ਅੰਮ੍ਰਿਤਸਰ
28 ਦਸੰਬਰ (ਜਸਬੀਰ ਸਿੰਘ ਪੱਟੀ): ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ
ਪਿਆਰਿਆਂ ਨੇ ਇੱਕ ਵਾਰੀ ਫਿਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਚਿਤਾਵਨੀ ਦਿੰਦਿਆਂ
ਕਿਹਾ ਕਿ ਜੇਕਰ ਉਹਨਾਂ ਨੇ ਸੌਦਾ ਸਾਧ ਨੂੰ ਮੁਆਫੀ ਦੇਣ 'ਤੇ ਫਿਰ ਮੁਆਫੀ ਵਾਪਸ ਲੈਣ
ਦਾ ਡਰਾਮਾ ਕਰਨ ਵਾਲੇ ਤਖਤਾਂ ਦੇ ਜਥੇਦਾਰਾਂ ਨੂੰ ਤੁਰੰਤ ਫਾਰਗ ਨਾ ਕੀਤਾ, ਤਾਂ 2 ਜਨਵਰੀ 2016
ਨੂੰ ਉਹ ਕੌਮ ਨੂੰ ਅਗਲਾ ਪ੍ਰੋਗਰਾਮ ਦੇਣਗੇ।
ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਤਖਤਾਂ ਦੇ ਜਥੇਦਾਰਾਂ ਨੂੰ ਸ੍ਰੀ
ਅਕਾਲ ਤਖਤ ਸਾਹਿਬ ਤੇ ਜਵਾਬ ਤਲਬੀ ਕੀਤੇ ਜਾਣ ਤੋਂ ਬਾਅਦ ਸੁਰਖੀਆਂ ਵਿੱਚ ਆਏ ਪੰਜ ਪਿਆਰਿਆਂ ਦੇ
ਆਦੇਸ਼ਾਂ ਨੂੰ ਦਰਕਿਨਾਰ ਕਰਕੇ ਭਾਂਵੇ ਸ਼੍ਰੋਮਣੀ ਕਮੇਟੀ ਨੇ ਕੋਈ ਕਾਰਵਾਈ ਕਰਨ ਦੀ ਬਜਾਏ, ਪੰਜ
ਪਿਆਰਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਤੇ ਫਿਰ ਸੰਗਤਾਂ ਦੇ ਦਬਾ ਹੇਠ ਬਹਾਲ ਵੀ ਕਰ ਦਿੱਤਾ,
ਨੇ ਅੱਜ ਫਿਰ ਪੰਜ ਪਿਆਰਿਆਂ ਭਾਈ ਸਤਿਨਾਮ ਸਿੰਘ ਖੰਡਾ, ਭਾਈ ਮੇਜਰ ਸਿੰਘ, ਭਾਈ ਮੰਗਲ ਸਿੰਘ,
ਭਾਈ ਤਰਲੋਕ ਸਿੰਘ ਅਤੇ ਭਾਈ ਸਤਿਨਾਮ ਸਿੰਘ ਨੇ ਕਿਹਾ ਕਿ ਪੰਜ ਪਿਆਰਿਆਂ ਦੇ ਹੁਕਮਾਂ ਨੂੰ
ਦਰਕਿਨਾਰ ਕਰਕੇ, ਸ਼੍ਰੋਮਣੀ ਕਮੇਟੀ ਨੇ ਪੰਥਕ ਸਿਧਾਤਾਂ ਤੇ ਮਰਿਆਦਾ ਦੀ ਉਲੰਘਣਾ ਕੀਤੀ ਹੈ।
ਉਹਨਾਂ ਕਿਹਾ ਕਿ ਦੋਸ਼ੀ ਜਥੇਦਾਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ
ਸ਼੍ਰੋਮਣੀ ਕਮੇਟੀ ਨੇ ਪੰਜ ਪਿਆਰਿਆਂ ਦਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਅੰਮ੍ਰਿਤ ਛਕਾਉਣ ਦੀ ਸੇਵਾ
ਤੋਂ ਹਟਾ ਕੇ, ਵੱਖ ਵੱਖ ਥਾਵਾਂ 'ਤੇ ਤਬਦੀਲ ਕਰ ਦਿੱਤਾ ਗਿਆ, ਜਿਹੜਾ ਸ਼੍ਰੋਮਣੀ ਕਮੇਟੀ ਵੱਲੋ
ਘਿਨਾਉਣੀ ਕਾਰਵਾਈ ਹੀ ਕਹੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੀ ਪੰਥਕ ਸਿਧਾਂਤਾ
ਤੇ ਮਰਿਆਦਾ ਨੂੰ ਕਾਇਮ ਰੱਖਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਉਹ ਸ਼੍ਰੋਮਣੀ ਕਮੇਟੀ
ਨੂੰ ਚਿਤਾਵਨੀ ਦਿੰਦੇ ਹਨ ਕਿ ਜੇਕਰ ਸੌਦਾ ਸਾਧ ਨੂੰ ਮੁਆਫੀ ਦੇਣ ਦਾ ਡਰਾਮਾ ਕਰਕੇ ਤਖਤ ਸਾਹਿਬ
ਦੀ ਮਰਿਆਦਾ ਨੂੰ ਭੰਗ ਕਰਨ ਵਾਲੇ ਜਥੇਦਾਰਾਂ ਦੇ ਖਿਲਾਫ ਤੁਰੰਤ ਕੋਈ ਕਾਰਵਾਈ ਨਾ ਕੀਤੀ ਗਈ,
ਤਾਂ ਉਹ ਕੌਮ ਨੂੰ 2 ਜਨਵਰੀ 2016 ਨੂੰ ਮੀਟਿੰਗ ਕਰਕੇ ਵੱਡਾ ਪ੍ਰੋਗਰਾਮ ਦੇਣਗੇ।
ਉਹਨਾਂ ਕਿਹਾ ਕਿ ਮਾਤਾ ਗੁੱਜਰ ਕੌਰ ਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮਾਂ
ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਜਿਹੜਾ ਇੱਕਮੁੱਠਤਾ ਵਿਖਾਈ ਹੈ, ਉਹ ਵੀ
ਸਲਾਹੁਣਯੋਗ ਹੈ। ਉਹਨਾਂ ਸਮੂਹ ਖਾਲਸਾ ਪੰਥ ਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ
ਉਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪ੍ਰੇਰਨਾ ਲੈ ਕੇ, ਉਹਨਾਂ ਦੇ ਪਦ ਚਿੰਨਾਂ ਤੇ ਚੱਲ ਕੇ ਕੌਮ
ਦੀ ਸੇਵਾ ਕਰਨ।