ਜਦੋਂ
ਵੀ ਅਕਾਲ ਤਖਤ ਦੇ ਰੁਤਬੇ ਨੂੰ ਕਲੰਕਿਤ ਕਰਣ ਵਾਲੇ ਜੱਥੇਦਾਰ ਦਾ ਨਾਮ ਲਿਆ ਜਾਂਦਾ ਹੈ ਤਾਂ
ਅਰੂੜ ਸਿੰਘ ਨੂੰ ਅਕਾਲ ਤਖਤ ਦੇ ਗੱਦਾਰ ਜੱਥੇਦਾਰ ਵਾਂਗ ਯਾਦ ਕੀਤਾ ਜਾਂਦਾ ਹੈ।
ਦੂਜਾ, ਗੁਰੂ ਘਰ ਉੱਤੇ ਕਬਜਾ ਕਰਕੇ ਚੰਮ ਦੀਆਂ ਚਲਾਉਣ ਵਾਲੇ ਮਹੰਤ ਦਾ ਨਾਮ ਲਿਆ ਜਾਂਦਾ
ਹੈ ਤਾਂ ਨਨਕਾਣਾਂ ਸਾਹਿਬ ਦੇ ਮਹੰਤ ਨਰੈਣੂੰ ਦਾ ਨਾਮ ਬਹੁਤ ਹੀ ਰੋਸ਼ ਨਾਲ ਲਿਆ ਜਾਂਦਾ ਹੈ।
ਅਸੀ ਤਾਂ ਇਹ ਸੋਚਦੇ ਸੀ ਕਿ ਦੂਜਾ ਨਰੈਣੂੰ
ਨਾਨਕ ਮੱਤੇ ਦਾ ਬਾਬਾ ਤਰਸੇਮ ਸਿੰਘ ਜੰਮ ਪਿਆ ਹੈ, ਜਿਸਨੇ ਨਾਨਕ ਮੱਤੇ ਦੀ ਸੈਂਕੜੇ ਏਕੜ
ਜਮੀਨ ਅਤੇ ਇਤਿਹਾਸਿਕ ਅਸਥਾਨ, ਤੇ ਅਕਾਲ ਤਖਤ ਦੇ ਮੌਜੂਦਾ ਜੱਥੇਦਾਰ ਦੀ ਸ਼ੈ 'ਤੇ ਕਬਜਾ
ਕੀਤਾ ਹੋਇਆ ਹੈ । ਅੱਜ ਤਕ ਉਸ ਬਾਬੇ ਨੂੰ ਅਕਾਲ ਤਖਤ ਦੇ ਮੌਜੂਦਾ ਜੱਥੇਦਾਰ ਨੇ, ਇਸ ਬਾਰੇ
ਕੋਈ ਨੋਟਿਸ ਕਿਉਂ ਨਹੀਂ ਭੇਜੀ ? ਨੋਟਿਸ ਕੀ ਭੇਜਣਾਂ ਹੈ ? ਬਲਕਿ ਇਹ ਸਾਧ ਤਾਂ ਇਸ ਅਖੌਤੀ
ਜਥੇਦਾਰ ਦਾ ਖਾਸ ਚਹੇਤਾ ਦਸਿਆ ਜਾਂਦਾ ਹੈ। ਜਦ ਕਿ ਤਰਾਈ ਖੇਤਰ ਦੇ ਜਾਗਰੂਕ ਸਿੱਖ, ਨਾਨਕ
ਮੱਤੇ ਦੇ ਇਤਿਹਾਸਿਕ ਅਸਥਾਨ ਨੂੰ ਇਸ ਨਰੈਂਣੂੰ ਦੇ ਕਬਜੇ ਤੋਂ ਆਜ਼ਾਦ ਕਰਵਾਉਣ ਲਈ ਦਿਨ ਰਾਤ
ਸੰਘਰਸ਼ ਕਰ ਰਹੇ ਨੇ। ਇਸ ਦੇ ਖਿਲਾਫ ਮਾਮਲਾ ਸੁਪਰੀਮ ਕੋਰਟ ਤਕ ਪਹੁੰਚ ਚੁਕਾ ਹੈ, ਲੇਕਿਨ
ਕੌਮ ਦੇ ਇਸ ਵੱਡੇ ਠੇਕੇਦਾਰ ਦੇ ਕੰਨਾਂ 'ਤੇ ਅਜ ਤਕ ਜੂੰ ਵੀ ਨਹੀ ਰੇਂਗੀ ।
