Share on Facebook

Main News Page

ਪੰਜ ਪਿਆਰਿਆਂ ਵੱਲੋਂ ਤਖਤਾਂ ਦੇ ਜਥੇਦਾਰਾਂ ਦੇ ਬਾਈਕਾਟ ਦਾ ਸਿੱਖ ਸੰਗਤਾਂ ਨੂੰ ਸੱਦਾ
ਮੱਕੜ ਤੇ ਮੁੱਖ ਸਕੱਤਰ ਦੋਸ਼ੀ ਕਰਾਰ, ਸਜ਼ਾ ਦਾ ਫੈਸਲਾ ਸਿੱਖ ਸੰਗਤਾਂ ਕਰਨ
ਅਗਲੀ ਮੀਟਿੰਗ ਬੁੱਧੀਜੀਵੀਆ ਦੀ ਰਾਏ ਲੈਣ ਤੋਂ ਬਾਅਦ - ਪੰਜ ਪਿਆਰਾ ਮੇਜਰ ਸਿੰਘ

ਅੰਮ੍ਰਿਤਸਰ 2 ਜਨਵਰੀ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਬੀਤੇ ਕਲ ਬਰਖਾਸਤ ਕੀਤੇ ਗਏ ਪੰਜ ਪਿਆਰਿਆਂ ਨੇ ਸਿੱਖ ਸੰਗਤਾਂ ਦੇ ਨਾਮ ਆਦੇਸ਼ ਜਾਰੀ ਕਰਦਿਆਂ ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਪੰਜ ਤਖਤਾਂ ਦੇ ਜਥੇਦਾਰਾਂ ਦਾ ਸਮਾਜਿਕ ਬਾਈਕਾਟ ਕਰਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਤੇ ਮੁੱਖ ਸਕੱਤਰ ਹਰਚਰਨ ਸਿੰਘ ਨੂੰ ਪੰਥਕ ਪਰੰਪਰਾਵਾਂ ਦਾ ਹਨਨ ਕਰਨ ਦੇ ਦੋਸ਼ ਵਿੱਚ ਪੰਥ ਦੇ ਦੋਸ਼ੀ ਕਰਾਰ ਦਿੰਦਿਆਂ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਕਿ ਉਹ ਇਹਨਾਂ ਦੋਵਾਂ ਪੰਥ ਦੋਖੀਆ ਦੀ ਸਜਾ ਦਾ ਫੈਸਲਾ ਸਿੱਖ ਸੰਗਤਾਂ ਆਪਣੇ ਪੱਧਰ ‘ਤੇ ਕਰਨ।

ਸ੍ਰੀ ਅਕਾਲ ਤਖਤ ਸਾਹਿਬ ਦੇ ਵਿਵਾਦਤ ਪੰਜ ਪਿਆਰੇ ਭਾਈ ਸਤਿਨਾਮ ਸਿੰਘ ਖੰਡੇਵਾਲਾ, ਭਾਈ ਮੇਜਰ ਸਿੰਘ, ਭਾਈ ਮੰਗਲ ਸਿੰਘ ,ਭਾਈ ਤਰਲੋਕ ਸਿੰਘ ਅਤੇ ਸਤਨਾਮ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਮੀਟਿੰਗ ਕਰਨ ਤੋਂ ਰੋਕਣ ਲਈ ਭਾਰੀ ਗਿਣਤੀ ਵਿੱਚ ਫੋਰਸ ਤਾਇਨਾਤ ਕੀਤੀ ਗਈ ਤੇ ਸ੍ਰੀ ਦਰਬਾਰ ਸਾਹਿਬ ਦੇ ਚਾਰ ਚੁਫੇਰੇ ਇਸ ਕਦਰ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ ਜਿਵੇਂ ਕੋਈ ਵੱਡਾ ਹਮਲਾ ਕਰਨਾ ਹੋਵੇ।

