Share on Facebook

Main News Page

ਬਚਿੱਤਰ ਨਾਟਕ 'ਚ ਗੁਰੂ ਸਾਹਿਬਾਨ ਨੂੰ ਲਵ-ਕੁਸ਼ ਨਾਲ ਜੋੜ੍ਹਨ ਵਾਲੀ ਕਹਾਣੀ, ਬੁੰਦੇਲਖੰਡ ਦੇ ਇਤਿਹਾਸ ਵਿੱਚੋਂ ਚੋਰੀ ਕੀਤੀ ਗਈ
-: ਗੁਰਦੀਪ ਸਿੰਘ ਬਾਗ਼ੀ
gurdeepsinghjohal@yahoo.co.in

ਬਚਿੱਤਰ ਨਾਟਕ ਦੇ ਸੰਪਾਦਕ ਦਾ ਮੁੱਖ ਮਕਸਦ ਸਿੱਖ ਸਿਧਾਂਤ ਅਤੇ ਤਵਾਰਿਖ ਨੂੰ ਵਿਗਾੜਨਾ ਹੈ, ਅਤੇ ਇਸ ਦੇ ਹਿਮਾਇਤੀ ਇਸ ਮਕਸਦ ਨੂੰ ਪੁਰਾ ਕਰਨ ਵਾਸਤੇ ਪੁਰਜ਼ੋਰ ਕੋਸ਼ਿਸ਼ ਕਰਦੇ ਪਏ ਹਨ। ਇਸ ਵਿੱਚ ਗੁਰੂ ਗੋਬਿਂਦ ਸਿੰਘ ਸਾਹਿਬ ਦੀਆਂ ਕੁਛ ਜੰਗਾ ਦਾ ਜਿਕਰ ਹੈ, ਇਹ ਬਚਿੱਤਰ ਨਾਟਕ ਦੇ ਲਿਖਾਰੀ ਨੇ ਸੈਨਾਪਤੀ ਕ੍ਰਿਤ "ਸ੍ਰੀ ਗੁਰਸੋਭਾ" ਵਿੱਚੋਂ ਨਕਲ ਮਾਰ ਕੇ ਲਿੱਖੇ ਹਨ। ਉਸ ਕੋਲ ਸਹੀ ਜਾਨਕਾਰੀ ਨਾ ਹੋਣ ਕਰ ਕੇ ਉਹ ਕਪਾਲ ਮੋਚਨ ਨੂੰ ਵੀ ਯਮੁਨਾ ਨਦੀ ਦੇ ਕੰਢੇ ਉਤੇ ਦਾ ਤੀਰਥ ਲਿਖ ਜਾਂਦਾ ਹੈ। ਬਚਿੱਤਰ ਨਾਟਕ ਦੇ ਲਿਖਾਰੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਪਨ ਦਾ ਜੋ ਵੇਰਵਾ ਦਿੱਤਾ ਹੈ ਉਹ ਤੇ ਇਸ ਤੱਥ ਤੇ ਮੁਹਰ ਲਗਾਉਂਦਾ ਹੈ ਕਿ ਲਿਖਾਰੀ ਕੋਲ ਗੁਰੂ ਸਾਹਿਬ ਦੇ ਬਚਪਨ ਦਾ ਵੇਰਵਾ ਦੇਂਦਾ ਕੋਈ ਵੀ ਸੋਮਾ ਮੌਜੁਦ ਨਹੀਂ ਸੀ।

