Share on Facebook

Main News Page

ਜਨਤਕ ਹੱਕਾਂ ਉੱਤੇ ਜਨੂੰਨੀ ਸਰਕਾਰਾਂ ਅਤੇ ਗੱਦਾਰਾਂ ਦੇ ਡਾਕੇ
-: ਅਵਤਾਰ ਸਿੰਘ ਮਿਸ਼ਨਰੀ 510-432-5827

ਜਦ ਦਾ ਵੀ ਸੰਸਾਰ ਹੋਂਦ ਵਿੱਚ ਆਇਆ ਹੈ, ਇਸ ਵਿੱਚ ਕਰਤਾਰ ਨੇ ਭਾਂਤ ਸੁਭਾਂਤੇ ਜੀਵ ਜੰਤੂ ਅਤੇ ਹੋਰ ਬਹੁਤ ਕੁਝ ਪੈਦਾ ਕੀਤਾ ਹੈ। ਉਸ ਨੇ ਆਪਣੇ ਹੁਕਮ ਵਿੱਚ ਸਭ ਲਈ ਖਾਣ, ਪੀਣ ਅਤੇ ਰਹਿਣ ਲਈ ਸਾਧਨ ਵੀ ਪੈਦਾ ਕੀਤੇ ਹਨ। ਹਵਾ, ਪਾਣੀ, ਅਕਾਸ਼ ਅਤੇ ਧਰਤੀ ਉਸ ਪ੍ਰਵਿਦਗਾਰ ਨੇ ਸਭ ਲਈ ਦਿੱਤੇ ਹਨ। ਉਹ ਦਾਤਾ ਹੈ ਅਤੇ ਸਭ ਨੂੰ ਦੇਵਣਹਾਰ ਹੈ- ਦਦਾ ਦਾਤਾ ਏਕੁ ਹੈ ਸਭ ਕਉ ਦੇਵਣਹਾਰ॥ (257) ਉਹ ਪਰੀਪੂਰਨ ਪ੍ਰਮਾਤਮਾਂ ਹੀ ਸਭ ਦਾ ਪਿਤਾ ਹੈ- ਏਕੁ ਪਿਤਾ ਏਕਸ ਕੇ ਹਮ ਬਾਰਿਕ॥ (611) ਉਸ ਦੇ ਪੈਦਾ ਕੀਤੇ ਹੋਏ ਪਦਾਰਥਾਂ ਦੇ ਸਾਰੇ ਹੀ ਸਾਂਝੀਵਾਲ ਹਨ- ਸਭੇ ਸਾਂਝੀਵਾਲ ਸਦਾਇਨਿ॥ (97)

ਦੇਖੋ! ਜਦ ਤੋਂ ਛੋਟੇ ਕਬੀਲੇ, ਰਾਜ ਅਤੇ ਸਰਕਾਰਾਂ ਹੋਂਦ ਵਿੱਚ ਆਈਆਂ ਹਨ, ਸੁਆਰਥੀ, ਪਾਰਟੀਬਾਜ਼ ਅਤੇ ਚਾਲਬਾਜ ਲੋਕ ਆਗੂ ਬਣੇ ਹਨ, ਉਨ੍ਹਾਂ ਨੇ ਜਨਤਾ ਦੇ ਹੱਕਾਂ ਤੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਆਪਣੇ ਸੁਆਰਥਾਂ ਅਤੇ ਲਾਲਚਾਂ ਲਈ, ਰਾਜਸ਼ਕਤੀ ਅਤੇ ਗੰਦੀ ਰਾਜਨੀਤੀ ਦੀ ਧੌਂਸ ਨਾਲ, ਅਣਮਨੁੱਖੀ ਵਰਤਾਰੇ ਵਰਤਾ ਅਤੇ ਆਪ ਹੁਦਰੇ ਹੁਕਮ ਚਲਾ ਕੇ, ਜਨਤਾ ਨੂੰ ਲੁੱਟਿਆ, ਕੁੱਟਿਆ ਅਤੇ ਜ਼ਬਰੀ ਉਨ੍ਹਾਂ ਦੇ ਹੱਕ ਖੋਹੇ ਹਨ। ਇਸ ਕਰਕੇ ਜਦ ਵੀ ਜਨਤਾ ਆਪਣੇ ਹੱਕਾਂ ਲਈ ਜਾਗੀ, ਉਸ ਨੇ ਹਰ ਹੀਲਾ ਚਾਰਾ, ਨੀਤੀ ਅਤੇ ਮੌਕੇ ਦੇ ਹਥਿਆਰ ਵਰਤ ਕੇ ਕਈ ਵਾਰ ਰਾਜ ਪਲਟੇ ਵੀ ਕੀਤੇ।

