ ਦੇ ਲਾਲਚ ਕਾਰਨ ‘‘ਜਿਉ ਕੂਕਰੁ ਹਰਕਾਇਆ; ਧਾਵੈ ਦਹ ਦਿਸ ਜਾਇ ॥ ਲੋਭੀ ਜੰਤੁ ਨ ਜਾਣਈ; ਭਖੁ ਅਭਖੁ ਸਭ ਖਾਇ॥’’ (ਮ: 5/ ਅੰਕ 50) ਵਰਗਾ ਗੁਰਮਤਿ ਅਨੁਸਾਰ ਅਭੱਖ ਖਾ ਰਹੇ ਹਨ।

2015 ਵਿੱਚ ਜੋ ਮੰਦਭਾਗੀਆਂ ਘਟਨਾਵਾਂ ਵਾਪਰੀਆਂ, ਇਹ ਸਭ ਇਨ੍ਹਾਂ ਦੀ ਅਤਿ ਦਾ ਹੀ ਸਿਖ਼ਰ ਸੀ ਅਤੇ ਇਸ ਸਿਖ਼ਰ ’ਤੇ ਪਹੁੰਚਣ ਤੋਂ ਬਾਅਦ ਹੀ ਪੰਥ ਦੀਆਂ ਅੱਖਾਂ ਖੁਲ੍ਹੀਆਂ। ਇਸੇ ਦਾ ਸਿੱਟਾ ਹੈ ਕਿ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਿਨਾਂ ਹੀ ਮੁਆਫੀ ਮੰਗਿਆਂ ਮੁਆਫ ਕਰਨ ਵਾਲੇ 4 ਤਖਤਾਂ ਦੇ ਜਥੇਦਾਰਾਂ ਅਤੇ ਹਜ਼ੂਰ ਸਾਹਿਬ ਦੇ ਨੁੰਮਾਇੰਦੇ ਵਜੋਂ ਪੰਜਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਗ੍ਰੰਥੀ ਸਿੰਘ ਨੂੰ 21 ਅਕਤੂਬਰ 2015 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਅੰਮ੍ਰਿਤ ਛਕਾਉਣ ਦੀ ਸੇਵਾ ਨਿਭਾਉਣ ਵਾਲੇ ਪੰਜ ਪਿਆਰਿਆਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰ ਲਿਆ ਗਿਆ।

ਅਖੌਤੀ ਸਿੰਘ ਸਾਹਿਬਾਂ ਵੱਲੋਂ ਸਪਸ਼ਟੀਕਰਨ ਦੇਣ ਲਈ ਨਾ ਆਉਣ ’ਤੇ ਉਨ੍ਹਾਂ ਨੂੰ ਤਨਖਾਹੀਆ ਕਰਾਰ ਦੇ ਕੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਅਦੇਸ਼ ਦੇਣ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੂੰ ਪੰਜਾਬ ਦੇ ਤਿੰਨ ਤਖ਼ਤਾਂ ਦੇ ਜਥੇਦਾਰਾਂ ਦੀਆਂ ਸੇਵਾਵਾਂ ਖਤਮ ਕਰਕੇ ਨਵੇਂ ਜਥੇਦਾਰ ਨਿਯੁਕਤ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਸਨ। ਦੋਵਾਂ ਹੀ ਧਿਰਾਂ ਵੱਲੋਂ ਪੰਜ ਪਿਆਰਿਆਂ ਦੇ ਆਦੇਸ਼ਾਂ ਦੀ ਅਣਦੇਖੀ ਕਰਨ ’ਤੇ 2 ਜਨਵਰੀ 2016 