Share on Facebook

Main News Page

ਖਾਣ-ਪੀਣ ਦੇ ਵਹਿਮ ਨੇ ਵੀ ਸਿੱਖ ਨਿਗਲਿਆ !
-: ਅਵਤਾਰ ਸਿੰਘ ਮਿਸ਼ਨਰੀ

ਜੇ ਪਾਣੀ, ਅੰਨ, ਦਾਣੇ, ਸਾਗ ਸਬਜੀਆਂ ਵਿੱਚ ਜੀਅ ਜਾਨ ਹੈ ਤਾਂ ਫਿਰ ਮਾਸ ਖਾਣ ਜਾਂ ਨਾਂ ਖਾਣ ਬਾਰੇ ਪਾਪ ਪੁੰਨ ਮੰਨਣਾ ਵਿਅਰਥ ਹੈ-
ਮ:1 ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ
ਪੰਨਾ 472 ਸ੍ਰੀ ਗੁਰੂ ਗ੍ਰੰਥ ਸਾਹਿਬ

ਹੋਰ ਦੇਖੋ! ਬਾਬਾ ਨਾਨਕ ਕੀ ਫੁਰਾਮਾਉਂਦੇ ਹਨ-
ਮ:1 ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ
ਪੰਨਾ 1290 ਸ੍ਰੀ ਗੁਰੂ ਗ੍ਰੰਥ ਸਾਹਿਬ

ਹੇ ਪਾਂਡੇ ਪਾਣੀ ਤੋਂ ਹੀ ਅੰਨ, ਕਮਾਦ ਅਤੇ ਕਪਾਹ ਆਦਿਕ ਬਨਾਸਪਤੀ ਪੈਦਾ ਹੁੰਦੀ ਹੈ। ਹੋਰ-
ਮ:1 ਮਾਸੁ ਪੁਰਾਣੀ ਮਾਸੁ ਕਤੇਬੀਂ ਚਹੁ ਜੁਗਿ ਮਾਸੁ ਕਮਾਣਾ ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍‍ ਕਾ ਦਾਨੁ ਨ ਲੈਣਾ
ਪੰਨਾ 1290 ਸ੍ਰੀ ਗੁਰੂ ਗ੍ਰੰਥ ਸਾਹਿਬ

ਗੁਰੂ ਸਾਹਿਬ ਕਹੇ ਰਹੇ ਹਨ ਕਿ ਜੇ ਮਾਸ ਖਾਣਾ ਪਾਪ ਹੈ, ਤਾਂ ਮਾਸ ਖਾਣ ਵਾਲਿਆਂ ਤੋਂ ਦਾਨ ਲੈਣਾ ਕਿੱਧਰ ਦਾ ਪੁੰਨ ਹੈ? ਅਮਰੀਕਾ ਕੈਨੇਡਾ ਵਰਗੇ ਦੇਸ਼ ਬਹੁਤਾਤ ਮਾਸਾਹਾਰੀ ਹਨ। ਫਿਰ ਵੈਸ਼ਨੂੰ ਦੇਵੀ ਦੇ ਪੁਜਾਰੀ, ਮਾਸ ਖਾਣ ਵਾਲਿਆਂ ਦੇ ਬਣੇ ਡਾਲਰ, ਜਹਾਜ, ਫੋਨ, ਖਾਣੇ ਅਤੇ ਕਪੜੇ ਆਦਿਕ ਅਧੁਨਿਕ ਚੀਜਾਂ ਕਿਉਂ ਵਰਤਦੇ ਹਨ? ਨਾਲੇ ਨਿੰਦਦੇ ਤੇ ਨਾਲੇ ਇਨ੍ਹਾਂ ਦੇਸ਼ਾਂ ਵੱਲ ਹੇੜਾਂ ਵਾਂਗ ਭੱਜੇ ਵੀ ਆਉਂਦੇ ਨੇ, ਫਿਰ ਕਿਸੇ ਵੈਸ਼ਨੂੰ ਦੇਸ਼ ਵਿੱਚ ਕਿਉਂ ਨਹੀਂ ਰਹਿੰਦੇ? ਇਹ ਦੋਗਲਾਪਨ ਕਿਉਂ? ਪਰ ਮੈਨੂੰ ਨਹੀਂ ਲਗਦਾ ਕਿ ਦੁਨੀਆਂ ਦਾ ਕੋਈ ਦੇਸ਼, ਪੂਰੇ ਦਾ ਪੂਰਾ ਵੈਸ਼ਨੂੰ ਜਾਂ ਸਾਕਾਹਾਰੀ ਹੋਵੇ। ਫਿਰ ਪ੍ਰਮਾਤਮਾਂ ਨਾਲੋਂ ਤਾਂ ਕੋਈ ਵੱਡਾ ਤੇ ਤਾਕਤਵਰ ਨਹੀਂ, ਜੇ ਮਾਸ ਖਾਣਾ ਇਨ੍ਹਾਂ ਹੀ ਮਾੜਾ ਸੀ ਤਾਂ ਪ੍ਰਮਾਤਮਾਂ ਨੇ ਬੰਦ ਕਿਉਂ ਨਾ ਕਰਵਾਇਆ? ਅਰਬਾਂ ਖਰਬਾਂ ਜੀਵ ਹਰ ਰੋਜ ਮਾਰੇ ਤੇ ਖਾਦੇ ਜਾਂਦੇ ਹਨ, ਫਿਰ ਵੈਸ਼ਨੂੰਆਂ ਦਾ ਪ੍ਰਮਾਤਮਾਂ ਕਿਉਂ ਨਹੀਂ ਰੋਕਦਾ? ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਸਾਫ ਸਾਫ ਸ਼ਬਦਾਂ ਵਿੱਚ ਫੁਰਮਾਇਆ ਹੈ ਕਿ ਮਾਸ ਤੇ ਝਗੜਨਾ ਮੂਰਖਾਂ ਦਾ ਕੰਮ ਹੈ-

ਮ:1 ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ
ਪੰਨਾ 1289 ਸ੍ਰੀ ਗੁਰੂ ਗ੍ਰੰਥ ਸਾਹਿਬ

ਮਾਸ ਨਾਂ ਖਾਣ ਵਾਲਿਆਂ ਨੂੰ ਪਾਣੀ, ਅੰਨ, ਹਵਾ ਅਤੇ ਦਹੀਂ ਵੀ ਛੱਡਣਾ ਪਵੇਗਾ, ਜਿੰਨ੍ਹਾਂ ਵਿੱਚ ਅਨੇਕਾਂ ਜੀਵ ਹਨ। ਸਾਹ ਲੈਣਾ ਵੀ ਬੰਦ ਕਰਨਾ ਪਵੇਗਾ ਕਿਉਂਕਿ ਮਾਸ ਖਾਣ ਵਾਲਿਆਂ ਦੇ ਅੰਦਰ ਦੀ ਹਵਾ ਵੀ ਬਾਹਰਲੀ ਹਵਾ ਵਿੱਚ ਮਿਕਸ ਹੋ ਕੇ, ਨਾਂ ਖਾਣ ਵਾਲਿਆਂ ਦੇ ਅੰਦਰ ਚਲੀ ਜਾਂਦੀ ਹੈ। ਦੱਸੋ ਕਿੱਧਰ ਜਾਈਏ, ਕਿੱਥੇ ਰਹੀਏ ਅਤੇ ਕੀ ਖਾਈਏ?

