Share on Facebook

Main News Page

ਅਕਾਲ ਤਖ਼ਤ ਦੀ ਫ਼ੈਸਲੇ ਲੈਣ ਦੀ ਜੁਗਤ ਨੁਕਸਾਨਦੇਹ
-: ਪੰਜ ਪਿਆਰੇ

ਅੰਮਿ੍ਤਸਰ, 2 ਜਨਵਰੀ (ਚਰਨਜੀਤ ਸਿੰਘ): ਬੀਤੇ ਦਿਨੀਂ ਸ਼ੋ੍ਰਮਣੀ ਕਮੇਟੀ ਵਲੋਂ ਨੌਕਰੀ ਤੋਂ ਹਟਾਏ ਗਏ ਪੰਜ ਪਿਆਰਿਆਂ ਨੇ ਤਖ਼ਤਾਂ ਦੇ ਜਥੇਦਾਰਾਂ ਦਾ ਸਮਾਜਕ ਬਾਈਕਾਟ ਕਰਨ ਦਾ ਸੱਦਾ ਦਿੰਦਿਆਂ ਅਕਾਲ ਤਖ਼ਤ ਤੋਂ ਫੈਸਲਾ ਲੈਣ ਦੀ ਜੁਗਤ 'ਤੇ ਸਵਾਲੀਆ ਚਿੰਨ੍ਹ ਲਗਾ ਦਿਤਾ ਹੈ | ਉਨ੍ਹਾਂ ਸਿੱਖ ਕੌਮ ਨੂੰ ਸੱਦਾ ਦਿਤਾ ਕਿ ਉਹ ਇਸ ਨੁਕਸਾਨਦਾਇਕ ਪ੍ਰਣਾਲੀ ਨੂੰ ਠੀਕ ਕਰਨ ਲਈ ਵਿਚਾਰ ਕਰੇ | ਉਨ੍ਹਾਂ ਅਪਣੇ ਆਦੇਸ਼ ਵਿਚ ਕਿਹਾ ਕਿ ਉਨ੍ਹਾਂ ਦੇ ਫ਼ੈਸਲਿਆਂ ਪਿੱਛੇ ਕੋਈ ਸਿਆਸੀ ਮਨਸ਼ਾ ਨਹੀ ਹੈ ਬਲਕਿ ਕਈ ਘਾਲਣਾਵਾਂ ਘਾਲ ਕੇ ਬਣੀਆਂ ਸਿੱਖ ਸੰਸਥਾਵਾਂ ਦਾ ਬੇਰਹਿਮੀ ਨਾਲ ਢਾਹਿਆ ਜਾਣਾ ਕਾਬਲੇ ਬਰਦਾਸ਼ਤ ਨਹੀਂ |

ਅੱਜ ਸਥਾਨਕ ਗੁਰਦੁਆਰਾ ਸ਼ਹੀਦ ਗੰਜ 13 ਸਿੰਘਾਂ ਵਿਖੇ ਆਦੇਸ਼ ਜਾਰੀ ਕਰਦਿਆਂ ਪੰਜ ਪਿਆਰਿਆਂ ਦੇ ਜਥੇਦਾਰ ਭਾਈ ਸਤਨਾਮ ਸਿੰਘ ਨੇ ਕਿਹਾ ਕਿ ਜਥੇਦਾਰ ਪੰਥਕ ਪ੍ਰਪਰਾਵਾਂ ਤੇ ਮਰਿਆਦਾ ਦਾ ਘਾਣ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜਥੇਦਾਰਾਂ ਕਾਰਨ ਵੀ ਮੌਜੂਦਾ ਹਲਾਤ ਪੈਦਾ ਹੋਏ ਹਨ | ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ ਨੇ ਸ਼ੋ੍ਰਮਣੀ ਕਮੇਟੀ ਨੂੰ ਵਾਰ-ਵਾਰ ਇਨ੍ਹਾਂ ਜਥੇਦਾਰਾਂ ਨੂੰ ਅਹੁਦੇ ਤੋਂ ਹਟਾਉਣ ਲਈ ਕਿਹਾ ਪਰ ਸ਼ੋ੍ਰਮਣੀ ਕਮੇਟੀ ਨੇ ਪੰਜ ਪਿਆਰਿਆਂ ਦੇ ਫ਼ੈਸਲੇ ਨੂੰ ਮੰਨਣ ਤੋ ਇਨਕਾਰ ਕਰ ਦਿਤਾ, ਇਸ ਲਈ ਸ਼ੋ੍ਰਮਣੀ ਕਮੇਟੀ ਦੋਸ਼ੀ ਹੈ | ਉਨ੍ਹਾਂ ਸੰਗਤਾਂ ਨੂੰ ਸਦਾ ਦਿਤਾ ਕਿ ਉਹ ਸ. ਮੱਕੜ ਤੇ ਸ. ਹਰਚਰਨ ਸਿੰਘ ਦੀ ਸਜ਼ਾ ਸਬੰਧੀ ਫ਼ੈਸਲਾ ਖ਼ੁਦ ਕਰਨ |

