ਹਥਲੇ ਲੇਖ ਦਾ ਮੂਲ (ਵਿਸ਼ਾ)
‘‘ਕੁਤਾ ਰਾਜ ਬਹਾਲੀਐ; ਫਿਰਿ ਚਕੀ ਚਟੈ।’’ ਭਾਈ
ਗੁਰਦਾਸ ਜੀ ਦੀ ਰਚਨਾ ਵਿੱਚੋਂ ਵਾਰ 35 ਵੀਂ ਦੀ ਆਰੰਭਕ (ਪਹਿਲੀ) ਪਉੜੀ ਹੈ, ਜਿਸ ਵਿੱਚ
‘ਭਾਈ ਸਾਹਿਬ’ ਜੀ ਆਪਣੇ ਵਿਸ਼ੇ ਦਾ ਵਿਸਥਾਰ 6 ਤੁਕਾਂ ਦੀ ਰਾਹੀਂ ਕਰਦੇ ਹਨ।
‘ਭਾਈ ਸਾਹਿਬ’ ਜੀ ਨੂੰ
‘ਗੁਰਮਤਿ’ ਦੇ ਮਹਾਨ ਵਿਆਖਿਆਕਾਰ ਵਜੋਂ ਜਾਣਿਆ ਜਾਂਦਾ ਹੈ। ‘ਸੱਚੇ ਗੁਰੂ’ ਦੇ ਅਨੁਭਵਾਂ
’ਚੋਂ ਪ੍ਰਗਟ ਹੋਏ ਭਾਵ (ਵਿਚਾਰ) ਹੀ ਇੱਕ ਗੁਰਸਿੱਖ ਲਈ ‘ਗੁਰਮਤਿ’ (‘ਧੁਰ ਕੀ ਬਾਣੀ’)
ਹੈ। ‘ਸੱਚੇ ਗੁਰੂ’ ਦੀ ਇਹ ਖ਼ਾਸੀਅਤ ਹੁੰਦੀ ਹੈ ਕਿ ਉਸ ਦਾ ਹਰ ਬਚਨ ਵਰਤਮਾਨ ਦੇ ਹਾਲਾਤਾਂ
’ਤੇ ਢੁੱਕਦਾ ਰਹਿੰਦਾ ਹੈ ਭਾਵ ‘ਸੱਚੇ ਗੁਰੂ’ ਦਾ ਉਪਦੇਸ਼ ਕਦੇ ਵੀ ਪੁਰਾਣਾ (ਭੂਤ, ਬੀਤਿਆ
ਹੋਇਆ) ਨਹੀਂ ਹੁੰਦਾ; ਜਿਵੇਂ: ‘‘ਸਾਹਿਬੁ ਮੇਰਾ ਨੀਤ ਨਵਾ; ਸਦਾ
ਸਦਾ ਦਾਤਾਰੁ ॥’’ (ਮ: ੧/੬੬੦)
‘ਸੱਚੇ ਗੁਰੂ’ ਦੇ ਮੁਕਾਬਲੇ
‘ਕੱਚੇ ਗੁਰੂ’ ਦੀ ਇਹ ਪਰਖ ਹੁੰਦੀ ਹੈ ਕਿ ਸਰੀਰਕ ਜਾਮੇ ਰਾਹੀਂ ਹਮੇਸ਼ਾਂ ਵਰਤਮਾਨ ’ਚ
ਵਿਚਰਦਿਆਂ ਵੀ ਉਸ ਦਾ ਉਪਦੇਸ਼ ਕਦੇ ਵੀ ਜ਼ਮੀਨੀ ਹਾਲਾਤਾਂ ਅਨੁਸਾਰ ਨਹੀਂ ਹੁੰਦਾ ਭਾਵ ਉਸ ਦੇ
ਬਚਨ ਭੂਤ ਜਾਂ ਭਵਿੱਖ ਦੇ ਸੰਕੇਤਾਂ ’ਚ ਹੀ ਗੁੰਮ ਹੋ ਜਾਂਦੇ ਹਨ, ਜਿਸ ਦਾ ਅਨੁਮਾਨ ਇਸ
ਚੁਪ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਅਜੋਕੇ ਸਮੇਂ ਦੌਰਾਨ ਭਾਰਤ ’ਚ ਅਮਨ-ਚੈਨ
ਨਾਲ ਰਹਿਣ ਵਾਲਾ ਹਰ ਵਰਗ ਦੁਖੀ ਹੈ ਤੇ ਅਖੌਤੀ ‘ਗੁਰੂਆਂ’ ਦੀਆਂ ਵੀ ਡਾਰਾਂ ਫਿਰਦੀਆਂ ਹਨ
ਪਰ ਉਹਨਾਂ ਦੇ ਮੂੰਹੋਂ ਕੋਈ ਵੀ ਬਚਨ ਜ਼ਮੀਨੀ ਹਾਲਾਤਾਂ ਅਨੁਸਾਰ ਨਹੀਂ ਨਿਕਲਦਾ।
‘ਭਾਈ ਗੁਰਦਾਸ’ ਜੀ
‘ਗੁਰਮਤਿ’ ਦੇ ਜਿਸ ਵਿਸ਼ੇ ਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ ਉਹ ਹੈ
‘‘ਅੰਧਾ ਆਗੂ, ਜੇ ਥੀਐ; ਕਿਉ ਪਾਧਰੁ ਜਾਣੈ ?
