Share on Facebook

Main News Page

ਅਖੌਤੀ ਦਸਮ ਗ੍ਰੰਥ ਵਿੱਚ ਦਰਜ ਜਾਪੁ, ਬਚਿੱਤਰ ਨਾਟਕ ਅਤੇ ਗਿਆਨ ਪ੍ਬੋਧ, ਇਕੋ ਕਵੀ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਹਨ
-: ਇੰਦਰਜੀਤ ਸਿੰਘ, ਕਾਨਪੁਰ

ਕਿਸੇ ਵੀ ਲਿਖਾਰੀ ਦੀ ਭਾਸ਼ਾ, ਉਸ ਦੀ ਲੇਖਨ ਸ਼ੈਲੀ ਅਤੇ ਸ਼ਬਦਾਂ ਦੀ ਚੋਂਣ, ਉਸ ਕਵੀ ਦੀ ਪਛਾਣ ਹੁੰਦੀ ਹੈ। ਖਾਸ ਕਰਕੇ ਸ਼ਬਦਾਵਲੀ, ਛੰਦਾਂ ਅਤੇ ਸ਼ਬਦਾਂ ਦਾ ਪ੍ਰਵਾਹ ਸਾਫ ਸਾਫ ਦਸ ਦਿੰਦਾ ਹੈ, ਕਿ ਉਹ ਕਵਿਤਾ ਫਲਾਂ ਲਿਖਾਰੀ ਦੀ ਹੀ ਲਿੱਖੀ ਹੋਈ ਹੈ। ਅੱਜ ਅਸੀਂ ਇਥੇ ਉਨ੍ਹਾਂ ਤਿੰਨ ਰਚਨਾਵਾਂ ਦੀ ਚਰਚਾ ਕਰਾਂਗੇ, ਜੋ ਇਕੋ ਹੀ ਕਵੀ ਦੀਆਂ ਲਿਖੀਆਂ ਹੋਈਆਂ ਹਨ। ਆਉ, ਇੱਕ ਇੱਕ ਕਰਕੇ ਇਨ੍ਹਾਂ ਤਿੰਨੇ ਰਚਨਾਵਾਂ ਦਾ ਸੰਖੇਪ ਵਿੱਚ ਜਿਕਰ ਕਰਦੇ ਹਾਂ। ਤਿੰਨੇ ਰਚਨਾਵਾਂ ਦੀ ਸ਼ਬਦਾਵਲੀ, ਅਤੇ ਲਿੱਖਣ ਸ਼ੈਲੀ ਨੂੰ ਧਿਆਨ ਨਾਲ ਵੇਖੋ।

ਜਾਪੁ:

ਸਭ ਤੋਂ ਪਹਿਲਾਂ ਅਸੀਂ ਇਸ ਰਚਨਾਂ ਦੇ ਕੁਝ ਛੰਦਾ 'ਤੇ ਨਜ਼ਰ ਮਾਰ ਲੈਂਦੇ ਹਾਂ। ਜਾਪੁ ਰਚਨਾਂ ਦਸਮ ਗ੍ਰੰਥ ਦੇ ਪੰਨਾ ਨੰਬਰ ਇਕ ਤੋਂ ਸ਼ੁਰੂ ਹੋ ਕੇ ਪੰਨਾਂ ਨੰਬਰ ਦਸ 'ਤੇ ਸਮਾਪਤ ਹੁੰਦੀ ਹੈ। ਇਸ ਰਚਨਾਂ ਦੇ ਕੁਲ 199 ਬੰਦ ਜਾਂ ਪਦੇ ਹਨ। ਇਸ ਰਚਨਾਂ ਵਿੱਚ ਕਿਧਰੇ ਵੀ ਲਿਖਣ ਵਾਲੇ ਦਾ ਨਾਮ ਨਹੀਂ ਆਉਂਦਾ। ਹਾਂ, ਇਸ ਗ੍ਰੰਥ ਦੀਆਂ ਹੋਰ ਰਚਨਾਵਾਂ, ਚਰਿਤ੍ ਪਾਖਿਯਾਨ, ਚੌਬੀਸ ਅਵਤਾਰ, ਚੰਡੀ ਚਰਿਤ੍ ਆਦਿਕ ਵਾਂਗ ਇਸ ਰਚਨਾਂ ਤੇ ਭੀ "ਪਾਤਸ਼ਾਹੀ 10" ਜ਼ਰੂਰ ਲਿਖਿਆ ਮਿਲਦਾ ਹੈ।

ਭੁਜੰਗ ਪ੍ਰਯਾਤ ਛੰਦ ॥
ਨਮੋ ਸਰਬ ਮਾਨੇ ॥ ਸਮਸਤੀ ਨਿਧਾਨੇ ॥ਨਮੋ ਦੇਵ ਦੇਵੇ ॥ ਅਭੇਖੀ ਅਭੇਵੇ ॥੪੪॥
ਨਮੋ ਕਾਲ ਕਾਲੇ ॥ ਨਮੋ ਸਰਬ ਪਾਲੇ ॥ ਨਮੋ ਸਰਬ ਗਉਣੇ ॥ ਨਮੋ ਸਰਬ ਭਉਣੇ ॥੪੫॥
ਅਨੰਗੀ ਅਨਾਥੇ ॥ ਨ੍ਰਿਸੰਗੀ ਪ੍ਰਮਾਥੇ ॥ਨਮੋ ਭਾਨ ਭਾਨੇ ॥ ਨਮੋ ਮਾਨ ਮਾਨੇ ॥੪੬॥
ਨਮੋ ਚੰਦ੍ਰ ਚੰਦ੍ਰੇ ॥ ਨਮੋ ਭਾਨ ਭਾਨੇ ॥ ਨਮੋ ਗੀਤ ਗੀਤੇ ॥ ਨਮੋ ਤਾਨ ਤਾਨੇ ॥੪੭॥
ਅਖੌਤੀ ਦਸਮ ਗ੍ਰੰਥ ਪੰਨਾ 3

