ਅੰਮ੍ਰਿਤਸਰ
(25 ਸਤੰਬਰ 2015): ਅਖੰਡ ਕੀਰਤਨੀ ਜਥਾ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ
ਮੁਆਫ਼ ਕਰਨ ਦੇ ਫ਼ੈਸਲੇ ਨੂੰ ਜੱਲ੍ਹਿਆਂਵਾਲੇ ਬਾਗ ਕਤਲੇਆਮ ਦੇ ਦੋਸ਼ੀ ਜਨਰਲ ਅਡਵਾਇਰ ਨੂੰ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰੋਪਾ ਦੇਣ ਬਰਾਬਰ ਬੱਜਰ ਗਲਤੀ ਕਰਾਰ ਦਿੰਦਿਆਂ ਆਖਿਆ ਕਿ
ਦੂਜੀ ਵਾਰ ਛੇਵੇਂ ਪਾਤਿਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਦੇ ਸਾਜੇ-ਨਿਵਾਜੇ ‘ਮੀਰੀ-ਪੀਰੀ’
ਦੇ ਤਖ਼ਤ ਦੀ ਮਰਿਯਾਦਾ ਨੂੰ ਰਾਜਨੀਤਕ ਲੋਕਾਂ ਦੇ ਗੁਲਾਮ ਆਗੂਆਂ ਨੇ ਪੈਰਾਂ ਹੇਠ ਰੋਲਿਆ
ਹੈ।
ਅਖੰਡ ਕੀਰਤਨੀ ਜਥਾ ਦੇ ਬੁਲਾਰੇ ਭਾਈ ਆਰ.ਪੀ.
ਸਿੰਘ ਨੇ ਜਥੇਦਾਰ ਭਾਈ ਬਖ਼ਸ਼ੀਸ਼ ਸਿੰਘ ਦੇ ਹਵਾਲੇ ਨਾਲ ਅੱਜ ਇਥੋਂ ਜਾਰੀ ਬਿਆਨ ਵਿਚ ਆਖਿਆ
ਕਿ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦੇ ਮਾਮਲੇ ‘ਚ
ਮੁੱਖ ਗ੍ਰੰਥੀਆਂ ਵਲੋਂ ਦਿੱਤੀ ਮੁਆਫ਼ੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਨਾ ਸਿਰਫ਼ ਸ੍ਰੀ
ਅਕਾਲ ਤਖ਼ਤ ਸਾਹਿਬ, ਸਗੋਂ ਪੰਜ ਤਖ਼ਤ ਸਾਹਿਬਾਨ ਅਤੇ ਸਿੱਖ ਪੰਥ ਦੇ ਸਮੁੱਚੇ ਗੁਰਧਾਮ
ਆਰ.ਐਸ.ਐਸ. ਦੇ ਸਿੱਧੇ ਕੰਟਰੋਲ ਵਿਚ ਹਨ। ਉਨ੍ਹਾਂ ਕਿਹਾ ਕਿ
ਲੰਘੀਆਂ ਚੋਣਾਂ ‘ਚ ਡੇਰਾ ਸਿਰਸਾ ਵਲੋਂ ਹਰਿਆਣਾ ‘ਚ ਭਾਜਪਾ ਦੀ ਕੀਤੀ ਖੁੱਲ੍ਹੀ ਹਮਾਇਤ ਦਾ
ਮੁੱਲ ਮੋੜਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰ.ਐਸ.ਐਸ. ਨੇ ਸ. ਪ੍ਰਕਾਸ਼ ਸਿੰਘ
ਬਾਦਲ ਨੂੰ ਕਹਿ ਕੇ ਡੇਰਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ ਕਰਨ ਦਾ ਫ਼ੈਸਲਾ
ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ
ਭੇਜੇ ਗਏ ਕਥਿਤ ਮੁਆਫ਼ੀਨਾਮੇ ਵਿਚ ਵੱਡਾ ਫ਼ਰੇਬ ਖੇਡਿਆ ਗਿਆ ਹੈ, ਜਿਸ ਵਿਚ ਇਕ ਸ਼ਬਦ ਵੀ ਗਲਤੀ
ਲਈ ਪਛਤਾਵੇ ਦਾ ਜਾਂ ਮੁਆਫ਼ੀ ਦਾ ਨਹੀਂ ਲਿਖਿਆ ਗਿਆ, ਸਗੋਂ ਉਸ ਨੇ ਤਾਂ ਆਪਣੀ ਗਲਤੀ ਮੰਨਣ
ਤੋਂ ਹੀ ਇਨਕਾਰ ਕਰ ਦਿੱਤਾ ਹੈ।
ਉਨ੍ਹਾਂ ਮੁੱਖ ਗ੍ਰੰਥੀਆਂ ਵਲੋਂ ਲਏ ਗਏ ਫ਼ੈਸਲੇ
‘ਤੇ ਸਿਧਾਂਤਕ ਸਵਾਲ ਕਰਦਿਆਂ ਕਿਹਾ ਕਿ ਭਾਵੇਂ ਸਿੱਖ ਪੰਥ ਵਿਚ ਸ਼ਰਨ ਵਿਚ ਆਏ ਨੂੰ ਗਲ ਨਾਲ
ਲਗਾਉਣ ਦਾ ਵਿਧਾਨ ਮੌਜੂਦ ਹੈ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਡੇਰਾ ਮੁਖੀ
ਵਲੋਂ ਭੇਜੇ ਕਥਿਤ ਸਪੱਸ਼ਟੀਕਰਨ ਅਤੇ ਉਸ ਨੂੰ ਮੁਆਫ਼ ਕਰਨ ਬਾਰੇ ਤਜਵੀਜ਼ ਨੂੰ ਪੰਥ ਤੋਂ ਲੁਕਾ
ਕੇ ਰੱਖਣਾ, ਇਹ ਸਾਬਤ ਕਰਦਾ ਹੈ ਕਿ ਮੁੱਖ ਗ੍ਰੰਥੀਆਂ ਨੇ ਫ਼ੈਸਲਾ
ਪੰਥਕ ਰਹੁ ਰੀਤਾਂ ਦੀ ਰੌਸ਼ਨੀ ਵਿਚ ਗੁਰਮਤਿ ਸਿਧਾਂਤਾਂ ਅਨੁਸਾਰ ਨਹੀਂ, ਸਗੋਂ ਆਰ.ਐਸ.ਐਸ.