ਰਤਨ ਸਿੰਘ ਜੱਗੀ ਆਪਣੀ ਕਿਤਾਬ "ਦਸਮ ਗ੍ਰੰਥ ਕਰਤ੍ਰਿਤਵ" ਵਿੱਚ ਸਫ਼ਾ 142 ਉਤੇ ਗਿਆਨੀ ਹਰਨਾਮ ਸਿੰਘ 'ਬੱਲਭ' ਦੇ ਇਕ ਲੇਖ ਦਾ ਜਿਕਰ ਕਰਦੇ ਹਨ, ਜਿਸ ਵਿੱਚ ਗਿਆਨੀ ਜੀ 'ਅਪਣੀ ਕਥਾ' ਦੇ 'ਭੰਗਾਣੀ ਜੁੱਧ' ਪ੍ਰਸੰਗ ਦੀ ਲੜਾਈ ਦੀ ਤੁਲਨਾ 'ਰਾਸੋ' ਵਿੱਚ ਵਰਣਿਤ ਪ੍ਰਿਥਵੀ ਰਾਜ ਅਤੇ ਮੁਹੰਮਦ ਗੋਰੀ ਦੀ ਇਕ ਯੁੱਧ-ਘਟਨਾ ਨਾਲ ਕਰਦੇ ਹੋਇਆਂ ਲਿਖੀਆ ਕਿ ਦੋਹਾਂ ਵਿੱਚ ਬੋਲੀ ਰਾਜਸਥਾਨੀ, ਛੰਦ 'ਭੁਜੰਗ ਪ੍ਰਯਾਤ', ਯੁੱਧ ਦੀ ਅਵਸਥਾ ਭਿਆਨਕ, ਮਰੇ ਹੋਇਆਂ ਦੀ ਗਿਣਤੀ ਸਮਾਨ ਅਤੇ ਛੰਦ-ਸੰਖਿਆ ਬਰਾਬਰ ਹੈ। ਗਿਆਨੀ ਹਰਨਾਮ ਸਿੰਘ 'ਬੱਲਭ' ਦੀ ਅਗਲੀਆਂ ਪੰਕਤਿਆਂ ਵਹੁਤ ਹੀ ਕੀਮਤੀ ਹਨ, ਰਤਨ ਸਿੰਘ ਜੱਗੀ "ਗਿਆਨੀ ਜੀ" ਦੇ ਬਿਆਨ ਨੂੰ ਅਗੇ ਤੋਰਦੇ ਹਨ "ਇੰਜ ਲਗਦਾ ਹੈ ਕਿ 'ਅਪਣੀ ਕਥਾ' ਦੇ ਲੇਖਕ ਦੇ ਸਾਮ੍ਹਣੇ 'ਪ੍ਰਿਥਵੀ ਰਾਜ ਰਾਸੋ' ਜ਼ਰੂਰ ਰਹਿਆ ਹੋਵੇਗਾ, ਜਿਸ ਦਾ ਅਨੁਕਰਣ 'ਭੰਗਾਣੀ ਜੁੱਧ' ਦੇ ਪ੍ਰਸੰਗ ਵਿੱਚ ਹੋਇਆ ਹੈ"। ਇਸ ਤੱਥ ਦੀ ਵਹੁਤ ਮਹੱਤਤਾ ਹੈ ਪਰ ਅਫਸੋਸ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ।