ਪੰਜ ਪਿਆਰਿਆਂ ਦੇ ਅੱਜ ਦੇ ਆਦੇਸ਼ ਉਤੇ ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਮੇਜਰ ਸਿੰਘ, ਭਾਈ ਮੰਗਲ ਸਿੰਘ, ਭਾਈ ਤਰਲੋਕ ਸਿੰਘ ਅਤੇ ਭਾਈ ਸਤਨਾਮ ਸਿੰਘ ਦੇ ਦਸਤਖ਼ਤ ਹਨ |

ਪੰਜ ਪਿਆਰਿਆਂ ਨੇ ਬੀਤੇ ਕਲ ਕਿਹਾ ਸੀ ਕਿ ਉਹ ਅੱਜ 10 ਤੋਂ 12 ਵਜੇ ਦੇ ਵਿਚਕਾਰ ਅਕਾਲ ਤਖ਼ਤ ਵਿਖੇ ਮੀਟਿੰਗ ਕਰ ਕੇ ਜਥੇਦਾਰਾਂ ਬਾਰੇ ਫ਼ੈਸਲਾ ਸੁਣਾਉਂਣਗੇ | ਸ਼ੋ੍ਰਮਣੀ ਅਕਾਲੀ ਦਲ ਬਾਦਲ, ਪੰਜਾਬ ਸਰਕਾਰ ਤੇ ਸ਼ੋ੍ਰਮਣੀ ਕਮੇਟੀ ਲਈ ਨਕ ਦਾ ਸਵਾਲ ਬਣ ਚੁੱਕੇ ਇਸ ਮਾਮਲੇ ਕਾਰਨ ਸਖ਼ਤ ਸਟੈਂਡ ਲਿਆ ਹੋਇਆ ਸੀ | ਪੰਜ ਪਿਆਰਿਆਂ ਨੂੰ ਦਰਬਾਰ ਸਾਹਿਬ ਅੰਦਰ ਦਾਖ਼ਲ ਹੋਣ ਤੋਂ ਰੋਕਣ ਲਈ ਪ੍ਰਸ਼ਾਸਨ ਤੇ ਸ਼ੋ੍ਰਮਣੀ ਕਮੇਟੀ ਨੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ ਅਤੇ ਦਰਬਾਰ ਸਾਹਿਬ ਦੇ ਚੱਪੇ-ਚੱਪੇ ਤੇ ਪੁਲਿਸ ਤੈਨਾਤ ਸੀ |

ਦੁਪਿਹਰ ਕਰੀਬ 1 ਵਜੇ ਜਿਵੇਂ ਹੀ ਪਤਾ ਲੱਗਾ ਕਿ ਪੰਜ ਪਿਆਰਿਆਂ ਦੇ ਜਥੇਦਾਰ ਭਾਈ ਸਤਨਾਮ ਸਿੰਘ ਖੰਡੇਵਾਲਾ ਦਰਬਾਰ ਸਾਹਿਬ ਦੇ ਨੇੜੇ ਸਥਿਤ ਮਾਤਾ ਨਾਨਕੀ ਨਿਵਾਸ ਵਿਚ ਹਨ ਤਾਂ ਪੁਲਿਸ ਦੇ ਉੱਚ ਅਧਿਕਾਰੀ ਤੁਰਤ ਉਥੇ ਪੁੱਜੇ ਤੇ ਭਾਈ ਸਤਨਾਮ ਸਿੰਘ ਖੰਡੇਵਾਲਾ ਨਾਲ ਮੀਟਿੰਗ ਕੀਤੀ | ਮੀਡੀਆ ਦੇ ਮੌਕੇ 'ਤੇ ਪੁੱਜ ਜਾਣ ਤੋਂ ਬਾਅਦ ਭਾਈ ਖੰਡੇਵਾਲਾ ਨੇ ਕਿਹਾ ਕਿ ਅੱਜ ਪੰਜ ਪਿਆਰਿਆਂ ਨੂੰ ਵੀ ਦਰਬਾਰ ਸਾਹਿਬ ਅੰਦਰ ਦਾਖ਼ਲ ਹੋਣ ਤੋਂ ਰੋਕਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਉਂ ਲੱਗ ਰਿਹਾ ਹੈ ਕਿ ਜਿਵੇਂ ਕਮੇਟੀ ਦੇ ਪੁਬੰਧਕਾਂ ਵਿਚ ਮੱਸਾ ਰੰਘੜ ਦੀ ਰੂਹ ਆ ਗਈ ਹੋਵੇ | ਉਨ੍ਹਾਂ ਕਿਹਾ ਕਿ ਉਹ ਕਿਸੇ ਕਿਸਮ ਦਾ ਟਕਰਾਅ ਨਹੀਂ ਚਾਹੁੰਦੇ ਤੇ ਅਸੀਂ ਪੰਜ ਪਿਆਰੇ ਦਰਬਾਰ ਸਾਹਿਬ ਜਾਂ ਅਕਾਲ ਤਖ਼ਤ ਦੀ ਬਜਾਏ ਕਿਸੇ ਹੋਰ ਸਥਾਨ 'ਤੇ ਫ਼ੈਸਲਾ ਸੁਣਾਵਾਂਗੇ | ਇਸ ਤੋਂ ਬਾਅਦ ਭਾਈ ਖੰਡੇਵਾਲਾ ਪੁਲਿੀਸ ਨੂੰ ਝਕਾਨੀ ਦੇ ਕੇ ਸ਼ਹੀਦ ਗੰਜ 13 ਸਿੰਘਾਂ ਗੁਰਦੁਆਰੇ ਜਾ ਪੁੱਜੇ ਤੇ ਪੰਜ ਪਿਆਰਿਆਂ ਨੇ ਮੀਟਿੰਗ ਕੀਤੀ ਤੇ ਉਪਰਲਾ ਫ਼ੈਸਲਾ ਸੁਣਾਇਆ | ਫ਼ੈਸਲਾ ਸੁਣਾਉਣ ਤੋਂ ਬਾਅਦ ਪੰਜ ਪਿਆਰੇ ਇਕ ਕਾਰ ਵਿਚ ਸਵਾਰ ਹੋ ਕੇ ਅਣਦੱਸੀ ਥਾਂ 'ਤੇ ਚਲੇ ਗਏ |

ਪੁਲਿਸ ਤੇ ਕਮੇਟੀ ਪ੍ਰਬੰਧਕ ਪੰਜ ਪਿਆਰਿਆਂ ਨੂੰ ਰੋਕਣ ਲਈ ਰਹੇ ਤਾਇਨਾਤ; ਪੰਜ ਪਿਆਰਿਆਂ ਨੇ ਬਾਰ ਬਾਰ ਦਿੱਤੀ ਝਕਾਨੀ
January 2, 2016 | By ਨਰਿੰਦਰ ਪਾਲ ਸਿੰਘ

ਅੰਮ੍ਰਿਤਸਰ ਸਾਹਿਬ: ਪੰਜ ਪਿਆਰਿਆਂ ਵਲੋਂ ਲਏ ਜਾਣ ਵਾਲੇ ਕਿਸੇ ਵੀ ਫੈਸਲੇ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬ ਵਿਖੇ ਲਏ ਜਾਣ ਤੋਂ ਰੋਕਣ ਲਈ ਜਿਲ੍ਹਾ ਪੁਲਿਸ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਚੌਗਿਰਦੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ।

