ਸੌਧਾ ਸਾਧ ਨੂੰ ਪੇਸ਼ ਹੋਏ ਬਿਨ੍ਹਾਂ ਅਕਾਲ ਤਖਤ
ਸਾਹਿਬ ਤੋਂ ਮੁਆਫੀ ਦੇ ਦਿੱਤੇ ਜਾਣ ਦਾ ਵਿਸ਼ਾ ਅਖਬਾਰਾਂ 'ਤੇ ਸੋਸ਼ਲ ਮੀਡੀਆ ਵਿੱਚ ਛਾਇਆ
ਹੋਇਆ ਹੈ। ਸਖੱਤ ਤੋਂ ਸਖੱਤ ਲਫਜ਼ਾਂ ਵਿੱਚ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ। ਕੱਲ ਸ਼ਾਮ ਦੇ
ਹੀ, ਇੱਕ ਦੋ ਨੂੰ ਛੱਡ ਕੇ ਬਾਕੀ ਸੱਭ ਬਿਆਨ ਨਿੰਦਾ ਦੇ ਹੀ ਆ ਰਹੇ ਹਨ। ਜਿਸ ਤਰ੍ਹਾਂ
ਫੈਸਲਾ ਹੋਇਆ ਹੈ, ਉਸ ਤੋਂ ਮਹਿਸੂਸ ਹੁੰਦਾ ਹੈ, ਅੰਦਰ ਖਾਤੇ ਕੋਈ ਐਸੀ ਖਿੱਚੜ੍ਹੀ ਪੱਕ ਰਹੀ
ਹੈ, ਜੋ ਪੰਥ ਲਈ ਸ਼ਾਇਦ ਇਸ ਫੈਸਲੇ ਤੋਂ ਵੀ ਕਿਤੇ ਵਧੇਰੇ ਜ਼ਹਿਰੀਲੀ ਹੋ ਸਕਦੀ ਹੈ। ਉਂਝ
ਹੌਲੀ ਹੌਲੀ ਅਸਰ ਕਰਨ ਵਾਲੀ ਜ਼ਹਿਰ ਤਾਂ ਪੰਥ ਬੀਤੇ ਲੰਮੇ ਸਮੇਂ ਤੋਂ ਪੀ ਹੀ ਰਿਹਾ ਹੈ।
ਨਕਲੀ ਨਿਰੰਕਾਰੀਆਂ ਤੋਂ ਚੱਲਦੀ ਗੱਲ, ਆਸੂਤੋਸ਼, ਭਨਿਆਰਾ, ਤੇ ਸੌਧਾ ਸਾਧ ਤੱਕ ਪਹੁੰਚ
ਚੁੱਕੀ ਹੈ। ਇਸ ਕਤਾਰ ਵਿੱਚ ਹੋਰ ਵੀ ਕਈ ਹੋਣਗੇ, ਜਿਹੜੇ ਅੱਜੇ ਸਾਨੂੰ ਦਿਖਾਈ ਵੀ ਨਹੀਂ
ਦੇ ਰਹੇ।
ਜੱਥੇਦਾਰ ਤਾਂ ‘ਵਿਚਾਰੇ’ ਹਨ, ਇਹਨਾਂ ਦੀ ਕੌਮੀ ਫੈਸਲਿਆਂ ਵਾਲੀ ਹੈਸੀਅਤ ਹੀ ਨਹੀਂ ਹੈ।
ਇਹਨਾਂ ਤੋਂ ਕੋਈ ਆਸ ਹੀ ਕਿਓਂ ਰੱਖਣੀ ਹੋਈ। ਇੱਕ ਪੰਥਕ ਰਵਾਇਤ ਹੈ, ਉਸ ਦਾ ਸਤਿਕਾਰ ਕਰਦੇ
ਹੋਏ ਇਹਨਾਂ ਨੂੰ ‘ਜੱਥੇਦਾਰ’ ਕਹਿਣਾ ਪੈਂਦਾ ਹੈ।
ਇਸ ਫੈਸਲੇ ਤੋਂ ਜ਼ਿਆਦਾ ਹੈਰਾਨ, ਤੇ ਪ੍ਰੇਸ਼ਾਨ ਹੋਣ ਦੀ ਲੋੜ੍ਹ ਨਹੀਂ ਹੈ। ਫੈਸਲੇ ਪੰਥ ਨੂੰ
ਉਹੀ ਕਬੂਲ ਹੋਏ ਹਨ, ਜੋ ਪੰਥ ਦੀ ਰੂਹ ਨਾਲ ਇੱਕਸੁਰ ਹੋ ਕੇ ਕੀਤੇ ਗਏ ਹਨ। ਹੋ ਸਕਦਾ ਹੈ
ਇਸ ਫੈਸਲੇ ਨਾਲ ਬਾਦਲ ਪਰਿਵਾਰ ਦੀ ਸਿਆਸਤ ਨੂੰ ਕੁੱਝ ਹੋਰ ਸਾਹ ਮਿੱਲ ਜਾਣ, ਪਰ ਪੰਜਾਬ ਨੇ
ਉਸ ਦੀ ਖਾਨਦਾਨੀ ਜਗੀਰ ਨਹੀਂ ਬਣ ਜਾਣਾ।
ਜਿਊਣਾ ਤਾਂ ਪੰਜਾਬ ਨੇ ਗੁਰਾਂ ਦੇ ਨਾਮ ਤੇ ਹੀ
ਹੈ, ਗੁਰਾਂ ਦੇ ਪਿਆਰਿਆਂ ਨੇ ਬਹੁਤੀ ਦੇਰ ‘ਸੁੱਤੇ’ ਨਹੀਂ ਰਹਿਣਾ। ਗੁਰੂ ਤੇ ਪੰਥ ਦੀ ਰੂਹ
ਤੋਂ ਟੁੱਟ ਕੇ ਧੀਰ ਮੱਲੀਏ, ਰਾਮ ਰਾਈਏ, ਤੇ ‘ਪਹਾੜਾ ਸਿੰਘ’ ਵਾਂਗ ਕਲੰਕਤ ਹੀ ਹੋਣਾ ਹੁੰਦਾ
ਹੈ।
ਬਾਪੂ ਸੂਰਤ ਸਿੰਘ ਸ਼ਹਾਦਤ ਵੱਲ ਵੱਧ ਰਿਹਾ ਹੈ,
ਤੇ ਬਾਦਲਕੇ ਸਿਆਸੀ ਸਾਹ ਉਧਾਰੇ ਲੈਣ ਲਈ ਏਧਰ ਓਧਰ ਤਰਲੇ ਮਾਰ ਰਹੇ ਹਨ। ਕਦੇ ਇਹ ਸਾਹ ਉਸ
ਨੂੰ ਪੰਥ ਦੇ ਅੰਦਰਲੇ ਡੇਰੇਦਾਰ ਦੇ ਦਿੰਦੇ ਹਨ, ਤੇ ਕਦੇ ਬਾਹਰਲੇ। ਪਰ ਬਾਦਲ ਪਰਿਵਾਰ ਦੀ
ਸਿਆਸਤ ਲਈ ਅੰਦਰਲੇ ਬਾਹਰਲੇ ਦਾ ਕੋਈ ਫਰਕ ਨਹੀਂ ਹੈ। ਬਾਦਲ ਪਰਿਵਾਰ ਆਪਣੀ ਕਿਸੇ ਖੂਬੀ ਕਰ
ਕੇ ਪੰਜਾਬ ਤੇ ਪੰਥ ਦਾ ਚੌਧਰੀ ਨਹੀਂ ਬਣਿਆਂ ਚਲਿਆ ਆ ਰਿਹਾ, ਕੁੱਝ ਸਾਡੀਆਂ, ਭਾਵ
ਸੰਘਰਸ਼ਸ਼ੀਲ ਕੌਮੀ ਧਿਰ ਦੀਆਂ ਗ਼ਲਤੀਆਂ, ਕਮਜ਼ੋਰੀਆਂ ਤੇ ਨਾ-ਸਮਝੀਆਂ ਕਰ ਕੇ, ਤੇ ਕੁੱਝ ਪੰਥ
ਦੇ ਜੱਦੀ ਪੁਸ਼ਤੀ ਦੁਸ਼ਮਣਾ ਦੀ ਹਮਾਇਤ ਕਰ ਕੇ ਉਸ ਨੂੰ ਇਹ ਮੌਕਾ ਮਿਲਿਆ ਹੋਇਆ ਹੈ । ਅੱਜ
ਕੌਮੀ ਧਿਰ ਇੱਕ ਤਾਕਤ ਬਣ ਕੇ ਖੜ੍ਹੀ ਹੋ ਜਾਵੇ, ਤਾਂ ਹਾਲਾਤ ਉਸੀ ਵੇਲੇ ਬਦਲਣੇ ਸ਼ੁਰੂ ਹੋ