ਅਨੁਵਾਦ : ਭੁਜੰਗ ਪ੍ਰਯਾਤ ਛੰਦ॥
ਸਾਰਿਆਂ ਦਵਾਰਾ ਮੰਨੇ ਜਾਣ ਵਾਲੇ ਤੇਨੂੰ ਨਮਸ਼ਕਾਰ ਹੈ ॥ ਸਾਰੀਆਂ ਰਿਧੀਆਂ ਦੇ ਭੰਡਾਰ ॥ ਦੇਵਤਿਆਂ ਦੇ ਦੇਵਤੇ ਤੈਨੂੰ ਨਮਸਕਾਰ ਹੈ ॥ ਭੇਖਾਂ ਤੋਂ ਪਰੇ ਰਹਿਣ ਵਾਲੇ ॥44॥ ਕਾਲ ਦੇ ਕਾਲ ਤੈਨੂੰ ਨਮਸਕਾਰ ਹੈ ॥ ਸਾਰਿਆਂ ਨੂੰ ਪਾਲਣ ਵਾਲੇ ਤੈਨੂੰ ਨਮਸਕਾਰ ਹੈ ॥ ਹਰ ਥਾਂ 'ਤੇ ਜਾ ਸਕਣ ਵਾਲੇ ਤੈਨੂੰ ਨਮਸਕਾਰ ਹੈ ॥ ਹਰ ਥਾਂ 'ਤੇ ਰਹਿਣ ਵਾਲੇ ਤੈਨੂੰ ਨਮਸਕਾਰ ਹੈ ॥ 45॥ ਅੰਗ ਰਹਿਤ ਨਾਮ ਰਹਿਤ ਸੰਗ ਸਾਥ ਰਹਿਤ ਸਭ ਦਾ ਨਾਸ਼ ਕਰਣ ਵਾਲੇ ॥ ਸੂਰਜਾਂ ਦੇ ਸੂਰਜ ਤੈਨੂੰ ਨਮਸਕਾਰ ਹੈ ॥46॥

ਬਚਿਤੱਰ ਨਾਟਕ :

ਉਪਰ ਜਾਪੁ ਰਚਨਾਂ ਦੇ ਉਕਤ ਛੰਦ ਦੇ ਇਨ੍ਹਾਂ ਬੰਦਾਂ ਨੂੰ ਪੜ੍ਹਨ ਨਾਲ ਇਹ ਪਰਤੀਤ ਹੁੰਦਾ ਹੈ ਕਿ ਇਹ ਕਵੀ ਜਿੱਸ ਇਸਟ ਦੀ ਉਸਤਤਿ ਕਰ ਰਿਹਾ ਹੈ, ਉਹ ਨਿਰੰਕਾਰ ਅਕਾਲਪੁਰਖ ਲਈ ਹੈ, ਜਿਸਦਾ ਕੋਈ ਰੂਪ, ਰੰਗ ਅਤੇ ਭੇਖ ਨਹੀਂ ਹੈ। ਲੇਕਿਨ ਇਸ ਰਚਨਾਂ ਤੋਂ ਬਾਅਦ ਇੱਥੇ ਕਵੀ ਦੀ ਹੀ ਲਿੱਖੀ ਹੋਈ "ਬਚਿੱਤਰ ਨਾਟਕ" ਨਾਮ ਦੀ ਰਚਨਾਂ ਵਿੱਚ ਇਸ ਦੀ ਉਸਤਤਿ ਪੜ੍ਹ ਕੇ ਸਾਰਾ ਭੁਲੇਖਾ ਦੂਰ ਹੋ ਜਾਂਦਾ ਹੈ। ਜਾਂ ਇਹ ਕਹਿ ਲਵੋ ਕਿ ਸਗੋਂ ਇਕ ਹੋਰ ਵੱਡਾ ਭੁਲੇਖਾ ਪੈ ਜਾਂਦਾ ਹੈ ਕਿ, ਇਹ ਕਵੀ ਇਕ ਨਿਰੰਕਾਰ ਦਾ ਪੁਜਾਰੀ ਹੈ, ਜਾਂ ਕਿਸੇ ਭਿਆਨਕ ਸਰੂਪ ਵਾਲੇ "ਕਾਲ" ਦੇਵਤੇ ਦਾ ਉਪਾਸਕ ਹੈ। ਜਦੋਂ ਇਸ ਰਚਨਾਂ ਨੂੰ ਧਿਆਨ ਨਾਲ ਪੜ੍ਹਿਆ, ਤਾਂ ਦਸਮ ਗ੍ਰੰਥੀਆਂ ਦਾ ਇਹ "ਅਕਲਾਪੁਰਖ" ਦੇਹਧਾਰੀ ਨਿਕਲਿਆ, ਉਹ ਵੀ ਬਹੁਤ ਭਿਆਨਕ ਸਰੂਪ ਵਾਲਾ। ਇਨ੍ਹਾਂ ਰਚਨਾਵਾਂ ਦੇ ਲਿਖਾਰੀ ਦੀ ਹੀ ਜੁਬਾਨੀ ਸੁਣੋਂ।

ਰਸਾਵਲ ਛੰਦ ॥
ਨਮੋ ਚੱਕ੍ਰ ਪਾਣੰ ॥ ਅਭੂਤੰ ਭਯਾਣੰ ॥ ਨਮੋ ਉਗ੍ਰ ਦਾੜੰ ॥ ਮਹਾ ਗ੍ਰਿਸਟ ਗਾੜੰ ॥੮੯॥
ਨਮੋ ਭੀਰ ਤੋਪੰ ॥ ਜਿਨੈ ਸਤ੍ਰੁ ਘੋਪੰ ॥ ਜਿਤੇ ਸਸਤ੍ਰ ਨਾਮੰ ॥੯0॥
ਨਮਸਕਾਰ ਤਾਮੰ ॥ ਜਿਤੇ ਅਸਤ੍ਰ ਭੇਯੰ ॥ ਨਮਸਕਾਰ ਤੇਯੰ ॥੯੧॥
ਅਖੌਤੀ ਦਸਮ ਗ੍ਰੰਥ ਪੇਜ 45

ਅਨੁਵਾਦ: ਜਿਸ ਦੇ ਹੱਥ ਵਿੱਚ ਚਕ੍ਰ ਹੈ, ਉਸ ਨੂੰ ਨਮਸ਼ਕਾਰ ਹੈ ॥ ਜਿਸਦੀਆਂ ਬਹੁਤ ਤੇਜ ਦਾੜ੍ਹਾਂ ਹਨ, ਉਸ ਨੂੰ ਨਮਸ਼ਕਾਰ ਹੈ ॥ ਇਹ ਦਾੜ੍ਹਾਂ ਬਹੁਤ ਮੋਟੀਆਂ ਅਤੇ ਵਡੀਆਂ ਹਨ॥89॥ ਜਿਸਦੇ ਹੱਥ ਵਿੱਚ ਤੀਰ ਅਤੇ ਤੋਪ ਹੈ, ਉਸ ਨੂੰ ਨਮਸ਼ਕਾਰ ਕਰਦਾ ਹਾਂ ॥ ਜਿਸਦੇ ਨਾਲ ਉਹ ਦੁਸ਼ਮਣਾਂ ਦਾ ਨਾਸ਼ ਕਰਦਾ ਹੈ॥ ਤੈਨੂੰ ਮੇਰਾ ਨਮਸ਼ਕਾਰ ਹੈ ॥91॥

(ਧਿਆਨ ਦੇਣ ਯੋਗ ਹੈ ਕਿ ਜਦੋਂ ਇਹ ਦੁਨੀਆ ਬਣੀ ਸੀ, ਤਾਂ ਮਹਾਕਾਲ ਕੋਲ "ਤੋਪ" ਕਿਥੋਂ ਆ ਗਈ ਸੀ ? ਉਦੋਂ ਤਾਂ ਤੋਪ ਬਣੀ ਹੀ ਨਹੀਂ ਸੀ।)

ਮੇਰੇ ਵੀਰੋ ! ਸਾਡੇ ਸਤਕਾਰਿਤ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਉਸ ਕਰਤਾਰ ਬਾਰੇ ਕੀ ਇਹੋ ਕੁਝ ਦਸਿਆ ਹੈ? ਇਹ ਪੂਰੀ ਕਿਤਾਬ ਆਪਣੇ ਇਸਟ, ਕਾਲ, ਮਹਾਕਾਲ ਅਤੇ ਕਾਲਕਾ ਦੇ ਰੂਪ ਦਾ ਥਾਂ ਥਾਂ 'ਤੇ ਵਰਣਨ ਕਰ ਰਹੀ ਹੈ। ਫਿਰ ਵੀ ਅਸੀਂ ਉਸ "ਕਾਲ" ਨੂੰ "ਅਕਾਲਪੁਰਖ" ਕਹੀ ਜਾ ਰਹੇ ਹਾਂ। ਅੱਗੇ ਹੋਰ ਪੜ੍ਹੋ :

ਕਰੰ ਬਾਮ ਚਾਪਿਯੰ ਕ੍ਰਿਪਾਣੰ ਕਰਾਲੰ ॥ ਮਹਾ ਤੇਜ ਤੇਜੰ ਬਿਰਾਜੈ ਬਿਸਾਲੰ ॥
ਮਹਾਂ ਦਾੜ੍ਹ ਦਾਤ੍ਹੰ ਸੁ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜੱਗਯਾੰ ਹਜਾਰੰ ॥੧੮॥
ਡਮਾਡੱਮ ਡਉਰੂ ਸਿਤਾ ਸੇਤ ਛਤ੍ਰੰ ॥ ਹਾਹਾ ਹੂਹੂ ਹਾਸੰ ਝਮਾਝੱਮ ਅਤ੍ਰੰ ॥
ਮਹਾ ਘੋਰ ਸਬਦੰ ਬਜੇ ਸੰਖ ਐਸੇ ॥ ਪ੍ਰਲੈ ਕਾਲ ਕੇ ਕਾਲ ਕੀ ਜ੍ਵਾਲ ਜੈਸੇ ॥੧੯॥
ਅਖੌਤੀ ਦਸਮ ਗ੍ਰੰਥ , ਪੰਨਾ ਨੰ 40