ਆਓ ਭਲਿਓ, ਖਾਣ ਪੀਣ ਤੇ ਵਿਅਰਥ ਲੜਾਈ ਝਗੜੇ ਜਾਂ ਬਹਿਸਾਂ ਕਰਨ ਦੀ ਬਜਾਏ ਗੁਰਬਾਣੀ ਨੂੰ ਬਾਰ ਬਾਰ ਵੀਚਾਰੀਏ। ਜਿੱਥੋਂ ਪਤਾ ਚਲਦਾ ਹੈ ਕਿ ਚੁਗਲੀ-ਨਿੰਦਿਆ, ਹਉਮੈ-ਹੰਕਾਰ, ਈਰਖਾ-ਦਵੈਤ, ਸਾੜਾ-ਨਫਰਤ, ਵਿਸ਼ੇ-ਵਿਕਾਰ, ਵਹਿਮ-ਭਰਮ ਅਤੇ ਥੋਥੇ ਕਰਮ ਆਦਿਕਾਂ ਨੂੰ ਤਿਅਗਣ ਦੀ ਲੋੜ ਹੈ-

ਮ:5 ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭੁ ਤਿਆਗਨਾ ॥3॥ ਪੰਨਾ 1018 ਸ੍ਰੀ ਗੁਰੂ ਗ੍ਰੰਥ ਸਾਹਿਬ

ਗੁਰਬਾਣੀ ਖਾਣ ਪੀਣ, ਪਹਿਨਣ, ਸਵਾਰੀ, ਅਤੇ ਸੌਣ ਬਾਰੇ ਸ਼ਪੱਸ਼ਟ ਕਹਿ ਰਹੀ ਹੈ ਕਿ-

ਮ:1
ਬਾਬਾ ਹੋਰੁ ਖਾਣਾ ਖੁਸੀ ਖੁਆਰੁ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1॥ ਰਹਾਉ ॥...
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1॥ ਰਹਾਉ ॥...
ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥ ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1॥ ਰਹਾਉ ॥...
ਬਾਬਾ ਹੋਰੁ ਸਉਣਾ ਖੁਸੀ ਖੁਆਰੁਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1॥ ਰਹਾਉ ॥4॥7॥
ਪੰਨਾ 16 ਸ੍ਰੀ ਗੁਰੂ ਗ੍ਰੰਥ ਸਾਹਿਬ

ਜਿਹੜੇ ਇਸ ਪੰਕਤੀ ਦਾ ਹਵਾਲਾ ਦੇ ਕੇ ਕਹਿੰਦੇ ਹਨ ਕਿ-

ਮ: 1 ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥ ਪੰਨਾ 140 ਸ੍ਰੀ ਗੁਰੂ ਗ੍ਰੰਥ ਸਾਹਿਬ

ਉਹ ਭੁੱਲ ਜਾਂਦੇ ਹਨ ਕਿ ਇਸ ਪੰਕਤੀ ਵਿੱਚ ਮਨੁੱਖਤਾ ਦਾ ਖੂਨ ਪੀਣ ਵਾਲਿਆਂ ਨੂੰ ਕਿਹਾ ਗਿਆ ਹੈ, ਵਰਨਾ ਸੁੱਚ ਭਿੱਟ ਤਾਂ ਹਿੰਦੂ ਤੇ ਮੁਸਲਮ ਰੱਖਦੇ ਹਨ, ਕਿ ਜੇ ਲਹੂ ਜਾਂ ਪਿਸ਼ਾਬ ਜਾਮੇ 'ਤੇ ਪੈ ਗਿਆ ਪਲੀਤ ਹੋ ਜਾਵੇਗਾ।

ਹੋਰ ਵੀ ਫੁਰਮਾਨ ਦਿੰਦੇ ਹਨ ਕਿ-

ਮ:1 ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ਪੰਨਾ 141 ਸ੍ਰੀ ਗੁਰੂ ਗ੍ਰੰਥ ਸਾਹਿਬ