ਨੂੰ ਪੰਜ ਪਿਆਰਿਆਂ ਨੇ ਅਖੌਤੀ ਜਥੇਦਾਰਾਂ ਦੇ ਸਮਾਜਿਕ ਬਾਈਕਾਟ ਦਾ ਸੱਦਾ ਦੇ ਦਿੱਤਾ ਅਤੇ ਸ਼੍ਰੋਮਣੀ ਕਮੇਟੀ ਅਹੁੱਦੇਦਾਰਾਂ ਦੀ ਸਜਾ ਖ਼ੁਦ ਪੰਥ ਨੂੰ ਨਿਰਧਾਰਤ ਕਰਨ ਦਾ ਸੱਦਾ ਦੇ ਦਿੱਤਾ। ਕਿਉਂਕਿ ਪੰਜ ਪਿਆਰਿਆਂ ਵੱਲੋਂ ਅਜੇਹੇ ਫੈਸਲੇ ਦੀ ਪਹਿਲਾਂ ਹੀ ਆਸ ਰੱਖੀ ਜਾ ਰਹੀ ਸੀ, ਇਸ ਕਾਰਣ ਸ਼੍ਰੋਮਣੀ ਕਮੇਟੀ ਨੇ ਆਪਣੀ ਹੈਂਕੜ ਬਿਰਤੀ ’ਤੇ ਚਲਦਿਆਂ ਪੰਜ ਪਿਆਰਿਆਂ ਨੂੰ (ਉਨ੍ਹਾਂ ਦੀ ਅਗਲੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ) ਪਹਿਲੀ ਜਨਵਰੀ ਨੂੰ ਹੀ ਉਨ੍ਹਾਂ ਨੂੰ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ। ਅਜੇਹਾ ਕਰਨ ਸਮੇਂ ਸ਼੍ਰੋਮਣੀ ਕਮੇਟੀ ਭੁੱਲ ਦਾ ਸ਼ਿਕਾਰ ਹੋਈ ਜਾਪਦੀ ਹੈ ਕਿਉਂਕਿ ਉਹ ਪੰਜ ਪਿਆਰਿਆਂ ਨੂੰ ਗੁਰੂ ਵੱਲੋਂ ਸਥਾਪਤ ਸੰਸਥਾ ਸਵੀਕਾਰ ਕਰਨ ਦੀ ਬਜਾਏ, ਉਨ੍ਹਾਂ ਨੂੰ ਕੇਵਲ ਸ਼੍ਰੋਮਣੀ ਕਮੇਟੀ ਦੇ ਤਨਖ਼ਾਹਦਾਰ ਮੁਲਾਜ਼ਮ ਹੀ ਸਮਝ ਰਹੀ ਹੈ ਅਤੇ ਸਮਝਦੀ ਹੈ ਕਿ ਕੇਵਲ ਉਨ੍ਹਾਂ ਹੀ ਜਥੇਦਾਰਾਂ ਜਾਂ ਪੰਜ ਪਿਆਰਿਆਂ ਵੱਲੋਂ ਜਾਰੀ ਹੁਕਮ / ਆਦੇਸ਼ ਹੀ ਮੰਨਣਯੋਗ ਹੋਣਗੇ ਜੋ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੁੰਦਿਆਂ ਕੀਤੇ ਜਾਣ ਅਤੇ ਉਹ ਪੰਜ ਪਿਆਰੇ (ਮੁਲਾਜ਼ਮ) ਵੀ ਸਿਰਫ ਉਹ ਫੈਸਲਾ ਹੀ ਲੈ ਸਕਦੇ ਹਨ, ਜੋ ਸ਼੍ਰੋਮਣੀ ਕਮੇਟੀ ਨੂੰ ਪ੍ਰਵਾਨ ਹੋਣ; ਨਹੀਂ ਤਾਂ ਉਨ੍ਹਾਂ ਦੀਆਂ ਸ਼੍ਰੋਮਣੀ ਕਮੇਟੀ ਦੁਆਰਾ ਨਿਰਧਾਰਿਤ ਕੀਤੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣਗੀਆਂ। ਇਹ ਭੁੱਲ ਹੀ ਸਾਰੇ ਪੰਥਕ ਸੰਕਟ ਦੀ ਜੜ੍ਹ ਹੈ। ਕਿਉਂਕਿ ਕੋਈ ਮੁਲਾਜ਼ਮ ਆਪਣੇ ਮਾਲਕ ਵਿਰੁੱਧ ਫੈਸਲਾ ਸੁਣਾਵੇ ਇਹ ਕਤਈ ਤੌਰ ’ਤੇ ਸੰਭਵ ਨਹੀਂ ਅਤੇ ਇਸੇ ਆੜ ਵਿੱਚ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਕਰਤਾ ਧਰਤਾ ਗਲਤੀ ਦਰ ਗਲਤੀ ਕਰਦੇ ਆ ਰਹੇ ਹਨ ਜਿਸ ਕਾਰਣ ਪੰਥਕ ਵਿਚਾਰਧਾਰਕ ਸੰਕਟ ਵੀ ਦਿਨੋ ਦਿਨ ਵਧਦਾ ਜਾ ਰਿਹਾ ਹੈ।

ਇਸ ਸੰਕਟ ਦੇ ਮੱਦੇ ਨਜ਼ਰ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 10 ਜਨਵਰੀ ਨੂੰ ਤਖ਼ਤ ਸਾਹਿਬਾਨਾਂ ਦੇ ਸਮੁੱਚੇ ਸਾਬਕਾ ਜਥੇਦਾਰਾਂ, ਵੱਖ ਵੱਖ ਧਾਰਮਿਕ ਜਥੇਬੰਦੀਆਂ, ਨਿਹੰਗ ਸਿੰਘ ਸੰਪਰਦਾਵਾਂ, ਸਿੰਘ ਸਭਾਵਾਂ ਦੇ ਮੁਖੀਆਂ, ਕਥਾਵਾਚਕਾਂ, ਪ੍ਰਚਾਰਕਾਂ, ਰਾਗੀ, ਢਾਡੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿੱਖੇ ਇੱਕਤਰ ਹੋਣ ਦਾ ਸੱਦਾ ਦਿੱਤਾ ਹੈ। ਵੇਦਾਂਤੀ ਜੀ ਦਾ ਇਹ ਉੱਦਮ ਸ਼ਾਲਾਘਾਯੋਗ ਹੈ, ਪਰ ਇਸ ਇਕੱਤ੍ਰਤਾ ਦਾ ਕੌਮ ਨੂੰ ਕੋਈ ਸਾਰਥਿਕ ਲਾਭ ਤਾਂ ਹੀ ਹੋ ਸਕਦਾ ਹੈ ਜੇ ਵੇਦਾਂਤੀ ਜੀ ਸਮੇਤ ਇਸ ਇਕੱਤ੍ਰਤਾ ਵਿੱਚ ਸ਼ਾਮਲ ਹੋਣ ਵਾਲੇ ਸਮੁੱਚੇ ਸਾਬਕਾ ਜਥੇਦਾਰ ਜਨਤਕ ਤੌਰ ’ਤੇ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਜ਼ਰੂਰ ਕਰਨ, ਜੋ ਉਨ੍ਹਾਂ ਦੇ ਕਾਲ ਦੌਰਾਨ ਉਨ੍ਹਾਂ ਨੂੰ ਸੱਤਾਧਾਰੀ ਪੱਖ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਗਲਤ ਫੈਸਲੇ ਲੈਣ ਲਈ ਦਬਾਅ ਪਾਇਆ ਸੀ।

ਵੇਦਾਂਤੀ ਜੀ, ਸੰਨ 2000 ਵਿੱਚ ਜਥੇਦਾਰ ਬਣਨ ਉਪ੍ਰੰਤ ਪਹਿਲੇ ਹੀ ਹੁਕਨਾਮੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਜਥੇਦਾਰਾਂ ਦੇ ਸੇਵਾ ਨਿਯਮ, ਯੋਗਤਾ ਅਤੇ ਕਾਰਜ ਖੇਤਰ ਤਹਿ ਕਰਨ ਦਾ ਆਦੇਸ਼ ਦੇਣ ਨਾਲ ਹੀ ਆਪਣੀ ਜਿੰਮੇਵਾਰੀ ਤੋਂ ਮੁਕਤ ਨਹੀਂ ਹੋ ਜਾਂਦੇ। ਉਨ੍ਹਾਂ ਨੂੰ ਸ਼ਾਬਾਸ਼ ਤਾਂ ਹੀ ਦਿੱਤੀ ਜਾ ਸਕਦੀ ਹੈ, ਜੇ ਉਨ੍ਹਾਂ ਨੇ ਪੰਜ ਪਿਆਰਿਆਂ ਵਾਂਗ ਦ੍ਰਿੜ੍ਹਤਾ ਨਾਲ ਉਸ ਆਦੇਸ਼ ’ਤੇ ਅਮਲ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਮਜ਼ਬੂਰ ਕੀਤਾ ਹੁੰਦਾ। ਉਹ ਅਗਸਤ 2008 ਦੇ ਪਹਿਲੇ ਹਫਤੇ ਤੱਕ ਤਕਰੀਬਨ 9 ਸਾਲ ਆਪਣੇ ਅਹੁੱਦੇ ’ਤੇ ਬਿਰਾਜਮਾਨ ਰਹੇ ਅਤੇ ਇਹ ਜਾਣਦਿਆਂ ਬੁਝਦਿਆਂ ਵੀ ਕਿ ਜਥੇਦਾਰਾਂ ਕੋਲ ਹੁਕਮਨਾਮਾ ਜਾਰੀ ਕਰਨ ਦਾ ਕੋਈ ਵਿਧੀ ਵਿਧਾਨ ਨਹੀਂ ਹੈ ਅਤੇ ਹੁਕਮਨਾਮੇ ਕੇਵਲ ਸੱਤਾਧਾਰੀ ਪੱਖ ਦੀਆਂ ਇਛਾਵਾਂ ਦੀ ਪੂਰਤੀ ਲਈ ਜਾਰੀ ਹੁੰਦੇ ਹਨ, ਇਸ ਦੇ ਬਾਵਯੂਦ ਸੱਤਾਧਾਰੀਆਂ ਦੀਆਂ ਇਛਾਵਾਂ ’ਤੇ ਫੁੱਲ ਚੜ੍ਹਾਉਣ ਦੀਆਂ ਆਪਣੀਆਂ ਮਜ਼ਬੂਰੀਆਂ ਸਪਸ਼ਟ ਤੌਰ ’ਤੇ ਸਿੱਖ ਕੌਮ ਦੇ ਸਾਮ੍ਹਣੇ ਲਿਆਉਣ। ਉਸ ਸਮੇਂ ਤਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੋਣ ਦੇ ਨਾਤੇ ਚੁੱਪ ਰਹਿਣਾ, ਕੋਈ ਮਜ਼ਬੂਰੀ ਹੋ ਸਕਦੀ ਸੀ, ਪਰ ਹੁਣ ਤਾਂ ਐਸੀ ਕੋਈ ਮਜ਼ਬੂਰੀ ਨਹੀਂ ਇਸ ਲਈ ਸੱਤਾਧਾਰੀ ਪੱਖ ਵੱਲੋਂ ਅਕਾਲ ਤਖ਼ਤ ਦੇ ਫੈਸਲਿਆਂ ਵਿੱਚ ਕੀਤੀ ਜਾਂਦੀ ਦਖ਼ਲਅੰਦਾਜੀ ਦਾ ਕੱਚਾ ਚਿੱਠਾ ਖੋਲ੍ਹ ਕੇ ਆਪਣੀ ਜ਼ਮੀਰ ਦਾ ਭਾਰ ਲਾਹ ਕੇ ਸੁਰਖੁਰੂ ਹੋ ਜਾਣ। ਨਾਨਕਸ਼ਾਹੀ ਕੈਲੰਡਰ ਦੇ ਮਾਮਲੇ ਵਿੱਚ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤੋਂ ਬਿਨਾਂ ਹੋਰ ਕਿਸੇ ਵੀ ਮਾਮਲੇ ਵਿੱਚ ਕਿਸੇ ਵੀ ਜਥੇਦਾਰ ਵੱਲੋਂ ਗੈਰ ਸਿਧਾਂਤਕ ਹੁਕਨਾਮਿਆਂ ਦਾ ਵਿਰੋਧ ਨਹੀਂ ਕੀਤਾ ਗਿਆ ਸੀ। ਇਸ ਲਈ ਇਨ੍ਹਾਂ ਤਮਾਮ ਸਾਬਕਾ ਜਥੇਦਾਰਾਂ ਨੂੰ ਉਸ ਦੇ ਅਸਲ ਕਾਰਣ, ਹੁਣ ਜਨਤਕ ਕਰ ਕੇ ਉਨ੍ਹਾਂ ਦੇ ਸਮਿਆਂ ਵਿੱਚ ਅਕਾਲ ਤਖ਼ਤ ’ਤੇ ਲਏ ਫੈਸਲਿਆਂ ਵਿੱਚ ਸਿਆਸੀ ਦਖ਼ਲ ਅੰਦਾਜ਼ੀ ਦਾ ਇੰਕਸ਼ਾਫ ਕਰਕੇ ਬਾਦਲਾਂ ਦੇ ਝੂਠ ਦਾ ਪਰਦਾਫ਼ਾਸ਼ ਕਰਨਾ ਚਾਹੀਦਾ ਹੈ, ਕਿਉਂਕਿ ਉਹ ਤਾਂ ਹੁਣ ਵੀ ਸ਼ਰੇਆਮ ਝੂਠ ਬੋਲ ਰਹੇ ਹਨ ਕਿ ਉਨ੍ਹਾਂ ਨੇ ਕਦੀ ਵੀ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਫੈਸਲਿਆਂ ਵਿੱਚ ਦਖ਼ਲ ਅੰਦਾਜ਼ੀ ਨਹੀਂ ਕੀਤੀ।

ਇਸ ਤੋਂ ਅਗਲਾ ਕੰਮ ਜੋ ਉਨ੍ਹਾਂ ਦੇ ਕਰਨ ਵਾਲਾ ਹੈ ਉਹ ਇਹ ਹੈ ਕਿ ਇਸ ਵੇਲੇ ਕਿਸੇ ਨੂੰ ਭੁਲੇਖਾ ਨਹੀਂ ਹੈ ਕਿ ਮੌਜੂਦਾ ਪੰਥਕ ਸੰਕਟ ਦਾ ਮੁੱਖ ਕਾਰਣ ਧਰਮ ਉੱਤੇ ਰਾਜਨੀਤੀ ਦਾ ਪੂਰੀ ਤਰ੍ਹਾਂ ਛਾ ਜਾਣਾ ਹੈ ਅਤੇ ਕਾਬਜ਼ ਧੜੇ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦਾ ਪੂਰੀ ਤਰ੍ਹਾਂ ਸਿਆਸੀਕਰਣ ਕੀਤੇ ਜਾਣਾ ਹੈ। ਕੌਣ ਨਹੀਂ ਜਾਣਦਾ ਕਿ ਗੁਰਮੀਤ ਰਾਮ ਰਹੀਮ ਦੀ ਮੁਆਫੀ ਸਬੰਧੀ ਉਸ ਨਾਲ ਸੁਖਬੀਰ ਬਾਦਲ ਅਤੇ ਇੱਕ ਜਥੇਦਾਰ ਦੀ ਮੀਟਿੰਗ ਉਪ੍ਰੰਤ ਸੁਖਬੀਰ ਦੀਆਂ ਹਿਦਾਇਤਾਂ ਉਪ੍ਰੰਤ ਪੰਜ ਜਥੇਦਾਰਾਂ ਨੇ ਉਸ ਹੁਕਮ ’ਤੇ ਫੁੱਲ ਚੜ੍ਹਾਏ। ਕਿਸ ਨੂੰ ਨਹੀਂ ਪਤਾ ਕਿ ਪੰਜ ਪਿਆਰਿਆਂ ਦੀ ਬਰਖਾਸਤਗੀ ਤੋਂ ਪਹਿਲਾਂ ਬਿਕ੍ਰਮ ਮਜੀਠੀਏ ਦੇ ਘਰ ਸੁਖਬੀਰ ਬਾਦਲ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਅਤੇ ਕੁਝ ਕਾਰਜਕਾਰੀ ਮੈਂਬਰਾਂ ਨਾਲ ਇਸ ਸਬੰਧੀ ਮੀਟਿੰਗ ਹੋਈ ਸੀ ਜਿਸ ਵਿੱਚ ਉਨ੍ਹਾਂ ਨੂੰ ਹਰ ਹਾਲਤ ਬਰਖਾਸਤ ਕਰਨ ਦੇ ਹੁਕਮ ਖ਼ੁਦ ਸੁਖਬੀਰ ਨੇ ਸੁਣਾਏ ਜਿਸ ਨੂੰ ਕਾਰਜਕਾਰੀ ਕਮੇਟੀ ਦੇ ਬਾਦਲ ਧੜੇ ਦੇ ਬਹੁਸੰਮਤੀ ਮੈਂਬਰਾਂ ਦੀ ਸਹਿਮਤੀ ਨਾਲ ਅਮਲ ਵਿੱਚ ਲਿਆਂਦਾ ਗਿਆ।

