Share on Facebook

Main News Page

ਪਹਿਲਾ ਮਰਣੁ ਕਬੂਲਿ
-: ਮੋਹਨ ਸਿੰਘ, ਡੇਰਾਬੱਸੀ
ਮੋਬਾ. ਨੰ: 98789 92010

ਜੇਕਰ ਕਿਸੇ ਦਾ ਭਲਾ ਕੀਤਾ ਹੈ, ਤਾਂ ਭੁਲ ਜਾਈਏ ਅਤੇ ਜੇ ਕਿਸੇ ਨੇ ਬੁਰਾ ਕੀਤਾ ਹੈ, ਤਾਂ ਵੀ ਭੁਲ ਜਾਈਏ ਤਾਂ ਮਨੁੱਖ ਦੀ ਮੈਂ (ਹਉਮੈ) ਮਿਟ ਜਾਂਦੀ ਹੈ। ਕੋਈ ਵਿਰਲਾ ਮਨੁੱਖ ਹੀ ਹਉਮੈਂ ਨੂੰ ਮਾਰਨ ਵਿੱਚ ਕਾਮਯਾਬ ਹੁੰਦਾ ਹੈ।ਇਸ ਲਈ ਗੁਰਬਾਣੀ ਨੇ ਹਉਮੈਂ ਨੂੰ ਦੀਰਘ ਰੋਗ ਕਰਕੇ ਬਿਆਨ ਕੀਤਾ ਹੈ।

ਗੁਰਬਾਣੀ ਅਨੁਸਾਰ ਇਹ ਜਗਤ ਮਾੜਾ ਨਹੀਂ ਹੈ। ਗੁਰਬਾਣੀ ਫੁਰਮਾਨ ਹੈ ਕਿ ਇਹੁ ਵਿਸੁ ਸੰਸਾਰੁ ਤੁਮ ਜੋ ਦੇਖਦੇ ਇਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ (322), ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ (463) ਅਤੇ ਨਿੰਦਉ ਨਾਹੀ ਕਾਹੂ ਬਾਤੈ ਇਹੁ ਖਸਮ ਕਾ ਕੀਆ (611)। ਇਸ ਲਈ ਇਹ ਸੰਸਾਰ ਜਿਸ ਵਿੱਚ ਮਾਂ ਬਾਪ, ਭੈਣ ਭਰਾ, ਧੀਆਂ ਪੁੱਤਰ, ਅਤੇ ਹੋਰ ਦੋਸਤ ਰਿਸ਼ਤੇਦਾਰ ਜੋ ਕੋਈ ਵੀ ਹੈ, ਮਾੜਾ ਨਹੀਂ ਹੈ। ਇੱਕ ਪਾਸੇ ਗੁਰਬਾਣੀ ਗ੍ਰਹਿਸਤ ਨੂੰ ਪ੍ਰਵਾਨਗੀ ਦਿੰਦੀ ਹੈ ਅਤੇ ਦੂਜੇ ਪਾਸੇ ਇਸ ਨੂੰ ਬੁਰਾ ਕਿਵੇਂ ਮੰਨਿਆ ਜਾ ਸਕਦਾ ਹੈ। ਅਸਲ ਵਿੱਚ ਗੁਰਬਾਣੀ ਮਨੁੱਖ ਦੇ ਮਨ ਦੇ ਸਿਰਜੇ ਹੋਏ ਸੰਸਾਰ ਦੀ ਗੱਲ ਕਰਦੀ ਹੈ। ਮਨ ਦਾ ਸੁਭਾਅ ਹੈ ਕਿ ਇਹ ਬੁਰੇ ਖਿਆਲਾਂ ਵਿੱਚ ਵਲੀਨ ਰਹਿਣ ਕਰਕੇ ਬੁਰਾ ਬਣ ਜਾਂਦਾ ਹੈ ਅਤੇ ਉਨ੍ਹਾਂ ਵਿਚਾਰਾਂ ਦੇ ਆਧਾਰ 'ਤੇ ਹੀ ਮਨੁੱਖ ਦੇ ਮਨ ਦਾ ਸੰਸਾਰ ਬੁਰਾ ਬਣ ਜਾਂਦਾ ਹੈ, ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਮਨ ਦੀ ਵਿਚਾਰਾਧਾਰਾ ਵਿਕਾਰੀ ਬਣ ਜਾਂਦੀ ਹੈ ਅਤੇ ਇਹ ਮਾੜੇ ਕਰਮ ਕਰਦਾ ਰਹਿੰਦਾ ਹੈ। ਬੱਸ ਇਸ ਮਨ ਦੇ ਸੰਸਾਰ ਨੂੰ ਗੁਰਬਾਣੀ ਵਿੱਚ ਝੂਠਾ ਆਖਿਆ ਗਿਆ ਹੈ, ਕਿਉਂਕਿ ਮਨ ਦੇ ਇਸ ਸੰਸਾਰ ਵਿੱਚ ਜੁੜਿਆ ਹੋਇਆ ਹੋਣ ਕਰਕੇ ਮਨੁੱਖ ਦਾ ਸਬੰਧ ਝੂਠ ਨਾਲ ਬਣਿਆ ਰਹਿੰਦਾ ਹੈ।