ਪਰਾਇਆ ਹੱਕ ਮੁਸਲਮਾਨ ਲਈ ਸੂਰ ਅਤੇ ਹਿੰਦੂ ਲਈ ਗਾਂ ਖਾਣ ਦੇ ਬਰਾਬਰ ਹੈ, ਪਰ ਸਿੱਖ ਨਾਂ ਹਿੰਦੂ ਅਤੇ ਨਾਂ ਮੁਸਲਮਾਨ ਹਨ। ਸਿੱਖਾਂ ਲਈ ਤਾਂ ਪਰਾਇਆ ਹੱਕ ਮਾਰਨਾ ਜਾਂ ਖਾਣਾ ਹੀ ਹਰਾਮ ਹੈ, ਨਾ ਕਿ ਕਿਸੇ ਜਾਨਵਰ ਦਾ ਮਾਸ। ਸਿੱਖਾਂ ਦਾ ਤਾਂ ਇਤਿਹਾਸ ਦਸਦਾ ਹੈ ਕਿ- ਖਾਹਿਂ ਕੱਚੇ ਹੀ ਮ੍ਰਿਗ ਮਾਰਿ

ਜ਼ਰਾ ਸੋਚੋ! ਕੱਚਾ ਜਾਂ ਪੱਕਾ ਮੀਟ ਉਹ ਹੀ ਖਾ ਸਕਦਾ ਹੈ, ਜਿਸ ਨੇ ਪਹਿਲਾਂ ਖਾਧਾ ਹੋਵੇ, ਮਾਸ ਦੀ ਖੁਸ਼ਬੋ ਤੋਂ ਨੱਕ ਪਕੜਨ ਵਾਲੇ ਲੋਕ ਕਿਵੇਂ ਖਾ ਸਕਦੇ ਹਨ? ਸਿੱਖ ਰਹਿਤ ਮਰਯਾਦਾ ਵਿੱਚ ਵੀ ਕੁੱਠੇ ਦੀ ਮਨਾਹੀ ਹੈ, ਜੋ ਮੁਸਲਮਾਨੀ ਤਰੀਕੇ ਨਾਲ ਜ੍ਹਿਬਾ ਕਰਕੇ ਕਲਮਾ ਪੜ੍ਹਿਆ ਜਾਵੇ, ਕਿਉਂਕਿ ਮੁਸਲਮਾਨੀ ਰਾਜ ਵੇਲੇ ਹਿੰਦੂ ਗੁਲਾਮ ਸਨ ਤੇ ਉਂਨ੍ਹਾਂ ਨੂੰ ਵੀ ਹਲਾਲ ਕੀਤਾ ਮਾਸ ਹੀ ਖਾਣਾ ਪੈਂਦਾ ਸੀ। ਉਸ ਵੇਲੇ ਕੋਈ ਗੈਰ ਮੁਸਲਮ ਸ਼ਸ਼ਤਰ ਹਥਿਆਰ ਅਤੇ ਘੋੜੇ ਰੱਖ ਕੇ ਸ਼ਿਕਾਰ ਨਹੀਂ ਸੀ ਖੇਡ ਸਕਦਾ। ਇਹ ਗੁਲਾਮੀ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਦੂਰ ਕੀਤੀ ਕਿ ਮੇਰਾ ਸਿੱਖ ਸ਼ਸ਼ਤਰ, ਹਥਿਆਰ, ਹਾਥੀ ਘੋੜੇ ਵੀ ਰੱਖੇਗਾ ਅਤੇ ਸ਼ਿਕਾਰ ਵੀ ਖੇਡੇਗਾ ਅਤੇ ਗੁਲਾਮੀਂ ਦੀ ਨਿਸ਼ਾਨੀ ਕੁੱਠਾ ਮਾਸ ਵੀ ਨਹੀਂ ਖਾਏਗਾ। ਗੁਰੂ ਜੀ ਖੁਦ ਸ਼ਿਕਾਰ ਖੇਡਦੇ ਸਨ, ਕੀ ਉਹ ਜਨਵਰਾਂ ਨੂੰ ਮਾਰ ਕੇ ਸੁੱਟ ਦਿੰਦੇ ਸਨ? ਜੇ ਉਨ੍ਹਾਂ ਨੇ ਜਨਵਰਾਂ ਦੀ ਮੁਕਤੀ ਹੀ ਕਰਨੀ ਸੀ, ਤਾਂ ਮਿਹਰ ਦੀ ਨਿਗ੍ਹਾ ਨਾਲ ਤੱਕ ਕੇ ਕਰ ਦਿੰਦੇ, ਮਾਰਨ ਦੀ ਕੀ ਲੋੜ ਸੀ?