ਭਾਈ ਸਤਿਨਾਮ ਸਿੰਘ ਖੰਡਾ ਨੂੰ ਅੱਜ ਸਵੇਰੇ ਬੇਬੇ ਨਾਨਕੀ ਨਿਵਾਸ ਪਰਾਗਦਾਸ ਚੌਕ ਵਿਖੇ ਕਮਰਾ ਨੰਬਰ 201 ਵਿੱਚ ਪੁਲੀਸ ਨੇ ਨਜ਼ਰਬੰਦ ਕਰ ਦਿੱਤਾ ਜਿਥੋ ਮੀਡੀਆ ਕਰਮੀਆ ਨੇ ਜਾ ਕੇ ਉਹਨਾਂ ਨੂੰ ਕਰੀਬ 12 ਵਜੇ ਛੁਡਾਇਆ। ਭਾਈ ਸਤਨਾਮ ਸਿੰਘ ਖੰਡੇਵਾਲਾ ਉਥੋ ਪੈਦਲ ਹੀ ਚੱਲ ਪਏ ਤੇ ਅੱਗੇ ਜਾ ਕੇ ਇੱਕ ਮੋਟਰ ਸਾਈਕਲ ਤੇ ਬੈਠ ਕੇ ਤੰਗ ਗਲੀਆ ਵਿੱਚੋ ਦੀ ਹੁੰਦੇ ਹੋਏ ਅਲੋਪ ਹੋ ਗਏ। ਇਸ ਤੋਂ ਬਾਅਦ ਇਹਨਾਂ ਆਪਣੇ ਬਾਕੀ ਚਾਰ ਸਾਥੀਆ ਨਾਲ ਗੁਰੂਦੁਆਰਾ ਸ਼ਹੀਦ ਸਿੰਘਾਂ ਚਾਟੀਵਿੰਡ ਗੇਟ ਵਿਖੇ ਮੀਟਿੰਗ ਕੀਤੀ ਤੇ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਸਿਰਫ ਲਿਖਿਆ ਹੋਇਆ ਹੀ ਪੜ ਕੇ ਸੁਣਾਉਣਗੇ।

ਜਦੋਂ ਉਹਨਾਂ ਨੂੰ ਬਰਤਰਫੀ ਬਾਰੇ ਪੁੱਛਿਆ ਗਿਆ ਤਾਂ ਇਸ ਦਾ ਉਹਨਾਂ ਨੇ ਕੋਈ ਜਵਾਬ ਨਾ ਦਿੱਤਾ, ਪਰ ਇਸ ਤੋਂ ਪਹਿਲਾਂ ਬੇਬੇ ਨਾਨਕੀ ਨਿਵਾਸ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਸਤਿਨਾਮ ਸਿੰਘ ਖੰਡਾ ਨੇ ਕਿਹਾ ਕਿ ਉਹਨਾਂ ਨੂੰ ਬੰਦੀ ਬਣਾ ਕੇ ਸਰਕਾਰ ਨੇ ਆਪਣੀ ਕਬਰ ਖੋਦ ਲਈ ਹੈ ਅਤੇ ਮੱਕੜ ਨੇ ਪੰਜ ਪਿਆਰਿਆਂ ਨੂੰ ਬਰਖਾਸਤ ਕਰਕੇ ਆਪਣਾ ਜਨਾਜਾ ਆਪ ਹੀ ਕੱਢ ਲਿਆ ਹੈ। ਇਸ ਸਮੇਂ ਉਹਨਾਂ ਕਿਹਾ ਕਿ ਸਵੇਰੇ ਪੌਣੇ ਅੱਠ ਵਜੇ ਡੀ.ਸੀ.ਪੀ ਸ੍ਰ ਹਰਪ੍ਰੀਤ ਸਿੰਘ, ਏ.ਡੀ.ਸੀ ਪੀ ਸ੍ਰ ਲਖਬੀਰ ਸਿੰਘ, ਏ.ਸੀ.ਪੀ ਅਮਨਦੀਪ ਸਿੰਘ ਬਰਾੜ ਤੇ ਸੀ.ਆਈ.ਏ ਦਾ ਇੰਸਪੈਕਟਰ ਗੁਰਵਿੰਦਰ ਸਿੰਘ ਭਾਰੀ ਫੋਰਸ ਸਮੇਤ ਉਹਨਾਂ ਕੋਲ ਆਏ ਤੇ ਕਿਹਾ ਕਿ ਉਹ ਇਥੋ ਨਹੀ ਜਾ ਸਕਦੇ ਹਨ। ਉਹਨਾਂ ਕਿਹਾ ਕਿ ਅਜਿਹਾ ਕਰਕੇ ਸਰਕਾਰ ਨੇ ਜਿਥੇ ਮਨੁੱਖੀ ਅਧਿਕਾਰ ਦੀ ਉਲੰਘਣਾ ਕੀਤੀ ਹੈ ਉਥੇ ਸਿੱਖਾਂ ਦੇ ਧਾਰਮਿਕ ਮਾਮਲਿਆ ਵਿੱਚ ਦਖਲ ਅੰਦਾਜੀ ਕਰਕੇ ਦਰਸਾ ਦਿੱਤਾ ਹੈ ਕਿ ਪੰਜਾਬ ਵਿੱਚ ਬਾਦਲ ਨਹੀ ਸਗੋ ਬਾਬਰ ਦੀ ਸਰਕਾਰ ਹੈ।

ਪੰਜ ਪਿਆਰਿਆਂ ਵਿੱਚ ਸ਼ਾਮਲ ਭਾਈ ਮੇਜਰ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਉਹਨਾਂ ਦਾ ਅਗਲਾ ਪ੍ਰੋਗਰਾਮ ਕੀ ਹੋਵੇਗਾ ਤਾਂ ਉਹਨਾਂ ਨੇ ਪਹਿਲਾਂ ਤਾਂ ਕਿਹਾ ਕਿ ਸਮਾਂ ਆਉਣ ਤੇ ਦੱੇਸਿਆ ਜਾਵੇਗਾ ਪਰ ਜਦੋਂ ਦੁਬਾਰਾ ਪੁੱਛਿਆ ਗਿਆ ਤੇ ਅਗਲੀ ਮੀਟਿੰਗ ਕਦੋ ਹੇੋਵੇਗੀ ਤਾਂ ਉਹਨਾਂ ਕਿਹਾ ਕਿ ਬੁੱਧੀਜੀਵੀਆ ਨਾਲ ਮੀਟਿੰਗ ਕਰਕੇ ਜਲਦੀ ਹੀ ਅਗਲੀ ਮੀਟਿੰਗ ਵੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜ ਪਿਆਰਿਆਂ ਦੀ ਪਰੰਪਰਾ ਕੋਈ ਨਵੀ ਨਹੀ ਸਗੋ ਗੁਰੂਕਾਲ ਤੋਂ ਚੱਲੀ ਆ ਰਹੀ ਹੈ ਤੇ ਇਸ ਨੂੰ ਖਤਮ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀ ਹੈ ਅਤੇ ਜਿਹੜੇ ਲੋਕ ਪੰਜ ਪਿਆਰਿਆਂ ਦੀ ਪਰੰਪਰਾ ਨੂੰ ਖਤਮ ਕਰਨ ਦੀਆ ਬਾਤਾਂ ਪਾ ਰਹੇ ਹਨ ਉਹਨਾਂ ਨੂੰ ਗੁਰੂ ਪੰਥ ਕੋਲੋ ਮੂੰਹ ਦੀ ਖਾਣੀ ਪਵੇਗੀ।