॥
ਆਪਿ ਮੁਸੈ, ਮਤਿ ਹੋਛੀਐ; ਕਿਉ ਰਾਹੁ ਪਛਾਣੈ ?॥’’
(ਮ: ੧/੭੬੭) ਭਾਵ ਜੇ ਕਿਸੇ ਸਮੁਦਾਇ ਦੀ ਅਗਵਾਈ ਕਰਨ ਵਾਲਾ ਹਾਕਮ ਹੀ ਅੰਨ੍ਹਾ ਹੋ
ਜਾਵੇ ਤਾਂ ਫਿਰ ਉਹ (ਆਪਣੇ ਵਰਗ ਨੂੰ ਮੰਜ਼ਲ ਵੱਲ ਲੈ ਕੇ ਜਾਣ ਲਈ) ਕਿਸੇ ਯੋਗ ਰਸਤੇ ਦੀ
ਤਫ਼ਤੀਸ਼ (ਤਹਿਕੀਕਾਤ) ਕਿਵੇਂ ਕਰ ਸਕਦਾ ਹੈ ? ਇਸ ਅੰਧਾਪਣ ਰੂਪੀ ਹੋਛੀ (ਬਿਬੇਕਹੀਣ) ਅਕਲ
ਕਾਰਨ ਆਪ ਤਾਂ (ਚੁਰਾਹੇ ’ਚ ਖੜ੍ਹਾ) ਠੋਕਰਾਂ ਖਾਂਦਾ ਹੈ ਤੇ ਆਪਣੇ ਸਮੁਦਾਇ ਨੂੰ ਵੀ
ਸਮੁੰਦਰ ਦੀ ਮੰਝਧਾਰ (ਚਕ੍ਰਵਿਊ) ’ਚ ਗੋਤੇ ਖਾਣ ਲਈ ਮਜਬੂਰ ਕਰ ਦੇਂਦਾ ਹੈ।
‘ਗੁਰੂ ਰਾਮਦਾਸ’ ਜੀ ਵੱਲੋਂ
ਦਰਬਾਰ ਸਾਹਿਬ (ਅੰਮ੍ਰਿਤਸਰ) ਦੀ ਚੱਲ ਰਹੀ ਕਾਰ ਸੇਵਾ ਦੌਰਾਨ ‘ਗੁਰੂ ਅਰਜਨ ਸਾਹਿਬ’ ਜੀ
ਦੇ ਵੱਡੇ ਭਰਾਤਾ ‘ਬਾਬਾ ਪ੍ਰਿਥੀ ਚੰਦ’ ਜੀ ਨੂੰ ਸੰਗਤਾਂ ਵੱਲੋਂ ਆ ਰਹੀ ਦਸਵੰਧ ਰਕਮ ਨੂੰ
ਇਕੱਤਰ ਕਰਨ ਤੇ ਯੋਗ ਤਰੀਕੇ ਨਾਲ ਖ਼ਰਚ ਕਰਨ ਵਾਲੀ ਸੇਵਾ ਦੇ ਅਧਿਕਾਰ ਮਿਲੇ ਹੋਏ ਸਨ, ਪਰ
ਕੁਮਤਿ (ਤੁਛ ਸੋਚ) ਕਾਰਨ ‘ਬਾਬਾ ਪ੍ਰਿਥੀ ਚੰਦ’ ਜੀ ਅਹੰਕਾਰੀ ਬ੍ਰਿਤੀ ਦੇ ਮਾਲਕ ਬਣ ਗਏ।
‘ਗੁਰੂ ਅਰਜਨ ਸਾਹਿਬ’ ਜੀ ਨੂੰ ਗੁਰਿਆਈ ਮਿਲਣ ਉਪਰੰਤ ‘ਬਾਬਾ ਪ੍ਰਿਥੀ ਚੰਦ’ ਜੀ ਉਨ੍ਹਾਂ
ਨਾਲ ਈਰਖਾ ਰੱਖਣ ਲੱਗ ਪਿਆ ਤੇ ‘ਗੁਰੂ ਘਰ’ ਨਾਲੋਂ ਸੰਗਤਾਂ ਨੂੰ ਤੋੜ ਕੇ ਆਪਣੇ ਨਾਲ ਜੋੜਨ
ਦਾ ਯਤਨ ਕਰਦਾ ਰਿਹਾ, ਜਿਨ੍ਹਾਂ ਵਿੱਚੋਂ ਇੱਕ ਘਟਨਾ ‘ਬਾਬਾ ਸੱਤਾ-ਬਲਵੰਡ’ ਜੀ ਬਾਰੇ
ਪ੍ਰਸਿੱਧ ਹੈ।
ਸੰਗਤਾਂ ਦੀ ਦਸਵੰਧ ਭੇਟਾ
ਇਕੱਤਰ ਕਰਨ ਤੇ ਉਸ ਦੀ ਯੋਗ ਵਰਤੋਂ ਕਰਨ ਬਦਲੇ ‘ਗੁਰੂ ਘਰੋਂ’ ਮਿਲੇ ਬੇਅੰਤ ਮਾਨ-ਸਨਮਾਨ (ਅਧਿਕਾਰ)
ਦੇ ਬਾਵਜੂਦ ਛੋਟੀਆਂ ਛੋਟੀਆਂ ਗੱਲਾਂ ’ਤੇ ਨਿੱਜੀ ਸੁਆਰਥ (ਹਉਮੈ, ਛਲ-ਕਪਟ ਆਦਿ) ਕਾਰਨ
‘ਗੁਰੂ ਘਰ’ ਪ੍ਰਤੀ ਈਰਖਾ ਰੱਖਣ ਲੱਗ ਪਿਆ, ਜਿਸ ਦਾ ਜ਼ਿਕਰ ‘ਭਾਈ ਸਾਹਿਬ’ ਜੀ ਦੁਆਰਾ ਇਉਂ
ਕੀਤਾ ਗਿਆ: ‘‘ਮੀਣਾ ਹੋਆ ਪਿਰਥੀਆ; ਕਰਿ ਕਰਿ ਤੋਢਕ, ਬਰਲੁ
ਚਲਾਇਆ।’’ (ਭਾਈ ਗੁਰਦਾਸ ਜੀ, ਵਾਰ ੨੬ ਪਉੜੀ ੩੩) ਭਾਵ ‘ਬਾਬਾ ਪ੍ਰਿਥੀ ਚੰਦ’
ਛਲ-ਕਪਟੀ ਸੋਚ ਦਾ ਧਾਰਨੀ ਹੋ ਕੇ ਨਿੱਜ ਸੁਆਰਥ ਕਾਰਨ ਸਖ਼ਤਾਈ ਕਰਦਿਆਂ ਪਾਗਲਪਣ ਨੂੰ
ਪ੍ਰਫੁਲਿਤ (ਵਿਕਸਿਤ) ਕਰਨ ਲੱਗ ਗਿਆ।
‘ਭਾਈ ਗੁਰਦਾਸ’ ਜੀ ਨੇ
ਉਕਤ ਹਾਲਾਤਾਂ ਨੂੰ ਧਿਆਨ ’ਚ ਰੱਖਦਿਆਂ ‘ਬਾਬਾ ਪ੍ਰਿਥੀ ਚੰਦ’ ਜੀ ਦੀ ਸੋਚ ਪ੍ਰਤੀ ਸੰਗਤਾਂ
ਨੂੰ ਸੁਚੇਤ ਕਰਨ ਵਾਲੇ ਕਈ ਸ਼ਬਦ ਆਪਣੀ ਰਚਨਾ ’ਚ ਦਰਜ ਕੀਤੇ ਹਨ ਜਿਨ੍ਹਾਂ ਵਿੱਚੋਂ ਇੱਕ
ਹੈ: ‘‘ਕੁਤਾ ਰਾਜ ਬਹਾਲੀਐ; ਫਿਰਿ ਚਕੀ ਚਟੈ।’’
ਭਾਵ ‘ਬਾਬਾ ਪ੍ਰਿਥੀ ਚੰਦ’ ਜੀ ਨੂੰ ਇਤਨਾ ਮਾਨ-ਸਨਮਾਨ ਮਿਲਣ ਉਪਰੰਤ ਵੀ ਨਿਕੀਆਂ ਨਿਕੀਆਂ
ਗੱਲਾਂ ਨੂੰ ਵਧਾ ਚੜ੍ਹਾ ਕੇ ਇਉਂ ਈਰਖਾ ਕਰ ਰਿਹਾ ਹੈ ਜਿਵੇਂ ਕੋਈ ਕੁੱਤਾ ਆਪਣਾ ਪੇਟ ਭਰਨ
ਉਪਰੰਤ ਥੋੜਾ ਜਿਹਾ ਬਾਕੀ ਰਿਹਾ ਚੱਕੀ ਦੇ ਪੁੜਾਂ ਨਾਲ ਲੱਗਿਆ ਆਟਾ ਵੀ ਚੱਟਣ ਲੱਗ ਜਾਂਦਾ
ਹੈ।
ਸੁਆਰਥੀ ਬੰਦੇ ਦੁਆਰਾ
ਆਪਣੀਆਂ ਅਸੀਮ ਵਧਾਈਆਂ ਹੋਈਆਂ ਉਮੰਗਾਂ ਉਸ ਨੂੰ ਸੰਤੁਸ਼ਟ ਨਹੀਂ ਰਹਿਣ ਦਿੰਦੀਆਂ, ਜਿਸ
ਕਾਰਨ ਉਸ ਦੀ ਸੋਚ ਆਪਣੇ ਵੱਡੇ ਬਜ਼ੁਰਗਾਂ ਨਾਲ ਵੀ ਟਕਰਾਉਣ ਲੱਗ ਜਾਂਦੀ ਹੈ ਜਿਨ੍ਹਾਂ ਨੇ
ਉਸ ਨੂੰ ਜਨਮ ਦਿੱਤਾ ਹੁੰਦਾ ਹੈ। ‘ਗੁਰੂ ਰਾਮਦਾਸ ਸਾਹਿਬ’ ਜੀ ਦੁਆਰਾ ‘ਬਾਬਾ ਪ੍ਰਿਥੀ ਚੰਦ’
ਜੀ ਪ੍ਰਤੀ ਉਚਾਰਨ ਕੀਤਾ ਗਿਆ ਸ਼ਬਦ ‘ਸੁਆਰਥੀ ਸੋਚ’ ਦੀ ਪੁਸ਼ਟੀ ਕਰਦਾ ਹੈ; ਜਿਵੇਂ: ‘‘ਕਾਹੇ
ਪੂਤ ! ਝਗਰਤ ਹਉ; ਸੰਗਿ ਬਾਪ ॥ ਜਿਨ ਕੇ ਜਣੇ, ਬਡੀਰੇ ਤੁਮ ਹਉ; ਤਿਨ ਸਿਉ ਝਗਰਤ ਪਾਪ ॥’’
(ਮ: ੪/੧੨੦੦) ਭਾਵ ਜਿਨ੍ਹਾਂ ਦੀ ਮਦਦ ਨਾਲ ਤੁਸੀ ਵੱਡੇ ਹੋਏ ਹੋ ਉਨ੍ਹਾਂ ਨਾਲ ਝਗੜਨਾ ਮਹਾਂ
