Share on Facebook

Main News Page

ਅਸਤੀਫੇ ਪੰਥ ਪ੍ਰਸਤੀ ਦੀ ਭਾਵਨਾ ਹਨ, ਜਾਂ ਸਮੇਂ ਦੀ ਸਿਆਸਤ ਦਾ ਇੱਕ ਅੰਦਾਜ਼...?
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਨਿਯੁਕਤੀ ਅਤੇ ਅਸਤੀਫਾ ਦੋਹੇਂ ਸਿਖਰ ਹਨ, ਜਿਹੜੇ ਇਨਸਾਨ ਨੂੰ ਅਰਸ਼ ਦੀ ਸੈਰ ਵੀ ਕਰਵਾ ਦਿੰਦੇ ਹਨ ਅਤੇ ਆਦਮੀ ਨੂੰ ਕੱਖੋਂ ਹੌਲਾ ਵੀ ਕਰ ਦਿੰਦੇ ਹਨ। ਜਦੋਂ ਇਨਸਾਨ ਕਿਸੇ ਪਦਵੀ ਨੂੰ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ ਆਪਣੀ ਜਿੰਦਗੀ ਵਿੱਚ ਕਈ ਪਾਪੜ ਵੇਲਣੇ ਪੈਂਦੇ ਹਨ ਤਾਂ ਜਾ ਕੇ ਕਿਤੇ ਆਸਾਂ ਨੂੰ ਬੂਰ ਪੈਂਦਾ ਹੈ। ਫਿਰ ਉਸ ਪਦਵੀ ਨੂੰ ਸੰਭਾਲ ਜਾਂ ਉਸ ਦੀ ਸਫਲ ਵਰਤੋਂ ਕਰਨ ਵਾਸਤੇ ,ਬੜੀ ਦਿਆਨਤਦਾਰੀ ਵਰਤਣੀ ਪੈਂਦੀ ਹੈ, ਜੇ ਕਿਧਰੇ ਭੁੱਲ ਭੁਲੇਖੇ ਵੀ ਕੋਤਾਹੀ ਹੋ ਜਾਵੇ ਤਾਂ ਫਿਰ ਗੱਲ ਪਦਵੀ ਨੂੰ ਤਿਆਗਣ ਦੀ ਸਾਹਮਣੇ ਆਉਂਦੀ ਹੈ, ਉਸ ਵੇਲੇ ਇਨਸਾਨ ਦੀ ਆਤਮਾ ਝੰਜੋੜੀ ਜਾਂਦੀ ਹੈ ਅਤੇ ਉਹ ਮਾਨਸਿਕ ਤੌਰ ਉੱਤੇ ਬੜੀ ਕਸੂਤੀ ਸਥਿਤੀ ਵਿੱਚ ਹੁੰਦਾ ਹੈ।

ਕੁੱਝ ਲੋਕਾਂ ਨੂੰ ਘਰ ਬੈਠੇ ਬਿਠਾਏ ਵੀ ਪਦਵੀਆਂ ਮਿਲ ਜਾਂਦੀਆਂ ਹਨ ਜਾਂ ਕਈ ਵਾਰੀ ਹਲਾਤ ਹੀ ਅਚਾਨਕ ਕਿਸੇ ਨੂੰ ਪਾਤਸ਼ਾਹ ਬਣਾ ਦਿੰਦੇ ਹਨ। ਕੋਈ ਵਿਰਲਾ ਕੁਦਰਤ ਦਾ ਬਖਸ਼ਿਆ ਇਨਸਾਨ ਹੁੰਦਾ ਹੈ, ਜਿਸ ਨੂੰ ਕਿਸੇ ਰੁੱਤਬੇ ਦੀ ਪ੍ਰਵਾਹ ਨਹੀਂ ਹੁੰਦੀ, ਉਹ ਕਦੇ ਰੁੱਤਬਾ ਮਿਲਣ ਵੇਲੇ ਬਹੁਤਾ ਖੁਸ਼ ਨਹੀਂ ਹੁੰਦਾ ਅਤੇ ਖੁੱਸਣ ਵੇਲੇ ਜਾਂ ਅਸਤੀਫਾ ਦੇਣ ਵੇਲੇ ਕਿਸੇ ਦੋਚਿੱਤੀ ਵਿੱਚ ਨਹੀਂ ਹੁੰਦਾ। ਅਜਿਹੇ ਮਨੁੱਖਾਂ ਸਬੰਧੀ ਗੁਰਬਾਣੀ ਦਾ ਫੁਰਮਾਨ ਵੀ ਢੁੱਕਦਾ ਹੈ, "ਜੌ ਰਾਜੁ ਦੇਹਿ ਤ ਕਵਨ ਬਡਾਈ॥ ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ॥"

ਇਸ ਵਾਸਤੇ ਜੇ ਤਾਂ ਕੋਈ ਮਨੁੱਖ ਅਜਿਹੀ ਬਿਰਤੀ ਵਿੱਚ ਅਸਤੀਫਾ ਦਿੰਦਾ ਹੈ ਤਾਂ ਉਹ ਏਥੇ ਓਥੇ ਦੋਹੀਂ ਜਹਾਨੀ ਪ੍ਰਵਾਨ ਹੈ ਅਤੇ ਸੰਗਤ ਦੀਆਂ ਅਸੀਸਾਂ ਦਾ ਪਾਤਰ ਵੀ ਹੁੰਦਾ ਹੈ। ਜਿਵੇ ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਵਿਰੋਧ ਵਿੱਚ ਧਰਮੀ ਫੌਜੀਆਂ ਨੇ ਆਪਣੀਆਂ ਨੌਕਰੀਆਂ ਨੂੰ ਲੱਤ ਮਾਰੀ , ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਦੀ ਮੈਂਬਰੀ ਨੂੰ ਤਿਆਗਿਆ, ਸ. ਸਿਮਰਨਜੀਤ ਸਿੰਘ ਮਾਨ ਨੇ ਡੀ.ਆਈ.ਜੀ ਦੀ ਨੌਕਰੀ ਨੂੰ ਠੋਕਰ ਮਾਰ ਦਿੱਤੀ, ਸ. ਹਰਿੰਦਰ ਸਿੰਘ ਖਾਲਸਾ ਨੇ ਨਾਰਵੇ ਦੇ ਰਾਜਦੂਤ ਦੇ ਆਹੁਦੇ ਨੂੰ ਵਗਾਹ ਮਾਰਿਆ, ਸ. ਗੁਰਤੇਜ ਸਿੰਘ ਆਈ.ਏ.ਐਸ. ਨੇ ਵੀ ਰੁੱਤਬੇ ਦੀ ਥਾਂ ਪੰਥ ਪ੍ਰਸਤੀ ਨੂੰ ਤਰਜੀਹ ਦਿੱਤੀ, ਹੋਰ ਅਨੇਕਾ ਲੋਕਾਂ ਨੇ ਆਪਣੀਆਂ ਪਦਵੀਆਂ, ਰੁੱਤਬਿਆਂ ਦਾ ਤਿਆਗ ਕੀਤਾ। ਬਹੁਤ ਸਾਰੇ ਲੇਖਕਾਂ ਅਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰਕੇ ਵੱਡੇ ਸਨਮਾਨ ਪ੍ਰਾਪਤ ਕਰਨ ਵਾਲੇ ਲੋਕਾਂ ਨੇ, ਭਾਰਤੀ ਨਿਜ਼ਾਮ ਦੀ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਨ ਦੀ ਘਿਨਾਉਣੀ ਹਰਕਤ ਵਿਰੁੱਧ, ਰੋਸ ਪ੍ਰਗਟ ਕਰਦਿਆਂ ਆਪਣੇ ਸਨਮਾਨ ਵਾਪਿਸ ਕਰ ਦਿੱਤੇ ਸਨ, ਇਹਨਾਂ ਸਾਰਿਆਂ ਨੂੰ ਗੁਰੂ ਪੰਥ ਨੇ ਆਪਣੀਆਂ ਪਲਕਾਂ ਉੱਤੇ ਬਿਠਾਇਆ ਅਤੇ ਉਸ ਤੋਂ ਵੀ ਵੱਡੇ ਸਨਮਾਨ ਦਿੱਤੇ। ਕੈਪਟਨ ਅਮਰਿੰਦਰ ਸਿੰਘ ਪੰਜਾਬ ਸਰਕਾਰ ਵਿੱਚ ਮੰਤਰੀ ਬਣੇ, ਬੇਸ਼ਕ ਉਹਨਾਂ ਨੇ ਫਿਰ ਦਰਬਾਰ ਸਾਹਿਬ ਵਿੱਚ ਪੁਲਿਸ ਜਾਣ ਉੱਤੇ ਮੰਤਰੀ ਪਦ ਦਾ ਵੀ ਤਿਆਗ ਕਰ ਦਿੱਤਾ, ਸ. ਸਿਮਰਨਜੀਤ ਸਿੰਘ ਮਾਨ ਨੂੰ ਜੇਲ ਵਿੱਚ ਬੈਠੇ ਹੀ ਲੱਖਾਂ ਵੋਟਾਂ ਨਾਲ ਜਿਤਾ ਦਿੱਤਾ, ਸ. ਹਰਿੰਦਰ ਸਿੰਘ ਖਾਲਸਾ ਵੀ ਐਮ.ਪੀ. ਬਣੇ, ਸ. ਗੁਰਤੇਜ ਸਿੰਘ ਆਈ.ਏ.ਐਸ ਨੂੰ ਪ੍ਰੋ. ਆਫ਼ ਸਿੱਖ ਇਜਮ ਦੀ ਉਪਾਧੀ ਨਾਲ ਨਿਵਾਜਿਆ ਗਿਆ, ਇਹ ਸਤਿਕਾਰ ਇਹਨਾਂ ਲੋਕਾਂ ਨੂੰ ਠੀਕ ਸਮੇਂ ਉੱਤੇ ਕੀਤੀ, ਆਪਣੀ ਕੌਮੀਂ ਪਹਿਰੇਦਾਰੀ ਅਤੇ ਪੰਥ ਪ੍ਰਸਤੀ ਦੀ ਭਾਵਨਾ ਕਰਕੇ ਹੀ ਪ੍ਰਾਪਤ ਹੋਏ ਸਨ।

ਅੱਜ ਫਿਰ ਪੰਜਾਬ ਇੱਕ ਵਾਰ ਬਲਦੀ ਦੇ ਬੁੱਥੇ ਆ ਗਿਆ ਹੈ। ਸਿੱਖ ਮਾਨਸਿਕਤਾ ਗੰਦੀ ਸਿਆਸਤ ਦੀ ਭੱਠੀ ਉੱਤੇ ਭੁੱਜ ਰਹੀ ਹੈ, ਕਿਸੇ ਵੀ ਸਿਆਸੀ ਅਤੇ ਧਾਰਮਿਕ ਰੁੱਤਬੇ ਉੱਤੇ ਬੈਠੇ ਲੋਕ, ਜਖਮੀ ਸਿੱਖ ਮਾਨਸਿਕਤਾ ਨੂੰ ਦੁਸ਼ਮਨ ਦਿੱਸ ਰਹੇ ਹਨ, ਪਰ ਉਹਨਾਂ ਵਿਚੋਂ ਜਿਹੜਾ ਵੀ ਕਿਸੇ ਚਲਾਕੀ ਜਾਂ ਵਕਤੀ ਫਾਇਦੇ ਦੀ ਭਾਵਨਾ ਨੂੰ ਪਾਸੇ ਰੱਖਕੇ , ਆਪਣੇ ਰੁੱਤਬੇ ਜਾਂ ਪਦਵੀ ਨੂੰ ਤਿਆਗਕੇ, ਆਪਣੀ ਕੌਮ ਨਾਲ ਖੜਾ ਹੋਇਆ ਹੈ, ਉਸ ਨੂੰ ਕੌਮ ਨੇ ਸਤਿਕਾਰਿਆ ਹੈ ਅਤੇ ਉਸ ਦੀ ਪਹਿਲੀ ਕਾਰਗੁਜ਼ਾਰੀ ਨੂੰ ਨਜਰ ਅੰਦਾਜ਼ ਕਰ ਦਿੱਤਾ ਹੈ। ਪਿਛਲੇ ਕੁੱਝ ਦਿਨਾਂ ਤੋਂ ਸੌਦਾ ਸਾਧ ਨੂੰ ਚੋਰੀ ਮਾਫ਼ੀ ਦਿੱਤੇ ਜਾਣ ਅਤੇ ਫਿਰ ਉਸ ਤੋਂ ਬਾਅਦ ਕਿਸੇ ਬੇ ਭਾਗ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜਕੇ, ਗਲੀਆਂ ਵਿੱਚ ਖਿਲਾਰਣ ਦੀ ਮੰਦਭਾਗੀ ਘਟਨਾ ਕਰਕੇ, ਸਾਰਾ ਪੰਜਾਬ ਬਰੂਦ ਦੇ ਢੇਰ ਉੱਤੇ ਬੈਠਾ ਦਿੱਸਣ ਲੱਗ ਪਿਆ ਹੈ। ਜਜਬਾਤ ਹੱਦਾਂ ਪਾਰ ਕਰ ਚੁੱਕੇ ਹਨ, ਜਿੱਥੇ ਤਖਤਾਂ ਦੇ ਜਥੇਦਾਰ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਜੀ ਸਾਹਿਬ ਵਿਖੇ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਰਾਗੀ ਤੇ ਪ੍ਰਚਾਰਕ ਹੀ ਵਿਰੋਧ ਵਿੱਚ ਉਠ ਖਲੋਤੇ ਹਨ, ਉਥੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਸਿੱਖਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਹੇ ਹਨ।

ਹੁਣ ਤੱਕ ਤਿੰਨ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਗਿੱਦੜ ਕੁੱਟ ਹੋ ਚੁੱਕੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਘਰ ਅੱਗੇ ਵੀ ਸੈਂਕੜੇ ਪੁਲਿਸ ਮੁਲਾਜਮ ਅਤੇ ਟਾਸਕ ਫੋਰਸ ਦੇ ਜਵਾਨ ਤੈਨਾਤ ਹਨ। ਮੰਤਰੀਆਂ ਦੀਆਂ ਗੱਡੀਆਂ ਦੇ ਹੂਟਰਾਂ ਦੀ ਘੂੰ ਘੂੰ ਵੀ ਕਿਧਰੇ ਸੁਣਾਈ ਨਹੀਂ ਦੇ ਰਹੀ, ਹਰ ਕੋਈ ਜਜਬਾਤਾਂ ਦੇ ਸੇਕ ਤੋਂ ਡਰਦਾ ਘੁਰਣੇ ਵਿੱਚ ਗੁਜ਼ਾਰਾ ਕਰਨ ਨੂੰ ਤਰਜੀਹ ਦੇ ਰਿਹਾ ਹੈ। ਜਦੋਂ ਵੀ ਕੋਈ ਅਜਿਹਾ ਅਹੁਦੇ ਵਾਲਾ ਵਿਅਕਤੀ ਕਿਸੇ ਨੂੰ ਨਜ਼ਰੀ ਪੈਂਦਾ ਹੈ ਤਾਂ ਉਸ ਨੂੰ ਇੱਕੋ ਹੀ ਸਵਾਲ ਹੁੰਦਾ ਹੈ ਕਿ ਜੇ ਤੁਸੀਂ ਗੁਰੂ ਦੀ ਹੋਈ ਬੇਹੁਰਮਤੀ ਕਰਕੇ ਪੀੜਤ ਹੋ ਤਾਂ ਫਿਰ ਇਹਨਾਂ ਰੁੱਤਬਿਆਂ ਦਾ ਭਾਰ ਕਿਸ ਖੁਸ਼ੀ ਵਿੱਚ ਚੁੱਕੀ ਫਿਰਦੇ ਹੋ?

ਅਜਿਹੀ ਹਾਲਤ ਵਿੱਚ ਕੁੱਝ ਲੋਕਾਂ ਨੇ ਗੁਰੂ ਪਿਆਰ ਵਿੱਚ, ਕੁੱਝ ਨੇ ਭੇਡਾ ਚਾਲ ਵਿੱਚ, ਕੁੱਝ ਨੇ ਬੜੀ ਚਤੁਰਾਈ ਨਾਲ ਅਤੇ ਕੁੱਝ ਕੁ ਨੇ ਐਵੇਂ ਫੋਕੇ ਨੰਬਰ ਬਣਾਉਣ ਵਾਸਤੇ ਅਸਤੀਫੇ ਦੇਣੇ ਸ਼ੁਰੂ ਕੀਤੇ ਹਨ। ਇਹਨਾਂ ਵਿੱਚੋਂ ਕਾਂਗਰਸੀ ਐਮ.ਐਲ.ਏ. ਸ. ਰਮਨਜੀਤ ਸਿੰਘ ਸਿੱਕੀ ਨੇ, ਬੇਸ਼ੱਕ ਉਸਦੀ ਪਾਰਟੀ ਇਸ ਵਾਸਤੇ ਕਿਸੇ ਪਾਸਿਓਂ ਜਿੰਮੇਵਾਰ ਨਹੀਂ ਸੀ, ਫਿਰ ਵੀ ਮਰਦਾਂ ਵਾਲਾ ਕੰਮ ਕਰਦਿਆਂ ਐਮ.ਐਲ.ਏ. ਦੇ ਰੁੱਤਬੇ ਤੋਂ ਅਸਤੀਫਾ ਦਿੱਤਾ ਹੈ। ਜਿਸ ਨੂੰ ਇਤਿਹਾਸ ਪੰਥ ਪ੍ਰਸਤੀ ਦੇ ਪੰਨੇ ਉੱਤੇ ਲਿਖੇਗਾ, ਜਿਹੜੇ ਲੋਕ ਸਮੇਂ ਦੇ ਹਾਕਮ ਹਨ ਅਤੇ ਸੌਦਾ ਸਾਧ ਨੂੰ ਮਾਫ਼ ਕਰਵਾਉਣ ਜਾਂ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਨ ਦੇ ਦੋਸ਼ੀ ਨਜਰ ਆ ਰਹੇ, ਜਿਹੜੇ ਲੋਕ ਉਨ੍ਹਾਂ ਨਾਲ ਰਲ ਕੇ ਹੁਣ ਤੱਕ ਸਿਆਸੀ ਪਦਵੀਆਂ ਦਾ ਅਨੰਦ ਮਾਨ ਰਹੇ ਹਨ, ਉਨ੍ਹਾਂ ਵਿੱਚੋਂ ਵੀ ਜਿਹੜੇ ਵੀ ਲੋਕ ਅਸਤੀਫੇ ਦੇਣੇ ਚਾਹੁੰਦੇ ਹਨ, ਉਹਨਾਂ ਨੂੰ ਸਾਫ਼ ਲਫਜਾਂ ਵਿੱਚ ਸਪਸ਼ਟ ਕਰਨਾ ਪਵੇਗਾ ਕਿ ਉਹ ਅੱਜ ਗੁਰੂ ਦੀ ਅਜਮਤ, ਪੰਥਕ ਸਿਧਾਂਤਾਂ ,ਗੁਰੂ ਮਰਿਯਾਦਾ ਨਾਲ ਖਿਲਵਾੜ ਕਰਨ ਵਾਲੇ ਅਤੇ ਸਿੱਖ ਸੰਸਥਾਵਾਂ ਨੂੰ ਆਪਣੀ ਪਰਿਵਾਰਕ ਸਿਆਸਤ ਬਦਲੇ ਦਾਅ ਉੱਤੇ ਲਾਉਣ ਵਾਲੇ ਲੋਕਾਂ, ਨਾਲੋਂ ਨਾਤਾ ਤੋੜ ਰਹੇ ਹਨ ਅਤੇ ਭਵਿੱਖ ਵਿੱਚ ਉਹਨਾਂ ਨਾਲ ਕਦੇ ਕੋਈ ਵਾਸਤਾ ਨਹੀਂ ਰੱਖਣਗੇ।

ਜਿਵੇ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਦੇ ਮੈਂਬਰ ਸ. ਸੁਖਦੇਵ ਸਿੰਘ ਭੌਰ ਹਨ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਅਸਤੀਫਾ ਦੇਣ ਦੀ ਲੋੜ ਨਹੀਂ, ਕਿਉਂਕਿ ਇਹ ਪਦਵੀ ਉਹਨਾਂ ਨੂੰ ਬਾਦਲ ਨੇ ਨਹੀਂ ਦਿੱਤੀ, ਸਗੋਂ ਸੁਪ੍ਰੀਮ ਕੋਰਟ ਨੇ ਦਿੱਤੀ ਹੈ। ਉਹਨਾਂ ਨੂੰ ਹਰ ਮੀਟਿੰਗ ਵਿੱਚ ਬਾਦਲਾਂ ਦੇ ਸ਼ਾਹੀ ਫੁਰਮਾਨਾਂ ਦਾ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ ਅਤੇ ਉਥੇ ਪੱਕਦੀ ਖਿਚੜੀ ਨੂੰ ਪੱਕਣ ਤੋਂ ਪਹਿਲਾਂ ਹੀ ਜੱਗ ਜਾਹਰ ਕਰਨਾ ਚਾਹੀਦਾ ਹੈ ਅਤੇ ਸ. ਭੌਰ ਨੂੰ ਬਾਦਲ ਦਲ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਨਾਲ ਹੀ ਪ੍ਰਣ ਕਰਨਾ ਚਾਹੀਦਾ ਹੈ ਕਿ ਅੱਗੋਂ ਤੋਂ ਕਦੇ ਵੀ ਬਾਦਲ ਦਲ ਦਾ ਸਥ ਨਹੀਂ ਦੇਣਗੇ ਅਤੇ ਨਾ ਹੀ ਉਸਦੀ ਟਿਕਟ ਉੱਤੇ ਚੋਣ ਲੜਣਗੇ। ਹੋਰ ਵੀ ਸਾਰੇ ਆਗੂਆਂ ਨੂੰ ਬਾਦਲ ਤੋਂ ਅਸਤੀਫੇ ਦੇ ਕੇ, ਭਵਿੱਖ ਵਿੱਚ ਬਾਦਲ ਦਲ ਨਾਲ ਕਦੇ ਵੀ ਕੋਈ ਸਾਂਝ ਨਾ ਪਾਉਣ ਦੀ ਅਰਦਾਸ ਗੁਰੂ ਅੱਗੇ ਕਰਨੀ ਚਾਹੀਦੀ ਹੈ।

ਸੁਪ੍ਰੀਮ ਕੋਰਟ ਵੱਲੋਂ ਰੱਦ ਕੀਤੇ ਜਾ ਚੁੱਕੇ, 2011 ਵਾਲੇ ਹਾਉਸ ਦੇ ਕੁੱਝ ਮੈਂਬਰ ਵੀ ਰੀਸ-ਬ-ਰੀਸੀ ਅਸਤੀਫੇ ਦੇ ਕੇ ਨੰਬਰ ਬਣਾ ਰਹੇ ਹਨ, ਜਦੋਂ ਕਿ ਉਹ ਕਾਨੂੰਨੀ ਤੌਰ ਉੱਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੀ ਨਹੀਂ ਹਨ, ਤਾਂ ਫਿਰ ਅਸਤੀਫੇ ਕਿਸ ਅਹੁਦੇ ਤੋਂ ਦੇ ਰਹੇ ਹਨ? ਜੇ ਸੱਚ ਮੁੱਚ ਹੀ ਗੁਰੂ ਨਾਲ ਪਿਆਰ ਹੈ, ਫਿਰ ਬਾਦਲ ਦਲ ਤੋਂ ਅਸਤੀਫੇ ਦੇਣ, ਐਵੇਂ ਅਖਬਾਰੀ ਬਿਆਨਬਾਜ਼ੀ ਵਿੱਚ ਜਿਹੜੇ ਰੁੱਤਬੇ ਦੇ ਮਲਿਕ ਹੀ ਨਹੀਂ, ਉਸ ਤੋਂ ਅਸਤੀਫਿਆਂ ਦਾ ਐਲਾਨ ਕਰਕੇ, ਸਿੱਖ ਸੰਗਤ ਨੂੰ ਗੁੰਮਰਾਹ ਨਾ ਕਰਨ। ਜੇ ਗੁਰੂ ਪੰਥ ਵਾਸਤੇ ਕੁੱਝ ਕਰਨ ਦਾ ਚਾਅ ਹੈ ਤਾਂ ਬਾਦਲ ਦਲ ਨੂੰ ਅਲਵਿਦਾ ਆਖਣ, ਫਿਰ ਉਹਨਾਂ ਦੇ ਨਾਮ ਨਾਲ ਭਾਵੇਂ ਕੋਈ ਰੁਤਬਾ ਜਾਂ ਪਦਵੀ ਹੈ ਜਾਂ ਨਹੀਂ, ਪਰ ਪੰਥ ਪਲਕਾਂ ਉੱਤੇ ਬਿਠਾਉਣ ਨੂੰ ਤਿਆਰ ਹੈ, ਗੁਰੂ ਵੀ ਗਲ ਨਾਲ ਲਵੇਗਾ। ਇੱਥੇ ਲੋੜ ਸਾਫਗੋਈ ਅਤੇ ਪ੍ਰਪੱਕਤਾ ਦੀ ਹੈ।

ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top