ਅਨੁਵਾਦ : ਜਿਸਦੇ ਖੱਬੇ ਹੱਥ ਵਿਚ ਧਨੁਸ਼ ਅਤੇ ਸੱਜੇ ਹੱਥ ਵਿੱਚ ਭਿਆਨਕ ਕਿਰਪਾਣ ਹੈ ॥ ਤੇਜਾਂ ਦਾ ਵੀ ਵਿਸ਼ਾਲ ਤੇਜ ਵਿਰਾਜ ਮਾਨ ਹੈ ॥ ਉਹ ਵੱਡੀਆਂ ਦਾੜ੍ਹਾਂ ਵਾਲਾ ਹੈ ਅਤੇ ਵਿਸ਼ਾਲ ਰੂਪ ਵਾਲਾ ਹੈ ॥ ਜਿਨ੍ਹਾਂ ਦਾੜ੍ਹਾਂ ਨਾਲ ਉਸਨੇ ਜਗਤ ਦੇ ਹਜਾਰਾਂ ਜੀਵਾਂ ਨੂੰ ਚੱਬ ਚੱਬ ਕੇ ਖਾ ਲਿਆ ਹੈ ॥ ਉਸਦਾ ਡਮਰੂ ਡਮ ਡਮ ਕਰ ਕੇ ਵਜਦਾ ਹੈ ਅਤੇ ਉਸਦੇ ਉੱਤੇ ਕਾਲੇ ਅਤੇ ਚਿੱਟੇ ਰੰਗ ਦਾ ਛੱਤਰ ਹੈ ॥ ਹਾ ਹੂ ਹੂ ਕਰਕੇ ਉਹ ਦਹਾੜਾਂ ਮਾਰ ਮਾਰ ਕੇ ਹੱਸ ਰਿਹਾ ਹੈ ਅਤੇ ਉਸ ਦੇ ਸ਼ਸਤੱਰ ਚਮਕ ਰਹੇ ਹਨ॥ ਮਹਾ ਭਿਆਨਕ ਧੁੰਨ ਨਾਲ ਸ਼ੰਖ ਇਸ ਤਰ੍ਹਾਂ ਵਜਦੇ ਹਨ ਜਿਵੇ ਪਰਲੈ ਦੀ ਜਵਾਲਾ ਭੜਕ ਉੱਠੀ ਹੋਵੇ ॥ (ਯਾਦ ਰਹੇ ਕਿ ਡਮਰੂ ਸ਼ੰਕਰ ਦੇਵਤਾ ਹੀ ਵਜਾਂਉਦਾ ਹੈ)

ਗਿਆਨ ਪ੍ਰਬੋਧ :

ੴਸਤਿਗੁਰ ਪ੍ਰਸਾਦਿ। ਸ਼੍ਰੀ ਭਗਉਤੀ ਜੀ ਸਹਾਇ ॥ ਪਾਤਸ਼ਾਹੀ 10॥

ਭੁਜੰਗ ਪ੍ਰਯਾਤ ਛੰਦ॥ ਤਵਪ੍ਰਸਾਦਿ॥
ਨਮੋ ਨਾਥ ਪੂਰੇ ਸਦਾ ਸਿੱਧ ਕਰਮੰ ॥ ਅਛੇਦੀ ਅਭੇਦੀ ਸਦਾ ਏਕ ਧਰਮੰ ॥

ਕਲੰਕੰ ਬਿਨਾ ਨਿਹਕਲੰਕੀ ਸਰੂਪੇ ॥ਅਛੇਦੰ ਅਭੇਦੰ ਅਖੇਦੰ ਅਨੂਪੇ ॥੧॥
ਨਮੋ ਲੋਕ ਲੋਕੇਸ਼੍ਵਰੰ ਲੋਕ ਨਾਥੇ ॥ ਸਦੈਵੰ ਸਦਾ ਸਰਬ ਸਾਥੰ ਅਨਾਥੇ ॥

ਨਮੋ ਏਕ ਰੂਪੰ ਅਨੇਕੰ ਸਰੂਪੇ ॥ ਸਦਾ ਸਰਬ ਸਾਹੰ ਸਦਾ ਸਰਬ ਭੂਪੇ ॥੨॥
ਅਛੇਦੰ ਅਭੇਦੰ ਅਨਾਮੰ ਅਠਾਮੰ ॥ ਸਦਾ ਸਰਬ ਦਾ ਸਿੱਧ ਦਾ ਬੁੱਧਿ ਧਾਮੰ ॥

