Share on Facebook

Main News Page

ਸੁਖਬੀਰ ਬਾਦਲ ਦਾ ਹਮਲਾਵਰ ਸੁਰ, ਕੁਝ ਇਸ ਤਰ੍ਹਾਂ ਕੀਤੀਆਂ ਟਿੱਪਣੀਆਂ

ਚੰਡੀਗੜ੍ਹ (ਪਰਾਸ਼ਰ) - ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਅਕਾਲੀ ਦਲ ਵਲੋਂ ਬਠਿੰਡਾ ਵਿਚ ਆਯੋਜਿਤ ਕੀਤੀ ਗਈ ਵਿਸ਼ਾਲ ਸਦਭਾਵਨਾ ਰੈਲੀ ਪ੍ਰਦੇਸ਼ ਦੀ ਰਾਜਨੀਤੀ ਵਿਚ ਇਕ ਮੀਲ ਦਾ ਪੱਥਰ ਸਾਬਿਤ ਹੋਈ ਹੈ, ਜਿਸ ਨੇ ਪ੍ਰਦੇਸ਼ ਦੇ ਮਹੌਲ ਨੂੰ ਬਦਲ ਕੇ ਰੱਖ ਦਿੱਤਾ ਹੈ। ਰੈਡੀਕਲ ਦੇ ਖਾਲਿਸਤਾਨੀ ਅਨਸਰਾਂ ਵਲੋਂ ਕਾਂਗਰਸ ਦੇ ਸਹਿਯੋਗ ਨਾਲ ਬੀਤੇ ਮਹੀਨੇ ਆਯੋਜਿਤ ਕੀਤੇ ਗਏ ਸਰਬੱਤ ਖਾਲਸਾ ਦੇ ਰਾਹੀਂ ਪੰਜਾਬ ਦੀ ਸਥਿਤੀ ਨੂੰ ਵਿਗਾੜਨ ਦੀ ਸਾਜਿਸ਼ ਨਾਕਾਮ ਹੋ ਰਹੀ ਹੈ। ਅਕਾਲੀ ਦਲ ਵਲੋਂ ਕੱਲ੍ਹ ਮੋਗਾ ਵਿਚ ਆਯੋਜਿਤ ਕੀਤੀ ਜਾਣ ਵਾਲੀ ਸਦਭਾਵਨਾ ਰੈਲੀ ਬਠਿੰਡਾ ਜਿਹੀ ਹੀ ਵਿਸ਼ਾਲ ਰੈਲੀ ਸਾਬਿਤ ਹੋਵੇਗੀ। ਜਿਸ ਵਿਚ ਹਰ ਨਜ਼ਦੀਕੀ ਹਲਕੇ ਤੋਂ 5 ਤੋਂ 10 ਹਜ਼ਾਰ ਲੋਕ ਭਾਗ ਲੈਣਗੇ। ਰੈਲੀ ਵਿਚ ਭਾਗ ਲੈਣ ਲਈ ਉਹ ਲੁਧਿਆਣਾ ਤੋਂ ਮੋਗਾ ਤੱਕ ਰੋਡ ਸ਼ੋਅ ਕਰਨਗੇ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਾਰਟੀ ਵਰਕਰ, ਮੋਟਰਸਾਈਕਲ, ਕਾਰਾਂ, ਬੱਸਾਂ ਆਦਿ ਭਾਗ ਲੈਣਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੂਬਾ ਸਰਕਾਰ ਕਿਸੇ ਵੀ ਕੀਮਤ 'ਤੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਵਿਗੜਨ ਨਹੀਂ ਦੇਵੇਗੀ ਤੇ ਗੜਬੜ ਫੈਲਾਉਣ ਵਾਲੇ ਅਨਸਰਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।

ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਮੁੜ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੀ ਰਾਜਨੀਤੀ ਸਥਿਤੀ 'ਤੇ ਉਨ੍ਹਾਂ ਦੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਕੈਪਟਨ ਵੀ ਪਾਰਟ ਟਾਈਮ ਮੁੱਖ ਮੰਤਰੀ ਰਹੇ ਹਨ ਤੇ ਹੁਣ ਵੀ ਉਹ ਪਾਰਟ ਟਾਈਮ ਸੂਬਾ ਕਾਂਗਰਸ ਪ੍ਰਧਾਨ ਰਹਿਣਗੇ ਕਿਉਂਕਿ ਉਨ੍ਹਾਂ ਵਿਚ ਫੁਲ ਟਾਈਮ ਕੰਮ ਕਰਨ ਦੀ ਸਮਰੱਥਾ ਹੀ ਨਹੀਂ ਹੈ। ਉਂਝ ਵੀ ਉਨ੍ਹਾਂ ਦੀ ਸਿਹਤ ਖਰਾਬ ਹੀ ਰਹਿੰਦੀ ਹੈ। ਅਮਰਿੰਦਰ ਜਿਹੇ ਬਜ਼ੁਰਗ ਨੇਤਾ ਨੂੰ ਪਾਰਟੀ ਦੀ ਕਮਾਨ ਸੰਭਾਲ ਕੇ ਕਾਂਗਰਸ ਦੀ ਲੀਡਰਸ਼ਿਪ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ? ਨੌਜਵਾਨ ਵਰਗ ਕਦੇ ਵੀ ਇਕ ਬੁੱਢੇ ਨੇਤਾ ਨਾਲ ਨਹੀਂ ਜੁੜ ਸਕਦਾ। ਆਪਣੇ ਪੰਜ ਸਾਲ ਵਿਚ ਬਤੌਰ ਮੁੱਖ ਮੰਤਰੀ ਦੇ ਕਾਰਜਕਾਲ ਵਿਚ ਅਮਰਿੰਦਰ ਨੇ ਇਕ ਵੀ ਅਜਿਹਾ ਕੰਮ ਨਹੀਂ ਕੀਤਾ, ਜਿਸ ਨੂੰ ਲੋਕ ਯਾਦ ਕਰਦੇ ਹੋਣ ਤੇ ਜਿਸ ਨਾਲ ਪੰਜਾਬ ਦਾ ਕੋਈ ਭਲਾ ਹੋਇਆ ਹੋਵੇ।

ਉਨ੍ਹਾਂ ਕਿਹਾ ਕਿ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿਚ ਮੁਕਾਬਲਾ ਅਕਾਲੀ-ਭਾਜਪਾ, ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚ ਤ੍ਰਿਕੋਣੀ ਹੋਵੇਗਾ। ਆਮ ਆਦਮੀ ਪਾਰਟੀ ਦੇ ਪ੍ਰਭਾਵ ਨੂੰ ਕੁੱਝ ਲੋਕ ਬਹੁਤ ਹੀ ਵਧਾ ਚੜ੍ਹਾ ਕੇ ਦੇਖਦੇ ਹਨ, ਪਰ ਸੱਚਾਈ ਇਹ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਵਿਚ ਹੁਣ ਤੱਕ ਕੁੱਝ ਵੀ ਕਰ ਦਿਖਾਉਣ ਵਿਚ ਨਾਕਾਮ ਰਹੀ ਹੈ।

ਬਾਦਲ ਸਾਹਬ ਸੁਖਬੀਰ ਨੂੰ ਤਾੜਨ: ਕੰਵਰ ਸੰਧੂ

ਅਕਾਲੀ-ਭਾਜਪਾ ਵੱਲੋਂ ਜਿਹੜੀਆਂ ਸਦਭਾਵਨਾ ਰੈਲੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਨੇ, ਉਨ੍ਹਾਂ ਕਰਕੇ ਅਮਨ ਸ਼ਾਂਤੀ ਘੱਟ ਅਤੇ ਤਣਾਅ ਜ਼ਿਆਦਾ ਪੈਦਾ ਹੋ ਰਿਹਾ ਹੈ... ਜਿਹੜੀ ਪਹਿਲੀ ਰੈਲੀ ਬਠਿੰਡਾ ਵਿੱਚ ਆਯੋਜਿਤ ਕੀਤੀ ਗਈ, ਉਸ ਵਿੱਚ ਇਕੱਠ ਤਾਂ ਚੰਗਾ ਸੀ, ਪਰ ਸਵਾਲ ਇਹ ਉੱਠਦਾ ਹੈ ਕਿ ਉੱਥੇ ਆਉਣ ਵਾਲੇ ਲੋਕ ਕੌਣ ਸਨ ਅਤੇ ਕਿਵੇਂ ਲਿਆਂਦੇ ਗਏ... ਕੁੱਝ ਅਖਬਾਰਾਂ ਦੀਆਂ ਖਬਰਾਂ ਮੁਤਾਬਕ ਸਰਕਾਰੀ ਕਰਮਚਾਰੀਆਂ ਅਤੇ ਸੁਰੱਖਿਆ ਕਰਮੀਆਂ ਤੋਂ ਇਲਾਵਾ ਮਨਰੇਗਾ ਦੇ ਲਾਭਪਾਤਰ ਉੱਥੇ ਵੱਡੀ ਤਾਦਾਦ ਵਿੱਚ ਦੇਖੇ ਗਏ... ਕੁੱਝ ਲੋਕਾਂ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਨੂੰ ਪੈਸੇ ਦੇ ਲਾਲਚ ਦੇ ਕੇ ਉੱਥੇ ਲਿਆਂਦਾ ਗਿਆ... ਹੋਰ ਵੀ ਅਫਸੋਸ ਦੀ ਗੱਲ ਇਹ ਹੈ ਕਿ ਲੋਕਾਂ ਨੂੰ ਉੱਥੇ ਸ਼ਰਾਬ ਦੀਆਂ ਪੇਟੀਆਂ ਵੰਡੀਆਂ ਗਈਆਂ... ਹਾਂ, ਇਹ ਠੀਕ ਹੈ ਕਿ ਇਹ ਧਾਰਮਿਕ ਰੈਲੀ ਨਹੀਂ ਸੀ... ਪਰ ਇੱਕ ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ, ਜੋ ਪੰਥਕ ਹੋਣ ਦਾ ਦਾਅਵਾ ਕਰਦੀ ਹੈ, ਉਸ ਨੂੰ ਇਹੋ ਜਿਹੀਆਂ ਕਾਰਵਾਈਆਂ ਸ਼ੋਭਾ ਨਹੀਂ ਦਿੰਦੀਆਂ...