ਪਾਪ ਹੈ, ਤਾਂ ‘ਸੁਆਰਥੀ ਸੋਚ’ ਮਨੁੱਖ ਸਮਝਣ ਦੀ ਬਜਾਏ ਕ੍ਰੋਧਿਤ ਹੁੰਦਾ ਹੈ ਭਾਵ ਮੂੰਹ
ਵਿੱਚੋਂ ਝੱਗ ਸੁੱਟਦਾ ਹੈ ਜਿਸ ਦਾ ਜ਼ਿਕਰ ‘ਭਾਈ ਗੁਰਦਾਸ’ ਜੀ ਆਪਣੀ ਪਉੜੀ ਦੀ ਦੂਸਰੀ ਪੰਕਤੀ
(ਉਦਾਹਰਣ) ’ਚ ਬਿਆਨ ਕਰਦੇ ਹਨ ਕਿ ਜੇ ਸੱਪ ਦਾ ਪੇਟ ਭਰਨ ਲਈ ਦੁੱਧ ਵੀ ਪਿਲਾ ਦਿੱਤਾ ਜਾਵੇ
ਤਾਂ ਵੀ ਉਹ ਅੱਗਿਓ (ਹੋਰ ਲਾਲਸਾ ਲਈ) ਨੁਕਸਾਨ ਵੀ ਕਰ ਦਿੰਦਾ ਹੈ ਭਾਵ ਮੂੰਹੋਂ ਜ਼ਹਿਰ
ਸੁੱਟ ਦੇਂਦਾ ਹੈ: ‘‘ਸਪੈ
ਦੁਧੁ ਪੀਆਲੀਐ, ਵਿਹੁ ਮੁਖਹੁ ਸਟੈ।’’ (ਭਾਈ ਗੁਰਦਾਸ ਜੀ)
‘ਭਗਤ ਕਬੀਰ’ ਜੀ ਰੱਬੀ
ਸੇਵਕ ਦੀ ਤੁਲਨਾ ਵਰਖਾ ਰੁੱਤ ’ਚ ਡਿੱਗੇ ਪਾਣੀ ਦੇ ਗੜੇ (ਓਲੇ) ਨਾਲ ਕਰਦੇ ਹਨ ਜੋ ਪਿਘਲ
ਕੇ (ਆਪਣੀ ਹੋਂਦ ਮਿਟਾ ਕੇ) ਆਪਣੇ ਮੂਲ (ਪਾਣੀ) ਦਾ ਹੀ ਰੂਪ ਬਣ ਜਾਂਦਾ ਹੈ: ‘‘ਓਰਾ ਗਰਿ
ਪਾਨੀ ਭਇਆ; ਜਾਇ ਮਿਲਿਓ ਢਲਿ ਕੂਲਿ ॥’’ (ਭਗਤ ਕਬੀਰ/੧੩੭੪) ਪਰ ਗੁਰੂ ਨਾਨਕ ਸਾਹਿਬ ਜੀ
ਸੁਆਰਥੀ (ਪੱਥਰ ਦਿਲ, ਕਠੋਰ, ਅਮੋੜ) ਵਿਅਕਤੀ ਦੇ ਜੀਵਨ ਦੀ ਤੁਲਨਾ ਪਾਣੀ ਵਿੱਚ ਹੀ ਰੱਖੇ
ਗਏ ਪੱਥਰ ਨਾਲ ਕਰਦੇ ਹਨ ਜੋ (‘ਬਾਬਾ ਪ੍ਰਿਥੀ ਚੰਦ’ ਵਾਙ ਗੁਰੂ) ਸਮੁੰਦਰ ’ਚ ਰਹਿਣ ਉਪਰੰਤ
ਵੀ ਅੰਦਰੋਂ ਅਭਿੱਜ ਹੀ ਰਹਿੰਦਾ ਹੈ, ਜਿਸ ਕਾਰਨ ਉਸ ਦਾ ਜੀਵਨ ਗੁਣਾਂ ਹੀਣ (ਫਿਕਾ) ਹੁੰਦਾ
ਹੈ; ਜਿਵੇਂ: ‘‘ਮਨਮੁਖ ਪਥਰੁ ਸੈਲੁ ਹੈ, ਧਿ੍ਰਗੁ ਜੀਵਣੁ ਫੀਕਾ ॥’’ (ਮ: ੧/੪੧੯) ਇਸ ਵਿਸ਼ੇ
ਨੂੰ ਹੋਰ ਵਿਸਥਾਰ ਦੇਂਦਿਆਂ ‘ਭਾਈ ਗੁਰਦਾਸ’ ਦੀ ਆਪਣੀ ਤੀਸਰੀ ਤੁਕ (ਉਦਾਹਰਣ) ਰਾਹੀਂ
ਬਿਆਨ ਕਰਦੇ ਹਨ ਕਿ ਜਿਵੇਂ ਪਾਣੀ ’ਚ ਪੱਥਰ ਰੱਖਣ ਉਪਰੰਤ ਵੀ ਉਸ ਦਾ ਖ਼ੁਸ਼ਕਪਣ ਦੂਰ ਨਹੀਂ
ਹੁੰਦਾ ਇਸ ਤਰ੍ਹਾਂ ਹੀ ਸੁਆਰਥੀ ਵਿਅਕਤੀ (ਪੱਥਰ ਦਿਲ, ਅਮੋੜ) ਦਾ ਮਨਹਠ ਵਾਲਾ ਸੁਭਾਅ ਘਟਦਾ
ਨਹੀਂ : ‘‘ਪਥਰੁ ਪਾਣੀ