ਅਜੰਤ੍ਰੰ ਅਮੰਤ੍ਰੰ ਅਕੰਤ੍ਰੰ ਅਭਰਮੰ ॥ ਅਖੇਦੰ ਅਭੇਦੰ ਅਛੇਦੰ ਅਕਰਮੰ ॥੩॥
ਅਗਾਧੇ ਅਬਾਧੇ ਅਗੰਤੰ ਅਨੰਤੰ ॥ ਅਲੇਖੰ ਅਭੇਖੰ ਅਭੂਤੰ ਅਗੰਤੰ ॥

ਨ ਰੰਗੰ ਨ ਰੂਪੰ ਨ ਜਾਤੰ ਨ ਪਾਤੰ ॥ਨ ਸਤ੍ਰੋ ਨ ਮਿਤ੍ਰੋ ਨ ਪੁਤ੍ਰੋ ਨ ਮਾਤੰ ॥੪॥
ਅਖੌਤੀ ਦਸਮ ਗ੍ਰੰਥ ਪੰਨਾ ਨੰ 127

ਜ਼ਰਾ ਖਲੋ ਜਾਉ ਵੀਰੋ ! ਇਸ ਕਵੀ ਦੀ ਇਹ ਉਸਤਤਿ ਅਤੇ ਸ਼ਬਦਾਵਲੀ ਪੜ੍ਹਕੇ ਟਪਲਾ ਨਾਂ ਖਾ ਜਾਇਉ ! ਇਹ ਕੋਈ ਅਕਾਲਪੁਰਖ ਦਾ ਪੁਜਾਰੀ ਨਹੀਂ, ਇਹ ਤੁਸੀਂ ਬਚਿਤੱਰ ਨਾਟਕ ਵਾਲੀ ਉਸਤਤਿ ਵਿੱਚ ਚੰਗੀ ਤਰ੍ਹਾਂ ਪੜ੍ਹ ਆਏ ਹੋ। ਇਥੇ ਵੀ ਇਸ ਕਵੀ ਦੀ "ਭਗਉਤੀ ਦੇਵੀ ਹੀ ਸਹਾਇਕ" ਹੈ (ਸ਼੍ਰੀ ਭਗਉਤੀ ਜੀ ਸਹਾਇ) । ਇਨ੍ਹਾਂ ਤਿਨੇਂ ਰਚਨਾਵਾਂ ਦਾ ਇਹ ਲਿਖਾਰੀ "ਗਿਆਨ ਪ੍ਰਬੋਧ" ਨਾਮ ਦੀ ਪੂਰੀ ਰਚਨਾਂ ਵਿੱਚ ਹਿੰਦੂਆਂ ਦੇ ਮਿਥਹਾਸ ਵਿੱਚ ਪ੍ਰਚਲਿਤ ਕੁਝ ਯੱਗਾਂ ਦਾ ਵਿਸਤਾਰ ਨਾਲ ਵਰਨਣ ਕਰਦਾ ਹੈ। ਇਸ ਰਚਨਾਂ ਵਿੱਚ, ਇਨ੍ਹਾਂ ਯੱਗਾਂ ਦੀ ਮਹਾਨਤਾ ਬਾਰੇ ਦਸਿਆ ਗਿਆ ਹੈ। ਜਦਕਿ ਗੁਰੂ ਗ੍ਰੰਥ ਸਾਹਿਬ ਜੀ ਇਨ੍ਹਾਂ ਯੱਗਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ। ਹੁਣ ਅਸੀਂ ਕਿਸ ਦੀ ਮੰਨੀਏ, ਗੁਰੂ ਗ੍ਰੰਥ ਸਾਹਿਬ ਜੀ ਦੀ ਜਾਂ ਇਸ ਕੂੜ ਕਿਤਾਬ ਦੀ ?

ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥
ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੧॥
ਅੰਕ 973 ਰਾਮਕਲੀ ਨਾਮ ਦੇਉ ਜੀ ਕੀ॥

ਸਭਿ ਤੀਰਥ ਵਰਤ ਜਗੁ ਪੂੰਨ ਤੋਲਾਹਾ॥ ਹਰਿ ਹਰਿ ਨਾਮ ਨ ਪੂਜਹਿ ਪੁਜਾਹਾ॥ ਅੰਕ 699 ਜੈਤਸਰੀ ਮ: 4

ਆਉ ਹੁਣ ਵੇਖੀਏ ਕਿ ਇਸ ਕੂੜ ਕਿਤਾਬ ਦੇ ਪੰਨਾਂ ਨੰਬਰ 127 ਤੋਂ ਸ਼ੁਰੂ ਹੋ ਕੇ ਪੰਨਾਂ ਨੰਬਰ 155 ਤਕ ਕੁਲ 28 ਪੰਨਿਆਂ ਵਿੱਚ ਇਹ ਲਿਖਾਰੀ ਸ਼ਬਦ ਗੁਰੂ ਦੇ ਸਿੱਖਾਂ ਨੂੰ ਇਨ੍ਹਾਂ ਯੱਗਾਂ ਨਾਲ ਜੁੜੀਆਂ ਕਿੱਨੀਆਂ ਵੱਡੀਆਂ ਵੱਡੀਆਂ ਗੱਪਾਂ ਸੁਣਾਂ ਰਿਹਾ ਹੈ। ਇਹ ਸਭ ਪੜ੍ਹ ਕੇ ਤੁਸੀ ਆਪ ਹੀ ਫੈਸਲਾ ਕਰ ਲੈਣਾ ਕਿ ਇਨ੍ਹਾਂ ਗੱਪਾਂ ਨਾਲ ਤੁਹਾਡੇ ਜੀਵਨ ਵਿੱਚ ਕੀ ਸੁਧਾਰ ਆ ਸਕਦਾ ਹੈ ? ਅਠਾਈ ਪੰਨਿਆਂ ਵਾਲੀ ਇਸ ਗੱਪਾਂ ਭਰੀ ਕਵਿਤਾ ਵਿੱਚ ਜਿਨ੍ਹਾਂ ਯੱਗਾਂ ਦਾ ਵਿਸਤਾਰ ਨਾਲ ਵਰਨਣ ਕੀਤਾ ਗਿਆ ਹੈ, ਉਹ ਇਸ ਪ੍ਰਕਾਰ ਹਨ

