ਚੰਡੀਗੜ੍ਹ,
17 ਦਸੰਬਰ (ਨੀਲ ਭਲਿੰਦਰ ਸਿੰਘ): ਪੰਜਾਬ ਕਾਂਗਰਸ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਨੇ ਬਰਤਰਫ਼ ਹੈੱਡ ਕਾਂਸਟੇਬਲ ਗੁਰਮੀਤ ਸਿੰਘ ਪਿੰਕੀ ਦੇ ਪ੍ਰਗਟਾਵਿਆਂ ਦੀ
ਨਿਆਂਇਕ ਜਾਂਚ ਅਤੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਦੀ ਮੁਅੱਤਲੀ ਮੰਗੀ ਹੈ । ਇਸੇ
ਦੌਰਾਨ ਪਿੰਕੀ ਨੇ ਨਵਾਂ ਪ੍ਰਗਟਾਵਾ ਕੀਤਾ ਹੈ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਵਲੋਂ ਹੇਠਲੇ
ਪੁਲਿਸ ਮੁਲਾਜ਼ਮਾਂ ਦਾ ਵੀ ਸ਼ੋਸ਼ਣ ਕੀਤਾ ਜਾਂਦਾ ਰਿਹਾ ਹੈ।
ਪਿੰਕੀ ਨੇ 'ਰੋਜ਼ਾਨਾ ਸਪੋਕਸਮੈਨ' ਦੇ ਅਸਿਸਟੈਂਟ ਐਡੀਟਰ ਨਿਮਰਤ ਕੌਰ
ਨਾਲ ਵਿਸ਼ੇਸ਼ ਟੀ.ਵੀ. ਇੰਟਰਵਿਊ ਦੌਰਾਨ ਅਹਿਮ ਇੰਕਸ਼ਾਫ਼ ਕੀਤੇ ਹਨ । ਪਿੰਕੀ ਨੇ ਖਾੜਕੂਵਾਦ
ਦੇ ਦੌਰ ਦੀ ਗੱਲ ਛੂੰਹਦਿਆਂ ਮੰਨਿਆ ਕਿ ਉੱਚ ਪੁਲਿਸ ਅਫ਼ਸਰਾਂ ਨੂੰ ਖ਼ੁਸ਼ ਕਰ ਕੇ ਤਰੱਕੀਆਂ ਅਤੇ
ਨਕਦ ਇਨਾਮ ਹਾਸਲ ਕਰਨ ਹਿਤ ਪੁਲਿਸ ਵਿਭਾਗ ਅੰਦਰ ਭੱਜ-ਦੌੜ ਲੱਗੀ ਹੋਈ ਸੀ ।
ਤਤਕਾਲੀ ਰਾਜ ਪੁਲਿਸ ਮੁਖੀ ਕੇ.ਪੀ.ਐੱਸ. ਗਿੱਲ ਅਤੇ ਹੋਰਨਾਂ ਉੱਚ
ਅਧਿਕਾਰੀਆਂ ਨੇ ਇਸੇ ਨੁਕਤੇ ਦਾ ਲਾਹਾ ਲੈਂਦਿਆਂ ਹੇਠਲੇ ਪੱਧਰ ਦੇ ਪੁਲਿਸ ਮੁਲਾਜ਼ਮਾਂ ਕੋਲੋਂ
ਅੰਨ੍ਹੇ-ਵਾਹ ਝੂਠੇ ਮੁਕਾਬਲੇ ਕਰਵਾਏ ।
ਪਿੰਕੀ ਨੇ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਕੋਈ ਪੁਲਿਸ ਮੁਲਾਜ਼ਮ ਜ਼ਮੀਰ
ਦੀ ਆਵਾਜ਼ ਸੁਣ ਕੇ ਕੋਈ 'ਕਾਰਵਾਈ' ਕਰਨ ਵਿਚ ਹਿਚਕਚਾਹਟ ਵਿਖਾਉਾਦਾ ਸੀ ਤਾਂ ਇਕ ਤਾਂ ਉਸ ਨੂੰ
ਉੱਚ ਅਧਿਕਾਰੀਆਂ ਦੀ ਬੇਵਜ੍ਹਾ ਨਾਰਾਜ਼ਗੀ ਝਲਣੀ ਪੈਂਦੀ ਸੀ ਅਤੇ ਦੂਜਾ, ਉਸ ਦੀ ਥਾਂ 'ਕੰਮ'
ਨੂੰ ਅੰਜਾਮ ਦੇਣ ਵਾਲਿਆਂ ਦੀ ਵੀ ਲਾਈਨ ਲੱਗ ਜਾਂਦੀ ਸੀ।
ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਗੁਮਸ਼ੁਦਗੀ ਅਤੇ
ਹਤਿਆ ਦੇ ਕੇਸ ਦਾ ਜ਼ਿਕਰ ਕਰਦਿਆਂ ਪਿੰਕੀ ਨੇ ਕਿਹਾ ਕਿ ਇਸ ਕੇਸ ਵਿਚ ਸਜ਼ਾ ਭੁਗਤ ਰਹੇ ਤਤਕਾਲੀ
ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਖਾਲੜਾ ਨੂੰ ਕਿਸ ਨੇ
ਮਾਰਿਆ ਸੀ?