ਇਸ ਤੋਂ ਇਲਾਵਾ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਰੋਧੀ ਧਿਰਾਂ ਨੂੰ ਖੁੱਲੀ ਚੁਣੌਤੀ ਦਿੰਦੇ ਵੇਖੇ ਗਏ... ਉਹ ਸ਼ਾਇਦ ਭੁੱਲ ਹੀ ਗਏ ਕਿ ਇਹ ਅਮਨ ਸ਼ਾਂਤੀ ਵਾਸਤੇ ਸਮਾਗਮ ਹੈ, ਨਾ ਕਿ ਸਿਆਸੀ ਧਿਰਾਂ ਨੂੰ ਨੀਵਾਂ ਦਿਖਾਉਣ ਲਈ ਜਾਂ ਉਨ੍ਹਾਂ ਨੂੰ ਚੁਣੌਤੀ ਦੇਣ ਲਈ... ਉਹ 2017 ਵਿਧਾਨ ਸਭਾ ਚੋਣਾਂ ਦੀ ਗੱਲ ਵੀ ਕਰਦੇ ਵੇਖੇ ਗਏ... ਹੋਰ ਤੇ ਹੋਰ ਉਨ੍ਹਾਂ ਪਾਕਿਸਤਾਨ ਅਤੇ ਉਸ ਦੀਆਂ ਖੁਫੀਆ ਏਜੰਸੀਆਂ ਉੱਤੇ ਵੀ ਇਲਜ਼ਾਮ ਮੜ ਦਿੱਤੇ... ਉਨ੍ਹਾਂ ਦੇ ਮੁਕਾਬਲੇ ਪ੍ਰਕਾਸ਼ ਸਿੰਘ ਬਾਦਲ ਦੇ ਭਾਸ਼ਣ ਵਿੱਚ ਕਾਫੀ ਠਹਿਰਾਅ ਨਜ਼ਰ ਆਇਆ... ਇਸ ਤੋਂ ਬਾਅਦ 4 ਰੈਲੀਆਂ ਹੋਰ ਨੇ...

ਅਗਲੀ ਰੈਲੀ 28 ਤਰੀਕ ਨੂੰ ਮੋਗਾ ਵਿੱਚ ਹੋਣੀ ਹੈ... ਇਸ ਦੀ ਕਮਾਂਡ ਮੁੱਖ ਮੰਤਰੀ ਨੂੰ ਖੁਦ ਲੈ ਕੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਰੈਲੀ ਵਾਕਿਆ ਹੀ ਸਦਭਾਵਨਾ, ਯਾਨੀ ਗੁੱਡਵਿਲ, ਕਰੀਏਟ ਕਰੇ... ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਇਨ੍ਹਾਂ ਰੈਲੀਆਂ ਵਿੱਚ ਭਾਸ਼ਣ ਦੀ ਸ਼ੈਲੀ ਵਿੱਚ ਬਦਲਾਅ ਲਿਆਉਣ ਲਈ ਕਹਿਣ... ਜੇ ਮਕਸਦ ਅਮਨ ਸ਼ਾਂਤੀ ਲਿਆਉਣਾ ਹੈ, ਤਾਂ ਉਨ੍ਹਾਂ ਨੂੰ ਵਿਰੋਧੀ ਧਿਰਾਂ ਨੂੰ ਵੀ ਮੰਚ 'ਤੇ ਆਉਣ ਵਾਸਤੇ ਸੱਦਾ ਦੇਣਾ ਚਾਹੀਦਾ ਹੈ...

ਵੈਸੇ ਤਾਂ ਇਹੋ ਜਿਹੀਆਂ ਰੈਲੀਆਂ ਨਾਲ ਲੋਕਾਂ ਦਾ ਸਮਾਂ ਅਤੇ ਸਰਕਾਰ ਦਾ ਪੈਸਾ ਬਰਬਾਦ ਹੁੰਦਾ ਹੈ... ਇਨ੍ਹਾਂ ਰੈਲੀਆਂ ਨਾਲ ਲੋਕਾਂ ਦੀਆਂ ਸਮੱਸਿਆਵਾਂ ਵੀ ਵੱਧ ਜਾਂਦੀਆਂ ਨੇ ਅਤੇ ਖਾਸ ਕਰਕੇ ਆਵਾਜਾਈ ਵਿੱਚ ਕਾਫੀ ਦਿੱਕਤ ਆਉਂਦੀ ਹੈ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top