ਦੇ ਦਬਾਅ ਵਿਚ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੀ ਬਰਾਬਰੀ
ਕਰਨ ਵਾਲੇ ਕਿਸੇ ਵਿਅਕਤੀ ਬਾਰੇ ਕੋਈ ਵੀ ਫ਼ੈਸਲਾ ਸਮੁੱਚੇ ਪੰਥ ਦੀ ਰਾਇ ਲੈ ਕੇ ਹੀ ਕਰਨਾ
ਚਾਹੀਦਾ ਸੀ। ਇਸ ਦੇ ਨਾਲ ਹੀ ਜਿਹੜੇ ਵਿਅਕਤੀ ਦੇ ਖਿਲਾਫ਼ ਆਪਣੀਆਂ ਚੇਲੀਆਂ ਨਾਲ ਬਲਾਤਕਾਰ
ਕਰਨ ਅਤੇ ਕਤਲ ਵਰਗੇ ਸੰਗੀਨ ਮਾਮਲੇ ਸੀ.ਬੀ.ਆਈ. ਅਦਾਲਤਾਂ ਵਿਚ ਚੱਲ ਰਹੇ ਹਨ, ਉਸ ਨੂੰ
ਸਿੱਖਾਂ ਦੀ ਸਰਬਉੱਚ ਅਦਾਲਤ ਵਲੋਂ ਮੁਆਫ਼ ਕਰਨਾ ਇਖਲਾਕੀ ਤੌਰ ‘ਤੇ ਵੀ ਸ਼ਰਮਨਾਕ ਕਾਰਾ ਹੈ।
ਭਾਈ ਆਰ.ਪੀ. ਸਿੰਘ
ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਰਾਜਨੀਤਕ ਦਬਾਅ ਅਧੀਨ ਮੁੱਖ ਗ੍ਰੰਥੀਆਂ ਨੇ ਸਿੱਖ
ਸਿਧਾਂਤਾਂ ਦੇ ਉਲਟ ਕਈ ਅਜਿਹੇ ਫ਼ੈਸਲੇ ਲਏ ਹਨ, ਜਿਨ੍ਹਾਂ ਨੇ ਸਿੱਖ ਧਰਮ ਦੇ ‘ਮੀਰੀ-ਪੀਰੀ’
ਦੇ ਸਿਧਾਂਤ ਨੂੰ ਭਾਰੀ ਢਾਹ ਲਗਾਈ ਹੈ। ਉਨ੍ਹਾਂ ਸਮੁੱਚੀਆਂ ਸਿੱਖ ਜਥੇਬੰਦੀਆਂ,
ਸਭਾ-ਸੁਸਾਇਟੀਆਂ, ਸੰਪਰਦਾਵਾਂ, ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਹੁਣ ਸਮੁੱਚੇ
ਗੁਰਦੁਆਰਾ ਪ੍ਰਬੰਧਾਂ ਅਤੇ ਤਖ਼ਤ ਸਾਹਿਬਾਨ ਨੂੰ ਰਾਜਨੀਤਕ ਕਬਜ਼ੇ ਵਿਚੋਂ ਆਜ਼ਾਦ ਕਰਵਾਉਣ ਲਈ
ਤੁਰੰਤ ‘ਸਰਬੱਤ ਖ਼ਾਲਸਾ’ ਸੱਦਿਆ ਜਾਵੇ ਅਤੇ ਅਗਲੀ ਰਣਨੀਤੀ ਉਲੀਕੀ ਜਾਵੇ। ਉਨ੍ਹਾਂ ਕਿਹਾ
ਕਿ ਜੇਕਰ ਅਜੇ ਵੀ ਕੌਮ ਨਾ ਜਾਗੀ ਤਾਂ ਉਹ ਦਿਨ ਵੀ ਦੂਰ ਨਹੀਂ
ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰ.ਐਸ.ਐਸ. ਖਿਲਾਫ਼ ਜਾਰੀ ਹੋਇਆ ਹੁਕਮਨਾਮਾ ਵੀ ਵਾਪਸ
ਲੈ ਲਿਆ ਜਾਵੇਗਾ ਅਤੇ ਨਿਰੰਕਾਰੀ, ਨੂਰਮਹਿਲੀਏ ਅਤੇ ਹੋਰ ਗੁਰੂ ਦੋਖੀ ਸੰਸਥਾਵਾਂ ਨੂੰ ਵੀ
ਕਲੀਨ ਚਿੱਟ ਦੇ ਦਿੱਤੀ ਜਾਵੇਗੀ।