ਰਖੀਐ; ਮਨਿ ਹਠੁ ਨ ਘਟੈ।’’ (ਭਾਈ ਗੁਰਦਾਸ ਜੀ)
ਇਸ ਸਚਾਈ ਦੀ ਪੁਸ਼ਟੀ
‘ਗੁਰੂ ਤੇਗ਼ ਬਹਾਦਰ ਸਾਹਿਬ’ ਜੀ ਵੀ ਇਉਂ ਕਰਦੇ ਹਨ: ‘‘ਜੈਸੇ ਪਾਹਨੁ, ਜਲ ਮਹਿ ਰਾਖਿਓ;
ਭੇਦੈ ਨਾਹਿ ਤਿਹ ਪਾਨੀ ॥ ਤੈਸੇ ਹੀ, ਤੁਮ ਤਾਹਿ ਪਛਾਨਹੁ; ਭਗਤਿ ਹੀਨ ਜੋ ਪ੍ਰਾਨੀ ॥’’
(ਮ: ੯/੮੩੧)
‘ਗੁਰੂ ਨਾਨਕ ਸਾਹਿਬ’ ਜੀ
ਬਚਨ ਕਰ ਰਹੇ ਹਨ ਕਿ ਸੁਆਰਥੀ (ਲਾਲਚੀ ਕੁੱਤੇ) ਉੱਤੇ ਜੇ ਗੁਣ (ਰੁਤਬਾ, ਸੁਗੰਧਿਤ) ਕਰਨ
ਵਾਲਾ ਚੰਦਨ ਵੀ ਲੇਪ ਦਿੱਤਾ ਜਾਵੇ ਤਾਂ ਵੀ (ਸੰਤੁਸ਼ਟ ਹੋਣ ਦੀ ਬਜਾਏ) ਉਸ ਦੀ ਅੰਦਰੋਂ ਲੋਭ
ਵਾਸ਼ਨਾ (ਆਦਤ, ਧਾਤ) ਜਾਂਦੀ ਨਹੀਂ; ਜਿਵੇਂ: ‘‘ਕੁਤੇ ਚੰਦਨੁ ਲਾਈਐ, ਭੀ ਸੋ ਕੁਤੀ ਧਾਤੁ
॥’’ (ਮ: ੧/੧੪੩) ਇਸ ਪਾਵਨ ਵਾਕ ਨੂੰ ਵਿਸਥਾਰ ਦੇਂਦਿਆਂ ‘ਭਾਈ ਗੁਰਦਾਸ’ ਜੀ ਆਪਣੀ ਪਉੜੀ
ਦੀ ਚੌਥੀ ਤੁਕ (ਉਦਾਹਰਣ) ਰਾਹੀਂ ਇੱਕ ਗਧੇ ਦੇ ਸੁਭਾਅ ਨੂੰ ਬਿਆਨ ਕਰਦੇ ਹਨ ਕਿ ਅਗਰ ਖੋਤੇ
ਨੂੰ ਚੰਦਨ (ਕਿਸੇ ਨੂੰ ਪ੍ਰਭਾਵਤ ਕਰਨ ਵਾਲਾ ਗੁਣ) ਰੂਪ ਚੋਆ (ਅਰਕ) ਪੋਚ ਦਿੱਤਾ ਜਾਵੇ
ਤਾਂ ਵੀ ਉਹ (ਸੰਤੁਸ਼ਟ ਹੋਣ ਦੀ ਬਜਾਏ) ਆਪਣੇ ਸੁਭਾਅ ਅਨੁਸਾਰ ਸੁਆਹ (ਮਿੱਟੀ, ਲਾਲਚ) ’ਚ
ਹੀ ਲਿਬੜ ਕੇ ਇਸ ਚੰਦਨ ਲੇਪ ਵਾਲੀ ਅਹਿਮੀਅਤ (ਸਤਿਕਾਰਮਈ ਰੁਤਬੇ) ਨੂੰ ਹੀ ਗੁਆ ਦੇਂਦਾ
ਹੈ: ‘‘ਚੋਆ ਚੰਦਨੁ
ਪਰਿਹਰੈ; ਖਰੁ ਖੇਹ ਪਲਟੈ।’’ (ਭਾਈ ਗੁਰਦਾਸ ਜੀ)
ਦਰਅਸਲ ਕਠੋਰ-ਚਿਤ ਸੁਆਰਥੀ
ਵਿਅਕਤੀ ਆਪਣੇ ਮਨ ਦੀ ਬਦਲਾਵ ਰੂਪ ਸ਼ਕਤੀ (ਗੁਰੂ ਸ਼ਬਦ ਕਮਾਈ) ਦੇ ਮੁਕਾਬਲੇ ਲਾਲਸਾ ਕਾਰਨ
ਹਾਰਿਆ ਹੋਇਆ ਇਨਸਾਨ ਹੁੰਦਾ ਹੈ ਜਿਸ ਕਾਰਨ ਉਹ ਆਪਣੀ ਕਮਜ਼ੋਰੀ ਨੂੰ ਛੁਪਾਉਂਦਿਆਂ ਅਨਿੰਦ
ਦੀ ਵੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦਾ ਹੈ। ਆਪਣੇ ਜੀਵਨ ਕਾਲ ’ਚ ਨਿੰਦਕਾਂ ਦਾ ਸਾਹਮਣਾ (ਮੁਕਾਬਲਾ)