ਪਹਿਲਾ ਯੱਗ ਸ਼ੁਰੂ ਹੂੰਦਾ ਹੈ, ਜਿਸਦਾ ਨਾਮ ਹੈ "ਰਾਜਸੂਇ ਯੱਗ"। ਇਸ ਯੱਗ ਵਿੱਚ ਪੂਰੀ ਦੁਨੀਆਂ ਵਿਚੋਂ ਕਰੋੜਾਂ ਦੀ ਗਿਣਤੀ ਵਿਚ ਬ੍ਰਾਹਮਣਾਂ ਨੂੰ ਸਦਿਆ ਗਿਆ। ਕਰੋੜਾਂ ਤਰ੍ਹਾਂ ਦੇ ਭੋਜਨ ਤਿਆਰ ਕੀਤੇ ਗਏ, ਜਿਨ੍ਹਾਂ ਨੂੰ ਉਨ੍ਹਾਂ ਕਰੋੜਾਂ ਬ੍ਰਾਹਮਣਾਂ ਨੇ ਖਾਦ੍ਹਾ। (ਦਾਸ ਦੀ ਪਾਠਕਾਂ ਨੂੰ ਬੇਨਤੀ ਹੈ ਕਿ ਇੱਥੇ ਹਰ ਚੀਜ ਨੂੰ ਕਰੋੜਾਂ ਨਾਲ ਗੁਣਾਂ ਕਰਦੇ ਜਾਂਣਾਂ ਕਿਉਕਿ ਬ੍ਰਾਹਮਣ ਕਰੋੜਾਂ ਦੀ ਗਿਣਤੀ ਵਿੱਚ ਬੁਲਾਏ ਗਏ ਸਨ।) ਇਸ ਯੱਗ ਵਿੱਚ ਸ਼ਾਮਲ ਹੋਣ ਵਾਲੇ ਹਰ ਇਕ ਬ੍ਰਾਹਮਣ ਨੂੰ ਸੌ ਸੌ ਹਾਥੀ, ਸੌ ਸੌ ਰੱਥ, ਹਰ ਇਕ ਬ੍ਰਾਹਮਣ ਨੂੰ ਦੋ ਦੋ ਹਜਾਰ ਘੋੜੇ, ਸੋਨੇ ਦੇ ਸਿੰਘਾਂ ਵਾਲੀਆਂ ਚਾਰ ਚਾਰ ਹਜਾਰ ਮੱਝਾਂ, ਇਸ ਤੋਂ ਅਲਾਵਾ ਹਰ ਇਕ ਬ੍ਰਾਹਮਣ ਨੂੰ ਢਾਈ ਢਾਈ ਮੰਨ ਸੋਨਾਂ, ਢਾਈ ਢਾਈ ਮੰਨ ਚਾਂਦੀ, ਤਾਂਬਾ ਅਤੇ ਬੇਸ਼ਕੀਮਤੀ ਪੋਸ਼ਾਕਾਂ ਦਿੱਤੀਆਂ ਗਈਆਂ, ਜਿਸ ਨਾਲ ਮੰਗਤੇ ਵੀ ਰਾਜੇ ਬਣ ਗਏ।