ਇਸ ਲਈ ਬੇਸ਼ੱਕ ਪੰਜ ਪਿਆਰਿਆਂ ਵੱਲੋਂ ਜਥੇਦਾਰਾਂ ਸਬੰਧੀ ਲਿਆ ਗਿਆ ਫੈਸਲਾ ਸ਼ਲਾਘਾਯੋਗ ਹੈ, ਪਰ ਇਹ ਪੰਥਕ ਸੰਕਟ ਦਾ ਪੂਰਾ ਹੱਲ ਨਹੀਂ ਹੈ। ਕਿਉਂਕਿ ਜਿਸ ਸਮੇਂ ਵੇਦਾਂਤੀ ਜੀ ਜਥੇਦਾਰ ਸਨ ਉਸ ਸਮੇਂ ਬਹੁਤ ਸਾਰੇ ਜਾਗਰੂਕ ਸਿੱਖ ਗੁਰਬਿਲਾਸ ਪਾਤਸ਼ਾਹੀ 6 ਅਤੇ ਕੁਝ ਹੋਰ ਮਸਲਿਆਂ ਦੇ ਅਧਾਰ ’ਤੇ ਉਸ ਪਾਸੋਂ ਵੀ ਅਸਤੀਫੇ ਦੀ ਮੰਗ ਕਰਦੇ ਰਹੇ ਸਨ। ਬੇਸ਼ੱਕ ਇਨ੍ਹਾਂ ਸਿੱਖਾਂ ਦੀ ਮੰਗ ਨੂੰ ਤਾਂ ਸ਼੍ਰੋਮਣੀ ਕਮੇਟੀ ਹਮੇਸ਼ਾਂ ਹੀ ਨਜ਼ਰਅੰਦਾਜ਼ ਕਰਦੀ ਰਹੀ, ਪਰ ਵੇਦਾਂਤੀ ਜੀ ਦੇ ਦੱਸਣ ਅਨੁਸਾਰ ਉਨ੍ਹਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਬਿਕ੍ਰਮੀ ਕੈਲੰਡਰ ਵਿੱਚ ਤਬਦੀਲ ਕਰਨ ਅਤੇ ਸਿਰਸਾ ਡੇਰਾ ਮੁਖੀ ਵਿਰੁੱਧ ਹੁਕਮਨਾਮਾ ਵਾਪਸ ਲੈਣ ਤੋਂ ਨਾਂਹ ਕਰਨ ਕਰਕੇ ਉਨ੍ਹਾਂ ਤੋਂ ਜ਼ਬਰੀ ਅਸਤੀਫਾ ਲੈ ਕੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਥਾਪ ਦਿੱਤੇ, ਜਿਸ ਨੇ ਕੀਤੇ ਵਾਅਦੇ ਅਨੁਸਾਰ ਸੱਤਾਧਾਰੀ ਪੱਖ ਦੀਆਂ ਦੋਵੇਂ ਇਛਾਵਾਂ ਪੂਰੀਆਂ ਕਰ ਦਿੱਤੀਆਂ।

ਅੱਜ ਗਿਆਨੀ ਵੇਦਾਂਤੀ ਤੋਂ ਅਸਤੀਫੇ ਦੀ ਮੰਗ ਕਰਨ ਵਾਲੇ ਸਿੱਖ ਵੀ ਇਹ ਕਹਿਣ ਲਈ ਮਜ਼ਬੂਰ ਹਨ, ਕਿ ਗੁਰਬਚਨ ਸਿੰਘ ਨਾਲੋਂ ਤਾਂ ਵੇਦਾਂਤੀ ਹੀ ਚੰਗਾ ਸੀ। ਮੇਰੇ ਕਹਿਣ ਤੋਂ ਭਾਵ ਹੈ ਕਿ ਜੇ ਕੱਲ੍ਹ ਨੂੰ ਪੰਜ ਪਿਆਰਿਆਂ ਦਾ ਆਦੇਸ਼ ਮੰਨ ਕੇ ਸ਼੍ਰੋਮਣੀ ਕਮੇਟੀ ਮੌਜੂਦਾ ਜਥੇਦਾਰਾਂ ਤੋਂ ਅਸਤੀਫਾ ਲੈ ਕੇ ਉਨ੍ਹਾਂ ਦੀ ਜਗ੍ਹਾਂ ਨਵੇਂ ਜਥੇਦਾਰ ਥਾਪ ਵੀ ਦਿੰਦੀ ਹੈ, ਤਾਂ ਇਹ ਗੱਲ ਵੀ ਪੱਕੀ ਜਾਣੋ ਕਿ ਕੁਝ ਹੀ ਸਮੇਂ ਬਾਅਦ ਸਾਨੂੰ ਇਹ ਕਹਿਣ ਲਈ ਮਜ਼ਬੂਰ ਹੋਣਾ ਪਏਗਾ ਕਿ ਇਨ੍ਹਾਂ ਜਥੇਦਾਰਾਂ ਨਾਲੋਂ ਤਾਂ ਪਹਿਲੇ (ਗੁਰਬਚਨ ਸਿੰਘ) ਹੀ ਚੰਗੇ ਸਨ, ਕਿਉਂਕਿ ਸਾਰੇ ਫੈਸਲੇ ਰਾਜਨੀਤਿਕਾਂ ਨੇ ਆਪਣੀ ਸੋਚ ਅਨੁਸਾਰ ਹੀ ਕਰਵਾਉਣੇ ਹੁੰਦੇ ਹਨ।

