Share on Facebook

Main News Page

ਸਿੱਖਾਂ ਦੀ ਬਰਬਾਦੀ ਵਿੱਚ ਬਾਹਰੀ ਦੁਸ਼ਮਨਾਂ ਨਾਲੋਂ ਸਿੱਖ ਆਗੂਆਂ ਦਾ ਦੋਗਲਾ ਕਿਰਦਾਰ ਵਧੇਰੇ ਜਿੰਮੇਵਾਰ ਹੈ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਜਦੋਂ ਵੀ ਕੋਈ ਕੌਮ ਕਿਸੇ ਖਵਾਰੀਆਂ ਦੇ ਦੌਰ ਵਿੱਚੋਂ ਗੁਜਰਦੀ ਹੈ ਜਾਂ ਗੁਜਰੀ ਹੋਵੇ ਤਾਂ ਉਸਦੀ ਪੜਤਾਲ ਕਰਨ ਜਾਂ ਇਤਿਹਾਸਕ ਪਰਿਪੇਖ ਵਿੱਚੋਂ ਇਹੀ ਨਜਰ ਆਉਂਦਾ ਹੈ ਕਿ ਉਸ ਕੌਮ ਦੇ ਆਗੂਆਂ ਦਾ ਕਿਰਦਾਰ ਦੋਗਲਾ ਹੈ ਜਾਂ ਸੀ। ਇਹ ਅੱਜ ਤੋਂ ਨਹੀਂ ਬਲਕਿ ਆਦਿ ਕਾਲ ਦੀ ਹੀ ਸਮੱਸਿਆ ਹੈ। ਪੁਰਾਤਨ ਸਮੇਂ ਨੂੰ ਬਿਆਨ ਕਰਦਿਆਂ ਗੁਰੂ ਸਾਹਿਬ ਨੇ ਅਨੇਕਾਂ ਪ੍ਰਮਾਣਾਂ ਨੂੰ ਬਾਣੀ ਵਿੱਚ ਵੀ ਦਰਜ਼ ਕੀਤਾ ਹੈ। ਜਿਥੇ ਗੁਰੂ ਸਾਹਿਬ ਨੇ ਹਿੰਦੁਆਂ ਦੀ ਗੁਲਾਮੀ ਦਾ ਜ਼ਿਕਰ ਕੀਤਾ ਹੈ, ਉਥੇ ਸਮੇਂ ਦੇ ਧਾਰਮਿਕ ਆਗੂ ਬ੍ਰਾਹਮਣ ਦੇ ਦੋਗਲੇ ਕਿਰਦਾਰ ਦਾ ਖੁਲਾਸਾ ਵੀ ਕੀਤਾ ਆਸਾ ਜੀ ਦੀ ਵਾਰ ਵਿੱਚ ਕਰਦਿਆਂ ਸਤਿਗੁਰ ਫੁਰਮਾਨ ਕਰਦੇ ਹਨ ਅਭਾਖਿਆ ਕਾ ਕੁਠਾ ਬਕਰਾ ਖਾਣਾ॥ ਚਉਕੇ ਉਪਰਿ ਕਿਸੈ ਨ ਜਾਣਾ॥, ਭਾਵ ਕਿ ਇੱਕ ਪਾਸੇ ਬ੍ਰਾਹਣ ਲੋਕਾਂ ਨੂੰ ਮੁਗਲ ਸਮਰਾਜ਼ ਦੇ ਖਿਲਾਫ਼ ਪ੍ਰਚਾਰ ਕਰਦਾ ਹੈ ਕਿ ਇਹਨਾਂ ਲੋਕਾਂ ਦੀ ਗੁਲਾਮੀ ਦਾ ਗਲਬਾ ਸਾਡੇ ਉੱਤੇ ਹੈ, ਪਰ ਦੂਸਰੇ ਪਾਸੇ ਜਨੇਊ ਪਾਉਣ ਵੇਲੇ ਬੱਕਰਾ ਛੁਰੀ ਫੇਰ ਕੇ ਹਲਾਲ ਕਰਦਾ ਹੈ ਅਤੇ ਉਸਨੂੰ ਖੁਦ ਵੀ ਖਾਂਦਾ ਹੈ ਤੇ ਦੂਜਿਆਂ ਨੂੰ ਵੀ ਖਵਾਉਂਦਾ ਹੈ, ਇਸ ਦਾ ਕਿਰਦਾਰ ਦੋਗਲਾ ਹੈ।