ਕਰਨ ਵਾਲੇ ‘ਗੁਰੂ ਅਮਰਦਾਸ’ ਜੀ ਬਚਨ ਕਰਦੇ ਹਨ ਕਿ ਬੇਸ਼ੱਕ ਨਿੰਦਿਆਂ (ਆਪਣੇ ਸੁਆਰਥ ਲਈ
ਕਿਸੇ ਦੇ ਗੁਣਾਂ ਨੂੰ ਘਟਾ ਕੇ ਵਰਨਣ ਕਰਨਾ) ਅਨੈਤਿਕਤਾ ਹੈ ਪਰ ਫਿਰ ਵੀ ਮਨਮੁਖ (ਲਾਲਚੀ)
ਨਿੰਦਿਆ ਨੂੰ ਬਾਰ ਬਾਰ ਕਰਦੇ ਹਨ; ਜਿਵੇਂ: ‘‘ਨਿੰਦਾ ਭਲੀ ਕਿਸੈ ਕੀ ਨਾਹੀ; ਮਨਮੁਖ ਮੁਗਧ
ਕਰੰਨਿ ॥’’ (ਮ: ੩/੭੫੫)
‘ਗੁਰੂ ਰਾਮਦਾਸ’ ਜੀ
ਨਿੰਦਕ ਦੀ ਪਿਛੋਕੜ ਭਾਵਨਾ ਨੂੰ ਬਿਆਨ ਕਰਦੇ ਹਨ ਕਿ ਨਿੰਦਕ ਦੇ ਸਾਹਮਣੇ ਦੂਸਰੇ ਦੀ ਉਸਤਤ
ਹੋ ਰਹੀ ਹੁੰਦੀ ਹੈ ਜੋ ਉਸ ਨੂੰ (ਨਿੱਜ ਸੁਆਰਥ ਕਾਰਨ) ਮਨਜ਼ੂਰ ਨਹੀਂ ਹੁੰਦੀ: ‘‘ਨਿੰਦਕ,
ਦੁਸਟ, ਵਡਿਆਈ ਵੇਖਿ ਨ ਸਕਨਿ; ਓਨ੍ਹਾ, ਪਰਾਇਆ ਭਲਾ ਨ ਸੁਖਾਈ ॥’’ (ਮ: ੪/੮੫੦) ਇਸ ਵਿਸ਼ੇ
ਦੇ ਵਿਸਥਾਰ ਤੇ ਆਪਣੀ ਪਉੜੀ ਦੇ ਵਿਸਥਾਰ ਨੂੰ ਸਮੇਟਦਿਆਂ ‘ਭਾਈ ਗੁਰਦਾਸ’ ਜੀ ਪੰਜਵੀਂ ਤੁਕ
’ਚ (ਉਪਰੋਕਤ ਤਮਾਮ ਉਦਾਹਰਣਾਂ ਦੀ ਟੇਕ ਲੈ ਕੇ) ਬਿਆਨ ਕਰਦੇ ਹਨ ਕਿ ਜਿਵੇਂ ਕੁੱਤਾ
ਰਾਜ-ਭਾਗ (ਬਹੁਮੁੱਲਾ ਸਤਿਕਾਰ) ਪ੍ਰਾਪਤ ਕਰਨ ਦੇ ਬਾਵਜੂਦ ਵੀ (ਵਧੇਰੇ ਲਾਲਚਵਸ) ਚੱਕੀ ਦਾ
ਪੁੜ ਚੱਟਣ ਦੀ ਆਦਤ ਨਹੀਂ ਛੱਡਦਾ, ਪੱਥਰ ਨੂੰ ਪਾਣੀ ’ਚ ਰੱਖਿਆਂ ਵੀ ਉਹ (ਆਪਣੇ ਅਮੋੜ
ਸੁਭਾਅ ਕਾਰਨ) ਭਿੱਜਦਾ ਨਹੀਂ, ਸੱਪ ਨੂੰ ਦੁੱਧ ਪਿਲਾਉਣ ਉਪਰੰਤ ਵੀ ਉਹ ਜ਼ਹਿਰ ਸੁੱਟਣੀ ਨਹੀਂ
ਛੱਡਦਾ, ਖੋਤੇ ’ਤੇ ਚੰਦਨ ਲੇਪਣ ਉਪਰੰਤ ਵੀ ਉਹ ਸੁਆਹ ’ਚ ਲੇਟਣਾ ਨਹੀਂ ਛੱਡਦਾ ਇਉਂ ਨਿੱਜ
ਸੁਆਰਥ ਕਾਰਨ ‘ਨਿੰਦਕ’ ਮਨ ਦੇ ਹੱਠ ਕਰਕੇ ਆਪਣੀ ਆਦਤ ਬਿਲਕੁਲ ਵੀ ਨਹੀਂ ਛੱਡਦਾ:
‘‘ਤਿਉ ਨਿੰਦਕ ਪਰ ਨਿਦਹੁੰ, ਹਠਿ
ਮੂਲਿ ਨ ਹਟੈ।’’ (ਭਾਈ ਗੁਰਦਾਸ ਜੀ)
ਇਸ ਪੰਜਵੀਂ ਤੁਕ ’ਚ ‘ਭਾਈ
ਸਾਹਿਬ’ ਜੀ ਆਪਣੀ ਪਉੜੀ ਦੀਆਂ ਉਪਰੋਕਤ 4 ਤੁਕਾਂ ਰਾਹੀਂ ‘ਵਿਸ਼ੇ’ ਦੇ ਕੀਤੇ ਵਿਸਥਾਰ ਦਾ