ਜੇ ਇਹ ਅਖੌਤੀ ਜੱਥੇਦਾਰ ਕੌਮ ਦਾ ਇਨ੍ਹਾਂ ਹੀ ਵੱਡਾ ਜੱਜ ਹੈ ਤਾਂ ਕਿਉਂ ਨਹੀਂ ਸੱਦਾ ਦੇਂਦਾ
ਇਸ ਸਾਧ ਨੂੰ ? ਕਿਉਂ ਨਹੀਂ ਪੰਥ ਤੋਂ ਛੇਕ ਕੇ ਇਸ ਇਤਿਹਾਸਿਕ ਗੁਰਦੁਆਰੇ ਅਤੇ ਉਸਦੀਆਂ
ਅਕੂਤ ਜਮੀਨਾਂ ਨੂੰ ਇਸਤੋਂ ਆਜ਼ਾਦ ਕਰਵਾਂਉਦਾ ? ਜੋ ਗੁਰੂ ਨਾਨਕ ਸਾਹਿਬ ਦੇ ਚਰਣਾਂ ਦੀ ਛੋਹ
ਵਾਲੀ ਇਤਿਹਾਸਿਕ ਧਰਤੀ ਨੂੰ ਆਪਣੀ ਨਿਜੀ ਜਾਇਦਾਦ ਬਣਾਂ ਕੇ ਬੈਠ ਗਿਆ ਹੈ ਅਤੇ ਉਥੇ ਦੀ
ਕਮਾਈ ਖਾ ਰਿਹਾ ਹੈ ? ਅੱਜ ਸਾਨੂੰ ਸਾਰੇ ਸਿੱਖ ਜਗਤ 'ਤੇ ਵੀ ਬਹੁਤ ਅਫਸੋਸ ਅਤੇ ਮਲਾਲ ਹੈ
ਕਿ, ਤਰਾਈ ਦੇ ਇੰਨਾਂ ਸਿੰਘਾਂ ਦਾ ਸਾਥ ਕੋਈ ਵੀ ਨਹੀਂ ਦੇ ਰਿਹਾ। ਇਹ ਇਕੱਲੇ ਹੀ ਇਸ
ਇਤਿਹਾਸਿਕ ਅਸਥਾਨ ਨੂੰ ਇਸ ਭਈਏ ਸਾਧ ਤੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰ ਰਹੇ ਨੇ। ਇਨ੍ਹਾਂ
ਅਜੋਕੇ ਅਰੂੜ ਸਿੰਘਾਂ ਅਤੇ ਮਹੰਤਾਂ ਨੂੰ ਬੁਲਾ ਬੁਲਾ ਕੇ ਸਾਡੀਆਂ ਗੁਰਦੁਆਰਾ ਕਮੇਟੀਆਂ ਦੇ
ਪ੍ਰਧਾਨ ਲਿਫਾਫੇ ਦਿੰਦੇ ਹਨ, ਲੇਕਿਨ ਉਨ੍ਹਾਂ ਤਰਾਈ ਦੇ ਸਿੱਖਾਂ ਨੂੰ ਕੋਈ ਇਕ ਟੈਲੀਫੋਨ
ਕਰਕੇ ਵੀ ਇਹ ਨਹੀਂ ਪੁਛਦਾ ਕਿ ਉਨ੍ਹਾਂ ਦਾ ਹਾਲ ਕੀ ਹੈ ? ਕੀ ਗੁਰੂ ਦੇ ਇਤਿਹਾਸਿਕ ਅਸਥਾਨ
ਇਨ੍ਹਾਂ ਦੇ ਪਾਲੇ ਗੁੰਡਿਆਂ ਦੀ ਨਿਜੀ ਜਾਇਦਾਦ ਬਣ ਕੇ ਰਹਿ ਜਾਂਣਗੇ, ਤੇ ਇਹ ਅਖੌਤੀ
ਜੱਥੇਦਾਰ ੳਨ੍ਹਾਂ ਕੋਲੋਂ ਗੱਫੇ ਹੀ ਲੈਂਦੇ ਰਹਿਣਗੇ ?