ਮਨ ਵਿੱਚ ਹਰ ਸਮੇਂ ਫੁਰਨੇ ਚਲਦੇ ਰਹਿੰਦੇ ਹਨ। ਇਹ ਕਦੇ ਅਫੁਰ ਅਵੱਸਥਾ ਵਿੱਚ ਨਹੀਂ ਹੁੰਦਾ ਅਤੇ ਮਨੁੱਖ ਤਾਂ ਸੁੱਤਾ ਹੋਇਆ ਵੀ ਸੁਪਨੇ ਲੈਂਦਾ ਰਹਿੰਦਾ ਹੈ।ਫੁਰਨਿਆਂ ਦੇ ਚਲਣ ਕਰਕੇ ਹੀ ਮਨ ਨੂੰ ਚੰਚਲ ਕਿਹਾ ਗਿਆ ਹੈ। ਮਨ ਵਿੱਚ ਜਿਸ ਤਰ੍ਹਾਂ ਦੇ ਫੁਰਨੇ ਚੱਲਦੇ ਹਨ, ਮਨੁੱਖ ਦਾ ਵੈਸੇ ਫੁਰਨਿਆ ਦੇ ਸੰਸਾਰ ਵਾਲਾ ਜੀਵਨ ਬਣ ਜਾਂਦਾ ਹੈ। ਜੀਵਤ ਮਨੁੱਖ ਦਾ ਮਨ ਕਦੇ ਅਫੁਰ ਨਹੀਂ ਹੋ ਸਕਦਾ । ਮਨ ਵਿੱਚ ਫੁਰਨੇ ਤਾਂ ਚੱਲਣ ਪਰ ਭੈੜੇ ਫੁਰਨੇ ਨਾ ਚੱਲਣ, ਬੁਰੇ ਖਿਆਲਾਂ (ਵਿਕਾਰੀ ਖਿਆਲ) ਦੇ ਫੁਰਨੇ ਨਾ ਆਉਣਾ, ਪਹਿਲਾਂ ਮਰਣ ਕਬੂਲ ਕਰਨਾ ਹੈ। ਗੁਰਬਾਣੀ ਵਿੱਚ ਇਸੇ ਮਰਨ ਦੀ ਗੱਲ ਕੀਤੀ ਗਈ ਹੈ ਕਿ ਜਦੋਂ ਤੱਕ ਮਨੁੱਖ ਇਨ੍ਹਾਂ ਵਿਕਾਰੀ ਫੁਰਨਿਆਂ ਵੱਲੋਂ ਨਹੀਂ ਮਰਦਾ, ਭੈੜੇ ਖਿਆਲਾਂ ਦਾ ਤਿਆਗ ਨਹੀਂ ਕਰਦਾ ਉਦੋਂ ਤੱਕ ਪ੍ਰਭੂ ਤੱਕ ਪਹੁੰਚਣ ਵਾਲੇ ਮਾਰਗ ਦਾ ਪਾਂਧੀ ਨਹੀਂ ਬਣ ਸਕਦਾ। ਵਿਕਾਰ ਮਨ ਵਿੱਚ ਕਾਲਖ ਪੈਦਾ ਕਰਦੇ ਹਨ ਅਤੇ ਪ੍ਰਮਾਤਮਾ ਬਹੁਤ ਨਿਰਮਲ ਹੈ ਅਤੇ ਉਸ ਨੂੰ ਨਿਰਮਲ ਮਨ ਵਾਲਾ ਮਨੁੱਖ ਹੀ ਚੰਗਾ ਲੱਗਦਾ ਹੈ। ਗੁਰਬਾਣੀ ਦਾ ਫੁਰਮਾਨ ਹੈ ਕਿ ਅੰਮ੍ਰਿਤੁ ਨਾਮੁ ਨਿਧਾਨੁ ਦਿਤਾ ਤੁਸਿ ਹਰਿ॥ ਨਾਨਕ ਸਦਾ ਅਰਾਧਿ ਕਦੇ ਨ ਜਾਹਿ ਮਰਿ॥ (ਗੁਰੂ ਗ੍ਰੰਥ ਸਾਹਿਬ ਪੰਨਾ 1363) ਭਾਵ ਪ੍ਰਭੂ ਦਾ ਅੰਮ੍ਰਿਤ ਰੂਪੀ ਗੁਣਾ ਦਾ ਖਜਾਨਾ ਪ੍ਰਭੂ ਤਰੁਠ (ਖੁਸ ਹੋ) ਕੇ ਸਭ ਨੂੰ ਦਿੰਦਾ ਹੈ, ਪ੍ਰਮਾਤਮਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਸਾਰੇ ਔਗੁਣ ਆਤਮਿਕ ਮੌਤ ਦਾ ਕਾਰਨ ਬਣਦੇ ਹਨ ਅਤੇ ਰੱਬੀ ਗੁਣਾ ਨੂੰ ਅਪਨਾਉਣ ਨਾਲ ਆਤਮਿਕ ਮੌਤ ਕਦੇ ਨਹੀਂ ਵਿਆਪਦੀ। ਇਸ ਲਈ ਗੁਰਬਾਣੀ ਰਾਹੀਂ ਪ੍ਰਭੂ ਦੇ ਗੁਣਾਂ ਨੂੰ ਹਮੇਸਾਂ ਚੇਤੇ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਕਦੇ ਵੀ ਆਤਮਿਕ ਮੌਤ ਨਹੀਂ ਵਿਆਪਦੀ (ਆਤਮਿਕ ਮੌਤ ਲਿਆਉਣ ਵਾਲੇ ਵਿਕਾਰ ਆਪਣਾ ਪ੍ਰਭਾਵ ਨਹੀਂ ਪਾ ਸਕਦੇ)।

ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨਾ ਹੋਈ॥
ਅੰਮ੍ਰਿਤ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ॥3॥

ਤਨ ਦੀ ਮੌਤ ਰੱਬੀ ਨਿਯਮ ਅਨੁਸਾਰ ਜਰੂਰ ਹੋਣੀ ਹੈ। ਪਰ ਮਨੁੱਖ ਆਤਮਿਕ ਮੌਤ ਹੋਣ ਤੋਂ ਬਚ ਸਕਦਾ ਹੈ। ਇਸ ਲਈ ਮਨੁੱਖ ਲਈ ਸੱਚ ਦੇ ਗਿਆਨ ਰਾਹੀਂ ਪਹਿਲਾਂ ਮਰਣ (ਵਿਕਾਰਾਂ ਵੱਲੋਂ ਮਰਨ) ਦੀ ਜਾਂਚ ਸਿੱਖਣੀ ਜਰੂਰੀ ਹੈ, ਭਾਵ ਇਸ ਰਾਹੀਂ ਮਨ ਦੀ ਵਿਚਾਰਾਧਾਰਾ ਬਣਾਉਣੀ ਹੋਵੇਗੀ, ਤਾਂ ਹੀ ਸਦਾ ਲਈ ਆਤਮਿਕ ਜੀਵਨ ਦੀ ਪ੍ਰਾਪਤੀ ਹੋ ਸਕਦੀ ਹੈ। ਸੱਚ ਦੇ ਗਿਆਨ (ਗੁਰਬਾਣੀ ਦੀ ਸਿੱਖਿਆ) ਰਾਹੀਂ ਜੀਵਨ ਜੁਗਤੀ ਸਿੱਖ ਲਈ ਜਾਵੇ ਤਾਂ ਇਹ (ਜੀਵਨ ਜੁਗਤੀ) ਇਤਨੀ ਅਨੰਦਮਈ ਹੋ ਜਾਂਦੀ ਹੈ ਕਿ ਮੁੜ ਆਤਮਿਕ ਮੌਤ (ਕਾਮ ਕ੍ਰੋਧ ਮੋਹ ਲੋਭ ਅਤੇ ਅਹੰਕਾਰ ਆਦਿ ਵਾਲਾ ਜੀਵਨ) ਖਤਮ ਹੋ ਜਾਂਦਾ ਹੈ। ਰੱਬੀ ਗਿਆਨ ਮਨੁੱਖ ਨੂੰ ਮੌਤ ਰਹਿਤ ਕਰ ਦਿੰਦਾ ਹੈ ਭਾਵ ਉਸ ਨੂੰ ਵਿਸ਼ੇ ਵਿਕਾਰ ਪੋਹ ਨਹੀਂ ਸਕਦੇ ਅਤੇ ਹੁਣ ਰੱਬੀ ਗੁਣ ਹਮੇਸ਼ਾਂ ਹੀ ਮਨ ਨੂੰ ਚੰਗੇ ਲੱਗਦੇ ਹਨ। ਇਹ ਅਨੰਦ ਮਨੁੱਖ ਨੂੰ ਸੱਚ ਦੇ ਗਿਆਨ ਰਾਹੀਂ ਪ੍ਰਾਪਤ ਹੁੰਦਾ ਹੈ। ਗੁਰਬਾਣੀ ਕੇਵਲ ਪੜ੍ਹਨ ਜਾਂ ਸੁਣਨ ਨਾਲ ਮਨ ਵਿੱਚੋਂ ਵਿਕਾਰਾਂ ਦੀ ਮੈਲ ਨਹੀਂ ਉਤਰ ਸਕਦੀ ਅਤੇ ਨਾ ਹੀ ਜੀਵਨ ਸ਼ੈਲੀ ਵਿੱਚ ਕੋਈ ਸੁਧਾਰ ਹੁੰਦਾ ਹੈ। ਅਕਸਰ ਅਸੀਂ ਵੇਖਦੇ ਹਾਂ ਕਿ ਗੁਰਬਾਣੀ ਦਾ ਪਾਠ, ਕੀਰਤਨ ਸੁਣਨ ਅਤੇ ਕਰਨ ਵਾਲੇ ਮਨੁੱਖ ਕਈ ਤਰ੍ਹਾਂ ਦੇ ਵਿਸ਼ੇ ਵਿਕਾਰਾਂ ਵਿੱਚ ਫਸੇ ਹੁੰਦੇ ਹਨ। ਇਸ ਲਈ ਗੁਰਬਾਣੀ ਨੂੰ ਵਿਚਾਰ ਕੇ ਉਸ ਅਨੁਸਾਰ ਜਿੰਦਗੀ ਵਿੱਚ ਵਿਚਰਨਾ ਚਾਹੀਦਾ ਹੈ।

ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ॥
ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ॥
(1365)

