Share on Facebook

Main News Page

ਨਾਨਕਸ਼ਾਹੀ ਕੈਲੰਡਰ ਦੀ ਅਹਿਮੀਅਤ ਅਤੇ ਤਰਕਹੀਣ ਵਿਰੋਧ
-: ਸ. ਗੁਰਤੇਜ ਸਿੰਘ Ex. IAS

ਨਾਨਕਸ਼ਾਹੀ ਕੈਲੰਡਰ ਦਾ ਮਸਲਾ ਗੁਰੂ-ਦਰਬਾਰ ਨੂੰ ਜਾਂਦੇ ਗਾਡੀ ਰਾਹ ਵਾਂਗ ਸਿੱਧਾ ਤੇ ਸਰਲ ਹੈ। ਰੌਲ-ਘਚੋਲੇ ਵਿੱਚੋਂ ਲਾਹਾ ਲੈਣ ਲਈ ਏਸ ਨੂੰ 'ਬ੍ਰਹਮਗਿਆਨੀ' ਪੁਜਾਰੀ ਜਮਾਤ ਅਤੇ 'ਰਾਜ ਨਹੀਂ ਸੇਵਾ' ਵਾਲੇ ਸਿਆਸਤਦਾਨਾਂ ਨੇ ਅਜਿਹਾ ਉਲਝਾਇਆ ਹੈ ਕਿ ਆਮ ਆਦਮੀ ਸਦਾ ਲਈ ਭੰਬਲਭੂਸੇ ਵਿੱਚ ਪਿਆ ਰਹੇ।

ਕਰਤਾ ਪੁਰਖ ਨੇ ਸ੍ਰਿਸ਼ਟੀ ਸਾਜਣ ਦੇ ਨਾਲ ਹੀ ਸੂਰਜ ਅਤੇ ਚੰਦਰਮਾ ਅਧਾਰਤ ਦੋ ਕੈਲੰਡਰ ਆਪਣੀ ਰਚਨਾ ਦੀ ਕੰਧ ਉੱਤੇ ਟੰਗ ਦਿੱਤੇ। ਧਰਤੀ ਸੂਰਜ ਦਾ ਇੱਕ ਗੇੜਾ ਤਕਰੀਬਨ 365 ਦਿਨਾਂ ਵਿੱਚ ਮੁਕੰਮਲ ਕਰਦੀ ਹੈ ਅਤੇ ਇਹ ਇੱਕ ਸਾਲ ਦਾ ਸਮਾਂ ਬਣਿਆ ਜਿਸ ਨੂੰ ਮਹੀਨਿਆਂ, ਹਫ਼ਤਿਆਂ ਵਿੱਚ ਤਕਸੀਮ ਕਰ ਕੇ ਆਮ ਲੋਕਾਂ ਦੇ ਵਰਤਣਯੋਗ ਕੈਲੰਡਰ ਬਣਾ ਲਿਆ ਗਿਆ। ਚੰਦਰਮਾ ਤਕਰੀਬਨ 28 ਦਿਨਾਂ ਵਿੱਚ ਧਰਤੀ ਉਦਾਲੇ ਇੱਕ ਚੱਕਰ ਲਗਾਉਂਦਾ ਹੈ। ਏਸ ਨੂੰ ਇੱਕ ਮਹੀਨਾ ਤਸੱਵਰ ਕਰ ਕੇ ਵਰਤਣ ਦੀ ਰੀਤ ਵੀ ਪ੍ਰਚੱਲਤ ਹੋ ਗਈ। ਕਿਉਂਕਿ ਧਰਤੀ ਦੇ ਮੁਕੰਮਲ ਭ੍ਰਮਣ ਨਾਲ ਰੁੱਤਾਂ ਦੇ ਗੇੜ ਜੁੜੇ ਸਨ, ਅਸਲ ਕੈਲੰਡਰ ਦਾ ਰੁਤਬਾ ਸੂਰਜੀ ਕੈਲੰਡਰ ਨੂੰ ਹੀ ਮਿਲਿਆ। ਚੰਦ ਉੱਤੇ ਟੇਕ ਵਾਲੇ ਕੈਲੰਡਰ ਨੂੰ ਹਰ ਸਾਲ ਸੋਧਣ ਦੀ ਲੋੜ ਨੇ ਮਨੁੱਖੀ ਮਨਾਂ ਉੱਤੇ ਧਾੜੇ ਮਾਰ ਕੇ ਪੰਡਤਾਈ ਦਾ ਰੋਅਬ ਸਥਾਪਤ ਕਰਨ ਵਾਲੀ ਇੱਕ ਜਮਾਤ ਪੈਦਾ ਕਰ ਦਿੱਤੀ ਜਿਨ੍ਹਾਂ ਦੀ ਸਾਡੇ ਖਿੱਤੇ ਵਿੱਚ ਅਗਵਾਈ ਸ਼ਾਤਰ ਬ੍ਰਾਹਮਣ ਜਮਾਤ ਹੱਥ ਆਈ। ਇਸ ਮਖੱਟੂ ਜਮਾਤ ਨੇ ਏਸ ਪ੍ਰਕਿਰਿਆ ਨੂੰ ਆਪਣੀ ਰੋਜ਼ੀ-ਰੋਟੀ ਅਤੇ ਐਸ਼ ਦਾ ਸਾਧਨ ਬਣਾ ਲਿਆ।