ਸੱਚ, ਹੱਕ ਅਤੇ ਇਨਸਾਫ  ਲਈ ਕਈ ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਵੀ ਅਵਾਜ਼ ਉਠਾਈ ਭਾਵੇਂ ਉਹ ਹਿੰਦੂ, ਮੁਸਲਿਮ, ਈਸਾਈ, ਬੋਧੀ, ਸਿੱਖ ਜਾਂ ਕੋਈ ਹੋਰ ਮਨੁੱਖਤਾ ਨਾਲ ਹਮਦਰਦੀ ਰੱਖਣਵਾਲਾ ਆਗੂ ਸੀ ਪਰ ਵਕਤੀਆ ਜ਼ਾਬਰ ਸਰਕਾਰਾਂ ਨੇ ਉਨ੍ਹਾਂ ਨੂੰ ਵੀ ਭਿਆਨਕ ਤੋਂ ਭਿਆਨਕ ਸਜਾਵਾਂ ਦਿੱਤੀਆਂ ਅਤੇ ਬਹੁਤਿਆਂ ਨੂੰ ਬੜੀ ਬੇਕਿਰਕੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਪਰ ਸੱਚ, ਹੱਕ ਅਤੇ ਇਨਸਾਫ ਦੀ ਗੱਲ ਕਰਨ ਵਾਲੇ ਲੋਕ ਹਰ ਸਮੇਂ ਪੈਦਾ ਹੁੰਦੇ ਰਹੇ ਅਤੇ ਰਹਿਣਗੇ।

ਦੁਨੀਆਂ ਦਾ ਇਤਿਹਾਸ ਤਾਂ ਬਹੁਤ ਵੱਡਾ ਹੈ ਪਰ ਆਪਾਂ ਭਾਰਤ ਵਰਗੇ ਮੰਨੇ ਜਾਂਦੇ ਰਿਸ਼ੀਆਂ, ਮੁਨੀਆਂ, ਭਗਤਾਂ ਅਤੇ ਗੁਰੂਆਂ ਪੀਰਾਂ ਦੇ ਦੇਸ਼ ਨੂੰ ਜ਼ਾਲਮ ਮੁਗਲ ਅਤੇ ਫਰੰਗੀ ਸਰਕਾਰਾਂ ਤੋਂ ਅਜ਼ਾਦ ਕਰਾਉਣ ਲਈ, ਘੱਟ ਤੋਂ ਘੱਟ ਗਿਣਤੀ ਵਿੱਚ ਹੁੰਦੇ ਹੋਏ ਵੱਧ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਪੰਜਾਬੀ ਖਾਸ ਕਰਕੇ ਸਿੱਖਾਂ ਦਾ ਜ਼ਿਕਰ ਕਰਦੇ ਹਾਂ ਜਿਨ੍ਹਾਂ ਨੂੰ ਭਾਰਤ ਸਰਕਾਰ ਬਣਨ ਤੋਂ ਥੋੜਾ ਚਿਰ ਬਾਅਦ ਜ਼ਰਾਇਮਪੇਸ਼ਾ ਕੌਮ ਕਹਿ ਕੇ ਦਬਾਉਣਾਂ ਅਤੇ ਕੌਮ ਦੇ ਲੀਡਰਾਂ ਨੂੰ ਵੱਡੇ-ਵੱਡੇ ਲਾਲਚ ਦੇ ਕੇ ਪਾੜੋ ਅਤੇ ਰਾਜ ਕਰੋ ਨੀਤੀ ਤਹਿਤ ਖ੍ਰੀਦਣਾਂ ਸ਼ੁਰੂ ਕਰ ਦਿੱਤਾ। ਅਣਖੀ ਪੰਜਾਬੀਆਂ ਅਤੇ ਸਿੱਖਾਂ ਨੇ ਆਪਣੇ ਹੱਕਾਂ ਲਈ ਕਈ ਮੋਰਚੇ ਲਾਏ ਪਰ ਫਿਰਕਾਪ੍ਰਸਤ ਸਰਕਾਰ ਨੇ ਇੱਡੇ ਵੱਡੇ ਭਾਰਤ ਵਿੱਚ, ਮਹਾਂ ਪੰਜਾਬ ਨੂੰ ਵੀ ਪੰਜਾਬੀ ਬੋਲਦੇ ਬਹੁਤੇ ਇਲਾਕੇ ਕੱਟ ਕੇ ਲੰਗੜਾ ਜਿਹਾ ਪੰਜਾਬ ਦਿੱਤਾ ਪਰ ਉਸ ਵਿੱਚ ਵੀ ਮਤਰੇਈ ਮਾਂ ਵਾਲਾ ਵਿਤਕਰਾ ਕਰਦੇ ਹੋਏ ਪੰਜਾਬੀ ਸਿੱਖਾਂ ਦੇ ਹੱਕ ਖੋਹ ਲਏ ਗਏ।

ਆਪਣੇ ਹੱਕਾਂ ਦੀ ਖਾਤਰ ਪੰਜਾਬੀਆਂ ਅਤੇ ਖਾਸ ਕਰ ਸਿੱਖਾਂ ਨੇ ਮੋਰਚੇ ਲਾਏ, ਵੱਡੀਆਂ-ਵੱਡੀਆਂ ਕਾਨੂੰਨੀ ਲੜਾਈਆਂ ਲੜੀਆਂ ਪਰ ਬਦਨੀਤ ਭਾਰਤ ਸਰਕਾਰ ਨੇ ਗੁਰਾਂ ਦੇ ਨਾਂ ਤੇ ਵਸਦੇ ਪੰਜਾਬ ਨੂੰ ਹੱਕ ਤਾਂ ਕੀ ਦੇਣੇ ਸੀ ਸਗੋਂ ਹੋਰ ਲੁੱਟਣਾਂ, ਕੁੱਟਣਾਂ ਅਤੇ ਉਜਾੜਨਾਂ ਸ਼ੁਰੂ ਕਰ ਦਿੱਤਾ। ਪੰਜਾਬ ਵਿੱਚ ਲਚਰਤਾ ਫੈਲਾਈ, ਨਸ਼ਿਆਂ ਦੀ ਭਰਮਾਰ ਕੀਤੀ ਅਤੇ ਵਹਿਸ਼ੀ ਪੰਜਾਬ-ਪੁਲੀਸ ਰਾਹੀਂ ਪੰਜਾਬ ਦੇ ਜਵਾਨਾਂ ਦਾ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ। ਪੰਜਾਬ ਦੀਆਂ ਧੀਆਂ-ਭੈਣਾਂ ਨਾਲ ਵੀ ਬਦਤਮੀਜ਼ੀ ਸ਼ੁਰੂ ਕਰ ਦਿੱਤੀ। ਉਸ ਵੇਲੇ ਅਕਾਲੀਆਂ ਨੇ ਮੋਰਚਿਆਂ ਅਤੇ ਰੋਸ-ਮਾਰਚਾਂ ਦੇ ਰੂਪ ਵਿੱਚ ਇਸ ਸਭ ਕੁਝ ਦਾ ਵਿਰੋਧ ਵੀ ਕੀਤਾ। ਜਦ ਸਰਕਾਰ ਨੇ ਦਲੀਲ, ਅਪੀਲ ਅਤੇ ਵਕੀਲ ਦੀ ਵੀ, ਕੋਈ ਪ੍ਰਵਾਹ ਨਾਂ ਕੀਤੀ ਤਾਂ ਸਰਕਾਰੀ ਅਤਿਆਚਾਰ ਦੇ ਸਤਾਏ ਹੋਏ ਪੰਜਾਬੀ ਸਿੱਖ ਜਵਾਨਾਂ ਨੇ ਹਥਿਆਰ ਚੁੱਕ ਲਏ ਅਤੇ ਆਪਣੇ ਹੱਕਾਂ ਲਈ ਲੜਨਾ-ਮਰਨਾਂ ਸ਼ੁਰੂ ਕਰ ਦਿੱਤਾ। ਇਸ ਘਰੇਲੂ ਲੜਾਈ ਵਿੱਚ ਜਦ ਵੱਡੇ-ਵੱਡੇ ਫਿਰਕਾਪ੍ਰਤ ਤੇ ਹੰਕਾਰੀ ਲੀਡਰ ਮਰਨ ਲੱਗੇ ਤਾਂ ਹੱਕ ਮੰਗ ਰਹੇ ਲੋਕਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਨੇਸਤੋ-ਨਬੂਦ ਕਰਨ ਲਈ ਵੱਡੀ ਪੱਧਰ ਤੇ ਫੌਜ ਅਤੇ ਪੁਲੀਸ ਨੂੰ ਬੇਮੁਹਾਰੀ ਤਾਕਤ ਦੇ ਕੇ, ਬੇਕਸੂਰ ਪੰਜਾਬੀ ਨੌਜਵਾਨਾਂ ਨੂੰ ਚੁਣ-ਚੁਣ ਕੇ ਮਾਰਨਾਂ ਸ਼ੁਰੂ ਕਰ ਦਿੱਤਾ ਅਤੇ ਵੱਡੀ ਪੱਧਰ ਤੇ ਫਿਰੌਤੀਆਂ ਲੈ ਲੈ ਕੇ ਘਰਾਂ ਦੇ ਘਰ ਉਝਾੜ ਦਿੱਤੇ। ਮਨੁੱਖਤਾ ਨੂੰ ਸਰਬਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲਾ ਸਿੱਖਾਂ ਦਾ ਕੇਂਦਰੀ ਅਸਥਾਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਸ੍ਰੀ ਅਕਾਲ ਤਖਤ ਸਾਹਿਬ ਅਤੇ ਕਈ ਹੋਰ ਇਤਿਹਾਸਕ ਗੁਰਦੁਆਰਿਆਂ ਉੱਤੇ ਭਾਰਤ ਸਰਕਾਰ ਵੱਲੋਂ ਫੌਜੀ ਹਮਲਾ ਕਰਕੇ, ਗੁਰੂ ਗ੍ਰੰਥ ਸਾਹਿਬ ਦੇ ਸੈਂਕੜੇ ਇਤਿਹਾਸਕ ਸਰੂਪ ਆਦਿਕ ਸਿੱਖ ਲਿਟ੍ਰੇਚਰ ਸਾੜਿਆ ਅਤੇ ਲੱਖਾਂ ਦੀ ਗਿਣਤੀ ਵਿੱਚ ਨੌਜਵਾਨਾਂ ਨੂੰ ਮਾਰ ਮੁਕਾਇਆ ਐਂਮਰਜੰਸੀ ਲਾ ਕੇ, ਰਾਸ਼ਟਰਪਤੀ ਰਾਜ ਸ਼ੁਰੂ ਕਰ ਦਿੱਤਾ। ਕੇਂਦਰੀ ਸਰਕਾਰ ਨੇ ਝੋਲੀ ਚੁੱਕ ਗਦਾਰ ਲੀਡਰਾਂ ਨਾਲ ਮਿਲ ਕੇ ਪੰਜਾਬ ਵਿੱਚ ਲੰਗੜੀਆਂ ਸਰਕਾਰਾਂ ਬਣਾਈਆਂ, ਜਿਨ੍ਹਾਂ ਨੇ ਗੁਰੂਆਂ ਪੀਰਾਂ ਦੇ ਹਰੇ ਭਰੇ ਪੰਜਾਬ ਨੂੰ ਅੱਜ ਬਿਲਕੁਲ ਸੁਕਾ ਕੇ ਰੱਖ ਦਿੱਤਾ ਹੈ।

ਕਾਂਗਰਸ ਤੋਂ ਬਾਅਦ ਹੁਣ ਅਖੌਤੀ ਅਕਾਲੀ ਸਰਕਾਰ ਹੈ ਜੋ ਤੰਗਦਿਲ ਅਤੇ ਮੁਤੱਸਬੀ ਪਾਰਟੀ ਭਾਜਪਾ ਨਾਲ ਮਿਲ ਕੇ ਰਾਜ ਕਰ ਰਹੀ ਹੈ। ਇਸ ਨੇ ਤਾਂ ਵੋਟਾਂ ਦੀ ਖਾਤਰ ਸਾਰੇ ਹੱਦ-ਬੰਨੇ ਹੀ ਟੱਪ ਦਿੱਤੇ ਹਨ। ਸਿੱਖਾਂ ਦੀ ਸ਼੍ਰੋਮਣੀ ਕਮੇਟੀ ਉੱਤੇ ਸਰਕਾਰੀ ਦਖਲ ਨਾਲ ਕਬਜ਼ਾ, ਦੇਹਧਾਰੀ ਗੁਰੂ ਡੰਮ ਚਲਾ ਕੇ ਜਨਤਾ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਲੁੱਟਣ ਵਾਲੇ ਡੇਰੇਦਾਰ ਸਾਧ ਸੰਪ੍ਰਦਾਈਆਂ ਨੂੰ ਪ੍ਰਮੋਟ ਕੀਤਾ ਹੈ। ਚੋਣਾਂ ਵਿੱਚ ਸ਼ਰਾਬ, ਭੁੱਕੀ ਤੋਂ ਲੈ ਕੇ ਹਰ ਪ੍ਰਕਾਰ ਦਾ ਨਸ਼ਾ ਤੇ ਪੈਸਾ ਵੰਡਿਆ ਜਾਂਦਾ ਹੈ ਅਤੇ ਦਲ ਬਦਲੂ ਲੀਡਰ ਖਰੀਦੇ ਜਾਂਦੇ ਹਨ। ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਸ਼੍ਰੋਮਣੀ ਅਤੇ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਵੀ ਸਿੱਖ ਧਰਮ ਵਿਰੁੱਧ ਨਸ਼ੇ ਵਰਤਾਏ ਅਤੇ ਵੋਟਰ ਖਰੀਦੇ ਜਾਣ ਲੱਗ ਪਏ ਹਨ।

ਹੋਰ ਤਾਂ ਹੋਰ ਸ਼੍ਰੋਮਣੀ  ਕਮੇਟੀ ਰਾਹੀਂ ਪ੍ਰਕਾਸ਼ਤ  ਪੁਸਤਕਾਂ ਵਿੱਚ ਸਿੱਖ ਗੁਰੂਆਂ ਨੂੰ ਡਾਕੂ, ਚੋਰ, ਬਦਮਾਸ਼ ਅਤੇ ਚਤ੍ਰਿਰਹੀਨ ਲਿਖਿਆ ਜਾਂਦਾ ਹੈ। ਗੁਰਦੁਆਰਿਆਂ ਵਿੱਚ ਅਨਮਤੀ ਤਿਉਹਾਰ ਪੁੰਨਿਆਂ, ਮੱਸਿਆ, ਸੰਗ੍ਰਾਂਦ, ਪੰਚਕਾਂ ਅਤੇ ਲੋਹੜੀਆਂ ਆਦਿਕ ਮਨਾਈਆਂ ਜਾਂਦੀਆਂ ਹਨ। ਸਿੱਖ ਕੌਮ ਦੀ ਵੱਖਰੀ ਹੋਂਦ ਦਾ ਲਖਾਇਕ ਨਾਨਕਸ਼ਾਹੀ-ਕੈਲੰਡਰ, ਬਿਕਰਮੀ-ਕੈਲੰਡਰ ਨਾਲ ਰਲ ਗਡ ਕਰਕੇ ਵਿਗਾੜ ਦਿੱਤਾ ਅਤੇ ਗੁਰੂ ਗ੍ਰੰਥ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਖੜਾ ਕਰ ਦਿੱਤਾ ਗਿਆ ਹੈ। ਆਰ. ਐਸ. ਐਸ. ਅਤੇ ਡੇਰੇਦਾਰ ਸਾਧਾਂ ਨੇ ਸਿੱਖ ਵਿਰਸੇ, ਇਤਿਹਾਸ ਅਤੇ ਗ੍ਰੰਥਾਂ ਵਿੱਚ ਰਲਾ ਕਰਨਾਂ ਸ਼ੁਰੂ ਕਰ ਦਿੱਤਾ ਹੈ। ਗੁਰੂ ਬਾਬਾ ਨਾਨਕ ਦੇ ਨਿਰਮਲ ਪੰਥ ਵਿੱਚ ਵਹਿਮਾਂ, ਭਰਮਾਂ, ਥੋਥੇ ਕਰਮਕਾਂਡਾਂ, ਜਾਤ-ਪਾਤ, ਛੂਆ-ਛਾਤ, ਪਾਖੰਡੀ ਸਾਧਾਂ ਅਤੇ ਲਾਲਚੀ ਪ੍ਰਚਾਰਕਾਂ ਦੀ ਮੈਲ ਪਾਉਣੀ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਸਿੱਖ ਗੁਰਧਾਮਾਂ-ਤਖਤਾਂ ਆਦਿਕ ਉੱਤੇ ਆਪਣੀ ਮਰਜੀ ਦੇ ਪੁਜਾਰੀ ਜਥੇਦਾਰ ਥਾਪ ਕੇ, ਕੌਮੀ ਅਤੇ ਪੰਥ ਦਰਦੀ ਸਿੱਖ ਵਿਦਵਾਨਾਂ ਅਤੇ ਲੀਡਰਾਂ ਨੂੰ ਪੰਥ ਚੋਂ ਛੇਕਣਾ ਸ਼ੁਰੂ ਕੀਤਾ ਅਤੇ ਮੀਡੀਏ ਉੱਤੇ ਵੀ ਸਰਕਾਰੀ ਕੰਟਰੋਲ ਦਾ ਸਕੰਜਾ ਕੱਸਿਆ ਹੋਇਆ ਹੈ।

ਅੱਜ ਜੇ ਥੋੜੀ ਬਹੁਤੀ ਸਿੱਖੀ ਬਚੀ ਹੈ ਤੇ ਪੰਜਾਬੀ ਅਤੇ ਸਿੱਖ ਆਪਣੇ ਹੱਕਾਂ ਦੀ ਅਵਾਜ਼ ਬੁਲੰਦ ਕਰਦੇ ਹਨ ਤਾਂ ਉਹ ਵਿਦੇਸ਼ੀਂ ਰਹਿੰਦੇ ਹੋਣ ਕਰਕੇ ਕਰਦੇ ਹਨ ਕਿਉਂਕਿ ਓਥੇ ਸਰਕਾਰਾਂ ਲੋਕਾਂ ਦੇ ਹੱਕਾਂ ਪ੍ਰਤੀ ਸੁਹਿਰਦ ਹਨ ਅਤੇ ਮੀਡੀਆ ਅਜ਼ਾਦ ਹੈ। ਹਰ ਕੋਈ ਆਪਣੇ ਹੱਕਾਂ ਦੀ ਗਲ ਕਰ ਸਕਦਾ ਹੈ।

ਦਾਸ ਲੇਖਕ ਅਤੇ ਪ੍ਰਚਾਰਕ  ਹੋਣ ਦੇ ਨਾਤੇ, ਆਪਣੇ ਹਮਸਾਥੀ ਲੇਖਕਾਂ, ਪ੍ਰਚਾਰਕਾਂ ਅਤੇ ਧਰਮ, ਸਮਾਜ ਸੇਵੀ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਨੂੰ ਪੁਰਜੋਰ ਬੇਨਤੀ ਕਰਦਾ ਹੈ ਕਿ ਆਪਣੀਆਂ ਕਲਮਾਂ ਅਤੇ ਵਿਚਾਰਾਂ ਨੂੰ ਆਪਣੇ ਹੱਕਾਂ ਲਈ ਵਰਤੋ, ਧਰਮ ਅਸਥਾਨਾਂ ਅਤੇ ਮੀਡੀਏ ਰਾਹੀਂ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਨੌਂਜਵਾਨਾਂ ਅਤੇ ਸੰਸਥਾਵਾਂ ਦੇ ਹੱਕ ਵਿੱਚ ਵੱਧ ਤੋਂ ਵੱਧ ਪ੍ਰਚਾਰ ਕਰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕਰੋ, ਇਹ ਤੁਹਾਡਾ ਹੱਕ ਹੈ। ਸਦਾ ਯਾਦ ਰੱਖੋ! ਹੱਕ ਮੰਗੇ ਨਹੀਂ ਸਗੋਂ ਆਪਾ ਵਾਰ ਕੇ, ਖੋਹੇ ਜਾਂ ਪ੍ਰਾਪਤ ਕੀਤੇ ਜਾਂਦੇ ਹਨ ਜਿਵੇਂ ਸ਼ਹੀਦ ਭਗਤ ਸਿੰਘ,ਰਾਜ ਗੁਰੂ, ਸੁਖਦੇਵ ਅਤੇ ਨੇਤਾ ਜੀ ਸ਼ੁਭਾਸ਼ ਚੰਦਰ ਬੋਸ ਵਰਗੇ ਯੋਧਿਆਂ ਨੇ ਵੀ ਸਿੱਖਾਂ ਵਾਂਗ ਫਰੰਗੀਆਂ ਤੋਂ ਆਪਾ ਵਾਰ ਕੇ ਖੋਹੇ ਅਤੇ ਭਾਰਤ ਨੂੰ ਅਜ਼ਾਦ ਕਰਵਾਇਆ ਸੀ।

ਅੱਜ ਅਜ਼ਾਦ ਭਾਰਤ ਵਿੱਚ ਘੱਟ ਗਿਣਤੀਆਂ ਖਾਸ ਕਰਕੇ ਪੰਜਾਬੀ ਸਿੱਖ ਹਰ ਪੱਖੋਂ ਗੁਲਾਮ ਹਨ ਜੋ ਕਿਸੇ ਤਰ੍ਹਾਂ ਵੀ ਆਪਣੇ ਹੱਕਾਂ ਦੀ ਅਵਾਜ਼ ਨਹੀਂ ਉਠਾ ਸਕਦੇ,ਜੇ ਕਦੇ ਸਿੰਘ ਸੁਭਾਅ ਕਰਕੇ ਉਠਾਉਂਦੇ ਵੀ ਹਨ ਤਾਂ ਉਨ੍ਹਾਂ ਦੇ ਹੱਕਾਂ ਦੀ ਅਵਾਜ਼ ਨੂੰ ਸਰਕਾਰੀ ਜ਼ਬਰ-ਜ਼ੁਲਮ ਨਾਲ ਦਬਾਅ ਦਿੱਤਾ ਜਾਂਦਾ ਹੈ ਜਾਂ ਮਾਰ-ਕੁਟਾਈ, ਬੇਇਜ਼ਤੀ ਕਰਕੇ ਜੇਲ੍ਹਾਂ ਵਿੱਚ ਡੱਕ ਅਤੇ ਫਾਂਸੀ ਦੇ ਤਖਤੇ ਤੇ ਚਾੜ੍ਹ ਦਿੱਤਾ ਜਾਂਦਾ ਹੈ। ਇਉਂ ਆਏ ਦਿਨ ਸਾਡੇ ਹੱਕਾਂ ਤੇ ਸਰਕਾਰੀ ਜਨੂੰਨੀਆਂ ਅਤੇ ਫਿਰਕਾਪ੍ਰਸਤ ਪਾਰਟੀਆਂ ਵੱਲੋਂ ਬੇਖੌਫ ਡਾਕੇ ਮਾਰਨੇ ਜਾਰੀ ਹਨ। ਕੀ ਅਜੇ ਵੀ ਸਿੱਖ ਜਥੇਬੰਦੀਆਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਇਕੱਠੀਆਂ ਹੋ ਕੇ,ਘੱਟ ਤੋਂ ਘੱਟ ਸਿੱਖ ਸਿਧਾਂਤਾਂ ਦਾ ਮਲੀਆਮੇਟ ਕਰਨ ਵਾਲੀ ਸਰਕਾਰ ਅਤੇ ਸਰਕਾਰੀ ਹੱਥ-ਠੋਕੇ ਡੇਰੇਦਾਰਾਂ ਤੇ ਜਥੇਦਾਰਾਂ ਦਾ ਖਹਿੜਾ ਨਹੀਂ ਛੱਡਣਗੀਆਂ? ਜੋ ਹੱਕਾਂ ਲਈ ਲੜਨ ਵਾਲਿਆਂ ਦੀਆਂ ਮੁਖਬਰੀਆਂ ਕਰਕੇ ਅਤੇ ਸਿੱਖ ਸਿਧਾਤਾਂ ਨੂੰ ਪੈਰਾਂ ਹੇਠ ਰੋਲ ਕੇ, ਸਿੱਖ ਕੌਮ ਦੀ ਜੜ੍ਹੀਂ ਤੇਲ ਦੇ ਰਹੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top