ਪਿੰਕੀ ਨੇ ਦਾਅਵਾ ਕੀਤਾ
ਕਿ ਅਗੱਸਤ-ਸਤੰਬਰ 1995 ਦੌਰਾਨ ਤਤਕਾਲੀ ਪੁਲਿਸ ਮੁਖੀ ਕੇ.ਪੀ.ਐੱਸ. ਗਿੱਲ ਨੇ ਖ਼ੁਦ ਤਰਨਤਾਰਨ
'ਚ ਡੇਰੇ ਲਾ ਲਏ ਸਨ ਅਤੇ ਮੌਕੇ ਦੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ
ਸਪੱਸ਼ਟ 'ਆਰਡਰ' ਦਿਤਾ ਸੀ ਕਿ ਜਦ ਤਕ ਖਾਲੜੇ ਨੂੰ ਖ਼ਤਮ ਨਹੀਂ ਕਰ ਦਿੰਦੇ, ਉਦੋਂ ਉਹ (ਗਿੱਲ)
ਵਾਪਸ ਨਹੀਂ ਜਾਵੇਗਾ।
ਪਿੰਕੀ ਨੇ ਕਿਹਾ ਕਿ ਗਿੱਲ ਅਤੇ ਸੁਮੇਧ ਸਿੰਘ ਸੈਣੀ ਵਰਗੇ ਤਤਕਾਲੀ
ਅਫ਼ਸਰ ਖ਼ੁਦ ਤਾਂ ਉੱਚ ਅਹੁਦਿਆਂ 'ਤੇ ਬਿਰਾਜਮਾਨ ਹਨ ਪਰ ਉਨ੍ਹਾਂ ਦੇ ਹੁਕਮਾਂ ਦੇ ਬੱਝੇ ਹੇਠਲੇ
ਮੁਲਾਜ਼ਮ ਅਤੇ ਕਈ ਡੀ.ਐਸ.ਪੀ. ਪੱਧਰ ਦੇ ਵੀ ਅਧਿਕਾਰੀ ਅਪਣੇ 'ਆਕਾਵਾਂ' ਦੀਆਂ ਵਿਭਾਗ-ਮਾਰੂ
ਨੀਤੀਆਂ ਅਤੇ ਮਨਮਾਨੀਆਂ ਦੀ ਸਜ਼ਾ ਅੱਜ ਵੀ ਜੇਲਾਂ 'ਚ ਭੁਗਤ ਰਹੇ ਹਨ।
ਪਿੰਕੀ ਨੇ ਕਿਹਾ ਕਿ ਜੇ ਖਾੜਕੂਵਾਦ ਦੌਰਾਨ ਪੁਲਿਸ ਮੁਕਾਬਲਿਆਂ ਅਤੇ
ਮਨੁੱਖੀ ਹੱਕਾਂ ਦੀ ਉਲੰਘਣਾ ਦੀ ਸਜ਼ਾ ਉਦੋਂ ਦੇ ਪੁਲਿਸ ਵਾਲਿਆਂ ਨੂੰ ਮਿਲਦੀ ਹੈ, ਤਾਂ ਇਸ ਲਈ
ਜ਼ਿੰਮੇਵਾਰ ਤਤਕਾਲੀ ਉੱਚ ਪੁਲਿਸ ਅਫ਼ਸਰਾਂ ਨੂੰ ਸੱਭ ਤੋਂ ਪਹਿਲਾਂ ਨਾਮਜ਼ਦ ਕਰਨਾ ਚਾਹੀਦਾ ਹੈ।