ਜੇ ਧਿਆਨ ਨਾਲ ਵੇਖਿਆ ਜਾਵੇ ਤਾਂ ਬਚਿੱਤਰ ਨਾਟਕ ਵਿੱਚ ਪ੍ਰਥੀ ਰਾਜ ਰਾਸੋ ਵਾਂਗ ਰਾਜੇ ਪਰੀਛਤ ਦੀ ਕਹਾਨੀ, ਰਾਸੋ ਵਿੱਚ ਦੱਸ ਅਵਤਾਰਾਂ ਦੀ ਕਥਾ ਬਚਿੱਤਰ ਨਾਟਕ ਵਿੱਚ ਇਨ੍ਹਾਂ ਨੂੰ ਚੌਬੀਸ ਕਰ ਦਿੱਤਾ। ਉਹੀ ਪੁਰਬ ਜਨਮ ਦੀ ਕਥਾ ਪ੍ਰਿਥਵੀ ਰਾਜ ਰਾਸੋ ਵਿੱਚ ਅਤੇ ਬਚਿੱਤਰ ਨਾਟਕ ਵਿੱਚ ਵੀ। ਪ੍ਰਿਥਵੀ ਰਾਜ ਰਾਸੋ ਪੜ੍ਹਦੇ ਜੇ ਕਦੇ 'ਜਾਪ' ਦੀ ਯਾ ਬਚਿੱਤਰ ਨਾਟਕ ਦੀ ਕੋਈ ਹੋਰ ਰਚਣਾ ਦਿਮਾਗ ਵਿੱਚ ਆ ਜਾਵੇ ਤਾਂ ਹੈਰਾਨ ਹੋਣ ਦੀ ਕੋਈ ਗਲ ਨਹੀਂ, ਬਚਿੱਤਰ ਨਾਟਕ ਵਿੱਚ ਬਹੁਤ ਸਾਰੇ ਛੰਦ ਪ੍ਰਥਵੀ ਰਾਜ ਰਾਸੋ ਤੂੰ ਨਕਲ ਮਾਰ ਕੇ ਲਿਖੇ ਗਏ ਹਨ।

ਰਤਨ ਸਿੰਘ ਜੱਗੀ ਲਿਖਦੇ ਹਨ ਕਿ ਪੁਰਬ ਜਨਮ ਦੀ ਕਥਾ ਕੁਛ ਅਪਭ੍ਰੰਸ਼ ਗ੍ਰੰਥਾਂ ਵਿੱਚ ਉਪਲਬਧ ਹੈ। ਸਾਡਾ ਮੁੱਖ ਮਨੋਰਥ ਉਸ ਰਚਨਾ ਅਤੇ ਇਤਿਹਾਸ ਦਾ ਜਿਕਰ ਕਰਨਾ ਹੈ ਜਿਸ ਵਿੱਚੋਂ ਇਹ ਰਾਮਚੰਦਰ ਦੇ ਵੰਸ਼ ਨਾਲ ਗੁਰੂ ਸਾਹਿਬਾਨ ਨੂੰ ਜੋੜ੍ਹਨ ਵਾਲੀ ਕਹਾਣੀ ਚੋਰੀ ਕੀਤੀ ਗਈ ਹੈ। ਬਚਿੱਤਰ ਨਾਟਕ ਵਿੱਚ ਬੇਦੀ "ਕੁਸ਼" ਦੇ ਵੰਸ਼ ਵਿੱਚੋ ਕਹਿ ਗਏ ਹਨ ਅਤੇ ਸੋਢੀਆਂ ਨੂੰ "ਲਵ" ਦੇ ਵੰਸ਼ ਨਾਲ ਜੋੜਿਆ ਗਿਆ ਹੈ। ਗੁਰੂ ਅੰਗਦ ਸਾਹਿਬ "ਤ੍ਰਿਹਾਨ" ਅਤੇ ਗੁਰੂ ਅਮਰਦਾਸ ਸਾਹਿਬ "ਭੱਲੇ" ਸਨ, ਸ਼ਾਯਦ ਇਸ ਲਿਖਾਰੀ ਨੂੰ ਪਤਾ ਨਹੀਂ ਸੀ, ਯਾ ਇਸ ਦਾ ਮਕਸਦ ਗੁਰੂ ਸਾਹਿਬਾਨ ਨੂੰ ਸਿਰਫ ਰਾਮ ਚੰਦਰ ਨਾਲ ਜੋੜ੍ਹਨ ਦਾ ਸੀ, ਬਾਦ ਵਿੱਚ ਕੇਸਰ ਸਿੰਘ ਛਿਬੜ ਲਛਮਨ ਅਤੇ ਭਰਤ ਨੂੰ ਲੇ ਆਇਆ ਅਤੇ "ਤ੍ਰਿਹਾਨ" ਜਾਤਿ ਨੂੰ ਲਛਮਨ ਦਾ ਅੰਸ਼ ਬਨਾ ਦਿੱਤਾ ਅਤੇ "ਭੱਲੇ" ਜਾਤਿ ਨੂੰ ਭਰਤ ਨਾਲ ਜੋੜ੍ਹ ਦਿੱਤਾ। ਆਉ ਹੁਣ ਉਨ੍ਹਾਂ ਦੰਤ ਕਥਾਵਾਂ ਨੂੰ ਵੇਖਿਆ ਜਾਵੇ ਜਿਨ੍ਹਾਂ ਵਿੱਚੋਂ ਇਹ ਵਿਚਾਰ ਚੋਰੀ ਕੀਤਾ ਗਿਆ ਹੈ।

ਇਹ "ਲਵ-ਕੁਸ਼" ਨਾਲ ਗੁਰੂ ਸਾਹਿਬਾਨ ਦੇ ਵੰਸ਼ ਨੂੰ ਜੋੜ੍ਹਨ ਵਾਲਾ ਵਿਚਾਰ ਬੂੰਦੇਲਖੰਡ ਦੇ ਇਤਿਹਾਸ ਵਿੱਚੋਂ ਚੋਰੀ ਕਿਤਾ ਗਿਆ ਹੈ। ਇਸ ਦਾ ਜਿਕਰ ਗੋਰੇ ਲਾਲ ਜੋ "ਲਾਲ ਕਵਿ" ਦੇ ਨਾਮ ਤੂੰ ਜਾਣਿਆ ਜਾਂਦਾ ਹੈ, ਉਸ ਨੇ ਅਪਣੀ ਇਕ ਰਚਨਾ ਛਤ੍ਰਪ੍ਰਕਾਸ਼ ਵਿੱਚ ਕੀਤਾ ਹੈ। ਇਸ ਕਵੀ ਦਾ ਜੀਵਨ-ਕਾਲ 1658 ਇ. ਤੂੰ 1710 ਇ. ਦਾ ਹੈ, ਇਸ ਨੇ ਛਤ੍ਰਪ੍ਰਕਾਸ਼ ਵਿੱਚ ਬੁੰਦੇਲਖੰਡ ਦੇ ਰਾਜਾ ਛਤ੍ਰਸਾਲ ਦੇ ਜੀਵਨ ਦਾ ਵਰਣਨ ਕੀਤਾ ਹੈ, ਇਸ ਰਚਨਾ ਵਿੱਚ ਰਾਜਾ ਛਤ੍ਰਸਾਲ ਦੀ 1710 ਇ. ਵਿੱਚ ਹੋਈ ਜੰਗ ਤਕ ਦਾ ਜਿਕਰ ਹੈ, ਇਸ ਦੇ ਬਾਦ ਦੀ ਕੋਈ ਰਚਨਾ ਨਹੀਂ ਹੈ, ਜਿਸ ਤੋਂ ਇਹ ਅੰਦਾਜਾ ਲਗਦਾ ਹੈ ਕਿ "ਲਾਲ ਕਵਿ" ਦਾ ਜੀਵਣ-ਕਾਲ 1710 ਇ. ਤਕ ਸੀ। ਆਪਣੀ ਰਚਨਾ ਛਤ੍ਰਪ੍ਰਕਾਸ਼ ਵਿੱਚ ਗੋਰੇ ਲਾਲ ਕਵਿ ਨੇ ਪਹਿਲੇ ਅਧਿਆਇ ਵਿੱਚ ਹੀ ਇਸ ਗੱਲ ਦਾ ਜਿਕਰ ਕੀਤਾ ਹੈ, ਕਿ ਬੁੰਦੇਲਖੰਡ ਦੇ ਰਾਜਿਆਂ ਦਾ ਸੰਬਂਧ ਰਾਮ ਚੰਦਰ ਦੇ ਪੁਤਰ ਕੁਸ਼ ਨਾਲ ਹੈ ਅਤੇ ਇਨ੍ਹਾਂ ਦੇ ਭੱਟਾਂ ਦੇ ਮੁਤਾਬਿਕ ਇਨ੍ਹਾਂ ਦਾ ਸੰਬਧ 'ਲਵ' ਨਾਲ ਵੀ ਹੈ।