ਕ੍ਰੀਮੀਆ ਜੰਗ (1863) ਤੋਂ ਬਾਅਦ ਸਿੱਖ ਪ੍ਰਵਾਸ ਕਰਨ ਲੱਗ ਪਏ ਅਤੇ ਅੱਜ ਤਕਰੀਬਨ 60 ਮੁਲਕਾਂ ਵਿੱਚ ਵੱਸ ਕੇ ਹਰ ਸਮਾਜ ਦੇ ਵਿਕਾਸ ਵਿੱਚ ਆਪਣੀ ਨਿਗੂਣੀ ਗਿਣਤੀ ਤੋਂ ਵੱਧ ਹਿੱਸਾ ਪਾਉਣ ਲੱਗੇ। ਹਰ ਸਮਾਜ ਵਿੱਚ ਚਾਹ ਜਾਗੀ ਕਿ ਇਹਨਾਂ ਮਿਹਨਤੀ ਲੋਕਾਂ ਦੇ ਦਿਨ-ਦਿਹਾੜੇ ਵੀ ਮਨਾਏ ਜਾਣ। ਕਈ ਮੁਲਕਾਂ ਨੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਜਨਮ-ਦਿਨਾਂ ਉੱਤੇ ਸਰਕਾਰੀ ਛੁੱਟੀ ਆਦਿ ਕਰਨ ਦਾ ਮਨ ਬਣਾਇਆ। ਉਹਨਾਂ ਦੇ ਕੈਲੰਡਰ ਦੋ-ਦੋ ਸਾਲ ਪਹਿਲਾਂ ਤਿਆਰ ਹੋ ਜਾਂਦੇ ਹਨ। ਗੁਰੂ-ਪ੍ਰਕਾਸ਼ ਦੀਆਂ ਤਰੀਕਾਂ ਦੀ ਪੁੱਛ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪੁੱਜੀ ਤਾਂ ਉਹਨਾਂ ਬਜ਼ਾਰ ਮਾਈ ਸੇਵਾਂ ਦੇ ਜੰਤਰੀ ਛਾਪਣ ਵਾਲਿਆਂ ਵੱਲ ਉਂਗਲ ਕਰ ਦਿੱਤੀ। ਉਹਨਾਂ ਆਖਿਆ ਕਿ ਭਾਟੜੇ ਦਿਵਾਲੀ 'ਤੇ ਆਉਣਗੇ ਅਤੇ ਫ਼ੇਰ ਜੰਤਰੀਆਂ ਤਿਆਰ ਹੋਣਗੀਆਂ। ਇਹ ਜੁਆਬ ਮਸਲਾ ਹੱਲ ਨਹੀਂ ਸੀ ਕਰਦਾ। ਪ੍ਰਵਾਸੀ ਮਨਾਂ ਵਿੱਚ ਆਪੇ ਹੱਲ ਕਰਨ ਦੀ ਪ੍ਰਬਲ ਇੱਛਾ ਨੇ ਜਨਮ ਲਿਆ।