ਹੁਣ ਤਾਂ ਅਰੂੜ ਸਿੰਘ ਅਤੇ ਨਰੈਣੂੰ ਦੋਹਾਂ ਦੀ ਰੂਹ, ਇਕ ਨਵੇਂ
ਅਵਤਾਰ ਵਿੱਚ, ਇਕੋ ਹੀ ਬੰਦੇ ਵਿੱਚ ਪਰਵੇਸ਼ ਕਰ ਚੁਕੀ ਹੈ । ਗੁਰੂ ਘਰ 'ਤੇ ਕਬਜਾ
ਕਰਣ ਅਤੇ ਕਰਵਾਂਉਣ ਵਾਲੇ ਨਰੈਣੂੰ ਵਾਲੇ ਗੁਣ ਵੀ ਇਸ ਵਿੱਚ ਮੌਜੂਦ ਹਨ ਅਤੇ ਅਕਾਲ ਤਖਤ ਦੇ
ਪਵਿਤੱਰ ਸਿਧਾਂਤ ਨੂੰ ਮਿੱਟੀ ਵਿਚ ਰੋਲਣ ਵਾਲੇ ਅਰੂੜ ਸਿੰਘ ਦੇ ਗੁਣ ਵੀ ਇਸ ਬੰਦੇ ਵਿੱਚ
ਮੌਜੂਦ ਹਨ।
ਅਜੋਕੇ ਅਰੂੜ ਸਿੰਘ ਅਤੇ ਨਰੈਣੂੰ ਦੇ ਅਵਤਾਰ ਨੇ ਆਪਣੇ ਸਿਆਸੀ ਆਕਾ ਦੇ ਇਸ਼ਾਰੇ ਤੇ ਸੌਦਾ
ਸਾਧ ਨੂੰ ਬਿਨਾਂ ਪੇਸ਼ ਕੀਤਿਆਂ, ਬਿਨਾਂ ਕਿਸੇ ਮਾਫੀ ਨਾਮੇਂ ਦੇ ਦੋਸ਼ ਮੁਕਤ ਕਰ ਦਿਤਾ । ਇਹ
ਫੈਸਲਾ ਕਰਦਿਆਂ ਇਸ ਸਿਆਸੀ ਪਿਆਦੇ ਨੂੰ ਤਿੰਨ ਮਾਸੂਮ ਨੌਜੂਆਨਾਂ ਦੀ ਸ਼ਹਾਦਤ ਵੀ ਚੇਤੇ ਨਾਂ
ਰਹੀ । ਅੱਜ ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਤੇ ਕੀ ਗੁਜਰ ਰਹੀ ਹੋਵੇਗੀ ? ਉਨ੍ਹਾਂ ਪੰਥ
ਦਰਦੀਆਂ ਦੇ ਦਿਲ ਇਸ ਫੈਸਲੇ ਨਾਲ ਵਲੂੰਧਰੇ ਗਏ ਹਨ, ਜੋ ਕੌਮ ਦੇ ਸ਼ਹੀਦਾਂ ਨੂੰ ਇਕ ਖਾਸ
ਅਸਥਾਨ ਦਿੰਦੇ ਹਨ ਅਤੇ ਉਨ੍ਹਾ ਦੀ ਸ਼ਹਾਦਤ ਨੂੰ ਕੌਮ ਦਾ ਇਕ ਕੀਮਤੀ ਸਰਮਾਇਆ ਸਮਝਦੇ ਹਨ।
ਇਨ੍ਹਾਂ ਸਿਆਸੀ ਪਿਆਦਿਆਂ ਨੂੰ ਇਹ ਫੈਸਲਾ ਕਰਦਿਆਂ ਰੱਬ ਅਤੇ ਗੁਰੂ ਦਾ ਵੀ ਡਰ ਭਉ ਨਹੀਂ
ਰਹਿਆ ਕਿ ਉਹ ਪੰਥ ਅਤੇ ਗੁਰੂ ਦੀ ਕਚਹਰੀ ਵਿੱਚ ਇਸ ਨਾਜਾਇਜ ਕਰਤੂਤ ਦਾ ਕੀ ਜਵਾਬ ਦੇਣਗੇ ?