ਬੀਤੇ ਦਿਨੀ ਜਦੋਂ ਪੰਜ ਪਿਆਰਿਆਂ ਨੇ ਐਲਾਨ ਕੀਤਾ ਸੀ ਕਿ 2 ਜਨਵਰੀ ਤੋਂ ਪਹਿਲਾਂ ਪਹਿਲਾਂ ਜੇਕਰ ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਤਖਤਾਂ ਦੇ ਜਥੇਦਾਰਾਂ ਨੂੰ ਲਾਂਭੇ ਨਾ ਕੀਤਾ ਗਿਆ ਤਾਂ ਪੰਜ ਪਿਆਰੇ ਕੋਈ ਵੱਡਾ ਐਕਸ਼ਨ ਕਰ ਸਕਦੇ ਹਨ ਅਤੇ ਉਮੀਦ ਕੀਤੀ ਜਾਂਦੀ ਸੀ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਸਮੁੱਚੀ ਕਾਰਜਕਾਰਨੀ ਕਮੇਟੀ ਨੂੰ ਤਲਬ ਕੀਤਾ ਜਾਵੇਗਾ ਜਾਂ ਫਿਰ ਤਨਖਾਹੀਆ ਕਰਾਰ ਦਿੱਤਾ ਜਾਵੇਗਾ ਪਰ ਅਜਿਹਾ ਨਹੀ ਹੋਇਆ ਜਿਸ ਤੋਂ ਜਾਪਦਾ ਹੈ ਕਿ ਪੰਜ ਪਿਆਰੇ ਵੀ ਕਿਸੇ ਸਿਆਸੀ ਦਬਾ ਹੇਠਾ ਆ ਚੁੱਕੇ ਹਨ।

ਪੰਜ ਪਿਆਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਆਉਣ ਤੋਂ ਰੋਕਣ ਲਈ ਬੀਤੀ ਰਾਤ ਤੋਂ ਹੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਭਾਰੀ ਗਿਣਤੀ ਵਿੱਚ ਫੋਰਸ ਲਗਾ ਦਿੱਤੀ ਗਈ ਸੀ ਤੇ ਟਾਸਕ ਫੋਰਸ ਤੇ ਮੱਕੜ ਮਾਰਕਾ ਲੱਠਮਾਰਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਨਾਲ ਲੱਗਦੇ ਕਮਰਿਆਂ ਵਿੱਚ ਡਾਂਗਾ ਸੋਟੇ ਰੱਖ ਲਏ ਸਨ ਤਾਂ ਕਿ ਲੋੜ ਪੈਣ ਤੇ ਇਹਨਾਂ ਦੀ ਵਰਤੋਂ ਕੀਤੀ ਜਾ ਸਕੇ। ਸ੍ਰੀ ਦਰਬਾਰ ਦੇ ਘੇਰੇ ਘੇਰੇ ਭਾਰੀ ਗਿਣਤੀ ਵਿੱਚ ਪੁਲੀਸ ਤਾਇਨਾਤ ਕੀਤੀ ਗਈ ਸੀ ਤੇ ਦੰਗਾ ਵਿਰੋਧੀ ਗੱਡੀਆ ਵੀ ਖੜੀਆ ਕੀਤੀਆ ਗਈਆ ਸਨ । ਇਸ ਸਾਰੇ ਆਪਰੇਸ਼ਨ ਦੀ ਨਿਗਰਾਨੀ ਡੀ.ਸੀ.ਪੀ ਸ੍ਰ ਹਰਪ੍ਰੀਤ ਸਿੰਘ ਖੁਦ ਕਰ ਰਹੇ ਸਨ। ਜਦੋ ਸੁਰੱਖਿਆ ਦੇ ਕੜੇ ਪ੍ਰਬੰਧਾਂ ਬਾਰੇ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਪੰਜ ਪਿਆਰਿਆਂ ਦੇ ਮਾਮਲੇ ਤੋਂ ਟਾਲਾ ਵੱਟਦਿਆਂ ਬੜੀ ਹੁਸ਼ਿਆਰੀ ਨਾਲ ਜਵਾਬ ਦਿੱਤਾ ਕਿ ਪਠਾਨਕੋਟ ਵਿਖੇ ਹੋਏ ਹਮਲੇ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਬੰਧ ਕੀਤੇ ਗਏ ਹਨ ਅਤੇ ਪੰਜ ਪਿਆਰਿਆਂ ਦਾ ਮਾਮਲਾ ਧਾਰਮਿਕ ਹੈ ਜਿਸ ਵਿੱਚ ਸਰਕਾਰ ਤੇ ਪ੍ਰਸ਼ਾਸ਼ਨ ਦੀ ਕੋਈ ਦਖਲ ਅੰਦਾਜੀ ਨਹੀ ਹੈ। ਉਹਨਾਂ ਸਪੱਸ਼ਟ ਕੀਤਾ ਕਿ ਭਾਈ ਸਤਿਨਾਮ ਸਿੰਘ ਖੰਡਾ ਨੂੰ ਨਜ਼ਰਬੰਦ ਨਹੀ ਕੀਤਾ ਗਿਆ ਸੀ ਸਗੋ ਪੁਲੀਸ ਨੇ ਕਿਸੇ ਵੀ ਅਣਸੁਖਾਵੀ ਘਟਨਾ ਦੇ ਵਾਪਰਨ ਤੋਂ ਰੋਕਣ ਲਈ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਹਨ। ਉਹਨਾਂ ਕਿਹਾ ਕਿ ਹਰੇਕ ਨਾਗਰਿਕ ਦੀ ਸੁਰੱਖਿਆ ਕਰਨਾ ਪੁਲੀਸ ਦੀ ਜਿੰਮੇਵਾਰੀ ਹੈ।