ਗੁਰੂ ਨਾਨਕ ਪਾਤਸ਼ਾਹ ਨੇ ਧਰਮ ਦੇ ਨਾਮ 'ਤੇ ਅਜਿਹੇ ਦੋਗਲੇ ਕਿਰਦਾਰਾਂ ਨੂੰ ਵੇਖਦਿਆਂ ਹੀ ਇੱਕ ਸੇਧ ਦੇਣ ਦਾ ਫੈਸਲਾ ਕੀਤਾ ਕਿ ਜੇ ਜ਼ੁਲਮ ਦਾ ਨਾਸ ਕਰਨਾਂ ਹੈ ਅਤੇ ਹਲੇਮੀ ਰਾਜ ਲਿਆਉਣ ਹੈ ਤਾਂ ਪਹਿਲਾਂ ਅਗਵਾਈ ਕਰਨ ਵਾਲਿਆਂ ਦਾ ਕਿਰਦਾਰ ਸੁਥਰਾ ਅਤੇ ਉਚ ਪਾਏ ਦਾ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਨੇ ਇਸ ਕਰਕੇ ਹਰ ਗੱਲ ਨੂੰ ਰੂਹਾਨੀ ਤਰਕ ਨਾਲ ਵੰਗਾਰਿਆ ਅਤੇ ਕਿਸੇ ਦੀ ਭੈਅ ਜਾਂ ਛਲਾਵੇ ਵਾਲੀ ਈਨ ਮੰਨਨ ਦੀ ਬਜਾਇ, ਉਸਨੂੰ ਲਾਜਵਾਬ ਕਰਕੇ ਬੜੀ ਨਿਮਰਤਾ ਅਤੇ ਹਲੀਮੀ ਨਾਲ ਰੱਬੀ ਰਾਹ ਉੱਤੇ ਉਂਗਲੀ ਫੜਾਕੇ ਤੋਰਨ ਦਾ ਯਤਨ ਕੀਤਾ। ਇਹ ਕਿਸੇ ਦੀ ਬਦਕਿਸਮਤੀ ਹੀ ਆਖੀ ਜਾ ਸਕਦੀ ਹੈ, ਜਿਹੜਾ ਕੋਈ ਗੁਰੂ ਨਾਨਕ ਦੀ ਉਂਗਲੀ ਛੱਡਕੇ ਆਪਣੀ ਸਿਆਣਪ ਦਾ ਪੱਲਾ ਫੜਕੇ ਰਸਤੇ ਤੋਂ ਭਟਕ ਗਿਆ ਹੋਵੇ । ਜਿਸ ਨੇ ਵੀ ਗੁਰੂ ਦੀ ਵਿਚਾਰਧਾਰਾ ਨੂੰ ਸਮਝਿਆ ਓਹ ਦੁਨਿਆ ਦੇ ਭਵਸਾਗਰ ਤੋਂ ਤਾਂ ਤਰਿਆ ਹੀ ਨਾਲ ਨਾਲ ਇਤਿਹਾਸ ਵਿੱਚ ਇੱਕ ਚਮਕਦਾ ਸਿਤਾਰਾ ਬਣਕੇ ਆਉਂਦੀਆਂ ਨਸਲਾਂ ਵਾਸਤੇ ਪ੍ਰੇਰਨਾ ਸਰੋਤ ਵੀ ਬਣ ਗਿਆ।

ਇਸ ਕਿਰਦਾਰ ਨੂੰ ਸਲਾਮਤ ਰਖਣ ਵਾਸਤੇ ਅਤੇ ਲੋਕਾਈ ਨੂੰ ਕਿਰਦਾਰ ਦੀ ਕਦਰ ਅਤੇ ਮਹਾਨਤਾ ਸਮਝਾਉਣ ਵਾਸਤੇ ਬਾਬਰ ਦੇ ਜ਼ੁਲਮ ਦੀ ਅਣਦੇਖੀ ਕਰਨ ਦੀ ਥਾਂ ਗੁਰੂ ਨਾਨਕ ਸਾਹਿਬ ਨੇ ਉਸਦੀ ਕੈਦ ਨੂੰ ਤਰਜੀਹ ਦਿੱਤੀ। ਇਹ ਨਹੀਂ ਕਿ ਉਸ ਸਮੇਂ ਕੋਈ ਹੋਰ ਧਾਰਮਿਕ ਆਗੂ ਨਹੀਂ ਸੀ। ਬ੍ਰਾਹਮਣ ਧਰਮ ਦਾ ਠੇਕੇਦਾਰ ਸੀ, ਕਾਜ਼ੀ ਰੱਬ ਦੇ ਜੇਠੇ ਪੁੱਤ ਬਣੇ ਹੋਏ ਸਨ, ਪਰ ਕੋਈ ਸੱਚ ਨਹੀਂ ਕਹਿ ਰਿਹਾ ਸੀ। ਸਭ ਦਾ ਕਿਰਦਾਰ ਦੋਗਲਾ ਸੀ। ਇੱਕ ਪਾਸੇ ਧਰਮੀ ਅਖਵਾਉਂਦੇ ਸਨ, ਦੂਜੇ ਪਾਸੇ ਲੋਕਾਂ ਤੇ ਹੁੰਦਾ ਜ਼ੁਲਮ ਵੇਖਦੇ ਹੋਏ ਜਾਂ ਤਾਂ ਚੁੱਪ ਰਹਿੰਦੇ ਸਨ ਜਾਂ ਹਕੂਮਤ ਦੀ ਵਾਹ ਵਾਹ ਕਰਦੇ ਸਨ। ਗੁਰੂ ਨਾਨਕ ਪਾਤਸ਼ਾਹ ਨੇ ਅਜਿਹੇ ਲੋਕਾਂ ਦੀ ਪ੍ਰਥਾਇ ਆਖਿਆ ਕਿ ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ ਇੱਕ ਪਾਸੇ ਕਾਦਰ ਨੂੰ ਮਹਾਨ ਮੰਨਦੇ ਹਨ ਅਤੇ ਸਲਾਮ ਕਰਦੇ ਹਨ ਪਰ ਦੂਜੇ ਪਾਸੇ ਸ਼ੰਕਾ ਵੀ ਹੈ ਕਿ ਜੇ ਜ਼ੁਲਮ ਦੇ ਖਿਲਾਫ਼ ਬੋਲੇ ਤਾਂ ਪਤਾ ਨਹੀਂ ਬਿਪਤਾ ਬਣੀ ਤੋਂ ਸਾਡਾ ਕਾਦਰ ਸਾਡੀ ਮੱਦਦ ਤੇ ਆਵੇਗਾ ਜਾਂ ਨਹੀਂ।

ਗੁਰੂ ਸਾਹਿਬ ਨੇ ਅਜਿਹੀ ਸਾਰੀਆਂ ਕਿਆਸਰਾਈਆਂ ਜਾਂ ਸ਼ੰਕਾਂਵਾਂ ਜਿਸ ਨਾਲ ਕਿਰਦਾਰ ਵਿੱਚ ਵਿਗਾੜ ਆਉਂਦਾ ਹੋਵੇ, ਨੂੰ ਆਪਣੇ ਜੀਵਨ ਦੇ ਨੇੜੇ ਵੀ ਨਹੀਂ ਫਟਕਣ ਦਿੱਤਾ ਅਤੇ ਇਸਦੀ ਵੱਡੀ ਕੀਮਤ, ਇਸ ਕਰਕੇ ਚੁਕਾਈ ਕਿ ਇਸ ਘਾਲ ਕਮਾਈ ਨੂੰ ਵੇਖਕੇ ਹੋਰ ਵੀ ਕੋਈ ਪ੍ਰੇਰਨਾਂ ਲੈਣ ਅਤੇ ਸੰਸਾਰ ਬੈਕੁੰਠ ਬਣ ਜਾਵੇ। ਗੁਰੂ ਨਾਨਕ ਦੀ ਜੋਤ ਨੇ ਦਸਾਂ ਸਰੀਰਾਂ ਵਿੱਚ ਵਿਚਰਦਿਆਂ ਸਹਾਦਤਾਂ ਸਿਰਫ ਇਸ ਕਰਕੇ ਹੀ ਦਿੱਤੀਆਂ ਕਿ ਕਿਰਦਾਰ ਨੂੰ ਆਂਚ ਨਾ ਆਵੇ, ਅਖੀਰ ਵਿੱਚ ਦਸਵੇਂ ਜਾਮੇਂ ਵਿੱਚ ਤਾਂ ਸਿਖਰ ਹੀ ਕਰ ਦਿੱਤੀ ਕਿ ਆਪਣਾ ਸਾਰਾ ਸਰਬੰਸ ਹੀ ਲੇਖੇ ਲਾ ਦਿੱਤਾ ਅਤੇ ਗੁਰੂ ਨਾਨਕ ਦੀ ਵਿਚਾਰਧਾਰਾਂ ਦੀ ਗੁੜਤੀ ਵੇਖੋ ਕਿ ਸੱਤ ਅਤੇ ਨੌਂ ਵਰਿਆਂ ਦੀ ਬਾਲੜੀ ਉਮਰ ਦੇ ਮਾਸੂਮ ਵੀ ਕਿਰਦਾਰ ਤੇ ਅੜ ਗਏ, ਜੇ ਥੋੜਾ ਜਿਹਾ ਵੀ ਪਤਲਾਪਨ ਹੁੰਦਾ ਤਾਂ ਵਾਜ਼ੀਦੇ ਦੇ ਲਾਲਚ ਅਤੇ ਭਿਆਨਕ ਮੌਤ ਦੇ ਭੈਅ ਅੱਗੇ ਝੁੱਕ ਜਾਂਦੇ। ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਕਿਰਦਾਰ ਤੇ ਭਰੋਸਾ ਕਰਦਿਆਂ ਹੀ ਫਖਰ ਨਾਲ ਆਖਿਆ ਸੀ ‘ਇਨ ਪੁਤ੍ਰਨ ਕੇ ਸੀਸ ਪੁਰ ਵਾਰ ਦੀਏ ਸੁਤ ਚਾਰ ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ’, ਗੁਰੂ ਨੂੰ ਸਾਡੇ ਤੇ ਭਰੋਸਾ ਸੀ ਕਿ ਜਿਸ ਕੌਮ ਨੂੰ ਦਸ ਜਨਮਾਂ ਦੀ ਰੂਹਾਨੀ ਕਮਾਈ ਅਤੇ 230 ਸਾਲ ਦਾ ਜੋਖਮਾਂ ਭਰਿਆ ਪੈਂਡਾ ਤਹਿ ਕਰਦਿਆਂ, ਡੂੰਘੀਆਂ ਬਿਪਰਵਾਦੀ ਖਾਈਆਂ ਉੱਤੇ ਸਿਰਾਂ ਦੇ ਪੁਲ ਬਣਾ ਕੇ, ਬੁਲੰਦੀਆਂ ਉੱਤੇ ਲੈਕੇ ਆਂਦਾ ਹੈ ਅਤੇ ਫਿਰ 9 ਸਾਲ ਉਂਗਲੀ ਫੜਾ ਕੇ ਵੀ ਤੋਰਿਆ ਹੈ, ਹੁਣ ਇਹ ਉੱਚੇ ਸੁੱਚੇ ਕਿਰਦਾਰ ਦੀ ਮਲਿਕ ਬਣਕੇ ਸੰਸਾਰ ਵਿੱਚ ਸਿਰਫ ਸੋਭਾ ਜਾਂ ਨਾਮਨਾ ਹੀ ਨਹੀਂ ਖੱਟੇਗੀ, ਸਗੋਂ ਦੁਨੀਆ ਦਾ ਮਾਰਗ ਦਰਸ਼ਨ ਵੀ ਕਰੇਗੀ।

ਇਹ ਕਿਰਦਾਰ ਸਿੱਖਾਂ ਨੇ ਗੁਰੂ ਸਾਹਿਬ ਦੇ ਸਰੀਰਕ ਤੌਰ 'ਤੇ ਇਸ ਸੰਸਾਰ ਨੂੰ ਅਲਵਿਦਾ ਆਖ ਜਾਂ ਪਿਛੋਂ ਵੀ ਬੜਾ ਲੰਬਾ ਸਮਾਂ ਕਾਇਮ ਰੱਖਿਆ। ਕੁੱਝ ਇੱਕ ਅਜਿਹੀਆਂ ਘਟਨਾਵਾਂ ਵੀ ਹੋਈਆਂ ਕਿ ਜਿਸ ਸਮੇਂ ਮੁਗਲ ਹਿੰਦੂ ਬਹੁ ਬੇਟੀਆਂ ਨੂੰ ਜਬਰੀ ਚੁੱਕ ਕੇ ਲੈ ਜਾਂਦੇ ਸਨ ਅਤੇ ਫਿਰ ਬਸਰਾ ਅਤੇ ਗਜਨੀ ਦੇ ਬਜਾਰਾਂ ਵਿੱਚ ਨੀਲਾਮੀ ਹੁੰਦੀ ਸੀ। ਉਸ ਵੇਲੇ ਸਿੰਘ ਜੰਗਲਾਂ ਵਿੱਚ ਦਰ ਗੁਜਰ ਕਰਦੇ ਸਨ, ਲੇਕਿਨ ਜਦੋਂ ਕਿਸੇ ਨੇ ਆ ਕੇ ਫਰਿਆਦ ਕਰਨੀ ਕਿ ਮੇਰੀ ਧੀ ਨੂੰ ਮੁਗਲ ਸਿਪਾਹੀ ਚੁੱਕ ਕੇ ਲੈ ਗਏ ਹਨ ਤਾਂ ਸਿੱਖ ਪੰਥ ਦਾ ਆਗੂ ਜਥੇਦਾਰ ਆਪਣੇ ਸਾਥੀਆਂ ਨੂੰ ਹੁਕਮ ਕਰਦਾ ਸੀ ਕਿ ਜਾਉ ਢੱਕਾਂ ਛੁਡਵਾ ਕੇ ਲਿਆਓ, ਬਾਰਾਂ ਵਜੇ ਦਾ ਲੰਗਰ ਉਸਤੋਂ ਬਾਅਦ ਹੀ ਵਰਤੇਗਾ। ਇੱਕ ਦਿਨ ਕਿਸੇ ਨੇ ਸਹਿਜ ਸੁਭਾ ਹੀ ਆਖ ਦਿੱਤਾ ਕਿ ਇਹ ਰੋਜ਼ ਹਿੰਦੁਆਂ ਦੀ ਬੇਟੀਆਂ ਚੁੱਕ ਲੈ ਜਾਂਦੇ ਹਨ। ਸਾਨੂੰ ਵੀ ਬਦਲੇ ਵਿੱਚ ਇਹਨਾਂ ਦੀਆਂ ਔਰਤਾਂ ਨੂੰ ਚੁੱਕ ਲਿਆਉਣਾ ਚਾਹੀਦਾ ਹੈ । ਅਜਿਹਾ ਸੁਣਦਿਆਂ ਹੀ ਜਥੇਦਾਰ ਕੜਕ ਕੇ ਬੋਲਿਆ ਇਹ ਸਾਡਾ ਕਿਰਦਾਰ ਨਹੀਂ। ਅਸੀਂ ਧੀਆਂ ਦੇ ਰਖਵਾਲੇ ਹਾਂ। ਇਥੇ ਵੀ ਜੇ ਦੋਗਲਾ ਕਿਰਦਾਰ ਹੁੰਦਾ ਜਾਂ ਤਾਂ ਜਵਾਬ ਦੇ ਦਿੰਦਾ ਕਿ ਧੀਆਂ ਹਿੰਦੁਆਂ ਦੀ, ਅਸੀਂ ਕੀਹ ਕਰੀਏ ਰੋਜ਼ ਸ਼ਹੀਦ ਹੋਈ ਜਾਂਦੇ ਹਾਂ। ਜਾਂ ਫਿਰ ਸੌਖਾ ਫਾਰਮੁੱਲਾ ਕਿ ਉਹਨਾਂ ਦੀਆਂ ਵੀ ਚੁੱਕ ਲਿਆਓ । ਪਰ ਗੁਰੂ ਦਾ ਭੈਅ ਸੀ, ਕਿਰਦਾਰ ਪੁਖਤਾ ਸੀ, ਜਿਸ ਕਰਕੇ ਅਸੂਲ ਜਾਨ ਤੋਂ ਵੱਧ ਪਿਆਰੇ ਸਨ।