ਕਮਾਲ ਹੈ ! ਹੁਣ ਕਿਉ ਨਾਂ ਕਹੀਏ ਕਿ ਇਹ "ਗਿਆਨ ਪ੍ਰਬੋਧ" ਹੈ ਕਿ "ਗਪੋੜ ਪ੍ਰਬੋਧ"? ਇੱਸੇ ਤਰ੍ਹਾਂ ਹੋਰ ਯੱਗਾਂ ਦਾ ਵਰਨਣ ਇਸ ਢੰਗ ਨਾਲ ਕੀਤਾ ਗਿਆ ਹੈ ਕਿ ਕੋਈ ਮੂਰਖ ਤੋਂ ਮੂਰਖ ਬੰਦਾ ਵੀ ਇਨ੍ਹਾਂ ਗੱਪਾਂ 'ਤੇ ਵਿਸ਼ਵਾਸ਼ ਨਹੀਂ ਕਰ ਸਕਦਾ। ਇਕ ਹੋਰ ਯੱਗ ਦਾ ਸੰਖੇਪ ਵਿੱਚ ਵਰਨਣ ਕਰਕੇ ਆਪਣੇ ਵਿਸ਼ੈ 'ਤੇ ਵਾਪਸ ਆਂਉਦੇ ਹਾਂ। ਇਹ ਯੱਗ ਹੈ "ਸਰਪ ਮੇਘ ਯੱਗ"। ਇਹ ਯੱਗ ਰਾਜੇ ਜਨਮੇਜੇ ਨੇ ਅਪਣੇ ਪਿਉ ਦੀ ਮੌਤ ਦਾ, ਸੱਪਾਂ ਕੋਲੋਂ ਬਦਲਾ ਲੈਣ ਲਈ ਕਰਵਾਇਆ ਸੀ, ਕਿਉਂਕਿ ਰਾਜੇ ਦਾ ਪਿਉ ਸੱਪਾਂ ਦੇ ਡੱਸਣ ਨਾਲ ਮਾਰਿਆ ਗਿਆ ਸੀ। ਇਸ ਯੱਗ ਵਿੱਚ, ਇਕ ਕੋਹ ਲੰਮਾਂ ਹਵਨ ਕੁੰਟ ਬਣਵਾਇਆ ਗਿਆ ਸੀ, ਜਿਸ ਵਿੱਚ ਸਾਰੇ ਬ੍ਰਾਹਮਣ ਮੰਤਰ ਸ਼ਕਤੀ ਨਾਲ ਹੋਮ ਕਰਣ ਲੱਗੇ। ਇਨ੍ਹਾਂ ਮੰਤਰਾਂ ਦੀ ਸ਼ਕਤੀ ਨਾਲ ਹਵਨ ਕੁੰਟ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਸੱਪ ਆ ਆ ਕੇ ਡਿਗਣ ਲੱਗੇ ਅਤੇ ਸੜਨ ਲੱਗ ਪਏ। ਪਹਿਲਾਂ ਸੱਪਾਂ ਦੀ ਲੰਬਾਈ ਇਕ ਹੱਥ (ਡੇੜ ਫੁਟ) ਤੋਂ ਲੈ ਕੇ ਇਕ ਹਜਾਰ ਹੱਥ (ਡੇੜ ਕਿਲੋਮੀਟਰ ) ਲੰਬੀ ਸੀ।............ ਇਹ ਸੱਪ ਕਰੋੜਾਂ ਦੇ ਝੁੰਡਾਂ ਵਿੱਚ ਆ ਆ ਕੇ ਹਵਨ ਕੁੰਟ ਵਿੱਚ ਡਿਗ ਡਿਗ ਕੇ ਸੜ ਰਹੇ ਸੀ। ਅਨੰਤ ਕਿਸਮਾਂ ਦੇ ਸੱਪ ਆ ਰਹੇ ਸਨ। ਇਨ੍ਹਾਂ ਸੱਪਾਂ ਦੀ ਧੌਂਣ (ਗਰਦਨ) ਦੀ ਮੋਟਾਈ ਸੱਤ ਹੱਥ ਤੋਂ ਲੈ ਕੇ ਬਾਰਹ ਹੱਥ (ਸਾਡੇ ਦਸ ਫੁਟ ਤੋਂ ਲੈ ਕੇ ਅਠਾਰਹ ਫੁੱਟ) ਤੱਕ ਮੋਟੀ ਸੀ ।............... ਇਨ੍ਹਾਂ ਸੱਪਾਂ ਦੀ ਲੰਬਾਈ ਅਤੇ ਮੋਟਾਈ ਵਧਦੀ ਹੀ ਜਾ ਰਹੀ ਸੀ।............. ਹੁਣ ਕਈ ਸੱਪ ਇਕ ਹਜਾਰ ਹੱਥ ਲੰਬੇ ਤੇ ਕਈ ਸੱਪ ਦੋ ਹਜਾਰ ਹੱਥ ਲੰਬੇ, ਤੇ ਕਈ ਸੱਪ ਤਿੰਨ ਤਿੰਨ ਹਜਾਰ ਹੱਥ ਲੰਬੇ ਕਰੋੜਾਂ ਦੀ ਗਿਨਤੀ ਵਿੱਚ ਝੁੰਡ ਬਣਾਂ ਬਣਾਂ ਕੇ ਹਵਨ ਕੁੰਟ ਵਿੱਚ ਸੜਨ ਲੱਗ ਪਏ । (ਵਾਹ ਭਈ ਵਾਹ ! ਗੁਰੂ ਹੋਵੇ ਦਸਮ ਗ੍ਰੰਥੀਆਂ ਦਾ, ਤੇ ਗੱਪ ਮਾਰੇ ਛੋਟੀ ਮੋਟੀ)