ਇਸ ਸਬੰਧੀ ਜਦੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ੍ਰ ਹਰਚਰਨ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ। ਜਦੋਂ ਉਹਨਾਂ ਨੂੰ ਸਾਰਾ ਪ੍ਰੈਸ ਨੋਟ ਪੜ ਕੇ ਸੁਣਾਇਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਇਸ ਦੇ ਉਪਰ ਕੋਈ ਵੀ ਟਿੱਪਣੀ ਕਰਨੀ ਮੁਨਾਸਿਬ ਨਹੀ ਸਮਝਦੇ ਤੇ ਫੈਸਲਾ ਪੰਥ ਦੀ ਕਚਿਹਰੀ ਵਿੱਚ ਹੀ ਹੋਵੇਗਾ। ਉਹਨਾਂ ਕਿਹਾ ਕਿ ਗੁਰ ਮਰਿਆਂਦਾ ਅਨੁਸਾਰ ਹਰੇਕ ਸਿੱਖ ਨੂੰ ਅਰਦਾਸ ਵਿੱਚ ਦਿੱਤੇ ਗਏ ਸੰਕਲਪ ਸਿੱਖਾਂ ਦਾ ਮਨ ਨੀਵਾਂ ਮੱਤ ਅਨੁਸਾਰ ਹੀ ਨਿਮਾਣੇ ਹੋ ਕੇ ਚੱਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਨਿਮਾਣੇ ਸਿੱਖ ਬਣ ਕੇ ਗੁਰੂ ਘਰ ਦੀ ਸੇਵਾ ਕਰਨ ਲਈ ਆਏ ਹਨ ਤੇ ਨਿਮਾਣੇ ਬਣ ਕੇ ਹੀ ਕਰਨਗੇ। ਇਸ ਸਬੰਧੀ ਜਦੋ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਆਪਣਾ ਫੋਨ ਉਠਾਉਣ ਦੀ ਜ਼ਹਿਮਤ ਨਹੀ ਕੀਤੀ ਅਤੇ ਉਹਨਾਂ ਦੇ ਓ.ਐਸ.ਡੀ ਸ੍ਰੀ ਦਲਜੀਤ ਸਿੰਘ ਬੇਦੀ ਨੇ ਵੀ ਫੋਨ ਨਹੀ ਚੁੱਕਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top