ਡਰ ਵੀ ਕਿਉਂ ਆਂਉਦਾ ? ਭੇਡੂ ਸਿੱਖਾਂ ਦਾ ਇੱਕ ਬਹੁਤ ਵੱਡਾ
ਹਜੂਮ ਤਾਂ ਇਨ੍ਹਾਂ ਦੇ ਫਤਵਿਆਂ ਨੂੰ ਹੀ "ਗੁਰੂ ਦਾ ਹੁਕਮ, ਅਕਾਲ ਤਖਤ ਦਾ ਹੁਕਮਨਾਮਾ"
ਮੰਨ ਕੇ ਮੱਥਾ ਟੇਕੀ ਜਾਂਦਾ ਹੈ।
ਭਾਈ
ਬਲਕਾਰ ਸਿੰਘ, ਭਾਈ ਕੰਵਲਜੀਤ ਸਿੰਘ ਅਤੇ ਭਾਈ ਹਰਮੰਦਰ ਸਿੰਘ ਦੀਆਂ ਸ਼ਹਾਦਤਾਂ ਦੀ ਕੀਮਤ
ਗੁਰਬਚਨ ਸਿੰਘ ਨੇ ਉਸ ਦੋ ਕੌਡੀ ਦੇ ਇਕ ਕਾਗਜ ਦੇ ਟੁਕੜੇ ਨਾਲ ਪਾਈ, ਜਿਸਤੇ ਸੌਦਾ
ਸਾਧ ਨੂੰ ਦੋਸ਼ ਮੁਕਤ ਕਰਣ ਦਾ ਫਤਵਾ ਲਿਖਿਆ ਸੀ? ਕੀ ਇਨ੍ਹਾਂ ਤਿਨ ਸਿੱਖ ਨੌਜੁਆਨਾਂ ਦੀ
ਸ਼ਹਾਦਤ ਇੰਨੀ ਸਸਤੀ ਸੀ, ਕਿ ਇਸ ਅਖੌਤੀ ਜੱਥੇਦਾਰ ਨੇ ਉਨ੍ਹਾਂ ਸ਼ਹਾਦਤਾਂ ਨੂੰ ਭੰਗ ਦੇ ਭਾੜੇ
ਰੋੜ ਦਿੱਤਾ ?
ਇਸ ਸੌਦਾ ਸਾਧ ਦੀ ਵਜਿਹ ਨਾਲ ਤਿਨ ਤਿਨ ਸਿੱਖ ਨੌਜੁਆਨ ਸ਼ਹੀਦ ਹੋਏ। ਇਸ ਤੇ ਅਦਾਲਤਾਂ ਵਿੱਚ
ਕਈ ਕ੍ਰਿਮਿਨਲ ਕੇਸ ਚੱਲ ਰਹੇ ਹਨ । ਲੇਕਿਨ ਕੌਮ ਦੀ ਮਹਾਨ ਸ਼ਖਸ਼ਿਅਤ ਪ੍ਰੋਫੇਸਰ ਦਰਸ਼ਨ ਸਿੰਘ
ਅਤੇ ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਉੱਤੇ ਤਾਂ ਕੋਈ ਕੇਸ ਨਹੀਂ ਚੱਲ ਰਿਹਾ।
ਪ੍ਰੋਫੇਸਰ ਦਰਸ਼ਨ ਸਿੰਘ ਤਾਂ ਅਕਾਲ ਤਖਤ ਤੇ ਪੇਸ਼ ਹੋਏ, ਤਾਂ ਵੀ
ਇਸ ਅਖੌਤੀ ਜਥੇਦਾਰ ਨੇ ਉਨ੍ਹਾਂ ਨੂੰ ਪੰਥ ਤੋਂ ਛੇਕ ਦਿੱਤਾ, ਤੇ ਗੁਰੂ ਦੀ ਹਜੂਰੀ
ਵਿੱਚ ਖਲੋ ਕੇ ਇਹ ਝੂਠ ਬੋਲਿਆ ਕਿ, "ਰਾਗੀ ਦਰਸ਼ਨ ਸਿੰਘ ਅਕਾਲ
ਤਖਤ 'ਤੇ ਆਇਆ ਹੀ ਨਹੀਂ, ਇਸ ਕਰਕੇ ਉਸ ਨੂੰ ਪੰਥ ਤੋਂ ਛੇਕਿਆ ਜਾਂਦਾ ਹੈ।"
ਇਸ ਵੱਡੇ ਖਲੀਫਾ ਕੋਲੋਂ ਕੋਈ ਇਹ ਜਵਾਬ ਮੰਗੇ ਕਿ ਸੌਦਾ ਸਾਧ