ਡਿਪਟੀ ਕਮਿਸ਼ਨਰ ਪੁਲਿਸ ਸਮੇਤ ਪੁਲਿਸ ਦੇ ਦੋ ਐਸ.ਪੀ.ਰੈਂਕ ਤੇ ਇੱਕ ਡੀ.ਐਸ.ਪੀ.ਰੈਂਕ ਦਾ ਅਧਿਕਾਰੀ ਪੁਲਿਸ ਦੇ ਸਾਦਾ ਵਰਦੀ ਮੁਲਾਜਮਾਂ ਸਹਿਤ ਕੰਪਲੈਕਸ ਦੇ ਅੰਦਰ ਤੇ ਵਰਦੀਧਾਰੀ ਪੁਲਿਸ, ਐਂਟੀ ਰਾਇਟ ਪੁਲਿਸ(ਦੰਗਾ ਵਿਰੋਧੀ ਪੁਲਿਸ) ਦੀ ਇੱਕ ਟੁਕੜੀ ਸਹਿਤ ਕੰਪਲੈਕਸ ਦੇ ਬਾਹਰ ਦਿਨ ਭਰ ਮੌਜੂਦ ਰਹੇ।ਉਧਰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ:ਸੁਲੱਖਣ ਸਿੰਘ ਆਪਣੇ ਸਾਥੀ ਮੀਤ ਮੈਨੇਜਰ ਸਾਹਿਬਾਨ ਤੇ ਟਾਸਕ ਫੋਰਸ ਦੇ ਜਵਾਨਾ ਸਹਿਤ ਕੰਪਲੈਕਸ ਦੇ ਅੰਦਰ ਤੇ ਬਾਹਰ ਤਾਇਨਾਤ ਰਹੇ।

ਅੱਜ ਸਵੇਰੇ ਹੀ 11ਵਜੇ ਦੇ ਕਰੀਬ ਪੰਜ ਪਿਆਰਾ ਭਾਈ ਸਤਨਾਮ ਸਿੰਘ ਖੰਡੇਵਾਲਾ ਦੇ ਚੌਕ ਪਰਾਗਦਾਸ ਸਥਿਤ ਮਾਤਾ ਨਾਨਕੀ ਨਿਵਾਸ ਵਿੱਚ ਮੌਜੂਦ ਹੋਣ ਦੀ ਭਿਣਕ ਪੈਂਦਿਆਂ ਹੀ ਪੁਲਿਸ ਅਧਿਕਾਰੀਆਂ ਸਬੰਧਤ ਨਿਵਾਸ ਅਤੇ ਨੇੜਲੇ ਹੋਰ ਹੋਟਲਾਂ ਵਿੱਚ ਡੇਰੇ ਲਾ ਲਏ। ਪੁਲਿਸ ਇਹ ਜਾਨਣਾ ਚਾਹੁੰਦੀ ਸੀ ਕਿ ਕੀ ਪੰਜ ਪਿਆਰੇ ਸ੍ਰੀ ਅਕਾਲ ਤਖਤ ਸਾਹਿਬ ਜਾਣਾ ਚਾਹੁੰਦੇ ਹਨ ਜਾਂ ਨਹੀ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਬੀਤੇ ਦਿਨ ਹੀ ਸਪਸ਼ਟ ਕਰ ਦਿੱਤਾ ਸੀ ਕਿ ਉਹ ਸਬੰਧਤ ਪੰਜ ਪਿਆਰੇ ਸਿੰਘਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਚੁੱਕੀ ਹੈ, ਇਸ ਲਈ ਪੰਜ ਪਿਆਰੇ ਸਿੰਘਾਂ ਨੂੰ ਕੋਈ ਹੱਕ ਨਹੀ ਹੈ ਕਿ ਉਹ ਕਮੇਟੀ ਦੇ ਪ੍ਰਬੰਧ ਹੇਠਲੇ ਕਿਸੇ ਗੁਰਦੁਆਰਾ ਸਾਹਿਬ ਵਿਖੇ ਇਕਤਰਤਾ ਕਰ ਸਕਣ।