ਸਿੱਖ ਤਾਂ ਅੱਜ ਵੀ ਹਨ, ਕੌਮ ਬੜੀ ਤਰੱਕੀ ਕਰ ਚੁੱਕੀ ਹੈ। ਅੱਜ ਸਿੱਖ ਪੂਰੀ ਦੁਨੀਆ ਵਿੱਚ ਫੈਲ ਚੁੱਕਿਆ ਹੈ, ਹਰ ਜਗਾ ਸਿੱਖ ਨੇ ਆਪਣੀ ਪਹਿਚਾਨ ਬਣਾਈ ਹੈ। ਪਰ ਕਿਰਦਾਰ ਵਿੱਚ ਆਇਆ ਦੋਗਲਾਪਣ ਚੰਦ੍ਰਮਾਂ ਦੇ ਗ੍ਰਹਿਣ ਵਾਂਗੂੰ ਸਾਡੇ ਉੱਤੇ ਇੱਕ ਧੱਬਾ ਬਣ ਗਿਆ ਹੈ। ਖਾਸ ਕਰਕੇ ਸਿੱਖ ਆਗੂਆਂ ਦੇ ਕਿਰਦਾਰ ਦੋਗਲੇ ਨਹੀਂ, ਤੇਗਲੇ ਹੋਏ ਪਏ ਹਨ। ਜਿਸ ਕਰਕੇ ਜਿਥੇ ਕੌਮ ਖਵਾਰ ਹੋ ਰਹੀ ਹੈ, ਉਥੇ ਸਿੱਖ ਸਿਆਸਤ ਹਾਸੇ ਦੀ ਪਾਤਰ ਬਣ ਗਈ ਹੈ। ਜਿਸ ਦੀ ਮਾਂ ਨੂੰ ਕੋਈ ਮਕਾਣ ਨਹੀਂ ਲਿਜਾਂਦਾ ਉਹ ਵੀ ਸਿੱਖ ਆਗੂਆਂ ਦੇ ਕਿਰਦਾਰ ਤੇ ਟਿੱਪਣੀਆਂ ਕਰਕੇ ਨਘੋਚਾਂ ਕੱਢਦਾ ਹੈ। ਇਸ ਵਿੱਚ ਮੁਖ ਤੌਰ 'ਤੇ ਵੋਟ ਨੀਤੀ ਨੇ ਵੱਡਾ ਖਿਲਾਅ ਪੈਦਾ ਕੀਤਾ ਹੈ। ਕੁਝ ਆਗੂ ਸੋਚਦੇ ਹਨ ਕਿ ਜੇਕਰ ਅਸੀਂ ਸੱਚ ਬੋਲਿਆ ਤਾਂ ਸ਼ਾਇਦ ਸਾਨੂੰ ਵੋਟਾਂ ਘੱਟ ਪੈਣਗੀਆ। ਦੂਜੇ ਪਾਸੇ ਸਿੱਖ ਡੇਰੇਦਾਰਾਂ ਨੇ ਆਪਣੀ ਡੇਰੇ ਦੀ ਆਮਦਨੀ ਨੂੰ ਵਧਾਉਣ ਅਤੇ ਆਪਣੇ ਠਾਠੇ ਬਾਗੇ ਨੂੰ ਹੋਰ ਸੁਖਦ ਬਣਾਉਣ ਵਾਸਤੇ ਸਿੱਖ ਧਰਮ ਵਿੱਚਲੀਆਂ ਅਮੀਰ ਇਤਿਹਾਸਿਕ ਘਟਨਾਵਾਂ ਦਾ ਪਿਛੋਕੜ ਕਿਸੇ ਮਿੱਥ ਨਾਲ ਜੋੜਕੇ ਪ੍ਰਚਾਰਨਾ ਆਰੰਭ ਕਰ ਦਿੱਤਾ ਹੈ।

ਫਿਰ ਜੇ ਸਮੁੱਚੀ ਗੱਲ ਕਰੀਏ ਤਾਂ ਸਿੱਖਾਂ ਦੇ ਸਿਆਸੀ ਆਗੂਆਂ ਖਾਸ ਕਰਕੇ ਬਾਦਲ ਪਰਿਵਾਰ ਦਾ ਕਿਰਦਾਰ ਤਾਂ ਹਰ ਸਮੇਂ ਥਾਲੀ ਵਿੱਚ ਪਏ ਪਾਣੀ ਵਾਂਗੂੰ ਡੋਲਦਾ ਰਹਿੰਦਾ ਹੈ। ਜਿਥੇ ਬਾਦਲਾਂ ਦੀ ਅਗਵਾਈ ਵਿੱਚ ਅਕਾਲੀ ਦਲ ਆਪਣਾ ਕਿਰਦਾਰ ਗਵਾ ਚੁੱਕਿਆ ਹੈ, ਉਥੇ ਆਪਣੀ ਚੌਧਰ ਦੀ ਭੁੱਖ ਕਾਰਨ, ਸ਼੍ਰੋਮਣੀ ਕਮੇਟੀ ਵਰਗੀ ਸਿੱਖਾਂ ਦੀ ਇਕਲੌਤੀ ਮਜਬੂਤ ਸੰਸਥਾ ਅਤੇ ਅਕਾਲ ਤਖਤ ਸਾਹਿਬ ਵਰਗੇ ਰੂਹਾਨੀ ਪ੍ਰੇਰਨਾਂ ਸਰੋਤ ਦੀ ਸੇਵਾ ਕਰਦੇ ਲੋਕਾਂ ਦੇ ਕਿਰਦਾਰ ਨੂੰ ਵੀ ਆਪਣੀ ਸਿਆਸਤ ਖਾਤਿਰ ਦਾਗੀ ਕਰਕੇ ਰੱਖ ਦਿੱਤਾ ਹੈ। ਆਪਣੇ ਆਪ ਵਿੱਚ ਬਾਦਲ ਪਿਓ ਪੁੱਤ ਬਹੁਤ ਹੋਸ਼ਿਆਰ ਹਨ, ਕਿ ਅਸੀਂ ਸਿੱਖਾਂ ਨੂੰ ਵੀ ਬੁੱਧੂ ਬਣਾ ਰਹੇ ਹਾਂ ਅਤੇ ਆਰ.ਐਸ.ਐਸ. ਜਾਂ ਜਨਸੰਘ ਵਰਗੀਆਂ ਕੱਟੜਵਾਦੀ ਅਤੇ ਸਿੱਖ ਵਿਰੋਧੀ ਸ਼ਕਤੀਆਂ ਤੋਂ ਰਾਜਸੀ ਲਾਹਾ ਲੈ ਰਹੇ ਹਾਂ। ਬਾਦਲਾਂ ਨੂੰ ਆਪਣੀ ਰਾਜਸੀ ਸ਼ਕਤੀ ਦਾ ਤਾਂ ਅਹਿਸਾਸ ਹੈ ਕਿ ਸਾਡੀ ਦਾਹੜੀ ਹਿੱਲਣ ਨਾਲ ਸਾਰਾ ਪੰਜਾਬ ਹਿੱਲਦਾ ਹੈ। ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਤੁਸੀਂ ਕਿੱਡੇ ਵੱਡੇ ਸਿਧਾਂਤ ਨੂੰ ਖੋਰਾ ਲਾ ਰਹੇ ਹੋ। ਕੱਟੜਵਾਦੀ ਤਾਂ ਖੁਸ਼ ਹਨ, ਕਿਉਂਕਿ ਉਹਨਾਂ ਦਾ ਕੰਮ ਇੱਕ ਸਿੱਖ ਹੀ ਕਰੀ ਜਾ ਰਿਹਾ ਹੈ ਅਤੇ ਹੁਣ ਚੇਤਨ ਸਿੱਖ ਵੀ ਸਮਝਦੇ ਹਨ ਕਿ ਸ. ਬਾਦਲ ਕਿਵੇ ਆਪਣੇ ਕਿਰਦਾਰ ਦੀ ਗਿਰਾਵਟ ਕਰਕੇ ਸਿੱਖੀ ਦੇ ਜੜੀਂ ਤੇਲ ਦੇ ਰਹੇ ਹਨ।

ਪਿਛਲੇ ਦਿਨਾਂ ਵਿੱਚ ਅਨੇਕਾਂ ਘਟਨਾਵਾਂ ਘਟੀਆਂ ਹਨ, ਜਿਥੇ ਬਾਦਲਕਿਆਂ ਦੀ ਜਾਂ ਤਾਂ ਚੁੱਪੀ ਰਹੀ ਹੈ ਜਾਂ ਫਿਰ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਪਹੁੰਚ ਹੀ ਅਪਣਾਈ ਹੈ। ਕਿਤੇ ਆਪਣੀ ਕੌਮ ਜਾਂ ਸੂਬੇ ਨਾਲ ਵਫਾਦਰੀ ਨਹੀਂ ਝਲਕਦੀ। ਬੰਦੀ ਸਿੰਘਾਂ ਬਾਰੇ ਖੁਦ ਕੁੱਝ ਬੋਲਣ ਦੀ ਬਜਾਇ ਡੀ.ਜੀ.ਪੀ. ਤੋਂ ਬਿਆਨ ਦਿਵਾ ਕੇ ਬੁੱਤਾ ਸਾਰ ਦਿੱਤਾ ਹੈ ਅਤੇ ਹੁਣ ਭਾਰਤੀ ਗ੍ਰਹਿ ਮੰਤਰੀ ਨਾਲ ਰਸਮੀਂ ਜਿਹੀ ਮਿਲਣੀ ਕਰਕੇ ਫਰਜ਼ ਪੂਰਾ ਕਰ ਦਿੱਤਾ ਹੈ। ਇਸ ਤਰਾਂ ਕੌਮਾਂ ਦੇ ਮਸਲੇ ਹੱਲ ਨਹੀਂ ਹੁੰਦੇ ਕਿ ਨਾਲੇ ਲੱਸੀ ਨੂੰ ਜਾਣਾ ਨਾਲੇ ਕੁੱਜਾ ਲਕੋਣਾ, ਜਦੋਂ ਕਿਸੇ ਤੋਂ ਕੁੱਝ ਮਨਵਾਉਣ ਹੋਵੇ, ਫਿਰ ਮਿਤਰਤਾ ਕੰਮ ਕਰਦੀ ਹੈ ਜਾਂ ਫਿਰ ਲਾਲ ਅੱਖਾਂ ਕੰਮ ਆਉਂਦੀਆਂ ਹਨ। ਇਥੇ ਦੋਹਾਂ ਪਾਸੇ ਦੋਗਲਾ ਕਿਰਦਾਰ ਹੈ। ਜੇ ਸੱਚ ਮੁੱਚ ਬਾਦਲ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਕੁੱਝ ਕਰਨਾ ਚਾਹੁੰਦੇ ਹਨ ਤਾਂ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਕੇ ਮਤਾ ਪਾਉਣ ਅਤੇ ਫਿਰ ਉਸ ਮਤੇ ਦੇ ਅਧਾਰ ਤੇ ਦੇਸ਼ ਵਿਦੇਸ਼ ਦੇ ਸਿੱਖਾਂ ਦੀ ਮਦਦ ਮੰਗਣ। ਸਿੱਖ ਹਰ ਮੁਲਕ ਵਿੱਚ ਉਥੋਂ ਦੀਆਂ ਸਰਕਾਰਾਂ ਨਾਲ ਆਪਣਾ ਅਸਰ ਰਸੂਖ ਰਖਦੇ ਹਨ ਅਤੇ ਸੰਸਾਰ ਭਰ ਦਾ ਦਬਾਅ ਬਣਾ ਸਕਦੇ ਹਨ। ਪਰ ਬਾਦਲਾਂ ਦਾ ਕਿਰਦਾਰ ਦੋਗਲਾ ਹੈ, ਸਿੱਖਾਂ ਦੀਆਂ ਵੋਟਾਂ ਲੈਣ ਵਾਸਤੇ ਰਾਜ ਨਾਥ ਸਿੰਘ ਨੂੰ ਮਿਲ ਆਉਂਦੇ ਹਨ ਤੇ ਰਿਹਾਈ ਨਾਂ ਕਰਨ ਦੇ ਸੰਕੇਤ ਡੀ.ਜੀ.ਪੀ. ਤੋਂ ਬਿਆਨ ਦਿਵਾ ਕੇ ਦੇ ਦਿੰਦੇ ਹਨ।

ਆਗੂ, ਬੇਸ਼ੱਕ ਉਹ ਸਿਆਸੀ ਹਨ ਜਾਂ ਧਾਰਮਿਕ ਖੇਤਰ ਵਿਚੋਂ ਹਨ, ਅੱਜ ਸਿੱਖਾਂ ਦੀ ਹੋਣੀ ਤੋਂ ਬੇਖਬਰ ਨਹੀਂ ਸਗੋਂ ਸਭ ਕੁੱਝ ਜਾਣਦੇ ਅਤੇ ਸਮਝਦੇ ਹੋਏ, ਆਪਣੇ ਸਵਾਰਥ ਕਰਕੇ ਚੁੱਪ ਹਨ। ਸਿੱਖਾਂ ਨੂੰ ਸਤਿਗੁਰ ਨੇ ਅਜਿਹੀ ਬਖਸ਼ਿਸ਼ ਕੀਤੀ ਹੋਈ ਹੈ ਕਿ ਕਿਸੇ ਦੀ ਦੇਹ ਜਾਂ ਚੰਮ ਨੂੰ ਕੋਈ ਮਹਾਨਤਾ ਜਾਂ ਮਾਨਤਾ ਨਹੀਂ ਦੇਣੀ। ਉਸਦੀ ਕਾਰਜਸ਼ੈਲੀ ਅਤੇ ਪ੍ਰਪੱਕਤਾ ਨੂੰ ਹੀ ਧਿਆਨ ਵਿੱਚ ਰਖਣਾ ਹੈ। ਬੇਸ਼ੱਕ ਕੋਈ ਆਗੂ ਹੁੰਦਾ ਹੈ, ਪਰ ਸਿਧਾਤਾਂ ਤੋਂ ਉੱਪਰ ਕੁੱਝ ਨਹੀਂ ਹੁੰਦਾ। ਬਹੁਤ ਸਾਰੀਆਂ ਮਿਸਾਲਾਂ ਹਨ ਕਿ ਜਦੋਂ ਕਦੇ ਲੀਡਰਸ਼ਿਪ ਨੇ ਗਦਾਰੀ ਕੀਤੀ ਹੈ ਜਾਂ ਕੌਮ ਪ੍ਰਤੀ ਅਵੇਸਲਾਪਨ ਵਿਖਾਇਆ ਹੈ ਤਾਂ ਸਿੱਖਾਂ ਨੇ ਸਿਧੇ ਹੀ ਮੈਦਾਨ ਵਿੱਚ ਜੂਝ ਕੇ ਇਤਿਹਾਸ ਨੂੰ ਆਪਣੇ ਹੱਕ ਵਿੱਚ ਲਿਖਣ ਵਾਸਤੇ ਮਜਬੂਰ ਕੀਤਾ ਹੈ। ਸਥਾਪਤ ਲੀਡਰਾਂ ਦੇ ਕਿਰਦਾਰ ਵਿੱਚ ਇੱਕ ਨਹੀਂ ਅਨੇਕ ਵਾਰ ਵਿਗਾੜ ਆਇਆ ਹੈ। ਪਰ ਕੌਮ ਨੇ ਹਮੇਸ਼ਾਂ ਅਜਿਹੇ ਆਗੂਆਂ ਨੂੰ ਲਾਂਭੇ ਕਰਕੇ ਸਾਬਤ ਕਿਰਦਾਰ ਵਾਲਿਆਂ ਦਾ ਸਾਥ ਦਿੱਤਾ ਹੈ। ਕਿਸੇ ਵੇਲੇ ਗਿਆਨੀ ਦਿੱਤ ਸਿੰਘ ਪ੍ਰੋ. ਗੁਰਮੁਖ ਸਿੰਘ ਵਰਗੀਆਂ ਸ਼ਖਸੀਅਤਾਂ, ਭਾਈ ਲਛਮਣ ਸਿੰਘ ਧਾਰੋਕੀ, ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਹੁਣੇ ਹੁਣ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੇ ਖਰੇ ਕਿਰਦਾਰ ਨਾਲ ਕੌਮ ਦਾ ਸਿਰ ਉੱਚਾ ਕੀਤਾ ਹੈ।

ਹੁਣ ਲੀਡਰਾਂ ਦੀ ਗੱਲ ਤਾਂ ਸਮਝ ਆਉਂਦੀ ਹੈ, ਪਰ ਕੌਮ ਦੀ ਗੱਲ ਨਹੀਂ ਸਮਝ ਆ ਰਹੀ ਕਿ ਕੌਮ ਕਿਉਂ ਨਹੀਂ ਜਾਗ ਰਹੀ, ਕਿਉਂ ਅੱਖਾਂ ਬੰਦ ਕਰਕੇ ਬਿੱਲੀ ਤੋਂ ਬੇਖਬਰ ਹੈ । ਜੇ ਲੀਡਰ ਕਿਰਦਾਰ ਦੇ ਕਾਤਲ ਹੋ ਗਏ ਹਨ ਤਾਂ ਕੌਮ ਨੂੰ ਤਾਂ ਸਿਧਾਂਤਾਂ ਦੀ ਰਖਵਾਲੀ ਬਣ ਜਾਣਾ ਚਾਹੀਦਾ ਹੈ। ਸਿੱਖਾਂ ਦੇ ਬਹੁਤ ਸਾਰੇ ਮਸਲੇ ਉਲਝੇ ਪਏ ਹਨ ਜਾਂ ਲਟਕ ਰਹੇ ਹਨ। ਸਿੱਖ ਕੌਮ ਨੂੰ ਚਮਚੀਪੁਣਾ ਤਿਆਗਕੇ ਆਪਣੀ ਪਹਿਚਾਨ ਅਤੇ ਦਰਪੇਸ਼ ਸਮਸਿਆਵਾਂ ਅਤੇ ਆਲੇ ਦੁਆਲੇ ਘੇਰਾ ਪਾਈ ਬੈਠੀਆਂ ਚੁਨੌਤੀਆਂ ਦਾ ਟਾਕਰਾ ਕਰਨ ਵਾਸਤੇ ਕਮਰਕੱਸਾ ਕਰ ਲੈਣਾ ਚਾਹੀਦਾ ਹੈ। ਲੀਡਰਾਂ ਦਾ ਦੋਗਲੇ ਕਿਰਦਾਰ ਨੂੰ ਵੇਖਦਿਆਂ, ਹੁਣ ਆਗੂਆਂ ਤੋਂ ਕਿਸੇ ਤਰਾਂ ਉਮੀਦ ਕਰਨੀ ਆਤਮਘਾਤ ਦੇ ਤੁਲ ਹੋਵੇਗੀ।

ਗੁਰੂ ਰਾਖ਼ਾ !!!!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top