ਤੇਰਾ ਰਿਸ਼ਤੇਦਾਰ ਲਗਦਾ ਸੀ, ਜਿਸਨੂੰ ਤੁੰ ਘਰ ਬੈਠਿਆ, ਬਿਨਾਂ ਕਿਸੇ ਮਾਫੀਨਾਮੇ ਦੇ ਤਿਨ
ਸਿੱਖਾਂ ਦੇ ਕਤਲ ਦੇ ਦੋਖੀ ਨੂੰ ਆਪਹੁਦਰੇ ਤੌਰ 'ਤੇ ਦੋਸ਼ ਮੁਕਤ ਕਰ ਦਿਤਾ ? ਕੀ
ਉਹ ਗੁਰੂ ਦੇ ਸਿੱਖ ਜਿਨ੍ਹਾਂ ਨੇ ਅਪਣੀ ਸਾਰੀ ਉਮਰ ਕੌਮ ਨੂੰ ਆਵਾਜਾਂ ਮਾਰ ਮਾਰ ਕੇ ਜਗਾਉਣ
ਵਿੱਚ ਲਾਅ ਦਿੱਤੀ, ਕੀ ਉਹ ਸੌਦਾ ਸਾਧ ਨਾਲੋਂ ਵੀ ਮਾੜੀ ਬਿਰਤੀ ਦੇ ਸਨ ? ਫਰਕ ਸਿਰਫ ਇੰਨਾਂ
ਹੈ ਕਿ ਸੌਦਾ ਸਾਧ ਕੋਲ ਇਨ੍ਹਾਂ ਬੁਰਛਾਗਰਦਾਂ ਦੇ ਆਕਾ ਲਈ ਵੋਟ ਬੈਂਕ ਹੈ, ਤੇ ਇਨ੍ਹਾਂ
ਗੁਰੂ ਦੇ ਪਿਆਰਿਆਂ ਕੋਲ ਵੋਟ ਬੈਂਕ ਨਹੀਂ ਹੈ । ਸਿਰਫ ਸੱਚ ਕਹਿਣ ਦਾ ਗੁਣ ਹੈ । ਸੱਚ
ਇਨ੍ਹਾਂ ਨੂੰ ਰਾਸ ਨਹੀ ਆਂਉਦਾ, ਸ਼ੂਲ ਵਾਂਗ ਚੁਭਦਾ ਹੇ ।
ਇਸ ਫੈਸਲੇ ਤੋਂ, ਇਨ੍ਹਾਂ ਪੁਜਾਰੀਆਂ ਦੀ
ਜੁੰਡਲੀ ਨੇ ਇਹ ਸਾਬਿਤ ਕਰ ਦਿਤਾ ਹੈ ਕਿ ਇਹ ਕੌਮ ਦੇ ਜੱਥੇਦਾਰ ਨਹੀਂ, ਇਹ ਸਿਆਸੀ
ਕਠਪੁਤਲੀਆਂ ਨੇ। ਇਨ੍ਹਾਂ ਦੀ ਔਕਾਤ ਸਿਰਫ ਸਿਆਸੀ ਹੁਕਮ ਅਨੁਸਾਰ ਫਤਵੇ ਜਾਰੀ ਕਰਕੇ
ਅਕਾਲ ਤਖਤ ਦੀ ਮਰਿਆਦਾ ਨੂੰ ਮਿੱਟੀ ਵਿੱਚ ਰੋਲਣਾਂ ਹੈ, ਹੋਰ ਕੁਝ ਵੀ ਨਹੀਂ। ਗੁਰਬਚਨ
ਸਿੰਘ ਨੇ ਭਾਵੇ ਸੌਦਾ ਸਾਧ ਨੂੰ ਮਾਫ ਕਰ ਦਿਤਾ ਹੈ, ਲੇਕਿਨ ਕੌਮ ਅਤੇ ਇਤਿਹਾਸ ਇਸਨੂੰ ਇਸ
ਨਾਜਾਇਜ ਕੰਮ ਲਈ ਕਦੀ ਵੀ ਮੁਆਫ ਨਹੀਂ ਕਰੇਗੀ। ਇਸਨੂੰ ਪੰਥ ਅਤੇ ਗੁਰੂ ਦੀ ਕਚਹਿਰੀ ਵਿੱਚ
ਇਸ ਨਾਜਾਇਜ ਕਰਤੂਤ ਦਾ ਲੇਖਾ ਜੋਖਾ ਦੇਣਾ ਪਵੇਗਾ। ਅੱਜ ਤੋਂ
ਬਾਅਦ ਇਸਦਾ ਨਾਮ ਵੀ ਅਰੂੜ ਸਿੰਘ ਅਤੇ ਮਹੰਤ ਨਰੈਣੂੰ ਦੇ ਨਾਵਾਂ ਨਾਲ ਹੀ ਇਤਿਹਾਸ ਦੇ
ਪੰਨਿਆਂ ਵਿੱਚ ਲਿਖਿਆ ਜਾਵੇਗਾ।