ਖੈਰ ਅੱਗੇ ਵੇਖੋ ਨਜਾਰਾ ! ਇਸ ਤੋਂ ਬਾਦ ਇੱਕ ਇੱਕ ਯੋਜਨ ਤੋਂ ਲੈ ਕੇ ਚਾਰ ਚਾਰ ਯੋਜਨ ਲੰਬੇ ਸੱਪ ਆ ਆ ਕੇ ਹਵਨ ਕੁੰਟ ਵਿੱਚ ਸੜਨ ਲੱਗੇ ( ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਅਨੁਸਾਰ ਇਕ ਯੋਜਨ ਅੱਠ ਹਜਾਰ ਗੱਜ ਦੇ ਬਰਾਬਰ ਅਰਥਾਤ 7.315 ਕਿਲੋਮੀਟਰ ਲੰਬਾ ਹੁੰਦਾ ਹੈ) ਇਸ ਮੁਤਾਬਿਕ ਕਈ ਸੱਪ 7.315 ਣ 4= 29.26 ਕਿਲੋਮੀਟਰ ਲੰਬੇ ਵੀ ਆ ਆ ਕੇ ਸੱੜ ਰਹੇ ਸਨ। (ਹਵਨ ਨਾ ਹੋ ਗਿਆ, ਸੱਪਾਂ ਦਾ ਸੁਸਾਈਡ ਕੰਮਪੀਟੀਸ਼ਨ ਹੋ ਗਿਆ)। ਇਹ ਗੱਪ ਅੱਗੇ ਹੋਰ ਵੀ ਬਹੁਤ ਵੱਡੀ ਹੈ, ਇਹ ਤਾਂ ਹੱਲੀ ਅੱਧੀ ਹੀ ਸੁਣਾਈ ਹੈ। ਜੇ ਇੰਨੀ ਗੱਪ ਤੁਹਾਨੂੰ ਹਜ਼ਮ ਹੋ ਗਈ ਹੋਵੇ, ਤਾਂ ਇਸਨੂੰ ਹੋਰ ਅੱਗੇ ਤੁਸੀਂ ਆਪ ਹੀ ਪੜ੍ਹ ਲੈਣਾ। ਗੱਪ ਵੀ ਮਾਰੀ ਗਈ ਹੈ ਇਹੋ ਜਹੀ, ਕਿ ਕੋਈ ਮੂਰਖ ਤੋਂ ਮੂਰਖ ਬੰਦਾ ਵੀ ਸੁਣ ਕੇ ਉਸ ਗੱਪ 'ਤੇ ਹੱਸੇ ਅਤੇ ਵਿਸ਼ਵਾਸ਼ ਨਾ ਕਰੇ। ਲੇਕਿਨ ਇਹ ਦਸਮ ਗ੍ਰੰਥੀਏ ਤਾਂ ਅਨ੍ਹੀ ਸ਼ਰਧਾਂ ਵਿੱਚ ਕਮਲੇ ਹੋ ਕੇ, ਇਨ੍ਹਾਂ ਗੱਪਾਂ ਨੂੰ ਵੀ "ਦਸਮ ਬਾਣੀ" ਮੰਨ ਕੇ ਮੱਥੇ ਟੇਕੀ ਜਾਂਦੇ ਨੇ।

ਮੇਰੇ ਵੀਰੋ ਇਹ ਗੱਪਾਂ ਬਹੁਤ ਲੰਮੀਆਂ ਹਨ ਤੇ ਸਾਰੇ 28 ਪੰਨੇ, ਇਸ ਨਾਲੋਂ ਵੀ ਵੱਡੀਆਂ ਵਡੀਆਂ ਗੱਪਾਂ ਨਾਲ ਭਰੇ ਪਏ ਹਨ। ਤੁਸੀਂ ਆਪ ਪੜ੍ਹ ਕੇ ਫੈਸਲਾ ਕਰ ਲੈਣਾ ਕਿ ਇਹੋ ਜਹੀਆਂ ਗੱਪਾਂ ਨਾਲ ਸਾਨੂੰ ਕੀ ਜੀਵਨ ਜਾਚ ਮਿਲ ਰਹੀ ਹੈ ਤੇ ਇਨ੍ਹਾਂ ਯੱਗਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਦਾ ਕੀ ਲੈਣਾ ਦੇਣਾ ਹੈ ? ਤਿਨ੍ਹਾਂ ਰਚਨਾਵਾਂ ਦੀ ਸ਼ਬਦਾਵਲੀ, ਭਾਸ਼ਾ ਅਤੇ ਲਿਖੱਣ ਸ਼ੈਲੀ ਬਿਲਕੁਲ ਇਕ ਜਹੀ ਹੈ। ਇਸ ਲਈ ਇੱਥੇ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਡਮਰੂ ਵਜਾਉਣ ਵਾਲੇ, ਵੱਡੀਆਂ ਦਾਡ੍ਹਾਂ ਵਾਲੇ ਭਿਆਨਕ ਦੇਹਧਾਰੀ ਅਤੇ ਹਜਾਰਾਂ ਜੀਵਾਂ ਨੂੰ ਆਪਣੀਆਂ ਤੇਜ ਅਤੇ ਵਡੀਆਂ ਦਾੜ੍ਹਾਂ ਨਾਲ ਚੱਬ ਚੱਬ ਕੇ ਖਾ ਜਾਣ ਵਾਲੇ ਦੇਵਤੇ ਦਾ ਪੁਜਾਰੀ ਅਤੇ ਵੱਡੀਆਂ ਵੱਡੀਆਂ ਗੱਪਾਂ ਮਾਰਣ ਵਾਲਾ ਇਹ ਕਵੀ ਇਕ ਨਿਰੰਕਾਰ ਅਕਾਲ ਪੁਰਖ ਦਾ ਪੁਜਾਰੀ ਕਿਸ ਤਰ੍ਹਾਂ ਹੋ ਸਕਦਾ ਹੈ ? ਫੈਸਲਾ ਤੁਸੀਂ ਆਪ ਕਰਣਾ ਹੈ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top