ਸਾਰ (ਨਿਚੋੜ) ਵੀ ਇਹ ਕੱਢ ਰਹੇ ਹਨ ਕਿ ‘ਨਿੱਜ ਸੁਆਰਥ’ ਦੀ ਆਰੰਭਤਾ (ਮਨੁੱਖਾ ਜੀਵਨ ਰੂਪ
ਜੂਨੀ ’ਚ) ‘ਨਿੰਦਿਆ’ ਤੋਂ ਸ਼ੁਰੂ ਹੁੰਦੀ ਹੈ ਤੇ ‘ਨਿੰਦਿਆ’; ਦੂਸਰੇ ਦੀ ਹੋ ਰਹੀ ਉਪਮਾ ਦਾ
ਵਿਪਰੀਤ ਪਹਿਲੂ (ਉਲਟਾ ਪਾਸਾ) ਹੁੰਦਾ ਹੈ ਕਿਉਂਕਿ ਲੁਕਾਈ ਦੀ ਸਾਰੀ ਹਮਦਰਦੀ ‘ਸੁਆਰਥੀ
ਸੋਚ’ ਦੇ ਵਿਰੁਧ ਭੁਗਤ ਰਹੀ ਹੁੰਦੀ ਹੈ। ‘ਨਿੱਜ ਸੁਆਰਥ’ ਨੂੰ ਧਿਆਨ ’ਚ ਰੱਖਦਿਆਂ ਇਹ
‘ਨਿੰਦਿਆ’ ਰੂਪੀ ਹਥਿਆਰ ‘ਬਾਬਾ ਪ੍ਰਿਥੀ ਚੰਦ’ ਜੀ ਨੇ ‘ਗੁਰੂ ਅਰਜਨ ਸਾਹਿਬ’ ਜੀ ਦੀ ਹੋ
ਰਹੀ ਨਿਰੰਤਰ ਉਪਮਾ ਵਿਰੁਧ ਉਠਾਇਆ ਸੀ ਤੇ ਵਰਤਮਾਨ ’ਚ ‘ਪ੍ਰਕਾਸ ਸਿੰਘ ਬਾਦਲ’ ਨੇ ਆਪਣੀ
‘ਨਿੱਜ ਸੁਆਰਥ’ ਨੂੰ ਵਧੇਰੇ ਵਿਕਸਤ ਕਰਨ ਦੇ ਬਦਲੇ ‘ਗੁਰੂ ਸਿਧਾਂਤ’ (ਮਾਨਵਤਾ ਲਈ
ਕਲਿਆਣਕਾਰੀ ਅਨੁਸ਼ਾਸਨ) ਦੇ ਵਿਰੁਧ ਉਠਾਇਆ ਹੈ ਭਾਵ ‘ਸਿੱਖ ਕੌਮ’ ਦੀ ਵੋਟ ਸ਼ਕਤੀ ਦੁਆਰਾ
ਪੰਜਾਬ ਦੇ ਤਖ਼ਤ (ਰਾਜ) ਉੱਤੇ ਬੈਠ ਕੇ ਬੇਸ਼ਕੀਮਤੀ ਮਾਨ-ਸਤਿਕਾਰ ਲੈਣ ਉਪਰੰਤ ਵੀ ਪੂਰਨ
ਸੰਤੁਸ਼ਟੀ ਨਾ ਹੋਣ ਕਾਰਨ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ (‘ਗ਼ਰੀਬ ਦਾ ਮੂੰਹ ਗੁਰੂ
ਦੀ ਗੋਲਕ’ ਰੂਪ ਚੱਕੀ) ’ਤੇ ਅੱਖ ਰੱਖੀ ਹੋਈ ਹੈ।
‘ਬਾਬਾ ਪ੍ਰਿਥੀ ਚੰਦ’ ਜੀ
ਤੇ ‘ਪ੍ਰਕਾਸ ਸਿੰਘ ਬਾਦਲ’ ’ਚ ਫ਼ਰਕ ਇਹੀ ਹੈ ਕਿ ਅਜੋਕੇ ‘ਗੁਰੂ ਘਰਾਂ’ ’ਚ ‘ਬਾਬਾ ਪ੍ਰਿਥੀ
ਚੰਦ’ ਨੂੰ ਮੀਣਾ (ਕਪਟੀ, ਦਗ਼ੇਬਾਜ਼) ਕਰਕੇ ਜਾਣਿਆ ਜਾਂਦਾ ਹੈ ਜਦਕਿ ‘ਪ੍ਰਕਾਸ ਸਿੰਘ ਬਾਦਲ’
ਨੂੰ ‘ਫ਼ਕਰ ਏ ਕੌਮ, ਪੰਥ ਰਤਨ’ ਸਮਝ ਕੇ ‘ਸਤਿ ਬਚਨ’ ਕਿਹਾ ਜਾਂਦਾ ਹੈ।
‘ਗੁਰ
ਨਾਨਕ ਸਾਹਿਬ’ ਜੀ ਦੇ ਅੰਮ੍ਰਿਤਮਈ ਬਚਨ: ‘‘ਕੂੜ ਨਿਖੁਟੇ,
ਨਾਨਕਾ ! ਓੜਕਿ ਸਚਿ ਰਹੀ ॥’’ (ਮ: ੧/੯੫੩) ਭਾਵ ਸੁਆਰਥਵਸ ਕੀਤੇ ਗਏ ਪਾਪ (ਕੂੜ)