ਏਸ ਵੰਗਾਰ ਨੂੰ ਪਾਲ ਸਿੰਘ ਪੁਰੇਵਾਲ ਨੇ ਕਬੂਲਿਆ। ਇਤਿਹਾਸਕਾਰਾਂ ਦੀ ਇੱਕ ਕਮੇਟੀ ਓਸ ਦੀ ਮਦਦ ਲਈ ਬਣੀ। ਇੱਕ-ਇੱਕ ਕਰ ਕੇ ਗੁਰਪੁਰਬਾਂ, ਗੁਰ-ਇਤਿਹਾਸ, ਸਿੱਖ ਇਤਿਹਾਸ ਆਦਿ ਦੀਆਂ ਤਰੀਕਾਂ ਮੂਲ ਸੋਮਿਆਂ ਤੋਂ, ਜੋ ਕਿ ਬਿਕ੍ਰਮੀ ਸੰਮਤ ਅਨੁਸਾਰ ਹਨ, ਲੱਭੀਆਂ ਗਈਆਂ। ਇਹ ਜਾਣਨ ਦਾ ਨਿਰਣਾ ਕੀਤਾ ਗਿਆ ਕਿ ਘਟਨਾ ਵਾਲੇ ਸਾਲ ਇਹ ਘਟਨਾਵਾਂ ਸੂਰਜੀ ਕੈਲੰਡਰ ਮੁਤਾਬਕ ਕਿਸ ਤਾਰੀਖ ਨੂੰ ਘਟੀਆਂ ਸਨ। ਕਈਆਂ ਦੇ ਅਕੱਟ ਸਬੂਤ ਸਨ ਜਿਵੇਂ ਕਿ ਗੁਰੂ ਅਮਰਦਾਸ ਜੀ ਦੇ 'ਅਭੀਚ ਪੁਰਬ' ਵਾਲੇ ਦਿਨ, 'ਜਗਤ ਉਧਰਨ ਅਰਥਾ' ਹਰਦਵਾਰ ਜਾਣ ਦੀ ਘਟਨਾ। ਅਭੀਚ ਪੁਰਬ ਦੇ ਨਕਸ਼ੱਤਰ ਕਦੋਂ-ਕਦੋਂ ਇਕੱਠੇ ਹੋਏ ਸਨ, ਦਾ ਵੇਰਵਾ ਹਰ ਤਾਰਾ-ਵਿਗਿਆਨੀ ਕੋਲ ਪ੍ਰਾਪਤ ਹੈ। ਇਉਂ ਇਹ ਤਾਰੀਖ-ਸਿੱਧੀ ਹੀ ਸੂਰਜੀ ਕੈਲੰਡਰ ਵਿੱਚ ਸਥਾਪਤ ਹੋ ਸਕੀ। ਸੂਰਜ ਗ੍ਰਹਿਣ ਦੀਆਂ ਤਾਰੀਖਾਂ ਵੀ ਸਿੱਖ ਇਤਿਹਾਸ ਦੀਆਂ ਕੁਝ ਕੁ ਘਟਨਾਵਾਂ ਦਾ ਨਿਰਣਾ ਕਰਨ ਦਾ ਸਬੱਬ ਬਣੀਆਂ।

ਪੂਰਾ ਕੈਲੰਡਰ ਏਸ ਵਿਧੀ ਨਾਲ ਤਿਆਰ ਕੀਤਾ ਗਿਆ। ਏਸ ਕੈਲੰਡਰ ਨੂੰ ਨਾਨਕਸ਼ਾਹੀ ਨਾਂਅ ਦੇਣ ਲਈ ਏਸ ਦਾ ਆਰੰਭ ਗੁਰੂ ਨਾਨਕ ਹਜ਼ੂਰ ਦੇ ਜਨਮ-ਮਾਹ ਤੋਂ ਕੀਤਾ ਗਿਆ। ਏਸ ਦੇ ਮਹੀਨਿਆਂ ਦੇ ਨਾਂਅ ਬਾਰਾਂਮਾਹਿਆਂ ਤੋਂ ਉਧਾਰੇ ਲਏ ਗਏ ਅਤੇ ਦਿਨਾਂ ਦੀ ਗਿਣਤੀ ਸਹੂਲਤ ਅਨੁਸਾਰ ਰੱਖ ਲਈ ਗਈ। ਗਿਣਤੀ-ਮਿਣਤੀ ਦਾ ਕੇਂਦਰ ਅੰਮ੍ਰਿਤਸਰ ਨੂੰ ਰੱਖਿਆ ਗਿਆ। ਹੋਰ ਵੇਰਵੇ ਵੀ ਹਨ ਪਰ ਬਰੀਕੀਆਂ ਦੀ ਏਸ ਲੇਖ ਦੇ ਵਿਸ਼ੇ ਨੂੰ ਲੋੜ ਨਹੀਂ। ਨਤੀਜੇ ਵਜੋਂ ਅਸੀਂ ਸਦੀਆਂ ਤੱਕ ਦਾ ਨਿਸ਼ਚਿਤ ਸਿੱਖ ਕੈਲੰਡਰ ਬਣਾ ਸਕਦੇ ਹਾਂ। ਅਸੀਂ ਆਉਣ ਵਾਲੀ ਸਦੀ ਦੇ ਗੁਰਪੁਰਬ ਵੀ ਨਿਰਧਾਰਤ ਕਰ ਸਕਦੇ ਹਾਂ। ਪ੍ਰਵਾਸੀ ਸਿੱਖਾਂ ਦੀ ਵੱਡੀ ਲੋੜ ਇਉਂ ਮਾਮੂਲੀ ਗਣਿਤ ਦੇ ਚੰਦ ਸੌਖੇ ਸਵਾਲਾਂ ਵਿੱਚ ਵੱਟ ਗਈ। ਸਾਰੇ ਸੰਸਾਰ ਦੇ ਸਿੱਖਾਂ ਵਾਸਤੇ ਇੱਕੋ ਦਿਨ ਗੁਰਪੁਰਬ ਮਨਾਉਣੇ ਸੰਭਵ ਹੋ ਗਏ।

ਡੇਰੇਦਾਰ ਮੱਸਿਆ, ਸੰਗਰਾਂਦ ਅਤੇ ਪੂਰਨਮਾਸ਼ੀ ਨੂੰ ਅਣਭੋਲ ਲੋਕਾਂ ਕੋਲੋਂ ਖ਼ੂਬ ਪਦਾਰਥ ਛਕਦੇ ਹਨ। ਇਹ ਤਿੰਨੋਂ ਦਿਨ ਚੰਦਰਮਾ ਕੈਲੰਡਰ ਨਾਲ ਸਬੰਧਤ ਹੋਣ ਕਾਰਣ ਇਹਨਾਂ ਦੀ ਅਹਿਮੀਅਤ ਘਟ ਗਈ। ਇਹ ਐਨ ਗੁਰਬਾਣੀ ਅਨੁਸਾਰ ਸੀ ਜਿਸ ਵਿੱਚ ਨਾ ਤਿੱਥਾਂ-ਵਾਰਾਂ ਨੂੰ ਮਾਨਤਾ ਦਿੱਤੀ ਗਈ ਹੈ, ਨਾ ਹੀ ਸਾਧਾਂ-ਸੰਤਾਂ ਦੀ ਵਿਚੋਲਗੀ ਨੂੰ ਕਬੂਲਿਆ ਗਿਆ ਹੈ; "ਛੁਰੀ ਕਾਢਿ ਲੇਵੈ ਹਥਿ ਦਾਨਾ" ਨੂੰ ਨਿਹਾਇਤ ਬੁਰਾ ਸਮਝਿਆ ਗਿਆ ਹੈ। ਗੁਰਬਾਣੀ, ਗੁਰ-ਫ਼ੁਰਮਾਨਾਂ ਦੀ ਪਰਵਾਹ ਤਾਂ ਇਹ ਲਾਣਾ ਪਹਿਲਾਂ ਹੀ ਨਹੀਂ ਸੀ ਕਰਦਾ। ਨਵੇਂ ਕੈਲੰਡਰ ਨੇ ਅਸਿੱਧੇ ਤੌਰ ਉੱਤੇ ਪੁਜਾਰੀ ਜਮਾਤ ਦੀ ਵਿਚੋਲਗੀ ਨੂੰ ਅਤੇ ਲੋਕਾਂ ਦੀ ਇੱਕ ਮਹੀਨੇ ਵਿੱਚ ਤਿੰਨ ਵਾਰ ਹੁੰਦੀ ਲੁੱਟ ਨੂੰ ਨਕਾਰ ਦਿੱਤਾ। ਬਾਬਾ ਸਾਹਿਬਾਨ ਨੂੰ ਏਸ ਲਈ ਪੁਰੇਵਾਲ, ਨਾਨਕਸ਼ਾਹੀ ਕੈਲੰਡਰ ਅਤੇ ਉਸ ਦੇ ਸਮਰਥਕ ਫੁੱਟੀ ਅੱਖ ਨਹੀਂ ਭਾਉਂਦੇ।