ਦਸਵੇਂ ਪਾਤਸ਼ਾਹ ਵੀ ਸ਼ਿਕਾਰ ਅਤੇ ਮਰਦਾਵੀਂ ਖੇਡਾਂ ਖੇਡਦੇ ਰਹੇ ਅਤੇ ਉਨ੍ਹਾਂ ਨੇ ਤਾਂ ਜੰਗਲ ਦੇ ਬਾਦਸ਼ਾਹ, ਬਹਾਦਰ ਜਨਵਰ ਸ਼ੇਰ ਵਾਲਾ ਤਖੱਲਸ "ਸਿੰਘ" ਖਾਲਸੇ ਨੂੰ ਬਖਸ਼ ਕੇ ਸ਼ੇਰ ਬਣਾ ਦਿੱਤਾ। ਕੀ ਮਾਸ ਖਾਣ ਦਾ ਵਿਰੋਧ ਕਰਨ ਵਾਲੇ ਸਿੰਘ ਨਹੀਂ ਹਨ? ਜੇ ਨਹੀਂ, ਤਾਂ ਆਪਣੇ ਨਾਂ ਨਾਲ ਫਲਾਨਾ ਗਊ ਰੱਖ ਲੈਣ, ਕਿਉਂਕਿ ਗਾਂ ਹਮੇਸ਼ਾਂ ਘਾਸ ਹੀ ਖਾਂਦੀ ਹੈ। ਇਤਹਾਸ ਦੱਸਦਾ ਹੈ ਕਿ ਸੁਲਤਾਨਿਕੌਮ ਸ੍ਰ. ਜੱਸਾ ਸਿੰਘ ਆਹਲੂਵਾਲੀਆ ਦੀ ਰੋਜ਼ਾਨਾ ਦੀ ਖੁਰਾਕ ਸਾਬਤ ਬੱਕਰਾ ਅਤੇ ਕਿੱਲੋ ਮੱਖਣ ਸੀ ਤੇ ਅੱਸੀ ਫੱਟ ਸਰੀਰ ਪਰ ਲੱਗਣ 'ਤੇ ਵੀ ਮੈਦਾਨੇ ਜੰਗ ਵਿੱਚ ਮੂਹਰੇ ਹੋ ਕੇ ਲੜਦਾ ਸੀ।

ਸਿੱਖ ਮਾਰਸ਼ਲ ਕੌਮ ਹੈ ਇਸ ਨੂੰ ਘਸਿਆਰਾ, ਨਿਹੱਥਾ ਜਾਂ ਵੈਸ਼ਨੂੰ ਬਨਾਉਣ ਲਈ ਚਾਤਰ ਤੇ ਸ਼ਾਤਰ ਬਾਮਣ ਨੇ ਸਾਧਾਂ ਸੰਤਾਂ ਸੰਪ੍ਰਦਾਈਆਂ ਦਾ ਬਾਣਾ ਪਾ ਕੇ, ਇਸ ਦੀਆਂ ਖਾਣ-ਪੀਣ, ਖੇਡਣ-ਕੁੱਦਣ ਅਤੇ ਧਰਮ-ਕਰਮ ਦੀਆਂ ਰਹੁਰੀਤ-ਮਰਯਾਦਾਵਾਂ ਹੀ ਬਦਲ ਦਿੱਤੀਆਂ। ਅੱਜ ਵੀ ਡੇਰੇਦਾਰਾਂ ਅਤੇ ਸੰਪਰਦਾਵਾਂ ਦੇ ਰੂਪ ਵਿੱਚ ਪੰਜ ਕਕਾਰ ਪਾ ਕੇ ਸਿੱਖਾਂ ਕੋਲੋਂ ਬ੍ਰਾਹਮਣੀ ਕਰਮ ਕਰਵਾ ਰਿਹਾ ਹੈ।