ਦੀ ਅਖ਼ੀਰ ’ਚ ਬੁਨਿਆਦ ਹੀ ਮਿਟ (ਹਿੱਲ) ਜਾਂਦੀ ਹੈ ਜਿਸ ਦੇ ਮੁਕਾਬਲੇ ਸੱਚ ਦੀ ਹਮੇਸ਼ਾਂ
ਜਿੱਤ ਹੁੰਦੀ ਹੈ; ਇਸ ‘ਗੁਰੂ ਉਪਦੇਸ਼’ ’ਤੇ ਪੰਜਾਬ ਦੇ ਅਜੋਕੇ ਜ਼ਮੀਨੀ ਹਾਲਾਤ ਸਹੀ ਢੁੱਕਦੇ
ਹਨ। ਭਾਈ ਗੁਰਦਾਸ ਜੀ ਵੀ ਇਸ ਪਉੜੀ ਦੇ ਵਿਸ਼ੇ ਦੀ ਸਮਾਪਤੀ (6 ਵੀਂ ਤੁਕ ਰਾਹੀਂ) ਕਰਦਿਆਂ
ਬਿਆਨ ਕਰ ਰਹੇ ਹਨ ਕਿ ਸੰਤੁਸ਼ਟਹੀਣ ਵਿਅਕਤੀ ਹਮੇਸ਼ਾਂ ਆਪਣੀ ਹੋਂਦ ਨੂੰ ਹੀ ਖ਼ਤਮ ਕਰ ਲੈਂਦਾ
ਹੈ ਪਰ ਆਦਤ ਨਹੀਂ ਛੱਡਦਾ : ‘‘ਆਪਣ ਹਥੀ ਆਪਣੀ; ਜੜ
ਆਪਿ ਉਪਟੈ
॥੧॥’’
(ਭਾਈ ਗੁਰਦਾਸ ਜੀ, ਵਾਰ ੩੫ ਪਉੜੀ ੧)
(ਨੋਟ: ‘ਭਾਈ ਗੁਰਦਾਸ’ ਜੀ
ਦੀ ਸਾਰੀ ਰਚਨਾ ਨੂੰ ਹੀ ‘ਸਿੱਖ ਰਹਿਤ ਮਰਿਆਦਾ’ ਅਨੁਸਾਰ ਪੜ੍ਹਨਾ ਉਚਿਤ ਹੈ ਪਰ ਇਸ ਦੇ
ਬਾਵਜੂਦ ਰਾਜਨੀਤਿਕ ਬੰਦਿਆਂ ਰਾਹੀਂ ਇਸ (ਪਉੜੀ) ਨੂੰ ਆਪਣੇ ਹਿੱਤਾਂ ਦੀ ਪੂਰਤੀ ਲਈ ਹੀ
ਰਾਗੀ ਸਿੰਘਾਂ ਦੁਆਰਾ ਪੜ੍ਹਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ;
ਜਿਵੇਂ: ਸੰਨ 1984 ’ਚ
ਅਕਾਲ ਤਖ਼ਤ ਸਾਹਿਬ ਨੂੰ ਭਾਰਤੀ ਫੌਜਾਂ ਦੁਆਰਾ ਢਾਹੇ ਜਾਣ ਉਪਰੰਤ ਜਦ ਭਾਰਤ ਦੇ ਰਾਸਟਰਪਤੀ
‘ਗਿਆਨੀ ਜੈਲ ਸਿੰਘ’ ਜੀ (ਜਿਨ੍ਹਾਂ ਦਾ ਇਸ ਘਟਨਾਵਾਂ ’ਚ ਕੋਈ ਬਹੁਤਾ ਹੱਥ ਨਹੀਂ ਸੀ) ਦੇ
ਦਰਬਾਰ ਸਾਹਿਬ (ਅੰਮ੍ਰਿਤਸਰ) ਪਹੁੰਚਣ ਉਪਰੰਤ ‘ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ’ ਦੇ ਨਿਰਦੇਸ਼ ਅਨੁਸਾਰ ਇਹ ਸ਼ਬਦ ਰਾਗੀ ‘ਭਾਈ ਸੁਰਿੰਦਰ ਸਿੰਘ’
ਜੀ (ਪਟਨਾ ਸਾਹਿਬ) ਵੱਲੋਂ ਗਾਇਨ ਕਰਨ ਲਈ ਕਿਹਾ ਗਿਆ ਸੀ, ਪਰ ਹੁਣ ਇਸ ਸ਼ਬਦ ਨੂੰ
ਦਰਬਾਰ ਸਾਹਿਬ ’ਚ ਪੜ੍ਹਨ ’ਤੇ ਮਨ੍ਹਾ ਕੀਤਾ ਜਾਂਦਾ ਹੈ
ਜਿਸ ਦਾ ਕਾਰਨ ਕੇਵਲ ਇੱਕ ਹੀ ਹੈ ਕਿ
‘ਲਾਲਚੀ ਕੁੱਤੇ’ ਦਾ ਸਥਾਨ ਤਦ ‘ਦਿੱਲੀ’ ਸੀ ਪਰ ਹੁਣ ‘ਚੰਡੀਗੜ੍ਹ’ ਹੈ।)