"ਨਿਥਾਵਿਆਂ ਦੇ ਥਾਂ" ਸੱਚੇ ਸਾਹਿਬ ਦਾ ਫ਼ੁਰਮਾਨ ਸੀ ਕਿ 'ਜੋ ਸਿੱਖ ਉਦਾਸੀ ਹੋਵੇਗਾ ਤਿਸ ਦਾ ਬੁਰਾ ਹੋਵੇਗਾ'। ਸਿੱਖਾਂ ਦਾ ਬੁਰਾ ਲੋਚਣ ਵਾਲੀਆਂ ਹਕੂਮਤਾਂ ਅਤੇ ਇਹ ਆਪੂੰ ਬਣੇ ਵਿਚੋਲੇ ਏਸੇ ਲਈ ਉਦਾਸੀ, ਨਿਰਮਲੇ ਡੇਰਿਆਂ, ਪੰਚਾਇਤਾਂ ਦੇ ਸਾਧਾਂ ਨੂੰ ਪੰਥ ਦੀ ਪਿੱਠ ਉੱਤੇ ਲੱਦ ਕੇ ਪੰਥ ਨੂੰ ਮੋੜ ਕੇ ਬ੍ਰਾਹਮਣਾਂ, ਪੁਜਾਰੀਆਂ ਅਤੇ ਉਹਨਾਂ ਰਾਹੀਂ ਸਮੇਂ ਦੇ ਸਿਆਸੀ ਆਗੂਆਂ ਅਧੀਨ ਕਰਨ ਦਾ ਭਰਮ ਪਾਲ ਰਹੇ ਹਨ। ਇਹਨਾਂ ਨੇ ਕਦੇ ਇਹ ਪੜ੍ਹਿਆ ਹੀ ਨਹੀਂ ਕਿ "ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥" ਗੁਰੂ ਦਾ ਖ਼ਾਲਸਾ ਆਪੇ ਬ੍ਰਾਹਮਣ, ਆਪੇ ਖੱਤਰੀ, ਆਪੇ ਵੈਸ਼ ਤੇ ਸ਼ੂਦਰ ਹੈ।ਏਸ ਨੇ ਕਿਸੇ ਉੱਤੇ ਧੌਂਸ ਨਹੀਂ ਜਮਾਉਣੀ; ਕਿਸੇ ਦੀ ਕਿਰਤ ਨੂੰ ਲੁੱਟਣਾ ਨਹੀਂ; ਆਪਣੀ ਰੱਖਿਆ ਆਪ ਕਰਨੀ ਹੈ ਅਤੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਆਪ ਕਰਨੀ ਹੈ।

ਸਾਧਾਂ, ਸੰਤਾਂ, ਬ੍ਰਹਮਗਿਆਨੀਆਂ ਅਤੇ ਇਹਨਾਂ ਦੇ ਸਮਰਥਕਾਂ ਨੂੰ ਬੜੀ ਅਧੀਨਗੀ ਨਾਲ ਬੇਨਤੀ ਹੈ ਕਿ 1699 ਦੀ ਵਿਸਾਖੀ ਨੂੰ ਸਰਬੰਸਦਾਨੀ ਸੰਗਤ ਨੂੰ ਖ਼ਾਲਸਾ ਕਰ ਕੇ ਆਪਣੇ ਵਿੱਚ ਅਭੇਦ ਕਰ ਚੁੱਕਾ ਹੈ। ਹੁਣ ਤਾਂ ਇਹ ਹੁਕਮ ਤਿੰਨ ਸਦੀਆਂ ਦੀ ਕੁਠਾਲੀ ਵਿੱਚ ਢਲ ਕੇ ਕੁੰਦਨ ਹੋ ਗਿਆ ਹੈ। ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੀ ਕੁਚੇਸ਼ਟਾ ਨੂੰ ਬਾਬੇ ਤਿਆਗ ਦੇਣ ਅਤੇ ਆਪਣੀ ਹਰਾਮ ਦੀ ਕਮਾਈ ਉੱਤੇ ਪਲ਼ੇ ਭਾਰੀ-ਭਰਕਮ ਸਰੀਰਾਂ ਨੂੰ, ਗੁਰੂ ਕੀ ਕਉਡੀ ਨਾਲ ਭ੍ਰਿਸ਼ਟੀਆਂ ਬੁੱਧੀਆਂ ਨੂੰ ਪੰਥ ਅਤੇ ਗੁਰੂ ਦੇ ਵਿਚਾਲੇ ਢੇਰੀ ਕਰਨ ਤੋਂ ਗ਼ੁਰੇਜ਼ ਕਰਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top