ਅਸੀਂ ਅੱਜ ਖਾਣ-ਪੀਣ, ਉੱਠਣ-ਬੈਠਣ, ਛੂਆ-ਛਾਤ, ਸੁੱਚ-ਭਿੱਟ, ਜਾਤ-ਪਾਤ ਦੇ ਨਾਂ ਤੇ ਹੀ ਭਰਾ ਮਾਰੂ ਜੰਗ ਲੜੀ ਜਾ ਰਹੇ ਹਾਂ। ਅੱਜ ਜਿੰਨੇ ਕ੍ਰੋਧੀ, ਕਾਮੀ ਅਤੇ ਧੋਖੇਬਾਜ ਵੈਸ਼ਨੂੰ ਹਨ, ਓਨ੍ਹੇ ਸ਼ਾਇਦ ਮਾਸ ਖਾਣ ਵਾਲੇ ਨਹੀਂ। ਹਾਥੀ ਕਦੇ ਮਾਸ ਨਹੀਂ ਖਾਂਦਾ, ਪਰ ਮਾਸ ਖਾਣ ਵਾਲੇ ਸ਼ੇਰ ਤੋਂ ਹਜ਼ਾਰਾਂ ਗੁਣਾ ਕਾਮੀ ਹੈ। ਅੱਜ ਮਾਸ ਨਾਂ ਖਾਣ ਵਾਲੇ ਡੇਰੇਦਾਰ ਸਾਧ ਸੰਤ ਜਵਾਨ ਕੁੜੀਆਂ ਔਰਤਾਂ ਨਾਲ ਆਏ ਦਿਨ ਬਲਾਤਕਾਰ ਕਰ ਰਹੇ ਹਨ। ਬਾਹਰਲੇ ਮੁਲਕਾਂ ਵਿੱਚ ਹਰ ਵੇਲੇ ਮਾਸ ਖਾਣ ਵਾਲੇ ਗੋਰੇ ਭਾਰਤੀ ਵੈਸ਼ਨੂੰਆਂ ਨਾਲੋਂ ਸੌ ਗੁਣਾਂ ਇਮਾਨਦਾਰ ਹਨ।

ਸੋ, ਭਾਈ ਗੁਰਸਿੱਖੋ! ਖਾਣ-ਪੀਣ ਪਿੱਛੇ ਨਾਂ ਲੜੋ, ਸਗੋਂ ਆਪਣੇ ਸਰੀਰ ਮੁਤਾਬਿਕ ਹੀ ਖਾਣਾ ਖਾਓ ਅਤੇ ਕਿਸੇ ਨੂੰ ਖਾਣ ਨਾ ਖਾਣ ਬਾਰੇ ਮਜਬੂਰ ਨਾ ਕਰੋ। ਗੁਰੂ ਸਾਹਿਬ ਨੇ ਸਾਨੂੰ "ਸਿੰਘ" ਬਣਾਇਆ ਹੈ ਨਾ ਕਿ "ਗਊ" ਸਿੰਘ ਦੇ ਭੋਜਨ ਬਾਰੇ ਗੁਰਬਾਣੀ ਵੀ ਫੁਰਮਾਂਦੀ ਹੈ-

ਬਸੰਤੁ ਮਹਲਾ 5 ॥
ਸਿੰਘ ਰੁਚੈ ਸਦ ਭੋਜਨੁ ਮਾਸ ਰਣੁ ਦੇਖਿ ਸੂਰੇ ਚਿਤ ਉਲਾਸ
ਪੰਨਾ 1180 ਸ੍ਰੀ ਗੁਰੂ ਗ੍ਰੰਥ ਸਾਹਿਬ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top