ਸੋ, ਜਥੇਦਾਰਾਂ ਦੀ ਬਦਲੀ ਕੋਈ ਹੱਲ ਨਹੀਂ ਹੈ। ਅਸਲ ਲੋੜ ਹੈ ਸਿਸਟਮ ਬਦਲਣ ਦੀ। ਇਹ ਸਿਸਟਮ ਉਤਨੀ ਦੇਰ ਸੰਭਵ ਨਹੀਂ ਹੈ ਜਿਤਨੀ ਦੇਰ ਪੰਜਾਬੀ ਪਾਰਟੀ ਬਣੇ ਅਖੌਤੀ ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੋਮਣੀ ਕਮੇਟੀ ਅਜ਼ਾਦ ਨਹੀਂ ਕਰਵਾ ਲਈ ਜਾਂਦੀ ਅਤੇ ਅੱਗੇ ਤੋਂ ਇਹ ਪ੍ਰਬੰਧ ਨਹੀਂ ਕਰ ਲਿਆ ਜਾਂਦਾ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਹਮੇਸ਼ਾਂ ਲਈ ਸਿਆਸਤ ਤੋਂ ਮੁਕਤ ਰਹਿ ਕੇ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰਨ। ਇਹ ਤਬਦੀਲੀ ਵੀ ਉਸ ਸਮੇਂ ਤੱਕ ਸੰਭਵ ਨਹੀਂ ਜਦ ਤੱਕ ਬਾਦਲ ਦਲ ਰਾਜਸੀ ਸੱਤਾ ’ਤੇ ਮਜਬੂਤੀ ਨਾਲ ਕਾਬਜ਼ ਹੈ। ਨਵਾਂ ਅਕਾਲੀ ਦਲ ਬਣਾ ਕੇ ਚੋਣਾਂ ਲੜਨ ਨਾਲ ਵੀ ਕੋਈ ਲਾਭ ਹੋਣ ਦੀ ਆਸ ਨਹੀਂ ਹੈ, ਕਿਉਂਕਿ ਇੱਕ ਤਾਂ ਪਹਿਲਾਂ ਹੀ ਅਕਾਲੀ ਦਲਾਂ ਦੀ ਭਰਮਾਰ ਹੈ ਅਤੇ ਦੂਸਰਾ ਹੋਰ ਅਕਾਲੀ ਦਲ ਸਥਾਪਤ ਹੋਣ ਨਾਲ ਸਰਕਾਰ (ਬਾਦਲ) ਵਿਰੋਧੀ ਵੋਟ ਵੰਡੇ ਜਾਣ ਦੇ ਅਸਾਰ ਵਧਣਗੇ, ਜਿਸ ਦਾ ਸਿੱਧੇ ਤੌਰ ’ਤੇ ਫਾਇਦਾ ਬਾਦਲ ਦਲ ਨੂੰ ਹੋਵੇਗਾ।

ਇਸ ਤਬਦੀਲੀ ਲਈ ਕਾਰਗਰ ਢੰਗ ਇਹੋ ਹੈ ਕਿ 10 ਜਨਵਰੀ ਨੂੰ ਹੋ ਰਹੀ ਪੰਥਕ ਇਕੱਤ੍ਰਤਾ ਨੂੰ ਸਪਸ਼ਟ ਤੌਰ ’ਤੇ ਪੰਥ ਨੂੰ ਸੱਦਾ ਦੇਣਾ ਚਾਹੀਦਾ ਹੈ ਕਿ 2017 ਦੀਆਂ ਚੋਣਾਂ ਮੌਕੇ ਪੰਥ ਵਿਰੋਧੀ ਬਣੇ ਸ਼੍ਰੋਮਣੀ ਅਕਾਲੀ ਦਲ ਨੂੰ ਮਾਤ ਦੇਣ ਲਈ ਆਮ ਆਦਮੀ ਪਾਰਟੀ ਨੂੰ ਡਟ ਕੇ ਸਮਰਥਨ ਦਿੱਤਾ ਜਾਵੇ। ‘ਆਪ’ ਦੇ ਵਿਰੋਧੀ ਕਈ ਸੁਆਰਥੀ ਅਤੇ ਭੇਖੀ ਸਿੱਖ ਇਹ ਪ੍ਰਚਾਰ ਕਰ ਰਹੇ ਹਨ, ਕਿ ਟੋਪੀਆਂ ਵਾਲਿਆਂ ਨੂੰ ਪੰਜਾਬ ਦੇ ਲੋਕ ਪ੍ਰਵਾਨ ਨਹੀਂ ਕਰਨਗੇ। ਸਾਨੂੰ ਇਸ ਦੁਸ਼ਪ੍ਰਚਾਰ ਤੋਂ ਪ੍ਰਭਾਵਤ ਨਹੀਂ ਹੋਣਾ ਚਾਹੀਦਾ ਕਿਉਂਕਿ ਹੁਣ ਤਾਈਂ ਅਸੀਂ ਬਹੁਤੇਰੇ ਪਗੜੀਧਾਰੀ ਸੁਆਰਥੀ ਭੇਖੀ ਸਿੱਖਾਂ ਨੂੰ ਪਰਖ ਚੁੱਕੇ ਹਾਂ, ਇਸ ਲਈ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਅਹਿਦ ਲੈ ਕੇ ਚੱਲੀ ਨਵੀਂ ਪਾਰਟੀ ਨੂੰ ਪਰਖ ਲੈਣਾ ਹੀ ਸਮਝਦਾਰੀ ਹੋਵੇਗਾ। ਟੋਪੀ ਪਹਿਨਣਾ ਕੇਵਲ ਸਿੱਖਾਂ ਲਈ ਬਿਵਰਜਤ ਹੈ, ਨਾ ਕਿ ਗੈਰ ਸਿੱਖਾਂ ਲਈ। ਇਸ ਲਈ ਸਾਨੂੰ ਕਿਸੇ ਵੀ ਪਾਰਟੀ ਦੇ ਡਰੈੱਸ ਕੋਡ ’ਤੇ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ। ਜੇ ਇਤਰਾਜ ਹੈ ਤਾਂ ਕੇਵਲ ਧਰਮ ਦਾ ਆਸਰਾ ਲੈ ਕੇ ਸੁਆਰਥੀ ਰਾਜਨੀਤੀ ਕਰਨ ਵਾਲਿਆਂ ਦੇ ਕਿਰਦਾਰਾਂ ’ਤੇ ਹੈ। ਪੁਰਾਤਨ ਸਾਰੀਆਂ ਪਾਰਟੀਆਂ ਦਾ ਕਿਰਦਾਰ ਅਸੀਂ ਵੇਖ ਚੁੱਕੇ ਹਾਂ।

ਸੋ, ਨਵੀਂ ਤਬਦੀਲੀ ਨੂੰ ਜੀ ਆਇਆਂ ਕਹਿਣਾ ਮੁਨਾਸਿਬ ਹੋਵੇਗਾ। 2017 ਦੀਆਂ ਚੋਣਾਂ ਵਿੱਚ ਬਾਦਲ ਦਲ ਦੀ ਹਾਰ ਹੀ ਸੁਧਾਰ ਵੱਲ ਵੱਡਾ ਕਦਮ ਹੋਵੇਗਾ ਕਿਉਂਕਿ ਉਸ ਨੂੰ ਅਹਿਸਾਸ ਹੋ ਜਾਵੇਗਾ ਕਿ ਪੰਥਕ ਸੰਸਥਾਵਾਂ ਦੀ ਮਾਣ ਮਰਿਆਦਾ ਮਿੱਟੀ ਘੱਟੇ ਰਲਾਉਣਾ, ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਗਰਕ ਕਰਨਾ ਅਤੇ ਪੰਜਾਬ ਦੀ ਕਿਸਾਨੀ ਦਾ ਆਰਥਕ ਪੱਖੋਂ ਲੱਕ ਤੋੜੇ ਜਾਣ ਦੀ ਸਜਾ ਦੇ ਤੌਰ ’ਤੇ ਹੀ ਉਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ। ਇਹ ਅਹਿਸਾਸ ਹੀ ਅੱਗੇ ਤੋਂ ਕਿਸੇ ਵੀ ਸਿਆਸਤਦਾਨ ਵੱਲੋਂ ਧਰਮ ਨੂੰ ਰਾਜਨੀਤੀ ਲਈ ਵਰਤਣ ਤੋਂ ਗੁਰੇਜ਼ ਕਰਨ ਲਈ ਮਜ਼ਬੂਰ ਕਰੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top