ਕਬੀਰ ਜੀ ਦਾ ਕਹਿਣਾ ਹੈ ਕਿ ਜਗਤ (ਕੇਵਲ ਮਨੁੱਖ) ਮੁੜ ਮੁੜ ਕਿਸੇ ਨਾ ਕਿਸੇ ਵਿਕਾਰ ਵਿੱਚ ਫੱਸਿਆ ਹੋਇਆ ਆਤਮਿਕ ਮੌਤ ਮਰਦਾ ਰਹਿੰਦਾ ਹੈ। ਮਨੁੱਖ ਦੀ ਗੱਲ ਇਸ ਲਈ ਕੀਤੀ ਹੈ ਕਿ ਧਰਮ ਕੇਵਲ ਮਨੁੱਖ ਲਈ ਹੈ ਬਾਕੀ ਸਭ ਰੱਬੀ ਨਿਯਮ ਅਨੁਸਾਰ ਜੀਅ ਰਹੇ ਹਨ। ਇਥੋਂ ਤੱਕ ਕਿ ਆਪਣੇ ਆਪ ਨੂੰ ਧਾਰਮਿਕ ਅਖਵਾਉਣ ਵਾਲੇ ਵੀ (ਵਿਰਲੇ ਨੂੰ ਛੱਡ ਕੇ) ਇਸ ਮੌਤ ਤੋਂ ਨਹੀਂ ਬੱਚ ਸਕਦੇ। ਆਤਮਿਕ ਮੌਤ ਤੋਂ ਇਸ ਕਰਕੇ ਨਹੀ ਬੱਚ ਸਕੇ ਕਿਉਂਕਿ ਲੋਕਾਈ ਨੂੰ ਮਰਨ ਦਾ ਸਲੀਕਾ ਨਹੀਂ ਆਉਂਦਾ। ਜਦੋਂ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਭਾਵ ਅਸਲ ਮੌਤ ਕਿਹੜੀ ਹੈ ਅਤੇ ਇਸ ਤੋਂ ਬਚਣਾ ਕਿਵੇਂ ਹੈ ਤਾਂ ਮਨੁੱਖ ਦੀ ਮੁੜ ਆਤਮਿਕ ਮੌਤ ਨਹੀਂ ਹੁੰਦੀ। ਪਹਿਲਾ ਮਰਣੁ ਕਬੂਲਿ ਦਾ ਇਹੀ ਮਤਲਬ ਹੈ ਕਿ ਜਦੋਂ ਤੱਕ ਮਨੁੱਖ ਵਿਕਾਰਾਂ ਤੋ ਤੌਬਾ ਨਹੀਂ ਕਰਦਾ ਇਸ ਨੂੰ ਅਸਲ ਜੀਵਨ ਦੀ ਜਾਣਕਾਰੀ ਮਿਲ ਹੀ ਨਹੀਂ ਸਕਦੀ। ਕੋਈ ਰਿਸ਼ਤੇਦਾਰ, ਦੋਸਤ ਮਿੱਤਰ ਜਾਂ ਜਾਣਕਾਰ ਦੀ ਮੌਤ ਹੋ ਜਾਏ ਤਾਂ ਮਨੁੱਖ ਅਫਸੋਸ ਕਰਨ ਜਾਂਦਾ ਹੈ, ਪਰ ਨਿੱਤ ਮਨੁੱਖ ਦੀ ਆਤਮਿਕ ਮੌਤ ਹੁੰਦੀ ਰਹਿੰਦੀ ਹੈ, ਇਸ ਬਾਰੇ ਮਨੁੱਖ ਨੇ ਆਪ ਵੀ ਅਫਸੋਸ ਨਹੀਂ ਕੀਤਾ ਕਿਉਂਕਿ ਮਨੁੱਖ ਆਤਮਿਕ ਮੌਤ ਤੋਂ ਵਾਕਫ ਹੀ ਨਹੀਂ ਹੈ। ਜੇਕਰ ਇਸ ਜੀਵਨ ਦੀ ਸਮਝ ਮਿਲ ਜਾਂਦੀ ਹੈ ਤਾਂ ਮੁੜ ਵਿਕਾਰਾਂ ਤੋਂ ਤੋਬਾ ਕਰਦਾ ਹੋਇਆ ਮਨੁੱਖ ਸਚਾਈ ਦੇ ਮਾਰਗ ਤੇ ਚੱਲਣ ਵਾਲਾ ਜੀਵਨ ਅਪਣਾ ਲੈਂਦਾ ਹੈ।

ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥
ਮਰਨੇ ਹੀ ਤੇ ਪਾਈਐ ਪੁਰਨੁ ਪਰਮਾਨੰਦ॥
(1365)

ਕਬੀਰ ਜੀ ਕਹਿੰਦੇ ਹਨ ਕਿ ਕਾਮ, ਕ੍ਰੇਧ ਮੋਹ, ਲੌਭ ਅਤੇ ਹੰਕਾਰ ਦਾ ਤਿਆਗ ਕਰਨਾ ਮਨੁੱਖ ਨੂੰ ਬਹੁਤ ਔਖਾ ਲੱਗਦਾ ਹੈ। ਇਸ ਤੋਂ ਮਨੁੱਖ ਡਰਦਾ ਹੈ ਭਾਵ ਝੂਠ ਨਾਲ ਸਬੰਧ ਹੋਣ ਕਰਕੇ ਇਸ ਤਾ ਤਿਆਗ ਕਰਨ ਲਈ ਤਿਆਰ ਨਹੀਂ ਹੈ। ਇਨ੍ਹਾਂ ਵਿਕਾਰਾਂ ਦੇ ਰਸ ਨੂੰ ਮਾਣਦਾ ਹੋਇਆ ਇਨ੍ਹਾਂ ਰਸਾਂ ਨੂੰ ਮਹਾਨ ਮੰਨੀ ਬੈਠਾ ਹੈ। ਖੂਹ ਦੇ ਡੱਡੂ ਵਾਂਗ ਜੋ ਸਮੁੰਦਰ ਬਾਰੇ ਕੁਝ ਨਹੀਂ ਜਾਣਦਾ ਕੂਪੁ ਪਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨਾ ਬੂਝ (346)। ਕਬੀਰ ਜੀ ਕਹਿੰਦੇ ਹਨ ਕਿ ਮੈਂ ਵਿਕਾਰਾਂ ਵੱਲੋਂ ਮਰ ਗਿਆਂ ਹਾਂ (ਤੌਬਾ ਕਰ ਲਈ ਹੈ) ਅਤੇ ਐ ਮਨੁੱਖ ਮੇਰੇ ਮਨ ਵਿੱਚ ਜਿਸ ਅਨੰਦ ਦੀ ਪ੍ਰਾਪਤੀ ਮੈਨੂੰ ਹੌਈ ਤੂੰ ਵੀ ਇਸ ਨੂੰ ਮਾਣ ਕੇ ਵੇਖ। ਵਿਸ਼ੇ ਵਿਕਾਰਾਂ ਵੱਲੋਂ ਮਰਨ ਨਾਲ ਹੀ ਸੱਚੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ।

ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ॥
ਜੇ ਕਰਿ ਸਾਹਿਬ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ॥
(555)

ਮਨੁੱਖ ਨੂੰ ਮਰਨ ਦੀ ਜਾਂਚ ਨਹੀਂ ਆਉਂਦੀ। ਮਾਇਆ ਵੱਲੋਂ ਮਰਨਾ ਔਖਾ ਲੱਗਦਾ ਹੈ। ਮਰਨ ਦੀ ਜਾਂਚ ਨਾ ਆਉਣ ਕਰਕੇ ਮਨੁੱਖ ਨੂੰ ਮਾਇਆ ਵੱਲੋਂ ਮਰਨ ਉਪਰੰਤ ਜੋ ਅਨੰਦ ਮਿਲਦਾ ਹੈ, ਇਸ ਬਾਰੇ ਵੀ ਜਾਣਕਾਰੀ ਕਿਵੇਂ ਹੋ ਸਕਦੀ ਹੈ। ਇਸ ਦਾ ਜਵਾਬ ਬੜਾ ਸੌਖਾ ਦਿੱਤਾ ਗਿਆ ਹੈ, ਕਿ ਜੇਕਰ ਪ੍ਰਭੂ ਚੇਤੇ ਰਹੇ ਤਾਂ ਮਨੁੱਖ ਮਾਇਆ ਵੱਲੋ ਸੌਖਾ ਹੀ ਨਿਜਾਤ ਪਾ ਲੈਂਦਾ ਹੈ ਅਤੇ ਪ੍ਰਭੂ ਨੂੰ ਗੁਰਬਾਣੀ ਦੇ ਗਿਆਨ ਰਾਹੀਂ ਚੇਤੇ ਰੱਖਿਆ ਜਾ ਸਕਦਾ ਹੈ। ਇਸ ਲਈ ਗੁਰਬਾਣੀ ਫੁਰਮਾਨ ਹੈ ਕਿ ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ॥ (604)