ਜਾਣਗੇ।
ਕਿਤੇ ਕੋਈ ਤਾਂ ਕਮੀ
ਹੈ, ਜੋ ਜਿੱਤ ਕੇ ਹਾਰ ਜਾਂਦੇ ਹਾਂ
ਨਾ ਦੇਣਾ ਸੀਸ ਭੁਲਿਆ ਹੈ, ਤੇ ਲੈਣਾ ਸਿਰ ਵੀ ਆਉਂਦਾ ਹੈ
ਉਹ ਕਿਹੜੀ ਬਾਤ ਹੈ ਐਸੀ, ਜੋ ਮੁੜ੍ਹ ਮੁੜ੍ਹ ਮਾਰ ਖਾਂਦੇ ਹਾਂ
ਕਿਤੇ ਕੋਈ ਤਾਂ ਕਮੀ ਹੈ, ਜੋ ਜਿੱਤ ਕੇ ਹਾਰ ਜਾਂਦੇ ਹਾਂ
ਅੱਜ ਕੱਲ ਕੌਮੀ ਧਿਰ ਦਾ ਬਹੁਤਾ ਜ਼ੋਰ ਇੱਕ ਦੂਜੇ ਦੀਆਂ ਕਮੀਆਂ ਲੱਭਣ ਤੇ ਲੱਗਾ ਰਹਿੰਦਾ
ਹੈ। ਸੱਭ ਆਪਣੇ ਆਪ ਨੂੰ ਉੱਤਮ, ਤੇ ਦੂਜੇ ਨੂੰ ਮਾੜ੍ਹਾ ਸਿੱਖ ਸਾਬਤ ਕਰਨ ਤੇ ਲੱਗੇ ਹੋਏ
ਹਾਂ। ਕਿਸੇ ਦਾ ਬਹੁਤ ਪੁਰਾਤਨ ਮਰਿਯਾਦਾ ਦੇ ਧਾਰਨੀ ਹੋਣ ਦਾ ਦਾਅਵਾ ਹੈ, ਤੇ ਕਿਸੇ ਦਾ
ਬਹੁਤ ਵੱਡੇ ਵਿਦਵਾਨ ਹੋਣ ਦਾ, ਤੇ ਇਸੇ ਝਗੜ੍ਹੇ ਵਿੱਚ ਹੱਦਾਂ ਦੋਹਵੇਂ ਹੀ ਟੱਪ ਰਹੇ ਹੁੰਦੇ
ਨੇ। ਕਿਤੇ ਕਿਤੇ ਤਾਂ ਗੱਲ ਇੱਥੇ ਤੱਕ ਪਹੁੰਚੀ ਹੁੰਦੀ ਹੈ ਕਿ ਸਾਨੂੰ ਇੱਕ ਦੂਜੇ ਨੂੰ
ਸਿੱਖ ਮੰਨਣਾ ਹੀ ਗਵਾਰਾ ਨਹੀਂ ਹੁੰਦਾ। ਦੂਜੇ ਦੀਆਂ ਕਮੀਆਂ ਢੂੰਡਣ ਦੀ ਬਜਾਏ, ਜੇ ਕਿਤੇ
ਆਪਣੀਆਂ ਕਮੀਆਂ ਢੂੰਡਦੇ ਤਾਂ, ਹੁਣ ਤੱਕ ਕਿਸੇ ਕਿਨਾਰੇ ਲੱਗੇ ਹੁੰਦੇ। ਆਓ, ਆਪਣੀਆਂ ਕਮੀਆਂ
ਲੱਭੀਏ ਤੇ ਦੂਰ ਕਰੀਏ। ਹਾਲਾਤ ਬਦਲਦੇ ਦੇਰ ਨਹੀਂ ਲੱਗਣੀ।
ਸਾਡੇ ਪਾਣੀਆਂ ਵਿਚ ਹੈ ਖੂਨ ਸਾਡਾ
ਮਾਲਕ ਇਹਨਾਂ ਦਾ ਸਾਡੇ ਬਿਨ ਹੋਰ ਨਾ ਕੋਈ
ਮਰਜ਼ੀ ਖਾਲਸੇ ਪੰਥ ਦੀ ਜੋ ਹੋਸੀ
ਇਥੇ ਹੋਣੀ ਤੇ ਸਿਰਫ ਹੈ ਹੋਣੀ ਸੋਈ।