ਮੀਡੀਆ ਦੇ ਮੌਕੇ ਤੇ ਪੁਜਣ ਤੇ ਭਾਈ ਸਤਨਾਮ ਸਿੰਘ ਖੰਡਾ ਆਪਣੇ ਬਾਕੀ ਸਿੰਘਾਂ ਦੇ ਟਿਕਾਣੇ ਵੱਲ ਨਿਕਲੇ ਤਾਂ ਪੁਲਿਸ ਦੇ ਇੱਕ ਐਸ.ਪੀ.ਤੇ ਡੀ.ਐਸ.ਪੀ. ਦੀ ਅਗਵਾਈ ਹੇਠ ਵਰਦੀਧਾਰੀ ਤੇ ਸਾਦਾ ਵਰਦੀ ਮੁਲਾਜਮ ਤੇ ਮੀਡੀਆ ਦੇ ਲੋਕ ਵੀ ਤੁਰ ਪਏ। ਕੋਈ 200 ਗਜ ਤੁਰਨ ਤੋਂ ਬਾਅਦ ਇੱਕ ਮੋੜ ਤੇ ਅਚਨਚੇਤ ਹੀ ਇੱਕ ਮੋਟਰਸਾਈਕਲ ਆਇਆ ਤੇ ਭਾਈ ਖੰਡੇਵਾਲਾ ਨੂੰ ਬਿਠਾਕੇ ਅਗਲੀ ਮੰਜ਼ਿਲ ਵੱਲ ਤੇਜ ਰਫਤਾਰ ਨਾਲ ਨਿਕਲ ਗਿਆ। ਭਾਈ ਖੰਡੇਵਾਲਾ ਦੇ ਮਗਰ ਚੱਲ ਰਿਹਾ ਮੀਡੀਆ ਤੇ ਪੁਲਿਸ ਹੱਕੀ ਬੱਕੀ ਰਹਿ ਗਈ, ਸਾਰੇ ਕੋਈ 500 ਗਜ਼ ਦੇ ਕਰੀਬ ਚਲਕੇ ਉਸ ਲੰਬੀ ਗਲੀ ਦੇ ਦੂਸਰੇ ਕਿਨਾਰੇ ਪੁੱਜੇ ਲੇਕਿਨ ਉਥੇ ਰਸਤੇ ਦੋਨੋ ਪਾਸੇ ਸਨ ਤਾਂ ਕੋਈ ਸੁਰਾਗ ਨਾ ਮਿਲਣ ਕਾਰਣ ਸਾਰੇ ਵਾਪਿਸ ਆ ਗਏ।

ਸ਼ਾਮ 4ਵਜੇ ਦੇ ਕਰੀਬ ਤੀਕ ਵੀ ਖੁਫੀਆ ਪੁਲਿਸ ਦੇ ਮੁਲਾਜਮ ਇਹ ਨਾ ਜਣ ਸਕੇ ਕਿ ਆਖਿਰ ਪੰਜ ਪਿਆਰੇ ਕਿਸ ਜਗਾਹ ਤੇ ਇਕਤਰਤਾ ਕਰ ਰਹੇ ਹਨ ਲੇਕਿਨ ਜਿਉਂ ਹੀ ਪੱਤਰਕਾਰਾਂ ਨੂੰ ਸੁਨੇਹਾ ਮਿਲਿਆ ਤਾਂ ਪੁਲਿਸ ਹਰਕਤ ਵਿੱਚ ਆਈ । ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਫੈਸਲਾ ਸੁਨਾਉਣ ਬਾਅਦ ਜਿਉਂ ਹੀ ਪੁਲਿਸ ਦਾ ਇੱਕ ਇੰਸਪੈਕਟਰ ਰੈਂਕ ਦਾ ਅਧਿਕਾਰੀ ਪੁਜਕੇ ਆਪਣੇ ਅਫਸਰਾਂ ਨਾਲ ਰਾਬਤਾ ਬਨਾਉਣ ਲੱਗਾ ਤਾਂ ਪੰਜ ਪਿਆਰੇ ਗੁਰਦੁਆਰਾ ਸਾਹਿਬ ਅੰਦਰੋਂ ਨਿਕਲੇ ਤੇ ਸ੍ਰੀ ਦਰਬਾਰ ਸਾਹਿਬ ਵਾਲੇ ਪਾਸੇ ਤੁਰ ਪਏ।

ਇੱਕ ਵਾਰ ਫਿਰ ਮੀਡੀਆ ਤੇ ਸਾਦੀ ਵਰਦੀ ਪੁਲਿਸ ਪਿਛੇ ਸੀ ਲੇਕਿਨ ਨੇੜਲੇ ਹੀ ਮੌੜ ਤੇ ਪਹਿਲਾਂ ਹੀ ਤਿਆਰ ਖੜੀ ਕਾਰ ਵਿੱਚ ਸਵਾਰ ਹੋਕੇ ਪੰਜ ਪਿਆਰੇ ਸਿੰਘ ਅਗਲੇਰੀ ਮੰਜ਼ਿਲ ਵੱਲ ਨਿਕਲ ਤੁਰੇ। ਪੰਜ ਪਿਆਰਿਆਂ ਵਲੋਂ ਅਪਣਾਈ ਗਈ ਅੱਜ ਦੀ ਰਣਨੀਤੀ 'ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਹੀ ਇਕ ਸਾਬਕਾ ਫੌਜੀ ਮੁਲਾਜਮ ਨੇ ਤਨਜ ਕੱਸਿਆ ‘ਇਸਨੂੰ ਕਹਿੰਦੇ ਨੇ ਗੁਰੀਲਾ ਨੀਤੀ’।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top