ਬੁੰਦੇਲਖੰਡ ਦੇ ਰਾਜਿਆਂ ਦੀ ਭਟ ਵਹਿਆਂ ਮੁਤਾਬਿਕ ਰਾਮ ਚੰਦਰ ਦੇ ਪੁਤਰ ਲਵ ਦੇ ਵੰਸ਼ ਵਿੱਚ ਗਗਨਸੇਨ ਅਤੇ ਕਨਕਸੇਨ ਰਾਜਾ ਹੋਏ। ਕਨਕਸੇਨ ਨੇ ਸੰਵਤ 201 ਵਿੱਚ ਗੁਜਰਾਤ ਵਿੱਚ ਬਲੱਮੀਪੁਰਾ ਨਾਮ ਦੀ ਜਗ੍ਹ ਵਸਾਈ ਅਤੇ ਉਥੇ ਹੀ ਰਹਿਨ ਲਗ ਪਿਆ ਪਰ ਗਗਨਸੇਨ ਸੰਵਤ 239 ਵਿੱਚ ਪੁਰਬ ਵਲ ਚਲਾ ਗਿਆ। ਇਨ੍ਹਾਂ ਰਾਜਿਆਂ ਦੇ ਭਟਾਂ ਤੂੰ ਇਹ ਪਤਾ ਚਲਦਾ ਹੈ ਕਿ ਕ੍ਰਤ੍ਰੱਰਾਜ ਤੂੰ ਛਟੀ ਪਿੜ੍ਹੀ ਪਹਿਲਾਂ ਇਕ ਰਾਜਾ ਕਾਸ਼ੀ ਰਹਿਨ ਲਗ ਪਿਆ ਜਿਸ ਦਾ ਨਾਮ ਅਨਿਰੂਧ ਸੀ, ਇਥੇ ਇਹ ਤੇ ਇਸ ਦੇ ਵੰਸ਼ਜ ਸ਼ਨੀ ਰਾਜਪੁਤ ਰਾਜਿਆਂ ਦੇ ਅਧੀਨ ਰਾਜ ਕਰਨ ਲਗ ਪਏ। ਕ੍ਰਤ੍ਰੱਰਾਜ ਸੰਵਤ 731 ਵਿੱਚ ਕਾਸ਼ੀ ਗਿਆ ਸੀ। ਬੁੰਦੇਲਖੰਡ ਦੇ ਗਹਰਵਾਰ ਰਾਜਿਆਂ ਨੂੰ ਕਾਸ਼ੀ ਦੇ ਰਾਜੇ ਕ੍ਰਤ੍ਰੱਰਾਜ ਦੇ ਘਰਾਨੇ ਦੇ ਨਾਲ ਜੋੜ੍ਹੀਆ ਜਾਂਦਾ ਹੈ। ਕ੍ਰੱਤ੍ਰਰਾਜ ਦਾ ਗਹਰਵਾਰ ਹੋਣਾ ਇਸ ਘਟਨਾ ਦੇ ਆਧਾਰਿਤ ਹੈ ਕਿ ਕਾਸ਼ੀ ਦੇ ਉਪਰ ਬੁਰੇ ਗ੍ਰਹਾਂ ਦੀ ਸ਼ਾਂਤੀ ਵਾਸਤੇ ਇਸ ਨੇ ਪੰਡਿਤਾਂ ਦੀ ਸਲਾਹ ਨਾਲ ਇਨ੍ਹਾਂ ਬੁਰੇ ਗ੍ਰਹਾਂ ਤੂੰ ਛੁਟਕਾਰਾ ਪਾਇਆ ਜਿਸ ਕਰ ਕੇ ਇਨ੍ਹਾਂ ਦਾ ਨਾਮ ਗ੍ਰਹਨਿਵਾਰ ਪਿਆ ਅਤੇ ਬਾਦ ਵਿੱਚ ਵਕਤ ਦੇ ਨਾਲ ਵਿਗੜ ਕੇ ਗਹਰਵਾਰ ਬਣ ਗਿਆ। ਬੂੰਦੇਲਖੰਡ ਦੇ ਗਹਰਵਾਰਾਂ ਦਾ ਕ੍ਰੱਤ੍ਰਰਾਜ ਨਾਲ ਮਿਲਾਣ ਪ੍ਰਮਾਨਿਕ ਮੰਨਿਆ ਜਾਂਦਾ ਹੈ। ਕ੍ਰੱਤ੍ਰਰਾਜ ਸੰਵਤ 731 ਤੂੰ ਸੰਵਤ 1105 ਤਕ ਵੀਹ ਰਾਜਿਆਂ ਦਾ ਜਿਕਰ ਭਟਾਂ ਦੇ ਰਾਹੀਂ ਮਿਲਦਾ ਹੈ ਉਹ ਇਸ ਤਰਹ ਹੈ ਕ੍ਰੱਤ੍ਰਰਾਜ, ਮਹਿਰਾਜ, ਮੁਧ੍ਰਰਾਜ, ਉਦਯਰਾਹ, ਗਰੂਡਸੇਨ, ਸਮਰਸੇਨ, ਆਨੰਦ ਸੇਨ, ਕਰਨ ਸੇਨ, ਕੁਮਾਰ ਸੇਨ, ਮੋਹਨ ਸੇਨ, ਰਾਜ ਸੇਨ, ਕਾਸ਼ੀਰਾਜ, ਸ਼ਿਆਮ ਦੇਵ, ਪ੍ਰਹਲਾਦ ਦੇਵ, ਹਮੀਰ ਦੇਵ, ਆਸਕਰਨ, ਅਭਯਕਰਨ, ਜੈਤਕਰਨ, ਸੋਹਨਪਾਲ ਅਤੇ ਕਰਨਪਾਲ। ਡਾ. ਹਰਜਿੰਦਰ ਸਿੰਘ ਦਿਲਗੀਰ ਕੋਲ ਗੁਰੂ ਨਾਨਕ ਸਾਹਿਬ ਦੇ ਕੁਰਸੀਨਾਮੇ ਹਨ, ਜਿਨ੍ਹਾਂ ਦੋਨਾਂ ਨੂੰ ਡਾ. ਸਾਹਿਬ ਨੇ Facebook ਰਾਹੀਂ ਸਾਂਝਾ ਕੀਤਾ ਹੈ, ਇਕ ਵਿੱਚ ਰਾਮਚੰਦਰ ਤੂੰ ਨੌਵੀਂ ਪਿੜ੍ਹੀ ਅਤੇ ਦੂਜੀ ਵਿੱਚ ਗਿਆਰਵੀਂ ਪਿੜ੍ਹੀ ਤੇ ਗੁਰੂ ਨਾਨਕ ਸਾਹਿਬ ਦਾ ਨਾਮ ਲਿਖਿਆ ਹੈ। ਇਥੇ ਸਿਰਫ ਸੰਵਤ 731 ਤੂੰ ਸੰਵਤ 1105 ਤਕ ਯਾਨੀ ਸਿਰਫ 400 ਸਾਲ ਤਕ ਵੀਹ ਲੋਕਾਂ ਦੇ ਨਾਮ ਆ ਗਏ। ਨਾ ਇਹ ਵੰਸ਼ਾਵਲੀ ਨਾਮਾ ਕ੍ਰਤ੍ਰੱਰਾਜ ਤੂੰ ਪਹਿਲਾਂ ਦਾ ਹੈ ਅਤੇ ਨਾ ਇਹ ਸੰਵਤ 1526 ਤਕ ਦਾ ਹੈ।

ਕੁਸ਼ ਨਾਲ ਇਨ੍ਹਾਂ ਦੇ ਸੰਬਂਧ ਦਾ ਜਿਕਰ ਛਤ੍ਰਪ੍ਰਕਾਸ਼ ਅਤੇ ਔਡਸ਼ਾ ਸਟੇਟ ਗੇਜਟਿਅਰ ਵਿੱਚ ਮਿਲਦਾ ਹੈ। ਇਸ ਵਿੱਚ ਰਾਮ ਚੰਦਰ ਦੇ ਪੁਤਰ ਕੁਸ਼ ਦੇ ਸੱਤ ਪੁਤਰਾ ਦਾ ਜਿਕਰ ਹੈ ਜਿਨ੍ਹਾਂ ਵਿੱਚੋਂ ਕੁਸ਼ ਦੇ ਇਕ ਪੁਤਰ ਵਿਹੰਗਰਾਜ ਦਾ ਪੁਤਰ ਕਾਸ਼ੀ ਰਾਜ ਕਾਸ਼ੀ ਜਾ ਕੇ ਰਹਿਨ ਲਗਾ। ਇਨ੍ਹਾਂ ਦੀ ਵੰਸ਼ਾਵਲੀ ਇਸ ਤਰਹ ਦਿੱਤੀ ਗਈ ਹੈ ਗਹਿਰਦੇਵ, ਵਿਮਲਚੰਦ, ਨਾਨਕਚੰਦ, ਗੋਪਚੰਦ, ਗੋਵਿੰਦ ਚੰਦਰ, ਟਿਹਨਪਾਲ, ਵਿੰਧ੍ਹਰਾਜ, ਸ਼ੌਨਕ ਦੇਵ, ਧੀਝਲ ਦੇਵ ਅਤੇ ਅਰਜੂਨ ਦੇਵ। ਅਰਜੁਨ ਦੇਵ ਦੇ ਪੁਤਰ ਦਾ ਨਾਮ ਵੀਰ ਭਦਰ ਸੀ ਅਤੇ ਇਸ ਦੇ ਪੁਤਰ ਦਾ ਨਾਮ ਪੰਚਮ ਯਾ ਹੇਮਕਰਨ ਲਿਖੀਆ ਮਿਲਦਾ ਹੈ। ਹੇਮਕਰਨ ਨਾਲ ਇਕ ਕਹਾਨੀ ਵੀ ਜੁੜ੍ਹੀ ਹੈ ਕਿ ਇਸ ਨੇ ਭਗਵਤੀ ਦੇਵੀ ਦੀ ਉਪਾਸਨਾ ਕੀਤੀ ਸੀ ਅਤੇ ਇਸ ਪੂਜਾ ਤੂੰ ਖੂਸ਼ ਹੋ ਕੇ ਦੇਵੀ ਨੇ "ਵਿਜੇ ਹੋ" ਦਾ ਵਰਦਾਨ ਦਿੱਤਾ ਸੀ ਜਿਸ ਦਾ ਜਿਕਰ 'ਲਾਲ ਕਵਿ' ਨੇ ਛਤ੍ਰਪ੍ਰਕਾਸ਼ ਵਿੱਚ ਕੀਤਾ ਹੈ ਅਤੇ ਇਸ ਤੂੰ "ਬੂੰਦੇਲਾ" ਨਾਮ ਮਸ਼ਹੂਰ ਹੋਇਆ ਮਨਿਆ ਜਾਂਦਾ ਹੈ। ਇਸ ਹੇਮਕਰਨ ਨੇ ਗਹਰਵਾਰਪੁਰਾ (ਗੌਰ) ਨਾਮ ਦਾ ਪਿੰਡ ਵੀ ਵਸਾਇਆ ਸੀ। ਇਸ ਵੰਸ਼ਾਵਲੀ ਵਿੱਚ ਅਗੇ ਜਾ ਕੇ ਇਕ ਰਾਜਾ ਰੂਦ੍ਰ ਪ੍ਰਤਾਪ ਹੋਇਆ ਹੈ ਜਿਸ ਨੇ ਸੰਵਤ 1588 ਵਿੱਚ ਔਡਛਾਂ ਵਸਾਇਆ ਸੀ ਅਤੇ ਇਸੀ ਵੰਸ਼ ਵਿੱਚੋਂ ਰਾਜਾ ਛਤ੍ਰਸਾਲ ਹੋਇਆ ਸੀ।