ਸੱਚ ਨੂੰ ਜਿਊਂਦਾ ਰੱਖਣ ਲਈ ਸ਼ਹੀਦੀ ਪਾਉਣੀ ਬਹੁਤ ਵੱਡੀ ਕੁਰਬਾਨੀ ਹੈ, ਪਰ ਜੇਕਰ ਮਨੁੱਖ ਜੀਵਨ ਵਿੱਚ ਸੱਚ ਦਾ ਪ੍ਰਚਾਰ ਕਰੇ ਅਤੇ ਆਪਣੇ ਨਿੱਜੀ ਸੁਆਰਥ ਤੋਂ ਉਚਾ ਉਠ ਕੇ ਲੋਕਾਈ ਨੂੰ ਸੱਚ ਨਾਲ ਜੋੜਨ ਲਈ ਤੱਤਪਰ ਰਹਿੰਦਾ ਹੈ ਤਾਂ ਇਹ ਵੀ ਜਿਉਂਦੇ ਜੀਅ ਕੁਰਬਾਨੀ ਕਰਨੀ ਹੈ। ਅਜੋਕੇ ਸਮੇਂ ਵਿੱਚ ਗੁਰੂ ਕੇ ਅਖਵਾਉਣ ਵਾਲਿਆਂ ਨੂੰ ਇਹ ਗੱਲ ਨੋਟ ਕਰ ਲੈਣੀ ਚਾਹੀਦੀ ਹੈ, ਕਿ ਤਨ ਦੀ ਕੁਰਬਾਨੀ ਬਹੁਤ ਤਦਾਦ ਵਿੱਚ ਕਰ ਚੁੱਕੇ ਹਾਂ, ਪਰ ਪ੍ਰਾਪਤੀ ਕੁਝ ਵੀ ਨਹੀਂ ਹੋਈ। ਕਿਉਂ ਨਾ ਜਿਊਂਦੇ ਰਹਿ ਕੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਲੋਕਾਈ ਤੱਕ ਪਹੁੰਚਾਉਣ ਦਾ ਯਤਨ ਕਰੀਏ। ਸਿੱਖੀ ਦਾ ਪ੍ਰਚਾਰ ਇਸ ਲਈ ਨਹੀਂ ਹੋ ਸਕਿਆ ਕਿ ਜਗਤ ਨੂੰ ਗੁਰਬਾਣੀ ਬਾਰੇ ਸਹੀ ਜਾਣਕਾਰੀ ਦੇਣ ਵਿੱਚ ਅਸੀਂ ਨਾਕਾਮਯਾਬ ਰਹੇ ਹਾਂ। ਹੋਹੁ ਸਭਨਾ ਕੀ ਰੇਣੁਕਾ ਦਾ ਭਾਵ ਉਚ-ਨੀਚ ਜਾਤ-ਪਾਤ ਅਮੀਰ-ਗਰੀਬ ਆਦਿ ਦੇ ਵਖਰੇਵਿਆਂ ਤੋਂ ਲਾਂਭੇ ਹੋ ਕੇ, ਸਭ ਦਾ ਸਤਿਕਾਰ ਕਰਨਾ ਹੈ, ਤਾਂ ਹੀ ਪ੍ਰਭੂ ਦੇ ਨੇੜੇ ਜਾਇਆ ਜਾ ਸਕਦਾ ਹੈ।

ਧੰਨਵਾਦ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top