ਬਚਿੱਤਰ ਨਾਟਕ ਦਾ ਸੰਪਾਦਕ ਇਸ਼ ਤਰਹ ਦੀ ਵੰਸ਼ਾਵਲੀ ਦੇਣ ਤੋਂ ਕਤਰਾਅ ਜਾਂਦਾ ਹੈ, ਇਨ੍ਹੇ ਝੂਠੇ ਨਾਮ ਉਹ ਲਿਆਉਣਦਾ ਕਿਥੋਂ ਅਤੇ ਇਸ ਤਰਹ ਨਾਮ ਲਿਖ ਦੇਣ ਨਾਲ ਉਸ ਦੀ ਇਹ ਚੋਰੀ ਵਹੁਤ ਪਹਿਲਾਂ ਹੀ ਪਕੜੀ ਜਾਣੀ ਸੀ। ਇਨ੍ਹਾਂ ਤਥਾਂ ਦੇ ਖੁਲਾਸੇ ਨਾਲ ਸਾਨੂੰ ਇਸ ਗਲ ਦਾ ਤੇ ਪਤਾ ਚਲ ਗਿਆ ਕਿ ਇਹ ਰਾਮ ਚੰਦਰ ਦੇ ਪੁਤਰਾਂ ਲਵ-ਕੁਸ਼ ਨਾਲ ਗੁਰੂ ਸਾਹਿਬਾਨ ਨੂੰ ਜੋੜ੍ਹਨ ਦਾ ਵਿਚਾਰ ਕਿਥੋਂ ਚੋਰੀ ਕੀਤਾ ਗਿਆ ਅਤੇ ਇਹ ਵੀ ਸਾਬਿਤ ਹੋਂਦਾ ਹੈ ਕਿ ਇਸ ਬਚਿੱਤਰ ਨਾਟਕ ਦੇ ਲਿਖਾਰੀ ਕੋਲ ਛਤ੍ਰਪ੍ਰਕਾਸ਼ ਅਤੇ ਪ੍ਰਿਥਵੀ ਰਾਜ ਰਾਸੋ ਮੌਜੁਦ ਸੀ, ਜਿਸ ਦਾ ਅਸਰ ਬਚਿੱਤਰ ਨਾਟਕ ਉਤੇ ਵੇਖਿਆ ਜਾ ਸਕਦਾ ਹੈ।

ਕਿਤਾਬਾਂ ਦੀ ਸੂਚੀ
- ਬੁੰਦੇਲਖੰਡ ਦਾ ਸੰਕਸ਼ਿਪਤ ਇਤਿਹਾਸ - ਲੇਖਕ ਗੋਰੇਲਾਲ ਤਿਵਾਰੀ 1933 ਇ.
- ਛਤ੍ਰਪ੍ਰਕਾਸ਼ - ਸੰਪਾਦਿਤ ਕਪਤਾਨ ਵਿਲਿਅਮ ਪ੍ਰਾਇਸ 1829 ਇ.
- ਪ੍ਰਿਥਵੀਰਾਜ ਰਾਸੋ - ਸੰਪਾਦਿਤ ਮੋਹਨਲਾਲ ਵਿਸ਼ਨੂਲਾਲ ਪਾਂਡਿਆ ਅਤੇ ਰਾਧਾ ਕ੍ਰਿਸ਼ਨ ਦਾਸ 1905 ਇ.
- ਦਸਮ ਗ੍ਰੰਥ ਕਰਤ੍ਰਿਤਵ - ਲੇਖਕ ਰਤਨ ਸਿੰਘ ਜੱਗੀ 1966 ਇ.


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top